• Welcome to all New Sikh Philosophy Network Forums!
    Explore Sikh Sikhi Sikhism...
    Sign up Log in

Opinion ਮੁਲਾਕਾਤ : ਪ੍ਰਸਿੱਧ ਸਿੱਖ ਇਤਿਹਾਸਕਾਰ - ਡਾ. ਜਸਬੀਰ ਸਿੰਘ ਸਰਨਾ ਨਾਲ; ਮੁਲਾਕਾਤ ਕਰਤਾ : ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
126
64
Nangal, India
ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ - ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

1596824373687.png

ਮੁਲਾਕਾਤ ਕਰਤਾ:
ਡਾ. ਦੇਵਿੰਦਰ ਪਾਲ ਸਿੰਘ
ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਕੈਨੇਡਾ​

ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਨੇ ਡਾ. ਸਰਨਾ ਨੂੰ ਗੁਰੂ ਸਾਹਿਬਾਨ ਦੇ ਜੀਵਨ ਸੰਬੰਧਤ ਸਥਾਨਾਂ ਦੀ ਨਿਸ਼ਾਨਦੇਹੀ ਅਤੇ ਸਿੱਖ ਇਤਹਾਸ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ। ਡਾ. ਜਸਬੀਰ ਸਿੰਘ ਸਰਨਾ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਾਹਿਤਕ ਤੇ ਗੁਰ-ਇਤਿਹਾਸ ਜਾਗਰੂਕਤਾ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।

ਬਹੁਪੱਖੀ ਸਖਸ਼ੀਅਤ ਦੇ ਮਾਲਕ ਡਾ. ਜਸਬੀਰ ਸਿੰਘ ਸਰਨਾ, ਪਿਛਲੇ ਲਗਭਗ ਚਾਰ ਦਹਾਕਿਆ ਤੋਂ ਹੀ ਉਹ ਖੇਤੀਬਾੜੀ, ਸਾਹਿਤਕ, ਵਾਤਾਵਰਣੀ ਅਤੇ ਸਿੱਖ ਇਤਹਾਸਕਾਰੀ ਕਾਰਜਾਂ ਵਿਚ ਤਹਿ ਦਿਲੋਂ ਜੁੜੇ ਹੋਏ ਹਨ। ਸਾਹਿਤਕ ਖੇਤਰ ਵਿਚ, ਅਨੇਕ ਸੰਚਾਰ ਮਾਧਿਅਮਾਂ ਖਾਸਕਰ ਅਖਬਾਰਾਂ, ਮੈਗਜੀਨਾਂ ਅਤੇ ਕਿਤਾਬਾਂ ਆਦਿ ਰਾਹੀਂ, ਉਹ ਸਮਾਜਿਕ ਤੇ ਸਿੱਖ ਇਤਹਾਸ ਨਾਲ ਸੰਬੰਧਤ ਮਸਲਿਆਂ ਨੂੰ ਉਭਾਰਣ ਤੇ ਉਨ੍ਹਾਂ ਦੇ ਸਹੀ ਹੱਲਾਂ ਬਾਰੇ ਸਾਨੂੰ ਸੱਭ ਨੂੰ ਸੁਚੇਤ ਕਰਦੇ ਰਹੇ ਹਨ। ਉਨ੍ਹਾਂ ਦੇ ਬਹੁ-ਖੇਤਰੀ ਤੇ ਬਹੁ-ਦਿਸ਼ਾਵੀ ਕਾਰਜਾਂ ਵਿਚੋਂ ਉਨ੍ਹਾਂ ਦਾ ਸਿੱਖ ਇਤਿਹਾਸਕਾਰੀ ਪ੍ਰਤਿ ਅਮਲੀ ਸੇਵਾ-ਭਾਵ ਰੱਖਣਾ, ਖਾਸ ਤੌਰ ਉੱਤੇ ਪ੍ਰਭਾਵਿਤ ਕਰਦਾ ਹੈ। ਸਾਹਿਤਕ ਖੇਤਰ ਵਿਚ ਉਨ੍ਹਾਂ ਦੀ ਪਹਿਚਾਣ ਨਾਜ਼ੁਕ ਅਹਿਸਾਸਾਂ ਨਾਲ ਰੱਤੇ ਕਵੀ ਹੋਣ ਦੇ ਨਾਲ ਨਾਲ ਸਿਰਮੋਰ ਵਾਰਤਾਕਾਰ ਵਜੋਂ ਵੀ ਪਰਪੱਕ ਹੈ। ਵਰਨਣਯੋਗ ਹੈ ਕਿ ਉਨ੍ਹਾਂ ਦੀ ਸਮਕਾਲੀ ਸਮਾਜਿਕ, ਧਾਰਮਿਕ, ਵਾਤਾਵਰਣੀ ਤੇ ਇਤਿਹਾਸਕਾਰੀ ਮਸਲਿਆ ਸੰਬੰਧਤ ਪਕੜ੍ਹ ਬਹੁਤ ਹੀ ਪੀਡੀ ਹੈ।

ਵਾਰਤਾਕਾਰ ਵਜੋਂ ਜਿਥੇ ਉਹ ਇਸਲਾਮ ਅਤੇ ਸਿੱਖ ਧਰਮ ਦੇ ਅਹਿਮ ਮੁੱਦਿਆ ਬਾਰੇ ਬਹੁਤ ਹੀ ਪਾਰਖੂ ਦਿ੍ਸ਼ਟੀਕੋਣ ਦੇ ਧਾਰਣੀ ਹਨ, ਉਥੇ ਉਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਦੇ ਸਮਕਾਲੀ ਸਰੋਕਾਰਾਂ ਨੂੰ ਸੰਚਾਰ ਮਾਧਿਅਮਾਂ ਰਾਹੀਂ ਸੰਬੰਧਤ ਅਧਿਕਾਰੀਆਂ ਤੇ ਸਰਕਾਰਾਂ ਤਕ ਪਹੁੰਚਾਣ ਵਿਚ ਵਿਸ਼ੇਸ਼ ਰੋਲ ਅਦਾ ਕੀਤਾ ਹੈ। ਉਨ੍ਹਾਂ ਦੇ ਨਿੱਜੀ ਤਜਰਬੇ ਅਤੇ ਵਿਚਾਰਾਂ ਨੂੰ ਜਾਨਣ ਦੀ ਉਤਸੁਕਤਾ ਹਰ ਪਾਠਕ ਦੇ ਹਿਰਦੇ ਅੰਦਰ ਠਾਠਾਂ ਮਾਰਦੀ ਹੋਵੇਗੀ। ਇਸੇ ਮੰਤਵ ਦੀ ਪੂਰਤੀ ਲਈ ਡਾ. ਜਸਬੀਰ ਸਿੰਘ ਸਰਨਾ ਜੀ ਵਲੋਂ ਪ੍ਰਸਤੁਤ ਵਿਚਾਰ ਲੜੀ ਪੇਸ਼ ਕੀਤੀ ਜਾ ਰਹੀ ਹੈ;

ਡਾ. ਸਿੰਘ: ਆਪ ਨੂੰ ਸਾਹਿਤਕ ਚੇਟਕ ਕਿਵੇਂ ਲੱਗੀ? ਕੀ ਅਜਿਹਾ ਵਿੱਦਿਅਕ ਪ੍ਰਾਪਤੀ ਸਮੇਂ ਵਾਪਰਿਆ? ਕਿਹੜੇ ਲੇਖਕਾਂ ਨੇ ਪ੍ਰਭਾਵਿਤ ਕੀਤਾ?
ਡਾ. ਸਰਨਾ:
ਜਿਥੋਂ ਤੱਕ ਸਾਹਿਤਕ ਚੇਟਕ ਦੇ ਆਗਾਜ਼ ਦੀ ਗੱਲ ਹੈ, ਮੈਂ ਨੋਵੀਂ-ਦਸਵੀਂ ਵਿੱਚ ਸੈਂਟ ਜੋਸਫ ਸਕੂਲ, ਬਾਰਾਮੂਲਾ (ਕਸ਼ਮੀਰ) ਵਿੱਚ ਪੜ੍ਹਦਾ ਸਾਂ, ਤਾਂ ਮੈਨੂੰ ਆਪ ਮੁਹਾਰੇ ਅੰਗਰੇਜ਼ੀ ਕਵਿਤਾ ਲਿਖਣ ਦੀ ਚਪੇਟ ਜਿਹੀ ਲੱਗ ਗਈ। ਉਸ ਸਮੇਂ ਸਕੂਲ ਦੀ ਲਾਇਬ੍ਰੇਰੀ ਵਿੱਚ ਭਾਰਤ ਦਾ ਹਰਮਨ ਪਿਆਰਾ ਮੈਗਜ਼ੀਨ 'ਸੰਨ ਸ਼ਾਇਨ' ਆਉਂਦਾ ਸੀ। ਉਹ ਪੜ੍ਹਨ ਉਪਰੰਤ ਮੇਰਾ ਕਵਿਤਾ ਵੱਲ ਹੋਰ ਝੁਕਾਅ ਹੋ ਗਿਆ। ਜਦੋਂ ਮੇਰੇ ਵੱਡੇ ਵੀਰ ਡਾ. ਕੀਰਤ ਸਿੰਘ ਇਨਕਲਾਬੀ (ਜੋ ਆਪ ਵੀ ਚੰਗੇ ਪੰਜਾਬੀ ਕਵੀ ਹਨ) ਜੀ ਨੂੰ ਮੇਰੇ ਕਵਿਤਾ ਲਿਖਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਮੈਨੂੰ ਪੰਜਾਬੀ ਕਵਿਤਾ ਲਿਖਣ ਲਈ ਪ੍ਰੇਰਿਤ ਕੀਤਾ, ਕਿਉਂ ਕਿ ਪੰਜਾਬੀ ਵਿੱਚ ਅਸੀਂ ਆਪਣੇ ਖਿਆਲਾਂ ਦਾ ਪ੍ਰਵਾਹ ਚੰਗੇ ਤਰੀਕੇ ਨਾਲ ਨਿਭਾ ਸਕਦੇ ਹਾਂ। ਬਸ ਉਸ ਤੋਂ ਬਾਅਦ ਮੈਂ ਲਗਾਤਾਰ ਪੰਜਾਬੀ ਵਿੱਚ ਲਿੱਖ ਰਿਹਾ ਹਾਂ, ਭਾਵੇਂ ਅੰਗਰੇਜ਼ੀ ਵਿੱਚ ਵੀ ਕੰਮ ਚਲਦਾ ਹੈ। ਜਿਥੋਂ ਤਕ ਲੇਖਕਾਂ ਤੋਂ ਪ੍ਰਭਾਵਿਤ ਹੋਣ ਦਾ ਸੰਬੰਧ ਹੈ, ਮੈਂ ਬਹੁਤਾ ਗੁਰਬਾਣੀ, ਦਸ਼ਮੇਸ਼ ਪਿਤਾ ਦੀ ਬਾਣੀ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਡਾ ਜਸਵੰਤ ਸਿੰਘ ਨੇਕੀ ਤੇ ਸੁਰਜੀਤ ਪਾਤਰ ਆਦਿ ਜ਼ਿਕਰੇ-ਖੈਰ ਹਨ।

ਡਾ. ਸਿੰਘ: ਆਪ ਨੇ ਵਿੱਦਿਅਕ ਖੇਤਰ ਵਿਚ ਕੀ ਕੀ ਮੱਲਾਂ ਮਾਰੀਆਂ?
ਡਾ. ਸਰਨਾ:
ਮੈਂ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਸੰਨ 1982 ਵਿੱਚ ਬੀ. ਐਸਸੀ. (ਐਗਰੀਕਲਚਰ) ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ, ਸੰਨ 1998 ਵਿੱਚ ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਮੇਰੀ ਸਾਹਿਤਕ ਘਾਲਣਾ ਨੂੰ ਮੁੱਖ ਰੱਖ ਕੇ ਮੈਨੂੰ ਪੀਐਚ. ਡੀ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ। ਕਾਲਜ ਸਮੇਂ ਵੀ ਮੈਨੂੰ ਚਾਰ ਸੋਨ ਤਮਗੇ ਹਾਸਲ ਹੋਏ ਸਨ।

ਡਾ. ਸਿੰਘ: ਆਪਣੇ ਪ੍ਰੋਫੈਸ਼ਨਲ ਸਫ਼ਰ ਬਾਰੇ ਜਾਣੂ ਕਰਵਾਓ, ਨੌਕਰੀ ਦੀ ਸ਼ੁਰੂਆਤ ਕਿੱਥੋਂ ਹੋਈ? ਕੀ ਕੀ ਸੇਵਾ ਨਿਭਾਈ ਤੇ ਕਿੱਥੇ ਕਿੱਥੇ?
ਡਾ. ਸਰਨਾ:
ਮੈਂ ਜੰਮੂ ਕਸ਼ਮੀਰ ਦੇ ਐਗਰੀਕਲਚਰਲ ਵਿਭਾਗ ਵਿੱਚ ਸੰਨ 1985 ਵਿੱਚ ਦਾਖਲ ਹੋ ਕੇ ਜ਼ਿਲਾ ਕਠੂਆ, ਜੰਮੂ ਦੇ ਇਲਾਕੇ ਮਹਾਨਪੁਰ, ਬਿਲਾਵਰ ਵਿੱਚ ਜੁਆਇਨ ਕੀਤਾ। ਉਥੇ ਪਿੰਡ ਫ਼ਿੰਤਰ ਵਿੱਚ ਰਿਹਾਇਸ਼ ਰੱਖ ਕੇ ਦੂਰ ਦੁਰਾਡੇ ਪਿੰਡਾਂ ਵਿੱਚ ਖੇਤੀਬਾੜੀ ਬਾਰੇ ਜਾਣਕਾਰੀ ਦੇਣ ਲਈ ਸਰਗਰਮ ਹੋ ਗਏ। ਪਿੰਡ ਦੇ ਲਾਗੇ ਹੀ ਖੂਬਸੂਰਤ ਜੰਗਲ ਸੀ ਜਿਸ ਵਿੱਚ ਗੁਲਮੋਹਰ ਦੇ ਰੁੱਖਾਂ ਦੀ ਭਰਮਾਰ ਸੀ। ਮੈਨੂੰ ਉਹ ਗੁਲਮੋਹਰ ਬੜੇ ਪ੍ਰਭਾਵਤਿ ਕਰਦੇ । ਫਿਰ ਮੇਰੀ ਬਦਲੀ ਰਾਮਬਨ ਦੇ ਖਿੱਤੇ ਵਿੱਚ ਹੋ ਗਈ। ਉਥੇ ਟੰਗਰਝੀਰ ਉਹ ਪਹਾੜੀ ਇਲਾਕਾ ਸੀ ਜਿਥੇ ਪਹਿਲੀ ਵਾਰ ਕੋਈ ਸਿੱਖ ਮੁਲਾਜ਼ਮ ਪੁੱਜਿਆ ਸੀ ਜਿਵੇਂ ਕੀ ਉਥੋਂ ਦੇ ਬਜੁਰਗਾਂ ਨੇ ਮੈਨੂੰ ਦੱਸਿਆ । ਉਥੋਂ ਦੇ ਬੱਚੇ ਮੈਨੂੰ ਇੰਝ ਵੇਖਦੇ ਸਨ ਕਿਸੇ ਦੂਸਰੇ ਗ੍ਰਹਿ ਤੋਂ ਆਇਆ ਹੋਵਾਂ। ਉੱਚੀ ਪਹਾੜੀਆਂ ਅਤੇ ਜੰਗਲੀ ਇਲਾਕੇ ਵਾਲਾ ਇਹ ਖਿੱਤਾ ਰਾਮਬਨ ਤੋਂ ਵੀਹ ਕਿਲੋਮੀਟਰ ਦੂਰ ਸੀ। ਇਸ ਉਚਾਈ ਤੇ ਪਹਿਲੀ ਵਾਰ ਹਾਈਬ੍ਰਿਡ ਕਣਕ ਉੱਗਾ ਕੇ ਲੋਕਾਂ ਨੂੰ ਹੈਰਾਨੀ ਹੋਣੀ ਕੁਦਰਤੀ ਸੀ। ਕੁੱਝ ਸਾਲਾਂ ਬਾਅਦ ਮੇਰੀ ਬਦਲੀ ਕਸ਼ਮੀਰ ਦੇ ਕੁਪਵਾੜਾ ਇਲਾਕੇ ਵਿੱਚ ਹੋ ਗਈ। ਐਗਰੀਕਲਚਰ ਐਕਸਟੈਂਸ਼ਨ ਅਫਸਰ ਦੇ ਤੋਰ ਤੇ ਹਰਲ, ਤਾਰਥਪੁਰਾ, ਕਰਾਲਗੁੰਡ ਆਦਿ ਥਾਵਾਂ ਤੇ ਗਤੀਸ਼ੀਲ ਰਹਿਾ। ਕਸ਼ਮੀਰ ਵਿੱਚ ਹਾਲਾਤ ਖੁਸ਼ਗਵਾਰ ਨਹੀਂ ਸਨ ਪਰ ਵਾਹਿਗੁਰੂ ਦੀ ਕਿਰਪਾ ਨਾਲ ਸੇਵਾਵਾਂ ਤਨਦੇਹੀ ਨਾਲ ਅੰਜਾਮ ਦੇਂਦਾ ਰਿਹਾ। ਫਿਰ ਮੈਨੂੰ ਫਰਟੀਲਾਈਜ਼ਰ ਇੰਸਪੈਕਟਰ ਜਿਲ੍ਹਾ ਕੁਪਵਾੜਾ ਦੀ ਤਰੱਕੀ ਦਿੱਤੀ ਗਈ। ਇਹ ਕੰਮ ਬੜਾ ਦੋਜ਼ਕ ਭਰਿਆ ਸੀ। ਬੀਜ ਅਤੇ ਖਾਦ ਦੁਕਾਨਾਂ 'ਤੇ ਛਾਪੇ ਮਾਰ ਕੇ ਉਨ੍ਹਾਂ ਦੇ ਸੈਂਪਲ ਟੈਸਟ ਲਈ ਲੈਬਾਰਟਰੀ ਨੂੰ ਭੇਜਣੇ ਅਤੇ ਫਿਰ ਸੈਂਪਲ ਗਲਤ ਆਉਣ 'ਤੇ ਉਨ੍ਹਾਂ ਤੇ ਥਾਨਿਆਂ ਵਿੱਚ ਐਫ਼. ਆਈ. ਆਰ. ਦਰਜ ਕਰਨੇ ਅਤੇ ਅਦਾਲਤ ਵਿੱਚ ਚਲਾਨ ਪੇਸ਼ ਕਰਨੇ। ਇਹ ਭਾਵੇਂ ਦੋਜ਼ਕ ਭਰਿਆ ਕੰਮ ਸੀ। ਦੁਕਾਨਾਂ ਵਾਲੇ ਰਿਸ਼ਵਤ ਦੀ ਪੇਸ਼ਕਸ਼ ਕਰਦੇ, ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤਾਂ ਇਸ ਤੋਂ ਕਾਫੀ ਦੂਰ ਸਾਂ। ਡਾਇਰੈਕਟਰ ਨੂੰ ਕਹਿ ਕੇ ਮੈਂ ਵਾਪਸ ਅਪਣੇ ਵਿੰਗ ਐਕਸਟੈਨਸ਼ਨ ਵਿੱਚ ਤਬਦੀਲੀ ਕਰਾਈ। ਫਿਰ ਕਾਫ਼ੀ ਅਰਸੇ ਸ਼ੈਰੀ ਅਤੇ ਸ਼ਾਦੀਪੁਰਾ ਥਾਵਾਂ ਤੇ ਗਤੀਸ਼ੀਲ ਰਹਿਾ। ਸ਼ਾਦੀਪੁਰਾ ਵਿੱਚ ਮੈਂ ਇਕ ਵੇਰ ਚੋਰ ਮੋਰੀ ਰਾਹੀਂ ਭਰਤੀ ਹੋਏ ਡੇਲੀਵੇਜਰਾਂ ਨੂੰ ਹਾਜ਼ਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਮੈਨੂੰ ਇਸ ਦੇ ਇਵਜ਼ ਵਿੱਚ ਬਾਡਰ ਤੇ ਪੈਂਦੇ ਕੈਰਨ ਸੈਕਟਰ ਵਿੱਚ ਤਬਦੀਲ ਕਰ ਦਿੱਤਾ ਗਿਆ। ਕੁਪਵਾੜਾ ਤੋਂ ਕੈਰਨ ਤਕਰੀਬਨ 80 ਕਿਲੋਮੀਟਰ ਦੂਰ ਹੈ ਅਤੇ ਸਾਰਾ ਰਸਤਾ ਘਣੇ ਜੰਗਲਾਂ ਵਿਚੋਂ ਗੁਜ਼ਰਦਾ ਹੈ। ਉਥੋਂ ਹੀ ਸੰਨ 2012 ਵਿੱਚ ਸੇਵਾ ਮੁਕਤ ਹੋਇਆ।

ਡਾ. ਸਿੰਘ: ਆਪ ਨੇ ਬੀ. ਐਸਸੀ. (ਐਗਰੀਕਲਚਰ) ਦੀ ਪੜ੍ਹਾਈ ਅੰਗਰੇਜ਼ੀ ਵਿਸ਼ੇ ਵਿੱਚ ਕੀਤੀ। ਪਰ ਆਪ ਨੇ ਆਪਣੇ ਰਚਨਾ ਕਾਰਜ ਮੁੱਖ ਤੌਰ ਉੱਤੇ ਪੰਜਾਬੀ ਭਾਸ਼ਾ ਵਿਚ ਹੀ ਕੀਤੇ ਹਨ। ਪੰਜਾਬੀ ਭਾਸ਼ਾ ਵਿਚ ਲੇਖਣ ਕਾਰਜਾਂ ਬਾਰੇ ਸਬੱਬ ਕਿਉਂ ਤੇ ਕਿਵੇਂ ਬਣਿਆ?
ਡਾ. ਸਰਨਾ:
ਮੈਂ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਵਿਤਾ ਦੀ ਸਿਰਜਣਾ ਕਰ ਰਿਹਾ ਸਾਂ । ਪਹਿਲੇ ਸਾਲ ਵਿੱਚ ਇਕ ਸਬਜੈਕਟ ਪੰਜਾਬੀ ਦਾ ਲੈਣਾ ਜਰੂਰੀ ਸੀ। ਮੈਂ ਅਸਲ ਵਿੱਚ ਪੰਜਾਬੀ ਇਥੋਂ ਹੀ ਲਿਖਣੀ ਸਿੱਖੀ, ਕਿਉਂਕਿ ਮੈਂ ਪਹਿਲਾਂ ਪੰਜਾਬੀ ਉਰਦੂ ਰਸਮੂਲਖਤ (ਸ਼ਾਹਮੁਖੀ) ਵਿੱਚ ਲਿਖਦਾ ਸਾਂ। ਜਦੋਂ ਇਮਤਿਹਾਨ ਹੋਇਆ ਤਾਂ ਪੂਰੀ ਕਲਾਸ ਵਿੱਚੋਂ ਮੈਂ ਪੰਜਾਬੀ ਪਰਚੇ ਵਿੱਚ ਅੱਵਲ ਆਇਆ। ਬਾਅਦ ਵਿੱਚ ਪ੍ਰੋਫੈਸਰ ਕੁਲਵੰਤ ਸਿੰਘ, ਜੋ ਪੰਜਾਬੀ ਪੜ੍ਹਾਉਂਦੇ ਸਨ, ਨੇ ਮੇਰੀ ਖੁਸ਼ਖੱਤ ਲਿਖਾਈ ਬਾਰੇ ਤਾਂ ਖੁਸ਼ ਹੋਏ, ਪਰ ਅਖੱਰਜੋੜ ਦੀਆਂ ਗਲਤੀਆਂ ਸੁਧਾਰਨ ਬਾਰੇ ਤਾਕੀਦ ਕੀਤੀ। ਪੰਜਾਬੀ ਵਿੱਚ ਰਚਨਾ ਕਾਰਜ ਸਹਿਜ ਸਹਿਜ ਹੀ ਵਾਪਰਿਆ ਕਿਉਂਕਿ ਇਸ ਮਿਸ਼ਰੀ ਵਰਗੀ ਭਾਸ਼ਾ ਵਿੱਚ ਅਸੀਂ ਆਪਣੇ ਖਿਆਲਾਂ ਦਾ ਪ੍ਰਵਾਹ ਪਹਾੜਾਂ 'ਚੋਂ ਨਿਕਲੀ ਆਬਸ਼ਾਰ ਵਾਂਗ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ।

ਡਾ. ਸਿੰਘ: ਆਪ ਨੇ ਮੌਲਿਕ ਰਚਨਾ ਕਾਰਜ ਵੀ ਕੀਤੇ ਜਾਂ ਸਿਰਫ਼ ਸਿੱਖ ਇਤਿਹਾਸਕਾਰੀ ਹੀ ਆਪ ਦੀ ਦਿਲਚਸਪੀ ਦਾ ਮੁੱਖ ਖੇਤਰ ਰਿਹਾ?
ਡਾ. ਸਰਨਾ:
ਜਿਥੋਂ ਤੱਕ ਮੇਰੀਆਂ ਮੋਲਿਕ ਰਚਨਾਵਾਂ ਦਾ ਸੰਬੰਧ ਹੈ ਉਨ੍ਹਾਂ ਦਾ ਘੇਰਾ ਬੜਾ ਵਿਸ਼ਾਲ ਹੈ। ਉਸ ਵਿੱਚ ਮੇਰੇ ਕਾਵਿ ਸੰਗ੍ਰਹਿ, ਜੀਵਨੀਆਂ, ਵਾਰਤਕ ਤੇ ਵਿਗਿਆਨ ਆਦਿ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਸ਼ਾਮਲ ਹਨ। ਜਿਥੋਂ ਤੱਕ ਇਤਿਹਾਸਕ ਪੁਸਤਕਾਂ ਦਾ ਸੰਬੰਧ ਹੈ, ਇਹ ਮੈਨੂੰ ਆਪਣੇ ਪਿਤਾ ਜੀ ਦੀ ਦੇਣ ਹੈ, ਕਿਉਂ ਕਿ ਉਨ੍ਹਾਂ ਨੇ ਹੀ ਸਿੱਖ ਇਤਿਹਾਸ ਦਾ ਗੋਰਵਮਈ ਬੀਜ ਮੇਰੀ ਚਿੰਤਨ ਦੀ ਜ਼ਮੀਨ ਤੇ ਆਣ ਧਰਿਆ। ਤਵਾਰੀਖੀ ਨੁਕਤੇ ਨਿਗਾਹ ਤੋਂ ਇਤਿਹਾਸ ਵਿੱਚ ਪਹਿਲਾ ਕਦਮ 'ਸਿੱਖਸ ਇੰਨ ਕਸ਼ਮੀਰ' (1993) ਸੀ। ਉਸ ਤੋਂ ਬਾਅਦ 'ਜੰਮੂ-ਕਸ਼ਮੀਰ ਦੀ ਸਿਖ ਤਵਾਰੀਖ' ਆਦਿ ਕਿਤਾਬਾਂ ਲਿਖੀਆਂ।

ਡਾ. ਸਿੰਘ: ਆਪ ਨੇ ਆਪਣੇ ਵਿਚਾਰਾਂ ਦੇ ਪ੍ਰਸਾਰ ਲਈ ਜਨ ਸੰਚਾਰ ਮਾਧਿਅਮਾਂ (ਅਖਬਾਰਾਂ, ਮੈਗਜੀਨਾਂ ਅਤੇ ਕਿਤਾਬਾਂ) ਦੀ ਬਹੁਤ ਹੀ ਸੁਚੱਜੀ ਵਰਤੋਂ ਕੀਤੀ ਹੈ। ਇਨ੍ਹਾਂ ਖੇਤਰਾਂ ਵਿਚ ਆਪ ਵਲੋਂ ਪਾਏ ਪੂਰਨਿਆਂ ਬਾਰੇ ਵਿਸਥਾਰ ਨਾਲ ਦੱਸੋ ਜੀ।
ਡਾ. ਸਰਨਾ:
ਮੈਂ ਧਾਰਮਿਕ, ਵਿਗਿਆਨਕ ਤੇ ਸਮਾਜਿਕ ਵਿਸ਼ਿਆਂ ਬਾਰੇ ਲੇਖ ਲਗਾਤਾਰ ਲਿਖਦਾ ਰਿਹਾ ਹਾਂ ਜੋ ਦੇਸ਼-ਵਿਦੇਸ਼ ਦੇ ਪ੍ਰਸਿੱਧ ਅਖਬਾਰਾਂ ਅਤੇ ਮੈਗਜ਼ੀਨਾਂ ਦੀ ਜ਼ੀਨਤ ਬਣਦੇ ਰਹੇ ਹਨ। ਮੈਂ ਵਿਦਿਆਰਥੀ ਜੀਵਨ ਦੌਰਾਨ ਹੀ 'ਚੜ੍ਹਦੀ ਕਲਾ' ਅਖਬਾਰ, ਪਟਿਆਲਾ ਦਾ ਸਾਹਿਤਕ ਪੰਨਾ ਸੰਨ 1980 ਤੋਂ ਸੰਨ 1984 ਤਕ ਸੰਪਾਦਕ ਕਰਦਾ ਰਿਹਾ ਸਾਂ। ਸੰਨ 1981-82 ਦੌਰਾਨ, ਖਾਲਸਾ ਕਾਲਜ, ਅੰਮ੍ਰਿਤਸਰ ਦੇ "ਦਰਬਾਰ" ਮੈਗਜ਼ੀਨ ਦੇ ਧਾਰਮਿਕ ਸੈਕਸ਼ਨ ਦਾ ਐਡੀਟਰ ਵੀ ਰਿਹਾ। ਮੈਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਾਸਿਕ ਮੈਗਜ਼ੀਨ "ਸ਼ਮਸ਼ੀਰਿ ਦਸਤ" ਦਾ ਫਾਊਂਡਰ ਐਡੀਟਰ ਬਣਨ ਦਾ ਮਾਣ ਵੀ ਪ੍ਰਾਪਤ ਹੋਇਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਮੈਂ ਇਕ ਵਿਸ਼ੇਸ਼ ਅੰਕ ਸੰਤਾਂ ਬਾਰੇ ਕੱਢਿਆ ਸੀ ਜਿਸ ਵਿੱਚ ਸਰਕਾਰ ਦੀ ਖੂਬ ਨੁਕਤਾਚੀਨੀ ਕੀਤੀ ਗਈ ਸੀ। ਬਸ ਉਸ ਤੋਂ ਬਾਅਦ ਅਸੀਂ ਪੰਜ-ਛੇ ਫ਼ਡਰੈਸ਼ਨ ਵਰਕਰ, ਕਾਲਜ ਦੇ ਬਾਹਰ ਨਿੰਦੀ ਦੀ ਦੁਕਾਨ ਤੋਂ ਚਾਹ ਪੀ ਰਹੇ ਸਾਂ ਕਿ ਅਚਾਨਕ ਪੁਲਿਸ ਦੀ ਜਿਪਸੀਆਂ ਨੇ ਘੇਰਾਬੰਦੀ ਕਰ ਲਈ ਅਤੇ ਮੈਨੂੰ ਚੁਕ ਕੇ ਅਪਣੇ ਨਾਲ ਲੈ ਗਏ। ਆਖਰ ਮੈਨੂੰ ਵੱਖ ਵੱਖ ਟਾਰਚਰ ਸੈਲਾਂ ਵਿਖੇ ਕਈ ਦਿਨ ਰੱਖ ਕੇ ਕਈ ਮਹੀਨੇ ਤਕ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖਿਆ ਗਿਆ। ਉਥੋਂ ਹੀ ਭਾਈ ਅਮਰੀਕ ਸਿੰਘ ਜੀ ਨੇ ਰਿਹਾਈ ਕਰਾਈ। ਸੰਨ 1985-2000 ਦੌਰਾਨ, ਕੈਨੇਡਾ ਤੋਂ ਛਾਪੇ ਜਾਂਦੇ "ਇੰਟਰਨੈਸ਼ਨਲ ਜਨਰਲ ਆਫ਼ ਸਿੱਖ ਸਟੱਡੀਜ਼" ਦਾ ਐਡੀਟੋਰੀਅਲ ਅਡਵਾਈਜ਼ਰ ਵੀ ਰਹਿ ਚੁੱਕਾ ਹਾਂ। ਜੰਮੂ-ਕਸ਼ਮੀਰ ਵਿਖੇ ਕਈ ਵਰ੍ਹਿਆਂ ਤੋਂ "ਦਾ ਸਿੱਖ ਰਿਵਿਊ" ਜਨਰਲ, ਜੋ ਕੋਲਕਾਤਾ ਤੋਂ ਛੱਪਦਾ ਹੈ, ਦਾ ਨੁਮਾਇੰਦਾ ਹਾਂ। ਅੱਜਕਲ੍ਹ ਕਸ਼ਮੀਰ ਤੋਂ ਨਿਕਲਦੇ ਤ੍ਰੈਮਾਸਿਕ ਮੈਗਜ਼ੀਨ "ਜੇਹਲਮ ਦਾ ਪਾਣੀ" ਦੇ ਸਬ-ਐਡੀਟਰ ਦੀ ਸੇਵਾ ਨਿਭਾ ਰਿਹਾ ਹਾਂ।

ਡਾ. ਸਿੰਘ: ਸਾਹਿਤਕ, ਵਾਤਾਵਰਣੀ ਤੇ ਇਤਿਹਾਸਕਾਰੀ ਖੇਤਰਾਂ ਵਿਚ ਪਾਏ ਆਪ ਦੇ ਅਹਿਮ ਯੋਗਦਾਨ ਨੇ ਅਨੇਕ ਕਵੀਆਂ ਤੇ ਵਾਰਤਾਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਖੇਤਰਾਂ ਵਿਚ ਵਾਪਰੇ ਕੁਝ ਦਿਲਚਸਪ / ਯਾਦਗਾਰੀ ਕਿੱਸਿਆਂ ਬਾਰੇ ਜਾਨਣਾ ਚਾਹਾਂਗਾ।
ਡਾ. ਸਰਨਾ:
ਜਿਥੋਂ ਤੱਕ ਸਾਹਿਤਕ ਖੇਤਰ ਦੀਆਂ ਦਿਲਚਸਪ / ਯਾਦਗਾਰੀ ਪਲਾਂ ਦਾ ਸੰਬੰਧ ਹੈ, ਉਹ ਬੇਸ਼ੁਮਾਰ ਹਨ। ਸੰਨ 1981-82 ਦੀ ਗੱਲ ਹੈ, ਜਦੋਂ ਮੈਂ "ਸ਼ਮਸ਼ੀਰਿ ਦਸਤ" ਰਸਾਲੇ ਦਾ ਫਾਊਂਡਰ ਐਡੀਟਰ ਸਾਂ, ਤਾਂ ਖਾਲਸਾ ਕਾਲਜ, ਅੰਮ੍ਰਿਤਸਰ ਦੇ ਬਾਹਰ ਨਿੰਦੀ ਦੀ ਹੱਟੀ ਤੇ ਪੰਜ-ਛੇ ਵਿਦਿਆਰਥੀ ਚਾਹ ਪੀ ਰਹੇ ਸਾਂ। ਤਦ ਹੀ ਕਿਸੇ ਦੀ ਮੁਖਬਰੀ ਕਾਰਨ ਗ੍ਰਿਫਤਾਰ ਕੀਤਾ ਗਿਆ। ਵੱਖ ਵੱਖ ਥਾਣਿਆਂ ਵਿੱਚ ਪੁਲਿਸ ਮੇਰੇ ਉੱਤੇ ਤਸ਼ੱਦਦ ਕਰਦੀ ਰਹੀ ਅਤੇ ਪੁੱਛਦੀ ਰਹੀ ਕਿ ਤੁਸਾਂ ਬੰਬ ਕਿੱਥੇ ਕਿੱਥੇ ਸੁੱਟੇ ਸਨ। ਮੈਂ ਤਾਂ ਸਾਫ਼ ਕਹਿੰਦਾ ਸਾਂ ਜਦੋਂ ਤੱਕ ਮੇਰੇ ਹੱਥ ਵਿਚ ਕਲਮ ਹੈ ਬੰਬ ਚਲਾਉਣ ਦੀ ਜ਼ਰੂਰਤ ਨਹੀਂ। ਇੱਥੇ ਕਾਬਲੇਗੌਰ ਹੈ ਕਿ ਪੁਲਿਸ ਨੇ ਮੇਰੇ ਉੱਤੇ ਬੰਬ ਕੇਸ ਪਾਏ ਸਨ।

ਵਾਤਾਵਰਣ ਦੀ ਦਿਲਚਸਪ ਗੱਲ ਇਹ ਹੈ ਕਿ ਇਕ ਵੇਰ ਡਾ ਗੁਪਾਲ ਸਿੰਘ ਪੁਰੀ (ਪ੍ਰਸਿੱਧ ਲੇਖਕਾ ਕੈਲਾਸ਼ਪੁਰੀ ਦੇ ਪਤੀ) ਨੇ ਖੱਤ ਲਿਖਿਆ ਸੀ "ਮੈਂ ਅਪਣੀ ਖੁਸ਼ਨਸੀਬੀ ਸਮਝਦਾ ਹਾਂ ਕਿ ਕਿਉਂ ਕਿ ਮੁੱਦਤਾਂ ਹੋਈਆਂ ਮੈਂ ਵੀ ਕਸ਼ਮੀਰ ਦੀ ਵਾਦੀ ਵਿਚ ਕੁਝ ਵਰ੍ਹੇ ਬਿਤਾਏ ਸਨ ਤੇ ਜੰਗਲਾਂ ਤੇ ਕੁਝ ਕੁਝ ਕੰਮ ਕੀਤਾ ਸੀ। ਮੇਰੀ ਪਹਿਲੀ ਜਾਣ-ਪਛਾਣ "ਕਰੇਵਿਸ ਆਫ ਕਸ਼ਮੀਰ" ਦੇ ਪਹਾੜਾਂ ਨਾਲ ਹੋਈ। ਮੈਂ ਉਥੋਂ ਦੇ ਰੁੱਖਾਂ, ਪੱਤੀਆਂ, ਬੀਜਾਂ, ਫੁੱਲਾਂ ਤੇ ਫਲਾਂ ਦੇ ਪਥਰਾਟਾਂ (Fossils) 'ਤੇ ਕੰਮ ਕਰ ਰਿਹਾ ਸੀ। ਬਾਰਾਮੂਲਾ ਤੋਂ ਜੰਗਲ ਜੰਗਲ ਘੁੰਮਦਿਆਂ ਲਾਰੀਡੋਰਾ, ਨਿੰਗਲ ਨਾਲਾ, ਮੋਜ਼ਾ ਪਥੱਰੀ, ਗੁਲਮਰਗ ਤੇ ਪੀਰ ਪੰਜਾਲ ਪਹਾੜਾਂ ਦੇ ਨਾਲ ਨਾਲ, ਉਥੇ ਅਫਰਟਡ ਦੀਆਂ ਚੋਟੀਆਂ ਮੈਂ ਕਈ ਵਾਰੀ ਸਰ ਕੀਤੀਆਂ। ਜ਼ਮੀਨ ਵਿੱਚ ਦੱਬੇ ਹੋਏ ਪਥਰਾਟ (Fossils) ਖੋਦ ਖੋਦ ਕੇ ਕੱਢਣਾ ਤੇ ਫਿਰ ਮੈਂ, ਉਨ੍ਹਾਂ ਨੂੰ ਜਿਵੇਂ ਉਹ ਕੋਈ ਪਿਆਰੀਆਂ ਪਿਆਰੀਆਂ ਜ਼ਿੰਦਾ ਹੋਣ, ਨੂੰ ਰੂਈ ਵਿੱਚ ਲਪੇਟ ਕੇ ਰੱਖਣਾ ਤੇ ਕਈ ਕਈ ਦਿਨ ਪਛਾਨਣ ਦੀ ਕੋਸ਼ਿਸ਼ ਕਰਨੀ। ਇਹ ਕੰਮ ਬਾਅਦ ਵਿਚ ਮੇਰੇ ਪੀਐਚ. ਡੀ. ਦੇ ਥੀਸਿਸ ਦਾ ਆਧਾਰ ਬਣਿਆ"।

ਇਤਿਹਾਸਕਾਰੀ ਬਾਰੇ ਇਕ ਘਟਨਾ ਯਾਦ ਹੈ। ਸੰਨ 1983 ਦੇ ਅਖੀਰ ਵਿਚ ਮੈਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਤਿਹਾਸ ਬੜੀ ਮੁਸ਼ਕਿਲ ਨਾਲ ਵੱਡ ਆਕਾਰੀ ਹੱਥ ਲਿਖਤ ਤਿਆਰ ਕਰਕੇ ਭਾਈ ਅਮਰੀਕ ਸਿੰਘ ਜੀ ਨੂੰ ਨਜ਼ਰਸਾਨੀ ਲਈ, ਮੁੱਖਬੰਦ ਲਿਖਣ ਲਈ ਅਤੇ ਛਾਪਣ ਲਈ ਦੇ ਕੇ ਕਸ਼ਮੀਰ ਆ ਗਿਆ ਸਾਂ। 1984 ਦੇ ਨੀਲਾ ਤਾਰਾ ਉਪਰੇਸ਼ਨ ਸਮੇਂ ਉਹ ਸਾਰੀ ਹੱਥ ਲਿੱਖਤ ਨਸ਼ਟ ਹੋ ਗਈ। ਦੁਬਾਰਾ ਕਸ਼ਮੀਰ ਪਏ ਪੁਰਾਣੇ ਕਾਗਜ਼ਾਂ ਦੀ ਢੂੰਡ ਭਾਲ ਕਰ ਕੇ ਇਕ ਛੋਟੀ ਜਿਹੀ ਕਿਤਾਬ ਬਾਜ਼ਨਾਮਾ ਛਾਪੀ, ਜੋ ਅਸਲੀ ਹੱਥ ਲਿਖਤ ਦਾ ਛੋਟਾ ਜਿਹਾ ਅਕਸ਼ ਹੈ।

ਡਾ. ਸਿੰਘ: ਸਰ! ਆਪ ਜੀ ਦੀਆਂ ਹੁਣ ਤਕ ਕਿੰਨ੍ਹੀਆਂ ਪੁਸਤਕਾਂ ਛਪ ਚੁੱਕੀਆਂ ਹਨ ਤੇ ਕਿਹੜ੍ਹੀਆਂ ਕਿਹੜ੍ਹੀਆਂ? ਕੋਈ ਛਪਾਈ ਅਧੀਨ ਵੀ ਹੈ? ਕ੍ਰਿਪਾ ਕਰ ਕੇ ਵਿਸਥਾਰ ਸਹਿਤ ਦੱਸੋ।
ਡਾ. ਸਰਨਾ:
ਮੇਰੀਆਂ ਬੁਹਤ ਸਾਰੀਆਂ ਪੁਸਤਕਾਂ ਛਪ ਚੁੱਕੀਆਂ ਹਨ। ਜਿਨ੍ਹਾਂ ਦੇ ਵਿਭਿੰਨ ਵਿਸ਼ੇ ਅਤੇ ਪਾਸਾਰ ਹਨ । ਜਿਵੇਂ ਕਵਿਤਾ, ਸਿੱਖ ਧਰਮ ਤੇ ਇਤਿਹਾਸ, ਕੋਸ਼ਕਾਰੀ, ਪੰਜਾਬੀ ਸਾਹਿਤ, ਵਿਗਿਆਨ ਆਦਿ।

ਕਵਿਤਾ: ਸ਼ਬਦਨਾਮਾ (1981), ਮੈਨੂੰ ਦੇ ਦਿਉ (1982), ਪ੍ਰਤਿਬੰਬ (1987), ਸੱਚ ਕੀ ਕਾਤੀ (1990), ਸਹਿਜ (2009), ਨਾਮਾ ਏ ਜਸਬੀਰ ਸਿੰਘ (2015)

ਸਿੱਖ ਧਰਮ ਅਤੇ ਇਤਿਹਾਸ: ਕੇਸਰ ਦਾ ਫੁੱਲ (1990), ਜੰਮੂ-ਕਸ਼ਮੀਰ ਦੀ ਸਿਖ ਤਵਾਰੀਖ (2020, ਦੂਜਾ ਐਡੀਸ਼ਨ), ਬਾਜ਼ਨਾਮਾ (2015, ਚੌਥਾ ਐਡੀਸ਼ਨ), ਇਕ ਮਹਿਕ ਦਾ ਸਫ਼ਰਨਾਮਾ (2001), ਤੇਗਜ਼ਨ ਗੁਰੂ ਹਰਿਗੋਬਿੰਦ ਸਾਹਿਬ (2002), ਗੁਰੂ ਹਰਿਕ੍ਰਿਸ਼ਨ ਸਾਹਿਬ (2003), ਜੰਮੂ ਕਸ਼ਮੀਰ ਦੇ ਇਤਿਹਾਸਕ ਗੁਰਦੁਆਰੇ (2005), ਸਿੱਖ ਧਰਮ ਦੇ ਮੁਢਲੇ ਫ਼ਾਰਸੀ ਅਤੇ ਉਰਦੂ ਸਰੋਤ (2008), ਮੋਲਿਕ ਪੈੜਾਂ ਸਿਰਜਦਾ ਸਿਖ ਇਤਿਹਾਸ (2015, ਦੂਜਾ ਐਡੀਸ਼ਨ), ਬਖ਼ਸ਼ ਰਚਨਾਵਲੀ (2015, ਦੂਜਾ ਐਡੀਸ਼ਨ), ਗੁਰੂ ਹਰਿਗੋਬਿੰਦ ਸਾਹਿਬ ਦੇ ਲਾਸਾਨੀ ਸਿੱਖ (2014), ਸਾਬਤ ਸੂਰਿਤ ਦਸਤਾਰ ਸਿਰਾ (2014), ਜੀਵਨ ਪਾਤਸ਼ਾਹੀ ਸਤਵੀਂ ਤੇ ਅਠਵੀਂ (2015), ਸਰਦਾਰ ਹਰੀ ਸਿੰਘ ਨਲਵਾ: ਵਾਰਾਂ ਤੇ ਜੰਗਨਾਮੇ (2016) ਸਹਿ ਸੰ. ਤੇਗ ਏ ਅਤਿਸ਼ਬਾਰ ਬਾਬਾ ਬੰਦਾ ਸਿੰਘ ਬਹਾਦਰ (2018), ਗੁਰੂ ਹਰਿਕ੍ਰਿਸ਼ਨ ਧਿਆਈਏ (2018), Sikhs in Kashmir (1993), The Sikh Shrines in Jammu and Kashmir (2014, 2nd Ed.), Baaznama (2019, 2nd Ed.), A select bibliography of the Kashmir (2002), Ancient Forts of J&K (2010), Some Previous pages of the Sikh History (2011), The Sikhs: Their Kesh and Turban (2018), A Short History of the Dera Santpura Danna (2019).

ਕੋਸ਼ਕਾਰੀ: World Punjabi Writers Who's Who (2004), ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਪਸ਼ੂ-ਪੰਛੀ ਤੇ ਬਨਸਪਤੀ ਸੰਕੇਤਾਂ ਦਾ ਕੋਸ਼ (2007), ਸ਼੍ਰੀ ਗੁਰੂ ਗ੍ਰੰਥ ਸਾਹਿਬ :ਮੂਲ ਸੰਕਲਪ ਕੋਸ਼ (2010), ਪੰਜਾਬੀ ਵਿਰਾਸਤ ਕੋਸ਼ (2013), ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਲੋਕਧਾਰਾਈ ਸੰਕੇਤਾਂ ਦਾ ਕੋਸ਼ (2012), ਗੁਰਦੁਆਰਾ ਕੋਸ਼ (2013), ਸਹਿ ਸੰ. ਪਾਤਸ਼ਾਹੀ ੧੦ :ਵਿਚਾਰ ਕੋਸ਼ (2017)

ਪੰਜਾਬੀ ਸਾਹਿਤ: ਸਾਹਿਤਕਧਾਰਾ (2001), 1947: ਘਲੂਘਾਰੇ ਦੀ ਕਵਿਤਾ (2016), ਪੰਜਾਬੀ ਲੋਕ ਗੀਤ (2018), ਲੇਖਕ ਅਨੁਕ੍ਰਮਣਿਕਾ ਵਿਸ਼ੇਸ਼ ਅੰਕ ਸ਼ੀਰਾਜਾ (2018), ਸੰ, ਗੁਰਮੁਖੀ ਲਿਪੀ: ਉਤਪਤੀ, ਉਨਤੀ ਅਤੇ ਉਤਮ ਹੱਥ ਲਿਖਤਾਂ (2018), ਕੁਰਾਨ ਸ਼ਰੀਫ ਦੀਆਂ ਗੁਰਬਾਣੀ ਨਾਲ ਮਿਲਦੀਆਂ ਆਇਤਾਂ (2019), ਸੰ. ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫਰਨਾਮਾ (2020, ਦੂਜਾ ਐਡੀਸ਼ਨ), ਸਫ਼ਰਨਾਮਾ ਏ ਪਾਕਿਸਤਾਨ ਅਤੇ ਹੋਰ (2020)

ਵਿਗਿਆਨ: ਕਸ਼ਮੀਰ ਦੇ ਜੰਗਲੀ ਫੁੱਲ (1998), ਜੰਮੂ-ਕਸ਼ਮੀਰ ਦੇ ਅਨੋਖੇ ਪੰਛੀ ਅਤੇ ਜੰਗਲੀ ਜੀਵ (2007), Flora and Fauna in Guru Nanak's Bani (2018, 2nd Ed.), ਕਸ਼ਮੀਰ ਦੇ ਜੰਗਲੀ ਫੁਲ, ਪੰਛੀ ਅਤੇ ਜੀਵ (2020).

ਪਿਛੇ ਜਿਹੇ ਹੀ 1849 ਤੋਂ 2018 ਤਕ ਦੀਆਂ ਪੰਜਾਬੀ ਹਵਾਲਾ ਪੁਸਤਕਾਂ ਦਾ ਸਰਵੇਖਣ ਡਾ. ਐਮ. ਪੀ. ਸਤੀਜਾ, ਡਾ ਸੁਖਦੇਵ ਸਿੰਘ, ਡਾ. ਹਰੀਸ਼ ਚੰਦਰ ਵਲੋਂ ਕੀਤਾ ਗਿਆ। ਇਸ ਕੈਟਾਗਰੀ ਵਿੱਚ ਮੈਂਨੂੰ ਸਰਵੋਤਮ ਸਥਾਨ ਹਾਸਲ ਹੋਇਆ ਹੈ। ਅੱਜ ਤਕ ਤਕਰੀਬਨ 51 ਪੁਸਤਕਾਂ ਛਪ ਚੁੱਕੀਆਂ ਹਨ। ਜੰਮੂ-ਕਸ਼ਮੀਰ ਦੀ ਸਿਖ ਤਵਾਰੀਖ ਦਾ ਨਵਾਂ ਐਡੀਸ਼ਨ ਤਿੰਨ ਕੁ ਮਹੀਨੇ ਤੱਕ ਅਉਣ ਦਾ ਇੰਤਜ਼ਾਰ ਹੈ। ਉਸ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਵਿਚ ਰਚਿਤ ਕਿਤਾਬ : "ਦਾ ਸਿੱਖਸ ਇੰਨ ਜੰਮੂ ਐਂਡ ਕਸ਼ਮੀਰ" ਵੀ ਤਿਆਰੀ ਅਧੀਨ ਹੈ।

ਡਾ. ਸਿੰਘ: ਰਚਨਾਵਾਂ ਨੂੰ ਛਪਵਾਉਣ ਲਈ ਕਿਨ੍ਹਾਂ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਡਾ. ਸਰਨਾ:
ਪੁਸਤਕਾਂ ਨੂੰ ਛਾਪਣਾ ਤਿੱਖੀ ਧਾਰ ਉੱਤੇ ਤੁਰਨ ਬਰਾਬਰ ਹੈ ਅਤੇ ਉਹ ਵੀ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਵਰ੍ਹਿਆਂ ਦੀ ਮਿਹਨਤ ਮਗਰੋਂ ਪ੍ਰਕਾਸ਼ਕ 30-35 ਹਜ਼ਾਰ ਰੁਪਏ ਲੈ ਕੇ 100 ਜਾਂ 150 ਕਿਤਾਬਾਂ ਦੇਂਦੇ ਹਨ। ਸਾਫ਼ ਲਫ਼ਜ਼ਾਂ ਵਿੱਚ ਇੰਝ ਆਖਦੇ ਹਾਂ ਮਲਾਈ ਤੇ ਮੱਖਣ ਸਾਰਾ ਪ੍ਰਕਾਸ਼ਕ ਛੱਕ ਜਾਂਦੇ ਹਨ ਅਤੇ ਲੇਖਕ ਨੂੰ ਲੱਸੀ ਦਾ ਛੰਨ੍ਹਾ ਦੇ ਦੇਂਦੇ ਹਨ, ਜਿਸ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ।

ਡਾ. ਸਿੰਘ: ਆਪ ਜੀ ਨੂੰ ਮਿਲੇ ਸਨਮਾਨਾਂ ਬਾਰੇ ਜਾਨਣ ਦਾ ਇਛੁੱਕ ਹਾਂ।
ਡਾ. ਸਰਨਾ:
ਜਦੋਂ ਵੀ ਕੋਈ ਲੇਖਕ ਲਿਖਦਾ ਹੈ ਉਸ ਨੂੰ ਇਨਾਮਾਂ ਆਦਿ ਦੀ ਤਾਂਘ ਨਹੀਂ ਹੁੰਦੀ ਕਿਉਂਕਿ ਲੇਖਕ ਸਦਾ ਅਪਣੀ ਲਿਖਤ ਵਿੱਚ ਕਾਰਜਸ਼ੀਲ ਹੁੰਦਾ ਹੈ। ਇਕ ਸਮਾਂ ਉਹ ਵੀ ਆਉਂਦਾ ਹੈ ਜਦੋਂ ਇਨਾਮ /ਸਨਮਾਨ ਉਹਦੇ ਪਿੱਛੇ ਭੱਜਦੇ ਹਨ। ਅਜਕਲ੍ਹ ਇਨਾਮ /ਸਨਮਾਨਾਂ ਦੀ ਕਾਣੀ ਵੰਡ ਦੇ ਚਰਚੇ ਤਾਂ ਅਖਬਾਰਾਂ ਦੀ ਜ਼ੀਨਤ ਵੀ ਬਣਦੇ ਹਨ। ਮੇਰੀ ਸਾਹਿਤਕ ਯਾਤਰਾ ਦੌਰਾਨ ਸਮੇਂ ਸਮੇਂ ਪ੍ਰਾਪਤ ਹੋਏ ਮਾਣ-ਸਨਮਾਨ ਦਾ ਸੰਖੇਪ ਵੇਰਵਾ ਕੁਝ ਇੰਝ ਹੈ;

ਸੰਨ 2020 ਵਿਚ ਸੱਚਾ ਪਾਤਸ਼ਾਹ ਪੱਤ੍ਰਿਕਾ ਵਲੋਂ 'ਬਹਾਦਰ ਸਿੰਘ ਪੁਰਸਕਾਰ' ਪ੍ਰਦਾਨ ਕੀਤਾ ਗਿਆ। ਸੰਨ 2015 ਵਿਚ ਜੇ. ਕੇ. ਪੰਜਾਬੀ ਸਾਹਿਤ ਸਭਾ, ਸ੍ਰੀਨਗਰ, ਕਸ਼ਮੀਰ ਵਲੋਂ 'ਮੋਹਨ ਸਿੰਘ ਮੋਹਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਸੰਨ 2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 'ਭਾਈ ਨੰਦ ਲਾਲ ਗੋਇਆ ਪੁਰਸਕਾਰ' ਦਿੱਤਾ ਗਿਆ ਹੈ। ਸੰਨ 2002 ਵਿਚ ਨਵੀਂ ਦਿੱਲੀ ਵਿਖੇ 'ਸੈਕੂਲਰ ਇੰਡੀਆ ਹਾਰਮੋਨੀ ਅਵਾਰਡ" ਪ੍ਰਾਪਤ ਹੋਇਆ। ਸੰਨ 1998 ਵਿਚ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਨੇ 'ਭਾਈ ਕਾਹਨ ਸਿੰਘ ਨਾਭਾ ਪੁਰਸਕਾਰ' ਪ੍ਰਦਾਨ ਕਰ ਕੇ ਸਨਮਾਨਿਤ ਕੀਤਾ। ਸੰਨ 1995-96 ਵਿਚ 'ਜੇ. ਕੇ. ਅਕੈਡਮੀ ਅਵਾਰਡ' ਪ੍ਰਾਪਤ ਹੋਇਆ। ਸੰਨ 1982 ਵਿਚ ਖਾਲਸਾ ਕਾਲਜ, ਅੰਮਿ੍ਰਤਸਰ ਵਿਖੇ 'ਉੱਤਮ ਕਵੀ' ਦਾ ਸਨਮਾਨ ਹਾਸਿਲ ਹੋਇਆ। ਇਸੇ ਸਾਲ ਬਟਾਲਾ ਵਿਖੇ 'ਸ਼ਿਵ ਕੁਮਾਰ ਬਟਾਲਵੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਸੰਨ 1978 ਅਤੇ ਸੰਨ 1981 ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ 'ਰਾਏ ਬਹਾਦਰ ਬਿਸ਼ੰਬਰ ਦਾਸ ਸੇਠੀ ਮੈਡਲ' ਪ੍ਰਾਪਤ ਕਰਨ ਦਾ ਮਾਣ ਹਾਸਿਲ ਹੋਇਆ। ਹੋਰ ਵੀ ਕਈ ਸੰਸਥਾਵਾਂ ਵਲੋਂ ਸਮੇਂ ਸਮੇਂ ਮਾਣ-ਸਨਮਾਨ ਮਿਲਦਾ ਹੀ ਰਿਹਾ ਹੈ/ਰਹਿੰਦਾ ਹੈ।

ਡਾ. ਸਿੰਘ: ਸਰਨਾ ਜੀ! ਆਪ ਦੀ ਪਕੜ੍ਹ ਖੇਤੀਬਾੜੀ ਵਿਸ਼ੇ ਦੇ ਮਾਹਿਰ ਵਜੋਂ ਜਿੰਨ੍ਹੀ ਪਰਪੱਕ ਹੈ, ਓਨ੍ਹੀ ਹੀ ਲੇਖਕ ਤੇ ਸਿੱਖ ਇਤਿਹਾਸਕਾਰ ਦੇ ਰੂਪ ਵਿਚ ਵੀ ਹੈ। ਆਪ ਨੂੰ ਇਨ੍ਹਾਂ ਸਾਰੇ ਰੂਪਾਂ ਵਿਚੋਂ ਕਿਹੜਾ ਰੂਪ ਵਧੇਰੇ ਪਸੰਦ ਹੈ ਅਤੇ ਕਿਉˆ?
ਡਾ. ਸਰਨਾ:
ਖੇਤੀਬਾੜੀ ਮੇਰੇ ਲਈ ਹੱਥੀ ਕਿਰਤ ਕਰਨ ਦਾ ਇਕ ਵਿਸ਼ੇਸ਼ ਸਾਧਨ ਹੈ, ਜੋ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਲੋਕਾਂ ਨੂੰ ਮਾਰਗ ਦਰਸ਼ਨ ਦਿਤਾ ਹੈ। ਇਸ ਤੋਂ ਉੱਤਮ ਕਿਤਾ ਮੇਰੇ ਲਈ ਹੋਰ ਕੋਈ ਨਹੀਂ। ਕਲਮਕਾਰ ਹੋਣ ਦੇ ਨਾਤੇ ਮੇਰੀ ਕਲਮ ਕਈ ਪੜਾਵਾਂ ਵਿੱਚੋਂ ਹੋ ਕੇ ਗੁਜ਼ਰੀ ਹੈ, ਉਹ ਅਸਲੋਂ ਇਤਿਹਾਸ ਹੀ ਸਿਰਜਦੀ ਰਹੀ ਹੈ। ਵਿਸ਼ੇ ਪੱਖ ਤੋਂ ਸਾਰੇ ਰੂਪ ਹੀ ਮੇਰੇ ਮਨ ਪਸੰਦੀਦਾ ਹਨ ਕਿਉਂਕਿ ਇਕ ਮਾਂ ਨੂੰ ਉਸ ਦੇ ਸਾਰੇ ਬੱਚਿਆਂ ਨਾਲ ਪਿਆਰ ਤੇ ਮੋਹ ਹੁੰਦਾ ਹੈ।

ਡਾ. ਸਿੰਘ: ਆਪ ਦੇ ਵਿਚਾਰ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਮੌਲਿਕ ਸਾਹਿਤਕ ਅਤੇ ਇਤਿਹਾਸਕਾਰੀ ਰਚਨਾਵਾਂ, ਹੋਰਨਾਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਤੁਲਨਾ ਵਿਚ ਕਿਹੜਾ ਸਥਾਨ ਰੱਖਦੀਆਂ ਹਨ?
ਡਾ. ਸਰਨਾ:
ਦੂਜੀਆਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੇ ਬਰਾਬਰ ਪੰਜਾਬੀ ਭਾਸ਼ਾ ਵਿੱਚ ਵੀ ਸਾਡਾ ਸਾਹਿਤ ਮੋਲਿਕ, ਉੱਤਮ ਅਤੇ ਸ੍ਰੇਸ਼ਟ ਆਖਿਆ ਜਾ ਸਕਦਾ ਹੈ। ਭਾਈ ਵੀਰ ਸਿੰਘ ਦੀਆਂ ਰਾਣਾ ਸੂਰਤ ਸਿੰਘ (1919), ਦਿਲ ਤਰੰਗ (1920), ਤ੍ਰੇਲ ਤੁਪਕੇ (1921), ਬਿਜਲੀਆਂ ਦੇ ਹਾਰ (1927), ਮੇਰੇ ਸਾਈਆਂ ਜੀਉ (1953) ਆਦਿ ਰਚਨਾਵਾਂ ਮੋਲਿਕ ਤੇ ਉੱਤਮ ਸਾਹਿਤ ਦੀ ਵੰਨਗੀ ਵਜੋਂ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਰਖਿਆ ਜਾ ਸਕਦਾ ਹੈ।

ਡਾ. ਸਿੰਘ: ਜਨ ਸੰਚਾਰ ਮਾਧਿਅਮਾਂ ਦੀ ਵਰਤੋਂ ਦੌਰਾਨ ਆਪ ਦੇ ਪ੍ਰਮੱਖ ਸਰੋਕਾਰ ਸਮਾਜਿਕ, ਧਾਰਮਿਕ, ਸਭਿਆਚਾਰਕ, ਵਾਤਾਵਰਣੀ ਅਤੇ ਇਤਿਹਾਸਕ ਪਹਿਲੂਆਂ ਨਾਲ ਸੰਬੰਧਤ ਹਨ। ਕੀ ਸਮਾਜ ਨੂੰ ਅਜਿਹੇ ਸਰੋਕਾਰਾਂ ਪ੍ਰਤੀ ਚੇਤੰਨ ਕਰਨ ਲਈ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਦੇ ਨਾਲ-ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ?
ਡਾ. ਸਰਨਾ:
ਮਨੁੱਖ ਆਦਿ ਕਾਲ ਤੋਂ ਹੀ ਧਾਰਮਿਕ, ਸਮਾਜਿਕ, ਸੱਭਿਆਚਾਰਕ, ਵਾਤਾਵਰਣੀ ਅਤੇ ਇਤਿਹਾਸਕ ਪਹਿਲੂਆਂ ਨਾਲ ਸੰਬੰਧਤ ਰਿਹਾ ਹੈ। ਇਹ ਸਰੋਕਾਰ ਉਸੇ ਤਰ੍ਹਾਂ ਹੀ ਮਨੁੱਖ ਦੇ ਚਿੰਤਨ ਵਿੱਚ ਇਕਮਿੱਕ ਹੋਏ ਹਨ ਜਿਵੇਂ ਦੁੱਧ ਵਿੱਚ ਕੈਸੀਨ। ਧਰਮ ਦੀ ਟੀਸੀ ਸੱਭ ਤੋਂ ਸੁੱਚੀ, ਉੱਚੀ ਤੇ ਵਿੱਲਖਣ ਹੈ ਜੋ ਪਿਆਰ ਤੇ ਖੜੀ ਹੈ। ਧਰਮ ਦਾ ਖਾਸ ਮਨੋਰਥ, ਮਨ ਤਰਜ਼ੇ ਜ਼ਿੰਦਗੀ ਦੀਆਂ ਅਨੇਕਾਂ ਔਕੜਾਂ ਨੂੰ ਠੀਕ ਢੰਗ ਨਾਲ ਦਰੁਸਤ ਕਰਕੇ ਜ਼ਿੰਦਗੀ ਨੂੰ ਸੁਖੀ ਰਖਣਾ ਹੈ। ਸਾਰੇ ਲੋਕਾਂ ਦੀਆਂ ਸਮੱਸਿਆਵਾਂ ਤਕਰੀਬਨ ਇਕੋ ਜਿਹੀਆਂ ਹਨ। ਇਸੇ ਲਈ ਮੁਢਲੇ ਤੌਰ ਤੇ ਸਾਰੇ ਧਰਮਾਂ ਦਾ ਪੈਗਾਮ ਸਰਬ ਸਾਂਝਾ ਆਖਿਆ ਜਾਂਦਾ ਹੈ। ਇਲਮ ਦਾ ਸੁਰਮਾ ਅੱਖਾਂ ਵਿਚ ਪਾਣ ਨਾਲ ਸਾਰੀ ਸੂਝ ਬੂਝ ਹੋ ਜਾਂਦੀ ਹੈ।


ਧਰਮ ਰਹਿਤ ਇਲਮ ਕੇਵਲ ਅਧੋਗਤੀ ਦੀ ਸੂਚਕ ਹੈ ਜੋ ਬਰਬਾਦੀ ਤੇ ਖੁਆਰੀ ਦਾ ਸੰਕੇਤ ਹੈ। ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ, ਜੋ ਪੁਰਖ ਜਾਂ ਕੋਮ ਗਰਕ ਹੋਣੀ ਹੋਵੇ ਤਾਂ ਮਜ਼ਹਬ ਦੀ ਦਾਤ - ਚੰਗਿਆਈ ਪਹਿਲਾਂ ਹੀ ਖੋਹ ਲਈ ਜਾਂਦੀ ਹੈ।
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 417)​

ਡਾ. ਸਿੰਘ: ਵਿਗੜ ਰਹੇ ਸਮਾਜਿਕ, ਧਾਰਮਿਕ, ਅਤੇ ਸਭਿਆਚਾਰਕ ਵਾਤਾਵਰਣ ਦਾ ਮੂਲ ਕਾਰਕ ਆਪ ਕਿਸ ਨੂੰ ਮੰਨਦੇ ਹੋ? ਵੱਡਾ ਦੋਸ਼ੀ ਕੌਣ ਹੈ?
ਡਾ. ਸਰਨਾ:
ਸਾਡੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਵਾਤਾਵਰਣ ਦੇ ਵੱਡੇ ਦੋਸ਼ੀ ਉਹ ਲੋਕ ਹਨ ਜੋ ਸਾਡੇ ਵਿਦਿਅਕ ਅਦਾਰਿਆਂ ਤੇ ਕਬਜ਼ੇ ਕਰਕੇ ਇਨ੍ਹਾਂ ਨੂੰ ਅਪਣੀ ਮਲਕੀਅਤ ਸਮਝਦੇ ਹਨ। ਵਿਦਿਆਰਥੀਆਂ ਦੀ ਵਿੱਦਿਆ ਵਿੱਚ ਇਨਸਾਨੀਅਤ ਦਾ ਅਕਸ ਦਿਖਾਈ ਦੇਣਾ ਚਾਹੀਦਾ ਹੈ। ਅੱਜਕਲ ਦੇਸ਼ ਤੇ ਵਿਦੇਸ਼ਾਂ ਦੇ ਇਲਮੀ ਅਦਾਰਿਆਂ ਵਿੱਚ ਧਾਰਮਿਕ ਵਿੱਦਿਆ ਦੇਣੀ ਫ਼ਾਲਤੂ ਜਿਹੀ ਬਾਤ ਸਮਝੀ ਜਾਂਦੀ ਹੈ। ਵਿੱਦਿਆ ਨੂੰ ਮਜ਼ਹਬ ਰਹਿਤ ਤੇ ਵੱਖ ਕਰ ਦੇਣ ਨਾਲ ਜੋ ਹਾਨੀ ਹੋਈ ਹੈ ਉਹ ਸਾਰੇ ਜਾਣਦੇ ਹਨ। ਸ਼ੇਖ ਸ਼ਾਅਦੀ ਨੇ ਠੀਕ ਕਿਹਾ ਸੀ :

"ਪੜ ਲਈ ਗੁਲਸਿਤਾਂ ਮਤਲਬ ਨਾ ਪਾਇਆ ਸ਼ੇਖ ਕਾ, ਸਾਰੀ ਕਿਤਾਬੇ ਹਿਫ਼ਜ਼ ਕਰ ਹਾਫ਼ਜ਼ ਹੂਆ ਤੋ ਕਿਆ ?"​

ਜੇਕਰ ਮਨੁੱਖ ਧਰਤੀ ਤੇ ਸੱਚੇ ਹੋਕੇ ਵਿਚਰੇ ਤਾਂ ਨਾ ਕਾਨੂੰਨੀ ਝਗੜੇ, ਨਾ ਨਫ਼ਰਤ ਅਤੇ ਨਾ ਖੁਦਗਰਜ਼ੀ ਅਪਣੇ ਪੈਰ ਪਸਾਰ ਸਕੇਗੀ। ਮਜ਼ਹਬ ਰਹਿਤ ਵਿੱਦਿਆ ਹਾਸਲ ਕਰਨ ਨਾਲ ਸੰਸਾਰ ਨੂੰ ਦੋ ਵੱਡੇ ਨੁਕਸਾਨ ਹੋਏ ਹਨ। ਪਹਿਲਾ ਇਹ ਕਿ ਮਨੁੱਖ ਨੇਕ-ਆਚਰਣ ਦੀ ਪੱਕੀ ਨੀਂਹ ਤੋਂ ਵਾਂਝਿਆਂ ਰਹਿ ਗਿਆ ਅਤੇ ਦੂਜਾ ਧਾਰਮਿਕ ਸਿੱਖਿਆ ਦਾ ਕੰਮ ਵੱਖ ਵੱਖ ਫਿਰਕਿਆਂ ਦੇ ਹਵਾਲੇ ਹੋ ਗਿਆ। ਕੁੱਝ ਫਿਰਕਿਆਂ ਨੇ ਧਰਮ ਨੂੰ ਸੀਮਤ ਦਾਇਰੇ ਅੰਦਰ ਬੰਦ ਕਰ ਦਿੱਤਾ ਅਤੇ ਕਟੱੜਤਾ ਕਾਰਨ ਧਾਰਮਿਕ ਈਰਖਾ ਤੇ ਵਿਰੋਧ ਪੈਦਾ ਕੀਤਾ ਹੈ।

ਡਾ. ਸਿੰਘ: ਸਮਾਜਿਕ, ਧਾਰਮਿਕ, ਸਭਿਆਚਾਰਕ ਅਤੇ ਵਾਤਾਵਰਣੀ ਪ੍ਰਦੂਸ਼ਣ ਤੋਂ ਬਚਣ ਲਈ ਸਰਕਾਰੀ, ਨਿੱਜੀ ਅਤੇ ਗੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ-ਕਿਹੜੇ ਉਪਾਓ ਅਤੇ ਸਮਾਧਾਨ ਹਨ?
ਡਾ. ਸਰਨਾ:
ਮੇਰਾ ਵਿਚਾਰ ਹੈ ਕਿ ਉਚੇਚੇ ਦਰਜੇ ਦੇ ਕੋਰਸਾਂ ਵਿੱਚ, ਅਪਣੇ ਗੋਰਵਮਈ ਵਿਰਸੇ ਵਿਚੋਂ ਗੁਰੂ ਸਾਹਿਬਾਨ ਦੇ ਜੀਵਨ ਉਪਦੇਸ਼ਾਂ, ਸਿੱਖ ਸ਼ਹੀਦਾਂ ਆਦਿ ਦੀ ਪੜ੍ਹਾਈ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। ਇਨਸਾਨ ਦੀ ਬੁੱਧੀ, ਦਲੀਲ ਸ਼ਕਤੀ ਰੱਬ ਦੀ ਹੋਂਦ ਉੱਤੇ ਯਕੀਨ ਦੀ ਮੰਗ ਕਰਦੀ ਹੈ। ਕੋਈ ਵੀ ਅਸਲੀ ਵਿਚਾਰਵਾਨ ਬੰਦਾ ਨਾਸਤਿਕ ਨਹੀਂ ਹੋ ਸਕਦਾ। ਮੇਰੇ ਖਿਆਲ ਵਿੱਚ ਧਰਮ ਇਕ ਰੂਹਾਨੀ ਤਜਰਬਾ ਹੈ ਜੋ ਆਪਣੇ ਆਪ ਹੁੰਦਾ ਰਹਿੰਦਾ ਹੈ। ਧਾਰਮਿਕ ਸਿੱਖਿਆ ਦੇਣ ਦੀ ਸੱਭ ਤੋਂ ਵੱਧ ਜਿੰਮੇਵਾਰੀ ਜਿਥੇ ਮਾਪਿਆਂ ਅਤੇ ਉਸਤਾਦਾਂ ਉੱਪਰ ਨਿਰਭਰ ਹੈ ਉੱਥੇ ਮੈਨੇਜਮੈਂਟ ਕਮੇਟੀਆਂ, ਸਿੱਖ ਨੇਤਾਵਾਂ, ਸੰਸਥਾਵਾਂ ਅਤੇ ਬੁੱਧੀਜੀਵੀਆਂ ਨੂੰ ਵਧੇਰੇ ਚਿੰਤਾਤੁਰ ਹੋਣਾ ਪਵੇਗਾ ਤਾਂ ਹੀ ਇਲਮ ਦੀ ਨੀਂਹ ਧਰਮ ਦੀ ਚਟਾਨ ਉੱਪਰ ਰੱਖੀ ਜਾ ਸਕਦੀ ਹੈ। ਇਹੋ ਹੀ ਸੱਭ ਤੋਂ ਵੱਡਾ ਸਮਾਧਾਨ ਹੈ ਜਿਸ ਦੇ ਘੇਰੇ ਵਿੱਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਆਦਿ ਸੱਭ ਕੁੱਝ ਆ ਜਾਂਦਾ ਹੈ।

ਡਾ. ਸਿੰਘ: ਜੰਮੂ-ਕਸ਼ਮੀਰ ਵਿਖੇ ਪੰਜਾਬੀ ਭਾਸ਼ਾ ਵਿਚ ਮੌਜੂਦਾ ਹੋ ਚੁੱਕੇ / ਹੋ ਰਹੇ ਸਾਹਿਤਕ / ਇਤਿਹਾਸਕਾਰੀ ਕਾਰਜਾਂ ਬਾਰੇ ਤੁਹਾਡੇ ਕੀ ਵਿਚਾਰ ਹਨ?
ਡਾ. ਸਰਨਾ:
ਜੰਮੂ-ਕਸ਼ਮੀਰ ਦੀ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਪਾਸਾਰ ਲਈ ਬਹੁਤ ਸਾਰੇ ਵਿਦਵਾਨਾਂ ਨੇ ਯੋਗਦਾਨ ਪਾਇਆ ਹੈ। ਜੰਮੂ-ਕਸ਼ਮੀਰ ਅਕੈਡਮੀ ਨੇ ਤਿੰਨ ਭਾਗਾਂ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਛਾਪ ਦਿੱਤਾ ਹੈ। ਰਿਆਸਤ ਵਿੱਚ ਬਹੁਤ ਸਾਰੀਆਂ ਹੱਥ ਲਿੱਖਤਾਂ ਵੱਖ ਵੱਖ ਥਾਵਾਂ ਤੇ ਪਈਆਂ ਹਨ, ਜਿਨ੍ਹਾਂ ਨੂੰ ਵਿਗਿਆਨਕ ਲੀਹਾਂ ਤੇ ਡਿਜ਼ੀਟਲ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਵਿਚੋਂ ਕਈਆਂ ਦੀ ਨਿਸ਼ਾਨਦੇਹੀ ਮੈਂ ਅਪਣੀ ਕਿਤਾਬ ਗੁਰਮੁਖੀ ਲਿੱਪੀ ਵਿੱਚ ਕੀਤੀ ਹੈ। ਸਮੇਂ ਦੀਆਂ ਜੁੱਗ ਗਰਦੀਆਂ, ਜੰਗਾਂ, ਘਲੂਘਾਰੇ, ਸੰਨ ਸੰਤਾਲੀ ਆਦਿ ਨੇ ਸਾਡੇ ਸੈਂਕੜੇ ਗ੍ਰੰਥ ਅਤੇ ਪੋਥੀਆਂ ਨੂੰ ਹਮੇਸ਼ਾ ਲਈ ਸਾਡੇ ਕੋਲੋਂ ਅਲੋਪ ਕਰ ਦਿੱਤਾ ਹੈ। ਮਿਸਾਲ ਦੇ ਤੋਰ 'ਤੇ ਅਕਾਲੀ ਕੌਰ ਸਿੰਘ ਨਿਹੰਗ ਨੇ ਗੁਰੂ ਨਾਨਕ ਆਸ਼ਰਮ, ਚਕਾਰ ਵਿੱਚ 70,000 ਹੱਥ ਲਿਖਤਾਂ, ਪੁਸਤਕਾਂ, ਅਖਬਾਰਾਂ ਆਦਿ ਇਕਠੇ ਕੀਤੇ ਸਨ, ਜੋ 1947 ਸਮੇਂ ਕਬਾਲੀ ਹਮਲਾਵਾਰਾਂ ਨੇ ਅੱਗ ਲਾ ਕੇ ਨਸ਼ਟ ਕਰ ਦਿਤੇ ਸਨ, ਜਿਨ੍ਹਾਂ ਵਿਚ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਵੀ ਸ਼ਾਮਲ ਸਨ। ਜਿਥੋਂ ਤੱਕ ਸਿੱਖ ਇਤਿਹਾਸਕਾਰੀ ਦੀ ਬਾਤ ਹੈ, ਮੈਂ ਅਪਣੇ ਵਲੋਂ ਸਾਂਭਣ ਦਾ ਯਤਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਰਾਂਗਾ। ਕਈ ਦੁਰਲੱਭ ਹੱਥ ਲਿਖਤਾਂ ਗੁਰਮੁਖੀ ਤੋਂ ਇਲਾਵਾ ਦੇਵਨਾਗਰੀ ਅਤੇ ਨਸਤਲੀਕ ਵਿੱਚ ਵੀ ਪਈਆਂ ਹਨ। ਉਹ ਵਿਭਿੰਨ ਪੁਰਾਲੇਖ ਵਿਭਾਗਾਂ, ਵਿਸ਼ਵ ਵਿਦਿਆਲਿਆ, ਪੁਸਤਕਾਲਿਆਂ ਤੇ ਵਿਅਕਤੀਆਂ ਦੇ ਘਰਾਂ ਆਦਿ ਵਿੱਚ ਪਈਆਂ ਹਨ। ਉਨ੍ਹਾਂ ਸਾਰਿਆਂ ਦੀਆਂ ਸੂਚੀਆਂ ਤਿਆਰ ਕਰਕੇ ਜਾਂਚਣ ਤੇ ਪਰਖਣ ਦੀ ਲੋੜ ਦੇ ਨਾਲ ਨਾਲ ਚਾਨਣ ਵਿੱਚ ਲਿਆਉਣ ਦੀ ਜ਼ਰੂਰਤ ਹੈ। ਗੁਰੂ ਨਾਨਕ ਸਾਹਿਬ ਨੇ ਹੀ ਮਟਨ ਸਾਹਿਬ, ਕਸ਼ਮੀਰ ਵਿੱਚ ਇੱਕ ਅਧਿਆਤਮਕ ਵਾਰ "ਰਾਗ ਆਸਾ ਮਹਲਾ ੧ ਪਟੀ ਲਿਖੀ" ਦੀ ਰਚਨਾ ਕੀਤੀ ਸੀ।

ਡਾ. ਸਿੰਘ: ਅਜੋਕੇ ਸਮੇਂ ਵਿਚ ਸੰਪੂਰਨ ਵਿਸ਼ਵ ਇਕ ਗਲੋਬਲ ਵਿਲਿਜ਼ ਬਣ ਚੁੱਕਾ ਹੈ। ਆਪ ਦੇ ਵਿਚਾਰ ਅਨੁਸਾਰ ਇਨ੍ਹਾਂ ਨਵੇਂ ਹਾਲਾਤਾਂ ਵਿਚ ਪੰਜਾਬੀ ਭਾਸ਼ਾ ਵਿਚ ਰਚਿਤ ਸਾਹਿਤ / ਇਤਿਹਾਸ ਪਾਠਕਾਂ ਦੀ ਰਾਹਨੁਮਾਈ ਲਈ ਕਿਵੇਂ ਸਹਾਇਕ ਸਿੱਧ ਹੋ ਸਕਦੇ ਹਨ?
ਡਾ. ਸਰਨਾ:
ਅਜੋਕੀ ਗਲੋਬਲਾਈਜੇਸ਼ਨ ਵਿੱਚ ਸਾਨੂੰ ਅਪਣੇ ਘਰਾਂ ਤੋਂ ਪੰਜਾਬੀ ਦਾ ਆਰੰਭ ਕਰਨਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਬੱਚਾ ਗੁਰਮੁਖੀ ਸਿੱਖੇਗਾ ਤਾਂ ਹੀ ਉਹ ਵਿਰਾਸਤੀ ਖ਼ਜ਼ਾਨੇ ਦੀ ਸਾਂਭ-ਸੰਭਾਲ ਕਰ ਸਕੇਗਾ। ਅਜੋਕੇ ਸਮੇਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਵਿੱਚ ਪੰਜਾਬੀ ਸਾਹਿਤ ਦਾ ਵਿਕਾਸ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਪੰਜਾਬੀ ਭਾਸ਼ਾ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਰਾਹੀਂ ਸੰਸਾਰ ਭਰ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਇੰਟਰਨੈੱਟ 'ਤੇ ਇਹ ਦੋਵੇਂ ਲਿਪੀਆਂ ਵਿੱਚ ਢੇਰ ਸਾਰਾ ਪੰਜਾਬੀ ਸਾਹਿਤ ਉਪਲੱਬਧ ਹੈ। ਇੰਟਰਨੈੱਟ ਰਾਹੀਂ ਤੁਸੀਂ ਕੋਈ ਵੀ ਕਿਤਾਬ ਸਫ਼ਰ ਵਿੱਚ ਜਾਂ ਕਿਸੇ ਹਾਲਤ ਵਿੱਚ ਵੀ ਬਿਨਾਂ ਭਾਰ ਚੁਕਿਆਂ ਪੜ੍ਹ ਸਕਦੇ ਹੋ ਜਾਂ ਖੋਜ ਸਕਦੇ ਹੋ। ਜੋ ਨਾਯਾਬ ਕਿਤਾਬਾਂ ਕਿਤੋਂ ਨਹੀਂ ਮਿਲਦੀਆਂ ਉਹ ਸਹਿਜੇ ਹੀ ਇੰਟਰਨੈੱਟ ਤੋਂ ਡਾਉਨਲੋਡ ਕਰ ਸਕਦੇ ਹਾਂ। ਇੰਟਰਨੈੱਟ ਸਾਡਾ ਲਈ ਸਹਾਇਕ ਦਾ ਕੰਮ ਕਰਦਾ ਹੈ।

ਡਾ. ਸਿੰਘ: ਆਪ ਪੰਜਾਬੀ ਭਾਸ਼ਾ ਦੇ ਮੰਨੇ-ਪ੍ਰਮੰਨੇ ਕਵੀ ਤੇ ਸਫ਼ਰਨਾਮਾ ਲੇਖਕ ਹੋ। ਸਾਹਿਤ ਰਚਨਾ ਕਾਰਜਾਂ ਖਾਸ ਕਰ ਕਵਿਤਾ ਤੇ ਹੋਰ ਵਿਧਾਵਾਂ ਵਿਚ ਰਚਨਾ ਕਾਰਜਾਂ ਲਈ ਕਿਹੜੇ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ?
ਡਾ. ਸਰਨਾ:
ਕਵਿਤਾ ਤਾਂ ਚਿੰਤਨਧਾਰਾ ਦਾ ਸਾਫ਼ ਸੁਥਰਾ ਚਸ਼ਮਾ ਹੈ ਜੋ ਅਪਣੇ ਆਪ ਫੁੱਟ ਪੈਂਦਾ ਹੈ। ਇਸ ਵਿੱਚ ਖਿਆਲਾਂ ਦੇ ਪ੍ਰਵਾਹ ਤੁਰਦੇ ਰਹਿੰਦੇ ਹਨ। ਕਵਿਤਾ ਲਿਖਦੇ ਸਾਰ ਉਸ ਨੂੰ ਤਿੰਨ ਚਾਰ ਵਾਰ ਲਿਖਣ ਨਾਲ ਆਪੇ ਹੀ ਸੁਧਾਈ ਹੋ ਜਾਂਦੀ ਹੈ। ਸਾਹਿਤ ਦੀਆਂ ਦੂਜੀਆਂ ਵਿਧਾਵਾਂ ਵਿੱਚ ਪੂਰੀ ਤਨਦੇਹੀ ਨਾਲ ਨਿੱਠ ਕੇ ਲਿਖਣਾ ਪੈੰਦਾ ਹੈ, ਖਾਸਕਰ ਇਤਿਹਾਸ ਨੂੰ। ਜਿਵੇਂ ਸੁਨਿਆਰੇ ਸੋਨੇ ਨੂੰ ਅਪਣੇ ਆਕਾਰ ਵਿੱਚ ਢਾਲਦੇ ਹਨ ਉਸੇ ਤਰਾਂ ਇਤਿਹਾਸਕਾਰ ਨੂੰ ਵੀ ਕਰਨਾ ਪੈਂਦਾ ਹੈ। ਜਿਵੇਂ ਅਸੀਂ ਦੁੱਧ ਨੂੰ ਕੜਾਹੀ ਵਿੱਚ ਪਾ ਕੇ ਕਾੜ੍ਹਦੇ ਹਾਂ ਤਾਂ ਜੋ ਪਾਣੀ ਦੀ ਮਾਤਰਾ ਹੁੰਦੀ ਹੈ ਉਹ ਭਾਫ਼ ਬਣ ਕੇ ਉਡ ਜਾਂਦੀ ਹੈ ਬਸ ਕੁਝ ਅਜਿਹਾ ਹੀ ਕਰਨਾ ਪੈਂਦਾ ਹੈ। ਸਫ਼ਰਨਾਮਾ ਤਾਂ ਸਾਡਾ ਸ਼ੀਸ਼ਾ ਹੈ ਜੋ ਕੁੱਝ ਤੁਸੀਂ ਵੇਖਿਆ ਹੈ ਉਸੇ ਤਰ੍ਹਾਂ ਹੀ ਬਿਆਨ ਕਰਨਾ ਹੁੰਦਾ ਹੈ। ਇਸ ਵਿੱਚ ਰੋਚਕਤਾ ਹੋਣੀ ਅਤੇ ਪਾਠਕ ਦਾ ਮਨ ਉਚਾਟ ਨਾ ਹੋਵੇ, ਇਹ ਵੇਖਣਾ ਜ਼ਰੂਰੀ ਹੈ।

ਡਾ. ਸਿੰਘ: ਆਪ ਦੇ ਵਿਚਾਰ ਅਨੁਸਾਰ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ / ਇਤਿਹਾਸਕਾਰੀ ਦੇ ਵਿਸ਼ੇ ਪੱਖੋਂ ਪ੍ਰਮੁੱਖ ਝੁਕਾਅ ਕਿਹੜੇ ਕਿਹੜੇ ਹਨ? ਕ੍ਰਿਪਾ ਕਰ ਕੇ ਵਿਸਥਾਰ ਨਾਲ ਸਮਝਾਓ ।
ਡਾ. ਸਰਨਾ:
ਭਾਰਤ ਵਿੱਚ ਅੰਗਰੇਜ਼ੀ ਰਾਜ ਤੋਂ ਬਾਅਦ ਪੂੰਜੀਵਾਦੀ ਅਰਥ ਵਿਵਸਥਾ, ਪੱਛਮੀ ਮੁਲਕਾਂ ਦੇ ਨਵੇਂ ਰਾਜਨੀਤਕ, ਪ੍ਰਸ਼ਾਸਨਿਕ, ਸਭਿਆਚਾਰਕ ਅਤੇ ਸਾਹਿਤਕ ਪ੍ਰਭਾਵਾਂ ਰਾਹੀਂ ਉਜਾਗਰ ਹੁੰਦੀ ਹੈ। ਗੋਰਤਲਬ ਹੈ ਕਿ ਇਸੇ ਨੂੰ ਅਸੀਂ ਵਿਸ਼ੇਸ਼ ਸਿਧਾਂਤਕ ਅਤੇ ਤਵਾਰੀਖੀ ਨਜ਼ਰੀਏ ਤੋਂ ਇੱਕੀਵੀਂ ਸਦੀ ਦੇ ਯੁੱਗ ਦੀ ਸ਼ੁਰੂਆਤ ਕਹਿੰਦੇ ਹਾਂ। ਆਧੁਨਿਕ ਕਾਲ ਵਿੱਚ ਧਾਰਮਿਕ ਅਤੇ ਸਮਾਜਿਕ ਵਿਕਾਸ ਦੇ ਦਰਵਾਜ਼ੇ ਖੁੱਲ੍ਹਦੇ ਹਨ। ਕਾਵਿ, ਗਲਪ, ਨਾਟਕ ਤੇ ਇਕਾਂਗੀ, ਅਲੋਚਨਾ, ਵਾਰਤਕ ਆਦਿ ਇਸੇ ਜ਼ਮਰੇ ਵਿੱਚ ਆਉਂਦੇ ਹਨ। ਧਰਮ ਨਿਰਪੱਖਤਾ, ਵਿਗਿਆਨਿਕਤਾ, ਤਰਕਸ਼ੀਲਤਾ, ਸ਼ਹਿਰੀਕਰਨ, ਉਦਯੋਗਿਕ ਉਤਪਾਦਨ, ਸਾਂਝੀਵਾਲਤਾ, ਸਮਾਨਤਾ, ਵਿਸ਼ਵਿਆਪਕਤਾ, ਸੁਤੰਤਰਤਾ, ਰਾਜਨੀਤਿਕ ਚੇਤਨਾ, ਸਾਖਰਤਾ ਆਦਿ ਪ੍ਰਮੁੱਖ ਹਨ।

ਡਾ. ਸਿੰਘ: ਸਮਕਾਲੀ ਪੰਜਾਬੀ ਸਾਹਿਤਕਾਰਾਂ/ਇਤਿਹਾਸਕਾਰਾਂ ਵਿਚੋਂ ਆਪ ਕਿਸ ਕਿਸ ਦੀ ਕਿਹੜੀ ਵਿਸ਼ੇਸ਼ਤਾ ਤੋਂ ਪ੍ਰਭਾਵਿਤ ਹੋ?
ਡਾ. ਸਰਨਾ:
ਮੈਂ ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰਾਂ ਤੋਂ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਦੀ ਲੰਮੀ ਫਿਰਿਸਤ ਹੈ। ਅਸਲ ਵਿੱਚ ਇਹ ਇੱਕ ਸੰਪੂਰਣ ਦ੍ਰਿਸ਼ਟੀਕੋਣ ਹੈ, ਜਿਸ ਦਾ ਮੁੱਖ ਲੱਛਣ ਜੀਵਨ ਨੂੰ ਉਸਦੀਆਂ ਸਾਰੀਆਂ ਜਟਿਲਤਾਵਾਂ ਦੇ ਬਾਵਜੂਦ ਇਕਾਗਰਤਾ ਦੇ ਰੂਪ ਵਿੱਚ ਪ੍ਰੇਰਣਾਦਾਇਕ ਹੋਣਾ ਹੈ। ਇਹੋ ਜੀਵਨ ਦੇ ਕੇਂਦਰੀ ਸੱਚ ਦਾ ਹਾਸਿਲ ਹੈ। ਫ਼ਿਰ ਵੀ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ ਹਾਂ ਉਨ੍ਹਾਂ ਵਿਚੋਂ ਖਾਸ ਜ਼ਿਕਰੇਯੋਗ ਹਨ: ਡਾ. ਅਤਰ ਸਿੰਘ, ਡਾ. ਗੁਰਭਗਤ ਸਿੰਘ, ਡਾ. ਗੰਡਾ ਸਿੰਘ, ਪ੍ਰੋ. ਪਿਆਰਾ ਸਿੰਘ ਪਦਮ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਗਰਜਾ ਸਿੰਘ, ਡਾ. ਸੁਰਜੀਤ ਪਾਤਰ ਆਦਿ।

ਡਾ. ਸਿੰਘ: ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘੱਟ ਕੇ ਸ਼ੋਸ਼ਲ ਮੀਡੀਆ ਨਾਲ ਵੱਧ ਰਿਹਾ ਹੈ। ਪਾਠਕਾਂ ਨੂੰ ਸਾਹਿਤ ਨਾਲ ਜੋੜਣ ਲਈ ਕੋਈ ਹੱਲ?
ਡਾ. ਸਰਨਾ:
ਕੰਪਿਊਟਰੀਕਰਨ ਅਤੇ ਸੈਟੇਲਾਈਟ ਨੇ ਅਜੋਕੇ ਯੁੱਗ ਵਿੱਚ ਇਕ ਵੱਡਾ ਪਰਿਵਰਤਨ ਲੈ ਆਂਦਾ ਹੈ। ਸ਼ੋਸ਼ਲ ਮੀਡੀਆ ਦਾ ਅਸਰ, ਬੱਚਿਆਂ ਤੇ ਨੋਜਵਾਨਾਂ ਦੇ ਮਨੋਵਿਗਿਆਨਕ ਹਾਲਤਾਂ ਦੇ ਰੂਬਰੂ, ਮਾਨਸਿਕ ਰੋਗਾਂ ਨਾਲ ਪ੍ਰਭਾਵਿਤ ਕਰ ਰਿਹਾ ਹੈ। ਅਸੀਂ ਸਮਾਜ ਨੂੰ ਕਿਵੇਂ ਸਿੱਖਿਅਤ ਕਰੀਏ? ਕਿਹੜੀ ਅਜਿਹੀ ਤਕਨੀਕ ਦਾ ਇਸਤੇਮਾਲ ਕਰੀਏ, ਜਿਸ ਵਿੱਚ ਨੁਕਸਾਨ ਘਟ ਅਤੇ ਫ਼ਾਇਦਾ ਜਿਆਦਾ ਹੋਵੇ। ਜਿਵੇਂ ਜਿਵੇਂ ਸੂਚਨਾ ਤਕਨੀਕ ਅਤੇ ਇੰਟਰਨੈੱਟ ਦਾ ਯੁੱਗ ਆਪਣੀਆਂ ਪੈੜਾਂ ਪਸਾਰਦਾ ਜਾ ਰਿਹਾ ਹੈ, ਕਿਤਾਬਾਂ ਵੀ ਸਾਡੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਪਾਠਕਾਂ ਨੂੰ ਕਿਤਾਬਾਂ ਨਾਲ ਜੋੜਣ ਲਈ ਉਨ੍ਹਾਂ ਵਾਸਤੇ ਉਹੋ ਸਾਹਿਤ ਰਚਣਾ ਚਾਹੀਦਾ ਹੈ ਜਿਸ ਤੋਂ ਉਹ ਪ੍ਰਭਾਵਿਤ ਹੋ ਸਕਣ। ਛੋਟੀਆਂ ਛੋਟੀਆਂ ਕਿਤਾਬਾਂ ਹੀ ਛਾਪਣੀਆਂ ਉਚਿੱਤ ਹਨ ਜੋ ਪਾਠਕ ਸਹਿਜੇ ਹੀ ਪੜ੍ਹ ਸਕਣ।

ਡਾ. ਸਿੰਘ: ਡਾ. ਸਾਹਿਬ! ਆਪ ਇੱਕੀਵੀਂ ਸਦੀ ਦੀ ਇਤਿਹਾਸਕਾਰੀ ਦੀ ਪ੍ਰਸੰਗਿਕਤਾ ਵਿਚ ਪੰਜਾਬੀ ਇਤਿਹਾਸਕਾਰੀ ਦੀ ਸਥਿਤੀ ਦਾ ਮੁਲਾਂਕਣ ਕਿਵੇਂ ਕਰਨਾ ਚਾਹੋਗੇ?
ਡਾ. ਸਰਨਾ:
ਇੱਕੀਵੀਂ ਸਦੀ ਦੀ ਪੰਜਾਬੀ ਇਤਿਹਾਸਕਾਰੀ ਵਿਸ਼ੇਸ਼ ਕਾਲ-ਕਰਮ ਦੀ ਗਵਾਹ ਰਹੀ ਹੈ। ਵੱਖ ਵੱਖ ਸਥਿਤੀਆਂ, ਪ੍ਰਸਥਿਤੀਆਂ ਨੇ ਲੇਖਕ ਨੂੰ ਸੰਵੇਦਨਸ਼ੀਲਤਾ ਦੇ ਮੰਥਨ ਰਾਹੀਂ ਉਸ ਦੀ ਕਲਪਨਿਕ ਸੋਚਣ ਸ਼ਕਤੀ ਨੂੰ ਪ੍ਰਭਾਵਿਤ ਕਰ ਕੇ ਕਾਮਯਾਬੀ ਬਖਸ਼ੀ ਹੈ। ਇਤਿਹਾਸਕਾਰੀ ਦੀ ਪ੍ਰੋੜਤਾ, ਸਮਾਜ ਦਾ ਦਰਪਣ ਹੁੰਦੀ ਹੈ ਕਿਉਂਕਿ ਇਹ ਮਨ ਦੀ ਪ੍ਰੋੜਤਾ ਨਾਲ ਇਕਮੁੱਠ ਹੋਈ ਹੁੰਦੀ ਹੈ।

ਡਾ. ਸਿੰਘ: ਵੀਹਵੀਂ ਸਦੀ ਦੀ ਤੁਲਨਾ ਵਿਚ ਆਪ ਨੇ ਇੱਕੀਵੀਂ ਸਦੀ ਦੇ ਸਮਾਜਿਕ, ਧਾਰਮਿਕ, ਸੱਭਿਆਚਾਰਕ, ਵਾਤਾਵਰਣੀ ਤੇ ਇਤਿਹਾਸਕਾਰ ਲੇਖਣ ਕਾਰਜਾਂ ਸੰਬੰਧਤ ਮਾਹੌਲ ਵਿਚ ਕਿਹੜੇ ਕਿਹੜੇ ਪਰਿਵਰਤਨ ਨੋਟ ਕੀਤੇ ਹਨ?
ਡਾ. ਸਰਨਾ:
ਵੀਹਵੀਂ ਸਦੀ ਤੋਂ ਇੱਕੀਵੀਂ ਸਦੀ ਤੱਕ ਪੁੱਜਣ ਲਈ ਸਮਾਜਿਕ, ਧਾਰਮਿਕ, ਸੱਭਿਆਚਾਰਕ, ਵਾਤਾਵਰਣੀ ਤੇ ਇਤਿਹਾਸਕਾਰੀ ਆਦਿ ਖੇਤਰਾਂ ਵਿਚ ਮਨੁੱਖੀ ਸਮਾਜ ਅੰਦਰ ਵੱਖ ਵੱਖ ਪਰਿਵਰਤਨ ਦ੍ਰਿਸ਼ਟੀਗੋਚਰ ਹੋਏ ਹਨ। ਇਸ ਸਦੀ ਵਿੱਚ ਇਲੈਕਟ੍ਰਾਨਿਕ ਮੀਡੀਆ ਦਾ ਸ਼ਕਤੀਸ਼ਾਲੀ ਸਰੂਪ ਸਾਹਮਣੇ ਆਇਆ ਹੈ। ਧਾਰਮਿਕ ਤੇ ਸਮਾਜਿਕ ਆਦਿ ਖੇਤਰਾਂ ਵਿਚ ਗਿਆਨ, ਸਿੱਖਿਆ ਅਤੇ ਮਨੋਰੰਜਨ ਸੰਬੰਧਤ ਵਿਸ਼ਾਲ ਸੇਵਾਵਾਂ ਉਪਲੱਬਧ ਹੋਣ ਕਾਰਨ, ਇਸ ਦਾ ਘੇਰਾ ਹੋਰ ਮੌਕਲਾ ਹੋਇਆ ਹੈ। ਵਿਸ਼ਵ ਵਿਆਪੀ ਨੈੱਟਵਰਕ ਨੇ ਸਾਰਾ ਆਲਮ ਹੀ ਬਦਲ ਦਿੱਤਾ ਹੈ। ਸਾਡੀਆਂ ਕਦਰਾਂ-ਕੀਮਤਾਂ, ਵਿਸ਼ਵਾਸਾਂ, ਸਭਿਆਚਾਰਕ ਮੁੱਲਾਂ ਅਤੇ ਧਾਰਨਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਮਾਸ ਮੀਡੀਆ ਦਾ ਸਿੱਧਾ ਸੰਬੰਧ ਸਮਾਜ ਤੇ ਸਭਿਆਚਾਰ ਨਾਲ ਹੈ। ਅਜੋਕੇ ਸੰਚਾਰ ਦੇ ਮਾਧਿਅਮ ਲਗਾਤਾਰ ਡਿਜੀਟਲ ਇਨਕਲਾਬ ਵੱਲ ਵੱਧ ਰਹੇ ਹਨ। ਇਹ ਮੀਡੀਆ ਸਾਡੇ ਸਮਾਜਿਕ, ਸਭਿਆਚਾਰਕ, ਤੇ ਵਾਤਾਵਰਣੀ ਮਾਹੌਲ ਉਤੇ ਕੰਟਰੋਲ ਕਰ ਰਿਹਾ ਹੈ। ਸਭਿਆਚਾਰ ਹੁਣ ਕੇਵਲ ਸਭਿਆਚਾਰਕ ਵਸਤੂ ਬਣ ਕੇ ਰਹਿ ਗਈ ਹੈ। ਮੀਡੀਆ ਨੇ ਬਹੁਤਾ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਹੈ।

ਡਾ. ਸਿੰਘ: ਧਾਰਮਿਕ ਅਤੇ ਖੇਤੀਬਾੜੀ ਕਾਰਜਾਂ ਦੇ ਖੇਤਰਾਂ ਵਿਚ ਆਪ ਵਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਬਾਰੇ ਚਾਨਣਾ ਪਾਓ ਜੀ?
ਡਾ. ਸਰਨਾ:
ਧਾਰਮਿਕ ਅਤੇ ਖੇਤੀਬਾੜੀ ਖੇਤਰਾਂ ਵਿੱਚ ਮੇਰਾ ਕੋਈ ਵਿਸ਼ੇਸ਼ ਯੋਗਦਾਨ ਨਹੀਂ ਹੈ। ਖਾਲਸਾ ਕਾਲਜ ਅੰਮ੍ਰਿਤਸਰ ਸਮੇਂ ਮੈਂ ਹਰ ਸਾਲ ਸਿੱਖ ਵਿਦਿਆਰਥੀਆਂ ਨੂੰ ਜੋ ਬਹੁਤੇ ਕੇਸਾਂ ਦੀ ਬੇਅਦਬੀ ਕਰਦੇ ਸਨ, ਨੂੰ "ਖੰਡੇ ਦੀ ਪਾਹੁਲ" ਲੈਣ ਲਈ ਸਰਗਰਮੀ ਨਾਲ ਕੰਮ ਕਰਦਾ ਸਾਂ। ਉਥੇ ਸ਼ਮਸ਼ੀਰਿ ਦਸਤ ਰਸਾਲੇ ਦਾ ਫਾਊਂਡਰ ਐਡੀਟਰ ਹੋਣ ਦੇ ਨਾਤੇ, ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਨਿੱਕਾ ਜਿਹਾ ਉਪਰਾਲਾ ਜ਼ਰੂਰ ਕੀਤਾ ਸੀ। ਜਿਥੋਂ ਤੱਕ ਖੇਤੀ ਬਾੜੀ ਦਾ ਸੰਬੰਧ ਹੈ ਵਿਭਾਗੀ ਤੋੱਰ ਤੇ ਬਾਖੂਬੀ ਰਚਨਾਤਮਕ ਭੂਮਿਕਾ ਨਿਭਾਈ ਹੈ। ਮੇਰੇ ਲਈ ਸੱਭ ਤੋਂ ਮਹੱਤਤਾ ਵਾਲੀ ਗੱਲ ਇਹ ਰਹੀ ਹੈ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਮੈਂ ਪਹਿਲੀ ਵਾਰ "ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੇ ਬਨਸਪਤੀ ਤੇ ਪਸ਼ੂ-ਪੰਛੀ ਕੋਸ਼" ਤਿਆਰ ਕਰਕੇ ਸਿੱਖ ਕੌਮ ਨੂੰ ਦਿੱਤਾ ਹੈ।

ਡਾ. ਸਿੰਘ: ਸਮਾਜਿਕ, ਸਭਿਆਚਾਰਕ ਅਤੇ ਵਾਤਾਵਰਣੀ ਕੁਰੀਤੀਆਂ ਨੂੰ ਘੱਟ ਕਰਨ / ਖਤਮ ਕਰਨ ਵਿਚ ਆਪ ਅਜੋਕੇ ਸਮੇਂ ਦੌਰਾਨ ਸਾਹਿਤ, ਇਤਿਹਾਸ ਤੇ ਧਰਮ ਦਾ ਕੀ ਯੋਗਦਾਨ ਮੰਨਦੇ ਹੋ?
ਡਾ. ਸਰਨਾ:
ਅਜੋਕੇ ਸਮੇਂ ਸਮਾਜਿਕ, ਸੱਭਿਆਚਾਰਕ ਅਤੇ ਵਾਤਾਵਰਣੀ ਕੁਰੀਤੀਆਂ ਅਪਣੇ ਸਿੱਖਰਾਂ 'ਤੇ ਹਨ । ਅਜੋਕੇ ਇੰਟਰਨੈੱਟ ਯੁੱਗ ਵਿੱਚ ਇਹ ਬੇਕਾਬੂ ਘੋੜੇ ਵਾਂਗ ਦੋੜ ਰਹੀਆਂ ਹਨ। ਇਨ੍ਹਾਂ ਨੂੰ ਠੱਲ ਪਾਉਣ ਲਈ ਧਰਮ ਇਤਿਹਾਸ ਅਤੇ ਸਾਹਿਤ ਅਪਣਾ ਰੋਲ ਬਾਖੂਬੀ ਅਦਾ ਕਰ ਸਕਦਾ ਹੈ । ਸਾਨੂੰ ਸਦਾਚਾਰਕ ਨੁਕਤੇ ਤੋਂ ਬੜਾ ਸਾਵਧਾਨ ਰਹਿਣਾ ਹੋਵੇਗਾl ਸਾਨੂੰ ਆਪਣੇ ਪੁਰਖਿਆਂ ਦੇ ਉਤਮ ਗੁਣਾਂ ਤੋਂ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈl ਪੰਜਾਬੀ ਸਾਹਿਤ ਦਾ ਅਹਿਮ ਯੋਗਦਾਨ ਇਸ ਵਿੱਚ ਸਾਡੀ ਰਹਿਨੁਮਾਈ ਕਰ ਸਕਦਾ ਹੈl ਉੱਤਮ ਸਾਹਿਤ ਹੀ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਸਹਾਈ ਹੋ ਸਕਦਾ ਹੈl

ਡਾ. ਸਿੰਘ: ਪੰਜਾਬੀ ਲੇਖਕਾਂ ਦੁਆਰਾ, ਹੁਣ ਤਕ ਛਾਪੇ ਗਏ ਸਮਾਜਿਕ, ਧਾਰਮਿਕ, ਸਭਿਆਚਾਰਕ, ਵਾਤਾਵਰਣੀ ਤੇ ਇਤਿਹਾਸਕਾਰੀ ਸਰੋਕਾਰਾਂ ਅਤੇ ਅਜੋਕੀ ਸਥਿਤੀ ਵਿਚ ਆਪ ਕੋਈ ਵਿੱਥ ਮਹਿਸੂਸ ਕਰਦੇ ਹੋ? ਵਿਸਥਾਰ ਨਾਲ ਦੱਸੋ ਜੀ।
ਡਾ. ਸਰਨਾ:
ਅਦਬ ਇੱਕ ਅੰਤਰ-ਅਨੁਸ਼ਾਸਨੀ ਕਲਾ ਹੈ। ਇਹ ਹੋਰ ਵਿਗਿਆਨਕ ਅਨੁਸ਼ਾਸਨਾਂ ਨਾਲੋਂ ਵੱਧ ਅਸਰ ਰੱਖਦੀ ਹੈ। ਸਾਹਿਤ ਨੂੰ ਸਮਾਜ ਨਾਲ ਸਬੰਧਤ ਕਰ ਕੇ ਵਧੇਰੇ ਪ੍ਰਸੰਗਿਕਤਾ ਹੋਣੀ ਬਹੁਤ ਲਾਜ਼ਮੀ ਹੈ। ਸਰੋਕਾਰ ਵਧੇਰੇ ਪ੍ਰਬਲ ਰੂਪ ਵਿੱਚ ਮੂਰਤੀਮਾਨ ਹੁੰਦੇ ਹਨ। ਔਖੇ ਸਮੇਂ ਸਾਰਥਿਕ ਭੂਮਿਕਾ ਨਿਭਾਉਦੇਂ ਰਹੇ ਹਨ। ਨਵੀਆਂ ਜੁਗਤਾਂ ਦੀ ਤਲਾਸ਼ ਕਰਨੀ ਪਵੇਗੀ।

ਡਾ. ਸਿੰਘ: ਆਪ ਆਮ ਲੋਕਾਂ, ਨੌਜਵਾਨਾਂ, ਉਭਰਦੇ ਲੇਖਕਾਂ ਅਤੇ ਖੋਜੀਆਂ ਨੂੰ ਸਾਹਿਤਕ / ਧਾਰਮਿਕ ਵਿਰਸੇ ਨਾਲ ਜੁੜਣ ਤੇ ਇਸ ਦੀ ਸਾਂਭ ਸੰਭਾਲ ਹਿਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਡਾ. ਸਰਨਾ:
ਮੈਂ ਕੋਈ ਵੱਡਾ ਦਾਨਿਸ਼ਵਰ ਨਹੀਂ ਕਿ ਸੰਦੇਸ਼ ਦੇਣ ਦਾ ਰੁਤਬਾ ਰਖਦਾ ਹੋਵਾਂ। ਧਾਰਮਿਕ ਵਿਰਸੇ ਪ੍ਰਤੀ ਜਾਗਰੂਕ ਅਤੇ ਸਾਂਭ ਸੰਭਾਲ ਬਾਰੇ ਜੋਦੜੀ ਜਰੂਰ ਕਰ ਸਕਦਾ ਹਾਂ। ਸੰਸਾਰ ਵਿੱਚ ਹਰ ਕੌਮ ਅਪਣੇ ਵਿਰਸੇ ਨੂੰ ਸੁਰੱਖਿਅਤ ਰੱਖਣ ਲਈ ਉਪਰਾਲੇ ਕਰ ਰਹੀ ਹੈ। ਸਿੱਖਾਂ ਦੀਆਂ ਹਰ ਸਾਲ ਦਰਜਨਾਂ ਇਤਿਹਾਸਕ ਇਮਾਰਤਾਂ ਅਤੇ ਨਿਸ਼ਾਨੀਆਂ ਕਾਰਸੇਵਾ ਦੇ ਨਾਂ ਹੇਠ ਬੇਦਰਦੀ ਨਾਲ ਖਤਮ ਕੀਤੀਆਂ ਜਾ ਰਹੀਆਂ ਹਨ । ਸਿੱਖਾਂ ਨੂੰ ਅਪਣੇ ਵਿਰਸੇ ਪ੍ਰਤੀ ਜਾਗਰੂਕ ਹੋਣ ਦੀ ਡਾਢੀ ਲੋੜ ਹੈ। 1984 ਵਿੱਚ ਸੈਂਕੜੇ ਦੁਰਲੱਭ ਹੱਥ ਲਿਖਤਾਂ ਆਦਿ ਗਾਇਬ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਲੱਭਣਾ ਸਮੇਂ ਦੀ ਮੁੱਖ ਲੋੜ ਹੈ। ਗੁਰੂ ਸਾਹਿਬ ਦੇ ਹੱਥਾਂ ਦੀ ਛੋਹ ਪ੍ਰਾਪਤ ਪਿੱਪਲ, ਬੇਰ, ਚਿਨਾਰ ਆਦਿ ਕੱਟ ਕੇ ਕਿਸੇ ਗੂੜੀ ਸਾਜਿਸ਼ ਤਹਿਤ ਕਾਰਸੇਵਾ ਵਾਲੇ ਬਾਬਿਆਂ ਨੇ ਸੰਗਮਰਮਰ ਦੀਆਂ ਇਮਾਰਤਾਂ ਖੜੀਆਂ ਕਰ ਦਿੱਤੀਆਂ ਹਨ। ਇਨ੍ਹਾਂ ਦੀ ਲਿਸਟ ਬੜੀ ਲੰਬੀ ਹੈ। ਯਾਦ ਰੱਖੋ ਸੰਸਾਰ ਦੀ ਸਾਰੀ ਦੋਲਤ ਵੀ ਇਸ ਖਜ਼ਾਨੇ ਨੂੰ ਵਾਪਸ ਮੋੜ ਨਹੀਂ ਸਕਦੀ। ਸਵਾਲ ਇਹ ਹੈ ਆਖਰ ਸਿੱਖ ਕੌਮ ਕਦੋਂ ਜਾਗਰੂਕ ਹੋਵੇਗੀ।

ਡਾ. ਸਿੰਘ: ਸਮਕਾਲੀ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ, ਤਕਨਾਲੋਜੀ ਨਾਲ ਲੈਸ ਹੈ, ਫ਼ਿਰ ਕਿਉਂ ਉਹ ਸਾਹਿਤ ਪਠਣ ਕਾਰਜਾਂ ਪ੍ਰਬੰਧੀ ਉਦਾਸੀਨਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ?
ਡਾ. ਸਰਨਾ:
ਅੱਜ ਦਾ ਸਮਕਾਲੀ ਨੋਜਵਾਨ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਿਹਾ ਹੈ। ਜੇਕਰ ਜੜ੍ਹ ਮਜ਼ਬੂਤ ਹੋਵੇਗੀ ਤਾਂ ਹੀ ਪੋਦਾ ਵੱਧ ਫ਼ੁੱਲ ਸਕਦਾ ਹੈ। ਤਕਨਾਲੌਜੀ ਨਾਲ ਵਧੇਰੇ ਲੈਸ ਹੋਣ ਕਾਰਨ, ਨੋਜਵਾਨਾਂ ਕੋਲ ਸਮਾਂ ਨਹੀਂ ਬਚਦਾ। ਸਵੇਰ ਉਠਦੇ ਸਾਰ ਹੀ ਉਹ ਨੈੱਟ ਨਾਲ ਜੁੜ ਜਾਂਦੇ ਹਨ। ਜਿਸ ਵਿਸ਼ੇ ਦੀ ਵੀ ਜਾਣਕਾਰੀ ਉਹ ਲੈਣਾ ਚਾਹਣ ਉਨ੍ਹਾਂ ਨੂੰ ਉਹ ਨੈੱਟ ਵਿਖੇ ਮਿਲ ਜਾਂਦੀ ਹੈ। ਛੋਟੀਆਂ ਕਿਤਾਬਾਂ ਤਾਂ ਉਹ ਪੜ੍ਹ ਲੈਂਦੇ ਹਨ ਪਰ ਵੱਡੀਆਂ ਕਿਤਾਬਾਂ ਤੋਂ ਮੂੰਹ ਮੋੜ ਲੈਂਦੇ ਹਨ। ਸਾਨੂੰ ਸਮੇਂ ਨੂੰ ਮੁੱਖ ਰੱਖ ਕੇ ਹੀ ਸਾਹਿਤ ਸਿਰਜਣਾ ਕਰਨੀ ਚਾਹੀਦੀ ਹੈ।

ਡਾ. ਸਿੰਘ: ਸਰ! ਖੇਤੀਬਾੜੀ ਮਾਹਿਰ, ਸਾਹਿਤਕਾਰ ਅਤੇ ਇਤਿਹਾਸਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਵਿਗਿਆਨਕ ਬਿਰਤੀ ਅਤੇ ਲੇਖਣ-ਵਿਚਾਰਧਾਰਾ ਹਮੇਸ਼ਾਂ ਸਮਾਂਤਰ ਕਾਰਜ਼ਸ਼ੀਲ ਰਹਿੰਦੇ ਹਨ ਜਾਂ ਸਮੇਂ ਸਮੇਂ ਕੋਈ ਇਕ ਵਧੇਰੇ ਭਾਰੂ ਵੀ ਹੋ ਜਾਂਦਾ ਹੈ?
ਡਾ. ਸਰਨਾ:
ਮੇਰੇ ਚਿੰਤਨ ਦੀ ਸਰਜ਼ਮੀਨ ਤੇ ਸਾਹਿਤਕੀ, ਖੇਤੀਬਾੜੀ ਅਤੇ ਇਤਿਹਾਸਕਾਰੀ ਨਾਲ ਨਾਲ ਆਪ ਮੁਹਾਰੇ ਤੁਰਦੇ ਹਨ। ਮੈਂ ਤਾਂ ਤੁਰਿਆ ਸਾਂ ਖੇਤੀ ਦੀ ਧਾਰ ਤੇ ਅਪਣੇ ਉਪਜੀਵਕਤਾ ਲਈ, ਪਰ ਨਾਲ ਨਾਲ ਸਾਹਿਤਕ ਹੁਲਾਰ ਮੈਨੂੰ ਸੈਨਤਾਂ ਮਾਰਦੀ ਰਹੀ ਅਤੇ ਅਪਣਾ ਬੇਸ਼ਕੀਮਤੀ ਕੋਮੀ ਵਿਰਸਾ ਮੈਨੂੰ ਤਵਾਰੀਖੀ ਘਟਨਾਵਾਂ ਨੂੰ ਕਲਮਬੰਦ ਕਰਨ ਲਈ ਪ੍ਰੇਰਿਤ ਕਰਦਾ। ਇਹ ਤਿੰਨੇ ਹਮਸਫ਼ਰ ਹੋ ਕੇ ਤੁਰਦੇ ਹਨ ਅਤੇ ਇਕ-ਦੂਜੇ ਤੇ ਭਾਰੂ ਹੋਣ ਦੀ ਗੁਸਤਾਖੀ ਨਹੀਂ ਕਰਦੇ।

ਡਾ. ਸਿੰਘ: ਸਰਨਾ ਸਾਹਿਬ! ਗੱਲਬਾਤ ਚੰਗੀ ਰਹੀ। ਇੰਟਰਵਿਊ ਲਈ ਸਮਾਂ ਦੇਣ ਲਈ ਧੰਨਵਾਦ!
ਡਾ. ਸਰਨਾ:
ਡਾ. ਸਾਹਿਬ! ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿਉਂ ਕਿ ਤੁਸਾਂ ਮੈਨੂੰ ਪਾਠਕਾਂ ਦੇ ਰੂਬਰੂ ਕਰਾਇਆ ਹੈ।
 
Last edited:

❤️ CLICK HERE TO JOIN SPN MOBILE PLATFORM

Top