Literature - ਪੁਸਤਕ: "ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ'; ਲੇਖਕ: ਸ. ਕੁਲਵੰਤ ਸਿੰਘ; ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਪੁਸਤਕ: "ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ'; ਲੇਖਕ: ਸ. ਕੁਲਵੰਤ ਸਿੰਘ; ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

drdpsn

Writer
SPNer
Apr 7, 2006
97
59
Nangal, India
ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ


KS- Front Cover.jpgKS -Back Cover.jpg
ਪੁਸਤਕ ਦਾ ਨਾਮ: ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ
ਲੇਖਕ: ਸ. ਕੁਲਵੰਤ ਸਿੰਘ, ਕੈਨੇਡਾ
ਪ੍ਰਕਾਸ਼ਕ : ਸ. ਕੁਲਵੰਤ ਸਿੰਘ, ਰਾਹੀਂ ਗਰੋਵਰ ਪ੍ਰਿਟਿੰਗ ਪ੍ਰੈਸ, ਅੰਮ੍ਰਿਤਸਰ, ਇੰਡੀਆ।
ਪ੍ਰਕਾਸ਼ ਸਾਲ : 2019, ਕੀਮਤ: ਅੰਕਿਤ ਨਹੀਂ ; ਪੰਨੇ: 328
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ ਅਤੇ ਐਜੂਕੇਸ਼ਨਲ ਸਲਾਹਕਾਰ, ਕੈਂਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੇਨੈਡਾ।

"ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ" ਕਿਤਾਬ ਦੇ ਲੇਖਕ ਸ. ਕੁਲਵੰਤ ਸਿੰਘ, ਜਿਥੇ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਹਨ। ਉਥੇ ਉਨ੍ਹਾਂ ਦਾ ਜਨ-ਸਾਹਿਤ ਅਤੇ ਪੰਜਾਬੀ ਮਾਂ-ਬੋਲੀ ਨਾਲ ਪਿਆਰ ਦੀ ਸਾਂਝ ਬਹੁਤ ਹੀ ਡੂੰਘੀ ਹੈ। ਬਾਲਕ ਕੁਲਵੰਤ ਦਾ ਜਨਮ, ਸੰਨ 1946 ਵਿਚ, ਚੜ੍ਹਦੇ ਪੰਜਾਬ ਦੇ ਪਿੰਡ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਿਤਾ ਸ. ਗੁਰਬਖਸ਼ ਸਿੰਘ ਅਤੇ ਮਾਤਾ ਵਰਿਆਮ ਕੌਰ ਦੇ ਘਰ ਵਿਚ ਹੋਇਆ। ਮੁੱਢਲੀ ਸਿੱਖਿਆ ਆਪ ਨੇ ਸਰਕਾਰੀ ਸਕੂਲ, ਰਾਜਾਸਾਂਸੀ ਤੋਂ ਪ੍ਰਾਪਤ ਕੀਤੀ। ਉਪਰੰਤ ਆਪ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ. ਏ., ਅਤੇ ਬੀ. ਐੱਡ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਪੜ੍ਹਾਈ ਪੂਰੀ ਹੁੰਦਿਆਂ ਹੀ ਆਪ ਨੇ ਟੈਲੀਫੋਨ ਐਕਸਚੇਂਜ, ਅੰਮ੍ਰਿਤਸਰ ਵਿਖੇ ਸੇਵਾ ਸੰਭਾਲੀ। ਪੰਜਾਬੀ ਸਾਹਿਤ ਨਾਲ ਲਗਾਉ ਅਤੇ ਹੋਰ ਨਵਾਂ ਜਾਨਣ ਦੀ ਲਲਕ ਕਾਰਣ ਆਪ ਨੇ ਜਲਦੀ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ. ਏ. (ਪੰਜਾਬੀ) ਦੀ ਪੜ੍ਹਾਈ ਵੀ ਪੂਰੀ ਕਰ ਲਈ। ਬੀਬਾ ਰਾਣੀ ਕੌਰ ਨਾਲ ਸ਼ਾਦੀ ਹੋਣ ਦੇ ਜਲਦੀ ਹੀ ਪਿਛੋਂ ਆਪ ਕੈਨੇਡਾ ਆ ਕੇ ਵੱਸ ਗਏ। ਪਿਛਲੇ ਲਗਭਗ 42 ਸਾਲਾਂ ਤੋਂ ਕੈਨੇਡਾ ਵਿਚ ਵਸ ਰਹੇ ਸ। ਕੁਲਵੰਤ ਸਿੰਘ ਨੇ ਜੀਵਨ ਦੇ ਅਨੇਕ ਉਤਰਾਵਾਂ-ਚੜ੍ਹਾਵਾਂ ਵਿਚੋਂ ਗੁਜ਼ਰਦਿਆਂ ਜਿਥੇ "ਸਿੰਘ ਫੋਮ" ਦੇ ਨਾਂ ਹੇਠ ਸਫ਼ਲ ਬਿਜ਼ਨੈੱਸ ਦੀ ਸਥਾਪਨਾ ਕੀਤੀ ਹੈ, ਉਥੇ ਉਸ ਨੇ ਪੰਜਾਬੀ ਮਾਂ-ਬੋਲੀ ਨਾਲ ਆਪਣੇ ਪਿਆਰ ਨੂੰ ਵੀ ਫਿੱਕਾ ਨਹੀਂ ਪੈਣ ਦਿੱਤਾ। ਉਸ ਨੇ ਹੁਣ ਤਕ ਚਾਰ ਕਿਤਾਬਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਈਆਂ ਹਨ।

ਸ. ਕੁਲਵੰਤ ਸਿੰਘ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਸਿੱਖੀ ਸਿਧਾਤਾਂ ਅਨੁਸਾਰ ਜੀਵਨ ਜੀਊਣ, ਪੰਜਾਬੀ ਮਾਂ-ਬੋਲੀ ਵਿਚ ਜਨ-ਸਾਹਿਤ ਰਚਨਾ ਕਾਰਜਾਂ ਤੇ ਸਮਾਜ ਭਲਾਈ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ। ਆਪ ਦੀ ਪ੍ਰੇਰਨਾ ਅਤੇ ਵਿੱਤੀ ਸਹਿਯੋਗ ਸਦਕਾ ਆਪ ਦੇ ਸਪੁੱਤਰ ਪ੍ਰੇਮ ਸਿੰਘ ਦੁਆਰਾ ਪਰਵਾਸੀਆਂ ਨੂੰ ਦਰਪੇਸ਼ ਸੱਮਸਿਆਵਾਂ ਨੂੰ ਰਾਸ਼ਟਰੀ ਪੱਧਰ ਉੱਤੇ ਉਜਾਗਰ ਕਰਨ ਲਈ ਬਹੁਤ ਹੀ ਮਹੱਤਵਪੂਰਣ ਫਿਲਮ "ਟਾਈਗਰ" (2018) ਬਣਾਈ ਗਈ ਹੈ। ਜੋ ਕੈਨੇਡਾ ਅਤੇ ਅਨੇਕ ਹੋਰ ਦੇਸ਼ਾਂ ਵਿਚ ਬਹੁਤ ਹੀ ਮਕਬੂਲ ਹੋਈ ਹੈ। "ਟਾਈਗਰ ਫਿਲਮ" ਇਕ ਗੁਰਸਿੱਖ ਪਰਦੀਪ ਸਿੰਘ ਨਾਗਰਾ ਦੁਆਰਾ ਬਾਕਸਿੰਗ ਦੇ ਖੇਤਰ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋ ਜਹਿਦ ਕਰਣ ਦੀ ਸੱਚੀ ਕਹਾਣੀ ਨੂੰ ਪੇਸ਼ ਕਰਦੀ ਹੈ।

"ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ" ਸ. ਕੁਲਵੰਤ ਸਿੰਘ ਦੀ ਚੋਥੀ ਪੁਸਤਕ ਹੈ। ਜਿਸ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ ਅਨੇਕ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਪੁਸਤਕ ਅਜੋਕੇ ਜੀਵਨ ਚਲਣ ਦੇ ਵਿਭਿੰਨ ਪਹਿਲੂਆਂ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕਰਦੀ ਹੈ। ਕਿਤਾਬ ਦੇ ਸੰਪਾਦਕੀ ਲੇਖ ਵਿਚ ਲੇਖਕ ਦਾ ਸੁਨੇਹਾ ਹੈ ਕਿ "ਜੀਵਨ ਇਕ ਵਾਰ ਹੀ ਮਿਲਨਾ। ਖੁਸ਼ ਰਹੋ, ਆਨੰਦ ਮਾਣੋ ਜ਼ਿੰਦਗੀ ਦਾ ਤਦ ਤਕ, ਜਦ ਤਕ ਮੌਤ ਗਲੇ ਨਾ ਲਗਾ ਲਵੇ।" "ਪੈਸਾ, ਕੋਠੀਆਂ, ਕਾਰਾਂ, ਪਰਿਵਾਰ ਨਾਲ ਨਹੀਂ ਜਾਣਾ। ਕੁਦਰਤ ਨੇ ਸਾਨੂੰ ਸਾਰਿਆਂ ਨੂੰ ਹੀਰਾ ਹੀ ਬਣਾਇਆ ਹੈ ਬਸ ਸ਼ਰਤ ਇਹ ਹੈ, ਜੋ ਘਿਸੇਗਾ, ਉਹੀ ਚਮਕੇਗਾ।" "ਰੋਟੀ ਕਮਾਉਣੀ ਕੋਈ ਵੱਡੀ ਗੱਲ ਨਹੀਂ, ਲੇਕਿਨ ਪਰਿਵਾਰ ਦੇ ਨਾਲ ਰੋਟੀ ਖਾਣਾ ਬਹੁਤ ਵੱਡੀ ਗੱਲ ਹੈ।" ਲੇਖਕ ਦਾ ਮੰਨਣਾ ਹੈ ਕਿ ਇਸ ਕਿਤਾਬ ਦੇ ਲਫ਼ਜ਼, ਸਤਰਾਂ ਤੇ ਕਹਾਣੀਆਂ, ਜੋ ਵੀ ਉਸਨੂੰ ਚੰਗੀਆਂ ਲੱਗੀਆਂ, ਉਹ ਪਾਠਕਾਂ ਦੀ ਨਜ਼ਰ ਪੇਸ਼ ਕਰ ਰਿਹਾ ਹਾਂ। ਆਸ ਹੈ ਕਿ ਇਹ ਸਤਰਾਂ ਕਿਸੇ ਦੇ ਕੰਮ ਆ ਸਕਣ, ਕਿਸੇ ਨੂੰ ਸਕੂਨ ਮਿਲ ਸਕੇ, ਕਿਸੇ ਨੁੰ ਰਾਹ ਦਿਖਾ ਦੇਣ। ਲੇਖਕ, ਇਨ੍ਹਾਂ ਰਚਨਾਵਾਂ ਦੀ ਮੌਲਿਕਤਾ ਦਾ ਦਾਅਵਾ ਨਹੀਂ ਕਰਦਾ, ਸਿਰਫ਼ ਆਪਣੀ ਮਨਪਸੰਦੀਦਗੀ ਕਾਰਣ ਹੋਰਨਾਂ ਨਾਲ ਇਨ੍ਹਾਂ ਨੂੰ ਸਾਝਾਂ ਕਰਨ ਦੀ ਖੁਸ਼ੀ ਲੈਣ ਦਾ ਜ਼ਿਕਰ ਕਰਦਾ ਹੈ।

ਕਿਤਾਬ ਵਿਚ ਛੋਹੇ ਗਏ ਵਿਸ਼ਿਆਂ ਦੀ ਵਿਭਿੰਨਤਾ ਤੇ ਵਿਸ਼ਾਲਤਾ ਬੇਮਿਸਾਲ ਹੈ। ਕਿਧਰੇ ਕਾਵਿਕ ਰਚਨਾਵਾਂ ਦਾ ਬੋਲਬਾਲਾ ਹੈ ਤਾਂ ਕਿਧਰੇ ਮਨੋਵਚਨੀ ਵਾਰਤਾਲਾਪ ਦਾ। ਕਿਧਰੇ ਬਜ਼ੁਰਗੀ ਭਰੀ ਨਸੀਅਤ ਦੀ ਦੱਸ ਪੈਂਦੀ ਹੈ ਤੇ ਕਿਧਰੇ ਦੋਸਤਾਂ-ਮਿੱਤਰਾਂ ਨਾਲ ਸਜੀ ਮਹਿਫ਼ਲ ਵਿਚੋਂ ਉੱਠ ਰਹੀ ਹਾਸਿਆਂ ਦੀ ਛਣਕਾਰ ਸੁਣਾਈ ਦਿੰਦੀ ਹੈ। ਕਿਤਾਬ ਵਿਚ ਭਾਸ਼ਾਈ ਵੰਨਸੁਵੰਨਤਾ ਵੀ ਹੈ- ਬੇਸ਼ਕ ਪੰਜਾਬੀ ਭਾਸ਼ਾ ਨੇ ਮਾਲੀ ਲੁੱਟੀ ਹੈ ਪਰ ਕਿਧਰੇ ਕਿਧਰੇ ਅੰਗਰੇਜ਼ੀ ਭਾਸ਼ਾ ਵੀ ਲੁਕਣਮੀਟੀ ਖੇਲਦੀ ਨਜ਼ਰ ਆਉਂਦੀ ਹੈ। ਕਿਤਾਬ ਦੇ ਚਾਰ ਭਾਗ ਹਨ। ਪਹਿਲਾ ਭਾਗ ਪ੍ਰਭੂ ਪਿਆਰ ਦੇ ਸੰਦੇਸ਼ ਨਾਲ ਸ਼ੁਰੂ ਹੁੰਦਾ ਹੈ। ਲੇਖਕ ਦਾ ਕਹਿਣਾ ਹੈ; "ਅਣਦੇਖੀ ਸ਼ਕਤੀ ਹੈ ਜਿਸ ਨੂੰ ਰੱਬ, ਤੇ ਈਸ਼ਵਰ, ਅੱਲਾ ਕਹਿੰਦੇ ਹਾਂ। ਉਹ ਬੋਲਦਾ ਨਹੀਂ, ਪਰ ਸੁਣਦਾ ਜ਼ਰੂਰ ਹੈ, ਵਿਸ਼ਵਾਸ ਕਰ ਕੇ ਦੇਖੋ।........ਉਹ ਕੱਖਾਂ ਵਿਚੋਂ ਚੁੱਕ ਕੇ ਲੱਖਾਂ ਵਿਚ ਕਰ ਦਿੰਦਾ ਹੈ।" ਵਕਤ ਦੀ ਮਹਤੱਤਾ ਦੀ ਗੱਲ ਕਰਦੇ ਹੋਏ ਲੇਖਕ ਦਾ ਕਥਨ ਹੈ; "ਵਕਤ ਉਹ ਤਰਾਜ਼ੂ ਹੈ, ਜੋ ਬੁਰੇ ਵਕਤ 'ਚ ਆਪਣਿਆਂ ਦਾ ਵਜ਼ਨ ਦੱਸ ਦਿੰਦਾ ਹੈ।" ਕਿਤਾਬ ਦਾ ਇਹ ਭਾਗ ਜ਼ਿੰਦਗੀ ਦੀਆਂ ਜ਼ਰੂਰੀ ਗੱਲਾਂ ਦੀ ਦੱਸ ਪਾਉਂਦਾ ਹੈ। ਲੇਖਕ ਦਾ ਮੰਨਣਾ ਹੈ ਕਿ "ਮੁਸ਼ਕਲ ਦਾ ਆਉਣਾ, ਜ਼ਿੰਦਗੀ ਦਾ ਅੰਗ ਹੈ। ਪਰ ਮੁਸ਼ਕਲਾਂ ਤੋਂ ਹੱਸ ਕੇ ਬਾਹਰ ਆਉਣਾ ਜ਼ਿੰਦਗੀ ਦੀ ਕਲਾ ਹੈ।' ਵਿਅੰਗਾਤਮਕ ਵਿਧੀ ਰਾਹੀਂ ਉਹ ਪੰਜਾਬ ਦੀਆਂ ਸਮਕਾਲੀ ਸੱਸਿਆਵਾਂ ਉੱਤੇ ਵੀ ਝਾਤ ਪੁਆ ਜਾਂਦਾ ਹੈ; ਜਿਵੇਂ ਕਿ "ਕੈਨੇਡਾ ਵਿਚ ਚਾਰ ਘੰਟੇ ਮੀਂਹ ਪਿਆ ਦੱਸ ਮਿੰਟ ਬਾਅਦ ਪਾਣੀ ਗਾਇਬ। ਪੰਜਾਬ ਵਿਚ ਦੱਸ ਮਿੰਟ ਮੀਂਹ ਪਿਆ, ਸੜਕਾਂ ਗਾਇਬ।" ਅਜੋਕੇ ਹਾਲਾਤਾਂ ਦੀ ਗੱਲ ਲੇਖਕ ਇੰਝ ਕਰਦਾ ਹੈ; "ਜਨਮ ਤੇ ਮਰਨ ਉਸ ਰੱਬ ਦੇ ਹੱਥ ਵਿਚ ਹੈ, ਇਨਸਾਨ ਦੇ ਹੱਥ ਵਿਚ ਤਾਂ ਬੱਸ ਮੋਬਾਇਲ ਹੈ।"

"ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ" ਕਿਤਾਬ ਦਾ ਦੂਜਾ ਭਾਗ "ਬਹੁਤ ਸੁੰਦਰ ਸ਼ਬਦ" ਦੇ ਸਿਰਲੇਖ ਨਾਲ ਗੱਲਾਂ ਗੱਲਾਂ ਵਿਚ ਹੀ ਜ਼ਿੰਦਗੀ ਦੇ ਅਨੇਕ ਭੇਦ ਸਾਂਝੇ ਕਰ ਜਾਂਦਾ ਹੈ। ਜ਼ਿੰਦਗੀ ਦੀ ਤਲਖ਼ ਸੱਚਾਈ ਨੂੰ ਸਹਿਜਤਾ ਨਾਲ ਹੀ ਬਿਆਨ ਕਰ ਜਾਂਦਾ ਹੈ; "ਇਸੇ ਇਤਫ਼ਾਕ ਸਮਝੋ ਜਾ ਦਰਦ ਭਰੀ ਹਕੀਕਤ, ਆਂਖ ਜਬ ਭੀ ਨਮ ਹੂਈ, ਕੋਈ ਅਪਨਾ ਹੀ ਥਾ।" ਜ਼ਿੰਦਗੀ ਦਾ ਅਸਲ ਲੇਖਕ ਇੰਜ ਬਿਆਨ ਕਰਦਾ ਹੈ; "ਦੋ ਪਲ ਕੀ ਜ਼ਿੰਦਗੀ ਹੈ ਇਸੇ ਜੀਨੇ ਕੇ ਸਿਰਫ਼ ਦੋ ਅਸੂਲ ਬਨਾ ਲੋ। ਰਹੋ ਤੋ ਫੂਲੋਂ ਕੀ ਤਰ੍ਹਾਂ ਔਰ ਬਿਖਰੋ ਤੋਂ ਖੁਸ਼ਬੂ ਕੀ ਤਰ੍ਹਾਂ।" ਇਸ ਭਾਗ ਵਿਚ ਲੇਖਕ ਗਿਆਨ, ਦੌਲਤ ਤੇ ਵਿਸ਼ਵਾਸ ਦੇ ਰਾਹਾਂ ਦੀ ਦੱਸ ਪਾਉਂਦਾ ਹੈ। ਸਿਹਤਯਾਬ ਜ਼ਿੰਦਗੀ ਦੇ ਨੁਸਖੇ ਦੱਸਦਾ ਹੈ। ਇਸ ਕਿਤਾਬ ਵਿਚ ਹਾਸਰਸ ਦੀ ਵੀ ਘਾਟ ਨਹੀਂ ਹੈ। ਨਮੂਨਾ ਹਾਜ਼ਰ ਹੈ; "ਏ ਦਾਰੂ ਦੀ ਐਸੀ ਆਦਤ ਪੈ ਗਈ ਹੈ ਕਿ ਦੋ ਦਿਨ ਦਾਰੂ ਨਾ ਪੀਉ ਤਾਂ ਲਿਵਰ 'ਚੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਮਾਲਕ ਜ਼ਿੰਦਾ ਹੋ ਜਾਂ ਚਲ ਬਸੇ।" ਪੁਰਾਣੇ ਸਮਿਆਂ ਦੀ ਯਾਦ ਲੇਖਕ ਇੰਝ ਬਿਆਨ ਕਰਦਾ ਹੈ; "ਉਹ ਵੀ ਖਾਸ ਦਿਨ ਸਨ; ਬੋਲਚਾਲ ਪੰਜਾਬੀ ਜਾਂ ਹਿੰਦੀ ਵਿਚ ਹੁੰਦਾ ਸੀ। ਅੰਗਰੇਜ਼ੀ ਤਾਂ ਪੀਣ ਤੋਂ ਬਾਅਦ ਬੋਲੀ ਜਾਂਦੀ ਸੀ।"

"ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ" ਕਿਤਾਬ ਦਾ ਤੀਜਾ ਭਾਗ "ਮਿੱਟੀ" ਦੀ ਮਹੱਤਤਾ ਵਾਲੀ ਕਾਵਿ ਵੰਨਗੀ ਨਾਲ ਖੁੱਲਦਾ ਹੈ। "ਜ਼ਿੰਦਗੀ ਕੀ ਏ?" ਦੇ ਸਿਰਲੇਖ ਵਾਲਾ ਇਹ ਭਾਗ, ਜੀਵਨ ਦੀਆਂ ਤਰਜ਼ੀਹਾਂ, ਜੀਵਨ ਦੇ ਕੌੜੇ ਸੱਚਾਂ, ਅਤੇ ਪਿਤਾ ਦੀ ਨਸੀਹਤ ਦਾ ਬਿਆਨ ਕਰਦੇ ਹੋਏ ਅਨੇਕ ਅਟੱਲ ਸਚਾਈਆਂ ਦੀ ਦੱਸ ਪਾ ਜਾਦਾ ਹੈ। ਲੇਖਕ ਦਾ ਵਿਖਿਆਨ ਹੈ; "ਜ਼ਿੰਦਗੀ ਵਿਚ ਚਾਰ ਚੀਜ਼ਾਂ ਕਦੇ ਨਾ ਤੋੜੀਏ: ਦਿਲ,ਵਿਸ਼ਵਾਸ, ਵਾਅਦਾ, ਰਿਸ਼ਤਾ। ਕਿਉਂ ਕਿ ਜਦੋਂ ਇਹ ਟੁੱਟਦੇ ਹਨ ਤਾਂ ਆਵਾਜ਼ ਨਹੀਂ ਆਉਂਦੀ, ਪਰ ਦਰਦ ਬਹੁਤ ਹੁੰਦਾ ਹੈ।" ਜੀਵਨ ਦਾ ਕੌੜਾ ਸੱਚ, ਲੇਖਕ ਦੇ ਸ਼ਬਦਾਂ ਵਿਚ ਇੰਝ ਪ੍ਰਗਟ ਹੁੰਦਾ ਹੈ ਕਿ ਅੱਖਾਂ ਨਮ ਹੋ ਜਾਂਦੀਆਂ ਹਨ। ਕਥਨ ਹੈ; "ਬਾਪ ਸੇ ਮਿਲਤੀ ਹੈ, ਸ਼ੌਹਰ ਸੇ ਪੂਛ ਕਰ। ਬੇਟੀ ਜਬ ਰੁਖਸਤ ਹੋਤੀ ਹੈ, ਹੱਕਦਾਰ ਬਦਲ ਜਾਤਾ ਹੈ।" "ਕਬਰ ਮੇਂ ਦਫ਼ਨਾਤੇ ਹੀ ਸਾਰੇ ਰਿਸ਼ਤੇ ਟੁੱਟ ਜਾਤੇ ਹੈ। ਚੰਦ ਦਿਨੋਂ ਮੇਂ ਅਪਨੇ ਅਪਨੋਂ ਕੋ ਭੂਲ ਜਾਤੇ ਹੈਂ, ਕੋਈ ਨਹੀਂ ਰੋਤਾ ਉਮਰ ਭਰ, ਕਿਸੀ ਕੇ ਲੀਏ। ਵਕਤ ਕੇ ਸਾਥ ਆਂਸੂ ਭੀ ਸੂਖ ਜਾਤੇ ਹੈਂ।" "ਅਜੀਬ ਸਿਲਸਿਲੇ ਨੇ ਮੁਹੱਬਤ ਦੇ, ਮਿਲ ਜਾਵੇ ਤਾਂ ਬਾਤਾਂ ਲੰਬੀਆਂ, ਵਿਛੜ ਜਾਵੇ ਤਾਂ ਯਾਦਾਂ ਲੰਬੀਆਂ।"

ਕਿਤਾਬ ਦਾ ਚੋਥਾ ਭਾਗ "ਵਹੁਟੀਆਂ ਨੂੰ ਖੁਸ਼ ਰੱਖਣ ਦੇ ਨੁਸਖੇ" ਨਾਮੀ ਰਚਨਾ ਨਾਲ ਆਰੰਭ ਹੁੰਦਾ ਹੈ। ਜੋ ਬਹੁਤ ਹੀ ਰਸਭਰੀ ਰੋਚਕ ਕਾਵਿ ਰਚਨਾ ਹੈ। ਸ. ਕੁਲਵੰਤ ਸਿੰਘ ਦਾ ਕਹਿਣਾ ਹੈ: "ਵਹੁਟੀ ਤੇ ਲਾੜਾ ਹੁੰਦੇ, ਪਹੀਏ ਇਕ ਗੱਡੀ ਦੇ। ਰਲ ਮਿਲ ਗੱਡੀ ਚਲਾ ਲਿਆ ਕਰੋ। ਇਕੱਠੇ ਭਾਡੇ ਰਹਿਣ ਸਦਾ ਖੜ-ਖੜ ਕਰਦੇ। ਨਿੱਕੀ ਜਿਹੀ ਗੱਲ ਦਾ ਪਹਾੜ ਨਾ ਬਣਾ ਲਿਆ ਕਰੋ।"।....... "ਰੁੱਸ ਜਾਏ ਵਹੁਟੀ ਤਾਂ ਮਨਾ ਲਿਆ ਕਰੋ। ਸੋਰੀ ਕਹਿ ਕੇ ਭੁੱਲ ਬਖ਼ਸਾ ਲਿਆ ਕਰੋ।" ਅਨੇਕ ਵੰਨ-ਸੁਵੰਨੇ ਵਿਚਾਰਾਂ ਨਾਲ ਸੁਸਜਿਤ ਇਹ ਭਾਗ, ਔਰਤ ਦੀ ਮਹੱਤਤਾ ਬਾਰੇ ਗੱਲ ਕਰਦੇ ਇਸ ਕਥਨ ਨਾਲ ਸੰਪਨ ਹੁੰਦਾ ਹੈ; "ਕੁਝ ਲੋਕ ਕਹਿੰਦੇ ਨੇ, ਔਰਤ ਦਾ ਕੋਈ ਘਰ ਨਹੀਂ ਹੁੰਦਾ। ਲੇਕਿਨ ਮੇਰਾ ਯਕੀਨ ਹੈ ਕਿ ਔਰਤ ਤੋਂ ਬਿਨਾਂ ਕੋਈ ਘਰ ਘਰ ਨਹੀਂ ਹੁੰਦਾ।"

ਸ. ਕੁਲਵੰਤ ਸਿੰਘ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਜੀਵਨ ਦੇ ਸਿੱਧਰੇ- ਪੱਧਰੇ ਸੱਚਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ ਹਿਆ ਹੈ। ਉਸ ਨੇ ਜੀਵਨ ਪ੍ਰਤਿ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਹ ਇਕ ਵਧੀਆ ਕਿਤਾਬ ਹੈ ਜੋ ਅਜੋਕੇ ਜੀਵਨ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਅਨੇਕ ਸਮਾਜਿਕ ਸਕੰਲਪਾਂ, ਧਾਰਨਾਵਾਂ ਤੇ ਵਰਤਾਰਿਆਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ।

ਸ. ਕੁਲਵੰਤ ਸਿੰਘ ਇਕ ਚੰਗੇ ਗੁਰਸਿੱਖ, ਸਫ਼ਲ ਬਿਜ਼ਨੈੱਸ ਮੈਨ, ਸਾਹਿਤਕ ਸਰਗਰਮੀਆਂ ਤੇ ਸਮਾਜ-ਸੇਵਾ ਦਾ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਕੁਲਵੰਤ ਸਿੰਘ ਆਪਣੀ ਸੂਝ-ਬੂਝ ਤੇ ਸਰਲਤਾ ਭਰੀ ਰਵਾਨਗੀ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਕਿਤਾਬ ਦਾ ਸਰਵਰਕ ਤਿੰਨ-ਰੰਗਾ ਹੈ। ਡੀਲਕਸ ਬਾਇਡਿੰਗ ਵਾਲੀ ਅਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ ਸੁੰਦਰ ਛਪਾਈ ਵਾਲੀ ਹੈ । ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ। ਜੋ ਨੈਤਿਕਤਾ ਭਰਭੂਰ ਜੀਵਨ ਜਿਊਣ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਕਰਾਉਣ ਵਿਚ ਨਵੀਂ ਪਿਰਤ ਪਾਉਂਦਾ ਨਜ਼ਰ ਆਉੰਦਾ ਹੈ। ਆਸ ਹੈ ਹੋਰ ਸਾਹਿਤ ਪ੍ਰੇਮੀ ਤੇ ਰਚਨਾਕਾਰ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਚੰਗੇਰੇ ਤੇ ਖੁਸ਼ਹਾਲ ਜੀਵਨ ਜੀਊਣ ਦੇ ਢੰਗਾਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ ਗੱਲਾਂ" ਰੋਜ਼ਾਨਾ ਜੀਵਨ ਸੰਬੰਧਤ ਗਿਆਨ ਦਾ ਸਾਗਰ ਹੈ। ਇਹ ਇਕ ਅਜਿਹੀ ਕਿਤਾਬ ਹੈ ਜੋ ਹਰ ਪਿੰਡ ਦੇ ਥੜੇ ਉੱਤੇ ਲੱਗਦੀਆਂ ਮਹਿਫਲਾਂ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੇ ਸਮਾਜ ਦਾ ਹਰ ਅੰਗ - ਬਜ਼ੁਰਗ, ਬੱਚੇ ਤੇ ਨੋਜੁਆਨ, ਚੰਗੇ, ਸਫਲ਼ ਤੇ ਖੁਸ਼ਹਾਲ ਜੀਵਨ ਦੇ ਆਸ਼ਿਆਂ ਤੇ ਭੇਤਾਂ ਦਾ ਸਹੀ ਰੂਪ ਸਮਝ, ਤੇ ਉਨ੍ਹਾਂ ਅਨੁਸਾਰ ਚਲ ਆਪਣਾ ਜੀਵਨ ਸਫ਼ਰ ਸਫ਼ਲ ਕਰ ਸਕਣ।

------------------------------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।
 
Last edited:

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This deeply spiritual and divine shabd is composed by Guru Ramdas ji and is contained on page 1200 of the SGGS.


The literal translation of the first verse is: O Son, Why Do You Argue...

SPN on Facebook

...
Top