Literature - ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਇਕ ਮੁਲਾਕਾਤ (ਮੁਲਾਕਾਤ ਕਰਤਾ: ਡਾ: ਦੇਵਿੰਦਰ ਪਾਲ ਸਿੰਘ) | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਇਕ ਮੁਲਾਕਾਤ (ਮੁਲਾਕਾਤ ਕਰਤਾ: ਡਾ: ਦੇਵਿੰਦਰ ਪਾਲ ਸਿੰਘ)

drdpsn

Writer
SPNer
Apr 7, 2006
97
59
Nangal, India
ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਇਕ ਮੁਲਾਕਾਤ

ਮੁਲਾਕਾਤ ਕਰਤਾ: ਡਾ: ਦੇਵਿੰਦਰ ਪਾਲ ਸਿੰਘ

ਸੈਂਟਰ ਫ਼ਾਰ ਅੰਡਰਸਟੈਂਡਿੰਗ ਸਿੱਖਇਜ਼ਮ,ਮਿਸੀਸਾਗਾ,ਕੈਨੇਡਾ॥

1574813557682.png

(ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਮੁਲਾਕਾਤ ਕਰਤਾ ਡਾ: ਦੇਵਿੰਦਰ ਪਾਲ ਸਿੰਘ)

ਸੰਨ 1944 ਵਿੱਚ ਜਨਮੇ,ਡਾ: ਦੇਵਿੰਦਰ ਸਿੰਘ ਸੇਖੋਂ ਦਾ ਜੱਦੀ ਪਿੰਡ ਸਠਿਆਲੀ (ਗੁਰਦਾਸਪੁਰ) ਹੈ॥ 1965 ਵਿੱਚ ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਐੱਮ.ਐੱਸਸੀ. ਕਰਨ ਉਪ੍ਰੰਤ ਆਪਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮਾਹਿਲਪੁਰ ਤੋਂ ਪੜ੍ਹਾਉਣ ਦਾ ਸਫ਼ਰ ਸ਼ੁਰੂ ਕੀਤਾ॥ ਉਸਤੋਂ ਇੱਕ ਸਾਲ ਪਿੱਛੋਂ ਹੀ ਆਪ ਖਾਲਸਾ ਕਾਲਜ ਅੰਮ੍ਰਿਤਸਰ ਆ ਗਏ ਤੇ ਫਿਰ ਸੰਨ 1967 ਵਿੱਚ ਆਪਣੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਰਸਾਇਣ ਵਿਗਿਆਨ ਦੇ ਮੁਖੀ ਵਜੋਂ ਸੇਵਾ ਨਿਭਾਈ॥ 1972 ਵਿੱਚ ਉਚੇਰੀ ਪੜ੍ਹਾਈ ਲਈ ਆਪ ਕੈਲੀਫੋਰਨੀਆ ਆ ਗਏ ਤੇ ਫਿਰ ਕੈਨੇਡਾ ਆ ਵਸੇ ॥ ਇਥੇ ਆਪ ਨੇ ਸੰਨ 2009 ਤੱਕ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿੱਚ ਕਾਲਜ ਤੇ ਯੂਨੀਵਰਸਿਟੀ ਅਧਿਆਪਕ ਵਜੋਂ ਸੇਵਾ ਨਿਭਾਈ॥ ਸੰਨ 2009 ਵਿੱਚ ਅਧਿਆਪਨ ਦੇ ਪੇਸ਼ੇ ਤੋਂ ਸੇਵਾਮੁਕਤੀ ਪਿਛੋਂ ਆਪ ਨੇ ਹੁਣ ਓਂਟਾਰੀਓ ਦੇ ਸ਼ਹਿਰ ਹੈਮਿਲਟਨ ਵਿਖੇ ਪੱਕਾ ਵਸੇਰਾ ਕਰ ਲਿਆ ਹੈ ॥ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਆਪ ਵਿਗਿਆਨ, ਧਰਮ ਅਤੇ ਸਾਹਿਤ ਦੇ ਖੇਤਰਾਂ ਵਿੱਚ ਕਾਰਜਸ਼ੀਲ ਹਨ ਅਤੇ ਵਿੱਦਿਅਕ ਤੇ ਸਾਹਿਤਕ ਸਰਗਰਮੀਆਂ ਦੀ ਸਰਪ੍ਰਸਤੀ ਕਰਦੇ ਹੋਏ ਸਮੂਹ ਪਾਠਕਾਂ,ਸ੍ਰੋਤਿਆਂ ਅਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ॥

ਮੂਲ ਰੂਪ ਵਿੱਚ ਰਸਾਇਣ ਵਿਗਿਆਨੀ ਵਜੋਂ ਸਥਾਪਿਤ,ਡਾ: ਦੇਵਿੰਦਰ ਸਿੰਘ ਸੇਖੋਂ ਨੂੰ ਵਿਗਿਆਨ,ਧਰਮ ਅਤੇ ਵਿੱਦਿਆ ਪਰਸਾਰ ਕਰਜਾਂ ਨਾਲ ਉਚੇਚਾ ਪਿਆਰ ਹੈ॥ ਇਸੇ ਪਿਆਰ ਦੀ ਖਿੱਚ ਨੂੰ ਹੋਰ ਪੱਕਾ ਕਰਨ ਲਈ ਇਸ ਰਸਾਇਣ ਵਿਗਿਆਨੀ ਨੇ ਮਾਂ-ਬੋਲੀ ਪੰਜਾਬੀ ਵਿੱਚ ਛੇ ਪੁਸਤਕਾਂ ਪਾਠਕਾਂ ਦੀ ਝੋਲੀ ਵਿੱਚ ਪਾ ਕੇ ਧਾਰਮਿਕ ਸਾਹਿਤ ਦੇ ਖ਼ਜ਼ਾਨੇ ਨੂੰ ਹੋਰ ਅਮੀਰ ਬਣਾਇਆ ਹੈ॥ ਆਪ ਦਾ ਨਾਮ ਉਹਨਾਂ ਦੁਰਲੱਭ ਵਿਗਿਆਨੀਆਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਵੱਖਰੇ ਨਿਜੀ ਪ੍ਰੋਫ਼ੈਸ਼ਨ ਦਾ ਨਾਲ ਨਾਲ ਮਾਂ ਬੋਲੀ ਦੀ ਵੀ ਭਰਪੂਰ ਸੇਵਾ ਕੀਤੀ ਹੈ॥ ਧਾਰਮਿਕ ਖੇਤਰ ਵਿੱਚ ਆਉਣ ਤੋਂ ਪਹਿਲਾਂ ਆਪ ਨੇ ਤਿੰਨ ਦਰਜਨਾਂ ਕਹਾਣੀਆਂ ਅਤੇ ਕੋਈ ਦੋ ਦਰਜਨਾਂ ਧਾਰਮਿਕ ਲੇਖ ਵੀ ਲਿਖੇ ਜਿਹੜੇ ਵੱਖ ਵੱਖ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਛਪਦੇ ਰਹੇ ਅਤੇ ਜਿਨ੍ਹਾਂ ਦੀ ਪਾਠਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ॥ ਵਿਗਿਆਨ ਦੀ ਪੁੱਠ ਨਾਲ ਸਜਾਏ ਜਾਣਕਾਰੀ ਭਰਪੂਰ ਸਰਲ ਅਤੇ ਦਿਲਚਸਪ ਲੇਖਾਂ ਦੀ ਰਚਨਾ ਨਾਲ ਆਪ ਨੇ ਪਾਠਕਾਂ ਵਿਚ ਤਰਕਸੰਗਤ ਧਾਰਮਿਕ ਸਾਹਿਤ ਦੀ ਭੁੱਖ ਨੂੰ ਜਾਗ੍ਰਿਤ ਕੀਤਾ ਹੈ॥ ਕਿੱਤੇ ਵਜੋਂ ਡਾ: ਸੇਖੋਂ ਰਸਾਇਣ ਵਿਗਿਆਨ ਦਾ ਅਧਿਆਪਕ ਹੈ ਪਰ ਕਲਮ ਵਜੋਂ ਉਹ ਸ਼ਬਦਾਂ ਦਾ ਜਾਦੂਗਰ ਹੈ॥ ਉਨ੍ਹਾਂ ਦੇ ਨਿੱਜੀ ਤਜਰਬੇ ਨੂੰ ਜਾਨਣ ਦੀ ਉਤਸੁਕਤਾ ਹਰ ਪਾਠਕ ਦੇ ਹਿਰਦੇ ਅੰਦਰ ਠਾਠਾਂ ਮਾਰਦੀ ਹੋਵੇਗੀ॥ ਇਸੇ ਕਾਰਣ,ਇਸ ਮੰਤਵ ਦੀ ਪੂਰਤੀ ਲਈ ਡਾ: ਦੇਵਿੰਦਰ ਸਿੰਘ ਸੇਖੋਂ ਹੁਰਾਂ ਪਾਸੋਂ ਪ੍ਰਸਤੁਤ ਵਿਚਾਰ ਲੜੀ ਪੇਸ਼ ਕੀਤੀ ਜਾ ਰਹੀ ਹੈ॥

ਡਾ: ਸਿੰਘ: ਸੇਖੋਂ ਸਾਹਿਬ ਆਪ ਨੇ ਪੀਐਚ. ਡੀ ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ॥ ਆਪ ਦੇ ਨਿਗਰਾਨ ਕੌਣ ਰਹੇ ਤੇ ਆਪ ਦਾ ਖੋਜ ਵਿਸ਼ਾ ਕੀ ਸੀ?
ਡਾ: ਸੇਖੋਂ: ਡਾ: ਸਾਹਿਬ,ਭਾਵੇਂ ਮੇਰੀਆਂ ਡਿਗਰੀਆਂ ਰਸਾਇ ਵਿਗਿਆਨ (ਕੈਮਿਸਟਰੀ) ਵਿੱਚ ਹਨ,ਪਰ ਹਿਸਾਬ ਮੇਰਾ ਸਭ ਤੋਂ ਵੱਧ ਮਨ ਪਸੰਦ ਵਿਸ਼ਾ ਸੀ॥ ਸੋ ਮੇਰੀਆਂ ਦੋਵੇਂ ਡਿਗਰੀਆਂ - ਐੱਮ.ਐੱਸ,ਅਤੇ ਪੀ.ਐਚ.ਡੀ – ਥਿਉਰੈਟੀਕਲ ਕੈਮਿਸਟਰੀ ਵਿੱਚ ਹਨ,ਅਤੇ ਮੈਂ ਇਹ ਦੋਵੇਂ ਡਿਗਰੀਆਂ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਵਿੱਚੋਂ ਪ੍ਰਾਪਤ ਕੀਤੀਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ॥
ਡਿਗਰੀ-- ਯੂਨੀਵਰਸਿਟੀ-- ਰਿਸਰਚ-ਗਾਈਡ-- ਖੋਜ-ਥੀਸਿਸ ਦਾ ਵਿਸ਼ਾ
ਐਮ. ਐਸ.-- ਯੂਨੀ.ਆਫ ਕੈਲੀਫੋਰਨੀਆ, ਡੇਵਿਸ-- ਡਾ.ਡੇਵਡ ਵੋਲਮੈਨ-- ਚੋਣਵੇਂ ਮੁਕਤ ਰੈਡੀਕਲਾਂ ਦੇ ਕੁਝ ਤਾਪਗਤਿਜ਼ ਫ਼ੰਕਸ਼ਨ
ਪੀਐਚ. ਡੀ.-- ਸੀ.ਪੀ.ਯੂ,ਸਾਨ ਰੈਫਲ-- ਡਾ. ਡੇਵਡ ਵੋਲਮੈਨ-- ਇੰਟਰਸਟੈਲਰ ਆਇਨਾਂ ਅਤੇ ਮੁਕਤ ਰੈਡੀਕਲਾਂ ਦੀਆਂ ਗਤਿਜੀ ਪ੍ਰਤਿਕ੍ਰਿਆਵਾਂ

ਡਾ: ਸਿੰਘ: ਸਰ,ਆਪ ਜੀ ਦੀਆਂ ਹੁਣ ਤੱਕ ਕਿੰਨ੍ਹੀਆਂ ਪੁਸਤਕਾਂ ਛਪ ਚੁੱਕੀਆਂ ਹਨ ਤੇ ਕਿਹੜੀਆਂ ਕਿਹੜੀਆਂ? ਕੋਈ ਛਪਾਈ ਅਧੀਨ ਵੀ ਹੈ॥ ਕ੍ਰਿਪਾ ਕਰਕੇ ਵਿਸਥਾਰ ਸਹਿਤ ਦੱਸੋ॥
ਡਾ: ਸੇਖੋਂ: ਵੀਰ ਜੀ,ਸਭ ਤੋਂ ਪਹਿਲਾਂ ਤਾਂ ਸੰਨ 1969-70 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੈਨੂੰ ਡੇਨੀਅਲ ਅਤੇ ਐਲਬਰਟੀ ਦੁਆਰਾ ਲਿਖੀ ਕੈਮਿਸਟਰੀ ਦੀ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ॥ ਇਸ ਕਾਰਜ ਨੂੰ ਮੈਂ ਸੰਨ 1971 ਵਿੱਚ ਸੰਪੂਰਨ ਕਰਕੇ ਯੂਨੀਵਰਸਿਟੀ ਨੂੰ ਸੌਂਪ ਦਿੱਤਾ॥ਤਦ ਹੀ ਮੈਂ ਸੰਨ 1972 ਵਿੱਚ ਪੰਜਾਬੀ ਮਾਂ ਬੋਲੀ ਵਿੱਚ ਪ੍ਰੀ-ਇੰਨਜੀਨੀਅਰਿੰਗ ਅਤੇ ਪ੍ਰੀਮੈਡੀਕਲ ਦੇ ਵਿਦਿਆਰਥੀਆਂ ਲਈ ਕੈਮਿਸਟਰੀ ਦੀ ਪੁਸਤਕ ਲਿਖ ਕੇ ਪੰਜਾਬੀ ਯੂਨੀਵਰਸਿਟੀ ਨੂੰ ਛਪਣ ਲਈ ਦੇ ਦਿੱਤੀ ਜਿਹੜੀ ਕਿ ਮੇਰੇ ਕੈਲੀਫੋਰਨੀਆ ਆਉਣ ਤੋਂ ਪਹਿਲਾਂ ਹੀ ਯੂਨੀਵਰਸਿਟੀ ਨੇ ਮੰਨਜ਼ੂਰ ਕਰ ਲਈ ਸੀ॥ ਧਾਰਮਿਕ ਖੇਤਰ ਵਿੱਚ ਮੇਰੀ ਪਹਿਲੀ ਪੁਸਤਕ ਗੁਰੂ ਨਾਨਕ ਸਾਹਿਬ ਦੀ ਜੀਵਨੀ ਖੇਤਰ ਬਾਰੇ ਸੀ ਜੋ ਮੈਂ ਅੰਗਰੇਜ਼ੀ ਵਿੱਚ ਲਿਖੀ ਤਾਂ ਜੁ ਉਹ ਬੱਚੇ ਜਿਹੜੇ ਗੁਰਮੁਖੀ ਨਹੀਂ ਪੜ੍ਹ ਸਕਦੇ, ਗੁਰੂ ਨਾਨਕ ਸਾਹਿਬ ਦੇ ਉਦੇਸ਼ ਨੂੰ ਸਮਝਣ ਕਿ ਉਹਨਾਂ ਨੇ ਸਮੁੱਚੀ ਲੋਕਾਈ ਦਾ ਜੀਵਨ ਸੁਧਾਰਨ ਲਈ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਸਾਨੂੰ ਗਿਆਨ ਦਾ ਕਿੱਡਾ ਵੱਡਾ ਖ਼ਜ਼ਾਨਾ ਬਖਸ਼ਿਆ॥ ਮੇਰੀ ਅਗਲੀ ਪੁਸਤਕ,"ਦਾ ਡਿਵਾਇਨ ਮੈਸੇਜ ਆਫ਼ ਗੁਰੂ ਗ੍ਰੰਥ ਸਾਹਿਬ" ਵੀ ਅੰਗਰੇਜ਼ੀ ਵਿੱਚ ਹੀ ਸੀ ਜਿਹੜੀ ਪਹਿਲੀ ਵਾਰ ਸੰਨ 2006 ਵਿੱਚ ਛਪੀ॥ ਉਸ ਤੋਂ ਪਿੱਛੋਂ ਮੇਰੀਆਂ ਹੋਰ ਚਾਰ ਪੁਸਤਕਾਂ ਛਪ ਚੁਕੀਆਂ ਹਨ ਅਤੇ ਦੋ ਹੋਰ ਪੁਸਤਕਾਂ ਐਸ. ਜੀ. ਪੀ. ਸੀ. ਕੋਲ ਛਪਾਈ ਅਧੀਨ ਪਈਆਂ ਹਨ ਜਿਹਨਾਂ ਬਾਰੇ ਉਹਨਾਂ ਨੇ ਪਿਛਲੇ 4 ਸਾਲ ਤੋਂ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ॥ ਇੱਕ ਹੋਰ ਪੁਸਤਕ “ਪੰਜਾਬੀ ਬੋਲੀ ਅਤੇ ਪੰਜਾਬੀਅਤ” ਬਿਲਕੁੱਲ ਤਿਆਰ ਹੈ ਜਿਸ ਨੂੰ ਮੈਂ ਅਜੇ ਛਪਣ ਲਈ ਨਹੀਂ ਭੇਜਿਆ ਕਿਉਂਕਿ ਪਿਛਲੇ ਤਿੰਨ ਸਾਲ ਤੋਂ ਮੇਰਾ ਸਾਰਾ ਧਿਆਨ ਗੁਰੂ ਗਰੰਥ ਸਾਹਿਬ ਦੇ ਅਨੁਵਾਦ ਵਿੱਚ ਕੇਂਦ੍ਰਿਤ ਹੈ॥

ਡਾ: ਸਿੰਘ: ਆਪ ਜੀ ਨੂੰ ਮਿਲੇ ਸਨਮਾਨਾਂ ਬਾਰੇ ਜਾਨਣ ਦਾ ਇੱਛੁਕ ਹਾਂ॥
ਡਾ: ਸੇਖੋਂ: ਡਾ: ਸਾਹਿਬ,ਮੈਂ ਨਾ ਤਾਂ ਕਦੇ ਕਿਸੇ ਸਨਮਾਨ ਵਾਸਤੇ ਲ਼ਿਖਿਆ ਹੈ,ਅਤੇ ਨਾ ਹੀ ਕਦੇ ਕਿਸੇ ਸਨਮਾਨ ਦੀ ਆਸ ਰੱਖੀ ਸੀ॥ ਪਾਠਕਾਂ ਦਾ ਸ਼ਲਾਘਾ-ਭਰਪੂਰ ਹੁੰਗਾਰਾ ਹੀ ਮੇਰਾ ਸਨਮਾਨ ਰਿਹਾ ਹੈ॥ ਮੇਰੀਆਂ ਪੁਸਤਕਾਂ ਬਾਰੇ ਕੁਝ ਉਹਨਾਂ ਪ੍ਰਸਿੱਧ ਵਿਦਵਾਨਾਂ ਨੇ ਰੀਵੀਊ ਲਿਖੇ ਹਨ ਜਿਹਨਾਂ ਨੂੰ ਮੈਂ ਨਾ ਕਦੇ ਮਿਲਿਆ ਸੀ ਅਤੇ ਨਾ ਹੀ ਕਦੇ ਉਹਨਾਂ ਨਾਲ਼ ਕੋਈ ਚਿੱਠੀ ਪੱਤਰ ਹੋਇਆ ਸੀ॥ ਜਿਹਨਾਂ ਵਿੱਚੋਂ ਇੱਕ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਡਾ: ਸ਼ਮਸੇਰ ਸਿੰਘ ਸਨ ਅਤੇ ਦੂਸਰੇ ਸ. ਤੀਰਥ ਸਿੰਘ ਢਿੱਲੋਂ ਸਨ ਜਿਹੜੇ ਕਿ ਪੰਜਾਬੀ ਦੂਰ ਦਰਸ਼ਨ ਜਲੰਧਰ ਸਟੇਸ਼ਨ ਤੇ ਖਬਰਾਂ ਪੜ੍ਹਦੇ ਹਨ॥ ਹਾਂ, ਵਿਦਿਅਕ ਅਦਾਰਿਆਂ ਵਿੱਚ ਮੈਂ ਚੌਥੀ ਸ਼੍ਰੇਣੀ ਤੋਂ ਲੈ ਕੇ ਐਮ.ਐੱਸਸੀ.ਤੱਕ ਵਜ਼ੀਫ਼ਾ ਪ੍ਰਾਪਤ ਕਰਦਾ ਰਿਹਾ ਹਾਂ, ਕੇਵਲ ਅੱਠਵੀਂ ਜਮਾਤ ਵਿੱਚ ਮੈਂ ਵਜ਼ੀਫ਼ਾ ਜਿੱਤਣ ਵਿੱਚ ਸਫ਼ਲ ਨਹੀਂ ਹੋਇਆ ਸੀ ਜਿਸ ਵਿੱਚ ਮੈਂ ਇੱਕ ਵੱਡੀ ਗ਼ਲਤੀ ਕਰ ਬੈਠਾ ਸੀ ਕਿ ਮੈਂ ਕਿਸੇ ਦੇ ਜ਼ੋਰ ਲਾਉਣ ਤੇ ਡਰਾਇੰਗ ਨੂੰ ਚੁਣ ਲਿਆ ਜਿਸ ਵਿੱਚ ਮੈਂ ਬਹੁਤ ਕਮਜ਼ੋਰ ਸੀ॥

ਡਾ: ਸਿੰਘ: ਸੇਖੋਂ ਸਾਹਿਬ,ਪਿਛਲੇ ਲੰਮੇ ਅਰਸੇ ਤੋਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜੋਕੇ ਸੰਦਰਭ ਵਿਚ ਵਿਆਖਿਆ ਕਰਨ ਵਿੱਚ ਜੁੱਟੇ ਹੋਏ ਹੋ॥ ਕਿੰਨਾ ਕੁ ਕਾਰਜ ਹੁਣ ਤੱਕ ਨੇਪਰੇ ਚੜ੍ਹ ਚੁੱਕਾ ਹੈ? ਇਸ ਕਾਰਜ ਦੀ ਸੰਪੂਰਨਤਾ ਲਈ ਹੋਰ ਕਿੰਨਾ ਕੁ ਸਮਾਂ ਲੱਗਣ ਦਾ ਅੰਦਾਜ਼ਾ ਹੈ?

ਡਾ: ਸੇਖੋਂ: ਡਾ: ਸਾਹਿਬ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਕਿ ਉਸ ਵਾਹਿਗੁਰੂ ਦੀ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਸਦਕਾ, ਜਿਹਨਾਂ ਨੇ ਮੈਨੂੰ ਇਸ ਪਾਸੇ ਲਈ ਪ੍ਰੇਰਤ ਕੀਤਾ, ਅੱਜ ਤੱਕ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 720 ਅੰਗਾਂ ਦੀ ਵਿਆਖਿਆ ਪੂਰੀ ਕਰ ਚੁੱਕਾ ਹਾਂ॥ ਜੇ ਕਰ ਉਹਨਾਂ ਦਾ ਪਾਵਨ ਹੱਥ ਇਸੇ ਤਰ੍ਹਾਂ ਮੇਰੇ ਸਿਰ ਤੇ ਰਿਹਾ ਤਾਂ ਮੈਨੂੰ ਪੂਰੀ ਆਸ ਹੇ ਕਿ ਅਗਲੇ ਢਾਈ ਕੁ ਸਾਲਾਂ ਵਿੱਚ ਇਹ ਮਹਾਨ ਕਾਰਜ ਸਿਰੇ ਚੜ੍ਹ ਜਾਵੇਗਾ॥ ਜਿਸ ਦਿਨ ਮੈਂ ਇਹ ਮਹਾਨ ਕਾਰਜ ਸ਼ੁਰੂ ਕੀਤਾ ਸੀ ਤਾਂ ਮੈਨੂੰ ਪਤਾ ਸੀ ਕਿ ਇਸ ਦੀ ਪੂਰਤੀ ਲਈ ਘੱਟ ਤੋਂ ਘੱਟ 5-6 ਸਾਲ ਲੱਗਣਗੇ॥ ਹੁਣ ਤੱਕ ਮੇਰਾ ਇਹ ਅੰਦਾਜ਼ਾ ਠੀਕ ਚੱਲਦਾ ਆ ਰਿਹਾ ਹੈ॥

ਡਾ: ਸਿੰਘ: ਆਪ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਵਿਆਖਿਆ ਮੌਜੂਦਾ ਵਿਆਖਿਆਵਾਂ ਨਾਲੋਂ ਕਿਵੇਂ ਭਿੰਨ ਹੈ ? ਵਿਸਥਾਰ ਨਾਲ ਦੱਸੋ॥

ਡਾ: ਸੇਖੋਂ: ਵੀਰ ਜੀ! ਹਰੇਕ ਵਿਦਵਾਨ,ਜਿਸਨੇ ਇਸ ਮਹਾਨ ਕਾਰਜ ਲਈ ਕੰਮ ਕੀਤਾ,ਉਸਨੇ ਆਪਣੇ ਢੰਗ ਅਤੇ ਆਪਣੀ ਸੋਚ ਅਨੁਸਾਰ ਪਾਵਨ ਗੁਰੂ ਗਰੰਥ ਸਾਹਿਬ ਜੀ ਦਾ ਅਨੁਵਾਦ ਕੀਤਾ॥ ਮੈਂ ਕਿਸੇ ਦੇ ਵੀ ਕੰਮ ਨੂੰ ਮਾੜਾ ਨਹੀਂ ਕਹਿ ਸਕਦਾ॥ ਜਦ ਮੈਂ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਇੱਕ ਦੋ ਪ੍ਰੋਫ਼ੈਸਰ ਸਾਹਿਬਾਨ ਨੂੰ ਛੱਡ ਕੇ ਬਾਕੀਆਂ ਨੇ ਸਾਡੇ ਸੁਆਲਾਂ ਦਾ ਉੱਤਰ ਦੇਣਾ ਤਾਂ ਦੂਰ ਦੀ ਗੱਲ,ਸਾਡੇ ਸੁਆਲ ਪੁੱਛਣ ਤੇ ਸਾਨੂੰ ਝਾੜ ਦਿੰਦੇ ਸਨ,ਅਤੇ ਸਾਡੀ ਹਿੰਮਤ ਨਹੀਂ ਸੀ ਪੈਂਦੀ ਕਿ ਕਦੇ ਉਹਨਾਂ ਨੂੰ ਸੁਆਲ ਪੁੱਛੀਏ॥ ਉਦੋਂ ਮੈਂ ਆਪਣੇ ਮਨ ਨਾਲ਼ ਇਹ ਫ਼ੈਸਲਾ ਕਰ ਲਿਆ ਕਿ ਮੈਂ ਵੀ ਪ੍ਰੋਫ਼ੈਸਰ ਹੀ ਬਣਾਂਗਾ ਤੇ ਆਪਣੇ ਵਿਦਿਆਰਥੀਆਂ ਦੇ ਹਰ ਸੁਆਲ ਦਾ ਪੂਰੇ ਵਿਸਥਾਰ ਸਹਿਤ ਉੱਤਰ ਦੇਵਾਂਗਾ॥ ਮੈਂ ਸਾਰੀ ਉਮਰ ਇਸ ਨਿਯਮ ਦੀ ਪਾਲਣਾ ਕੀਤੀ॥ ਬਿਲਕੁੱਲ ਇਹੋ ਹੀ ਨਿਯਮ ਮੈਂ ਗੁਰੂ ਗਰੰਥ ਸਾਹਿਬ ਜੀ ਦੇ ਉਲਥੇ ਲਈ ਵਰਤ ਰਿਹਾ ਹਾਂ॥ ਮੈਂ ਦੋ ਗੱਲਾਂ ਨੂੰ ਪੂਰੇ ਧਿਆਨ ਵਿੱਚ ਰੱਖ ਰਿਹਾ ਹਾਂ॥ ਇੱਕ ਤਾਂ ਇਹ ਕਿ ਮੈਂ ਨਿਰੋਲ ਗੁਰੂ ਗਰੰਥ ਸਾਹਿਬ ਦੀ ਸਿੱਖਿਆ ਦੀ ਵਿਆਖਿਆ ਹੀ ਕਰ ਰਿਹਾ ਹਾਂ ਅਤੇ ਇਸ ਵਿੱਚ ਮੇਰੀ ਕੋਈ ਵੀ ਨਿਜੀ ਵਿਚਾਰ ਨਹੀਂ ਹੈ॥ ਅਤੇ ਦੂਸਰਾ ਇਹ ਕਿ ਮੈਂ ਹਰ ਔਖੇ ਸ਼ਬਦ ਦੀ ਪੂਰੀ ਵਿਆਖਿਆ ਕਰ ਰਿਹਾ ਹਾਂ ਜਿਹਨਾਂ ਦੀ ਪ੍ਰੋੜਤਾ ਵਿੱਚ ਮੈਂ ਕਈ ਹੋਰ ਸ਼ਬਦ ਵੀ ਵਰਤਦਾ ਹਾਂ॥

ਡਾ: ਸਿੰਘ: ਸਰ,ਰਸਾਇਣ ਵਿਗਿਆਨੀ ਅਤੇ ਧਾਰਮਿਕ ਖੇਤਰ ਦੇ ਸਾਹਿਤਕਾਰ ਦਾ ਸੁਮੇਲ ਬੜਾ ਵਿਲੱਖਣ ਹੈ॥ ਆਪ ਦੀ ਸਖ਼ਸ਼ੀਅਤ ਅੰਦਰ ਵਿਗਿਆਨੀ ਅਤੇ ਲੇਖਕ ਹਮੇਸ਼ਾਂ ਸਮਾਂਤਰ (parallel) ਕਾਰਜਸ਼ੀਲ ਰਹਿੰਦੇ ਹਨ ਜਾਂ ਸਮੇਂ-ਦਰ-ਸਮੇਂ ਕੋਈ ਇੱਕ ਵਧੇਰੈ ਭਾਰੂ (dominating) ਵੀ ਹੋ ਜਾਂਦਾ ਹੈ?

ਡਾ: ਸੇਖੋਂ: ਡਾ: ਸਾਹਿਬ,ਵਿਗਿਆਨ ਦਾ ਗਿਆਨ ਗੁਰੂ ਗਰੰਥ ਸਾਹਿਬ ਦੇ ਵਿਸ਼ਾਲ ਅਤੇ ਡੂੰਘੇ ਗਿਆਨ ਨੂੰ ਸਮਝਣ ਵਿੱਚ ਮੇਰਾ ਬਹੁਤ ਸਹਾਈ ਹੋਇਆ ਹੈ, ਜਿਸ ਸਦਕਾ ਗੁਰੂ ਗਰੰਥ ਸਾਹਿਬ ਪ੍ਰਤੀ ਮੇਰੀ ਸ਼ਰਧਾ ਹੋਰ ਵੀ ਵਧ ਗਈ ਹੈ ਪ੍ਰੰਤੂ ਗੁਰੂ ਗਰੰਥ ਸਾਹਿਬ ਕਿਸੇ ਵੀ ਵਿਗਿਆਨ ਦੇ ਮੁਥਾਜ ਨਹੀਂ॥ ਜਦ ਮੈਂ ਗੁਰੂ ਗਰੰਥ ਸਾਹਿਬ ਦਾ ਉਲਥਾ ਕਰ ਰਿਹਾ ਹੁੰਦਾ ਹਾਂ ਤਾਂ ਮੇਰਾ ਪੂਰਾ ਧਿਆਨ ਉਹਨਾਂ ਦੇ ਗਹਿਰੇ ਸੰਦੇਸ਼ ਬਾਰੇ ਹੁੰਦਾ ਹੈ ਨਾਂ ਕਿ ਵਿਗਿਆਨ ਬਾਰੇ॥ ਅਰਥ ਕਰਨ ਵੇਲੇ ਜਿੱਥੇ ਕਿਤੇ ਵਿਗਿਆਨ ਸਹਾਈ ਹੁੰਦੀ ਹੈ ਮੈਂ ਜ਼ਰੂਰ ਉਸਦੀ ਵਰਤੋਂ ਕਰ ਲੈਂਦਾ ਹਾਂ, ਪਰ ਮੈਂ ਕਦੇ ਵੀ ਵਿਗਿਆਨ ਨੂੰ ਅਰਥਾਂ ਤੇ ਹਾਵੀ ਨਹੀਂ ਹੋਣ ਦਿੰਦਾ॥

ਡਾ: ਸਿੰਘ: ਸੇਖੋਂ ਸਾਹਿਬ,ਆਪ ਦੀ ਪਕੜ੍ਹ ਜਿੰਨੀ ਇਕ ਵਿਗਿਆਨੀ ਦੇ ਤੌਰ ਤੇ ਸਮਰਥ ਹੈ, ਓਨ੍ਹੀ ਹੀ ਲੇਖਕ ਦੇ ਰੂਪ ਵਿੱਚ ਵੀ ਹੈ ॥ ਪਰ ਆਪਣੇ ਨਿਜੀ ਵਿਚਾਰ ਦੱਸੋ ਕਿ ਆਪ ਨੂੰ ਏਨ੍ਹਾਂ ਵਿੱਚੋਂ ਕਿਹੜਾ ਰੂਪ ਵੱਧ ਪਸੰਦ ਹੈ ਅਤੇ ਕਿਉਂ?

ਡਾ: ਸੇਖੋਂ: ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਦਾ ਬਹੁਤ ਧੰਨਵਾਦੀ ਹਾਂ ਜੁ ਇਹਨਾਂ ਖੇਤਰਾਂ ਵਿੱਚ ਮੇਰੀ ਪਕੜ ਕਹਿ ਕੇ ਮੈਨੂੰ ਬਹੁਤ ਮਾਣ ਬਖਸ਼ ਰਹੇ ਹੋ॥ ਇਹਨਾਂ ਦੋਵਾਂ ਹੀ ਰੂਪਾਂ (ਜਾਂ ਖੇਤਰਾਂ) ਦਾ ਆਪੋ ਆਪਣਾ ਨਸ਼ਾ ਹੈ,ਅਤੇ ਇਸ ਗੱਲ ਦਾ ਨਿਰਣਾ ਕਰਨਾ ਕਿ ਇਹਨਾਂ ਵਿੱਚੋਂ ਮੈਨੂੰ ਕਿਹੜਾ ਰੂਪ ਵੱਧ ਪਸੰਦ ਹੈ,ਬਹੁਤ ਮੁਸ਼ਕਿਲ ਹੈ॥ ਇਸਦਾ ਉੱਤਰ ਦੇਣਾ ਉਨਾਂ ਹੀ ਕਠਿਨ ਹੈ ਜਿੰਨਾ ਕਿ ਇਹ ਦੱਸਣਾ ਕਿ ਤੁਹਾਨੂੰ ਕਲਾਕੰਦ ਅਤੇ ਸਮੋਸਿਆਂ ਵਿੱਚੋਂ ਕਿਹੜਾ ਵੱਧ ਪਸੰਦ ਹੈ॥ ਮੈਂ ਦੋਵਾਂ ਦਾ ਹੀ ਬਹੁਤ ਅਨੰਦ ਮਾਣਦਾ ਹਾਂ॥

ਡਾ: ਸਿੰਘ: ਸਰ,ਕੀ ਤੁਸੀਂ ਲੇਖ ਨਿਬੰਧ ਤੋਂ ਇਲਾਵਾ ਹੋਰਨਾਂ ਸਾਹਿਤਕ ਵਿਧਾਵਾਂ ਵਿਚ ਵੀ ਕਲਮਕਾਰੀ ਕੀਤੀ ਹੈ?
ਡਾ: ਸੇਖੋਂ: ਜੀ ਸਰ॥ ਮੈਂ ਅਜੇ ਤੀਸਰੀ ਜਮਾਤ ਵਿੱਚ ਹੀ ਪੜ੍ਹਦਾ ਸੀ ਜਦੋਂ ਮੈਂ ਸ. ਸੋਹਣ ਸਿੰਘ ਸੀਤਲ ਜੀ ਦੀਆਂ ਲਿਖੀਆਂ ਧਾਰਮਿਕ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ॥ਜਿਹਨਾਂ ਦਾ ਮੇਰੇ ਤੇ ਬਹੁਤ ਅਸਰ ਹੋਇਆ ਅਤੇ ਮੇਰੇ ਤੇ ਸਿੱਖੀ ਦਾ ਬਹੁਤ ਰੰਗ ਚੜ੍ਹ ਗਿਆ॥ ਮੈਂ ਸ਼ਾਇਦ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਮੂਵੀ “ਨਾਗਿਨ” ਦੇ ਕੁਝ ਗਾਣੇ ਬਹੁਤ ਮਸ਼ਹੂਰ ਹੋਏ ਜਿਹਨਾਂ ਵਿੱਚੋਂ “ਜਾਦੂਗਰ ਸਈਆਂ ਛੋੜੋ ਮੋਰੀ ਬਈਆਂ --“ ਇੱਕ ਸੀ॥ ਇਸੇ ਦੀ ਤਰਜ਼ ਤੇ ਮੈਂ ਛੋਟੇ ਸਾਹਿਬਜ਼ਾਦਿਆਂ ਬਾਰੇ ਇੱਕ ਗੀਤ ਲਿਖਿਆ: "ਗੁਰੂ ਜੀ ਦੇ ਤਾਰੇ,ਰਾਜ ਦੁਲਾਰੇ ਕਿਉਂ ਨੀਹਾਂ ਵਿੱਚ ਰਿਹਾ ਏਂ ਖਲ੍ਹਾਰ ਜ਼ਾਲਮ ਸੂਬਿਆ ਓਇ॥" ਇਹ ਮੇਰੀ ਪਹਿਲੀ ਕਵਿਤਾ ਸੀ॥ ਫਿਰ ਮੈਂ ਹੋਰ ਦੋ–ਤਿੰਨ ਦਰਜਨ ਕਵਿਤਾਵਾਂ ਵੀ ਲਿਖੀਆਂ,ਪਰ ਹੌਲੀ ਹੌਲੀ ਉਹ ਸ਼ੌਕ ਮੱਠਾ ਪੈ ਗਿਆ ਤੇ ਕਹਾਣੀਆਂ ਅਤੇ ਧਾਰਮਿਕ ਲੇਖਾਂ ਵੱਲ ਰੁਚੀ ਵਧ ਗਈ॥

ਡਾ: ਸਿੰਘ: ਤੁਹਾਡੇ ਵਿਚਾਰ ਅਨੁਸਾਰ ਵਿਗਿਆਨਕ ਖੋਜ ਅਤੇ ਧਾਰਮਿਕ ਪਰਿਪੇਖ ਵਾਲੀ ਸਾਹਿਤਕ ਖੋਜ ਵਿਚ ਕੀ ਅੰਤਰ ਹੈ?
ਡਾ: ਸੇਖੋਂ: ਡਾਕਟਰ ਸਾਹਿਬ, ਖੋਜ ਦੇ ਪੱਖੋਂ ਇਹ ਦੋਵੇਂ ਖੇਤਰ ਬਹੁਤ ਭਿੰਨ ਵੀ ਹਨ ਅਤੇ ਕੁਝ ਸਮਾਨਤਾਵਾਂ ਵੀ ਰੱਖਦੇ ਹਨ॥ ਵਿਗਿਆਨ ਦੀ ਖੋਜ ਅਧਿਕਤਰ ਪ੍ਰਯੋਗਸ਼ਾਲਾਵਾਂ ਵਿੱਚ ਹੁੰਦੀ ਹੈ ਅਤੇ ਇਸ ਵਾਸਤੇ ਕਈ ਆਧੁਨਿਕ ਯੰਤ੍ਰਾਂ ਦੀ ਲੋੜ ਵੀ ਪੈਂਦੀ ਹੈ॥ ਬਹੁਤੀ ਵਾਰੀ ਇਸ ਖੋਜ ਦੇ ਸਿੱਟੇ ਠੀਕ ਜਾਂ ਗ਼ਲਤ ਵੀ ਸਾਬਤ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਸਿੱਟਿਆਂ ਤੇ ਆਧਾਰਿਤ ਹੋਰ ਹੋਰ ਕਾਢਾਂ ਵੀ ਕੱਢੀਆਂ ਜਾਂਦੀਆਂ ਹਨ॥ ਧਾਰਮਿਕ ਖੋਜ ਅਧਿਕਤਰ ਪੁਰਾਣੇ ਸਾਹਿਤ ਤੇ ਨਿਰਭਰ ਕਰਦੀ ਹੈ ਜਿਹੜਾ ਕਿ ਕਈ ਵਾਰ ਆਪਣੇ ਮੌਲਿਕ ਰੂਪ ਦਾ ਵਿਗੜਿਆ ਸਰੂਪ ਹੁੰਦਾ ਹੈ ਅਤੇ ਇਤਿਹਾਸ ਕਈ ਵਾਰ ਨਿਰਪੱਖ ਨਹੀਂ ਹੁੰਦਾ॥ ਪਰ ਦੋਵਾਂ ਹੀ ਖੇਤਰਾਂ ਵਿੱਚ ਪੁਰਾਣੇ ਸਾਹਿਤ ਦੀ ਵਰਤੋਂ ਤਾਂ ਕਰਨੀ ਹੀ ਪੈਂਦੀ ਹੈ॥ ਵਿਗਿਆਨ ਦੀ ਖੋਜ ਨੂੰ ਵੀ ਅੱਗੇ ਵਧਾਉਣ ਲਈ ਹੁਣ ਤੱਕ ਹੋ ਚੁੱਕੀ ਖੋਜ ਦਾ ਅਧਿਐਨ ਤਾਂ ਕਰਨਾ ਹੀ ਪੈਂਦਾ ਹੈ॥ ਗਿਆਨ ਦੀ ਖੋਜ ਦੇ ਵਿਪ੍ਰੀਤ ਸਾਹਿਤਕ ਖੋਜ ਨੂੰ ਠੀਕ ਜਾਂ ਗ਼ਲਤ ਸਾਬਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ॥ ਅਜਿਹੀ ਸਥਿਤੀ ਵਿੱਚ ਆਪਾਂ ਕਿਸੇ ਵਿਸ਼ੇ ਬਾਰੇ ਇਹ ਤਾਂ ਕਹਿ ਸਕਦੇ ਹਾਂ ਕਿ ਫਲਾਣੇ ਦੇ ਵਿਚਾਰ ਕਿਸੇ ਹੋਰ ਦੇ ਵਿਚਾਰਾਂ ਨਾਲੋਂ ਵੱਖਰੇ ਹਨ,ਪਰ ਇਹ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਕਿਹੜੇ ਠੀਕ ਹਨ ਅਤੇ ਕਿਹੜੇ ਗ਼ਲਤ॥ ਉਦਾਹਰਣ ਵਜੋਂ ਉਸੇ ਪਾਵਨ ਗੁਰੂ ਗਰੰਥ ਸਾਹਿਬ ਨੂੰ ਪੜ੍ਹ ਕੇ ਕਈ ਲੋਕ ਪੁਨਰਜਨਮ ਦੀ ਹੋਂਦ ਨੂੰ ਮੰਨਦੇ ਹਨ ਅਤੇ ਕਈ ਨਹੀਂ॥ ਇਸੇ ਤਰ੍ਹਾਂ ਕਈ ਲੋਕ ਇਸ ਵਿਸ਼ਵਾਸ ਦੇ ਪੱਕੇ ਧਾਰਨੀ ਹਨ ਕਿ ਰੋਜ਼ ਪਾਠ ਕਰਨਾ ਜ਼ਰੂਰੀ ਹੈ ਜਦ ਕਿ ਕੁਝ ਇਹ ਪ੍ਰਚਾਰ ਕਰ ਰਹੇ ਹਨ ਕਿ ਰੋਜ਼ ਪਾਠ ਕਰਨਾ ਜ਼ਰੂਰੀ ਨਹੀਂ॥

ਡਾ: ਸਿੰਘ: ਆਪ ਭਾਰਤ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਹੋ ਰਹੀ ਵਿਗਿਆਨਕ ਖੋਜ ਕਾਰਜਾਂ ਅਤੇ ਧਾਰਮਿਕ ਸਾਹਿਤ ਰਚਨਾ/ਖੋਜ ਕਾਰਜਾਂ ਬਾਰੇ ਕੀ ਟਿੱਪਣੀ ਦੇਣਾ ਚਾਹੋਗੇ? ਕੋਈ ਸੁਝਾਅ ਵੀ ਜ਼ਰੂਰ ਦਿਉ॥
ਡਾ: ਸੇਖੋਂ: ਵੀਰ ਜੀ ਮੈਂ ਸੰਨ 1972 ਵਿੱਚ ਭਾਰਤ ਛੱਡ ਕੇ ਅਮਰੀਕਾ ਆ ਗਿਆ ਸੀ॥ ਅਮਰੀਕਾ ਆਉਣ ਤੋਂ ਪਹਿਲਾਂ ਮੈਂ ਵੀ ਕੁਝ ਮਹੀਨੇ ਪੰਜਾਬੀ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਵਿਭਾਗ ਵਿੱਚ ਰੀਸਰਚ ਸਕਾਲਰ ਰਿਹਾ ਸੀ॥ ਉਸ ਸਮੇਂ ਤੱਕ ਉਥੇ ਰੀਸਰਚ ਲਈ ਬਹੁਤ ਘੱਟ ਸਹੂਲਤਾਂ ਉਪਲਬਧ ਸਨ ਅਤੇ ਰੀਸਰਚ ਦਾ ਮਿਆਰ ਵੀ ਬਹੁਤ ਨੀਵਾਂ ਸੀ॥ ਇਸ ਦੇ ਨਾਲ਼ ਹੀ ਰੀਸਰਚ ਲਈ ਮਾਹੌਲ ਵੀ ਬਹੁਤਾ ਉਸਾਰੂ ਨਹੀਂ ਸੀ॥ ਸ਼ਾਇਦ ਇਸੇ ਲਈ ਬਹੁਤ ਸਾਰੇ ਸਾਇੰਸ ਦੇ ਖੋਜੀ ਤੇ ਸਿੱਖਿਆਰਥੀ ਬਾਹਰਲੇ ਮੁਲਕਾਂ ਵਿੱਚ ਜਾਣਾ ਪਸੰਦ ਕਰਦੇ ਸਨ॥ ਕੁਰੂਕਸ਼ੇਤਰ ਯੂਨੀਵਰਸਿਟੀ, ਜਿੱਥੋਂ ਕਿ ਮੈਂ ਐੱਮ.ਐੱਸਸੀ.ਕੀਤੀ ਸੀ,ਦਾ ਮਾਹੌਲ ਅਤੇ ਸਹੂਲਤਾਂ ਪਟਿਆਲੇ ਨਾਲੋਂ ਕੁਝ ਉੱਚੇ ਮਿਆਰ ਦੀਆਂ ਸਨ,ਪਰ ਬਾਹਰਲੇ ਮੁਲਕਾਂ (ਜਿਵੇਂ ਕਿ ਮੈਂ ਕੈਲੀਫੋਰਨੀਆ ਆ ਕੇ ਵੇਖਿਆ) ਦੇ ਮੁਕਾਬਲੇ ਬਹੁਤ ਨੀਵੇਂ ਪੱਧਰ ਦੀਆਂ ਸਨ॥ ਕੈਲੀਫੋਰਨੀਆ ਆਉਣ ਤੋਂ ਪਿੱਛੋਂ ਭਾਰਤ ਨਾਲ਼ ਮੇਰਾ ਸਬੰਧ ਲਗਭੱਗ ਖ਼ਤਮ ਹੀ ਹੋ ਗਿਆ॥
ਪਰ ਹੁਣ ਨਵੀਆਂ ਤਰੱਕੀਆਂ ਵੇਖ ਕੇ ਜਾਪਦਾ ਹੈ ਕਿ ਅੱਗੇ ਨਾਲੋਂ ਭਾਰਤ ਅਤੇ ਪੰਜਾਬ ਵਿੱਚ ਵੀ ਰੀਸਰਚ ਦਾ ਪੱਧਰ ਉੱਚਾ ਹੋ ਗਿਆ ਹੈ ਭਾਵੇਂ ਅਜੇ ਵੀ ਅਸੀਂ ਇਸ ਖੇਤਰ ਵਿੱਚ ਬਹੁਤ ਪਿੱਛੇ ਹਾਂ॥ ਜਿੱਥੋਂ ਤੱਕ ਮੇਰੇ ਸੁਝਾਵਾਂ ਦਾ ਸਬੰਧ ਹੈ,ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਸਰਕਾਰਾਂ ਨੂੰ ਰੀਸਰਚ ਲਈ ਲੋੜੀਂਦੇ ਫੰਡ ਦੇਣੇ ਚਾਹੀਦੇ ਹਨ ਤਾਂ ਜੁ ਪੰਜਾਬ ਵੀ ਉੱਚ ਕੋਟੀ ਦੀਆਂ ਪ੍ਰਯੋਗਸ਼ਾਲਾਵਾਂ ਪ੍ਰਦਾਨ ਕਰ ਸਕੇ,ਵਿਗਿਆਨਕਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦਾ ਮਾਣ ਸਤਿਕਾਰ ਵਧਾਉਣਾ ਚਾਹੀਦਾ ਹੈ ਅਤੇ ਐਕਸਚੇਜ਼ ਪ੍ਰੋਗਰਾਮ ਵਧਾਉਣੇ ਚਾਹੀਦੇ ਹਨ ਤਾਂ ਜੁ ਉਹਨਾਂ ਦੇ ਗਿਆਨ ਵਿੱਚ ਹੋਰ ਵਾਧਾ ਹੋ ਸਕੇ॥
ਜਿੱਥੋਂ ਤੱਕ ਧਾਰਮਿਕ ਤੇ ਸਾਹਿਤਕ ਰਚਨਾਵਾਂ ਅਤੇ ਖੋਜ ਦਾ ਸਬੰਧ ਹੈ,ਮੇਰੇ ਵਿਚਾਰ ਵਿੱਚ ਇਸ ਖੇਤਰ ਵਿੱਚ ਪੰਜਾਬੀ (ਅਤੇ ਭਾਰਤੀ) ਰਚਨਹਾਰਾਂ ਜਾਂ ਖੋਜੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ ਅਤੇ ਕਿਸੇ ਨਾਲੋਂ ਪਿੱਛੇ ਨਹੀਂ ਹਨ॥ ਖੋਜ ਪੱਖੋਂ ਵੀ ਸਾਡੇ ਵਿਦਵਾਨ ਕਿਸੇ ਨਾਲ਼ੋਂ ਪਿੱਛੇ ਨਹੀਂ ਹਨ॥ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ,ਦੋਵੇਂ ਹੀ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ॥ ਜਿਹੜੀ ਸਭਿਅਤਾ ਕੋਲ ਧਾਰਮਿਕ ਖੇਤਰ ਵਿੱਚ ਗੁਰੂ ਗਰੰਥ ਸਾਹਿਬ ਵਰਗੇ ਅਨਮੋਲ ਖ਼ਜ਼ਾਨੇ,ਅਤੇ ਸਾਹਿਤਕ ਖੇਤਰ ਵਿੱਚ ਬੁਲ੍ਹੇ ਸ਼ਾਹ, ਵਾਰਿਸ ਸ਼ਾਹ,ਪ੍ਰੋ.ਮੋਹਨ ਸਿੰਘ,ਅੰਮ੍ਰਿਤਾ ਪ੍ਰੀਤਮ,ਬਲਵੰਤ ਗਾਰਗੀ,ਧਨੀ ਰਾਮ ਚਾਤ੍ਰਿਕ,ਸ਼ਿਵ ਕੁਮਾਰ ਅਤੇ ਸੁਰਜੀਤ ਪਾਤਰ ਵਰਗੇ ਉੱਚ ਕੋਟੀ ਦੇ ਸਾਹਿਤਕਾਰ ਹੋਣ,ਉਸ ਨੂੰ ਕੀ ਘਾਟਾ॥ ਸਾਹਿਤਕ ਸਭਾਵਾਂ ਵੀ ਆਪਣਾ ਚੰਗਾ ਯੋਗਦਾਨ ਪਾ ਰਹੀਆਂ ਹਨ॥
ਪਰ ਇਸਨੂੰ ਤੁਸੀਂ ਮੇਰਾ ਸੁਝਾਅ ਸਮਝ ਲਉ ਜਾਂ ਬਹੁਤ ਵੱਡੀ ਸ਼ਕਾਇਤ॥ ਹਿੰਦੀ ਦੇ ਨਵੇਂ ਨਵੇਂ ਸ਼ਬਦ ਘੜ ਕੇ ਮੀਡੀਏ ਨੇ ਪੰਜਾਬੀ ਦਾ ਮੁਹਾਂਦਰਾ ਵਿਗਾੜ ਦਿੱਤਾ ਹੈ,ਅਤੇ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸਾਹਿਤਕਾਰ ਇਹਨਾਂ ਨਵੇਂ ਸ਼ਬਦਾਂ ਨੂੰ ਬੜਾ ਮਾਣ ਦੇ ਕੇ ਗਲੇ ਲਾ ਰਹੇ ਹਨ ਅਤੇ ਸਾਡੇ ਨੇਤਾ ਇਹਨਾਂ ਨੂੰ ਖ਼ੁਸ਼ੀ,ਖ਼ੁਸ਼ੀ ਵਰਤ ਕੇ ਇਹਨਾਂ ਦੀ ਮਸ਼ਹੂਰੀ ਕਰ ਰਹੇ ਹਨ॥ ਹੋਰ ਤਾਂ ਹੋਰ ਸਾਡੇ ਪੇਂਡੂ ਵੀਰ ਤੇ ਭੈਣਾਂ ਵੀ ਗੰਢੇ ਅਤੇ ਛੋਲੇ ਆਖਣ ਵਿੱਚ ਸ਼ਰਮ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਦੀ ਥਾਂ ਪਿਆਜ਼ ਅਤੇ ਚਨੇ ਆਖਣ ਲਗ ਪਏ ਹਨ॥ “ਹੱਲ” ਦੀ ਥਾਂ “ਸਮਾਧਾਨ” ਨੇ ਲੈ ਲਈ ਹੈ “ਦਿਸਦਾ” ਦੀ “ਦਿਖਦਾ” ਨੇ ਪੂਰਤੀ ਦੀ “ਭਰਪਾਈ” ਨੇ॥ ਇਹ ਲਿਸਟ ਬਹੁਤ ਲੰਮੀ ਹੈ॥ ਇਹ ਬਹੁਤ ਵੱਡੇ ਦੁਖ ਦੀ ਗੱਲ ਹੈ ਪੰਜਾਬੀ ਦੀ ਤਰੱਕੀ ਲਈ ਜਿਹੜਾ ਪ੍ਰਾਂਤ ਸਾਡੇ ਵੱਡਿਆਂ ਨੇ ਬਹੁਤ ਕੁਰਬਾਨੀਆਂ ਦੇ ਕੇ ਬਣਾਇਆ ਸੀ,ਉਥੋਂ ਪੰਜਾਬੀ ਦਾ ਹੀ ਸਫ਼ਾਇਆ ਹੁੰਦਾ ਜਾਪ ਰਿਹਾ ਹੈ॥

ਡਾ: ਸਿੰਘ: ਆਪ ਦੀਆਂ ਪੁਸਤਕਾਂ ਦੇ ਪ੍ਰਮੁੱਖ ਸਰੋਕਾਰ ਧਾਰਮਿਕ,ਸਮਾਜਿਕ ਅਤੇ ਸਭਿਆਚਾਰ ਪਹਿਲੂਆਂ ਨਾਲ ਸੰਬੰਧਤ ਹਨ॥ ਕੀ ਸਮਾਜ ਨੂੰ ਅਜਿਹੇ ਸਰੋਕਾਰਾਂ ਪ੍ਰਤੀ ਚੇਤੰਨ ਕਰਨ ਲਈ ਪੁਸਤਕਾਂ ਦੇ ਨਾਲ-ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ?
ਡਾ: ਸੇਖੋਂ: ਵੇਖੋ ਜੀ,ਕਿਸੇ ਵੀ ਕਿਸਮ ਦੇ ਗਿਆਨ ਲਈ ਪੁਸਤਕਾਂ (ਜਾਂ ਕੋਈ ਹੋਰ ਲਿਖਤੀ ਰੂਪ) ਤਾਂ ਜ਼ਰੂਰੀ ਹਨ ਕਿਉਂਕਿ ਇਹਨਾਂ ਦੀ ਹੋਂਦ ਹੀ ਸਦੀਵੀ ਹੁੰਦੀ ਹੈ॥ ਪੁਸਤਕਾਂ ਸਾਡੇ ਕੋਲ ਕਈ ਹਜ਼ਾਰ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਹਨ ਅਤੇ ਸਾਡੀ ਰਹਿਨੁਮਾਈ ਕਰਦੀਆਂ ਰਹੀਆਂ ਹਨ,ਪਰ ਅੱਜ ਦੇ ਆਧੁਨਿਕ ਯੁਗ ਵਿੱਚ ਹੋਰ ਵਸੀਲਿਆਂ ਦੀ ਵਰਤੋਂ ਵੀ ਬਹੁਤ ਪ੍ਰਭਾਵਸ਼ਾਲੀ ਹੋ ਸਕਦੀ ਹੈ॥ ਵਿਡੀਓ,ਟੇਪਾਂ,ਸੀਡੀਜ਼,ਫ਼ਿਲਮਾਂ ਆਦਿ ਦੀ ਵਰਤੋਂ ਕਰਕੇ ਅਸੀਂ ਕੋਈ ਵੀ ਵਿਚਾਰ ਲੱਖਾਂ ਕ੍ਰੋੜਾਂ ਮਨੁੱਖਾਂ ਤੱਕ ਪੁਚਾ ਸਕਦੇ ਹਾਂ,ਅਤੇ ਪੜ੍ਹਨ ਦੇ ਮੁਕਾਬਲੇ,ਆਮ ਲੋਕਾਂ ਲਈ ਅਜਿਹੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਸੌਖਾ ਕੰਮ ਹੈ॥ ਭਾਰਤ ਦੇ ਟੀ.ਵੀ.ਪ੍ਰਸਾਰਣ ਕਾਰਜਾਂ ਨੇ ਤਾਂ ਰਮਾਇਣ ਅਤੇ ਮਹਾਭਾਰਤ ਦੇ ਦੇ ਡਰਾਮੇ ਵਿਖਾ ਵਿਖਾ ਕੇ ਇਹਨਾਂ ਦੋਵਾਂ ਮਹਾਂ ਗਾਥਾਵਾਂ ਨੂੰ ਲੋਕਾਂ ਦੇ ਮਨਾਂ ਵਿੱਚ ਡੂੰਘਾ ਗੱਡ ਦਿੱਤਾ ਹੈ॥ ਸੋ ਅਜਿਹੇ ਵਸੀਲੇ ਕਿਸੇ ਵੀ ਵਿਚਾਰ ਦੇ ਪ੍ਰਸਾਰ ਲਈ ਬਹੁਲ ਲਾਭਦਾਇਕ ਸਿੱਧ ਹੋ ਸਕਦੇ ਹਨ॥ ਚਾਰ ਸਾਹਿਬਜ਼ਾਦਿਆਂ ਦੀ ਮੂਵੀ ਨੇ ਵੀ ਸਾਡੇ ਨੌਜੁਆਨਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਛੱਡਿਆ ਸੀ॥ ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਸਾਰੇ ਵਸੀਲੇ ਪ੍ਰਸਾਰ ਦੇ ਜੰਤਰ ਹੀ ਹਨ,ਇਹਨਾਂ ਸਾਰਿਆਂ ਦਾ ਮੂਲ਼ ਸਰੂਪ ਲਿਖਤੀ ਪੁਸਤਕਾਂ ਹੀ ਹਨ,ਜਿਨ੍ਹਾਂ ਤੋਂ ਬਿਨਾਂ ਇਹ ਕੋਈ ਵੀ ਵਸੀਲਾ ਕੰਮ ਨਹੀਂ ਆ ਸਕਦਾ॥

ਡਾ: ਸਿੰਘ: ਵਿਗੜ ਰਹੇ ਸਮਾਜਿਕ ਅਤੇ ਸਭਿਆਚਾਰਕ ਵਾਤਾਵਰਣ ਦਾ ਮੂਲ ਕਾਰਕ ਆਪ ਕਿਸ ਨੂੰ ਮੰਨਦੇ ਹੋ? ਵੱਡਾ ਦੋਸ਼ੀ ਕੌਣ ਹੈ ਤੇ ਕਿੰਨੀ ਕਿੰਨੀ ਅਨੁਪਾਤ ਵਿੱਚ?

ਡਾ: ਸੇਖੋਂ: ਡਾ: ਸਾਹਿਬ,ਸ਼ਾਇਦ ਇਸ ਇੰਟ੍ਰਵਿਊ ਦਾ ਇਹ ਸਭ ਤੋਂ ਮਹੱਤਵਪੂਰਨ ਸੁਆਲ ਹੋਵੇ॥ ਪੰਜਾਬ ਅਤੇ ਭਾਰਤ ਵਿੱਚ ਸਮਾਜਿਕ ਅਤੇ ਸਭਿਆਚਾਰਕ ਵਿਗਾੜ ਚਿੰਤਾਜਨਕ ਪੱਧਰ ਤੋਂ ਵੀ ਅੱਗੇ ਲੰਘ ਗਿਆ ਹੈ॥ ਹੁਣ ਤਾਂ ਪੰਜਾਬ ਉਹ ਪੰਜਾਬ ਹੀ ਨਹੀਂ ਰਿਹਾ ਜਿਹੜਾ ਕਿ ਅੱਜ ਤੋਂ ਪੰਝੀ –ਤੀਹ ਸਾਲ ਪਹਿਲਾਂ ਹੁੰਦਾ ਸੀ॥ ਹੁਣ ਤਾਂ ਇਹ ਪਤਾ ਹੀ ਨਹੀਂ ਲਗਦਾ ਹੈ ਕਿ ਸਾਡੇ ਲੋਕ ਇਥੋਂ ਦੇ ਵਸਨੀਕ ਹਨ ਜਾਂ ਕਿ ਕਿਸੇ ਗੁਆਂਢੀ ਪ੍ਰਾਂਤ ‘ਚੋਂ ਆਏ ਹਨ॥ ਨੌਜੁਆਨ ਵਿਹਲੇ ਤੁਰੇ ਫਿਰਦੇ ਹਨ ਅਤੇ ਨਸ਼ਿਆਂ ਦੀ ਵਰਤੋਂ ਆਮ ਹੀ ਹੋ ਗਈ ਹੈ॥ ਆਪਸੀ ਪਿਆਰ ਤਾਂ ਕਿਤੇ ਖੰਭ ਲਾ ਕੇ ਹੀ ਉੱਡ ਗਿਆ ਹੈ॥ ਮੂੰਹ-ਮੁਹਾਂਦਰੇ ਦੇ ਨਾਲ਼ ਨਾਲ਼ ਪੰਜਾਬ ਦੀ ਬੋਲੀ ਵੀ ਹੋਰ ਦੀ ਹੋਰ ਹੀ ਹੋ ਗਈ ਹੈ ਜਿਸਦੀ ਸਾਨੂੰ ਸਮਝ ਵੀ ਘੱਟ ਹੀ ਪੈਂਦੀ ਹੈ॥ ਕੁੜੀਆਂ ਨਾਲ ਛੇੜਖਾਨੀ ਬਹੁਤ ਵਧ ਗਈ ਹੈ ਅਤੇ ਬਦਮਾਸ਼ੀ ਸਭ ਹੱਦਾਂ ਪਾਰ ਕਰ ਗਈ ਹੈ॥ ਕਾਨੂੰਨ ਨੂੰ ਭੰਗ ਕਰਨਾ ਸਾਡੀ ਵਡਿਆਈ ਬਣ ਗਈ ਹੈ॥ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਹਰ ਪਾਸੇ ਵੱਢੀਖੋਰੀ ਦਾ ਹੀ ਬੋਲ ਬਾਲਾ ਹੈ॥ ਸਮਾਜ ਦੇ ਵਿਗੜਨ ਦੇ ਬਹੁਤ ਸਾਰੇ ਸ੍ਰੋਤ ਹਨ ਅਤੇ ਅਸੀਂ ਕਿਸੇ ਵੀ ਇੱਕ ਸ੍ਰੋਤ ਨੂੰ ਪੂਰੀ ਤਰ੍ਹਾਂ ਜਿ਼ੰਮੇਵਾਰ ਨਹੀਂ ਠਹਿਰਾ ਸਕਦੇ॥ ਇਹਨਾਂ ਸ੍ਰੋਤਾਂ ਵਿੱਚ ਸਰਕਾਰਾਂ,ਮੀਡੀਆ,ਵਿੱਦਿਅਕ ਅਦਾਰੇ,ਸਮਾਜ ਅਤੇ ਨਵੀਂ ਪਨੀਰੀ ਸਭ ਜ਼ੁੰਮੇਵਾਰ ਹਨ॥ ਲੋਕ ਤੰਤਰ ਵਿੱਚ ਵੋਟਾਂ ਦੀ ਖ਼ਾਤਰ ਨੇਤਾ ਲੋਕ ਕਿਸੇ ਵੀ ਸਮਾਜਿਕ ਬੁਰਾਈ ਨੂੰ ਰੋਕਣ ਲਈ ਕੁਝ ਵੀ ਨਹੀਂ ਕਰਦੇ॥ ਭਾਰਤ ਵਿੱਚ ਚੱਪੇ, ਚੱਪੇ ਤੇ ਅਖਉਤੀ ਧਾਰਮਿਕ ਡੇਰੇ ਬਣੇ ਹੋਏ ਹਨ ਜਿਹਨਾਂ ਵਿੱਚੋਂ ਬਹੁਤ ਸਾਰੇ ਹਰ ਕਿਸਮ ਦੀ ਬੁਰਾਈ ਦਾ ਕੇਂਦਰ ਹਨ॥ ਕਿੰਨੇ ਵੱਡੇ ਵੱਡੇ ਧਾਰਮਿਕ ਆਗੂ ਅਜਿਹੇ ਹਨ ਜਿਹਨਾਂ ਤੇ ਕਤਲਾਂ ਅਤੇ ਸਰੀਰਕ ਸੋਸ਼ਣਾਂ ਦੇ ਮੁਕੱਦਮੇ ਚੱਲ ਰਹੇ ਹਨ ਅਤੇ ਕਿੰਨੇ ਅਜਿਹੇ ਹੋਣਗੇ ਜਿਨ੍ਹਾਂ ਬਾਰੇ ਅਜੇ ਅਸਲੀਅਤ ਸਾਹਮਣੇ ਨਹੀਂ ਆਈ॥ ਪਰ ਵੋਟਾਂ ਲੈਣ ਲਈ ਸਰਕਾਰਾਂ ਅਜਿਹੇ ਆਗੂਆਂ ਦੇ ਸਾਰੇ ਚਰਿੱਤ੍ਰਹੀਣ ਕੰਮਾਂ ਨੂੰ ਅੱਖੋਂ ਪ੍ਰੋਖੇ ਕਰ ਰਹੀਆਂ ਹਨ॥ ਕੁਝ ਕੁ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਸਾਰੀ ਸਰਕਾਰੀ ਮਸ਼ੀਨਰੀ ਵੱਢੀ ਲੈਣ ਨੂੰ ਆਪਣਾ ਹੱਕ ਸਮਝਦੀ ਹੈ ਅਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ॥ ਅਜਿਹੇ ਭ੍ਰਿਸ਼ਟਾਚਾਰੀ ਨੇਤਾਵਾਂ ਅਤੇ ਕਰਮਚਾਰੀਆਂ ਦੀ ਛੱਤਰ ਛਾਇਆ ਹੇਠ ਨਸ਼ੇ ਦੀਆਂ ਦਵਾਈਆਂ ਦੀ ਸ਼ਰ੍ਹੇਆਮ ਵਿਕਰੀ ਹੋ ਰਹੀ ਹੈ,ਅਤੇ ਨੌਕਰੀਆਂ ਨਾ ਮਿਲਣ ਕਾਰਨ ਸਾਡੇ ਨੌਜੁਆਨ ਨਸ਼ੇ ਦੇ ਗ਼ੁਲਾਮ ਬਣ ਚੁੱਕੇ ਹਨ,ਅਤੇ ਆਪਣੀ ਆਦਤ ਦੀ ਪੂਰਤੀ ਲਈ ਪੈਸੇ ਕਮਾਉਣ ਲਈ ਕਈ ਹੋਰ ਗੁਨਾਹ ਕਰ ਬੈਠਦੇ ਹਨ॥
ਟੀ.ਵੀ.,ਸਿਨੇਮੇ,ਖਬਰਾਂ ਅਤੇ ਸਮਾਜਿਕ ਮੀਡੀਆ ਜਿਵੇਂ ਕਿ ਫ਼ੇਸਬੁੱਕ,ਟਵਿੱਟਰ, ਇਨਸਟਾਗਰੈਮ ਅਤੇ ਮੋਬਾਇਲ ਫੋਨਾਂ ਨੇ ਵੀ ਸਮਾਜ ਅਤੇ ਸਭਿਆਚਾਰ ਨੂੰ ਵਿਗਾੜਨ ਵਿੱਚਬਹੁਤ ਤੇਜ਼ੀ ਲਿਆਂਦੀ ਹੈ॥ ਅੱਜ ਕੱਲ੍ਹ ਉਨੀਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਨਹੀਂ ਚੱਲ ਰਹੀਆਂ ਜਿੰਨੀਆਂ ਕਿ ਹਾਲੀਵੁੱਡ ਦੀਆਂ॥ ਇਹਨਾਂ ਵਿੱਚ ਨੰਗੇਜ ਅਤੇ ਸ਼ਰਾਬ ਆਦਿ ਦੀ ਖੁਲ਼੍ਹੀ ਵਰਤੋਂ ਵੇਖ ਕੇ ਸਾਡੇ ਨੌਜੁਆਨ ਉਹਨਾਂ ਤੋਂ ਵੀ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਹਨ॥ ਆਪਣੀ ਸਭਿਅਤਾ ਨੂੰ ਭੁੱਲ ਕੇ ਅਸੀਂ ਪੱਛਮੀ ਸਭਿਅਤਾ ਨੂੰ ਖੁਲ੍ਹੀਆਂ ਬਾਹਵਾਂ ਨਾਲ ਅਪਣਾ ਰਹੇ ਹਾਂ॥ ਹੁਣ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜਨਮਦਿਨ ਤਾਂ ਭੁੱਲ ਸਕਦੇ ਹਾਂ ਪਰ ਕ੍ਰਿਸਮਸ ਅਤੇ ਵੈਲਨਟਾਇਨ ਦਾ ਦਿਨ ਨਹੀਂ ਭੁੱਲਦੇ॥ ਹੁਣ ਥਾਂ ਥਾਂ ਤੇ ਸੈਂਟਾ-ਕਲਾਜ਼ ਦਾ ਇੱਕ ਦੂਸਰੇ ਤੋਂ ਅੱਗੇ ਹੋ ਕੇ ਸੁਆਗਤ ਕਰਦੇ ਹਾਂ॥ ਚਾਰ-ਚੁਫ਼ੇਰੇ ਅਸ਼ਲੀਲ ਗੀਤਾਂ ਦੀ ਭਰਮਾਰ ਹੈ ਅਤੇ ਮੁੰਡੇ-ਕੁੜੀਆਂ ਦਾ ਬਾਹਵਾਂ ਵਿੱਚ ਬਾਹਵਾਂ ਪਾ ਕੇ ਘੁੰਮਣਾ ਫਿਰਨਾ ਇੱਕ ਸੁਭਾਵਿਕ ਗੱਲ ਬਣ ਗਈ ਹੈ॥ ਨਿਰਾ ਇਹੋ ਹੀ ਨਹੀਂ,ਹੁਣ ਵਿਆਹ ਤੋਂ ਪਹਿਲਾਂ ਸ਼ਹਿਰਾਂ ਵਿੱਚ ਮੁੰਡੇ-ਕੁੜੀਆਂ ਦੇ ਇਕੱਠੇ ਰਹਿਣਾ ਵੀ ਆਮ ਗੱਲ ਹੋਈ ਜਾ ਰਹੀ ਹੈ॥ ਪੈਸੇ ਕਮਾਉਣ ਲਈ ਵਿੱਦਿਅਕ ਅਦਾਰੇ ਝੂਠੀਆਂ ਅਤੇ ਥੋਥੀਆਂ ਡਿਗਰੀਆਂ ਵੰਡੀ ਜਾ ਰਹੇ ਹਨ॥ ਸਕੂਲ਼ਾਂ ਕਾਲਜਾਂ ਵਿੱਚ ਨਕਲ ਮਾਰਨਾ ਇੱਕ ਰਿਵਾਜ ਹੀ ਬਣ ਗਿਆ ਹੈ॥ ਜਦ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪ ਹੀ ਨਕਲਾਂ ਮਰਵਾ ਰਹੇ ਹਨ ਤਾਂ ਉਹਨਾਂ ਦੀ ਸਿੱਖਿਆ ਕਿਹੋ ਜਿਹੀ ਹੋਵੇਗੀ ਅਤੇ ਉਹਨਾਂ ਦਾ ਆਚਰਨ ਕੀ ਹੋਵੇਗਾ? ਉੱਚੀ ਪੜ੍ਹਾਈ ਲਈ ਇਹ ਸੰਸਥਾਵਾਂ ਇੰਨੀਆਂ ਫੀਸਾਂ ਲੈਂਦੀਆਂ ਹਨ ਕਿ ਨੌਕਰੀ ਲੈਣ ਤੋਂ ਪਿੱਛੋਂ ਪੈਸੇ ਕਮਾਉਣ ਲਈ ਚੰਗੇ ਵਿਦਿਆਰਥੀਆਂ ਨੂੰ ਵੀ ਗ਼ੈਰ-ਕਾਨੂੰਨੀ ਅਤੇ ਚਰਿੱਤ੍ਰ-ਹੀਨ ਕੰਮ ਕਰਨੇ ਪੈ ਰਹੇ ਹਨ॥ ਡਾਕਟਰੀ ਪੇਸ਼ੇ ਵਿੱਚ ਖ਼ਾਸ ਤੌਰ ਤੇ ਬਹੁਤ ਗਿਰਾਵਟ ਆ ਗਈ ਹੈ॥ ਸਾਧਾਰਣ ਲੋਕਾਂ ਨੂੰ ਨਾ ਤਾਂ ਕਿਤੇ ਇਨਸਾਫ਼ ਮਿਲ਼ਦਾ ਹੈ, ਅਤੇ ਨਾ ਹੀ ਬੀਮਾਰੀਆਂ ਦਾ ਇਲਾਜ॥ ਉਹਨਾਂ ਦੀ ਹਾਲਤ ਬਹੁਤ ਤਰਸਯੋਗ ਹੈ॥
ਇਸ ਵਿਗੜਦੀ ਹਾਲਤ ਵਿੱਚ ਸਮਾਜ ਵੀ ਕਿਸੇ ਹੱਦ ਤੱਕ ਜ਼ੁੰਮੇਵਾਰ ਹੈ॥ ਅਸੀਂ ਇਕੱਠੇ ਹੋ ਕੇ ਸੱਚਾਈ ਤੇ ਪਹਿਰਾ ਨਹੀਂ ਦਿੰਦੇ ਸਗੋਂ ਆਪਣੇ ਨਿਜੀ ਹਿੱਤਾਂ ਲਈ ਹੀ ਕੰਮ ਕਰਦੇ ਹਾਂ ਜਿਸ ਦੇ ਸਿੱਟੇ ਵਜੋਂ ਨਾ ਤਾਂ ਅਸੀਂ ਚੰਗੀ ਸਰਕਾਰ ਚੁਣ ਸਕਦੇ ਹਾਂ ਅਤੇ ਨਾ ਹੀ ਬੁਰੇ ਕੰਮਾਂ ਦਾ ਵਿਰੋਧ ਕਰ ਸਕਦੇ ਹਾਂ॥ ਮਾੜੇ ਘਰੇਲੂ ਹਾਲਾਤਾਂ ਦੇ ਬਾਵਜੂਦ ਵੀ ਜੁਆਨ ਮੁੰਡੇ ਤੇ ਕੁੜੀਆਂ ਆਪਣੀਆਂ ਜ਼ੁੰਮੇਵਾਰੀਆਂ ਨੂੰ ਸਮਝਣ ਦੇ ਉਲਟ ਆਪਣੀਆਂ ਬੇਮਤਲਬੀਆਂ ਖ਼ਾਹਿਸ਼ਾਂ ਦੀ ਪੂਰਤੀ ਲਈ ਆਪਣੇ ਮਾਪਿਆਂ ਦੇ ਗਲ਼ਾਂ ਵਿੱਚ ਅੰਗੂਠੇ ਦਿੰਦੇ ਹਨ ਅਤੇ ਉਹਨਾਂ ਨੁੰ ਕਰਜ਼ਿਆਂ ਦੀ ਦਲਦਲ ਵਿੱਚ ਧਕੇਲ ਦਿੰਦੇ ਹਨ ਜਿਹਨਾਂ ਵਿੱਚੋਂ ਉਹਨਾਂ ਲਈ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ, ਅਤੇ ਕਈ ਵਾਰ ਬੜੀਆਂ ਦੁਖਦਾਈ ਘਟਨਾਵਾਂ ਵਾਪਰ ਜਾਂਦੀਆਂ ਹਨ॥ ਸੋ ਵਿਗੜਦੇ ਹਾਲਾਤਾਂ ਲਈ ਸਮਾਜ ਦੇ ਸਾਰੇ ਹੀ ਵਰਗ ਜ਼ੁੰਮੇਵਾਰ ਹਨ॥ਜਿੱਥੋਂ ਤੱਕ ਅਨੁਪਾਤ ਦਾ ਸਬੰਧ ਹੈ ਕਿ ਕਿਹੜਾ ਵਰਗ ਵੱਧ ਜ਼ੁੰਮੇਵਾਰ ਹੈ,ਉਸ ਬਾਰੇ ਕਿਸੇ ਠੋਸ ਸਬੂਤ ਦੀ ਅਣਹੋਂਦ ਕਾਰਨ ਕੋਈ ਵੀ ਅੰਕੜੇ ਦੇਣੇ ਠੀਕ ਨਹੀਂ ਹੋਵੇਗਾ,ਪਰ ਮੇਰੀ ਤੁੱਛ ਸਮਝ ਅਨੁਸਾਰ ਇਹਨਾਂ ਦਾ ਅਨੁਪਾਤ ਇਸੇ ਹੀ ਤਰਤੀਬ ਵਿੱਚ ਹੈ ਜਿਸ ਵਿੱਚ ਇਹਨਾਂ ਦਾ ਵਿਚਾਰ ਕੀਤਾ ਗਿਆ ਹੈ॥

ਡਾ: ਸਿੰਘ: ਸਮਾਜਿਕ,ਧਾਰਮਿਕ ਅਤੇ ਸਭਿਅਚਾਰਕ ਪ੍ਰਦੂਸਣ ਤੋਂ ਬਚਣ ਲਈ ਸਰਕਾਰੀ,ਨਿਜੀ ਅਤੇ ਗ਼ੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ ਕਿਹੜੇ ਉਪਾਓ ਅਤੇ ਸਮਾਧਾਨ (ਹੱਲ) ਹਨ?
ਡਾ: ਸੇਖੋਂ: ਡਾ: ਸਾਹਿਬ,ਇਹ ਸਮੱਸਿਆ ਇੰਨੀ ਗੰਭੀਰ ਹੋ ਗਈ ਹੈ ਅਤੇ ਇੰਨੀ ਜਟਿਲ ਹੈ ਕਿ ਇਸਦਾ ਕੋਈ ਵੀ ਸੌਖਾ ਹੱਲ ਨਹੀਂ ਹੈ॥ ਇਸਨੂੰ ਸੁਲਝਾਉਣ ਲਈ ਤਾਂ ਸਮਾਜ ਦੇ ਹਰ ਵਰਗ ਨੂੰ ਅੱਡੀ ਚੋਟੀ ਤੱਕ ਜ਼ੋਰ ਲਾਉਣਾ ਪਵੇਗਾ॥ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਸਮਾਜ ਦਾ ਹਰ ਵਰਗ ਇਸ ਸਮੱਸਿਆ ਦੀ ਗੰਭੀਰਤਾ ਅਤੇ ਇਸ ਦੇ ਭਿਆਨਕ ਸਿੱਟਿਆਂ ਨੂੰ ਸਮਝੇ ਅਤੇ ਮੰਨ ਲਵੇ,ਅਤੇ ਇਸ ਨੂੰ ਤੁਰੰਤ ਹੱਲ ਕਰਨ ਲਈ ਤਤਪਰ ਹੋਵੇ॥ ਇਸ ਸਮੱਸਿਆ ਦੇ ਹੱਲ ਲਈ ਪਹਿਲ ਤਾਂ ਸਰਕਾਰ ਵੱਲੋਂ ਹੀ ਕਰਨੀ ਪਏਗੀ॥ ਪਰ ਹੱਲ ਲੱਭਣਾ ਤਾਂ ਦੂਰ ਦੀ ਗੱਲ,ਲਗਦਾ ਤਾਂ ਇਸ ਤਰ੍ਹਾਂ ਹੈ ਕਿ ਸਰਕਾਰਾਂ ਤਾਂ ਇਸ ਸਮੱਸਿਆ ਨੂੰ ਮੰਨਣ ਲਈ ਹੀ ਤਿਆਰ ਨਹੀਂ॥ ਅਗਲਾ ਕਦਮ ਇਹ ਹੋ ਸਕਦਾ ਹੈ ਕਿ ਕੁਝ ਸਭਾਵਾਂ ਬਣਾਈਆਂ ਜਾਣ ਜਿਹੜੀਆਂ ਸਰਕਾਰ ਨੂੰ ਹਲੂਣਾ ਦੇ ਸਕਣ॥ ਪਰ ਅੱਜਕੱਲ੍ਹ ਸਾਰੇ ਲੋਕ ਸਰਕਾਰ ਬਾਰੇ ਕੋਈ ਵੀ ਟਿੱਪਣੀ,ਭਾਵੇਂ ਉਹ ਕਿੰਨੀ ਵੀ ਜਾਇਜ਼ ਹੋਵੇ,ਕਰਨ ਤੋਂ ਡਰਦੇ ਹਨ ਕਿਉਂਕਿ ਸਰਕਾਰ ਤੁਰੰਤ ਹੀ ਦੇਸ਼ ਧਰੋਹੀ ਦਾ ਠੱਪਾ ਲਾਕੇ ਲੋਕਾਂ ਨੂੰ ਜੇਹਲਾਂ ਵਿੱਚ ਪਾ ਦਿੰਦੀ ਹੈ॥ ਪਰ ਭਾਵੇਂ ਕੁਝ ਵੀ ਹੋਵੇ ਇਸ ਸਮੱਸਿਆ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਰਲ਼ ਕੇ ਹੰਭਲਾ ਮਾਰਨ ਦੀ ਲੋੜ ਹੈ॥ ਇਸ ਦਾ ਹੋਰ ਕੋਈ ਹੱਲ ਮੈਨੂੰ ਨਜ਼ਰ ਨਹੀਂ ਆਉਂਦਾ॥

ਡਾ: ਸਿੰਘ: ਪੰਜਾਬੀ ਸਾਹਿਤ ਵਿੱਚ ਧਾਰਮਿਕ ਸਾਹਿਤ ਦੇ ਮੌਜੂਦਾ ਰਚਣ ਕਾਰਜਾਂ ਬਾਰੇ ਤੁਹਾਡੇ ਕੀ ਵਿਚਾਰ ਹਨ? ਕੀ ਪੰਜਾਬੀ ਸਾਹਿਤ ਵਿੱਚ ਧਾਰਮਿਕ ਪ੍ਰਸੰਗ ਵਿੱਚ ਖੋਜਾਂ ਸਦਕਾ ਧਾਰਮਿਕ ਕਾਰਜਸ਼ੈਲੀ ਤੇ ਸੰਬੰਧਤ ਮਾਹੌਲ ਵਿੱਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਹੈ?

ਡਾ: ਸੇਖੋਂ: ਵੇਖੋ, ਸੰਭਾਵਨਾ ਤਾਂ ਹਰ ਗੱਲ ਦੀ ਸਦਾ ਹੀ ਹੁੰਦੀ ਹੈ,ਪਰ ਧਾਰਮਿਕ ਸਾਹਿਤ ਦੀ ਰਚਨਾ ਜੋ ਅੱਜ ਕਲ੍ਹ ਮੈਂ ਵੇਖ ਰਿਹਾ ਹਾਂ ਉਹ ਬਹੁਤ ਚਿੰਤਾਜਨਕ ਹੈ॥ ਦੋ ਗੱਲਾਂ ਜੁ ਮੈਨੂੰ ਚਿੰਤਾ ਦੇ ਰਹੀਆਂ ਹਨ ਉਹ ਇਹ ਹਨ ਕਿ ਇੱਕ ਤਾਂ ਜਿਵੇਂ ਰਾਜਨੀਤੀ ਵਿੱਚ ਹੋ ਰਿਹਾ ਹੈ,ਵਿਦਵਾਨ ਸੱਚਾਈ ਨੂੰ ਅੱਖੋਂ ਪਰੋਖਾ ਕਰ ਕੇ ਉਹਨਾਂ ਗੱਲਾਂ ਦਾ ਪਰਚਾਰ ਕਰ ਰਹੇ ਹਨ ਜਿਹੜੀਆਂ ਲੋਕਾਂ ਨੂੰ ਪਸੰਦ ਹੋਣ॥ ਅਤੇ ਦੂਸਰੇ ਨੰਬਰ ਤੇ ਉਹ ਹਨ ਜਿਹੜੇ ਗੁਰਬਾਣੀ ਦੇ ਵਿਚਾਰਾਂ ਦਾ ਨਹੀਂ, ਸਗੋਂ ਸ਼ੁਹਰਤ ਖੱਟਣ ਲਈ ਆਪਣੇ ਨਿਜੀ ਵਿਚਾਰਾਂ ਦਾ ਪ੍ਰਚਾਰ ਕਰ ਰਹੇ ਹਨ॥ ਅੱਗੇ ਹੀ ਭੰਭਲਭੂਸੇ ਵਿੱਚ ਪਏ ਲੋਕਾਂ ਨੂੰ ਅਜਿਹੇ ਵਿਦਵਾਨ ਹੋਰ ਵੀ ਗੁੰਮਰਾਹ ਕਰਕੇ ਅਸਲੀਅਤ ਤੋਂ ਦੂਰ ਕਰ ਰਹੇ ਹਨ॥ ਭਾਵੇਂ ਇਹ ਗੱਲਾਂ ਇੰਨੀਆਂ ਨਵੀਆਂ ਵੀ ਨਹੀਂ ਸਗੋਂ ਬਹੁਤ ਪੁਰਾਣੀਆਂ ਹਨ,ਪਰ ਹੁਣ ਇਹਨਾਂ ਦਾ ਅਨੁਪਾਤ ਬਹੁਤ ਵਧ ਗਿਆ ਹੈ॥
ਅਸਲੀਅਤ ਨੂੰ ਵਿਗਾੜਨਾ ਤਾਂ ਬਹੁਤ ਸੌਖਾ ਹੈ,ਪਰ ਇਹਨਾਂ ਤੋਂ ਪਏ ਵਹਿਮਾਂ ਨੂੰ ਦੂਰ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ॥ ਅਸੀਂ ਤਾਂ ਅਜੇ ਤੱਕ ਇਹ ਫ਼ੈਸਲਾ ਵੀ ਨਹੀਂ ਕਰ ਸਕੇ ਕਿ ਦਸਮ ਗ੍ਰੰਥ ਦਾ ਕੋਈ ਭਾਗ ਦਸਮੇਸ਼ ਜੀ ਦੀ ਕਿਰਤ ਵੀ ਹੈ ਜਾਂ ਨਹੀ,ਅਤੇ ਇਸੇ ਦੇ ਆਧਾਰ ਤੇ ਹੀ ਮੰਨਿਆ ਜਾਂਦਾ ਹੇਮਕੁੰਡ ਦਾ ਸਥਾਨ ਸਾਡੇ ਲਈ ਪਵਿੱਤਰ ਅਸਥਾਨ ਹੈ ਜਾਂ ਨਹੀਂ॥ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ਼ ਸਬੰਧਤ ਜਨਮ ਸਾਖੀਆਂ ਵਿੱਚੋਂ ਕਿਹੜੀ ਅਸਲ ਹੈ ਅਤੇ ਕਿਹੜੀ ਅਸ਼ੁੱਧ॥ ਡੇਰਾਵਾਦ ਵੀ ਗੁਰਮਤਿ ਨੂੰ ਬਹੁਤ ਵੱਡੀ ਢਾਹ ਲਾ ਰਿਹਾ ਹੈ॥ ਸ਼ਰਧਾਵਾਨ ਅਤੇ ਨਿਰਪੱਖ ਵਿਦਵਾਨਾਂ ਲਈ ਇਹ ਸਾਰਾ ਕੁਝ ਬਹੁਤ ਵੱਡੀ ਚੁਣੌਤੀ ਹੈ,ਅਤੇ ਕੇਵਲ ਆਪ ਵਰਗੇ ਸੁਹਿਰਦ ਅਤੇ ਸੂਝਵਾਨ ਵਿਦਵਾਨ ਹੀ ਕੌਮ ਨੂੰ ਇਸ ਗੁੰਝਲ ਵਿੱਚੋਂ ਕੱਢ ਸਕਦੇ ਹਨ॥

ਡਾ: ਸਿੰਘ: ਅਜੋਕੇ ਸਮੇਂ ਵਿੱਚ ਅੰਤਰ-ਧਾਰਮਿਕ ਸੰਵਾਦ (interfaith dialouge) ਦਾ ਆਰੰਭ ਹੋ ਚੁੱਕਿਆ ਹੈ॥ ਆਪ ਮਾਰਗ ਦਰਸ਼ਨ ਕਰੋ ਕਿ ਇਸ ਨਵੇਂ ਉੱਭਰੇ ਪੰਧ ਬਾਰੇ ਧਾਰਮਿਕ ਸਾਹਿਤ ਦੇ ਰਚਨਾ ਕਰਤਾ/ਖੋਜਾਰਥੀ,ਅਧਿਐਨ ਤੇ ਵਿਸ਼ਲੇਸ਼ਣ ਲਈ ਕਿਹੜੀ ਕਿਹੜੀ ਵਿਧੀ ਅਤੇ ਪਹੁੰਚ ਦਾ ਆਸਰਾ ਲੈ ਸਕਦੇ ਹਨ? ਹੋਰ ਕਿਹੜੇ ਨੁਕਤਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ॥

ਡਾ: ਸੇਖੋਂ: ਡਾ: ਸਾਹਿਬ,ਹਰ ਧਰਮ ਦੇ ਦੋ ਅੰਗ ਹਨ – ਸਮਾਜਿਕ ਅਤੇ ਅਧਿਆਤਮਿਕ॥ ਸਮਾਜਿਕ ਅੰਗ ‘ਤੇ ਤਾਂ ਹਰ ਧਰਮ ਦੇ ਲਗਭੱਗ ਇੱਕੋ ਜਿਹੇ ਹੀ ਵਿਚਾਰ ਹਨ – ਉੱਚਾ ਆਚਰਨ ਰੱਖਣਾ,ਸੱਚ ਬੋਲਣਾ,ਕਿਸੇ ਦਾ ਦਿਲ ਨਾਂ ਦੁਖਾਉਣਾ,ਚੋਰੀ ਸਮੇਤ ਕਿਸੇ ਕਿਸਮ ਦੀ ਵੀ ਹੇਰਾ ਫ਼ੇਰੀ ਨਾ ਕਰਨਾ,ਅਤੇ ਆਪਣੀ ਉਪਜੀਵਕਾ ਇਮਾਨਦਾਰੀ ਨਾਲ਼ ਕਮਾਉਣੀ, ਆਦਿ ॥ ਪਰ ਅਧਿਆਤਮਕ ਅੰਗ ਵਿੱਚ ਬਹੁਤ ਭਿੰਨਤਾ ਹੈ॥ ਕੋਈ ਰੱਬ ਨੂੰ ਸਤਵੇਂ ਆਕਾਸ਼ ਵਿੱਚ ਵੱਸਦਾ ਸਮਝਦਾ ਹੈ ਅਤੇ ਕਿਸੇ ਜਾਨਵਰ ਦੀ ਕੁਰਬਾਨੀ ਉਸਨੂੰ ਬਹੁਤ ਪਸੰਦ ਹੈ;ਕੋਈ ਰੱਬ,ਉਸਦੇ ਸਪੁੱਤਰ ਅਤੇ ਕਿਸੇ ਪਵਿੱਤਰ ਆਤਮਾ ਦੇ ਸੁਮੇਲ ਨੂੰ ਸਭ ਤੋਂ ਉੱਚੀ ਹਸਤੀ ਸਮਝਦਾ ਹੈ;ਅਤੇ ਕੋਈ ਕਿਸੇ ਇੱਕ ਇਕੱਲ਼ੀ ਸ਼ਕਤੀ ਨੂੰ ਪ੍ਰਮਾਤਮਾ ਨਹੀਂ ਮੰਨਦਾ ਸਗੋਂ ਕੁਦਰਤ ਦੀ ਹਰ ਸ਼ਕਤੀ ਦਾ ਵੱਖਰਾ ਵੱਖਰਾ ਦੇਵਤਾ ਮੰਨਦਾ ਹੈ;ਜਦ ਕਿ ਕੋਈ ਰੱਬ ਦੀ ਹੋਂਦ ਬਾਰੇ ਉਂਜ ਹੀ ਚੁੱਪ ਹੈ॥ ਗੁਰਮਤਿ ਇੱਕੋ ਹੀ ਸ਼ਕਤੀ ਨੂੰ ਮੰਨਦੀ ਹੈ ਜਿਸਨੂੰ ਉਸਦੇ ਮੰਨਣ ਵਾਲ਼ੇ ਵਾਹਿਗੁਰੂ ਆਖਦੇ ਹਨ॥ ਰੱਬ ਨੂੰ ਪ੍ਰਾਪਤ ਕਰਨ ਲਈ ਹਰ ਧਰਮ ਦੇ ਰਸਤੇ ਵੀ ਵੱਖਰੇ ਵੱਖਰੇ ਹਨ॥
ਮੈਨੂੰ ਇਹ ਸੁਆਲ ਪੁੱਛ ਕੇ ਆਪ ਮੈਂਨੂੰ ਬਹੁਤ ਵੱਡਾ ਮਾਣ ਬਖ਼ਸ਼ ਰਹੇ ਹੋ,ਪਰ ਮੇਰੇ ਵਿੱਚ ਇਹ ਯੋਗਤਾ ਕਿੱਥੇ ਕਿ ਮੈਂ ਕਿਸੇ ਕਿਸਮ ਦਾ ਮਾਰਗ ਦਰਸ਼ਨ ਕਰ ਸਕਾਂ॥ ਪਰ ਹਾਂ,ਕੁਝ ਸੁਝਾਅ ਜ਼ਰੂਰ ਸਾਂਝੇ ਕਰ ਸਕਦਾ ਹਾਂ॥ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਂਝੇ ਨੁਕਤਿਆਂ ਬਾਰੇ ਸਹਿਮਤੀ ਪ੍ਰਾਪਤ ਕਰਨੀ ਚਾਹੀਦੀ ਹੈ॥ ਕਿਉਂਕਿ ਧਰਮ ਦਾ ਵਿਸ਼ਾ,ਖ਼ਾਸ ਤੌਰ ਤੇ ਉਸਦਾ ਅਧਿਆਤਮਿਕ ਅੰਗ,ਹਰੇਕ ਲਈ ਬਹੁਤ ਸੰਵੇਦਨਸ਼ੀਲ ਹੈ,ਇਸ ਕਰਕੇ ਇਸ ਬਾਰੇ ਚਰਚਾ ਬਹੁਤ ਹੀ ਔਖਾ ਕੰਮ ਹੈ॥ ਸੋ ਇਸ ਅੰਗ ਤੇ ਵਿਚਾਰ ਕਰਨ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਬੜੇ ਵਿਸ਼ਾਲ ਹਿਰਦੇ ਨਾਲ ਹਰ ਧਰਮ ਦੇ ਵਿਸ਼ਵਾਸਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਬਿਨਾਂ ਕੋਈ ਟਿੱਪਣੀ ਕਰਨ ਤੋਂ, ਉਹਨਾਂ ਵਿਸ਼ਵਾਸਾਂ ਬਾਰੇ ਕਾਰਨ ਜਾਨਣੇ ਚਾਹੀਦੇ ਹਨ॥ ਉਦਾਹਰਣ ਦੇ ਤੌਰ ਤੇ ਜੇ ਕਿਸੇ ਧਰਮ ਵਿੱਚ ਕਿਸੇ ਜਾਨਦਾਰ ਦੀ ਕੁਰਬਾਨੀ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਅਸੀਂ ਸੁਹਣੇ ਸ਼ਬਦਾਂ ਦੀ ਚੋਣ ਕਰਕੇ ਪ੍ਰਸ਼ਨ ਕਰ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਦਾ ਵਿਸ਼ਵਾਸ ਕਿਉਂ ਰੱਖਦੇ ਹਨ॥ ਉੱਤਰ ਦੇਣ ਵਾਲੇ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਸ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਸਗੋਂ ਉਸਨੂੰ ਇਹ ਲੱਗੇ ਕਿ ਪ੍ਰਸ਼ਨ ਕੇਵਲ ਜਾਣਕਾਰੀ ਹਾਸਲ ਕਰਨ ਲਈ ਕੀਤਾ ਗਿਆ ਹੈ॥ ਉੱਤਰ ਮਿਲ ਜਾਣ ਤੇ ਉਸ ਦਾ ਧੰਨਵਾਦ ਕਰੋ ਪਰ ਕੋਈ ਵੀ ਦਿਲ-ਦਖਾਊ ਸ਼ਬਦ ਨਾ ਕਹੋ॥ ਇਸਤਰ੍ਹਾਂ,ਜਦ ਸਾਰੇ ਧਰਮਾਂ ਦੇ ਵੱਖ ਵੱਖ ਵਿਚਾਰ ਪ੍ਰਾਪਤ ਹੋ ਜਾਣ ਤਾਂ ਉਹਨਾਂ ਵਿਸ਼ਵਾਸਾਂ ਤੇ ਹੀ ਕੇਂਦ੍ਰਿਤ ਕਰੋ ਜਿਹੜੇ ਸਭ ਧਰਮਾਂ ਵਿੱਚ ਸਾਂਝੇ ਹੋਣ (ਭਾਵੇਂ ਅਜਿਹੀ ਸੰਭਾਵਨਾ ਬਹੁਤ ਘੱਟ ਹੈ) ਅਤੇ ਉਹਨਾਂ ਨੂੰ ਹੀ ਪ੍ਰਸਾਰਿਤ ਕਰੋ॥ ਇਸ ਵਿਧੀ ਨਾਲ਼ ਕਿਸੇ ਵੀ ਧਰਮ ਦੇ ਲੋਕ ਇੱਕ ਦੂਸਰੇ ਦੀ ਵਿਰੋਧਤਾ ਨਹੀਂ ਕਰਨਗੇ ਅਤੇ ਇਸ ਗੱਲ ਦੀ ਸੰਭਾਵਨਾ ਵਧ ਜਾਵੇਗੀ ਕਿ ਲੋਕ ਦੂਸਰੇ ਧਰਮਾਂ ਦਾ ਸਤਿਕਾਰ ਕਰਨ ਲੱਗ ਜਾਣ॥ ਪਰ ਮੌਜੂਦਾ ਹਾਲਾਤ ਵਿੱਚ ਭਾਰਤ ਵਿੱਚ ਅਜਿਹੀ ਸਾਂਝੀਵਾਲਤਾ ਦੇ ਆਸਾਰ ਅਜੇ ਘੱਟ ਹੀ ਹਨ॥

ਡਾ: ਸਿੰਘ: ਆਪ ਦੇ ਵਿਚਾਰ ਅਨੁਸਾਰ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ ਵਿੱਚ ਨਿਬੰਧ ਅਤੇ ਗਲਪ (fiction) ਦੇ ਪ੍ਰਮੁੱਖ ਝੁਕਾਅ (ਵਿਸ਼ੇ ਪੱਖੋਂ) ਕਿਹੜੇ ਕਿਹੜੇ ਹਨ? ਕ੍ਰਿਪਾ ਕਰ ਕੇ ਵਿਸਥਾਰ ਨਾਲ਼ ਸਮਝਾਓ॥

ਡਾ: ਸੇਖੋਂ: ਡਾ: ਸਾਹਿਬ ਭਾਵੇਂ ਪੰਜਾਬੀ ਸਾਹਿਤ ਪੜ੍ਹਨ ਦਾ ਮੈਨੂੰ ਬਹੁਤ ਸ਼ੌਕ ਰਿਹਾ ਹੈ ਅਤੇ ਆਪਣੇ ਵਿਦਿਆਰਥੀ ਜੀਵਨ ਵਿੱਚ ਮੈਂ ਬਹੁਤ ਸਾਹਿਤ ਪੜ੍ਹਿਆ॥ ਨਾਨਕ ਸਿੰਘ,ਜਸਵੰਤ ਸਿੰਘ ਕੰਵਲ,ਅਤੇ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦੇ ਸਾਰੇ ਨਾਵਲ,ਸਾਰੇ ਕਹਾਣੀਕਾਰਾਂ ਦੀਆਂ ਕਹਾਣੀਆਂ,ਅਤੇ ਪ੍ਰਸਿਧ ਕਵੀਆਂ,ਜਿਵੇਂ ਕਿ ਵਾਰਿਸ ਸ਼ਾਹ,ਪ੍ਰੋ: ਮੋਹਨ ਸਿੰਘ,ਅੰਮ੍ਰਿਤਾ ਪ੍ਰੀਤਮ,ਸ਼ਿਵ ਕੁਮਾਰ ਆਦਿ ਦੀਆਂ ਸਾਰੀਆਂ ਰਚਨਾਵਾਂ ਪੜ੍ਹਦਾ ਰਿਹਾ ਹਾਂ॥ ਪਰ ਹੁਣ ਮੇਰਾ ਰੁਝਾਨ ਧਾਰਮਿਕ ਖੇਤਰ ਵਿੱਚ ਇੰਨਾ ਵਧ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਮੈਂ ਨਵੀਨ ਪੰਜਾਬੀ ਸਾਹਿਤ ਪੜ੍ਹਨ ਲਈ ਲੋੜੀਂਦਾ ਸਮਾਂ ਨਹੀਂ ਕੱਢ ਸਕਿਆ॥ ਪਰ ਜੋ ਥੋੜ੍ਹਾ ਬਹੁਤਾ ਸਮਾਂ ਮਿਲਿਆ ਹੈ ਉਸ ਵਿੱਚ ਮੈਨੂੰ ਇਉਂ ਲੱਗਾ ਹੈ ਨਵੀਨ ਲਿਖਾਰੀ ਜ਼ਿਆਦਾਤਰ ਸਮਾਜਿਕ ਵਿਸ਼ਿਆ ਬਾਰੇ ਹੀ ਲਿਖ ਰਹੇ ਹਨ ਜਿਵੇਂ ਕਿ ਨਸ਼ਿਆਂ ਦਾ ਵਧ ਰਿਹਾ ਪ੍ਰਭਾਵ, ਨੌਜੁਆਨਾਂ ਦੀ ਬੇਰੋਜ਼ਗਾਰੀ,ਕਿਸਾਨਾਂ ਦੀਆਂ ਵਧ ਰਹੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ,ਅਵਾਰਾ ਪਸ਼ੂਆਂ ਦੀ ਸਮੱਸਿਆ ਆਦਿ॥ ਗਲਪ ਦੇ ਸਬੰਧ ਵਿੱਚ ਮੈਂ ਇਸ਼ਕ-ਮਜਾਜ਼ੀ ਬਾਰੇ ਬਹੁਤ ਘੱਟ ਪੜ੍ਹਿਆ ਹੈ॥ ਪਰ ਬਹੁਤ ਸਾਰੇ ਕਵੀ ਅਜੇ ਵੀ ਇਸ ਵਿਸ਼ੇ ਤੇ ਗਜ਼ਲਾਂ ਆਦਿ ਲਿਖ ਰਹੇ ਹਨ ਜਿਹਨਾਂ ਵਿੱਚੋਂ ਮੈਨੂੰ ਤਾਂ ਕਈਆਂ ਦੀ ਸਮਝ ਵੀ ਨਹੀ ਆਉਂਦੀ ਕਿ ਉਹ ਕਹਿਣਾ ਵੀ ਕੀ ਚਾਹੁੰਦੇ ਹਨ॥

ਡਾ: ਸਿੰਘ: ਧਾਰਮਿਕ ਸਾਹਿਤ ਦੇ ਰਚਣਹਾਰ ਸਮਕਾਲੀ ਪੰਜਾਬੀ ਲੇਖਕਾਂ ਵਿੱਚੋਂ ਆਪ ਕਿਸ ਕਿਸ ਦੀ ਕਿਹੜੀ ਵਿਸ਼ੇਸਤਾ ਤੋਂ ਪ੍ਰਭਾਵਿਤ ਹੋ?
ਡਾ: ਸੇਖੋਂ: ਧਾਰਮਿਕ ਖੇਤਰ ਵਿੱਚ ਅੱਜਕਲ੍ਹ ਬਹੁਤ ਸਾਰੇ ਵਿਦਵਾਨ ਲਿਖਾਰੀ ਹਨ ਜਿਵੇਂ ਕਿ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ,ਡਾ: ਹਰਬੰਸ ਲਾਲ,ਡਾ: ਦੇਵਿੰਦਰ ਸਿੰਘ ਚਾਹਲ,ਡਾ: ਦੇਵਿੰਦਰ ਪਾਲ ਸਿੰਘ ਮਿਸੀਸਾਗਾ,ਗੁਰਪਾਲ ਸਿੰਘ ਖਹਿਰਾ,ਗੁਰਬਖ਼ਸ਼ ਸਿੰਘ ਸ਼ੇਰਗਿੱਲ,ਡਾ: ਕਾਲਾ ਸਿੰਘ ਸਰੀ,ਇੰਦਰਜੀਤ ਸਿੰਘ ਨਿਊਯੋਰਕ ਆਦਿ ਜੁ ਸਾਰੇ ਪ੍ਰਵਾਸੀ ਹਨ॥ ਪੰਜਾਬ ਵਿੱਚ ਡਾ: ਇੰਦਰਜੀਤ ਸਿੰਘ ਗੋਗੋਆਣੀ,ਡਾ: ਸ਼ਮਸ਼ੇਰ ਸਿੰਘ ਪਟਿਆਲਾ,ਡਾ: ਬਲਵੰਤ ਸਿੰਘ ਢਿੱਲੋਂ, ਡਾ: ਗੁਰਦਰਸ਼ਨ ਸਿੰਘ ਢਿੱਲੋਂ,ਅਤੇ ਡਾ: ਹਰਦੇਵ ਸਿੰਘ ਵਿਰਕ ਆਦਿ ਚੰਗੇ ਲਿਖਾਰੀ ਹਨ॥ ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ ਕਿ ਮੈਂ ਸਭ ਤੋਂ ਵੱਧ ਪ੍ਰਭਾਵਿਤ ਕਿਸ ਤੋਂ ਹਾਂ,ਪਰ ਇਹ ਜ਼ਰੂਰ ਕਹਾਂਗਾ ਕਿ ਇਹ ਸਾਰੇ ਆਪੋ ਆਪਣੇ ਢੰਗ ਨਾਲ਼ ਸੇਵਾ ਨਿਭਾ ਰਹੇ ਹਨ,ਅਤੇ ਮੈਂ ਸਾਰਿਆਂ ਤੋਂ ਹੀ ਕੁਝ ਨਾ ਕੁਝ ਸਿੱਖਿਆ ਜ਼ਰੂਰ ਹੈ॥

ਡਾ: ਸਿੰਘ: ਵੀਹਵੀਂ ਸਦੀ ਦੀ ਤੁਲਨਾ ਵਿੱਚ ਆਪ ਨੇ ਇੱਕੀਵੀਂ ਸਦੀ ਦੇ ਸਮਾਜਿਕ ਸੱਭਿਆਚਾਰਕ ਤੇ ਧਾਰਮਿਕ ਮਾਹੌਲ ਵਿਚ ਕਿਹੜੇ ਕਿਹੜੇ ਪਰਿਵਰਤਨ ਨੋਟ ਕੀਤੇ ਹਨ?

ਡਾ: ਸੇਖੋਂ: ਡਾ: ਸਾਹਿਬ ਸਮਾਜ ਅਤੇ ਸਭਿਆਚਾਰ ਤਾਂ ਆਪਸ ਵਿੱਚ ਤਾਣੇ-ਪੇਟੇ ਵਾਂਙ ਜੁੜੇ ਹਨ ਅਤੇ ਧਰਮ ਦਾ ਵੀ ਇਹਨਾਂ ਨਾਲ਼ ਡੂੰਘਾ ਸਬੰਧ ਹੈ॥ ਜਦ ਇਹਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਤਬਦੀਲ਼ੀ ਆਉਂਦੀ ਹੈ ਤਾਂ ਉਹ ਦੂਸਰੇ ਦੋਹਾਂ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ॥ ਉਂਜ ਤਾਂ ਸਮੇਂ ਨਾਲ਼ ਤਬਦੀਲੀ ਕੁਦਰਤੀ ਨਿਯਮ ਹੈ,ਪਰ ਪਿੱਛਲੇ ਪੰਝੀ-ਤੀਹ ਸਾਲਾਂ ਤੋਂ ਇਹਨਾਂ ਤਿੰਨਾਂ ਹੀ ਪਹਿਲੂਆਂ ਵਿੱਚ ਤਬਦੀਲ਼ੀਆਂ ਬਹੁਤ ਤੇਜ਼ੀ ਨਾਲ਼ ਆਈਆਂ ਹਨ॥ ਇਸ ਪਉਣ-ਵੇਗ ਤਬਦੀਲੀਆਂ ਦੇ ਕਾਰਨ ਤਾਂ ਅਸੀਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ ਜਿਹਨਾਂ ਦਾ ਵੱਡਾ ਕਾਰਨ ਪੱਛਮੀ ਸਭਿਅਤਾ ਅਤੇ ਮੁਲਕ ਦੀ ਆਰਥਿਕ ਹਾਲਤ ਹੈ ਜਿਹਨਾਂ ਵਿੱਚ ਮੀਡੀਏ ਦਾ ਵੀ ਬਹੁਤ ਵੱਡਾ ਹੱਥ ਹੈ॥ ਮੈਂ ਬਹੁਤ ਵਾਰ ਹੈਰਾਨ ਹੁੰਦਾ ਹਾਂ ਕਿ ਜਦ ਧਰਤੀ ਦੇ ਕਿਸੇ ਵੀ ਹਿੱਸੇ ਤੇ ਕੋਈ ਘਟਨਾ ਵਾਪਰਦੀ ਹੈ ਤਾਂ ਸਥਾਨਿਕ ਲੋਕਾਂ ਨੂੰ ਤਾਂ ਸ਼ਾਇਦ ਉਸ ਦੀ ਖ਼ਬਰ ਪਿੱਛੋਂ ਮਿਲਦੀ ਹੋਵੇ,ਪਰ ਪਰਦੇਸਾਂ ਵਿੱਚ ਉਹ ਖ਼ਬਰ ਪਹਿਲਾਂ ਪਹੁੰਚ ਜਾਂਦੀ ਹੈ॥ ਇਸਤਰਾਂ ਧਰਤੀ ਦਾ ਹਰ ਕੋਨਾ ਬਾਕੀ ਸਾਰੀ ਧਰਤੀ ਨੂੰ ਪ੍ਰਭਾਵਿਤ ਕਰਦਾ ਹੈ॥ ਆਪ ਨੂੰ ਯਾਦ ਹੋਵੇਗਾ ਕਿ ਜਦ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਨੇ ਇੰਮੀਗ੍ਰਾਂਟਾ ਨੂੰ ਬਦਨਾਮ ਕਰਕੇ ਉਹਨਾਂ ਦੀ ਅਮਰੀਕਾ ਵਿੱਚ ਆਮਦ ਨੂੰ ਲਗਭੱਗ ਰੋਕ ਹੀ ਦਿੱਤਾ, ਤਾਂ ਉਸ ਦਾ ਅਸਰ ਸਾਰੀ ਦੁਨੀਆਂ ਤੇ ਹੋਇਆ ਅਤੇ ਇੰਗਲੈਂਡ ਨੇ ਵੀ ਯੂਰਪੀਅਨ ਯੂਨੀਅਨ ਤੋਂ ਬੇਦਖਲ ਹੋਣ ਦਾ ਕਾਰਜ ਆਰੰਭ ਕਰ ਦਿੱਤਾ ਅਤੇ ਬਾਕੀ ਵੀ ਸਾਰੀ ਦੁਨੀਆਂ ਵਿੱਚ ਇਸ ਦਾ ਸਿੱਧਾ ਜਾਂ ਅਸਿੱਧਾ ਅਸਰ ਹੋਇਆ॥
ਦੁਨੀਆਂ ਦੀ ਆਰਥਿਕ ਹਾਲਤ ਬਹੁਤ ਬਦਲ ਰਹੀ ਹੈ ਅਤੇ ਅਮਰੀਕਨ ਸਭਿਅਤਾ ਦਾ ਅਸਰ ਦੁਨੀਆਂ ਦੇ ਹਰ ਕੋਨੇ ਵਿੱਚ ਬਹੁਤ ਤੇਜ਼ੀ ਨਾਲ਼ ਫ਼ੈਲ ਰਿਹਾ ਹੈ॥ ਅੰਤਰਰਾਸ਼ਟਰੀ ਕੰਪਨੀਆਂ (ਖ਼ਾਸ ਤੌਰ ਤੇ ਅਮਰੀਕਨ) ਤੰਦੂਏ ਦੀਆਂ ਤੰਦਾਂ ਵਾਂਗ ਸਾਰੀ ਦੁਨੀਆਂ ਨੂੰ ਜਕੜ ਰਹੀਆਂ ਹਨ॥ ਤੁਸੀਂ ਕਿਤੇ ਵੀ ਚਲੇ ਜਾਉ,ਵਾਲਮਾਰਟ, ਮੈਕਡਾਨਲਡ, ਕੇ.ਐਫ.ਸੀ, ਬਰਗਰ ਕਿੰਗ, ਪੀਜ਼ਾ ਹੱਟ,ਆਦਿ ਸਟੋਰ ਅਥਵਾ ਰੈਸਟੋਰਾਂ ਤੁਹਾਨੂੰ ਆਮ ਹੀ ਦਿਸਦੇ ਹਨ ਜਿਨ੍ਹਾਂ ਨਾਲ਼ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਬਹੁਤ ਬਦਲ ਗਈਆਂ ਹਨ॥ ਹਰ ਮੁਲਕ ਵਿੱਚ ਕਾਰਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ॥ ਬਹੁਤ ਸਾਰੇ ਮੁਲਕਾਂ ਵਿੱਚ ਸਮਲਿਗੀ ਵਿਆਹਾਂ ਨੂੰ ਮਾਨਤਾ ਮਿਲ਼ ਚੁੱਕੀ ਹੈ ਅਤੇ ਭਾਰਤ ਵਰਗੇ ਦੇਸਾਂ ਵਿੱਚ ਵੀ ਵਿਆਹ ਤੋਂ ਪਹਿਲਾਂ ਹੀ ਮੁੰਡੇ-ਕੁੜੀਆਂ ਇਕੱਠੇ ਰਹਿ ਰਹੇ ਹਨ॥ ਇਹ ਲਿਸਟ ਬਹੁਤ ਲੰਮੀ ਹੋ ਜਾਵੇਗੀ,ਪਰ ਸਭ ਤੋਂ ਵੱਡੀ ਤਬਦੀਲੀ ਜੋ ਬਹੁਤ ਖ਼ਤਰਨਾਕ ਹੈ ਅਤੇ ਸਾਡੇ ਵਾਸਤੇ ਵੱਡੀ ਚੁਣੌਤੀ ਵੀ ਹੈ,ਉਹ ਹੈ ਵਾਤਾਵਰਣ ਦਾ ਪ੍ਰਦੂਸ਼ਨ॥ ਮੌਸਮ ਵਿੱਚ ਬਹੁਤ ਵੱਡੀਆਂ ਤਬਦੀਲ਼ੀਆਂ ਆ ਰਹੀਆਂ ਹਨ ਜੁ ਖ਼ਤਰੇ ਦੀ ਵੱਡੀ ਝੰਡੀ ਹਨ॥ ਗਲੇਸੀਅਰ ਬਹੁਤ ਛੇਤੀ ਪਿਘਲ ਰਹੇ ਹਨ ਜਿਹਨਾਂ ਕਰਕੇ ਸਮੁੰਦਰੀ ਤਲ ਵਿੱਚ ਵਾਧਾ ਹੋ ਰਿਹਾ ਹੈ॥ ਧਾਰਮਿਕ ਪੱਖੋਂ ਲੋਕ ਜ਼ਿਆਦਾ ਤਰਕਸ਼ੀਲ ਹੋ ਰਹੇ ਹਨ ਅਤੇ ਉਹ ਜਾਂ ਤਾਂ ਧਰਮ ਤੋਂ ਉਂਜ ਹੀ ਮੂੰਹ ਮੋੜ ਰਹੇ ਹਨ,ਜਾਂ ਪ੍ਰਚੱਲਤ ਸਾਖੀਆਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ॥ ਈਸਾਈ ਮੱਤ ਦਾ ਅਸਰ ਵਧ ਰਿਹਾ ਹੈ॥ ਲੋਕਾਂ ਨੂੰ ਖ਼ੁਸ਼ ਕਰਨ ਲਈ ਸਾਡੇ ਧਾਰਮਿਕ ਵਿਦਵਾਨ ਵੀ ਪਾਵਨ ਗੁਰਬਾਣੀ ਦੇ ਸਹੀ ਅਰਥ ਕਰਨ ਦੀ ਬਜਾਇ ਆਪਣੇ ਵਿਚਾਰਾਂ ਦਾ ਜ਼ਿਆਦਾ ਪ੍ਰਚਾਰ ਕਰ ਰਹੇ ਹਨ॥

ਡਾ: ਸਿੰਘ: ਸਮਾਜਿਕ ਅਤੇ ਸਭਿਆਚਾਰਕ ਕੁਰੀਤੀਆਂ ਨੂੰ ਘੱਟਕਰਨ/ਖ਼ਤਮ ਕਰਨ ਵਿੱਚ ਆਪ ਅਜੋਕੇ ਦੋਰਾਨ ਧਾਰਮਿਕ ਸਾਹਿਤ ਦਾ ਕੀ ਯੋਗਦਾਨ ਮੰਨਦੇ ਹੋ?

ਡਾ: ਸੇਖੋਂ: ਡਾ: ਸਾਹਿਬ,ਖੇਤਰ ਭਾਵੇਂ ਕੋਈ ਵੀ ਹੋਵੇ,ਉਸਦਾ ਵਿਸਥਾਰ ਕਰਨ ਜਾਂ ਉਸ ਵਿੱਚ ਤਬਦੀਲ਼ੀਆਂ ਲਿਆਉਣ ਲਈ ਉਸ ਖੇਤਰ ਦੇ ਵਿਦਵਾਨ ਉਸ ਵਿੱਚ ਬਹੁਤ ਪ੍ਰਭਾਵਸ਼ਾਲੀ ਹੋ ਸਕਦੇ ਹਨ॥ ਧਾਰਮਿਕ ਖੇਤਰ ਵਿੱਚ ਵੀ ਜੇ ਸਾਡੇ ਵਿਦਵਾਨ ਚਾਹੁਣ ਤਾਂ ਉਹ ਲੋਕਾਂ ਨੂੰ ਸਹੀ ਸੇਧ ਪਰਦਾਨ ਕਰ ਸਕਦੇ ਹਨ॥ ਗੁਰੂ ਗਰੰਥ ਸਾਹਿਬ ਦੀ ਸਿੱਖਿਆ ਤਾਂ ਹੈ ਹੀ ਬਹੁਤ ਇਨਕਲਾਬੀ ਜੋ ਲੋਕਾਂ ਨੂੰ ਵਹਿਮਾਂ,ਭਰਮਾਂ ਅਤੇ ਕੁਰੀਤੀਆਂ ਵਿਚੋਂ ਕੱਢ ਕੇ ਉੱਚੀ ਅਤੇ ਸੁੱਚੀ ਸੋਚ ਦੇ ਲੜ ਲਾਉਂਦੀ ਹੈ ॥ ਪਰ ਬਦਕਿਸਮਤੀ ਨਾਲ਼ ਇੱਕ ਤਾਂ ਸਾਡੇ ਵਿਦਵਾਨ ਵੀ ਵੱਖਰੀ ਵੱਖਰੀ ਸੋਚ ਦੇ ਧਾਰਨੀ ਹਨ ਅਤੇ ਦੂਸਰਾ ਸਾਡੇ ਲੋਕ ਡੇਰਾਵਾਦ ਨਾਲ਼ ਇੰਨੇ ਜੁੜੇ ਹਨ ਕਿ ਉਹ ਵਹਿਮਾਂ ਭਰਮਾਂ ‘ਚੋਂ ਨਿਕਲਣ ਦੀ ਬਜਾਇ ਉਹਨਾਂ ਵਿੱਚ ਹੋਰ ਗ਼ਰਕ ਹੋਈ ਜਾ ਰਹੇ ਹਨ॥ ਜੇ ਕੁਝ ਵਿਦਵਾਨਾਂ ਨੇ ਸਹੀ ਦਿਸ਼ਾ ਦੇਣ ਲਈ ਕੋਸ਼ਿਸ਼ ਵੀ ਕੀਤੀ ਹੈ ਤਾਂ ਸਾਡੇ ਧਾਰਮਿਕ ਆਗੂਆਂ ਨੇ ਹੀ ਉਹਨਾਂ ਦੇ ਰਾਹਾਂ ਵਿੱਚ ਬਹੁਤ ਰੁਕਾਵਟਾਂ ਪਾਈਆਂ ਹਨ,ਅਤੇ ਕਈ ਵਿਦਵਾਨਾਂ ਨੂੰ ਤਾਂ ਪੰਥ ਵਿੱਚੋਂ ਹੀ ਛੇਕ ਦਿੱਤਾ ਗਿਆ ਹੈ॥ ਮੈਂ ਨਿਰਾਸ਼ਵਾਦੀ ਬਿਲਕੁੱਲ ਨਹੀਂ ਪਰ ਮੌਜੂਦਾ ਹਾਲਾਤਾਂ ਵਿੱਚ ਕਿਸੇ ਠੋਸ ਸੁਧਾਰ ਦੀ ਬਹੁਤੀ ਆਸ ਨਹੀਂ॥

ਡਾ: ਸਿੰਘ: ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘਟ ਕੇ ਸੋਸ਼ਲ ਮੀਡੀਆਵਾਂ ਨਾਲ ਵਧ ਰਿਹਾ ਹੈ॥ ਪਾਠਕਾਂ ਨੂੰ ਕਿਤਾਬਾਂ ਵੱਲ ਮੋੜਣ ਲਈ ਕੋਈ ਹੱਲ?

ਡਾ: ਸੇਖੋਂ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਏ ਕਰਕੇ ਪਾਠਕਾਂ ਦਾ ਰੁਝਾਨ ਕਿਤਾਬਾਂ ਵੱਲੋਂ ਬਹੁਤ ਘਟ ਗਿਆ ਹੈ ਅਤੇ ਸ਼ਾਇਦ ਇਹ ਰੁਝਾਨ ਅਜੇ ਹੋਰ ਵੀ ਘਟੇਗਾ॥ ਇਸ ਘਟ ਰਹੇ ਰੁਝਾਨ ਕਾਰਨ ਹੀ ਅੱਜ ਕੱਲ੍ਹ ਪਬਲਿਸ਼ਰ ਵੀ ਕਿਤਾਬਾਂ ਛਾਪਣ ਤੋਂ ਬਹੁਤ ਪ੍ਰਹੇਜ਼ ਕਰ ਰਹੇ ਹਨ ਅਤੇ ਲੇਖਕਾਂ ਨੂੰ ਵੀ ਪੱਲਿਉਂ ਪੈਸੇ ਖਰਚ ਕੇ ਕਿਤਾਬਾਂ ਛਪਵਾਉਣੀਆਂ ਪੈਂਦੀਆਂ ਹਨ ਜਿਸ ਕਰਕੇ ਉਹਨਾਂ ਦਾ ਉਤਸ਼ਾਹ ਵੀ ਘਟਦਾ ਜਾਂਦਾ ਹੈ॥ਪਰ ਮੇਰਾ ਇਹ ਵੀ ਪੱਕਾ ਵਿਸ਼ਵਾਸ ਹੈ ਕਿ ਜੇਕਰ ਉੱਚੇ ਮਿਆਰ ਦੀਆਂ ਕਿਤਾਬਾਂ ਲਿਖੀਆਂ ਜਾਣ ਤਾਂ ਪਾਠਕ ਜ਼ਰੂਰ ਪੜ੍ਹਨਗੇ॥ ਬੱਸ ਮੇਰੇ ਵਿਚਾਰ ਵਿੱਚ ਇਹੋ ਹੀ ਇੱਕ ਤਰੀਕਾ ਹੈ ਜਿਸ ਨਾਲ਼ ਇਸ ਰੁਝਾਨ ਨੂੰ ਕੁਝ ਘਟਾਇਆ ਜਾ ਸਕਦਾ ਹੈ॥

ਡਾ: ਸਿੰਘ: ਇੱਕੀਵੀਂ ਸਦੀ (ਖਾਸ ਕਰਕੇ ਦੂਸਰੇ ਦਹਾਕੇ) ਦੇ ਲੇਖਕਾਂ ਨੂੰ ਆਪ ਧਾਰਮਿਕ ਸਾਹਿਤ ਰਚਨਾ ਕਾਰਜਾਂ ਦੇ ਸੰਦਰਭ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਡਾ: ਸੇਖੋਂ: ਆਪ ਜੀ ਦਾ ਇਹ ਸੁਆਲ ਬਹੁਤ ਹੀ ਮਹੱਤਵ ਪੂਰਨ ਹੈ ਅਤੇ ਪੁੱਛਣ ਲਈ ਆਪ ਦਾ ਬਹੁਤ ਧੰਨਵਾਦ॥ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਧਾਰਮਿਕ ਖੇਤਰ ਵਿੱਚ ਅਜੋਕੇ ਸਮੇਂ ਦੇ ਬਹੁਤ ਸਾਰੇ ਵਿਦਵਾਨ ਪਾਠਕਾਂ ਨਾਲ਼ ਆਪਣੇ ਨਿਜੀ ਵਿਚਾਰ ਜ਼ਿਆਦਾ,ਅਤੇ ਪਾਵਨ ਗੁਰਬਾਣੀ ਦੇ ਵਿਚਾਰ ਬਹੁਤ ਹੀ ਘੱਟ ਸਾਂਝੇ ਕਰ ਰਹੇ ਹਨ,ਤੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਹਨਾਂ ਵਿੱਚ ਆਪਣੇ ਨਿਜੀ ਵਿਚਾਰਾਂ ਨੂੰ ਫ਼ੈਲਾਉਣ ਲਈ ਦੌੜ ਲੱਗੀ ਹੋਵੇ॥ ਕੋਈ ਇਹ ਪ੍ਰਚਾਰ ਕਰ ਰਿਹਾ ਹੈ ਕਿ ਰੋਜ਼ਾਨਾ ਪਾਠ ਕਰਨ ਦੀ ਕੋਈ ਲੋੜ ਨਹੀਂ,ਕੋਈ ਕਹਿ ਰਿਹਾ ਹੈ ਕਿ ਮੌਤ ਤੋਂ ਪਿੱਛੋਂ ਮਨੁੱਖ ਦਾ ਕੋਈ ਜਨਮ ਨਹੀਂ ਹੁੰਦਾ,ਕੋਈ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਵੱਖਰਾ ਧਰਮ ਸ਼ੁਰੂ ਨਹੀਂ ਕੀਤਾ ਸੀ, ਕੋਈ ਪਾਵਨ ਮੂਲ ਮੰਤਰ ਦੇ ਅਰਥ ਆਪਣੇ ਤਰੀਕਿਆਂ ਨਾਲ ਕਰ ਰਹੇ ਹਨ,ਅਤੇ ਕੋਈ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਕਦੇ ਮੱਕੇ ਹੀ ਨਹੀਂ ਗਏ ਸਨ, ਆਦਿ॥ ਇੱਥੇ ਹੀ ਬੱਸ ਨਹੀਂ,ਹਰ ਇੱਕ ਡੇਰੇਦਾਰ ਦੀ ਮਰਿਆਦਾ ਵੀ ਵੱਖਰੀ ਹੈ॥ ਇਹਨਾਂ ਸਾਰਿਆਂ ਕਾਰਨਾਂ ਕਰਕੇ ਆਮ ਲੋਕ ਨਾ ਕੇਵਲ ਭੰਬਲਭੂਸਿਆਂ ਵਿੱਚ ਪਏ ਹਨ,ਸਗੋਂ ਉਹ ਧਰਮ ਤੋਂ ਵੀ ਦੂਰ ਜਾ ਰਹੇ ਹਨ॥
ਕੋਈ ਦੋ ਕੁ ਮਹੀਨੇ ਪਹਿਲਾਂ ਸਰੀ (ਵੈਨਕੂਵਰ ਦੇ ਨੇੜੇ) ਇੱਕ ਕਾਨਫ਼ਰੰਸ ਵਿੱਚ ਇੱਕ ਸਰਦਾਰ ਜੀ ਉੱਠ ਕੇ ਕਹਿਣ ਲੱਗੇ ਕਿ ਆਮ ਇਹ ਵਿਚਾਰ ਚੱਲਿਆ ਆ ਰਿਹਾ ਹੈ ਕਿ ਬਾਬਰ ਦੇ ਐਮਨਾਬਾਦ ਦੇ ਹਮਲੇ ਵੇਲੇ ਗੁਰੂ ਨਾਨਕ ਸਾਹਿਬ ਉਥੇ ਸਨ ਅਤੇ ਉਹ ਕੁਝ ਚਿਰ ਬਾਬਰ ਦੀ ਕੈਦ ਵਿੱਚ ਰਹੇ॥ ਪਰ ਇਹ ਠੀਕ ਨਹੀਂ॥ ਗੁਰੂ ਨਾਨਕ ਸਾਹਿਬ ਹਮਲੇ ਤੋਂ ਕੋਈ ਡੇਢ ਮਹੀਨਾ ਪਿੱਛੋਂ ਉਥੇ ਪਹੁੰਚੇ ਸਨ॥ ਮੈਨੂੰ ਸੁਣ ਕਿ ਕੁਝ ਗੁੱਸਾ ਆਇਆ ਕਿ ਭਾਈ ਸਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਯਕੀਨਨ ਉਥੇ ਸਨ ਅਤੇ ਉਹਨਾਂ ਨੇ ਅੰਨ੍ਹੀ ਕਤਲੋ-ਗਾਰਦ ਵੇਖ ਕੇ ਹੀ ਦੁਖੀ ਮਨ ਨਾਲ਼ ਇਹ ਲਿਖਿਆ ਸੀ ਕਿ “ਤੈਂ ਕੀ ਦਰਦ ਨਾ ਆਇਆ”,ਪਰ ਚਲੋ ਜੇ ਇਹ ਮੰਨ ਵੀ ਲਿਆ ਜਾਏ ਕਿ ਗੁਰੂ ਸਾਹਿਬ ਉਥੇ ਨਹੀਂ ਵੀ ਸਨ,ਤਾਂ ਕਿਸੇ ਨੂੰ ਵੀ ਕੀ ਫ਼ਰਕ ਪਵੇਗਾ? ਗੁਰੂ ਸਾਹਿਬ ਦੀਆਂ ਲਿਖਤਾਂ ਤਾਂ ਪਾਵਨ ਗੁਰੂ ਸਾਹਿਬ ਵਿੱਚ ਦਰਜ ਹਨ,ਅਤੇ ਉਹਨਾਂ ਨੂੰ ਕਿਹੜੀ ਜਾਇਦਾਦ ਮਿਲ ਗਈ ਸੀ ਜਿਸ ਕਾਰਨ ਤੁਹਾਨੂੰ ਕੋਈ ਵੱਡਾ ਘਾਟਾ ਪੈ ਗਿਆ॥ ਅਜਿਹੇ ਲੋਕ ਕੇਵਲ ਆਪਣੀ ਹੋਸ਼ੀ ਸ਼ੁਹਰਤ ਲਈ ਇਹ ਕੋਝੇ ਕੰਮ ਕਰ ਰਹੇ ਹਨ॥ ਮੇਰੀ ਸਭ ਵਿਦਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੇਬੁਨਿਆਦ ਲਿਖਤਾਂ ਰਾਹੀਂ ਲੋਕਾਂ ਨੂੰ ਹੋਰ ਗੁੰਮਰਾਹ ਨਾ ਕਰੋ॥ ਅਸੀ ਪਹਿਲਾਂ ਹੀ ਜਾਂ ਤਾਂ ਧਰਮ ਤੋਂ ਬੇਮੁੱਖ ਹੋ ਰਹੇ ਹਾਂ ਜਾਂ ਕਰਮ ਕਾਂਡਾਂ ਵਿੱਚ ਧਸਦੇ ਜਾ ਰਹੇ ਹਾਂ॥ ਕਿਰਪਾ ਕਰਕੇ ਗੁਰਬਾਣੀ ਦੇ ਅਨੁਕੂਲ ਹੀ ਲੇਖ ਲਿਖ ਕੇ ਪੰਥ ਦੀ ਸੇਵਾ ਕਰੋ॥

ਡਾ: ਸਿੰਘ: ਵਿਗਿਆਨ,ਧਰਮ ਅਤੇ ਮਾਂ-ਬੋਲੀ,ਇਹਨਾਂ ਤਿੰਨਾਂ ਨੂੰ ਇੱਕ ਦੂਜੇ ਦੇ ਆੜੀ ਬਣਾ ਕੇ ਰੱਖਣ ਲਈ ਅੱਜ ਕੱਲ੍ਹ ਕੀ ਕੁਝ ਕਰ ਰਹੇ ਹੋ?
ਡਾ: ਸੇਖੋਂ: ਵੀਰ ਜੀ,ਧਾਰਮਿਕ ਖੇਤਰ ਵਿੱਚ ਤਾਂ ਸਤਿਗੁਰੂ ਦੀ ਮਿਹਰ ਸਦਕਾ ਮੈਂ ਪੁਸਤਕਾਂ ਅਤੇ ਲੇਖ ਲਿਖਣ ਦੇ ਨਾਲ਼ ਨਾਲ਼ ਗੁਰਬਾਣੀ ਦੀ ਵੈੱਬਸਾਈਟ (www.gurbanisandesh.com) ਵੀ ਚਲਾ ਰਿਹਾ ਹਾਂ ਅਤੇ ਗੁਰੂ ਗਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਉਲਥਾ ਵੀ ਕਰ ਰਿਹਾ ਹਾਂ॥ ਗੁਰਬਾਣੀ ਵਿੱਚ ਵਿਗਿਆਨ ਨੂੰ ਵਿਸ਼ੇਸ਼ ਰੂਪ ਵਿੱਚ ਘੁਸੇੜਨ ਦੀ ਮੇਰੀ ਕੋਈ ਚੇਸ਼ਟਾ ਨਹੀਂ॥ ਹਾਂ,ਜਿੱਥੇ ਵਿਗਿਆਨ ਦੀ ਵਰਤੋਂ ਕਰ ਕੇ ਗੁਰਬਾਣੀ ਵਿੱਚਲੇ ਵਿਚਾਰਾਂ ਦੀਆਂ ਬੁਲੰਦੀਆਂ ਦੀ ਮਹਾਨਤਾ ਨੂੰ ਜ਼ਿਆਦਾ ਸਮਝਿਆ ਜਾ ਸਕਦਾ ਹੈ,ਉਥੇ ਵਿਗਿਆਨ ਦੀ ਵਰਤੋਂ ਕਰਨ ਲਈ ਕਦੇ ਝਿਜਕਿਆ ਵੀ ਨਹੀਂ,ਅਤੇ ਹਰ ਸੰਭਵ ਮੌਕੇ ਤੇ ਉਸਦੀ ਵਰਤੋਂ ਕੀਤੀ ਹੈ॥ ਜਿੱਥੋਂ ਤੱਕ ਮਾਂ-ਬੋਲੀ ਦੀ ਵਰਤੋਂ ਦਾ ਸਬੰਧ ਹੈ,ਮੈਨੂੰ ਇਸ ਨਾਲ ਬੇਹੱਦ ਪਿਆਰ ਹੈ॥ ਮੈਂ ਹੁਣ ਤੱਕ ਧਾਰਮਿਕ ਵਿਸ਼ਿਆਂ ਤੇ 6 ਪੁਸਤਕਾਂ ਅਤੇ ਪੰਜਾਬੀ ਬੋਲੀ ਅਤੇ ਪੰਜਾਬੀਅਤ ਵਿੱਚ ਇੱਕ ਪੁਸਤਕ ਗੁਰਮੁਖੀ ਲਿਪੀ ਵਿੱਚ ਲਿਖੀਆਂ ਹਨ॥ ਅਤੇ ਅਜੇ ਤਿੰਨ ਹੋਰ ਤਿਆਰ ਹਨ ਪਰ ਉਹ ਅਜੇ ਛਪੀਆਂ ਨਹੀਂ ਹਨ॥ ਉਮੀਦ ਹੈ ਕਿ ਇਹਨਾਂ ਵਿੱਚੋਂ ਇੱਕ ਛੇਤੀ ਹੀ ਛਪ ਜਾਵੇਗੀ॥ ਅੱਜ ਕੱਲ੍ਹ ਪੰਜਾਬੀ ਦਾ ਮੂੰਹ ਮੁਹਾਂਦਰਾ ਬੜੀ ਤੇਜ਼ੀ ਨਾਲ ਵਿਗੜਦਾ ਜਾ ਰਿਹਾ ਹੈ,ਮੇਰੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਮਾਂ ਬੋਲੀ ਦੇ ਅਸਲੀ ਰੂਪ ਨੂੰ ਸੰਭਾਲ ਸਕਾਂ॥ ਗੁਰੂ ਗਰੰਥ ਸਾਹਿਬ ਜੀ ਦੇ ਉਲਥੇ ਤੋਂ ਪਿੱਛੋਂ ਮੇਰੀਆਂ ਜ਼ਿਆਦਾ ਲਿਖਤਾਂ ਟਕਸਾਲੀ ਪੰਜਾਬੀ ਵਿੱਚ ਹੀ ਹੋਣਗੀਆਂ॥

ਡਾ: ਸਿੰਘ: ਡਾ: ਸਾਹਿਬ ਆਪ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਦੀ ਧਾਰਮਿਕ ਪ੍ਰਸੰਗਿਕਤਾ ਵਿੱਚ ਪੰਜਾਬੀ ਸਾਹਿਤ ਦਾ ਮੁਲਾਂਕਣ ਕਿਵੇਂ ਕਰਨਾ ਚਾਹੋਗੇ॥

ਡਾ: ਸੇਖੋਂ: ਵੀਰ ਜੀ,ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ,ਧਾਰਮਿਕ ਵਿਸ਼ਿਆਂ ‘ਤੇ ਰਚੇ ਜਾ ਰਹੇ ਸਾਹਿਤ ਨਾਲ਼ ਮੈਂ ਬਹੁਤ ਖ਼ੁਸ਼ ਨਹੀਂ ਹਾਂ॥ ਬਹੁਤੇ ਵਿਦਵਾਨ ਤਾਂ ਗੁਰਬਾਣੀ ਦਾ ਸੁਨੇਹਾ ਪ੍ਰਸਾਰਿਤ ਕਰਨ ਦੀ ਬਜਾਇ ਆਪਣੇ ਹੀ ਵਿਸ਼ਵਾਸ ਲੋਕਾਂ ਤੇ ਠੋਸ ਰਹੇ ਅਤੇ ਉਹਨਾਂ ਨੂੰ ਹੋਰ ਭੰਬਲਭੂਸਿਆਂ ਵਿੱਚ ਪਾ ਰਹੇ ਹਨ ਜਿਸ ਕਰਕੇ ਨੌਜੁਆਨ ਧਰਮ ਤੋਂ ਮੂੰਹ ਮੋੜ ਰਹੇ ਹਨ ਅਤੇ ਆਮ ਲੋਕ ਫ਼ਿਰ ਕਰਮ ਕਾਂਡਾਂ ਵਿੱਚ ਧਸਦੇ ਜਾ ਰਹੇ ਹਨ॥ ਪਰ ਮੈਂ ਇੰਨਾ ਨਿਰਾਸ਼ ਵੀ ਨਹੀਂ ਕਿਉਂਕਿ ਆਪ ਵਰਗੇ ਕੁਝ ਸੁਹਿਰਦ ਵਿਦਵਾਨ ਵੀ ਹਨ ਜਿਹੜੇ ਨਿਰੋਲ ਗੁਰਬਾਣੀ ਦਾ ਸੁਨੇਹਾ ਵੰਡਣ ਵਿੱਚ ਹੀ ਜੁੱਟੇ ਹੋਏ ਹਨ॥ ਪਰ ਮਾੜੀ ਗੱਲ ਇਹ ਹੈ ਕਿ ਪਾਠਕਾਂ ਜਾਂ ਸ੍ਰੋਤਿਆਂ ਨੂੰ ਪ੍ਰਸਪਰ ਵਿਰੋਧੀ ਸੁਨੇਹੇ ਮਿਲਣ ਕਾਰਨ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਵਿਚਾਰ ਠੀਕ ਹਨ ਅਤੇ ਕਿਹੜੇ ਗ਼ਲਤ॥

ਡਾ: ਸਿੰਘ: ਆਪ ਉਭਰਦੇ ਲੇਖਕਾਂ ਅਤੇ ਖੋਜਾਰਥੀਆਂ ਨੂੰ ਧਾਰਮਿਕ ਵਿਰਸੇ ਨਾਲ ਜੁੜਨ ਤੇ ਇਸ ਦੀ ਸਾਂਭ ਸੰਭਾਲ ਹਿਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਡਾ: ਸੇਖੋਂ: ਇਹ ਲੇਖਕ ਹੀ ਹਨ ਜਿਹੜੇ ਕਿਸੇ ਵੀ ਧਰਮ ਜਾਂ ਸੰਸਕ੍ਰਿਤੀ ਨੂੰ ਢਾਲਦੇ ਹਨ॥ ਗੁਰੂ ਨਾਨਕ ਸਾਹਿਬ ਨੇ ਵੀ ਆਪਣੀਆਂ ਲਿਖਤਾਂ ਨਾਲ਼ ਹੀ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕਰਮ ਕਾਂਡਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਰਜਵਾੜਾਸ਼ਾਹੀ ਅਤੇ ਧਾਰਮਿਕ ਆਗੂਆਂ ਦੀ ਲੁੱਟ ਘਸੁੱਟ ਤੋਂ ਸਾਵਧਾਨ ਕੀਤਾ॥ ਸੋ ਆਪਣੇ ਧਰਮ ਦੀ ਰੱਖਿਆ ਕਰਨ,ਅਤੇ ਉਸਦੇ ਪਰਸਾਰ ਕਰਨ ਦੀ ਵੱਡੀ ਜ਼ਿੰਮੇਵਾਰੀ ਨਵੇਂ ਲੇਖਕਾਂ ਦੇ ਮੋਢਿਆਂ ਤੇ ਹੀ ਹੈ॥ ਸੋ ਮੇਰੀ ਤਾਂ ਉਹਨਾਂ ਨੂੰ ਇਹੋ ਬੇਨਤੀ ਹੈ ਕਿ ਉਸ ਆਪਣੇ ਸੌੜੇ ਨਿਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੌਮ ਨੂੰ ਨਿਰੋਲ ਗੁਰਬਾਣੀ ਦੇ ਲੜ ਲਾਉਣ ਦੇ ਜਤਨ ਕਰਨ॥

ਡਾ: ਸਿੰਘ: ਆਧੁਨਿਕ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ,ਤਕਨਾਲੋਜੀ ਨਾਲ਼ ਲੈਸ ਹੈ,ਫ਼ਿਰ ਕਿਉਂ ਉਹ ਧਰਮ ਸੰਕੀਰਣਤਾ/ਉਦਾਸੀਨਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ?

ਡਾ: ਸੇਖੋਂ: ਡਾਕਟਰ ਸਾਹਿਬ,ਮਹੱਤਵਪੂਰਣ ਹੋਣ ਦੇ ਨਾਲ਼ ਨਾਲ਼ ਆਪ ਜੀ ਦੇ ਇਸ ਪ੍ਰਸ਼ਨ ਦਾ ਵਿਸ਼ਾ ਵੀ ਬਹੁਤ ਚਿੰਤਾਜਨਕ ਹੈ॥ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਕੱਲ੍ਹ ਦਾ ਨੌਜੁਆਨ ਵਰਗ ਧਰਮ ਤੋਂ ਦੂਰ ਜਾ ਰਿਹਾ ਹੈ ਜਿਸ ਦੇ ਕਈ ਕਾਰਨ ਹਨ॥ ਮੇਰੇ ਵਿਚਾਰ ਵਿੱਚ ਵਧੇਰੇ ਪੜ੍ਹਿਆ ਲਿਖਿਆ ਹੋਣਾ ਅਤੇ ਤਕਨਾਲੋਜੀ ਨਾਲ਼ ਲੈਸ ਹੋਣਾ ਹੀ ਇੱਕ ਵੱਡਾ ਕਾਰਨ ਹੈ॥ ਵਧੇਰੇ ਪੜ੍ਹ ਲਿਖ ਜਾਣ ਨਾਲ ਮਨੁੱਖ ਜ਼ਿਆਦਾ ਤਰਕਸ਼ੀਲ ਹੋ ਜਾਂਦਾ ਹੈ ਅਤੇ ਹਰ ਗੱਲ ਤੇ ਪ੍ਰਸ਼ਨ ਕਰਦਾ ਹੈ॥ ਧਰਮ ਦੇ ਸਬੰਧ ਵਿੱਚ ਹਰ ਸੁਆਲ ਦਾ ਉੱਤਰ ਦੇ ਸਕਣਾ ਕਈ ਵਾਰ ਸੰਭਵ ਨਹੀਂ ਹੁੰਦਾ ਜਿਸਦੀ ਘਾਟ ਕਰਕੇ ਉਹਨਾਂ ਦੀ ਤਸੱਲੀ ਨਹੀਂ ਹੁੰਦੀ॥ ਤਸੱਲ਼ੀ ਨਾਂ ਹੋਣ ਦੀ ਸਥਿਤੀ ਵਿੱਚ ਉਹ ਕਈ ਵਾਰ ਧਰਮ ਤੋਂ ਦੂਰ ਹੋਣ ਲਗ ਪੈਂਦੇ ਹਨ॥ ਤਕਨਾਲੋਜੀ ਦੀ ਹੋਂਦ ਉਹਨਾਂ ਦੇ ਕਈ ਵਿਸ਼ਵਾਸਾਂ ਤੇ ਹੋਰ ਵੀ ਸੱਟ ਮਾਰਦੀ ਹੈ॥ ਉਦਾਹਰਣ ਵਜੋਂ ਜਦ ਉਹ ਪੁੱਛਦੇ ਹਨ ਕਿ ਇੱਕ ਸਿੱਖ ਲਈ ਕੇਸ ਰੱਖਣੇ ਕਿਉਂ ਜ਼ਰੂਰੀ ਹਨ,ਤਾਂ ਆਮ ਲੋਕਾਂ ਦੀ ਗੱਲ ਤਾਂ ਦੂਰ,ਸਾਡੇ ਬਹੁਤੇ ਧਾਰਮਿਕ ਆਗੂ ਵੀ ਉਹਨਾਂ ਨੂੰ ਤਸੱਲੀਬਖ਼ਸ਼ ਉੱਤਰ ਦੇਣ ਦੇ ਅਸਮਰਥ ਹੁੰਦੇ ਹਨ ਜਿਸ ਕਰਕੇ ਉਹ ਕੇਸ ਕਤਲ ਕਰਾਉਣ ਲਈ ਤਿਆਰ ਹੋ ਜਾਂਦੇ ਹਨ॥ ਇਸ ਦੇ ਨਾਲ਼ ਨਾਲ਼ ਉਹਨਾਂ ਕੋਲ਼ ਇੰਟਰਨੈੱਟ ‘ਤੇ ਦਿਲਚਸਪੀ ਦੇ ਇੰਨੇ ਸਾਧਨ ਹਨ ਕਿ ਉਹਨਾਂ ਨੂੰ ਧਰਮ ਬਾਰੇ ਜਾਣਕਾਰੀ ਲੈਣ ਲਈ ਨਾ ਤਾਂ ਸਮਾਂ ਹੀ ਹੈ ਅਤੇ ਨਾ ਹੀ ਦਿਲਚਸਪੀ॥
ਨੰਬਰ ਦੋ ਤੇ ਸਾਡੇ ਧਾਰਮਿਕ ਆਗੂ ਆਉਂਦੇ ਹਨ ਜਿਹੜੇ ਧਰਮ ਪ੍ਰਚਾਰ ਲਈ ਕੁਝ ਵੀ ਨਹੀਂ ਕਰ ਰਹੇ॥ ਸ਼ਾਇਦ ਇਸਦਾ ਦਾ ਇੱਕ ਕਾਰਨ ਇਹ ਵੀ ਹੋਵੇ ਕਿ ਸਾਡੀਆਂ ਧਾਰਮਿਕ ਸੰਸਥਾਵਾਂ ‘ਤੇ ਰਾਜਨੀਤੀ ਭਾਰੂ ਹੋ ਗਈ ਹੈ॥ ਜਦ ਸਾਡੇ ਵੱਡੇ ਵੱਡੇ ਨੇਤਾ ਹਰ ਡੇਰੇ ਤੇ ਜਾ ਮੱਥਾ ਟੇਕਦੇ ਹਨ,ਤਾਂ ਆਮ ਜਨਤਾ ਨੇ ਉਹਨਾਂ ਕੋਲੋਂ ਕੀ ਸਿੱਖਿਆ ਲੈਣੀ ਹੈ?ਸਾਡੇ ਗੁਰਦੁਆਰਿਆਂ ਨੂੰ ਇੰਨੀ ਆਮਦਨ ਹੋ ਰਹੀ ਹੈ ਕਿ ਹਰ ਇੱਕ ਦੀ ਅੱਖ ਕੇਵਲ ਗੁਰੂ ਦੀ ਗੋਲਕ ‘ਤੇ ਹੀ ਹੈ॥ ਕਿਸੇ ਨੂੰ ਵੀ ਸਿੱਖੀ ਨੂੰ ਫੈਲਾਉਣ ਦਾ ਕੋਈ ਸ਼ੌਕ ਨਹੀਂ ਅਤੇ ਨਾ ਹੀ ਸਿੱਖਾਂ ਦੀ ਦਿੱਖ ਦੀ ਨਿੱਘਰਦੀ ਜਾ ਰਹੀ ਹਾਲਤ ਦਾ ਕਿਸੇ ਨੂੰ ਕੋਈ ਦਰਦ ਹੈ॥ ਪਰ,ਜਿੱਥੇ ਤਕਨਾਲੋਜੀ ਦੇ ਕੁਝ ਨੁਕਸਾਨ ਹਨ,ਉਥੇ ਇਸ ਦੇ ਲਾਭ ਵੀ ਬਹੁਤ ਹਨ॥ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਗੁਰਬਾਣੀ ਦਾ ਪਰਚਾਰ ਕਰਨਾ ਚਾਹੀਦਾ ਹੈ ਅਤੇ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁਚਾਉਣਾ ਚਾਹੀਦਾ ਹੈ॥ ਪਰ ਜਿਵੇਂ ਮੈਂ ਬੇਨਤੀ ਕਰ ਚੁੱਕਾ ਹਾਂ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਰਾਜਸੀ ਨੇਤਾਵਾਂ ਦਾ ਹੱਥ ਠੋਕਾ ਹੀ ਬਣ ਕੇ ਰਹਿ ਗਈਆਂ ਹਨ॥
-------------------------------------------------------------------------------------------------------------------------------------
Dr. Devinder Pal Singh, M.Sc. Ph.D., Director, Centre for Understanding Sikhism, is a teacher and writer by profession. He specializes in writing on scientific, environmental and religious topics. He has about 21 books, 1000 articles and 70+ TV/Youtube presentations to his credit in these fields, till date. He lives in Mississauga, Ontario, Canada.
 
Last edited:

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

]This is a shabad mentioned by respected member Gyani ji a few times so I was keen to explore further. I have given the shabad and literal word meanings. Please have a go at putting these together...

SPN on Facebook

...
Top