Literature - ਕਿਤਾਬ: ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ; ਲੇਖਕ: ਕੁਲਵੰਤ ਸਿੰਘ, ਰਿਵਿਊਕਰਤਾ: ਡਾ. ਦੇਵਿੰਦਰ ਪਾਲ ਸਿੰਘ | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Literature ਕਿਤਾਬ: ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ; ਲੇਖਕ: ਕੁਲਵੰਤ ਸਿੰਘ, ਰਿਵਿਊਕਰਤਾ: ਡਾ. ਦੇਵਿੰਦਰ ਪਾਲ ਸਿੰਘ

drdpsn

Writer
SPNer
Apr 7, 2006
53
52
Nangal, India
ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ


20591
20588


ਪੁਸਤਕ ਦਾ ਨਾਮ: ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ
ਲੇਖਕ: ਸ. ਕੁਲਵੰਤ ਸਿੰਘ, ਕੈਨੇਡਾ
ਪ੍ਰਕਾਸ਼ਕ : ਸ. ਕੁਲਵੰਤ ਸਿੰਘ,
ਰਾਹੀਂ ਗਰੋਵਰ ਪ੍ਰਿਟਿੰਗ ਪ੍ਰੈਸ, ਅੰਮ੍ਰਿਤਸਰ, ਇੰਡੀਆ।
ਪ੍ਰਕਾਸ਼ ਸਾਲ : 2018, ਕੀਮਤ: ਅੰਕਿਤ ਨਹੀਂ ; ਪੰਨੇ: 272
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ ਅਤੇ ਐਜੂਕੇਸ਼ਨਲ ਸਲਾਹਕਾਰ, ਕੈਂਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੇਨੈਡਾ।

"ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ" ਕਿਤਾਬ ਦੇ ਲੇਖਕ ਸ. ਕੁਲਵੰਤ ਸਿੰਘ, ਜਿਥੇ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਹਨ ਉਥੇ ਉਨ੍ਹਾਂ ਦਾ ਜਨ-ਸਾਹਿਤ ਅਤੇ ਪੰਜਾਬੀ ਮਾਂ-ਬੋਲੀ ਨਾਲ ਪਿਆਰ ਬਹੁਤ ਹੀ ਡੂੰਘਾ ਹੈ। ਬਾਲਕ ਕੁਲਵੰਤ ਦਾ ਜਨਮ, ਸੰਨ 1946 ਵਿਚ, ਚੜ੍ਹਦੇ ਪੰਜਾਬ ਦੇ ਪਿੰਡ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਿਤਾ ਸ. ਗੁਰਬਖਸ਼ ਸਿੰਘ ਅਤੇ ਮਾਤਾ ਵਰਿਆਮ ਕੌਰ ਦੇ ਘਰ ਵਿਚ ਹੋਇਆ । ਮੁੱਢਲੀ ਸਿੱਖਿਆ ਆਪ ਨੇ ਸਰਕਾਰੀ ਸਕੂਲ, ਰਾਜਾਸਾਂਸੀ ਤੋਂ ਪ੍ਰਾਪਤ ਕੀਤੀ। ਉਪਰੰਤ ਆਪ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ. ਏ., ਅਤੇ ਬੀ. ਐੱਡ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਪੜਾਈ ਪੂਰੀ ਹੁੰਦਿਆਂ ਹੀ ਆਪ ਨੇ ਟੈਲੀਫੋਨ ਐਕਸਚੇਂਜ, ਅੰਮ੍ਰਿਤਸਰ ਵਿਖੇ ਸੇਵਾ ਸੰਭਾਲੀ। ਪੰਜਾਬੀ ਸਾਹਿਤ ਨਾਲ ਲਗਾਉ ਅਤੇ ਹੋਰ ਨਵਾਂ ਜਾਨਣ ਦੀ ਲਲਕ ਕਾਰਣ ਆਪ ਨੇ ਜਲਦੀ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ. ਏ. (ਪੰਜਾਬੀ) ਦੀ ਪੜ੍ਹਾਈ ਵੀ ਪੂਰੀ ਕਰ ਲਈ। ਬੀਬਾ ਰਾਣੀ ਕੌਰ ਨਾਲ ਸ਼ਾਦੀ ਹੋਣ ਦੇ ਜਲਦੀ ਹੀ ਪਿਛੋਂ ਆਪ ਕੈਨੇਡਾ ਆ ਕੇ ਵੱਸ ਗਏ। ਪਿਛਲੇ ਲਗਭਗ 45 ਸਾਲਾਂ ਤੋਂ ਕੈਨੇਡਾ ਵਿਚ ਵਸ ਰਹੇ ਸ। ਕੁਲਵੰਤ ਸਿੰਘ ਨੇ ਜੀਵਨ ਦੇ ਅਨੇਕ ਉਤਰਾਵਾਂ-ਚੜ੍ਹਾਵਾਂ ਵਿਚੋਂ ਗੁਜ਼ਰਦਿਆਂ ਜਿਥੇ "ਸਿੰਘ ਫੋਮ" ਦੇ ਨਾਂ ਹੇਠ ਸਫ਼ਲ ਬਿਜ਼ਨੈੱਸ ਦੀ ਸਥਾਪਨਾ ਕੀਤੀ ਹੈ ਉਥੇ ਉਸ ਨੇ ਪੰਜਾਬੀ ਮਾਂ-ਬੋਲੀ ਨਾਲ ਆਪਣੇ ਪਿਆਰ ਨੂੰ ਵੀ ਫਿੱਕਾ ਨਹੀਂ ਪੈਣ ਦਿੱਤਾ। ਉਸ ਨੇ ਹੁਣ ਤਕ ਤਿੰਨ ਕਿਤਾਬਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਪਾਈਆਂ ਹਨ। ਉਸ ਦੀ ਚੋਥੀ ਕਿਤਾਬ ਪ੍ਰਕਾਸ਼ਨ ਅਧੀਨ ਹੈ।

ਸ. ਕੁਲਵੰਤ ਸਿੰਘ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਸਿੱਖੀ ਸਿਧਾਤਾਂ ਅਨੁਸਾਰ ਜੀਵਨ ਜੀਊਣ, ਪੰਜਾਬੀ ਮਾਂ-ਬੋਲੀ ਵਿਚ ਜਨ-ਸਾਹਿਤ ਰਚਨਾ ਕਾਰਜਾਂ ਤੇ ਸਮਾਜ ਭਲਾਈ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ। ਆਪ ਦੀ ਪ੍ਰੇਰਨਾ ਅਤੇ ਵਿੱਤੀ ਸਹਿਯੋਗ ਸਦਕਾ ਆਪ ਦੇ ਸਪੁੱਤਰ ਪ੍ਰੇਮ ਸਿੰਘ ਦੁਆਰਾ ਪਰਵਾਸੀਆਂ ਨੂੰ ਦਰਪੇਸ਼ ਸੱਮਸਿਆਵਾਂ ਨੂੰ ਰਾਸ਼ਟਰੀ ਪੱਧਰ ਉੱਤੇ ਉਜਾਗਰ ਕਰਨ ਲਈ ਬਹੁਤ ਹੀ ਮਹੱਤਵਪੂਰਣ ਫਿਲਮ "ਟਾਈਗਰ" (2018) ਬਣਾਈ ਗਈ ਹੈ। ਜੋ ਕੈਨੇਡਾ ਅਤੇ ਅਨੇਕ ਹੋਰ ਦੇਸ਼ਾ ਵਿਚ ਬਹੁਤ ਹੀ ਮਕਬੂਲ ਹੋਈ ਹੈ। "ਟਾਈਗਰ ਫਿਲਮ" ਇਕ ਗੁਰਸਿੱਖ ਪਰਦੀਪ ਸਿੰਘ ਨਾਗਰਾ ਦੁਆਰਾ ਬਾਕਸਿੰਗ ਦੇ ਖੇਤਰ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋ ਜਹਿਦ ਕਰਣ ਦੀ ਸੱਚੀ ਕਹਾਣੀ ਨੂੰ ਪੇਸ਼ ਕਰਦੀ ਹੈ।

"ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ" ਸ. ਕੁਲਵੰਤ ਸਿੰਘ ਦੀ ਤੀਸਰੀ ਪੁਸਤਕ ਹੈ। ਜਿਸ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ ਅਨੇਕ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਪੁਸਤਕ ਅਜੋਕੇ ਜੀਵਨ ਚਲਣ ਦੇ ਵਿਭਿੰਨ ਪਹਿਲੂਆਂ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕਰਦੀ ਹੈ। ਲੇਖਕ ਨੇ ਕਿਤਾਬ ਦੇ ਸੰਪਾਦਕੀ ਲੇਖ ਵਿਚ ਕਿਤਾਬ ਦਾ ਮਕਸਦ ਵਰਨਣ ਕਰਦੇ ਲਿਖਿਆ ਹੈ ਕਿ ਇਸ ਕਿਤਾਬ ਦੇ ਲਫ਼ਜ਼, ਸਤਰਾਂ ਤੇ ਕਹਾਣੀਆਂ, ਜੋ ਵੀ ਮੈਨੂੰ ਚੰਗੀਆਂ ਲੱਗੀਆਂ, ਉਹ ਪਾਠਕਾਂ ਦੀ ਨਜ਼ਰ ਪੇਸ਼ ਕਰ ਰਿਹਾ ਹਾਂ। ਆਸ ਹੈ ਕਿ ਇਹ ਸਤਰਾਂ ਕਿਸੇ ਦੇ ਕੰਮ ਆ ਸਕਣ, ਕਿਸੇ ਨੂੰ ਸਕੂਨ ਮਿਲ ਸਕੇ, ਕਿਸੇ ਨੁੰ ਰਾਹ ਦਿਖਾ ਦੇਣ। ਲੇਖਕ, ਇਨ੍ਹਾਂ ਰਚਨਾਵਾਂ ਦੀ ਮੌਲਿਕਤਾ ਦਾ ਦਾਅਵਾ ਨਹੀਂ ਕਰਦਾ, ਸਿਰਫ਼ ਆਪਣੀ ਮਨਪਸੰਦੀਦਗੀ ਕਾਰਣ ਹੋਰਨਾਂ ਨਾਲ ਇਨ੍ਹਾਂ ਨੂੰ ਸਾਝਾਂ ਕਰਨ ਦੀ ਖੁਸ਼ੀ ਲੈਣ ਦਾ ਜ਼ਿਕਰ ਕਰਦਾ ਹੈ।

ਕਿਤਾਬ ਵਿਚ ਛੋਹੇ ਗਏ ਵਿਸ਼ਿਆਂ ਦੀ ਵਿਭਿੰਨਤਾ ਤੇ ਵਿਸ਼ਾਲਤਾ ਬੇਮਿਸਾਲ ਹੈ। ਕਿਧਰੇ ਕਾਵਿਕ ਰਚਨਾਵਾਂ ਦਾ ਬੋਲਬਾਲਾ ਹੈ ਤਾਂ ਕਿਧਰੇ ਮਨੋਵਚਨੀ ਵਾਰਤਾਲਾਪ ਦਾ। ਕਿਧਰੇ ਬਜ਼ੁਰਗੀ ਭਰੀ ਨਸੀਅਤ ਦੀ ਦੱਸ ਪੈਂਦੀ ਹੈ ਤੇ ਕਿਧਰੇ ਦੋਸਤਾਂ-ਮਿੱਤਰਾਂ ਨਾਲ ਸਜੀ ਮਹਿਫ਼ਲ ਵਿਚੋਂ ਉੱਠ ਰਹੀ ਹਾਸਿਆਂ ਦੀ ਛਣਕਾਰ ਸੁਣਾਈ ਦਿੰਦੀ ਹੈ। ਕਿਤਾਬ ਵਿਚ ਭਾਸ਼ਾਈ ਵੰਨਸੁਵੰਨਤਾ ਵੀ ਹੈ- ਬੇਸ਼ਕ ਪੰਜਾਬੀ ਭਾਸ਼ਾ ਨੇ ਮਾਲੀ ਲੁੱਟੀ ਹੈ ਪਰ ਕਿਧਰੇ ਕਿਧਰੇ ਅੰਗਰੇਜ਼ੀ ਭਾਸ਼ਾ ਵੀ ਲੁਕਣਮੀਟੀ ਖੇਲਦੀ ਨਜ਼ਰ ਆਉਂਦੀ ਹੈ। ਕਿਤਾਬ ਦੇ ਤਿੰਨ ਭਾਗ ਹਨ। ਪਹਿਲਾ ਭਾਗ ਪ੍ਰਭੂ ਪਿਆਰ ਦੇ ਸੰਦੇਸ਼ ਨਾਲ ਸ਼ੁਰੂ ਹੁੰਦਾ ਹੈ ਅਤੇ "ਬਹੁਤ ਸੁੰਦਰ ਸ਼ਬਦ" ਦੇ ਸਿਰਲੇਖ ਨਾਲ ਗੱਲਾਂ ਗੱਲਾਂ ਵਿਚ ਹੀ ਜ਼ਿਦਗੀ ਦੇ ਅਨੇਕ ਭੇਦ ਸਾਂਝੇ ਕਰ ਜਾਂਦਾ ਹੈ। ਗਿਆਨ, ਦੌਲਤ ਤੇ ਵਿਸ਼ਵਾਸ ਦੇ ਰਾਹਾਂ ਦੀ ਦੱਸ ਪਾਉਂਦਾ ਹੈ। ਸਿਹਤਯਾਬ ਜਿੰæਦਗੀ ਦੇ ਨੁਸਖੇ ਦੱਸਦਾ ਹੈ। ਸ. ਕੁਲਵੰਤ ਸਿੰਘ, ਮਨੁੱਖੀ ਜ਼ਿੰਦਗੀ ਵਿਚ ਪਿਆਰ ਦੀ ਮਹੱਤਤਾ ਦਾ ਜ਼ਿਕਰ ਇੰਝ ਕਰਦੇ ਹਨ; "ਬਹੁਤ ਆਸਾਨ ਹੈ ਜਮੀਂ ਪਰ ਘਰ ਬਣਾ ਲੈਣਾ। ਜ਼ਿੰਦਗੀ ਗੁਜ਼ਰ ਜਾਤੀ ਹੈ ਕਿਸੀ ਕੇ ਦਿਲ ਮੇਂ ਘਰ ਬਨਾਣੇ ਕੇ ਲੀਏ।"

"ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ" ਕਿਤਾਬ ਦਾ ਦੂਜਾ ਭਾਗ "ਮਿੱਟੀ" ਦੀ ਮਹੱਤਤਾ ਵਾਲੀ ਕਾਵਿ ਵੰਨਗੀ ਨਾਲ ਖੁੱਲਦਾ ਹੈ। "ਜ਼ਿੰਦਗੀ ਕੀ ਏ?" ਦੇ ਸਿਰਲੇਖ ਵਾਲਾ ਇਹ ਭਾਗ, ਜੀਵਨ ਦੀਆਂ ਤਰਜ਼ੀਹਾਂ, ਜੀਵਨ ਦੇ ਕੌੜੇ ਸੱਚਾਂ, ਅਤੇ ਪਿਤਾ ਦੀ ਨਸੀਹਤ ਦਾ ਬਿਆਨ ਕਰਦੇ ਹੋਏ ਅਨੇਕ ਅਟੱਲ ਸਚਾਈਆਂ ਦੀ ਦੱਸ ਪਾ ਜਾਦਾ ਹੈ। ਲੇਖਕ ਦਾ ਵਿਖਿਆਨ ਹੈ; "ਜਹਾਂ ਸਿਰ ਝੁਕ ਜਾਏ, ਵਹੀ ਖੁਦਾ ਕਾ ਘਰ ਹੈ। ਜਹਾਂ ਨਦੀ ਮਿਲ ਜਾਏ, ਵਹੀਂ ਸਮੁੰਦਰ ਹੈ। ਇਸ ਜ਼ਿੰਦਗੀ ਮੇਂ ਦਰਦ ਤੋ ਸਭ ਦੇਤੇ ਹੈ, ਜੋ ਦਰਦ ਕੋ ਸਮਝ ਸਕੇ ਵਹੀ ਹਮਦਰਦ ਹੈ।" ਕਿਤਾਬ ਦਾ ਤੀਸਰਾ ਭਾਗ "ਵਹੁਟੀਆਂ ਨੂੰ ਖੁਸ਼ ਰੱਖਣ ਦੇ ਨੁਸਖੇ" ਨਾਮੀ ਰਚਨਾ ਨਾਲ ਆਰੰਭ ਹੁੰਦਾ ਹੈ। ਜੋ ਬਹੁਤ ਹੀ ਰਸਭਰੀ ਰੋਚਕ ਕਾਵਿ ਰਚਨਾ ਹੈ। ਸ. ਕੁਲਵੰਤ ਸਿੰਘ ਦਾ ਕਹਿਣਾ ਹੈ: "ਵਹੁਟੀ ਤੇ ਲਾੜਾ ਹੁੰਦੇ, ਪਹੀਏ ਇਕ ਗੱਡੀ ਦੇ। ਰਲ ਮਿਲ ਗੱਡੀ ਚਲਾ ਲਿਆ ਕਰੋ। ਇਕੱਠੇ ਭਾਡੇ ਰਹਿਣ ਸਦਾ ਖੜ-ਖੜ ਕਰਦੇ। ਨਿੱਕੀ ਜਿਹੀ ਗੱਲ ਦਾ ਪਹਾੜ ਨਾ ਬਣਾ ਲਿਆ ਕਰੋ।"..... "ਰੁੱਸ ਜਾਏ ਵਹੁਟੀ ਤਾਂ ਮਨਾ ਲਿਆ ਕਰੋ। ਸੋਰੀ ਕਹਿ ਕੇ ਭੁੱਲ ਬਖ਼ਸਾ ਲਿਆ ਕਰੋ।" ਅਨੇਕ ਵੰਨ-ਸੁਵੰਨੇ ਵਿਚਾਰਾਂ ਨਾਲ ਸੁਸਜਿਤ ਇਹ ਭਾਗ, ਔਰਤ ਦੀ ਮਹੱਤਤਾ ਬਾਰੇ ਗੱਲ ਕਰਦੇ ਇਸ ਕਥਨ ਨਾਲ ਸੰਪਨ ਹੁੰਦਾ ਹੈ; "ਕੁਝ ਲੋਕ ਕਹਿੰਦੇ ਨੇ, ਔਰਤ ਦਾ ਕੋਈ ਘਰ ਨਹੀੰ ਹੁੰਦਾ। ਲੇਕਿਨ ਮੇਰਾ ਯਕੀਨ ਹੈ ਕਿ ਔਰਤ ਤੋਂ ਬਿਨਾਂ ਕੋਈ ਘਰ ਘਰ ਨਹੀਂ ਹੁੰਦਾ।"

ਸ. ਕੁਲਵੰਤ ਸਿੰਘ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਜੀਵਨ ਦੇ ਸਿੱਧਰੇ-ਪੱਧਰੇ ਸੱਚਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ ਹਿਆ ਹੈ। ਉਸ ਨੇ ਜੀਵਨ ਪ੍ਰਤਿ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਹ ਇਕ ਵਧੀਆ ਕਿਤਾਬ ਹੈ ਜੋ ਅਜੋਕੇ ਜੀਵਨ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਅਨੇਕ ਸਮਾਜਿਕ ਸਕੰਲਪਾਂ, ਧਾਰਨਾਵਾਂ ਤੇ ਵਰਤਾਰਿਆਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ।

ਸ. ਕੁਲਵੰਤ ਸਿੰਘ, ਇਕ ਚੰਗੇ ਗੁਰਸਿੱਖ, ਸਫ਼ਲ ਬਿਜ਼ਨੈੱਸ ਮੈਨ, ਸਾਹਿਤਕ ਸਰਗਰਮੀਆਂ ਤੇ ਸਮਾਜ-ਸੇਵਾ ਦਾ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਕੁਲਵੰਤ ਸਿੰਘ ਆਪਣੀ ਸੂਝ-ਬੂਝ ਤੇ ਸਰਲਤਾ ਭਰੀ ਰਵਾਨਗੀ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਕਿਤਾਬ ਦਾ ਸਰਵਰਕ ਚਹੁ-ਰੰਗਾ ਹੈ। ਡੀਲਕਸ ਬਾਇਡਿੰਗ ਵਾਲੀ ਅਤੇ ਵਧੀਆ ਗੁਣਤਾ ਵਾਲੇ ਕਾਗਜ਼ ਉੱਤੇ ਛਪੀ, ਇਹ ਰਚਨਾ, ਸੁੰਦਰ ਛਪਾਈ ਵਾਲੀ ਹੈ ਅਤੇ ਟਾਇਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ। ਜੋ ਨੈਤਿਕਤਾ ਭਰਭੂਰ ਜੀਵਨ ਜਿਊਣ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਕਰਾਉਣ ਵਿਚ ਨਵੀਂ ਪਿਰਤ ਪਾਉਂਦਾ ਨਜ਼ਰ ਆਉੰਦਾ ਹੈ। ਆਸ ਹੈ ਹੋਰ ਸਾਹਿਤ ਪ੍ਰੇਮੀ ਤੇ ਰਚਨਾਕਾਰ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਚੰਗੇਰੇ ਤੇ ਖੁਸ਼ਹਾਲ ਜੀਵਨ ਜੀਊਣ ਦੇ ਢੰਗਾਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੇ। "ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ" ਰੋਜ਼ਾਨਾ ਜੀਵਨ ਸੰਬੰਧਤ ਗਿਆਨ ਦਾ ਸਾਗਰ ਹੈ। ਇਹ ਇਕ ਅਜਿਹੀ ਕਿਤਾਬ ਹੈ ਜੋ ਹਰ ਪਿੰਡ ਦੇ ਥੜੇ ਉੱਤੇ ਲੱਗਦੀਆਂ ਮਹਿਫਲਾਂ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੇ ਸਮਾਜ ਦਾ ਹਰ ਅੰਗ - ਬਜ਼ੁਰਗ, ਬੱਚੇ ਤੇ ਨੋਜੁਆਨ, ਚੰਗੇ, ਸਫਲ਼ ਤੇ ਖੁਸ਼ਹਾਲ ਜੀਵਨ ਦੇ ਆਸ਼ਿਆਂ ਤੇ ਭੇਤਾਂ ਦਾ ਸਹੀ ਰੂਪ ਸਮਝ, ਤੇ ਉਨ੍ਹਾਂ ਅਨੁਸਾਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।

------------------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ। ਈਮੇਲ: drdpsn@gmail.com
 

Attachments

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Featured Shabad

This shabad is on Ang 201. It is one that is frequently taught early on in kirtan classes to children but the meaning never explained but is quite a simple shabad. As previously, literal English...

SPN on Facebook

...
Top