• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਪੁਸਤਕ ਰਿਵੀਊ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਸ ਤੇ ਭਾਵ

dalvinder45

SPNer
Jul 22, 2023
588
36
79
ਪੁਸਤਕ ਰਿਵੀਊ:

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਸ ਤੇ ਭਾਵ

ਲੇਖਕ ਡਾ: ਦਲਵਿੰਦਰ ਸਿੰਘ ਗ੍ਰੇਵਾਲ,
ਪ੍ਰਕਾਸ਼ਕ: ਬਾਬਾ ਸੁਚਾ ਸਿੰਘ ਗੁਰਮਤਿ ਸੰਗੀਤ ਅਕਾਦਮੀ, ਸਾਲ 2022, ਪੰਨੇ 182, ਕੀਮਤ 480/-

ਰਿਵੀਊ ਕਰਤਾ ਡਾ ਨਿਵੇਦਿਤਾ ਸਿੰਘ


ਰਸ ਭਾਵ ਦਾ ਵਿਸ਼ਾ ਸਦਾ ਤੋਂ ਹੀ ਕਲਾ ਵਿਦਵਾਨਾਂ ਤੇ ਸੁਹਜ-ਸ਼ਾਸਤਰੀਆਂ ਦੀ ਜਿਗਿਆਸਾ ਤੇ ਚਿੰਤਨ ਦਾ ਵਿਸ਼ਾ ਰਿਹਾ ਹੈ। ਭਾਰਤੀ ਸੁਹਜ-ਸ਼ਾਸਤਰ ਸਦੀਆਂ ਪੂਰਵ ਹੀ ਸਥਾਪਿਤ ਹੋ ਗਿਆ ਸੀ। ਆਰੰਭ ਵਿਚ ਇਹ ਕਾਵਿ-ਸ਼ਾਸਤਰ ਕਹਿਲਾਉਂਦਾ ਸੀ। ਭਰਤ ਮੁਨੀ ਨੇ ਆਪਣੇ ਗ੍ਰੰਥ ਨਾਟਯ ਸ਼ਾਸਤਰ ਵਿਚ ਰਸ-ਸਿਧਾਂਤ ਦਾ ਵਿਧੀਵਤ ਵਰਣਨ ਕੀਤਾ ਹੈ। ਇਹ ਵਰਣਨ ਐਨੀ ਬਾਰੀਕ ਬੀਨੀ ਨਾਲ ਕੀਤਾ ਗਿਆ ਹੈ ਕਿ ਕਲਾ ਨੂੰ ਪ੍ਰਸਤੁਤ ਅਤੇ ਗ੍ਰਹਿਣ ਕਰਨ ਨਾਲ ਸਬੰਧਿਤ ਮਨੁੱਖੀ ਮਨੋਵਿਗਿਆਨ ਅਤੇ ਮਨੋਬਿਰਤੀਆਂ ਦੀ ਇਸ ਤੋਂ ਤਰਕਪੂਰਨ ਤੇ ਵਿਸਥਾਰਪੂਰਨ ਵਿਆਖਿਆ ਹੋਰ ਨਹੀਂ ਹੋ ਸਕਦੀ। ਭਰਤ ਤੋਂ ਬਾਅਦ ਦੇ ਸਾਰੇ ਗ੍ਰੰਥਕਾਰਾਂ, ਕਲਾ-ਸ਼ਾਸਤਰੀਆਂ ਨੇ ਇਸੇ ਸਿਧਾਂਤ ਨੂੰ ਆਧਾਰ ਬਣਾ ਕੇ ਵਿਆਖਿਆ ਕੀਤੀ ਹੈ। ਭਾਰਤ ਦੇ ਸਮੁੱਚੇ ਲਲਿਤ ਕਲਾ ਰੂਪ ਇਸੇ ਰਸ-ਸਿਧਾਂਤ ਦੀ ਕਸੌਟੀ ’ਤੇ ਵਿਸ਼ਲੇਸ਼ਿਤ ਕੀਤੇ ਜਾਂਦੇ ਹਨ, ਪਰਖੇ ਜਾਂਦੇ ਹਨ।​

ਲੇਖਕ ਡਾ ਦਲਵਿੰਦਰ ਸਿੰਘ ਗ੍ਰੇਵਾਲ ਦੀ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਸ ਤੇ ਭਾਵਰਸ-ਸਿਧਾਂਤ ਦੀ ਦ੍ਰਿਸ਼ਟੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਨਿਰੂਪਣ ਕਰਦੀ ਹੋਈ ਰਚਨਾ ਹੈ ਅਤੇ ਇਸ ਖੇਤਰ ਵਿਚ ਨਿੱਗਰ ਕਾਰਜ ਹੈ। ਪੰਜਾਬੀ ਭਾਸ਼ਾ ਵਿੱਚ ਰਸ ਅਤੇ ਭਾਵ ਦੀ ਸਟੀਕ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਬਹੁਤ ਹੀ ਘੱਟ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਪੁਰਾਤਨ ਗ੍ਰੰਥਾਂ ਦੇ ਹਵਾਲਿਆਂ ਨਾਲ ਰਸ ਅਤੇ ਭਾਵ ਦੀ ਵਿਆਖਿਆ ਬੜੇ ਸਰਲ ਪਰ ਅਰਥ ਭਰਪੂਰ ਢੰਗ ਨਾਲ ਕੀਤੀ ਗਈ ਹੈ। ਭਾਰਤੀ ਸਿਧਾਂਤਕਾਰਾਂ ਦੇ ਨਾਲ-ਨਾਲ ਪੱਛਮੀ ਸੁਹਜ-ਸ਼ਾਸਤਰੀਆਂ ਦੇ ਹਵਾਲੇ ਵੀ ਦਿੱਤੇ ਗਏ ਹਨ ਜੋ ਰਸ ਅਤੇ ਭਾਵ ਦੇ ਸਿਧਾਂਤ ਦੀ ਕੈਨਵਸ ਨੂੰ ਹੋਰ ਵਿਸ਼ਾਲ ਕਰਦੇ ਹਨ। ਲੇਖਕ ਦੇ ਇਹ ਵਿਚਾਰ ਅਤਿਅੰਤ ਸਾਰਥਕ ਹਨ ਕਿ ਰਸ ਪਰਿਭਾਸ਼ਾ-ਮੁਕਤ ਪਰ ਅਨੁਭਵ-ਯੁਕਤ ਹੈ। ਰਸ ਦੇ ਸ੍ਰੋਤ ਸਥਾਈ ਭਾਵ ਦੇ ਨਾਲ-ਨਾਲ ਵਿਭਾਵ, ਅਨੁਭਾਵ ਅਤੇ ਸੰਚਾਰੀ ਭਾਵ ਨੂੰ ਸਹਿਜ ਸ਼ਬਦਾਂ ਵਿਚ ਦਰਸਾਇਆ ਹੈ।

ਭਰਤ ਮੁਨੀ ਵਲੋਂ ਵਰਣਿਤ ਅੱਠ ਰਸਾਂ ਦੇ ਨਾਲ-ਨਾਲ ਬਾਆਦ ਵਿਚ ਜੁੜੇ ਸ਼ਾਂਤ ਰਸ, ਭਗਤੀ ਰਸ ਅਤੇ ਵਤਸਲ ਰਸ ਦੀ ਸਾਰਥਕ ਵਿਆਖਿਆ ਲੇਖਕ ਵਲੋਂ ਕੀਤੀ ਗਈ ਹੈ। ਇਹਨਾਂ ਰਸਾਂ ਦੀ ਭਾਵ ਅਵਸਥਾ ਤੇ ਹੋਰ ਉਪਕਰਣਾਂ ਦੀ ਸੁਚੱਜੀ ਜਾਣਕਾਰੀ ਪੁਸਤਕ ਦਾ ਹਾਸਿਲ ਹੈ।

ਰਸ-ਭਾਵ ਸਿਧਾਂਤ ਜਹੇ ਸਨਾਤਨੀ ਵਿਸ਼ੇ ਨੂੰ ਗੁਰਬਾਣੀ ਤੋਂ ਵਾਚਣਾ ਜਾਂ ਦੂਸਰੇ ਸ਼ਬਦਾਂ ਵਿਚ ਕਹੀਏ ਗੁਰਬਾਣੀ ਦੇ ਕਾਵਿ ਅਤੇ ਦਰਸ਼ਨ ਨੂੰ ਇਸ ਸਿਧਾਂਤ ਦੇ ਸੰਦਰਭ ਵਿਚ ਵਿਸ਼ਲੇਸ਼ਿਤ ਕਰਨਾ ਇੱਕ ਕਠਿਨ ਅਤੇ ਮਹੀਨ ਕਾਰਜ ਹੈ। ਪੁਸਤਕ ਦੇ ਅਗਲੇਰੇ ਭਾਗ ਵਿਚ ਲੇਖਕ ਨੇ ਇਸ ਨੂੰ ਬਾਖ਼ੂਬੀ ਦਰਸਾਇਆ ਹੈ। ਇਸ ਸੰਦਰਭ ਵਿਚ ਲੇਖਕ ਦੀਆਂ ਇਹ ਸਤਰਾਂ ਮਹੱਤਵਪੂਰਨ ਹਨ- ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਪ੍ਰਮਾਤਮਾ ਨੂੰ ਹੀ ਰਸ, ਰਸ ਭੰਡਾਰ ਤੇ ਸਾਰੇ ਰਸ ਦਾ ਸਵਾਦ ਮਾਨਣ ਵਾਲਾ ਮੰਨਿਆ ਗਿਆ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਅਧਿਆਤਮਕਤਾ ਨੂੰ ਹੀ ਸਾਰੀ ਬਾਣੀ ਦਾ ਧੁਰਾ ਮੰਨਿਆ ਗਿਆ ਹੈ ਤੇ ਭੌਤਿਕ ਵਾਦੀ ਸਬੰਧਾਂ ਜਾਂ ਤੱਤਾਂ ਦੀ ਪ੍ਰਾਥਮਿਕਤਾ ਨਹੀਂ।” ਪਦਾਰਥਕ ਰਸ ਅਤੇ ਕਾਵਿ ਰਸ ਤੋਂ ਨਾਮ ਰਸ ਅਤੇ ‘ਹਰਿ ਰਸ’ ਦੀ ਵਖਰਤਾ, ਅਤੇ ਦੁਨਿਆਵੀ ਤੋਂ ਸਹਿਜ ਅਨੰਦ ਦੀ ਯਾਤਰਾ ਦਾ ਬਖਾਨ ਗੁਰਬਾਣੀ ਵਿਚਲੇ ਰਸ-ਭਾਵ ਨੂੰ ਸਮਝਣ ਵਿਚ ਸਹਾਇਕ ਹੁੰਦੇ ਹਨ। ਲੇਖਕ ਅਨੁਸਾਰ- “ਗੁਰਬਾਣੀ ਵਿਚਲਾ ਰਸ ਅੰਮ੍ਰਿਤ ਰਸ ਹੈ ਜੋ ਨਾਮ ਨਾਲ ਜੁੜਿਆ ਹੈ ਤੇ ਨਾਮ ਜਪਣ, ਧਿਆਉਂਣ ਨਾਲ ਹੀ ਪ੍ਰਾਪਤ ਹੋ ਸਕਦਾ ਹੈ।”

ਗੁਰਬਾਣੀ ਵਿਚਲੇ ਵੱਖ-ਵੱਖ ਰਸਾਂ ਤੇ ਭਾਵਾਂ ਦੀ ਵਿਆਖਿਆ ਕਰਦੇ ਹੋਏ ਲੇਖਕ ਨੇ ਗੁਰਬਾਣੀ ਦੀਆਂ ਵੱਖ-ਵੱਖ ਤੁਕਾਂ ਅਤੇ ਪਦਿਆਂ ਦਾ ਵਿਵੇਕਪੂਰਨ ਪ੍ਰਯੋਗ ਕੀਤਾ ਹੈ। ਚੌਥਾ, ਪੰਜਵਾਂ ਅਤੇ ਛੇਵਾਂ ਅਧਿਆਇ ਸਮੁੱਚੀ ਪੁਸਤਕ ਦਾ ਸਭ ਤੋਂ ਮਹੱਤਵਪੂਰਨ ਅੰਸ਼ ਹੈ ਜਿਸ ਵਿਚ ਗੁਰਬਾਣੀ ਵਿਚਲੇ ਸਾਰੇ ਰਸ-ਭਾਵਾਂ ਦੀ ਵਿਆਖਿਆ ਤਰਕਪੂਰਨ ਢੰਗ ਨਾਲ ਗੁਰਬਾਣੀ ਦੇ ਕਾਵਿ ਰਾਹੀਂ ਹੀ ਕੀਤੀ ਗਈ ਹੈ। ਇਹਨਾਂ ਅਧਿਆਇਆਂ ਵਿਚਲੀ ਸਮਗਰੀ ਗੁਰਬਾਣੀ ਪ੍ਰਤੀ ਲੇਖਕ ਦੀ ਗਹਿਰੀ ਸੋਚ ਤੇ ਗੂੜ੍ਹ ਸਮਝ ਦੀ ਸਾਖਿਆਤ ਸ਼ਾਹਦੀ ਭਰਦੀ ਹੈ।

ਗੁਰਬਾਣੀ ਅਤੇ ਰਸ-ਭਾਵ ਦੀ ਵਿਆਖਿਆ ਕਰਦੇ ਹੋਏ ਲੇਖਕ ਨੇ ਗੁਰਬਾਣੀ ਦੇ ਰਾਗਮਈ ਗਾਇਨ ਦੇ ਰਸਮਈ ਮਹੱਤਵ ਦਾ ਵਿਵੇਚਨ ਅਤਿਅੰਤ ਦਿਲਚਸਪ ਢੰਗ ਨਾਲ ਕੀਤਾ ਹੈ। ਇਸ ਸੰਦਰਭ ਵਿਚ ਲੇਖਕ ਦੀਆਂ ਇਹ ਸਤਰਾਂ ਅਤਿਅੰਤ ਮਹੱਤਵਪੂਰਨ ਹਨ- “ਗੁਰਬਾਣੀ ਦੇ ਰਚਨਾਕਾਰਾਂ ਨੇ ਰਾਗਾਂ ਨੂੰ ਸ਼ਬਦ ਦੇ ਸਰੋਤਿਆਂ ਤੱਕ ਕਾਰਗਰ ਤਰੀਕੇ ਨਾਲ ਪਹੁੰਚਾਉਂਣ ਲਈ ਵਰਤਿਆ। ਗੁਰਬਾਣੀ ਵਿਚਲੇ ਸ਼ਬਦ ਛੰਦਾਬੰਦੀ ਵਿਚ ਸੰਪੂਰਣ, ਅਲੰਕਾਰਾਂ ਨਾਲ ਜੁੜੇ ਤੇ ਰਸ ਨਾਲ ਭਰਪੂਰ ਹਨ।” ਕਿਸੇ ਇਕ ਰਾਗ ਨੂੰ ਇੱਕੋ ਹੀ ਭਾਵ ਨਾਲ ਜੋੜਨ ਦਾ ਜਤਨ ਨਾ ਕਰਦੇ ਹੋਏ ਲੇਖਕ ਨੇ ਲਿਖਿਆ ਹੈ- “ਗੁਰਬਾਣੀ ਦਾ ਇੱਕ ਰਾਗ ਇੱਕ ਹੀ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਨਹੀਂ ਕਰਦਾ ਸਗੋਂ ਕਈ ਰਾਗ ਕਈ ਕਈ ਭਾਵਨਾਵਾਂ ਇੱਕੋ ਰਾਗ ਵਿਚ ਜਗਾ ਦਿੰਦੇ ਹਨ।” ਗੁਰਬਾਣੀ ਵਿਚਲੇ ਰਸਾਂ ਦੇ ਇਸ ਅਦਭੁਤ ਸੁਮੇਲ ਨੂੰ ਗੁਰਬਾਣੀ ਦੀਆਂ ਤੁਕਾਂ ਰਾਹੀਂ ਬੜੇ ਤਰਕਪੂਰਨ ਢੰਗ ਨਾਲ ਪ੍ਰਮਾਣਿਤ ਕਰਨਾ ਲੇਖਕ ਦੀ ਵਿਦਵਤਾ ਦੇ ਸਾਖਿਆਤ ਦਰਸ਼ਨ ਕਰਾਉਂਦਾ ਹੈ।

ਗੁਰਬਾਣੀ ਦੇ ਅਧਿਐਨ ਅਤੇ ਵਿਵੇਚਨ ਦੇ ਖੇਤਰ ਵਿਚ ਇਹ ਪੁਸਤਕ ਨਵੇਂ ਨਰੋਏ ਆਯਾਮ ਦੀ ਸਿਰਜਣਾ ਕਰਦੀ ਹੈ। ਰਸ ਭਾਵ ਦੇ ਸਨਾਤਨੀ ਤੱਤਾਂ ਨੂੰ ਗੁਰਮਤਿ ਦੀ ਵਿਆਖਿਆਕਾਰੀ ਰਾਹੀਂ ਗੁਰਬਾਣੀ ਦੀਆਂ ਤੁਕਾਂ ਦੀ ਸਹਾਇਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਉਂਣਾ ਅਤਿ ਮਹੱਤਵਪੂਰਨ ਕਾਰਜ ਹੋ ਨਿਬੜਿਆ ਹੈ।

ਡਾ ਨਿਵੇਦਿਤਾ ਸਿੰਘ

ਸ਼ਾਸਤਰੀ ਗਾਇਕਾ

ਗੁਰਬਾਣੀ ਕੀਰਤਨਕਾਰ

ਪ੍ਰੋਫ਼ੈਸਰ ਅਤੇ ਮੁਖੀ,

ਸੰਗੀਤ ਵਿਭਾਗ,

ਪੰਜਾਬੀ ਯੂਨੀਵਰਿਸਟੀ, ਪਟਿਆਲਾ

ਸੰਪਰਕ ਨੰ. 98885-15059.​
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top