• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਵਿਚ

Dalvinder Singh Grewal

Writer
Historian
SPNer
Jan 3, 2010
1,089
415
77
ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਵਿਚ

ਕਟਕ ਤੋਂ ਗੁਰੂ ਨਾਨਕ ਦੇਵ ਸਾਹਿਬ ਭੁਬਨੇਸ਼ਵਰ ਰਾਹੀ ਪੁਰੀ ਦੇ ਜਗਨ ਨਾਥ ਮੰਦਿਰ ਪਹੁੰਚੇ । ਪੁਰੀ ਹਿੰਦੂਆਂ ਦੇ ਚਾਰ ਪਵਿਤਰ ਧਾਮਾ ਵਿੱਚੋ ਇਕ ਹੈ । ਸਿਆਣੇ ਦਸਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਪੁਰੀ ਵਿਚ ਅਪਣੇ ਸਾਥੀ ਮਰਦਾਨਾ ਨਾਲ ਪਹੁੰਚੇ ਅਤੇ ਸ਼ਾਮ ਵੇਲੇ ਉਸ ਥਾਂ ਪਹੁੰਚੇ ਜਿਸ ਨੂੰ ਸਵਰਗ ਦਵਾਰ ਦੇ ਨਾਮ ਨਾਲ ਜਾਣਿਆ ਜਾˆਦਾ ਹੈ ।ਉਹ ਭਗਤੀ ਵਿਚ ਲੀਨ ਹੋ ਗਏ । ਮਰਦਾਨੇ ਨੂੰ ਭੁੱਖ ਲਗੀ ਪਰ ਮੁਸਲਿਮ ਹੋਣ ਦੇ ਨਾਤੇ ਉਸ ਨੂੰ ਮਹਾਂਪ੍ਰਸਾਦ ਲਈ ਜਗਨ ਨਾਥ ਮੰਦਿਰ ਨਹੀ ਵੜਣ ਦਿਤਾ ਗਿਆ । ਉਸ ਨੇ ਗੁਰੂ ਨਾਨਕ ਦੇਵ ਸਾਹਿਬ ਨੂੰ ਇਸ ਤਰ੍ਹਾˆ ਦੇ ਸਥਾਨ ਦੀ ਚੋਣ ਤੇ ਦੋਸੀ ਠਹਿਰਾਇਆ ਜਿਥੇ ਉਸ ਨੂੰ ਤੰਗੀ ਦਾ ਸਾਹਮਣਾ ਕਰਨਾ ਪਵੇ । ਉਸੇ ਸਮੇਂ ਅਚਾਨਕ ਕੋਈ ਸਾਹਮਣੇ ਆਇਆ ਅਤੇ ਭੋਜਨ ਪੇਸ਼ ਕੀਤਾ । ਕਹਾਵਤ ਹੈ ਕਿ ਮੰਦਿਰ ਦੇ ਸੋਨੇ ਦੇ ਬਰਤਨਾਂ ਵਿਚ ਭੋਜਨ ਦਿਤਾ ਗਿਆ ਸੀ । ਸੋਨੇ ਦੇ ਬਬਰਤਨ ਗਾਇਬ ਹੋਣ ਕਰਕੇ ਮੰਦਿਰ ਵਿਚ ਹਲਚਲ ਮੱਚ ਗਈ ਜਿਸ ਦੀ ਰਾਜੇ ਨੂੰ ਵੀ ਇਤਲਾਹ ਦਿਤੀ ਗਈ।ਰਾਜੇ ਨੇ ਅਪਣੇ ਸੁਪਨੇ ਵਿਚ ਦੇਖਿਆ ਕਿ ਸੋਨੇ ਦੇ ਬਰਤਨ ਇਕ ਭਗਤੀ ਵਿਚ ਲੀਨ ਸੰਤ ਦੇ ਸਾਹਮਣੇ ਪਏ ਹਨ । ਰਾਜਾ ਉਸ ਸਥਾਨ ਤੇ ਗਿਆ ਅਤੇ ਉਸਨੂੰ ਅਪਣਾ ਸੁਪਨਾ ਸੱਚਾ ਦਿਸਿਆ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਉਹ ਹੀ ਸੰਤ ਪਾਇਆ ਜੋ ਉਸ ਨੇ ਸੁਪਨੇ ਵਿਚ ਦੇਖਿਆ ਸੀ ।ਉਸ ਨੇ ਗੁਰੂ ਜੀ ਦਾ ਨਿਘਾ ਸਵਾਗਤ ਕੀਤਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਉਹ ਪਹਿਲਾਂ ਵੀ ਕਰ ਚੁਕਿਆ ਸੀ। ਪੁਰੀ ਵਿਚ ਗੁਰੂ ਨਾਨਕ ਦੇਵ ਜੀ ਸਿੰਘ ਪੋਰ ਦੇ ਸਾਹਮਣੇ ਰਹੇ । ਸ਼ਾਮ ਨੂੰ ਜਦ ਜਗਨ ਨਾਥ ਪੁਰੀ ਵਿਖੇ ਸ਼ਾਮ ਦੀ ਆਰਤੀ ਹੋ ਰਹੀ ਸੀ ਤਾਂ ਗੁਰੂ ਨਾਨਕ ਦੇਵ ਸਾਹਿਬ ਹੋਰ ਲੋਕਾਂ ਤੋਂ ਵੱਖ ਹੋ ਕੇ ਅਪਣੀ ਭਗਤੀ ਵਿਚ ਸ਼ਬਦ ਗਾਉਣ ਲੱਗੇ । ਪੰਡਿਤਾˆ ਨੂੰ ਗੁਰੂ ਜੀ ਤੋਂ ਆਰਤੀ ਵਿਚ ਸ਼ਾਮਿਲ ਹੋਣ ਦਾ ਕਾਰਨ ਪੁਛਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿਤਾ “ਮੈ ਦੁਨਿਆਬੀ ਆਰਤੀ ਵਿਚ ਸ਼ਾਮਿਲ ਨਹੀ ਹੋਇਆ। ਦੁਨੀਆਂ ਦੀ ਆਰਤੀ ਸੱਚੀ ਨਹੀ ਹੋ ਸਕਦੀ।” “ਸੱਚੀ ਆਰਤੀ ਕੀ ਹੈ? ਉਨ੍ਹਾਂ ਨੇ ਗੁਰੂ ਜੀ ਤੋਂ ਪੁਛਿਆ । ਗੁਰੂ ਨਾਨਕ ਸਾਹਿਬ ਨੇ ਰਾਗ ਧਨਾਸਰੀ ਵਿਚ ਆਰਤੀ ਉਚਾਰੀ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ 1 ॥ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥ 1 ॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ 2 ॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥ 3 ॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥ 4 ॥ 3 ॥ (ਰਾਗੁ ਧਨਾਸਰੀ ਮਹਲਾ 1, ਅੰਗ 13)

ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੀ ਮਹਾਨਤਾ ਬਾਰੇ ਅਤੇ ਉਸ ਦੀ ਪ੍ਰਮਾਤਮਾ ਵਲ ਹੋ ਰਹੀ ਲਗਾਤਾਰ ਸੱਚੀ ਸੁੱਚੀ ਆਰਤੀ ਬਾਰੇ ਸਮਝਾਇਆ ।ਰਾਜਾ ਵੀ ਉਥੇ ਹਾਜ਼ਰ ਸੀ । ਗੂਰੂ ਜੀ ਦੀ ਗੱਲ ਦੀ ਗਹਿਰਾਈ ਨੂੰ ਸਮਝਦੇ ਹੋਏ ਪੰਡਿਤ, ਰਾਜਾ ਤੇ ਹਾਜ਼ਿਰ ਲੋਕੀ ਗੁਰੂ ਸਾਹਿਬ ਦੇ ਚਰਨਾਂ ਉਪਰ ਵਿਛ ਗਏ ਤੇ ਗੁਰੂ ਜੀ ਨੂੰ ਸ਼ਾਮ ਨੂੰ ਆਰਤੀ ਵੇਲੇ ਮੰਦਿਰ ਵਿਚ ਆਉਣ ਲਈ ਸੱਦਾ ਦਿਤਾ ਜਿਥੇ ਗੁਰੂ ਜੀ ਨੇ ਇਹ ਆਰਤੀ ਫਿਰ ਉਚਾਰੀ। ਸਭ ਹਾਜ਼ਰ ਗੁਰੂ ਜੀ ਦੀ ਗਾਈ ਆਰਤੀ ਤੇ ਮੁਗਧ ਹੋ ਗਏ । ਏਥੇ ਹੀ ਗੁਰੂ ਜੀ ਨੂੰ ਸੰਤ ਚੈਤਨਿਆ ਵੀ ਮਿਲੇ ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਵੀ ਹੋਇਆ ਜਿਸ ਦਾ ਜ਼ਿਕਰ ਉਥੋਂ ਦੇ ਲੋਕ ਗੀਤਾਂ ਵਿਚ ਵੀ ਹੈ।ਗੁਰਦੁਆਰਾ ਗੁਰੂ ਨਾਨਕ ਬਾਉਲੀ, ਪੁਰੀ, ਉੜੀਸਾ


ਸਾਗਰ ਕਿਨਾਰੇ ਨਮਕੀਨ ਪਾਣੀ ਹੋਣ ਕਰਕੇ ਸਥਾਨਕ ਲੋਕਾਂ ਨੇ ਗੁਰੂ ਸਾਹਿਬ ਨੂੰ ਸਾਫ ਜਲ ਦੀ ਬੇਨਤੀ ਕੀਤੀ । ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਇਕ ਟੋਆ ਪਟਣ ਲਈ ਕਿਹਾ ।ਇਹ ਦੇਖ ਕੇ ਸਭ ਹੈਰਾਨ ਹੋ ਗਏ ਕਿ ਉਥੇ ਇਕ ਮਿਠੇ ਪਾਣੀ ਦਾ ਝਰਨਾ ਫੁੱਟ ਪਿਆ । ਪਿਛੋਂ ਬਾਬਾ ਸ੍ਰੀ ਚੰਦ ਏਥੇ ਬਾਉਲੀ ਦਾ ਨਿਰਮਾਣ ਕੀਤਾ ਗਿਆ ਜੋ ਬਾਉਲੀ ਸਾਹਿਬ ਦੇ ਨਾਮ ਤੇ ਮਸ਼ਹੂਰ ਹੋਈ ਏਥੈ ਹੀ ਇਕ ਮੱਠ ਵੀ ਬਣਾਇਆ ਗਿਆ ਜੋ ਬਾਉਲੀ ਮੱਠ ਕਰਕੇ ਪ੍ਰਸਿੱਧ ਹੈ।ਗੁਰੂ ਨਾਨਕ ਦੇਵ ਜੀ ਦੇ ਸਪੁਤਰ ਬਾਬਾ ਸ੍ਰੀ ਚੰਦ ਉਦਾਸੀ ਸਨ ਸੋ ਬਾਉਲੀ ਮੱਠ ਦੀ ਦੇਖਭਾਲ ਉਦਾਸੀ ਕਰਨ ਲੱਗੇ ।


1671692545508.png

ਗੁਰਦਵਾਰਾ ਬਾਉਲੀ ਮੱਠ, ਪੁਰੀ​

ਸਿੰਘ ਦਵਾਰ ਤੇ ਜਿਥੇ ਗੁਰੂ ਜੀ ਪਹਿਲਾਂ ਆ ਕੇ ਰੁਕੇ ਸਨ ਮੰਗੂ ਮੱਠ ਦਾ ਨਿਰਮਾਣ ਕੀਤਾ ਗਿਆ ਇਸ ਦੀ ਰੇਖ ਦੇਖ ਨਾਨਕ ਪੰਥੀ ਕਰਦੇ ਸਨ । ਇਨ੍ਹਾ ਗੁਰਦੁਆਰਿਆਂ ਦੇ ਨਾਮ ਤੇ ਤਕੜੀ ਜ਼ਮੀਨ ਜਾਇਦਾਦ ਹੋਣ ਕਰਕੇ ਮਹੰਤਾਂ ਨੇ ਇਸ ਨੂੰ ਅਪਣੀਆਂ ਨਿਜੀ ਜਾਇਦਾਦਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰ ਗੁਰਦਵਾਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆ ਗਏ। ਪਰ ਕੁਝ ਸ਼ਰਾਰਤੀ ਤੱਤਾਂ ਕਰਕੇ ਸਰਕਾਰ ਦੀ ਮਦਦ ਨਾਲ ਹੁਣੇ ਜਿਹੇ ਇਨ੍ਹਾਂ ਇਤਿਹਾਸਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਜਨੀਤਕ ਤੇ ਉਪਰਲੀਆਂ ਅਦਾਲਤਾਂ ਦੇ ਹੁਕਮਾਂ ਕਰਕੇ ਇਹ ਹੁੰਦਾ ਨੁਕਸਾਨ ਰੁਕ ਗਿਆ ਲਗਦਾ ਹੈ ਪਰ ਸੰਗਤਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਨੇੜੇ ਹੀ ਇਕ ਹੋਰ ਗੁਰਦੁਆਰਾ ਆਰਤੀ ਸਾਹਿਬ ਕੁਝ ਚਿਰ ਪਹਿਲਾਂ ਹੀ ਉਸਾਰਿਆ ਗਿਆ ਹੈ ਜਿਸ ਨੂੰ ਇਤਿਹਾਸਕ ਨਹੀਂ ਮੰਨਿਆ ਗਿਆ।

ਏਥੋਂ ਦੀ ਇਕ ਹੋਰ ਲੋਕਗਾਥਾ ਅਨੁਸਾਰ ਪਿਤਰੀਸਤੰਭ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਸੁਨਣ ਲਈ ਪਰਸ਼ੋਤਮ ਅਪਣੇ ਭਾਈ ਅਤੇ ਮਹਾਲਛਮੀ ਦੇ ਨਾਲ ਉਸ ਸਮਾਰੋਹ ਵਿਚ ਸ਼ਾਮਿਲ ਹੋਏ । ਦੋਨੋ ਭਾਈਆਂ ਨੇ ਖੂਹ ਤੋ ਪਾਣੀ ਖਿਚਿਆ ਅਤੇ ਉਸ ਸਮਾਰੋਹ ਵਿਚ ਵਰਤਾਉਣ ਲਗੇ । ਮਹਾਲਛਮੀ ਅਪਣੇ ਪਤੀ ਦੇ ਵੱਡੇ ਭਰਾ ਅੱਗੇ ਨਹੀ ਆ ਸਕੀ । ਇਸ ਲਈ ਉਸ ਨੇ ਪੌੜੀਆਂ ਰਾਹੀ ਪਾਣੀ ਖੂਹ ਦੇ ਤਲੇ ਤੋਂ ਲਿਆਉਣਾ ਸ਼ੁਰੂ ਕਰ ਦਿਤਾ । ਇਸੇ ਨੂੰ ਬਾਉਲੀ ਮੱਠ ਦੇ ਨਾਮ ਨਾਲ ਜਾਣਿਆ ਜਾਣ ਲੱਗਾ । ਹੁਕਮ ਦਾਸ ਨੇ ਬਾਉਲੀ ਮੱਠ ਦਾ ਨਿਰਮਾਨ ਸੰਨ 927 ਈ: ਵਿਚ ਕੀਤਾ । ਮੰਦਿਰ ਵਿਚ ਫੇਰੀ ਪਾ ਕੇ ਗੁਰੂ ਨਾਨਕ ਦੇਵ ਜੀ ਮੰਦਿਰ ਦੇ ਦੂਸਰੇ ਪਾਸੇ ਇਕ ਬਰੋਟੇ ਹੇਠ ਬੈਠ ਗਏ ਜਿਥੇ ਹੁਣ ਮੰਗੂ ਮੱਠ ਹੈ । ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇਣ ਵੇਲੇ ਅਪਣੀ ਹਥੇਲੀ ਨੂੰ ਸਿੱਧਾ ਉਠਾਇਆ ਤਾ ਰਾਜੇ ਨੇ ਹਥੇਲੀ ਵਿਚ ਜਗਨ ਨਾਥ ਦੀ ਤਸਵੀਰ ਦੇਖੀ । (ਮੰਗੂ ਮੱਠ ਅਤੇ ਬਾਉਲੀ ਮੱਠ ਦੇ ਝੰਡੇ ਵਿਚ ਹੁਣ ਵੀ ਉਨ੍ਹਾਂ ਦੇ ਲਾਲ ਝੰਡੇ ਵਿਚ ਚੀਟੇ ਰੰਗ ਦਾ ਹੱਥ ਦਾ ਨਿਸ਼ਾਨ ਹੈ । ਗੁਰੂ ਨਾਨਕ ਦੇਵ ਜੀ ਦੇ ਦੋ ਪੰਜਾਬੀ ਚੇਲੇ ਜਿਨ੍ਹਾˆ ਦੇ ਨਾਮ ਮੰਗੂ ਅਤੇ ਗਦੱਰ ਸੀ ਉਨ੍ਹਾਂ ਨੇ ਮੰਗੂ ਮੱਠ ਦੀ ਸਥਾਪਨਾ ਕੀਤੀ । ਸੰਮਤ 1713 ਵਿਚ ਹਰੀਦਾਸ ਉਦਾਸੀ ਨੇ ਏਥੇ ਅਪਣਾ ਡੇਰਾ ਬਣਾਇਆ । ਪੁਰੀ ਦੇ ਰਾਜੇ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇਥੇ ਯਾਤਰੂਆਂ ਦੇ ਰਹਿਣ ਲਈ ਕਮਰੇ ਬਣਵਾਏ । ਗਜਪਤੀ ਰਾਜਾ ਨੇ ਸੋਲ੍ਹਵੀ ਸਦੀ ਵਿਚ ਮੰਦਿਰ ਵਿਚ ਮਯੂਰ ਪੰਖੀ ਚੌਰ ਦੀ ਸੇਵਾ ਨਿਭਾਉਣ ਲਈ ਮੱਠ ਦੇ ਮਹੰਤ ਨੂੰ ਅਧਿਕਾਰ ਦਿਤੇ । ਬਾਅਦ ਵਿਚ ਰਾਜਾ ਬਿਰਕਾ ਕਿਸ਼ੋਰ ਦੇਵ ਨੇ 16 ਵੀ ਸਦੀ ਵਿਚ ਇਕ ਸੰਨਦ ਦਿਤੀ ਜਿਸ ਅਨੁਸਾਰ ਚੌਰ ਸੇਵਾ ਦਾ ਅਧਿਕਾਰ ਮੰਗੂ ਮੱਠ ਦਾ ਹੋ ਗਿਆ । ਮੰਗੂ ਮੱਠ ਦੀ ਕੁਲ ਥਾਂ ਜਿਸ ਉਤੇ ਮੱਠ ਸਥਾਪਤ ਕੀਤਾ ਗਿਆ 11 ਗੁੰਟਾ 21 ਬਿਸਵਾ ਹੈ ਜਿਸ ਦੀ ਕੀਮਤ 1873 ਦੇ ਰਿਕਾਰਡ ਅਨੁਸਾਰ 12895 ਰੁਪਏ ਹੈ । ਮੰਗਲ ਦੱਤ ਦੇ ਪੋਤੇ ਠਾਕੁਰ ਦਾਸ ਨੇ ਲਗਾਤਾਰ ਮੁਫਤ ਰਾਸ਼ਨ ਅਤੇ ਬਿਨਾ ਟੈਕਸ 2000 ਰੁਪਏ ਆਮਦਨ ਵਾਲੇ ਦੋ ਪਿੰਡ ਇਸ ਨਾਲ ਜੋੜ ਦਿਤੇ । ਇਸ ਸਥਾਨ ਦੇ ਪੰਡਿਤ ਨੇ ਕੁਝ ਸਮੇ ਲਈ ਫ੍ਰੀ ਰਸੋਈ ਚਲਾਈ ਪਰ ਪਿਛੋਂ ਉਸ ਨੇ ਗੁਰਦੁਆਰਾ ਸਾਹਿਬ ਦੀ ਥਾਂ ਅਪਣੇ ਪਰਿਵਾਰ ਪਾਲਣ ਲਈ ਵੇਚ ਦਿਤੀ । ਕੁਝ ਦੁਕਾਨਾਂ ਹੀ ਰਹਿ ਗਈਆਂ ਜਿਨ੍ਹਾਂ ਨੂੰ ਅਪਣਾ ਖਰਚ ਚਲਾਉਣ ਲਈ ਕਿਰਾਏ ਤੇ ਚੜ੍ਹਾ ਦਿਤਾ ਗਿਆ ।ਇਹੋ ਦੁਕਾਨਾਂ ਹੁਣ ਸਰਕਾਰ ਤੇ ਸਿਖਾਂ ਦੇ ਝਗੜੇ ਦਾ ਮੁਢ ਬਣੀਆਂ ਤੇ ਸਰਕਾਰ ਦੇ ਹੁਕਮ ਨਾਲ ਢਾ ਦਿਤੀਆਂ ਗਈਆਂ।

1671692603734.png


ਗੁਰਦੁਆਰਾ ਆਰਤੀ ਸਾਹਿਬ, ਪੁਰੀ

ਪੁਰੀ ਵਿਚ 24 ਦਿਨ ਠਹਿਰਣ ਤੋ ਬਾਅਦ ਗੁਰੂ ਨਾਨਕ ਦੇਵ ਜੀ ਨੇ ਏਥੋਂ ਅੱਗੇ ਚੱਲੇ । ਪੁਰੀ ਦੇ ਰਾਜੇ ਅਤੇ ਹੋਰ ਸੰਗਤ ਗੁਰੂ ਜੀ ਨਾਲ ਚੰਡੀ ਨਾਲਾ ਤਕ ਗਏ (ਜੋ ਸਥਾਨ ਜਗਨਨਾਥ ਮੁੱਖ ਮਾਰਗ ਤੇ ਪੁਰੀ ਤੋਂ 23 ਮੀਲ ਹੈ ) । ਪੁਰੀ ਤੋ ਗੁਰੂ ਨਾਨਕ ਦੇਵ ਜੀ ਚਿਲਕਾ ਝੀਲ ਦੇ ਨਾਲ ਨਾਲ ਕੁਦਰਤ ਦਾ ਆਨੰਦ ਮਾਣਦੇ ਹੋਏ ਅੱਗੇ ਵਧੇ ਤੇ ਬ੍ਰਹਮਪੁਰ ਹੁੰਦੇ ਹੋਏ ਬਿਰੰਚੀਪੁਰ ਪਹੁੰਚੇ।

ਬਿਰੰਚੀਪੁਰ

ਉੜੀਸਾ ਵਿਚ ਇਕ ਨਾਨਕਪੰਥੀ ਅਨਿਲ ਦੀਪ ਨੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਨਾਲ ਸਬੰਧਤ ਸਾਰੇ ਸਥਾਨਾਂ ਦੀ ਖੋਜ ਕਰਦਿਆਂ 512 ਕਿਲੋਮੀਟਰ ਦਾ ਕਲਕਤੇ ਤੋਂ ਪੁਰੀ ਦਾ ਰਾਹ ਪੂਰੀ ਤਰ੍ਹਾਂ ਛਾਣਿਆ ਤਾਂ ਉਸਨੂੰ ਬਾਲੇਸ਼ਵਰ ਨੇੜੇ ਭਦਰਕ ਜ਼ਿਲੇ ਵਿਚ ਸਮਰੀਆਂ ਬਲਾਕ ਵਿਚ ਬਿਰੰਚੀਪੁਰ ਨਾਂ ਦੇ ਥਾ ਤੇ ਨਾਨਕ ਪੰਥੀਆਂ ਦਾ ਇਕ ਘਰ ਮਿਲਿਆ ਜਿਥੇ ਗੁਰੂ ਨਾਨਕ ਰੁਕੇ ਸਨ ਤੇ ਉਸ ਥਾਂ ਇਕ ਗੁਰਦਵਾਰਾ ਸਾਹਿਬ ਵੀ ਬਣਾਇਆ ਹੋਇਆ ਸੀ।1671692649482.png
1671692665080.png
1671692688381.png
1671692704046.png

1.ਗੁਰੂ ਨਾਨਕ ਦੇਵ ਜੀ ਦਾ ਬਿਰੰਚੀਪੁਰ ਵਿਚ ਸਥਾਨ ਤੇ ਉਸ ਦੀ ਦੇਖ ਭਾਲ ਕਰ ਰਿਹਾ ਭਾਸਕਰ ਸਾਹੂ 2. ਅਨਿਲਦੀਪ ਭਾਸਕਰ ਸਾਹੂ ਨਾਲ 3. ਗੁਰਮੁਖ ਵਿਚ ਪੁਰਾਤਨ ਹੱਥਲਿਖਤ 4. ਪੁਰਾਤਨ ਕੜਾ

ਪੁਸ਼ਤਦਰ ਪੁਸ਼ਤ ਸਿੱਖੀ ਨਾਲ ਜੁੜਿਆ ਭਾਸਕਰ ਸਾਹੂ ਦਾ ਪਰਿਵਾਰ ਹੁਣ ਇਸ ਸਥਾਨ ਦੀ ਦੇਖ ਭਾਲ ਕਰ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਂਦਾ ਹੈ ਤੇ ਲੰਗਰ ਸੇਵਾ ਕਰਦਾ ਹੈ ਜਿਥੇ 500 ਦੇ ਕਰੀਬ ਸੰਗਤ ਜੁੜ ਜਾਂਦੀ ਹੈ। ਭਾਸਕਰ ਸਾਹੂ ਮੂਲ ਮੰਤਰ ਤੇ ਅਰਦਾਸ ਪੂਰੀ ਤਰ੍ਹਾਂ ਜਾਣਦਾ ਹੈ ਤੇ ਗ੍ਰੰਥੀ ਦੀ ਜ਼ਿਮੇਵਾਰੀ ਵੀ ਆਪ ਹੀ ਨਿਭਾਉਂਦਾ ਹੈ। ਬੋਲਦਾ ਭਾਵੇਂ ਉੜੀਆ ਹੈ ਕਿਉਂਕਿ ਉਸਨੂੰ ਪੰਜਾਬੀ ਨਹੀਂ ਆਉਂਦੀ। ਇਸ ਪਰਿਵਾਰ ਕੋਲ ਗੁਰੂ ਜੀ ਵਲੋਂ ਦਿਤਾ ਇਕ ਪਿੱਤਲ ਦਾ ਕੜਾ ਤੇ ਇਕ ਪੁਰਾਤਨ ਹੱਥ ਲਿਖਤ ਹੈ ਜਿਸ ਵਿਚ ਗੁਰਬਾਣੀ ਦਰਜ ਹੈ। ਜਦ ਹੱਥਲਿਖਤ ਤੇ ਪਿੱਤਲ ਦੇ ਕੜੇ ਦੀ ਡੇਟਿੰਗ ਕਰਵਾਈ ਗਈ ਤਾਂ ਕੜਾ ਪੰਜ ਸੌ ਸਾਲ ਤੋਂ ਜ਼ਿਆਦਾ ਪੁਰਾਣਾ ਤੇ ਹੱਥ ਲਿਖਤ ਤਿੰਨ ਸਾਢੇ ਤਿੰਨ ਸੌ ਸਾਲ ਪੁਰਾਣੀ ਸਾਬਤ ਹੋਈ। ਬਿਰੰਚੀਪੁਰ ਤੋਂ ਗੁਰੂ ਨਾਨਕ ਦੇਵ ਜੀ ਨਿਰੰਕਾਰਪੁਰ (ਖੁਰਦਾ), ਨਯਾਗੜ੍ਹ, ਪੁਰਾਣਾਕੰਟਕ, ਸੋਨਪੁਰ, ਸਿੰਘੋਰਾ, ਸ਼ਰਨਗੜ੍ਹ, ਪਾਉਨੀ ਤੋਂ ਮਹਾਨਦੀ ਪਾਰ ਕਰਦੇ ਹੋਏ ਛਤੀਸਗੜ੍ਹ, ਬਿਲਾਸਪੁਰ, ਗਨਿਆਨ ਰਾਹੀਂ ਮਧ ਪ੍ਰਦੇਸ਼ ਵਿਚ ਅਮਰਕੰਟਕ ਪਹੁੰਚੇ।ਕੀ ਨਿਰੰਕਾਰਪੁਰ ਦਾ ਪਿੰਡ ਨਾਨਕ ਨਿਰੰਕਾਰੀ ਨਾਲ ਕੋਈ ਸਬੰਧ ਹੈ ਇਹ ਖੋਜ ਦਾ ਵਿਸ਼ਾ ਹੈ।


 
MEET SPN ON YOUR MOBILES (TAP)

❤️ Tap / Click or Scan


JOIN SPN MOBILE APP!
Top