Punjabi: ਸਾਰਾਗੜ੍ਹੀ ਦਾ ਯੁੱਧ-ਸਿੱਖ ਯੋਧਿਆਂ ਦੀ ਬਹਾਦਰ ਦੀ ਅਦੁਤੀ ਦਾਸਤਾਨ

Dalvinder Singh Grewal

Writer
Historian
SPNer
ਸਾਰਾਗੜ੍ਹੀ ਦਾ ਯੁੱਧ-ਸਿੱਖ ਯੋਧਿਆਂ ਦੀ ਬਹਾਦਰ ਦੀ ਅਦੁਤੀ ਦਾਸਤਾਨ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ​

ਸਾਰਾਗੜ੍ਹੀ ਕੋਹਾਟ ਜ਼ਿਲੇ ਵਿੱਚ ਪਾਕਿਸਤਾਨ-ਅਫਗਾਨਿਸਤਾਨ ਹੱਦ ਉਤੇ ਪੇਸ਼ਾਵਰ ਤੋਂ ਅੱਗੇ ਤੇ ਖੈਬਰ ਦਰਰੇ ਦੇ ਦੱਖਣ ਵੱਲ ਪਾਸਿਤਾਨ ਦੀ ਸਮਾਣਾ ਪਰਬਤੀ ਲੜੀ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹੱਦ ਦੇ ਨਾਲ ਨਾਲ ਕਈ ਕਿਲੇ ਉਸਾਰੇ ਗਏ ਸਨ ਤਾਂ ਕਿ ਅਫਗਾਨੀ ਅਫਰੀਦੀ ਤੇ ਔਰਕਜ਼ਈ ਕਬੀਲਿਆਂ ਦੇ ਹਮਲਿਆਂ ਨੂੰ ਠੱਲ ਪਾਈ ਜਾ ਸਕੇ। ਜਦ ਅੰਗ੍ਰੇਜ਼ਾਂ ਨੇ ਚਲਾਕੀ ਨਾਲ ਮਹਾਰਾਜਾ ਦਲੀਪ ਸਿੰਘ ਤੋਂ ਪੰਜਾਬ ਦਾ ਰਾਜ ਹਥਿਆ ਲਿਆ ਤਾਂ ਉਨ੍ਹਾਂ ਨੇ ਇਨ੍ਹਾਂ ਕਿਲਿਆਂ ਨੂੰ ਅਪਣੇ ਲਈ ਵਰਤਣਾ ਸ਼ੁਰੂ ਕਰ ਦਿਤਾ। ਦੋ ਕਿਲ੍ਹੇ ਜਿਨ੍ਹਾਂ ਦਾ ਪਿਛੋਂ ਨਾਮ ਬਦਲ ਕੇ ਕਿਲ੍ਹਾ ਲੌਕਹਾਰਟ ਤੇ ਕਿਲ੍ਹਾ ਗੁਲਿਸਤਾਨ ਹੋਇਆ; ਨੂੰ ਵੀ ਅੰਗ੍ਰੇਜ਼ਾਂ ਨੇ ਲੋੜ ਅਨੁਸਾਰ ਠੀਕ ਜਾਣ ਕੇ ਵਰਤੋਂ ਵਿੱਚ ਲੈ ਆਂਦਾ। ਸੁਰੱਖਿਆ ਪੱਖੋਂ ਇਹ ਦੋਵੇਂ ਮਹੱਤਵਪੂਰਨ ਕਿਲ੍ਹੇ ਸਨ ਜਿਨ੍ਹਾਂ ਨੂੰ ਅਫਰੀਦੀ ਤੇ ਔਰਕਜ਼ਈ ਕਬੀਲੇ ਆਪਣੇ ਇਲਾਕੇ ਦi ਆਜ਼ਾਦੀ ਵਿੱਚ ਰੋੜਾ ਸਮਝਦੇ ਸਨ ਤੇ ਇਨ੍ਹਾਂ ਉਤੇ ਕਬਜ਼ਾਂ ਕਰਨ ਲਈ ਸਕੀਮਾਂ ਬਣਾਉਂਦੇ ਰਹਿੰਦੇ ਸਨ। ਇਨ੍ਹਾਂ ਦੋਨਾਂ ਕਿਲਿਆਂ ਦੀ ਸੁਰਖਿਆ ਤੇ ਅਗਾਊਂ ਜਾਣਕਾਰੀ ਦੇਣ ਲਈ ਇਕ ਪੋਸਟ ਸਾਰਾਗੜ੍ਹੀ ਬਣਾਈ ਗਈ ਜਿਥੋਂ ਕਿਸੇ ਵੀ ਅਗਾਊਂ ਹਮਲੇ ਬਾਰੇ ਸਿਗਨਲਾਂ ਰਾਹੀਂ ਵਾਰਨਿੰਗ ਦਿਤੀ ਜਾਂਦੀ ਸੀ।


ਕਿਲ੍ਹਾ ਗੁਲਿਸਤਾਨ ਤੇ ਲਾਕਹਾਰਟ ਵਿੱਚ ਛੱਤੀ ਸਿੱਖ ਬਟਾਲੀਅਨ ਤੈਨਾਤ ਸੀ ।ਸਾਰਾਗੜ੍ਹੀ ਵਿੱਚ ਇਸ ਬਟਾਲੀਅਨ ਦੀ ਸਿਗਨਲ ਟੁਕੜੀ ਸੀ ਜਿਸ ਦੀ ਜ਼ਿਮੇਵਾਰੀ ਅਫਗਾਨਿਸਤਾਨ, ਅਫਰੀਦੀਆਂ, ਔਰਕਜ਼ਈਆਂ ਵਲੋਂ ਕਿਸੇ ਵੀ ਆਉਣ ਵਾਲੇ ਹਮਲੇ ਦੀ ਖਬਰ ਸਿਗਨਲ ਰਾਹੀਂ ਬਟਾਲੀਅਨ ਹੈਡਕੁਆਰਟਰ ਵਿੱਚ ਪਹੁੰਚਾਣੀ ਸੀ।ਛੱਤੀ ਸਿੱਖ 20 ਅਪ੍ਰੈਲ 1894 ਨੂੰ ਪੰਜਾਬ ਦੇ ਜੱਟ-ਸਿੱਖਾਂ ਵਿੱਚੋਂ ਭਰਤੀ ਕਰਕੇ ਖੜ੍ਹੀ ਕੀਤੀ ਗਈ ਸੀ ਜਿਸ ਦੀਆਂ ਪੰਜ ਕੰਪਨੀਆਂ ਕਰਨਲ ਜਾਹਨ ਹਟਨ ਦੀ ਕਮਾਨ ਹੇਠ ਉੱਤਰ-ਪੱਛਮੀ-ਫਰੰਟੀਅਰ ਸੂਬੇ (ਹੁਣ ਖੈਬਰ ਪਖਤੂਨਵਾ, ਪਾਕਿਸਤਾਨ) ਵਿੱਚ ਸਮਾਣਾ ਪਹਾੜੀਆਂ, ਕੁਰਗ, ਸੰਘੜ, ਸ਼ਾਹ ਚੋਟੀ. ਧਾਰ ਅਤੇ ਸਾਰਾਗੜ੍ਹੀ ਵਿੱਚ ਤੈਨਾਤ ਕੀਤੀਆਂ ਗਈਆਂ ਸਨ।ਅੰਗ੍ਰੇਜ਼ਾਂ ਨੂੰ ਪਤਾ ਸੀ ਕਿ ਅਫਰੀਦੀ-ਔਰਕਜ਼ਈ ਅਫਗਾਨੀ ਕਬੀਲੇ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਦੇ ਕਾਬੂ ਵਿੱਚ ਨਹੀਂ ਸੀ ਆਏ ਇਸੇ ਲਈ ਛੱਤੀ ਸਿੱਖ ਬਟਾਲੀਅਨ ਨਵੀਂ ਖੜ੍ਹੀ ਕਰਕੇ ਇਸ ਇਲਾਕੇ ਵਿੱਚ ਤੈਨਾਤ ਕੀਤੀ ਸੀ।ਕਿਲ੍ਹਾ ਗੁਲਿਸਤਾਨ ਤੇ ਲਾਕਹਾਰਟ ਵੀ ਉਨ੍ਹਾਂ ਹੀ ਕਿਲਿ੍ਹਆਂ ਵਿੱਚੋਂ ਸਨ ਜਿਨ੍ਹਾਂ ਵਿੱਚ ਕੁਝ ਫਾਸਲਾ ਸੀ ਤੇ ਦੋਨਾਂ ਦੇ ਅੱਗੇ ‘ਅਡਵਾਂਸ ਵਾਰiੰਨੰਗ ਚੌਕੀ, ਸਾਰਾਗੜ੍ਹੀ ਵਿੱਚ ਅਫਗਾਨਿਸਤਾਨ ਵੱਲ ਬਣਾਈ ਗਈ ਸੀ।ਇਸ ਪਲਟਣ ਕੋਲ ਹਥਿਆਰ ਪੁਰਾਣੇ ਸਨ ਕਿਉਂਕਿ ਵਧੀਆ ਹਥਿਆਰ ਅੰਗ੍ਰੇਜ਼ ਆਪਣੇ ਕੋਲ ਰਖਦੇ ਸਨ ਜੋ ਸਬਕ ਇਨ੍ਹਾਂ ਨੇ 1857 ਦੀ ਬਗਾਵਤ ਤੋਂ ਲਿਆ ਸੀ। ਪਠਾਣਾਂ ਕੋਲ ਆਦਮ ਖੇਲ੍ਹ ਦੇ ਅਫਰੀਦੀਆਂ ਵਲੋਂ ਬਣਾਈਆਂ ਗਈਆ ਮਾਰਟਿਨੀ-ਹੈਨਰੀ ਰਾਈਫਲਾਂ ਸਨ ਜੋ ਉਹ ਅਪਣੀ ਮੁਹਾਰਤਾ ਨਾਲ ਨਵੇਂ ਤੋਂ ਨਵੇਂ ਵਿਦੇਸ਼ੀ ਹਥਿਆਰਾਂ ਦੀ ਹੂ ਬ ਹੂ ਨਕਲ ਤਿਆਰ ਬਣਾਉਂਦੇ ਵੇਚਦੇ ਸਨ।

ਸਾਰਾਗੜ੍ਹੀ ਸਿਗਨਲ ਚੌਕੀ ਹੋਣ ਕਰਕੇ ਇਸ ਵਿੱਚ 21 ਜਵਾਨ ਹੀ ਤੈਨਾਤ ਸਨ ਜੋ 36 ਸਿੱਖ ਦੇ ਸਨ। ਚੌਕੀ ਦਾ ਇੰਚਾਰਜ (1) ਹਵਲਦਾਰ ਈਸ਼ਰ ਸਿੰਘ (ਰਜਮੰਟ ਨੰਬਰ 165) ਸੀ ਤੇ (2) ਸਿਗਨੇਲਰ ਗੁਰਮੁਖ ਸਿੰਘ (814) ਸੀ। ਹੋਰ ਤੈਨਾਤ ਜਵਾਨਾਂ ਦੇ ਨਾਮ ਸਨ (3) ਨਾਇਕ ਲਾਲ ਸਿੰਘ (332) (4) ਲਾਂਸ ਨਾਇਕ ਚੰਦਾ ਸਿੰਘ (546) (5) ਸਿਪਾਹੀ ਸੁੰਦਰ ਸਿੰਘ (1321) (6)ਸਿਪਾਹੀ ਰਾਮ ਸਿੰਘ (287) (7) ਸਿਪਾਹੀ ਉੱਤਰ ਸਿੰਘ (492) (8) ਸਿਪਾਹੀ ਸਾਹਿਬ ਸਿੰਘ (182) (9)ਸਿਪਾਹੀ ਦਇਆ ਸਿੰਘ (687) (10)ਸਿਪਾਹੀ ਹੀਰਾ ਸਿੰਘ (359) (11) ਸਿਪਾਹੀ ਜੀਵਨ ਸਿੰਘ (760) (12) ਸਿਪਾਹੀ ਭੋਲਾ ਸਿੰਘ (791) (13) ਸਿਪਾਹੀ ਨਰਾਇਣ ਸਿੰਘ (834) (14) ਸਿਪਾਹੀ ਜੀਵਨ ਸਿੰਘ (15) ਸਿਪਾਹੀ ਗੁਰਮੁਖ ਸਿੰਘ (1733) (16) ਸਿਪਾਹੀ ਰਾਮ ਸਿੰਘ (153) (17) ਸਿਪਾਹੀ ਭਗਵਾਨ ਸਿੰਘ (1257)(18) ਸਿਪਾਹੀ ਭਗਵਾਨ ਸਿੰਘ (1265) (19) ਸਿਪਾਹੀ ਬੂਟਾ ਸਿੰਘ (1556) (20)ਸਿਪਾਹੀ ਜੀਵਨ ਸਿੰਘ (1651) ਤੇ (21) ਸਿਪਾਹੀ ਨੰਦ ਸਿੰਘ (1221)

ਸਿਗਨੇਲਰ ਗੁਰਮੁਖ ਸਿੰਘ ਆਪਣੇ ਸੁਨੇਹੇ ਝੰਡੀਆਂ ਰਾਹੀਂ ਹੈਡਕੁਆਰਟਰ ਵਿੱਚ ਭੇਜਦਾ ਸੀ ਜਿਨ੍ਹਾਂ ਦਾ ਬਕਾਇਦਾ ਰਿਕਾਰਡ ਰੱਖਿਆ ਜਾਦਾ ਸੀ। ਇਹੋ ਸੁਨੇਹੇ ਸਾਰਾਗੜ੍ਹੀ ਚੌਕੀ ਤੇ ਹੋ ਰਹੀਆਂ ਕਾਰਵਾਈਆਂ ਦੇ ਸਬੂਤ ਬਣੇ। ਇਨ੍ਹਾਂ ਰਿਕਰਡਾਂ ਅਨੁਸਾਰ:

12 ਸਿਤੰਬਰ 1897 ਨੂੰ ਨੌ ਵਜੇ 6000-10000 ਦੇ ਕਰੀਬ ਅਫਗਾਨੀ ਸਾਰਾਗੜ੍ਹੀ ਚੌਕੀ ਸਾਹਮਣੇ ਪਹੁੰਚੇ ਤੇ ਹਮਲਾ ਸ਼ੁਰੂ ਕਰ ਦਿਤਾ।ਇਸ ਦੀ ਇਤਲਾਹ ਫੋਰਟ ਲਾਕਹਾਰਟ ਵਿੱਚ ਕਰਨਲ ਹਾਰਟ ਨੂੰ ਦਿਤੀ ਗਈ ਕਿ ‘ਸਾਰਾਗੜ੍ਹੀ ਤੇ ਹਮਲਾ ਹੋਇਆ ਹੈ’।ਕਰਨਲ ਹਾਰਟ ਨੇ ਜਵਾਬ ਭੇਜਿਆਂ, “ਅਸੀਂ ਤੁਹਾਡੇ ਲਈ ਮਦਦ ਨਹੀਂ ਭੇਜ ਸਕਦੇ। ਤੁਹਾਨੂੰ ਉਨ੍ਹਾਂ ਨੂੰ ਸ਼ਾਮ ਤੱਕ ਰੋਕਣਾ ਹੈ ਜਦ ਤਕ ਸਾਡੇ ਲਈ ਪਿਛੋਂ ਮਦਦ ਨਹੀਂ ਆ ਜਾਂਦੀ। ਭਾਵੇਂ ਤੁਹਾਨੂੰ ਅਖੀਰੀ ਸਾਹ ਤਕ ਲੜਣਾ ਪਵੇ”।

ਹਵਲਦਾਰ ਈਸ਼ਰ ਸਿੰਘ ਨੇ ਸਿਪਾਹੀਆਂ ਨੂੰ ਕਰਨਲ ਹਾਟਨ ਸਾਹਿਬ ਦਾ ਹੁਕਮ ਸੁਣਾਇਆ ਤੇ ਆਪਣਾ ਆਦੇਸ਼ ਦਿੰਦਿਆ ਕਿਹਾ, “ਜਿਵੇਂ ਚਮਕੌਰ ਤੇ ਮੁਕਤਸਰ ਦੇ ਯੁੱਧ ਵਿੱਚ ਸਿੰਘ ਅਖੀਰੀ ਦਮ ਤਕ ਲੜੇ ਸਨ ਅਸੀਂ ਵੀ ਗੁਰੂ ਦੇ ਸਿੱਖ ਹੋ ਕੇ ਆਖਰੀ ਸਾਹ ਤਕ ਲੜਾਂਗੇ ਜਾਂ ਜਦੋਂ ਤਕ ਸਾਡੇ ਕੋਲ ਪਿਛੋਂ ਕੁੱਮਕ ਨਹੀਂ ਆ ਜਾਂਦੀ”।

ਸ਼ਹੀਦ ਹੋਣ ਵਾਲਿਆਂ ਵਿੱਚ ਸਭ ਤੋਂ ਪਹਿਲਾ ਸਿਪਾਹੀ ਭਗਵਾਨ ਸਿੰਘ ਸੀ, ਨਾਇਕ ਲਾਲ ਸਿੰਘ ਜ਼ਖਮੀ ਹੋਇਆ। ਜ਼ਖਮੀ ਹਾਲਤ ਵਿਚ ਹੀ ਨਾਇਕ ਲਾਲ ਸਿੰਘ ਨੇ ਸਿਪਾਹੀ ਜੀਵਾ ਸਿੰਘ ਦੇ ਨਾਲ ਭਗਵਾਨ ਸਿੰਘ ਦੀ ਮ੍ਰਿਤਕ ਦੇਹ ਨੂੰ ਚੁੱਕ ਕੇ ਪਿੱਛੇ ਲਿਆਂਦਾ।

ਅਫਰੀਦੀਆਂ ਨੇ ਚੌਕੀ ਦੀ ਇੱਕ ਦੀਵਾਰ ਤੋੜ ਲਈ ਪਰ ਸਿੱਖਾਂ ਨੇ ਉਨ੍ਹਾਂ ਨੂੰ ਅੰਦਰ ਆਉਣੋਂ ਰੋਕ ਦਿਤਾ।ਕਰਨਲ ਹਾਟਨ ਨੇ ਬ੍ਰੀਗੇਡ ਹੈਡਕੁਆਰਟਰਜ਼ ਨੂੰ ਸੁਨੇਹਾ ਭੇਜ ਕੇ ਇਹ ਦੱਸਦਿਆਂ ਕਿ 10,000 ਤੋਂ 14,000 ਪਖਤੂਨ ਸਾਰਾਗੜ੍ਹੀ ਤੇ ਹਮਲਾ ਕਰ ਰਹੇ ਹਨ, ਜਲਦੀ ਮਦਦ ਲਈ ਗੁਹਾਰ ਕੀਤੀ।

ਕਬਾਇਲੀਆਂ ਨੇ ਪਈ ਰੁਕਾਵਟ ਵੇਖ ਕੇ ਸਾਰਾਗੜ੍ਹੀ ਦੇ ਸਿੱਖਾਂ ਨੂੰ ਹਥਿਆਰ ਸੁੱਟਣ ਨੂੰ ਕਿਹਾ ਪਰ ਈਸ਼ਰ ਸਿੰਘ ਵਲੋਂ ਬੜਾ ਕਰਾਰ ਜਵਾਬ ਦਿਤਾ ਗਿਆ।ਅਫਰੀਦੀਆਂ ਨੇ ਮੁੱਖ ਦਵਾਰ ਤੋੜਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਟੁੱਟਿਆ ਤੇ ਦੁਸ਼ਮਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਈਆਂ।ਦੁਪਹਿਰ ਤੱਕ ਅੰਦਰ ਸਿੱਖ ਸ਼ਹੀਦਾਂ ਦੀ ਗਿਣਤੀ ਵਧਦੀ ਗਈ।

ਅਫਰੀਦੀਆਂ ਨੇ ਦੀਵਾਰ ਵਿੱਚ ਇੱਕ ਹੋਰ ਪਾੜ ਪਾ ਲਿਆ ਤੇ ਚੌਕੀ ਵਿੱਚ ਦਾਖਲ ਹੋ ਗਏ ਪਰ ਸਿੰਘ ਡਟੇ ਰਹੇ ਤੇ ਹੱਥੋ-ਹੱਥੀ ਦੀ ਲੜਾਈ ਵਿੱਚ ਬੇਮਿਸਾਲੀ ਬਹਾਦੁਰੀ ਵਿਖਾਈ।ਹਵਲਦਾਰ ਈਸ਼ਰ ਸਿੰਘ ਨੇ ਬਚੇ ਸਿੱਖਾਂ ਨੂੰ ਪਿੱਛੇ ਹਟ ਕੇ ਮੋਰਚਾ ਸੰਭਾਲਣ ਲਈ ਕਿਹਾ ਤੇ ਆਪ ਇੱਕ ਸਾਥੀ ਸਮੇਤ ਅੱਗੇ ਡਟ ਗਿਆ।ਯੁੱਧ ਦੀ ਭਿਆਨਕ ਹਾਲਤ ਉਦੋਂ ਆਈ ਜਦੋਂ ਇੱਕ ਨੂੰ ਛੱਡ ਕੇ ਬਾਕੀ ਸਭ ਸ਼ਹੀਦ ਹੋ ਗਏ। ਇਕੋ-ਇੱਕ ਡਟਣ-ਬਚਣ ਵਾਲਾ ਸਿਗਨੇਲਰ ਗੁਰਮੁਖ ਸਿੰਘ ਸੀ ਜੋ ਪਿੱਛੇ ਸੁਨੇਹੇ ਵੀ ਭੇਜਦਾ ਰਿਹਾ ਤੇ ਲੜਦਾ ਵੀ ਰਿਹਾ। ਅਖੀਰੀ ਜਾਣਕਾਰੀ ਉਸ ਨੇ ਕਰਨਲ ਹਟਨ ਨੂੰ ਸਾਢੇ ਤਿੰਨ ਵਜੇ ਦਿਤੀ।ਉਸ ਦੇ ‘ਬੋਲੇ ਸੋ ਨਿਹਾਲ’ ਪਹਾੜਾਂ ਵਿੱਚ ਗੂੰਜ ਰਹੇ ਸਨ।

ਗੁਰਮੁਖ ਸਿੰਘ ਦੀ ਬਹਾਦੁਰੀ ਤੋਂ ਡਰਦੇ ਕਬਾਇਲੀਆਂ ਨੇ ਸਾਰੀ ਚੌਕੀ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ ਪਰ ਗਰਮੁੱਖ ਸਿੰਘ ਅੱਗ ਵਿੱਚੋਂ ਟੱਪ ਕੇ ਵੀ ਦੁਸ਼ਮਣਾਂ ਦੇ ਆਹੂ ਲਾਹੁੰਦਾ ਰਿਹਾ।ਆਖਰ ਵੀਹ ਦੁਸ਼ਮਣਾਂ ਨੂੰ ਮੌਤ ਦਾ ਜਾਮ ਪਿਲਾ ਕੇ ਉਸ ਨੇ ਵੀ ਸ਼ਹੀਦ ਪਾਈ। ਇਸ ਵੇਲੇ ਤਕ ਸ਼ਾਮ ਦੇ ਸਾਢੇ ਤਿੰਨ ਵੱਜ ਗਏ ਸਨ ਤੇ 21 ਦਲੇਰ ਸਿੰਘਾਂ ਨੇ 10,000 ਕਬਾਇਲੀਆਂ ਨੂੰ ਛੇ ਘੰਟੇ ਚਾਲੀ ਮਿੰਟ ਤਕ ਯੁੱਧ ਕਰਕੇ ਰੋਕੀ ਰੱਖਿਆ।ਯੁੱਧ ਪਿੱਛੋਂ ਸਾਰਾਗੜ੍ਹੀ ਚੌਕੀ ਦੀ ਹਾਲਤ​

ਦੁਸ਼ਮਣ ਨੂੰ ਆਪਣਾ ਆਪਾ ਤੇ ਆਪਣੀਆ ਲੋਥਾਂ ਸੰਭਾਲਦਿਆਂ ਹਨੇਰਾ ਪੈਣ ਲੱਗਾ ਤੇ ਉਸ ਦਾ ਦੂਜੇ ਕਿਲਿਆਂ ਤੇ ਹਮਲਾ ਉਸ ਦਿਨ ਨਾ ਹੋ ਸਕਿਆ। ਪਿੱਛੋਂ ਕੁਮਕ 12 ਘੰਟੇ ਪੈਦਲ ਚੱਲ ਕੇ ਰਾਤ ਨੂੰ ਹੀ ਦੋਨੋਂ ਕਿਲਿਆਂ ਦੀ ਮਦਦ ਲਈ ਪਹੁੰਚ ਗਿਆ। ਤੇਰਾਂ ਤੇ ਚੌਦਾਂ ਸਤੰਬਰ ਦੀ ਲੜਾਈ ਵਿੱਚ ਅਫਰੀਦੀ-ਔਰਕਜ਼ਈ ਹਰਾ ਦਿਤੇ ਗਈ ਤੇ ਸਾਰਾਗੜ੍ਹੀ ਮੁੜ ਕਬਜ਼ੇ ਵਿੱਚ ਲੈ ਲਈ ਗਈ ਜਦ ਸਾਰਾਗੜੀ ਵਿੱਚ ਪਠਾਣਾਂ ਦੀਆਂ ਲਾਸ਼ਾਂ ਗਿਣੀਆਂ ਗਈਆਂ ਤਾਂ 1400 ਸਨ। ਤੇ ਇਸ ਤਿੰਨ ਦਿਨਾਂ ਦੇ ਯੁਧ ਵਿਚ 4800 ਅਫਗਾਨੀ ਮਾਰੇ ਗਏ।ਬਟਾਲੀਅਨ ਦੇ ਉਦੋਂ ਦੇ ਸੈਕਿੰਡ ਇਨ ਕਮਾਂਡ ਅਨੁਸਾਰ ‘ਸਿੱਖ ਦੈਂਤਾਂ ਵਾਂਗ ਲੜੇ’। ਸਿੱਖ ਬਟਾਲੀਅਨ ਦੇ 30 ਜਵਾਨਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਆਂ ਗਿਆ, ਜੋ ਸਨਮਾਨ ਵਿਕਟੋਰੀਆਂ ਕ੍ਰਾਸ ਤੇ ਪਰਮ ਵੀਰ ਚੱਕਰ ਦੇ ਬਰਾਬਰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਸੀ।ਇਨ੍ਹਾਂ ਵਿੱਚ ਸਾਰਾਗੜੀ ਦੇ 21 ਜਵਾਨਾਂ ਦੇ ਨਾਮ ਪ੍ਰਮੁੱਖ ਹਨ।

ਸਾਰਾਗੜ੍ਹੀ ਯੁੱਧ ਬਾਰੇ ਕਈ ਫਿਲਮਾਂ ਤੇ ਡਾਕੂਮੈਂਟਰੀਆਂ ਵੀ ਬਣੀਆਂ।ਇਨ੍ਹਾਂ ਵਿੱਚ ਅਨੁਰਾਗ ਸਿੰਘ ਦੀ ਕੇਸਰੀ ਨਵੀਂ ਹੈ ਜਿਸ ਵਿਚ ਅਕਸ਼ੈ ਕੁਮਾਰ ਨੇ ਹਵਲਦਾਰ ਈਸ਼ਰ ਦਾ ਰੋਲ ਬਖੂਬੀ ਅਦਾ ਕੀਤਾ ਤੇ ਫਿਲਮ ਨੇ 100 ਕ੍ਰੋੜ ਕਮਾਇਆ।ਸਾਰੀ ਦੁਨੀਆਂ ਦੇ ਅਖਬਾਰਾਂ ਵਿਚ ਖਬਰਾਂ ਤੇ ਲੇਖ ਛੱਪੇ ਤੇ ਇਨ੍ਹਾਂ ਯੋਧਿਆਂ ਨੂੰ ਜਗਤ ਦੇ ਸਭ ਤੋਂ ਸੂਰਬੀਰ ਯੋਧੇ ਤੇ ਸਾਰਾਗੜ੍ਹੀ ਦੀ ਲੜਾਈ ਵਿੱਚ ਦਿਖਾਈ ਗਈ ਬਹਾਦੁਰੀ ਸਭ ਤੋਂ ਉਤਮ ਮੰਨੀ ਗਈ ਜੋ ਫਰਾਂਸ ਤੇ ਹੋਰ ਦੇਸ਼ਾਂ ਦੇ ਸਿਲੇਬਸਾਂ ਵਿੱਚ ਪੜ੍ਹਾਈ ਜਾਂਦੀ ਹੈ ਪਰ ਅਫਸੋਸ ਕਿ ਭਾਰਤ ਵਿਚ ਤੇ ਨਾ ਹੀ ਪੰਜਾਬ ਵਿੱਚ ਇਹ ਕਿਸੇ ਸਿਲੇਬਸ ਦੀ ਕਿਤਾਬ ਵਿੱਚ ਦਰਜ ਨਹੀਂ ਜੋ ਕਿ ਹੋਣੀ ਚਾਹੀਦੀ ਹੈ।
 
Top