• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਅਦੁਤੀ ਜਰਨੈਲ਼ ਲੈਫ ਜਨਰਲ ਹਰਬਖਸ਼ ਸਿੰਘ

Dalvinder Singh Grewal

Writer
Historian
SPNer
Jan 3, 2010
1,245
421
78
ਅਦੁਤੀ ਜਰਨੈਲ਼ ਲੈਫ ਜਨਰਲ ਹਰਬਖਸ਼ ਸਿੰਘ
ਜਿਸ ਨੇ 1965 ਵਿਚ ਬਿਆਸੋਂ ਪਾਰ ਪੰਜਾਬ ਨੂੰ ਪਾਕਿਸਤਾਨ ਹਵਾਲੇ ਕਰਨੋਂ ਨਾਂਹ ਕੀਤੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੰਨ 1965 ਅਤੇ 1971 ਦੇ ਯੁੱਧ ਲੜਣ ਦਾ ਮੌਕਾ ਮਿਲਿਆ ਤੇ ਨਾਲ ਹੀ ਉਨ੍ਹਾਂ ਮਹਾਨ ਜਰਨੈਲਾਂ ਦੇ ਰੂ-ਬ-ਰੂ ਹੋਣ ਦਾ ਵੀ ਮੌਕਾ ਮਿਲਿਆ ਜਿਨ੍ਹਾਂ ਨੇ ਇਨ੍ਹਾਂ ਯੁਧਾਂ ਨੂੰ ਜਿਤਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਨਾਂ ਵਿਚੋਂ ਇਕ ਖਾਸ ਜਰਨੈਲ ਸੀ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ। ਕੱਦ-ਕਾਠੋਂ ਉੱਚਾ, ਜੁਸਿਓਂ ਤਕੜਾ ਤੇ ਚਾਲੋਂ ਚੁਸਤ-ਦਰੁਸਤ। ਸੰਨ 1965 ਦੇ ਯੁੱਧ ਵਿਚ ਉਹ ਫੌਜ ਦੀ ਪੱਛਮੀ ਕਮਾਨ ਦਾ ਜਨਰਲ ਆਫਿਸਰ ਕਮਾਂਡਿੰਗ ਸੀ ਤੇ ਉਸ ਦੇ ਖੇਤਰ ਅਧੀਨ ਪੱਛਮੀ ਪਾਕਿਸਤਾਨ ਦੀ ਤਕਰੀਬਨ ਸਾਰੀ ਹੱਦ ਪੈ ਜਾਂਦੀ ਸੀ।
ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ
ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਅੱਜ ਤਕ ਵੀ ਸੈਨਿਕਾਂ ਦਾ ਜਰਨੈਲ਼ ਜਾਣਿਆ ਜਾਂਦਾ ਹੈ ਕਿੳਂਂਕਿ ਇੱਕ ਤਾਂ ਉਹ ਸੈਨਿਕਾਂ ਨਾਲ ਅੱਗੇ ਹੋ ਕੇ ਲੜਦਾ ਸੀ ਦੂਜੇ ਉਹ ਸੈਨਿਕਾਂ ਵਿਚ ਇਤਨਾ ਉਤਸ਼ਾਹ ਭਰ ਦਿੰਦਾ ਸੀ ਕਿ ਜਿੱਤ ਨਿਸ਼ਚਿਤ ਹੋ ਜਾਂਦੀ ਸੀ।ਜਨਰਲ ਹਰਬਖ਼ਸ਼ ਸਿੰਘ ਕੋਲ ਜੰਗ ਦੇ ਮੈਦਾਨ ਦਾ ਤਜਰਬਾ ਵੀ ਬਹੁਤ ਸੀ। ਉਸਨੇ ਉੱਤਰ -ਪੱਛਮੀ ਸਰਹੱਦੀ ਪ੍ਰਾਂਤ ਵਿੱਚ ਲੜਾਈ ਲੜੀ, ਦੂਜੇ ਵਿਸ਼ਵ ਯੁੱਧ ਦੌਰਾਨ ਮਲਾਇਆ ਵਿੱਚ ਜਾਪਾਨੀਆਂ ਨਾਲ ਲੜਦੇ ਹੋਏ ਗੰਭੀਰ ਰੂਪ ਵਿੱਚ ਜ਼ਖਮੀ ਹੋਏ, ਸ਼ੈਲਤਾਂਗ ਦੀ ਲੜਾਈ ਲੜੀ ਅਤੇ 1947 ਵਿੱਚ ਸ਼੍ਰੀਨਗਰ ਨੂੰ ਪਾਕਿਸਤਾਨੀ ਹਮਲਾਵਰਾਂ ਤੋਂ ਬਚਾਇਆ ਤੇ ਪਾਕਿਸਤਾਨੀ ਫੌਜ ਤੋਂ ਟਿਥਵਾਲ ਦਾ ਕਬਜ਼ਾ ਖੋਹਿਆ ।ਸੰਨ 1962 ਦੀ ਚੀਨ ਦੇ ਨਾਲ ਲੜਾਈ ਦੇ ਦੌਰਾਨ ਜਦੋਂ ਲੈਫਟੀਨੈਂਟ ਜਨਰਲ ਬੀ ਐਮ ਕੌਲ ਬਿਮਾਰ ਪੈ ਗਏ ਤੇ ਜਵਾਨਾਂ ਵਿਚ ਹਾਰਾਂ ਪਿਛੋਂ ਨਾਉਮੀਦੀ ਪੈਣ ਲੱਗੀ ਤਾਂ ਜਨਰਲ ਹਰਬਖ਼ਸ਼ ਸਿੰਘ ਨੂੰ 4 ਕੋਰ ਦੀ ਕਮਾਨ ਸੰਭਾਲਣ ਲਈ ਤੇਜਪੁਰ ਭੇਜਿਆ ਗਿਆ । ਜਨਰਲ ਹਰਬਖਸ਼ ਨੇ ਹਾਰੇ ਹੋਏ ਸੈਨਿਕਾਂ ਅਤੇ ਕਮਾਂਡਰਾਂ ਵਿੱਚ ਵਿਸ਼ਵਾਸ ਦੁਬਾਰਾ ਬਹਾਲ ਕੀਤਾ ਅਤੇ ਉਨ੍ਹਾਂ ਦਾ ਮਨੋਬਲ ਵਧਾਉਣਾ ਸ਼ੁਰੂ ਕੀਤਾ।ਸਿਲਸਿਲਾ ਜਾਰੀ ਸੀ ਕਿ ਜਨਰਲ ਕੌਲ ਵਾਪਸਿ ਆ ਗਏ ਤੇ 4 ਕੋਰ ਸੰਭਾਲੀ ਤਾਂ ਉਸਨੂੰ 33 ਕੋਰ ਦਾ ਕੋਰ ਕਮਾਂਡਰ ਲਾਇਆ ਗਿਆ। ਏਥੋਂ ਉਨ੍ਹਾਂ ਨੂੰ ਤਰੱਕੀ ਦੇ ਕੇ ਪੱਛਮੀ ਕਮਾਨ ਦੇ ਆਰਮੀ ਕਮਾਂਡਰ ਬਣਾ ਦਿਤਾ ਗਿਆ।ਇਹ ਵਰ੍ਹਾ 1965 ਸੀ ਜੋ ਭਾਰਤ-ਪਾਕ ਯੁੱਧ ਦਾ ਸੀ ਜੋ ਮੁੱਖ ਤੌਰ ਤੇ ਪੱਛਮੀ ਪਾਕਿਸਤਾਨ ਦੀ ਸਾਰੀ ਹੱਦ ਤੇ ਹੋਇਆ ਸੀ।
ਤੁਸੀਂ ਜਨਰਲ ਹਰਬਖਸ਼ ਸਿੰਘ ਦੀ ਆਮ ਪ੍ਰਚਲਤ ਊਰੀ (ਕਸ਼ਮੀਰ) ਦੇ ਫੋਟੋ ਦੇਖੀ ਹੋਣੀ ਹੈ । ਉਸ ਵੇਲੇ ਜੰਮੂ ਕਸ਼ਮੀਰ ਦਾ ਸਾਰਾ ਖੇਤਰ ਪੱਛਮੀ ਕਮਾਨ ਦੇ ਥੱਲੇ ਸੀ। ਉੱਤਰੀ ਕਮਾਨ ਪਿੱਛੋਂ ਪੱਛਮੀ ਕਮਾਨ ਦੇ ਇਲਾਕੇ ਵਿਚੋਂ ਹੀ ਬਣੀ ।ਜਰਨੈਲ ਹਰਬਖਸ਼ ਸਿੰਘ ਅਧੀਨ ਫੌਜਾਂ ਨੇ ਪਾਕਿਸਤਾਨੀ ਜਿਬਰਾਲਟਰ ਫੋਰਸ ਦੇ ਸਾਰੇ ਛਾਪੇਮਾਰੀ ਦਸਤਿਆਂ ਨੂੰ ਜੰਮੂ -ਕਸ਼ਮੀਰ ਦੇ ਲੋਕਾਂ ਦੀ ਸਹਾਇਤਾ ਨਾਲ ਘੇਰ ਲਿਆ ਤੇ ਪਾਕਿਸਤਾਨ ਦੇ ਆਪਰੇਸ਼ਨ ਗ੍ਰੈਂਡ ਸਲੈਮ ਨੂੰ ਛੰਬ-ਅਖਨੂਰ ਸੈਕਟਰ ਵਿੱਚ ਰੋਕ ਦਿਤਾ। ਅੰਤਰਰਾਸ਼ਟਰੀ ਸੀਮਾ ਦੇ ਪਾਰ ਸ਼ੁਰੂ ਕੀਤੇ ਗਏ ਤਿੰਨ-ਪੱਖੀ ਹਮਲੇ ਦੇ ਕੁਝ ਘੰਟਿਆਂ ਦੇ ਅੰਦਰ ਹੀ ਇੱਕ ਭਾਰਤੀ ਡਿਵੀਜ਼ਨ ਲਾਹੌਰ ਦੇ ਦਰਵਾਜ਼ਿਆਂ ਤੇ ਦਸਤਕ ਦੇ ਰਹੀ ਸੀ ਜਿਸ ਬਾਰੇ ਸ਼ਾਸ਼ਤਰੀ ਜੀ ਨੇ ਕਿਹਾ ਸੀ ਕਿ ਅਸੀਂ ਟਹਿਲਦੇ ਹੋਏ ਲਹੌਰ ਪਹੁੰਚ ਜਾਣਾ ਹੈ।
ਸਭ ਤੋਂ ਮਹੱਤਵਪੂਰਨ ਪੱਖ ਇਸ ਯੁੱਧ ਦਾ ਇਹ ਸੀ ਕਿ ਜਦ ਪਾਕਿਸਤਾਨੀ ਪੈਟਨ ਟੈਂਕਾਂ ਦੀ ਡਿਵੀਜਨ ਖੇਮਕਰਨ ਖੇਤਰ ਵੱਲ ਵਧਣ ਲੱਗੀ ਤਾਂ ਖਤਰਾ ਹੋ ਗਿਆ ਕਿ ਭਾਰਤੀ ਸੈਂਚੂਰੀਅਨ ਟੈਂਕਾਂ ਨੇ ਇਨ੍ਹਾਂ ਦਾ ਸਾਹਮਣਾ ਨਹੀਂ ਕਰ ਸਕਣਾ ਤੇ ਲੜਾਈ ਹਾਰ ਜਾਵਾਂਗੇ। ਇਸ ਡਰ ਦੇ ਮੱਦੇ-ਨਜ਼ਰ ਸੈਨਾ ਮੁਖੀ ਜਨਰਲ ਜੇ ਐਨ ਚੌਧਰੀ ਨੇ ਜਨਰਲ ਹਰਬਖਸ਼ ਸਿੰਘ ਨੂੰ ਹੁਕਮ ਦਿਤਾ ਕਿ ਉਹ ਅਪਣੀ ਸੈਨਾ ਬਿਆਸ ਦਰਿਆ ਤੋਂ ਪਿੱਛੇ ਹਟਾ ਲਵੇ। ਇਸ ਦਾ ਮਤਲਬ ਖੇਮਕਰਨ, ਤਰਨਤਾਰਨ, ਗੋਇੰਦਵਾਲ, ਅੰਮ੍ਰਿਤਸਰ ਅਤੇ ਗੁਰਦਾਸਪੁਰ ਆਦਿ ਇਲਾਕੇ ਪਾਕਿਸਤਾਨ ਨੂੰ ਬਿਨਾ ਲੜਿਆਂ ਹੀ ਦਿਤੇ ਜਾਣੇ ਸਨ।
ਆਪਣੀ ਕਿਤਾਬ ‘ਇਨ ਦਿ ਲਾਈਨ ਆਫ਼ ਡਿਉੇਟੀ: ਏ ਸੋਲਜਰ ਰਿਮੈਂਬਰਸ’ ਵਿੱਚ, ਜਨਰਲ ਹਰਬਖ਼ਸ਼ ਸਿੰਘ ਨੇ ਲਿਖਿਆ ਹੈ: '9 ਸਤੰਬਰ ਦੀ ਦੇਰ ਰਾਤ ਨੂੰ, ਫ਼ੌਜ ਦੇ ਸਟਾਫ ਦੇ ਮੁਖੀ ਨੇ ਮੈਨੂੰ ਫੋਨ ਕੀਤਾ ... ਉਸਦੀ ਸਲਾਹ ਸੀ ਕਿ ਪਾਕਿਸਤਾਨੀ ਟੈਂਕਾ ਦੀ ਵਧਦੀ ਡਿਵੀਜਨ ਤੋਂ ਸਾਰੀ ਫੌਜ ਨੂੰ ਬਚਾਉਣ ਲਈ ਮੈਨੂੰ ਅਪਣੀ ਫੌਜ ਨੂੰ ਬਿਆਸ ਦਰਿਆ ਦੀ ਲਾਈਨ ਵੱਲ ਵਾਪਸ ਲੈ ਜਾਣਾ ਚਾਹੀਦਾ ਹੈ। ਬਿਆਸ ਤੋਂ ਪਿੱਛੇ ਲੈ ਜਾਣ ਦਾ ਮਤਲਬ ਇਹ ਹੋਵੇਗਾ ਕਿ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਸਮੇਤ ਪੰਜਾਬ ਦੇ ਪ੍ਰਮੁੱਖ ਖੇਤਰ ਦੀ ਕੁਰਬਾਨੀ ਦਿੱਤੀ ਜਾਣੀ ਸੀ ਜੋ 1962 ਵਿੱਚ ਚੀਨ ਦੇ ਹੱਥੋਂ ਹੋਈ ਹਾਰ ਨਾਲੋਂ ਕਿਤੇ ਭੈੜੀ ਹਾਰ ਹੋਵੇਗੀ। '
ਇਸ ਦੀ ਪੁਸ਼ਟੀ ਕੈਪਟਨ ਅਮਰਿੰਦਰ ਸਿੰਘ, ਨੇ ਵੀ ਕੀਤੀ ਹੈ ਜੋ ਉਸ ਵੇਲੇ ਜਨਰਲ ਹਰਬਖਸ਼ ਸਿੰਘ ਦੇ ਏ ਡੀ ਸੀ ਸਨ ਤੇ ਜਿਨ੍ਹਾਂ ਨੂੰ ਫ਼ੌਜ ਮੁਖੀ ਦਾ ਫ਼ੋਨ ਆਇਆ ਸੀ। ਕੈਪਟਨ ਅਮਰਿੰਦਰ ਸਿੰਘ, ਨੇ ਲਿਖਿਆ ਹੈ: 'ਸਵੇਰੇ 2.30 ਵਜੇ ਆਰਮੀ ਚੀਫ ਜਨਰਲ ਜੇ ਐਨ ਚੌਧਰੀ ਨੇ ਜਨਰਲ ਨੂੰ ਬੁਲਾਇਆ ਅਤੇ ਗੱਲ ਕੀਤੀ ਅਤੇ ਵੱਡੇ ਖਤਰੇ ਬਾਰੇ ਗਰਮ ਚਰਚਾ ਦੇ ਬਾਅਦ, ਸੈਨਾ ਮੁਖੀ ਨੇ ਫੌਜ ਦੇ ਕਮਾਂਡਰ ਨੂੰ ਹੁਕਮ ਦਿੱਤੇ ਕਿ ਉਹ 11 ਕੋਰ ਨੂੰ ਬਿਆਸ ਦਰਿਆ ਤੋਂ ਪਿੱਛੇ ਲੈ ਜਾਣ। ਜਨਰਲ ਹਰਬਖਸ਼ ਸਿੰਘ ਨੇ ਇਸ ਹੁਕਮ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ। '
ਆਪਣੇ ਸੈਨਾ ਮੁਖੀ ਦੇ ਮੌਖਿਕ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋਣਾ ਬਹੁਤ ਵੱਡਾ ਅਪਰਾਧ ਮੰਨਿਆਂ ਜਾਂਦਾ ਹੈ ਪਰ ਜਰਨੈਲ ਹਰਬਖਸ਼ ਸਿੰਘ ਨੇ ਆਪਣੇ ਤੋਂ ਪਹਿਲਾਂ ਆਪਣੇ ਮੁਲਕ ਨੂੰ ਤਰਜੀਹ ਦਿਤੀ।ਆਪਣੀ ਪਹੁੰਚ ਵਿੱਚ ਦਲੇਰ ਜਾਣੇ ਜਾਂਦੇ ਇਸ ਜਰਨੈਲ ਨੇ ਸਾਰੇ ਖਤਰਿਆਂ ਨੂੰ ਭਾਂਪ ਕੇ ਜੋਖਮ ਲੈਣ ਵਿੱਚ ਸੰਕੋਚ ਨਹੀਂ ਕੀਤਾ । ਨਤੀਜਾ ਭਾਰਤ ਦੇ ਪੱਖ ਵਿਚ ਸੀ ।ਪਾਕਿਸਤਾਨ ਵਲੋਂ ਅਸਲ ਉੱਤਰ ਦੀ ਲੜਾਈ ਵਿੱਚ, ਪਾਕਿਸਤਾਨੀ ਬਖਤਰਬੰਦ ਡਿਵੀਜ਼ਨ ਦੇ ਮਸ਼ਹੂਰ ਐਮ -47 ਪੈਟਨ ਟੈਂਕਾਂ ਨੂੰ ਮੁੱਠੀ ਭਰ ਪੈਦਲ ਫੌਜੀਆਂ ਅਤੇ ਸੈਂਚੁਰੀਅਨ ਟੈਂਕਾਂ ਨਾਲ ਲੈਸ ਇੱਕਲੀ ਭਾਰਤੀ ਰੈਜੀਮੈਂਟ ਨੇ ਅਜਿਹਾ ਸਤਿਆਨਾਸ ਕੀਤਾ ਕਿ ਚਾਰੇ ਪਾਸੇ ਟੁਟੇ ਸੜੇ ਟੈਂਕ ਹੀ ਨਜ਼ਰ ਆਉਣ ਲੱਗੇ। । ਅਮਰੀਕਨ ਪੈਟਨ ਟੈਂਕਾਂ ਦੀ ਅਜਿਹੀ ਕਬਰਗਾਹ ਬਣਾਈ ਜੋ ਅੱਜ ਤਕ ਖੇਮਕਰਨ ਸੈਕਟਰ ਵਿੱਚ ਵੇਖੀ ਜਾ ਸਕਦੀ ਹੈ।
1965 ਦੀ ਲੜਾਈ ਬਾਰੇ ਲਿਖਦਿਆਂ, ਮੇਜਰ ਜਨਰਲ ਡੀ ਕੇ ਪਲਿਤ ਨੇ ਪੁਸ਼ਟੀ ਕੀਤੀ ਹੈ ਕਿ ਅਸਲ ਵਿੱਚ, ਅਜਿਹਾ ਹੁਕਮ ਫੌਜ ਮੁਖੀ ਦੁਆਰਾ ਜਾਰੀ ਕੀਤਾ ਗਿਆ ਸੀ, ਪਰ 'ਹਰਬਖਸ਼ ਅੜੀਅਲ ਸੀ ਅਤੇ ਉਸ ਨੇ ਇਸ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਚੌਧਰੀ ਨੂੰ ਕਿਹਾ ਕਿ ਉਹ ਅਜਿਹੇ ਮਹੱਤਵਪੂਰਣ ਮੁੱਦੇ 'ਤੇ ਜ਼ੁਬਾਨੀ ਆਦੇਸ਼ ਨੂੰ ਸਵੀਕਾਰ ਨਹੀਂ ਕਰੇਗਾ। ਫੌਜ ਮੁਖੀ ਦਾ ਕੋਈ ਲਿਖਤੀ ਆਦੇਸ਼ ਕਦੇ ਨਹੀਂ ਆਇਆ। ਜਦੋਂ ਹਰਬਖ਼ਸ਼ ਦੀ ਅਗਵਾਈ ਵਿੱਚ ਸੈਂਚੁਰੀਅਨਜ਼ ਅਤੇ 106 ਮਿਲੀਮੀਟਰ ਤੋਪਾਂ ਨੇ ਯੁੱਧ ਦੀਆਂ ਮਹਾਨ ਰਣਨੀਤਕ ਜਿੱਤਾਂ ਵਿੱਚੋਂ ਖੇਮਕਰਨ ਦੀ ਇੱਸ ਜੰਗ ਵਿੱਚ ਪਾਕਿਸਤਾਨੀ ਪੈਟਨ ਟੈਂਕਾਂ ਨਾਲ ਤਬਾਹੀ ਮਚਾਈ। '
ਮਸ਼ਹੂਰ ਰੱਖਿਆ ਵਿਸ਼ਲੇਸ਼ਕ ਤੇ ਕਾਲਮਨਵੀਸ ਇੰਦਰ ਮਲਹੋਤਰਾ ਨੇ ਲਿਖਿਆ ਹੈ ਕਿ ਜਨਰਲ ਚੌਧਰੀ ਨੇ 'ਘਬਰਾ ਕੇ ਹਰਬਖਸ਼ ਨੂੰ ਹੁਕਮ ਦਿੱਤਾ ਕਿ ਉਹ ਬਿਆਸ ਦੇ ਪਿੱਛੇ ਆਪਣੀਆਂ ਫੌਜਾਂ ਵਾਪਸ ਬੁਲਾ ਲਵੇ, ਅਤੇ ਹਰਬਖਸ਼ ਸਿੰਘ ਨੇ ਇਨਕਾਰ ਕਰ ਦਿੱਤਾ।'
ਇਸ ਤਰ੍ਹਾਂ ਮੁਸੀਬਤਾਂ ਦੇ ਬਾਵਜੂਦ ਸਥਿਰ ਰਹੇ, ਜਨਰਲ ਹਰਬਖਸ਼ ਸਿੰਘ ਨੇ ਨਾਜ਼ੁਕ ਮੋੜ ਤੇ ਸ਼ਾਨਦਾਰ ਅਗਵਾਈ ਪ੍ਰਦਾਨ ਕੀਤੀ ਤੇ ਪੰਜਾਬ ਦੇ ਦੋ ਜ਼ਿਲੇ ਪਾਕਿਸਤਾਨ ਵਿਚ ਜਾਣੋਂ ਬਚਾ ਲਏ। ਉਹ ਇੱਕ ਸੱਚਾ ਰਾਸ਼ਟਰੀ ਨਾਇਕ ਸੀ ਅਤੇ ਰਾਸ਼ਟਰਪਤੀ ਦੁਆਰਾ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
 

❤️ CLICK HERE TO JOIN SPN MOBILE PLATFORM

Top