• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi-Guru Tegh Bahadur-Jeeven te Yatravan

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਤੇਗ ਬਹਾਦਰ ਜੀ ਦੀਆਂ ਯਾਤ੍ਰਾਵਾਂ

ਦਲਵਿੰਦਰ ਸਿੰਘ ਗਰੇਵਾਲ

ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਵਿੱਚ ਪੂਰਾ ਭਾਰਤ ਹੀ ਨਹੀਂ, ਭਾਰਤ ਦੇ ਉੱਤਰ, ਪੂਰਬ ਤੇ ਪੱਛਮ ਦੇ ਦੇਸ਼ਾਂ ਦੀ ਯਾਤਰਾ ਵੀ ਕੀਤੀ । ਪਿੱਛੋਂ ਬਾਕੀ ਦੇ ਗੁਰੂ ਸਾਹਿਬਾਨ ਨੇ ਵੀ ਗੁਰੂ ਨਾਨਕ ਜੀ ਦੀਆਂ ਪਾਈਆਂ ਪੈੜਾਂ ਤੇ ਚੱਲ ਕੇ ਥਾਂ ਥਾਂ ਜਾ ਨਾਮ ਪ੍ਰਚਾਰਿਆ। ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਨਾਨਕ ਦੇਵ ਜੀ ਦੀ ਪੂਰਬ ਯਾਤਰਾ ਸਮੇਂ ਦੀਆਂ ਪੈੜਾਂ ਹੀ ਤਾਜ਼ੀਆਂ ਨਹੀਂ ਕੀਤੀਆਂ ਸਗੋਂ ਆਸ ਪਾਸ ਦੇ ਹੋਰ ਸ਼ਹਿਰਾਂ ਵਿੱਚ ਵੀ ਨਾਮ ਪਰਚਾਰਿਆ । ਇਸ ਦੇ ਇਲਾਵਾ ਸਮੁੱਚੇ ਮਾਲਵੇ ਦੇ ਜ਼ਰਰੇ-ਜ਼ਰਰੇ ਨੂੰ ਵੀ ਭਾਗ ਲਾਏ। ਬਾਬੇ ਬਕਾਲੇ ਤੋਂ ਗੋਹਾਟੀ ਹਜੋ ਤਕ ਗੁਰੂ ਜੀ ਨੇ ਲੰਬੇ ਪੈਂਡੇ ਤਹਿ ਕਰਦਿਆਂ ਨਾਮ ਦੀ ਵਰਖਾ ਵੀ ਕੀਤੀ ਤੇ ਭੁਲਿਆਂ ਨੂੰ ਸਿੱਧੇ ਰਸਤੇ ਵੀ ਪਾਇਆ। ਗੁਰੂ ਜੀ ਦੀ ਇਸ ਧੁਰੰਧਰ ਯਾਤਰਾ ਤੇ ਨਾਮ–ਵੰਡਣ ਪ੍ਰਥਾ ਨੇ ਸਮੇਂ ਦੇ ਸ਼ਾਸ਼ਕ ਔਰੰਗਜ਼ੇਬ ਨੂੰ ਚੋਕੰਨਾ ਕਰ ਦਿੱਤਾ । ਉਹ ਜੋ ਸਿਰਫ ਮੁਤੱਸਬੀ ਅੱਖ ਨਾਲ ਹੀ ਸਭ ਨੂੰ ਵੇਖਦਾ ਸੀ, ਗੁਰੂ ਜੀ ਦਾ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਗੱਲ ਚਲਣੀ ਕਿੱਥੇ ਜਰ ਸਕਦਾ ਸੀ। ਸਮੇਂ ਸਮੇਂ ਉਸ ਨੇ ਗੁਰੂ ਜੀ ਨੂੰ ਕੈਦ ਵੀ ਕਰਵਾਇਆ ਤੇ ਫਿਰ ਸ਼ਹੀਦ ਕਰਨ ਦੇ ਆਦੇਸ਼ ਵੀ ਜਾਰੀ ਕਰਵਾਏ।ਉਹ ਕੀ ਜਾਣਦਾ ਸੀ ਕਿ ਗੁਰੂ ਜੀ ਦੀ ਅਦੁਤੀ ਸ਼ਹਾਦਤ ਨਾਲ ਹੀ ਗੁਰੂ ਜੀ ਦੇ ਧਰਮ ਦਾ ਪਰਚਾਰ ਖਤਮ ਨਹੀਂ ਹੋ ਜਾਣਾ ਸਗੋਂ ਸਿੱਖਾਂ–ਸੇਵਕਾਂ ਨੇ ਇਸ ਮਿਸ਼ਾਲ ਨੂੰ ਬਲਦੀ ਰੱਖਣਾ ਹੈ । ਗੁਰੂ ਜੀ ਦੀ ਸ਼ਹਾਦਤ ਦਾ ਸਫਰ ਵੀ ਗੁਰੂ ਜੀ ਦੇ ਸਿੱਖਾਂ ਲਈ ਇਕ ਰਾਹਨੁਮਾ ਹੋ ਗਿਆ । ਇਸ ਦੇ ਉਲਟ, ਗੁਰੂ ਜੀ ਦੇ ਜੀਵਨ ਤੇ ਝਾਤ ਪਾਈਏ ਤਾਂ ਸਾਫ ਦਿਸਦਾ ਹੈ ਕਿ ਗੁਰੂ ਜੀ ਦੀ ਗੱਦੀ ਪ੍ਰਾਪਤੀ ਪਿੱਛੋਂ ਦੀ ਬਹੁਤੀ ਜ਼ਿੰਦਗੀ ਨਾਮ-ਦਾਨ-ਯਾਤਰਾ ਦੀ ਹੈ।
ਮਾਣਕਪੁਰ ਦੇ ਮਹੰਤ ਮਲੂਕ ਦਾਸ ਨੇ ਇਕ ਪੁੱਛ ਦੇ ਉਤਰ ਵਿੱਚ ਗੁਰੂ ਜੀ ਦੀ ਯਾਤਰਾ ਬਾਰੇ ਇਉਂ ਲਿਖਿਆ ਹੈ: “ਬ੍ਰਹਮ ਪੁੱਤਰ ਦਰਿਆ ਤੋਂ ਪਰੇ ਤੱਕ ਜੋ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਬੋ ਗਏ ਸਨ, ਗੁਰੂ ਤੇਗ ਬਹਾਦਰ ਜੀ ਤੀਰਥਾਂ ਦੇ ਬਹਾਨੇ ਉਸ ਨੂੰ ਪਾਣੀ ਦੇਣ ਚੱਲੇ ਹਨ। ਉਹ ਲੋਕ ਦੇਸ਼ਾਂ ਦੀ ਦੂਰੀ ਹੋਣ ਕਰਕੇ ਪੰਜਾਬ ਨਹੀਂ ਆ ਸਕਦੇ । ਦਰਸ਼ਨਾਂ ਦੀ ਅਭਿਲਾਖਾ ਲਈ ਬੈਠੇ ਹਨ।ਕਿਸੇ ਨੇ ਸੁੰਦਰ ਪਲੰਘ ਬਣਾ ਕੇ ਮਖਮਲੀ ਤਕੀਏ ਸਜਾ ਕੇ ਇਸ ਪ੍ਰਤਿਗਿਆ ਕਰ ਰੱਖੀ ਹੈ ਕਿ ਜਦੋਂ ਤੱਕ ਏਸ ਉਤੇ ਬਿਰਾਜੇ ਹੋਏ ਗੁਰੂ ਜੀ ਦੇ ਦਰਸ਼ਨ ਨਹੀਂ ਕਰਨਗੇ ਤਦੋਂ ਤੱਕ ਅਸੀਂ ਮੰਜੇ ਤੇ ਵੀ ਨਹੀਂ ਪੈਣਾ । ਕਈਆਂ ਨੇ ਸੁੰਦਰ ਸੁੰਦਰ ਮੰਦਰ ਬਣਵਾ ਕੇ ਪ੍ਰਣ ਕੀਤਾ ਹੈ ਕਿ ਜਦੋਂ ਤਕ ਗੁਰੂ ਦੇ ਚਰਨ ਨਹੀਂ ਪੈਣਗੇ, ਨਿਵਾਸ ਨਹੀ ਕਰਨਾ । ਬਹੁਤਿਆਂ ਨੇ ਕੀਮਤੀ ਪੁਸ਼ਾਕਾਂ ਬਣਾ ਰਖੀਆਂ ਹਨ ਤੇ ਜਦ ਗੁਰੂ ਜੀ ਇਹ ਬਸਤਰ ਅੰਗ ਲਗਾਉਣ ਤਾਂ ਹੀ ਉਹ ਆਪਣੇ ਬਸਤ੍ਰ ਪਹਿਨਣਗੇ । ਸਿੱਖਾਂ ਦੀ ਸ਼ਰਧਾ ਤੇ ਪ੍ਰਤਿਗਿਆ ਪੂਰੀ ਕਰਨ ਲਈ ਗੁਰੂ ਜੀ ਨਦੀ ਮੇਘ ਵਾਂਗ ਜੀਵਾਂ ਨੂੰ ਨਿਹਾਲ ਕਰਦੇ ਹੋਏ ਸਿੱਖਾਂ ਨੂੰ ਤਾਰਨ ਚੱਲੇ ਹਨ”।
ਗੁਰੂ ਜੀ ਦਾ ਜਨਮ ਮਿਤੀ ਪਹਿਲੀ ਅਪ੍ਰੈਲ ੧੬੨੧ ਈ: ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਗੁਰੂ ਹਰਿਗੋਬਿੰਦ ਜੀ ਦੇ ਮਹਿਲ, ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ :-
ਸੰਮਤ ਖੋੜਸ ਸੈ ਸਤ ਆਠ, ਵਿਸਾਖ ਵਦੀ ਸਰ ਸੁਕ੍ਰਵਾਰੈ ॥
ਧਾਮ ਗੁਰੂ ਹਰਿ ਗੋਬਿੰਦ ਨਾਨਕੀ ਮਾਤ, ਸੁਧਾ ਸਰ ਮਾਹਿ ਵਿਚਾਰੈ॥
(ਸ਼੍ਰੀ ਗੁਰੂ ਪੰਥ ਪ੍ਰਕਾਸ਼ ਰਚਿਤ ਗਿਆਨੀ ਗਿਆਨ ਸਿੰਘ, ਪੰਨਾ ੯੮੦ )

“ਸਿੱਖ ਕੋਮ ਦੇ ਨੋਵੇਂ ਪਾਤਸ਼ਾਹ, ਜਿਨ੍ਹਾਂ ਦਾ ਜਨਮ ੫ ਵੈਸਾਖ (ਵੈਸਾਖ ਵਦੀ ੫) ਸੰਮਤ ੧੬੭੮ (੧ ਅਪ੍ਰੈਲ ੧੬੨੧) ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ, ਮਾਤਾ ਨਾਨਕੀ ਦੀ ਕੁਖੋਂ ਸ੍ਰੀ ਅੰਮ੍ਰਿਤਸਰ ਹੋਇਆ।” (ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ ੪੪੯)
ਗਿਆਰਾਂ ਸਾਲ ਦੀ ਉਮਰ ਵਿੱਚ ੧੫ ਅੱਸੂ ਸੰਮਤ ੧੬੮੯ ਨੂੰ ਕਰਤਾਰਪੁਰ ਵਿੱਖੇ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਵਿਆਹ ਹੋਇਆ । ਅਪ੍ਰੈਲ ੧੬, ੧੬੩੫ ਨੂੰ ਆਪ ਜੀ ਨੇ ਗੁਰੂ ਹਰਿਗੋਬਿੰਦ ਜੀ ਅੱਗੇ ਕਰਤਾਰਪੁਰ ਦੇ ਯੁੱਧ ਵਿੱਚ ਬਹਾਦੁਰੀ ਵਿਖਾਕੇ ਆਪਣੇ ਪਹਿਲੇ ਨਾਮ ਤਿਆਗ ਮਲ ਨੂੰ ਤੇਗ ਬਹਾਦਰ ਬਣਾ ਲਿਆ ਜਸ ਗੁਰੂ ਹਰਿਗੋਬਿੰਦ ਜੀ ਨੇ ਕਿਹਾ: -

“ਤੂੰ ਤਿਆਗ ਮਲ ਹੀ ਨਹੀਂ, ਤੂੰ ਤਾਂ ਤੇਗ ਬਹਾਦਰ ਵੀ ਹੈਂ।”

ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ ੧੧ ਵਰ੍ਹੇ ਸੰਨ ੧੬੩੫ ਤੋਂ ੧੬੪੪ ਤਕ ਪੜ੍ਹਦੇ ਰਹੇ ਤੇ ਗੁਰੂ ਹਰਰਾਇ ਜੀ ਨੂੰ ਗੱਦੀ ਪ੍ਰਾਪਤੀ ਪਿੱਛੋਂ ਆਪ ਜੀ ਨੂੰ ਮਾਤਾ ਨਾਨਕੀ ਸਮੇਤ ਬਾਬਾ ਬਕਾਲੇ ਵਿਖੇ ਰਹਿਣ ਦਾ ਆਦੇਸ਼ ਹੋਇਆ ।
ਅਬ ਆਨੋ ਮਮ ਬਾਇ, ਜਾਇ ਬਕਾਲੇ ਤੁਮ ਰਹੋ॥

ਬਕਾਲੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਉੱਥੇ ਹੀ ਰਹਿੰਦੇ ਸਨ। ਮਾਤਾ ਨਾਨਕੀ ਜੀ ਤੇ ਘਰੋਂ ਮਾਤਾ ਗੁਜਰੀ ਜੀ ਨਾਲ ਹੀ ਸਨ।

“ ਗੁਰੂ ਤੇਗ ਬਹਾਦਰ ਜੀ ਤਹਾ ਬਸੈ॥
ਰਹੋ ਗੋਪ ਅਲਿਪਤ ਆਮਤ ਰੰਗ ਰਸੇ॥
ਕਾਹੂ ਕੋ ਦਰਸ਼ਨ ਨਹੀਂ ਹੋਇ॥
ਰਹੈ ਇਕਾਂਤ ਤਹਾਂ ਪਹੁਚਨ ਕੋਇ॥
ਜਬ ਕਬ ਚੜ੍ਹ ਸ਼ਿਕਾਰ ਪ੍ਰਭ ਜਾਵੈ॥
ਨਹੀਂ ਲਹੇ ਸਮਾ ਕੋਊ ਦਰਸ਼ਨ ਪਾਵੈ॥
(ਮਹਿਮਾ ਪ੍ਰਕਾਸ਼ ਸਾਖੀ ਪਹਿਲੀ)
ਗੁਰੂ ਜੀ ਨੇ ਏਥੇ ੨੧ ਵਰੇ੍ਹ ਸੰਨ ੧੬੪੪ ਤੋਂ ੧੬੬੪ ਤਕ ਘੋਰ ਤਪੱਸਿਆ ਕੀਤੀ।ਭੱਟ ਵਹੀ ਪੂਰਬੀ ਦੱਖਣੀ ਅਨੁਸਾਰ “ਤੇਗ ਬਹਾਦੁਰ ਜੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਵਿਖੇ ਮਿਲੇ ਅਤੇ ਉਨ੍ਹਾਂ ਧਰਮਸਾਲ ਭਾਈ ਕਲਿਆਣ ਦਾਸ ਵਿੱਚ ਡੇਰਾ ਕੀਤਾ।” ਇਸ ਦਾ ਭਾਵ ਗੁਰੂ ਜੀ ਦੀ ਪਹਿਲੀ ਯਾਤਰਾ ਗੁਰਿਆਈ ਮਿਲਣ ਤੋਂ ਪਹਿਲਾਂ ਦੀ ਦਿੱਲੀ ਦੀ ਹੈ। ੩੦ ਮਾਰਚ ੧੬੬੪ ਈ: ਨੂੰ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤੇ ਗੁਰਗੱਦੀ ਦੀ ਜ਼ਿੰਮੇਵਾਰੀ ‘ਬਾਬਾ ਬਕਾਲੇ’ ਫਰਮਾ ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਗਏ। ਸਾਰੀ ਗੁਰਿਆਈ ਦੀ ਸਮੱਗਰੀ ਨਾਰੀਅਲ, ਪੰਜ ਪੈਸੇ ਆਦਿ ਦਵਾਰਕਾ ਦਾਸ ਦੇ ਸਪੁੱਤਰ ਦਰਯਾਹ ਮੱਲ ਜੀ ਨੂੰ ਦਿਤੀ ਗਈ ਅਤੇ ਇਹ ਫੈਸਲਾ ਕੀਤਾ ਗਿਆ ਕਿ ਦਰਯਾਹ ਮੱਲ ਜੀ ਆਪੂੰ ਸੰਗਤ ਸਮੇਤ ਬਕਾਲਾ ਜਾਣ ਤੇ ਮਰਯਾਦਾ ਅਨੁਸਾਰ ਗੁਰਗੱਦੀ ਸੋਂਪੀ ਜਾਵੇ। ਬਾਈ ਨਕਲੀ ਗੁਰੂਆਂ ਦੀਆਂ ਮੰਜੀਆਂ ਦਾ ਭਰਮ ਮੱਖਣ ਸ਼ਾਹ ਲੁਬਾਣਾ ਨੇ ਅੱਠ ਅਕਤੂਬਰ ੧੬੬੪ ਨੂੰ ‘ਗੁਰੂ ਲਾਧੋ ਰੇ’ ਕਰ ਕੇ ਤੋੜਿਆ। ਉਸ ਤੋਂ ਪਹਿਲਾ ਗਿਆਰਾਂ ਅਗਸਤ ੧੯੬੪ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬੁਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ ਸੋਂਪ ਦਿਤੀ ਸੀ।
ਧੀਰਮੱਲ ਨੇ ਈਰਖਾ ਤੇ ਦੁਸ਼ਮਣੀ ਵਿਖਾਈ ਤਾਂ ਗੁਰੂ ਜੀ ਬਕਾਲਾ ਛੱਡ ਅੰਮ੍ਰਿਤਸਰ ਵੱਲ ਤੁਰ ਪਏ ਪਰ ਅੱਗੇ ਪੁਜਾਰੀਆਂ ਆਪਣੇ ਰੁਜ਼ਗਾਰ ਨੂੰ ਖਤਰਾ ਸਮਝਿਆ ਤੇ ਹਰਿਮੰਦਰ ਸਾਹਿਬ ਦੇ ਮੁੱਖ ਕਿਵਾੜ ਬੰਦ ਕਰ ਲਏ। ਆਪ ਬਾਹਰੋਂ ਹੀ ਇਸ਼ਨਾਨ ਕਰ ਵੱਲਾ ਸਾਹਿਬ ਚਲੇ ਗਏ ਤੇ ਮਸੰਦਾਂ ਪ੍ਰਤੀ ਕਿਹਾ:-
ਨਹੀਂ ਮਸੰਦ ਤੁਮ ਅੰਮ੍ਰਿਤ ਸਰੀਏ॥ਤ੍ਰਿਸ਼ਨਾ ਮਨ ਤੇ ਅੰਤਰ ਸੜੀਏ॥

(ਕੁਝ ਲਿਖਾਰੀ ਇਸ ਨੂੰ ਅੰਮ੍ਰਿਤਸਰੀਏ ਅੰਦਰ ਸੜੀਏ” ਲਿਖਦੇ ਹਨ ਜੋ ਠੀਕ ਨਹੀਂ।)

ਵੱਲਾ ਸਾਹਿਬ ਤੋਂ ਚੱਲ ਸਰਾਲਾ, ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ ਹੁੰਦੇ ਹੋਏ ਮਾਖੋਵਾਲ ਪਹੁੰਚੇ ਜਿੱਥੇ ੪੧੯ ਜੂਨ ੧੬੬੫ ਨੂੰ ਚੱਕ-ਨਾਨਕੀ ਵਸਾਇਆ ਜੋ ਪਿੱਛੋਂ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿਧ ਹੋਇਆ ਕਿਉਂਕਿ ਪਿੱਛੋਂ ਜਦ ਬਾਲ ਗੋਬਿੰਦ ਪਟਨਾ ਤੋਂ ਚੱਕ ਨਾਨਕੀ ਆਏ ਤਾਂ ਚੱਕ-ਨਾਨਕੀ ਵੜਦਿਆਂ ਉਨ੍ਹਾਂ ਨੇ ਸੰਗਤਾਂ ਸਮੇਤ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ , “ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ” ਸ਼ਬਦ ਸੁਣਦਿਆਂ ਹੀ ਗੁਰੂ ਤੇਗ ਬਹਾਦੁਰ ਜੀ ਨੇ ਆਖਿਆ, “ਇਹ ਹੁਣ ਚੱਕ-ਨਾਨਕੀ ਨਹੀਂ ਅਨੰਦਪੁਰ ਹੈ।”
ਚੱਕ ਨਾਨਕੀ ਵਸਾ ਕੇ ਗੁਰੂ ਤੇਗ ਬਹਾਦੁਰ ਜੀ ਗੁਰੂ ਨਾਨਕ ਜੀ ਦੇ ਬੀਜੇ ਸਿੱਖੀ ਦੇ ਬੀਜ ਨੂੰ ਪਾਣੀ ਦੇਣ ਤੁਰ ਪਏ।ਗੁਰੂ ਜੀ ਦੀ ਯਾਤਰਾ ਮੁਖ ਤਿੰਨ ਖੇਤਰਾਂ ਦੀ ਹੈ ਮਾਲਵਾ ਖੇਤਰ, ਬਾਂਗਰ ਖੇਤਰ ਤੇ ਪੂਰਬ ਖੇਤਰ। ਕੁਝ ਲਿਖਾਰੀਆਂ ਨੇ ਮਾਲਵਾ ਦੇ ਖੇਤਰ ਦੀ ਯਾਤਰਾ ਦਾ ਸਮਾਂ ਨਾਨਕੀ-ਚੱਕ ਵਸਾਉਣ ਤੋਂ ਪਹਿਲਾਂ ਦਾ ਦਿਤਾ ਹੈ ਤੇ ਕੁਝ ਨੇ ਬਾਂਗਰ ਦੇਸ਼ ਦਾ ਗੁਰਗੱਦੀ ਪ੍ਰਾਪਤੀ ਤੋਂ ਪਹਿਲਾਂ ਦਾ ਜਦੋਂ ਆਪ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਮਿਲੇ। ਇਸੇ ਸੰਬੰਧ ਵਿੱਚ ਇੱਕ ਹੋਰ ਭੁਲੇਖਾ ਹੈ ਗੁਰੂ ਜੀ ਦੀ ਗ੍ਰਿਫਤਾਰੀ ਬਾਰੇ। ਭੱਟ-ਵਹੀਆਂ ਵਿੱਚੋਂ ਗੁਰੂ ਜੀ ਦੇ ਧਮਤਾਨ ਵਿਖੇ ਨਵੰਬਰ ੮, ੧੬੬੫ ਨੂੰ ਬੰਦੀ ਬਣਾਏ ਜਾਣ ਦਾ ਹਵਾਲਾ ਮਿਲਦਾ ਹੈ।
“ਗੁਰੂ ਤੇਗ ਬਹਾਦੁਰ ਜੀ ਮਹੱਲ ਨਾਵੇਂ ਕੋ ਨਗਰ ਧਮਧਾਣ ਪਰਗਣਾ ਬਾਂਗਰ ਸੇ ਆਲਮਖਾਨ ਰੁਹੇਲਾ ਸ਼ਾਹੀ ਹੁਕਮ ਨਾਲ ਦਿੱਲੀ ਕੋ ਲੈ ਕਰ ਆਇਆ ਸਾਲ ਸਤ੍ਰਹ ਸੈ ਬਾਈਸ ਕਾਤਕ ਸੁਦੀ ਗਿਆਰਸ ਕੋ ਬੁਧਵਾਰ ਕੇ ਦਿਹੁੰ, ਸਾਥ ਮਤੀ ਦਾਸ, ਸਤੀ ਦਾਸ ਬੇਟੇ ਹੀਰਾਮੱਲ ਛਿੱਬਰ ਕੇ, ਗੁਲਾਬ ਦਾਸ ਬੇਟਾ ਛੁੱਟੇ ਮੱਲ ਛਿੱਬਰ ਕਾ, ਗੁਰਦਾਸ ਬੇਟਾ ਕੀਰਤ ਬੜਤੀਏ ਕਾ, ਸੰਗਤ ਬੇਟਾ ਬਿੰਨੇ ਉੱਪਲ ਕਾ, ਜੇਠਾ ਦਿਆਲ ਦਾਸ ਬੇਟੇ ਮਤੀ ਦਾਸ ਕੇ, ਜਲਹਾਰੇ ਬਲਉਂਤ ਹੋਰ ਸਿੱਖ ਫਕੀਰ ਆਏ।” (ਵਹੀ ਜਾਦੋ ਬੰਸੀਆ ਕੀ ( ਯਾਦਵ ਬੰਸ ਕੀ) ਕਤਕ ਸੁਦੀ ਇਕਾਦਸ਼ੀ ਬਿਕ੍ਰਮੀ ੧੭੨੨ (ਨਵੰਬਰ ੮, ੧੬੬੫)
ਦੂਸਰੀ ਵਾਰ ਗੁਰੂ ਜੀ ਨੂੰ ੧੨ ਜੁਲਾਈ ੧੬੭੫ ਨੂੰ ਰੋਪੜ ਕੋਲ ਮਲਕਪੁਰ ਦੀ ਥਾਂ ਤੇ ਕੈਦ ਕੀਤੇ ਜਾਣ ਦਾ ਹਵਾਲਾ ਇਉਂ ਮਿਲਦਾ ਹੈ:-
“ਗੁਰੂ ਤੇਗ ਬਹਾਦੁਰ ਜੀ ਮਹੱਲ ਨਾਵੇਂ ਕੋ ਨੂਰ ਮਹੁੰਮਦ ਮਿਰਜ਼ਾ ਚੋਂਕੀ ਰੋਪੜ ਵਾਲੇ ਨੇ ਸਾਲ ਸਤ੍ਰਹ ਸੌ ਬਤੀਸ ਸਾਵਨ ਪ੍ਰਬਿਸ਼ਟੇ ਬਾਰਾਂ, ਮਦਨਪੁਰ ਪਰਗਨਾ ਘਨਉਲਾ ਸੇ ਪਕੜ ਕਰ ਸਰਹੰਦ ਪਹੁੰਚਾਇਆ ।ਸਾਥ ਸਤੀਦਾਸ, ਮਤੀਦਾਸ ਬੇਟੇ ਹੀਰਾ ਮੱਲ ਛਿੱਬਰ ਕੇ ਸਾਥ ਦਿਆਲ ਦਾਸ ਬੇਟਾ ਮਾਈ ਦਾਸ ਬਲਉਂਤ ਕਾ ਪਕੜਿਆ ਆਇਆ ਚਾਰ ਮਾਹ ਸਰਹੰਦ ਔਰ ਦਿੱਲੀ ਬੰਦੀਖਾਨੇ ਮੇਂ ਰਹੇ।”
(ਭਟਾਖਰੀ ਨਕਲ ਤੋਂ ਨਕਲ ਕੀਤੀ ਗਿਆਨੀ ਗਰਜਾ ਸਿੰਘ ਨੇ ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬਲਉਂਤੋ ਕੋ)
ਇਸੇ ਦੀ ਪੁਸ਼ਟੀ ਭੱਟ ਵਹੀ ਪੂਰਬੀ ਦੱਖਣੀ ਤੋਂ ਭੀ ਹੁੰਦੀ ਹੈ ਜਿਸ ਵਿੱਚ ‘ਬੰਝਰਾਉਤ ਜਲਹਾਣੇ’ ਹੇਠਾਂ ਇਹ ਲਿਖਤ ਦਰਜ ਹੈ।
ਪ੍ਰੰਤੂ ਕਈ ਇਤਿਹਾਸਕਾਰ ਗੁਰੂ ਜੀ ਨੂੰ ਆਗਰੇ (ਗੁਰੂ ਕੇ ਤਾਲ) ਕੈਦ ਹੋਇਆ ਦੱਸਦੇ ਹਨ ਤੇ ਇਹ ਵੀ ਆਖਦੇ ਹਨ ਕਿ ਗੁਰੂ ਜੀ ਉਸ ਥਾਂ ਮਾਈ ਜੱਸੀ ਦੀ ਰੀਝ ਪੂਰੀ ਕਰ ਥਾਨ ਸਵੀਕਾਰ ਕਰਨ ਪਹੁੰਚੇ ਸਨ (ਉਸ ਦਾ ਨਾਂ ਮਾਈਥਾਨ ਕਰ ਕੇ ਪ੍ਰਸਿਧ ਹੈ) ਤੇ ਇੱਕ ਮੁਸਲਿਮ ਚਰਵਾਹੇ ਦੀ ਇਹ ਉਮੀਦ ਕਿ ਜੇ ਗੁਰੂ ਜੀ ਮੇਰੇ ਹੱਥੋ ਕੈਦ ਹੋਣ ਤਾਂ ਇਨਾਮ ਮੈਨੂੰ ਮਿਲੇ’ ਪੂਰੀ ਕਰਨ ਗਏ ਸਨ। ਗੁਰਦੁਆਰਾ ਗੁਰੂ ਕਾ ਤਾਲ ਆਗਰਾ ਵਿੱਚ ਉੁਹ ਭੋਰਾ ਅਜੇ ਵੀ ਵਿਖਾਇਆ ਜਾਂਦਾ ਹੈ ਜਿੱਥੇ ਗੁਰੂ ਜੀ ਨੂੰ ਕੈਦ ਕੀਤਾ ਗਿਆ ਸੀ। ਪ੍ਰੰਤੂ ਏਥੇ ਕੈਦ ਕੀਤੇ ਜਾਣ ਦਾ ਸਮਾਂ ਢੁਕਦਾ ਨਹੀਂ । ਹੋ ਸਕਦਾ ਹੈ ਜਦ ਗੁਰੂ ਤੇਗ ਬਹਾਦਰ ਜੀ ਪੂਰਬ ਵਲ ਜਾਂਦੇ ਆਗਰੇ ਆਏ ਤਾਂ ਉਸ ਸਮੇਂ ਵੀ ਗੁਰੂ ਨੂੰ ਉੱਥੋਂ ਦੇ ਹਾਕਮ ਨੇ ਕੈਦ ਕਰ ਲਿਆ ਹੋਵੇ ਕਿਉਂਕਿ ਗੁਰੂ ਜੀ ਨੂੰ ਧਮਤਾਨ ਗ੍ਰਿਫਤਾਰ ਕੀਤੇ ਜਾਣ ਵੇਲੇ ਢੰਡੋਰਾ ਪਿਟਵਾਇਆ ਗਿਆ ਹੋਵੇਗਾ ਜਾਂ ਇਨਾਮ ਵੀ ਰਖਿਆ ਗਿਆ ਹੋਵੇਗਾ।ਇਸੇ ਗੱਲ ਦਾ ਉਨ੍ਹਾਂ ਹਾਕਮਾਂ ਨੂੰ ਪਤਾ ਨਹੀ ਲਗਿਆ ਹੋਵੇਗਾ ਕਿ “ਗੁਰੂ ਜੀ ਨੂੰ ਧਮਤਾਨ ਤੋਂ ਕੈਦ ਕਰ ਕੇ ਜਦ ਦਿੱਲੀ ਲਿਆਂਦਾ ਗਿਆ ਤਾਂ ਕੋਈ ਦੋਸ਼ ਸਾਬਤ ਹੋਣ ਕਰ ਕੇ ਜਾਂ ਰਾਜਾ ਮਾਨ ਸਿੰਘ ਦੀ ਸ਼ਾਹਦੀ ਤੇ ਛੱਡ ਦਿਤਾ ਗਿਆ।” ਮਾਈ ਜੱਸੀ ਤੋਂ ਥਾਨ ਸਵੀਕਾਰਨ ਵਾਲੀ ਕਥਾ ਘੋਖਣ ਪਿੱਛੋਂ ਗੁਰੂ ਨਾਨਕ ਦੇਵ ਜੀ ਨਾਲ ਜਾ ਜੁੜੀ ਤਾਂ ਗੁਰੂ ਤੇਗ ਬਹਾਦਰ ਜੀ ਦੇ ਥਾਨ ਸਵੀਕਾਰਨ ਵਾਲੀ ਗੱਲ ਵੀ ਠੀਕ ਨਹੀਂ ਨਿਕਲੀ। ਗੁਰੂ ਤੇਗ ਬਹਾਦਰ ਜੀ ਆਗਰੇ ਗਏ ਸਨ ਇਸ ਵਿੱਚ ਦੋ ਰਾਵਾਂ ਨਹੀਂ ਹਨ।ਗੁਰੂ ਕੇ ਤਾਲ ਆਗਰਾ ਵਾਲੇ ਬਾਬਾ ਸਾਧੂ ਸਿੰਘ ਮੋਨੀ ਹੋਰਾਂ ਨੇ ਗੁਰੂ ਜੀ ਦੇ ਆਗਰੇ ਕੈਦ ਹੋਣ ਦੀ ਮਿਤੀ ਅਸੂ ਦੀ ਪੂਰਨਮਾਸ਼ੀ ਬਿਕਰਮੀ ੧੭੩੨ ਦੱਸੀ ਜੋ ਭੱਟ ਵਹੀਆਂ ਅਨੁਸਾਰ ਕਿਸੇ ਵੀ ਢਾਂਚੇ ਵਿਚ ਨਹੀਂ ਬੈਠਦੀ । ਗੁਰੂ ਜੀ ਦੀ ਮਾਲਵੇ ਤੇ ਬਾਂਗਰ ਦੀ ਯਾਤਰਾ ਬਾਰੇ ਵੀ ਕਈ ਇਤਿਹਾਸਕਾਰਾਂ ਨੂੰ ਟਪਲੇ ਲੱਗੇ ਕਿਉਂ ਜੋ ਇਹ ਇਤਿਹਾਸਕਾਰ ਗੁਰੂ ਜੀ ਦਾ ਆਗਰੇ ਤੋਂ ਬੰਦੀ ਹੋਣਾ ਲੈ ਕੇ, ਬਾਂਗਰ ਦੀ ਯਾਤਰਾ ਦਾ ਸਮਾਂ ਗੁਰੂ ਜੀ ਦੇ ਸ਼ਹੀਦ ਹੋਣ ਦੇ ਸਮੇਂ ਨਾਲ ਜੋੜ ਦੇਂਦੇ ਹਨ। ਗੁਰੂ ਜੀ ਦਾ ਭੱਟ ਵਹੀ ਅਨੁਸਾਰ ੧੨ ਜੁਲਾਈ ੧੬੭੫ ਨੂੰ ਮਲਕਪੁਰੋਂ ਕੈਦ ਹੋਣਾ, ਚਾਰ ਮਹੀਨੇ ਸਰਹੰਦ ਤੇ ਦਿੱਲੀ ਦੀ ਕੈਦ ਵਿੱਚ ਰਹਿਣਾ ਤੇ ੧੧ ਨਵੰਬਰ ੧੬੭੫ ਨੂੰ ਦਿੱਲੀ ਵਿੱਖੇ ਸ਼ਹੀਦੀ ਪਾ ਜਾਣਾ ਇਕ ਅਣ- ਟੁੱਟੀ ਕੜੀ ਹੈ ਜਿਸ ਨਾਲ ਕਿਸੇ ਯਾਤਰਾ ਦਾ ਸੰਬੰਧ ਜੋੜਨਾ ਗਲਤ ਹੋਵੇਗਾ।
ਗੁਰੂ ਜੀ ਨੂੰ ਗੁਰਿਆਈ ਭਾਵਂੇ ੩ ਮਾਰਚ ੧੬੬੪ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ-ਜੋਤ ਸਮਾਉਣ ਪਿੱਛੋਂ ਹੀ ਪ੍ਰਾਪਤ ਹੋਈ ਪਰ ਇਸਦਾ ਸਹੀ ਨਿਰਣਾ ੮ ਅਕਤੂਬਰ ੧੬੬੪ ਨੂੰ ਮੱਖਣ ਸ਼ਾਹ ਲੁਬਾਣੇ ਦੇ ‘ਗੁਰੂ ਲਾਧੋ ਰੇ’ ਦੀ ਕੂਕ ਪਿੱਛੋ ਹੀ ਹੋਇਆ। ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ੧੧ ਅਗਸਤ ੧੬੬੪ ਨੂੰ ਬਾਬਾ ਗੁਰਦਿੱਤਾ ਜੀ ਨੇ ਤਿਲਕ ਲਾ ਕੇ ਸੰਭਾਲ ਦਿਤੀ ਸੀ (ਡਾ. ਦਲੀਪ ਸਿੰਘ ਦੀਪ ਨੇ ਇਹ ਤਾਰੀਖ ੨੦ ਮਾਰਚ ੧੬੬੫ ਲਿਖੀ ਹੈ ਜੋ ਸਹੀ ਨਹੀਂ ਹੈ ਕਿਉਂਕਿ ਗੁਰੂ ਜੀ ਗੁਰੂਗੱਦੀ ਪਿੱਛੋਂ ੨੨ ਨਵੰਬਰ ੧੬੬੪ ਨੂੰ ਅੰਮ੍ਰਿਤਸਰ ਸਾਹਿਬ ਗਏ) (ਗੁਰੂ ਤੇਗ ਬਹਾਦਰ ਜੀ ਜੀਵਨ ਦਰਸ਼ਨ ਤੇ ਰਚਨਾ, ਪੰਨਾ ੧੨) ਜਿਸ ਪਿੱਛੋਂ ਆਪ ਅੰਮ੍ਰਿਤਸਰ ਤੋਂ ਹੁੰਦੇ ਹੋਏ ਕੀਰਤਪੁਰ ਗਏ ਤੇ ੧੯ ਜੂਨ ੧੬੬੫ ਨੂੰ ਚੱਕ-ਨਾਨਕੀ ਦੀ ਨੀਂਹ ਬਾਬਾ ਗਰਿਦਿੱਤਾ ਜੀ ਤੋਂ ਰਖਵਾਈ। ਜੋ ਇਤਿਹਾਸਕਾਰ ਗੁਰਗੱਦੀ ਸੰਭਾਲਣ ਤੋਂ ਪਿੱਛੋਂ ਚੱਕ-ਨਾਨਕੀ ਵਸਾਉਣ ਵਿਚਲਾ ਸਮਾਂ ਗੁਰੂ ਜੀ ਦਾ ਮਾਲਵੇ ਦੇਸ਼ ਵਿੱਚ ਪ੍ਰਚਾਰਣ ਦਾ ਸਮਾਂ ਮਿੱਥਦੇ ਹਨ ਉਹ ਭੁੱਲ ਕਰਦੇ ਹਨ ਕਿਉਂਕਿ ਇਹ ਅੱਠ ਮਹੀਨੇ ਇਸ ਕਾਰਜ ਲਈ ਕਾਫੀ ਨਹੀਂ ਸਨ ਜਿਸ ਵਿੱਚ ਗੁਰੂ ਜੀ ਨੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਣਾ, ਚੱਕ-ਨਾਨਕੀ ਲਈ ਜ਼ਮੀਨ ਖਰੀਦਣਾ, ਪੈਸੇ ਦਾ ਜੁਗਾੜ ਕਰਨਾ ਆਦਿ ਜ਼ਿੰੰਮੇਵਾਰੀਆਂ ਵੀ ਸ਼ਾਮਲ ਸਨ । ਗਿਆਨੀ ਗਿਆਨ ਸਿੰਘ ਹੋਰਾਂ ਨੇ ਵੀ ਗੁਰੂ ਜੀ ਦਾ ਅੰਮਿਤਸਰੋਂ ਕੀਰਤਪੁਰ, ਮਾਖੋਵਾਲ ਸਿੱਧਾ ਮਾਤਾ ਕਿਸ਼ਨ ਕੌਰ ਦੇ ਸੱਦੇ ਤੇ ਆਉਣਾ ਲਿਖਿਆ ਹੈ। ਇਸ ਦੇ ਨਾਲ ਹੀ ਜੇ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਗੁਰੂ ਜੀ ਨੂੰ ਧਮਤਾਨ ਤੋਂ ੮ ਨਵੰਬਰ ੧੬੬੫ ਨੂੰ ਬੰਦੀ ਬਣਾਇਆ ਗਿਆ ਸੀ, ਜੋ ਚੱਕ ਨਾਨਕੀ ਦੀ ਨੀਂਹ ਰੱਖਣ ਪਿੱਛੋਂ ਸਿਰਫ ਸਾਢੇ ਚਾਰ ਮਹੀਨੇ ਦਾ ਹੀ ਸਮਾਂ ਬਣਦਾ ਹੈ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਜੀ ਨੇ ਮਾਲਵੇ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਸਾਢੇ ਚਾਰ ਮਹੀਨੇ ਹੀ ਲਾਏ। ਧਮਤਾਨ ਤੋਂ ਪਿੱਛੋਂ ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਜਿੱਥੇ ਆਪ ਰਾਜਾ ਮਾਨ ਸਿੰਘ ਦੀ ਗਵਾਹੀ ਤੇ ਰਿਹਾ ਹੋਏ ਤੇ ਉਸੇ ਦੇ ਮਹਿਲੀਂ ਕੁਝ ਚਿਰ ਰਹਿ ਕੇ ਪੂਰਬ ਵੱਲ ਗਏ। ਅਲਾਹਾਬਾਦ ਵਿੱਚ ਆਪ ਦਾ ਸਰਦੀਆਂ ਕੱਟਣ ਦਾ (ਦਸੰਬਰ ੧੬੬੫ ਤੋਂ ਮਾਰਚ ੧੬੬੬ ਤਕ) ਹਵਾਲਾ ਮਿਲਦਾ ਹੈ ਜਿਸ ਪਿੱਛੋਂ ਜੂਨ ਤੋਂ ਅਗਸਤ ੧੬੬੬ ਤਕ ਆਪ ਪਟਨਾ ਸਾਹਿਬ ਵਿੱਖੇ ਸਨ । ਪੂਰਬ ਦੀ ਪ੍ਰਚਾਰ ਯਾਤਰਾ ਤੋਂ ਵਾਪਸੀ ਮਾਰਚ ੧੬੭੧ ਦੀ ਹੈ ਤੇ ਫਿਰ ੨੫ ਮਈ ੧੬੭੫ ਨੂੰ ਕਸ਼ਮੀਰੀ ਪੰਡਿਤਾਂ ਦਾ ਅਰਜ਼ ਗੁਜ਼ਾਰਨਾ ਤੇ ੧੨ ਜੁਲਾਈ ੧੬੭੫ ਨੂੰ ਮਲਕਪੁਰ ਗ੍ਰਿਫਤਾਰੀ ਦੀਆਂ ਮਿਤੀਆਂ ਹਨ।

ਉਪਰੋਕਤ ਤਾਰੀਖਾਂ ਤੋਂ ਗੁਰੂ ਜੀ ਦੇ ਮਾਲਵੇ ਤੇ ਬਾਂਗਰ ਦੇ ਪਰਚਾਰ ਦਾ ਸਮਾਂ ਇਹੋ ਬਚਦਾ ਹੈ :-
(ੳ) ਦਸੰਬਰ ੧੬੬੪ ਤੋਂ ਮਈ ੧੬੬੫ (ਛੇ ਮਹੀਨੇ )
(ਅ) ਜੁਲਾਈ ੧੬੬੫ ਤੋਂ ਅਕਤੂਬਰ ੧੬੬੫ (ਚਾਰ ਮਹੀਨੇ)
(ੲ) ਮਾਰਚ ੧੬੭੧ ਤੋਂ ਅਪ੍ਰੈਲ਼ ੧੬੭੫ (ਚਾਰ ਸਾਲ ਇਕ ਮਹੀਨਾ)

ਧਮਤਾਨ ਵਿਖੇ ਗੁਰੂ ਜੀ ਦਾ ਗ੍ਰਿਫਤਾਰ ਹੋਣਾ (੮ ਨਵੰਬਰ ੧੬੬੫) ਸਿੱਧ ਕਰਦਾ ਹੈ ਕਿ ਗੁਰੂ ਜੀ ਉਸ ਵੇਲੇ ਬਾਂਗਰ ਦੇਸ਼ ਦਾ ਪ੍ਰਚਾਰ ਦੌਰਾ ਕਰ ਰਹੇ ਸਨ। ਜੋ ਨਾਨਕੀ–ਚੱਕ ਦੀ ਨੀਂਹ ਰੱਖਣ ਪਿੱਛੋਂ ਸੀ ਸੋ ਅਨੰਦਪੁਰ ਸਾਹਿਬ ਤੋਂ ਧਮਤਾਣ ਤਕ ਦੇ ਤੀਰਥ–ਸਥਾਨ ਇਸੇ ਸਮੇਂ ਨਾਲ ਸੰਬੰਧਤ ਕੀਤੇ ਜਾ ਸਕਦੇ ਹਨ। ਇਕ ਕਥਾ ਅਨੁਸਾਰ ਮਾਲਵੇ ਦੇ ਇਕ ਪਿੰਡ ਸਮਤਉ ਵਿੱਚ ਗੁਰੂ ਜੀ ਦੇ ਦਰਸ਼ਨਾਂ ਲਈ ਕਾਬਲ ਦੇਸ਼ ਦੀ ਸੰਗਤ ਆਈ ਜੋ ਦਰਸ਼ਨਾਂ ਦੀ ਅਭਿਲਾਸ਼ੀ ਅਨੰਦਪੁਰ ਸਾਹਿਬ ਤੋਂ ਹੁੰਦੀ ਆਈ ਸੀ। ਇਸ ਦਾ ਮਤਲਬ ਗੁਰੂ ਜੀ ਮਾਲਵੇ ਤੋਂ ਅਨੰਦਪੁਰ ਸਾਹਿਬ ਹੀ ਆਏ ਸਨ। ਮਾਲਵੇ ਤੋਂ ਹੁੰਦੇ ਹੋਏ ਹੀ ਗੁਰੂ ਜੀ ਬਾਂਗਰ ਦੇਸ਼ ਵੱਲ ਵਧੇ ਸਨ ਪਰ ਆਪ ਜੀ ਨੂੰ ਧਮਤਾਣ ਵਿਖੇ ਕੈਦ ਕਰ ਕੇ ਦਿੱਲੀ ਪਹੁੰਚਾਇਆ ਗਿਆ ਸੀ ਜਿਸ ਪਿੱਛੋਂ ਗੁਰੂ ਜੀ ਪੂਰਬ ਵੱਲ ਗਏ। ਅਨੰਦਪੁਰ ਸਾਹਿਬ ਤੋਂ ਧਮਤਾਣ ਤਕ ਗੁਰੂ ਜੀ ਇਨ੍ਹਾਂ ਪਿੰਡਾ ਸ਼ਹਿਰਾਂ ਵਿੱਚੋਂ ਦੀ ਗੁਜ਼ਰੇ।
ਅਨੰਦਪੁਰ ਸਾਹਿਬ, ਕੀਰਤਪੁਰ, ਭਰਤਪੁਰ, ਘਨੌਲੀ, ਰੋਪੜ, ਭੱਠਾ ਸਾਹਿਬ, ਮੋਰਿੰਡਾ, ਟਹਿਲਪੁਰਾ, ਸਰਹੰਦ, ਹਰਪਾਲਪੁਰ, ਆਕੜ, ਨਥਾਣਾ, ਮਕਾਰੋਂਪੁਰ, ਅਨੰਦਪੁਰ, ਉਗਾਣੀ ਧਰਮਗੜ੍ਹ, ਮੰਗਵਾਲ ਉਡਨੀ, ਮਨੀਮਾਜਰਾ, ਹਸਨਪੁਰ, ਲੰਘ, ਭਗੜਾਣਾ, ਨੌਲਖਾ, ਸੈਫਾਬਾਦ, ਧਰਮਗੜ੍ਹ, ਨਰੜੂ, ਮੋਤੀਬਾਗ ਪਟਿਆਲਾ, ਸੀਂਭੜੋਂ, ਅਗੋਲ, ਰੋਹਟਾ, ਰਾਮਗੜ੍ਹ, ਗੁਣੀਕੇ, ਦੋਦੜਾ, ਆਲੋਹਰਖ, ਭਵਾਨੀਗੜ੍ਹ, ਢੋਡੇ, ਫਗੂਵਾਲਾ, ਨਾਗਰਾ, ਕਰਹਾਲੀ, ਦਿੜ੍ਹਬਾ, ਘਨੌੜ ਜੱਟਾਂ, ਬਾਉੜ ਹਾਈ, ਰਾਜੋਮਾਜਰਾ, ਮੂਲੋਵਾਲ, ਸੇਖਾ, ਕਟੂ, ਫਰਵਾਹੀ, ਹੰਢਿਆਇਆ, ਗੁਰੂਸਰ, ਧੌਲਾ, ਜੋਗਾ ਅਲੀਸ਼ੇਰ, ਜੋਧੇਕੋ, ਭੰਦੇਰ, ਭੋਪਾਲੀ, ਮੌੜ ਕਲਾਂ, ( ੪੦ ਦਿਨ) ਭੈਣੀ ਬਾਘੇ ਕੀ, ਘੁਮੰਣ – ਸਾਬੋ ਕੇ ਮੋੜ, ਡਿੱਖ, ਕੁੱਬੇ (ਦਸ ਦਿਨ) ਟਾਹਲਾ ਸਾਹਿਬ, ਕੋਟ ਗੁਰੂ ਬਾਜਲ, ਜੱਸੀ, ਤਲਵੰਡੀ ਸਾਬੋ ਕੀ, ਮਈਸਰਖਾਨਾ, ਬਠਿੰਡਾ, ਖੀਵਾ ਕਲਾਂ, ਸਮਾਓ, ਭੀਖੀ, ਦਲੇਓ, ਕਣਕਵਾਲ ਕਲਾਂ, ਕੋਟ ਸ਼ਰਮੂ, ਸੂਲੀਸਰ, ਬਰੇ ਬਛੋਆਣਾ, ਗੋਬਿੰਦਗੜ੍ਹ, ਗੰਢੂ, ਗਾਗ ਮੂਣਕ, ਗੁਰਨੇ ਕਲ੍ਹਾਂ, ਲੱਲ੍ਹ ਕਲਾਂ, ਸ਼ਾਹਪੁਰ ਤੇ ਫਿਰ ਧਮਤਾਣ ਜਿੱਥੇ ਆਪ ਜੀ ਨੂੰ ਕੈਦ ਕੀਤਾ ਗਿਆ।

ਉਪਰੋਕਤ ਥਾਵਾਂ ਵਿੱਚੋਂ ਗੁਰੂ ਜੀ ਜ਼ਿਆਦਾ ਦਿਨ ਦੋ ਤਿੰਨੀ ਥਾਈਂ ਹੀ ਰਹੇ ਜਿਨ੍ਹਾਂ ਵਿੱਚੋ ਗੁਰੂ ਜੀ ਸੈਫਾਬਾਦ (ਮਹੀਨਾ) ਮੋੜ ਕਲਾਂ ( ੪੦ ਦਿਨ) ਤੇ ਕੁੱਬੇ (ਦਸ ਦਿਨ ) ਰਹੇ ਬਾਕੀ ਥਾਵਾਂ ਤੇ ਉਹ ਦੁਪਹਿਰ ਜਾਂ ਰਾਤ ਭਰ ਹੀ ਰਹੇ । ਸੋ ਅਨੰਦਪੁਰ ਤੋਂ ਧਮਤਾਣ ਸਾਹਿਬ ਦੀ ਯਾਤਰਾ ਦਾ ਸਮਾਂ ਨਾਨਕੀ ਚੱਕ ਦੀ ਨੀਂਹ ਰਖਣ ਤੋਂ ਲੈ ਕੇ ਧਮਤਾਣ ਵਿੱਖੇ ਕੈਦ ਹੋਣ ਦਾ ਹੀ ਮੰਨਿਆ ਜਾ ਸਕਦਾ ਹੈ। ਜੇ ਤਹਿ ਕੀਤਾ ਪੰਧ ਵੀ ਗਿਣੀਏ ਤਾਂ ਇਹ ਇਸੇ ਦੀ ਸ਼ਾਹਦੀ ਭਰਦਾ ਹੈ।ਇਸ ਤੋਂ ਇਲਾਵਾ ਗੁਰੂ ਜੀ ਨੇ ਬਾਂਗਰ (ਹੁਣ ਹਰਿਆਣਾ) ਦੇ ਹੇਠ ਲਿਖੇ ਥਾਵਾਂ ਦੀ ਯਾਤਰਾ ਕੀਤੀ:

“ਬਸੀ ਪਠਾਣਾ, ਚੰਨਣਾ, ਸੋਢਲ-ਸੋਢੈਲ, ਤੰਦੋਵਾਲ, ਲਖਨੌਰ, ਮਕਾਰਪੁਰ, ਕਬੂਲਪੁਰ, ਨਨਹੇੜੀ, ਲਹਿਲ, ਦੁਖ ਨਿਾਵਰਨ, ਗੜ੍ਹੀ ਗੁਹਲਾ, ਭਾਗਲ, ਕਰਹਾਲੀ, ਚੀਕਾ, ਬੁੱਧਪੁਰ, ਸਿਆਣਾ ਸੱਯਦਾਂ, ਸਮਾਣਾ, ਕਰ੍ਹਾ, ਬੀਬੀਪੁਰ, ਪਹੋਆ, ਖਾਰਕ, ਖਟਕੜ, ਜੀਂਦ, ਲਾਖਣ ਮਾਜਰਾ, ਰੋਹਤਕ, ਮਕਰੋੜ, ਖਨੌਰ, ਬਹਰ ਜੱਖ, ਕੈਂਥਲ, ਬਾਰਨਾ, ਥਾਨੇਸਰ, ਝੀਉਰਹੇੜੀ, ਬਨੀ, ਬਦਰਪੁਰ, ਕਰਨਾਲ, ਕੜਾ ਮਾਨਕਪੁਰ, ਗੜ੍ਹੀ ਨਜ਼ੀਰ, ਰਾਇਪੁਰ ਹੇੜੀ, ਤਰਾਉੜੀ, ਖੜਕਪੁਰਾ, ਇਤਿਆਦਿ । ਗੁਰੂ ਜੀ ਦੀ ਇਸ ਯਾਤਰਾ ਦਾ ਸਮਾਂ ਜਾਂ ਤਾਂ ਗੁਰਗੱਦੀ ਤੋਂ ਪਹਿਲਾਂ ਦੀ ਦਿੱਲੀ ਦੀ ਯਾਤਰਾ ਨਾਲ ਸੰਬੰਧਤ ਕੀਤਾ ਜਾ ਸਕਦਾ ਹੈ ਤੇ ਜਾਂ ਪੂਰਬ ਯਾਤਰਾ ਤੋਂ ਪਿੱਛੋਂ ਦਾ। ਗੁਰੂ ਜੀ ਨੇ ਗੁਰਗੱਦੀ ਤੋਂ ਪਹਿਲਾਂ ਅੱਠਵੇਂ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਨਾਲ ਉਨ੍ਹਾਂ ਦੇ ਜੋਤੀ –ਜੋਤ ਸਮਾਉਣ ਤੋਂ ਥੋੜ੍ਹਾ ਹੀ ਚਿਰ ਪਹਿਲਾਂ ਮੁਲਾਕਾਤ ਕੀਤੀ ਸੀ।
ਇਸ ਦਾ ਜ਼ਿਕਰ ਭੱਟ ਵਹੀ ਪੂਰਬੀ ਦਖਣੀ ਵਿੱਚ ਮਿਲਦਾ ਹੈ ਪ੍ਰੰਤੂ ਗੁਰੂ ਤੇਗ ਬਹਾਦਰ ਜੀ ਨੂੰ ਤਦ ਤਕ ਗੁਰਿਆਈ ਪ੍ਰਾਪਤ ਨਹੀ ਹੋਈ ਸੀ ਇਸ ਲਈ ਗੁਰਿਆਈ ਤੋਂ ਪਹਿਲਾਂ ਦੀ ਯਾਤਰਾ ਨੂੰ ਉਸ ਸਮੇਂ ਇਤਨਾ ਮਹੱਤਵ ਪ੍ਰਾਪਤ ਨਹੀ ਹੋਇਆ ਹੋਵੇਗਾ ਤੇ ਨਾ ਹੀ ਸੰਗਤ ਇਤਨੀ ਹੁੱਮ ਹੁਮਾ ਕੇ ਆਈ ਹੋਵੇਗੀ ਕਿ ਯਾਤਰਾ-ਸਥਾਨ ਚਰਚਾ ਦਾ ਕਾਰਨ ਬਣਿਆ ਹੋਵੇ। ਇਸ ਕਰ ਦੇ ਇਹ ਸਥਾਨ ਗੁਰੂ ਜੀ ਦੀ ਗੁਰਿਆਈ ਪ੍ਰਾਪਤੀ ਤੋਂ ਬਾਅਦ ਦੇ ਸਮੇਂ ਨਾਲ ਹੀ ਸੰਬੰਧਤ ਕਰਨੇ ਚਾਹੀਦੇ ਹਨ।
ਪਿੰ੍ਰ: ਸਤਬੀਰ ਸਿੰਘ ਅਨੁਸਾਰ ਗੁਰੂ ਜੀ ਪੂਰਬ ਯਾਤਰਾ ਪਿੱਛੋਂ ਦਿੱਲੀ ਰਾਹੀਂ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ ਇਸ ਦਾ ਭਾਵ ਇਹ ਹੈ ਕਿ ਬਾਂਗਰ ਦੇ ਉਪਰੋਕਤ ਸਥਾਨਾਂ ਦਾ ਸੰਬੰਧ ਵੀ ਇਸੇ ਨਾਲ ਭਾਵ ਸੰਨ ੧੬੭੦ ਦੀ ਜੁਲਾਈ ਤੋਂ ਲੈ ਕੇ ਸੰਨ ੧੬੭੩ ਮਾਰਚ ਦੇ ਵਿੱਚ ਦਾ ਹੈ। ਇਸ ਲਈ ਗੁਰੂ ਜੀ ਦੀ ਪੂਰਬ ਯਾਤਰਾ ਦਾ ਸਮਾਂ ਵੀ ਠੀਕ ਤਰ੍ਹਾਂ ਘੋਖ ਲੈਣਾ ਜਰੂਰੀ ਹੈ।
ਮਾਲਵੇ ਵਿੱਚੌਂ ਦੀ ਪਰਚਾਰ ਯਾਤਰਾ ਸਮੇਂ ਗੁਰੂ ਜੀ ਨੂੰ ਨਵੰਬਰ ੮, ੧੬੬੫ ਨੂੂੰ ਬੰਦੀ ਬਣਾ ਕੇ ਦਿਲੀ ਲਿਆਂਦਾ ਗਿਆ ਤਾਂ ਰਾਜਾ ਮਾਨ ਸਿੰਘ ਨੇ ਵਿੱਚ ਪੈ ਕੇ ਗੁਰੂ ਜੀ ਨੂੰ ਰਿਹਾ ਕਰਵਾ ਲਿਆ ਜਿਸ ਪਿੱਛੋਂ ਗੁਰੂ ਜੀ ਰਾਜਾ ਮਾਨ ਸਿੰਘ ਦੀ ਹਵੇਲੀ ਵਿੱਚ ਹੀ ਬਿਰਾਜਮਾਨ ਹੋਏ ਤੇ ਕੁਝ ਦਿਨ ਇੱਥੇ ਰਹਿਣ ਪਿੱਛੋਂ ਆਪ ਮੁਥਰਾ, ਆਗਰਾ, ਇਟਾਵਾ, ਕਾਨਪੁਰ, ਫਤਿਹਪੁਰ ਆਦਿ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ ਅਲਾਹਾਬਾਦ ਦਸੰਬਰ ੧੬੬੫ ਵਿੱਚ ਪਹੁੰਚ ਕੇ ਅਜੋਕੇ ਗੁ: ਪੱਕੀ ਸੰਗਤ ਵਾਲੀ ਥਾਂ ਤੇ ਦਸੰਬਰ ੧੬੬੫ ਤੋਂ ਮਾਰਚ ੧੬੬੬ ਤੱਕ ਚਾਰ ਮਹੀਨੇ ਰਹੇ। ਅਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਬਨਾਰਸ ਪਹੁੰਚੇ ਜਿੱਥੇ ਦੋ ਹਫਤੇ ਰਹੇ। ਬਨਾਰਸ ਤੋਂ ਸਾਸਾਰਾਮ ਤੇ ਬੋਧ ਗਯਾ ਹੁੰਦੇ ਹੋਏ ਮਈ ੧੬੬੬ ਵਿੱਚ ਪਟਨਾ ਪਹੁੰਚੇ, ਤੇ ਮੈਕਾਲਿਫ ਅਨੁਸਾਰ ਪਟਨੇ ਤਿੰਨ ਮਹੀਨੇ (ਜੂਨ ਤੋਂ ਅਗਸਤ ੧੬੬੬) ਰਹੇ। ਇੱਥੇ ਹੀ ਆਪ ਜੀ ਨੂੰ ਆਸਾਮ ਜਾਂਦਾ ਹੋਇਆ ਰਾਜਾ ਰਾਮ ਸਿੰਘ ਵੀ ਮਿਲਿਆ ਤੇ ਗੁਰੂ ਜੀ ਨੂੰ ਨਾਲ ਚੱਲਣ ਲਈ ਬਿਨੈ ਵੀ ਕਰ ਗਿਆ ਜਿਸ ਪਿੱਛੋਂ ਆਪ ਅਕਤੂਬਰ ੧੬੬੬ ਵਿੱਚ ਢਾਕੇ ਪਹੁੰਚੇ। ਜਦ ਬਾਲ ਗੋਬਿੰਦ ਦਾ ਜਨਮ (੨੨ ਦਸੰਬਰ ੧੬੬੬) ਨੂੰ ਹੋਇਆ ਤਾਂ ਗੁਰੂ ਜੀ ਨੂੰ ਭਾਈ ਮਿਹਰ ਚੰਦ ਤੇ ਭਾਈ ਕਲਿਆਣ ਦਾਸ ਰਾਹੀਂ ਇਹ ਸੂਚਨਾ ਢਾਕੇ ਹੀ ਮਿਲੀ। ਪਟਨੇ ਤੋਂ ਢਾਕੇ ਆਪ ਮੁੰਘੇਰ, ਭਾਗਲਪੁਰ, ਕੋਲਗਾਂਵ, ਰਾਜ ਮਹਿਲ, ਸੰਤ ਨਗਰ, ਮਾਲਦਾ, ਰਾਜਧਾਨੀ ਤੇ ਪਬਨਾ ਆਦਿ ਹੁੰਦੇ ਹੋਏ ਪਹੁੰਚੇ।
ਨਾਮ ਪਰਚਾਰ ਹਿੱਤ ਢਾਕਾ ਤੋਂ ਗੁਰੂ ਜੀ ਸਿਲਹਟ ਗਏ ਜਿੱਥੇ ਚੌਮਾਸਾ ਕੱਟਿਆ। ਇਸ ਪਿੱਛੋਂ ਆਪ ਚਿੱਟਾਗਾਉਂ ਪਹੁੰਚੇ ਜਿੱਥੇ ੧੬੬੭ ਦੇ ਅਖੀਰ ਤੱਕ ਠਹਿਰੇ। ਸੰਨ ੧੬੬੮ ਦੀ ਜਨਵਰੀ ਨੂੰ ਆਪ ਫਿਰ ਢਾਕਾ ਪਰਤੇ ਜਿਥੇ ਟਿਕ ਕੇ ਨਾਮ ਪਰਚਾਰ ਕੀਤਾ। ਢਾਕਾ ਤੋਂ ਦਸੰਬਰ ੧੬੬੮ ਵਿੱਚ ਰਾਜਾ ਰਾਮ ਸਿੰਘ ਨਾਲ ਆਸਾਮ ਗਏ ਤੇ ਫਰਵਰੀ ੧੬੬੯ ਨੂੰ ਢੁਬਰੀ ਪਹੁੰਚੇ। ਮਾਰਚ ੧੬੬੯ ਵਿੱਚ ਅਹੋਮ ਰਾਜੇ ਚਕਰਧਵਜ ਸਿੰਘ ਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਘਮਸਾਣ ਦਾ ਯੁੱਧ ਹੋਇਆ।ਗੁਰੂ ਜੀ ਦੀ ਸਾਲਿਸੀ ਸਦਕਾ ਦੋਨੋਂ ਰਾਜਿਆਂ ਵਿੱਚ ਸੁਲਹ ਹੋਈ । ਰਾਜਾ ਚਕਰਧਵਜ ਸਿੰਘ ਦੇ ਸੱਦੇ ਤੇ ਗੁਰੂ ਜੀ ਗੋਹਾਟੀ- ਹਜੋ ਤੇ ਤੇਜ਼ਪੁਰ ਗਏ।
ਗੁਰੂ ਜੀ ਅਜੇ ਆਸਾਮ ਵਿੱਚ ਹੀ ਸਨ ਜਦ ੯ ਅਪ੍ਰੈਲ਼ ੧੬੬੯ ਨੂੰ ਔਰੰਗਜ਼ੇਬ ਦਾ ਫੁਰਮਾਨ ਕਿ “ਗੈਰ-ਮੁਸਲਮਾਨਾ ਦੇ ਮੰਦਰ-ਪਾਠਸ਼ਾਲਾ ਢਾਹ ਦਿੱਤੇ ਜਾਣ।” ਜਾਰੀ ਹੋੋਇਆ । ਹਾਲਾਤ ਨਾਸਾਜ਼ਗਾਰ ਜਾਣ ਗੁਰੂ ਜੀ ਵਾਪਿਸ ਪਰਤੇ ਤੇ ਢਾਕੇ (ਅਪ੍ਰੈਲ ੧੬੭੦) ਕਲਕੱਤੇ, ਮਿਦਨਾਪੁਰ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ, ਜਗਨਨਾਥ ਪੁਰੀ, ਵਿਸ਼ਨੂੰ ਪੁਰ, ਬਾਕੁਰਾ, ਗੋਮੋਹ ਤੋਂ ਗਯਾ ਰਾਹੀਂ ਦੁਬਾਰਾ ਪਟਨਾ (ਸੰਨ ੧੬੭੦) ਪਹੁੰਚੇ । ਇਸ ਸਮੇਂ ‘ਬਾਲ ਗੋਬਿੰਦ’ ਚਾਰ ਵਰਿ੍ਹਆਂ ਦੇ ਹੋ ਗਏ ਸਨ।
ਪਰਿਵਾਰ ਨੂੰ ਪੰਜਾਬ ਪਰਤਣ ਲਈ ਆਖ ਆਪ ਗੰਗਾ ਦੇ ਉੱਤਰੀ ਕੰਢੇ ਵਲੋਂ ਦੀ ਜੋੌਨਪੁਰ, ਅਯੁਧਿਆ, ਲਖਨਊ, ਸ਼ਾਹਜਾਨਪੁਰ, ਮੁਰਾਦਾਬਾਦ ਹੁੰਦੇ ਹੋਏ ਸੰਨ ੧੬੭੦ ਈ: ਦੀ ੨੦ ਜੂਨ ਨੂੰ ਦਿੱਲੀ ਪਹੁੰਚੇ। ਜਿੱਥੇ ਆਪ ਕੜਾਮਾਨਕਪੁਰ, ਸਢੋਲ, ਬਾਨਿਕਪੁਰ, ਰੋਹਤਕ, ਤਰਾਵੜੀ, ਬਣੀ ਬਦਰਪੁਰ, ਮੁਨੀਰਪੁਰ, ਅਜਰਾਣਾ ਕਲਾਂ, ਰਾਇਪੁਰ ਹੋੜੀ, ਝੀਉਰ ਹੇੜੀ, ਰੋਹੜਾ, ਥਾਨ ਤੀਰਥ, ਡੱਢੀ, ਬੁੱਧਪੁਰ, ਸਿਆਣਾ ਸਯਦਾਂ, ਥਾਨੇਸਰ, ਕੁਰਖੇਤਰ, ਬਰਨਾ, ਸਰਸਵਤੀ, ਕੈਥਲ, ਪਹੋਆ, ਕਰਾ ਸਾਹਿਬ, ਚੀਕਾ, ਭਾਗਲ, ਗੂਲ੍ਹਾ, ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫਾਬਾਦ ਰਾਹੀਂ ਵਾਪਿਸ ਅਨੰਦਪੁਰ ਮਾਰਚ ੧੬੭੧ ਵਿੱਚ ਪਹੁੰਚੇ ਜਿੱਥੇ ਆਪ ਆਪਣੇ ਪਰਿਵਾਰ ਦੇ ਪਹੁੰਚਣ ਦਾ ਇੰਤਜ਼ਾਰ ਕਰਦੇ ਰਹੇ ਤੇ ਇਸੇ ਸਮੇਂ ਆਪ ਅਨੰਦਪੁਰ ਸਾਹਿਬ ਵਿੱਚ ਨਾਮ –ਪਰਚਾਰ ਸੰਸਥਾਨ ਦਾ ਸੰਗਠਨ ਕਰਨ ਵਿੱਚ ਲੱਗੇ ਰਹੇ। ਇੱਥੇ ਹੀ ਆਪ ਨੂੰ ਕਿਰਪਾ ਰਾਮ ਕਸ਼ਮੀਰੀ ਪੰਡਤਾਂ ਸਮੇਤ ੨੫ ਮਈ ੧੬੭੫ ਨੂੰ ਬਿਨੈ ਲੈ ਕੇ ਹਾਜਰ ਹੋਏ।ਪਰ ਤਦ ਤੱਕ ਅੋਰੰਗਜੇਬ ਦਾ ਹਸਨ ਅਬਦਾਲ (ਅੋਰੰਗਜੇਬ ੭ ਅਪ੍ਰੈਲ਼ ੧੬੭੪ ਤੋਂ ੨੩ ਦਸੰਬਰ ੧੬੭੫ ਤੱਕ ਹਸਨ ਅਬਦਾਲ ਵਿੱਚ ਪਠਾਣਾਂ ਵਿਰੁਧ ਮੁਹਿੰਮ ਲੜ ਰਿਹਾ ਸੀ) ਤੋਂ ਭੇਜਿਆ ਗ੍ਰਿਫਤਾਰੀ ਵਾਰੰਟ ਨਵਾਬ ਸਰਹਿੰਦ ਤਕ ਪਹੁੰਚ ਚੁਕਿਆ ਸੀ ਤੇ ਗੁਰੂ ਜੀ ਅਜੇ ਰੋਪੜ ਕੋਲ ਮਲਕਪੁਰ ਹੀ ਪਹੁੰਚੇ ਸਨ ਕਿ ਆਪ ਜੀ ਨੂੰ ਜੁਲਾਈ ੧੨, ੧੬੭੫ ਨੂੰ ਨੂਰ ਮੁਹੰਮਦ ਖਾਂ ਚੌਕੀ ਰੋਪੜ ਵਾਲੇ ਨੇ ਕੈਦ ਕਰ ਲਿਆ ਜਿਸ ਪਿੱਛੋਂ ਆਪ ਨੂੰ ਬਸੀ ਪਠਾਣਾਂ ਲਿਆਂਦਾ ਗਿਆ ਤੇ ਬੰਦੀਖਾਨੇ ਵਿੱਚ ਚਾਰ ਮਹੀਨੇ ਬੰਦ ਰਖਿਆ ਗਿਆ। ਇਸ ਪਿੱਛੋਂ ਦਿੱਲੀ ਕੁਤਵਾਲੀ ਥਾਣੇ ਵਿੱਚ ਲਿਆ ਕੇ ਬੰਦੀ ਰਖਿਆ ਗਿਆ ਤੇ ਆਪ ਜੀ ਦੇ ਸੰਗੀ ਭਾਈ ਮਤੀ ਦਾਸ ਨੂੰ ਆਰੇ ਨਾਲ, ਭਾਈ ਦਿਆਲ ਦਾਸ ਜੀ ਨੂੰ ਉਬਲਦੀ ਦੇਗ ਵਿੱਚ ਉਬਾਲ ਤੇ ਭਾਈ ਸਤੀ ਦਾਸ ਜੀ ਨੂੰ ਵੀ ੧੦ ਨਵੰਬਰ ੧੬੭੫ ਨੂੰ ਸ਼ਹੀਦ ਕਰ ਦਿੱਤਾ ਗਿਆ । ਆਪ ਜੀ ਦੀ ਸ਼ਹਾਦਤ ੧੧ ਨਵੰਬਰ ੧੬੭੫ ਨੂੰ ਕੁਤਵਾਲੀ ਸਾਹਮਣੇ ਚਾਂਦਨੀ ਚੋਂਕ (ਅਜੋਕੇ ਸੀਸ ਗੰਜ ਗੁਰਦੁਆਰਾ ਸਾਹਿਬ ਵਾਲੀ ਥਾਂ) ਹੋਈ। ਗੁਰੂ ਜੀ ਦਾ ਸ਼ੀਸ਼ ਭਾਈ ਜੈਤਾ ਜੀ ਨੇ ਭਾਈ ਅੱਛੇ ਅਤੇ ਭਾਈ ਨਨੂਆ ਜੀ ਦੀ ਸਹਇਤਾ ਨਾਲ ਉਠਾਕੇ ਪੰਜ ਪੜਾਅ, ਬਾਘਪਤ, ਤ੍ਰਾਵੜੀ (ਕਰਨਾਲ), ਅਨਾਜਮੰਡੀ ਅੰਬਾਲਾ, ਨਾਭਾ ਸਾਹਿਬ (ਚੰਡੀਗੜ੍ਹ ) ਅਤੇ ਬਿਬਾਨ ਗੜ੍ਹ ਕਰਕੇ ਅਨੰਦਪੁਰ ਸਾਹਿਬ ਪਹੁੰਚਾ ਦਿੱਤਾ ਗਿਆ ਜਿੱਥੇ ਮੱਘਰ ਸੁਦੀ ਦਸਵੀਂ ਸੰਮਤ ੧੭੩੨ ਨਵੰਬਰ ੧੬੭੫) ਨੂੰ ਆਪ ਜੀ ਦੇ ਸੀਸ ਦਾ ਵਿਧੀਵਤ ਸਸਕਾਰ ਕਰਦਿਆਂ ਮਾਤਾ ਗੁਜਰੀ ਨੇ ਆਖਿਆ ‘ਰਖ ਦਿਖਾਈ’।
ਗੁਰੂ ਜੀ ਦਾ ਧੜ ਭਾਈ ਲੱਖੀ ਸ਼ਾਹ ਨਿਗਾਹੀਆ ਚਾਂਦਨੀ ਚੋਂਕ ਤੋਂ ਆਪਣੇ ਮਾਲ ਦੇ ਗਡਿਆਂ ਵਿੱਚ ਪਾ ਕੇ ਲੈ ਗਏ ਅਤੇ ਘਰ ਸਮੇਤ ਅੱਗ ਲਗਾ ਕੇ ਪਾਵਨ ਧੜ ਦਾ ਸਸਕਾਰ ਕਰ ਦਿੱਤਾ ਜਿੱਥੇ ਅਜੋਕਾ ਰਕਾਬ ਗੰਜ ਸਾਹਿਬ ਗੁਰਦੁਆਰਾ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ੧੦ ਵਰ੍ਹੇ ੭ ਮਹੀਨੇ ੭ ਦਿਨ ਗੁਰਤਾ ਕੀਤੀ ਤੇ ੫੪ ਵਰ੍ਹੇ ੭ ਮਹੀਨੇ ੭ ਦਿਨ ਅਵਸਥਾ ਭੋਗੀ।

ਇਨ੍ਹਾਂ ਮਿਤੀਆਂ ਨੂੰ ਜੋ ਤਰਤੀਬ ਵਾਰ ਲਈਏ ਤਾਂ ਇਉਂ ਬਣਦੀਆਂ ਹਨ:_
੧ ਅਪ੍ਰੈਲ ੧੬੨੧ – ਜਨਮ ਗੁਰੂ ਕੇ ਮਹਿਲ ਅੰਮ੍ਰਿਤਸਰ
ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ
ਵਿਆਹ
੨੬ ਅਪ੍ਰੈਲ ੧੬੩੨- ਕਰਤਾਰਪੁਰ ਦੇ ਯੁੱਧ ਵਿੱਚ ਬਹਾਦੁਰੀ।
੧੬੪੪ ਤੋਂ ੧੬੬੪ - ਬਾਬਾ ਬਕਾਲਾ ਵਿਖੇ ਤਪੱਸਿਆ।
੧੧ ਅਗਸਤ ੧੬੬੪- ਬਾਬਾ ਗੁਰਦਿੱਤਾ ਜੀ ਨੇ ਤਿਲਕ ਲਗਾ ਕੇ ਗੁਰਗੱਦੀ
ਦੀ ਜਿੰਮੇਵਾਰੀ ਬਖਸ਼ੀ।
੮ ਅਕਤੂਬਰ ੧੬੬੪ - ਮੱਖਣ ਸ਼ਾਹ ਲੁਬਾਣਾ ਨੇ ‘ਗੁਰੂ ਲਾਧੋ ਰੇ’ ਦਾ ਨਾਹਰਾ
ਲਾ ਕੇ ਬਾਈ ਨਕਲੀ ਗੁਰੂਆਂ ਦਾ ਦੰਭ ਪ੍ਰਗਟਾਇਆ।
੨੨ ਨਵੰਬਰ ੧੬੬੪- ਅੰਮ੍ਰਿਤਸਰ ਸਾਹਿਬ ਪਹੁੰਚਣਾ ਪਰ ਹਰਿਮੰਦਰ ਸਾਹਿਬ
ਦੇ ਕਿਵਾੜ ਬੰਦ ਮਿਲੇ।
੧੯ ਜੂਨ ੧੬੬੫- ਨਾਨਕੀ ਚੱਕ ਵਸਾਇਆ।
ਜੁਲਾਈ ਤੋਂ ਨਵੰਬਰ ੧੬੬੫- ਮਾਲਵੇ ਦੀ ਪਰਚਾਰ ਯਾਤਰਾ ।
੮ ਨਵੰਬਰ ੧੬੬੫- ਧਮਤਾਣ ਵਿਖੇ ਗ੍ਰਿਫਤਾਰੀ ਤੇ ਦਿੱਲੀ ਵਿਖੇ ਕੈਦ ਲਈ
ਲਿਜਾਣਾ । ਦਿੱਲੀ ਤੋਂ ਪੂਰਬ ਰਵਾਨਗੀ।
ਦਸੰਬਰ ੧੬੬੫- ਮਥੁਰਾ, ਆਗਰਾ, ਇਟਾਵਾ, ਕਾਨਪੁਰ, ਫਤਿਹਪੁਰ
ਆਦਿ ਹੁੰਦੇ ਹੋਏ ਅਲਾਹਾਬਾਦ ਪਹੁੰਚੇ।
ਮਾਰਚ ੧੬੬੬- ਅਲਾਹਾਬਾਦ ਤੋਂ ਰਵਾਨਗੀ।
ਮਈ ੧੬੬੬ - ਮਿਰਜ਼ਾਪੁਰ ਹੁੰਦੇ ਹੋਏ ਬਨਾਰਸ ਪਹੁੰਚੇ ਜਿੱਥੇ ਦੋ ਹਫਤੇ
ਰਹੇ ਤੇ ਫਿਰ ਪਟਨੇ ਲਈ ਸਾਸਾਰਾਮ, ਬੋਧ ਗਯਾ
ਵਲ ਚਲੇ।
ਮਈ ੧੬੬੬ - ਪਟਨੇ ਪਹੁੰਚੇ ਜਿੱਥੇ ਚਾਰ ਮਹੀਨੇ ਰਹੇ।
ਅਗਸਤ ੧੬੬੬- ਪਟਨੇ ਤੌਂ ਢਾਕੇ ਲਈ ਰਵਾਨਗੀ।
ਅਕਤੂਬਰ ੧੬੬੬- ਮੁੰਘੇਰ, ਭਾਗਲਪੁਰ, ਕੋਲਗਾਵੇ, ਰਾਜ ਮਹਿਲ, ਕੰਤਨਗਰ,
ਮਾਲਦਾ, ਰਾਜਸ਼ਾਹੀ, ਪਬਨਾ ਆਦਿ ਹੁੰਦੇ ਹੋਏ ਢਾਕੇ ਪਹੁੰਚੇ।
ਅਕਤੂਬਰ ੧੬੬੬ ਤੋਂ
ਅਪ੍ਰੈਲ ੧੬੬੭- ਢਾਕੇ ਦੇ ਇਲਾਕਿਆਂ ਵਿੱਚ ਨਾਮ ਪਰਚਾਰ।
ਅਪ੍ਰੈਲ ੧੬੬੭- ਸਿਲਹਟ ਪਹੁੰਚੇ ਜਿੱਥੇ ਚਾਰ ਮਹੀਨੇ ਨਾਮ ਪਰਚਾਰ
ਕੀਤਾ ਤੇ ਚੁਮਾਸਾ ਕੱਟਿਆ।
ਅਗਸਤ ਤੋਂ
ਦਸੰਬਰ ੧੬੬੭- ਚਿੱਟਾਗਾਂਗ ਪਹੁੰਚੇ ਜਿੱਥੇ ਦਸੰਬਰ ੧੬੬੭ ਤਕ ਨਾਮ
ਪਰਚਾਰ ਕੀਤਾ।
ਜਨਵਰੀ ਤੋਂ ਦਸੰਬਰ ੧੬੬੮- ਵਾਪਸ ਢਾਕਾ ਜਿੱਥੇ ਦਸੰਬਰ ੧੬੬੮ ਤੱਕ ਫਿਰ
ਨਾਮ ਪਰਚਾਰ ਕੀਤਾ।
ਦਸੰਬਰ ੧੬੬੮- ਰਾਜਾ ਰਾਮ ਸਿੰਘ ਨਾਲ ਆਸਾਮ ਲਈ ਰਵਾਨਗੀ।
ਫਰਵਰੀ ੧੬੬੯- ਢੁਬਰੀ ਪਹੁੰਚੇ।
ਮਾਰਚ ੧੬੬੯ - ਰਾਜਾ ਰਾਮ ਸਿੰਘ ਤੇ ਰਾਜਾ ਚੱਕਰਧਵਜ ਸਿੰਘ
ਵਿੱਚਕਾਰ ਸਮਝੋਤਾ ਕਰਵਾਇਆ।
ਮਾਰਚ ੧੬੬੯ - ਗੁਹਾਟੀ, ਹਜੋ ਤੇ ਤੇਜਪੁਰ ਦੀ ਯਾਤਰਾ।
੯ ਅਪ੍ਰੈਲ਼ ੧੬੬੯- ਔਰੰਗਜ਼ੇਬ ਦਾ ਗੈਰ-ਮੁਸਲਮ ਮੰਦਰ ਮਦਰਸੇ ਢਾਹ
ਦਿੱਤੇ ਜਾਣ ਦਾ ਫਰਮਾਨ ਸੁਣ ਵਾਪਸੀ।
ਅਪੈ੍ਰਲ ੧੬੭੦- ਢਾਕੇ ਤੀਜੀ ਵਾਰ।
ਮਈ ੧੬੭੦ - ਕਲਕਤਾ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ,
ਜਗਨਨਾਥ ਪੁਰੀ, ਮਿਦਾਨਪੁਰ, ਵਿਸ਼ਨੂੰਪੁਰ, ਬਾਂਕੁਰਾ,
ਗੋਮੋਹ ਤੋਂ ਗਯਾ ਹੁੰਦੇ ਹੋਏ ਦੁਬਾਰਾ ਪਟਨੇ, ਜਿੱਥੇ ਬਾਲ
ਗੋਬਿੰਦ ਤੇ ਪਰਿਵਾਰ ਨਾਲ ਦੋ ਹਫਤੇ ਰਹੇ ਤੇ ਦਿੱਲੀ
ਲਈ ਚਲੇ।
ਜੂਨ ੧੬੭੦ - ਜੋਨਪੁਰ,ਅਯੁਧਿਆਂ, ਲਖਨਾਊ, ਸ਼ਾਹਜਹਾਨਪੁਰ,
ਮੁਰਾਦਾਬਾਦ ਹੁੰਦੇ ਹੋਏ ਦਿੱਲੀ ਪਹੁੰਚੇ।
ਮਾਰਚ ੧੬੭੧- ਕੜਮਾਨਕਪੁਰ, ਸਢੈਲ, ਬਾਨਿਕਪੁਰ, ਰੋਹਤਕ, ਤਰਾਵੜੀ,
ਬਨੀ ਬਦਰਪੁਰ, ਮੁਨੀਰਪੁਰ, ਅਜਰਾ ਕਲਾਂ, ਰਾਇਪੁਰ ਹੋੜੀ,
ਝੀਉਰ ਹੇੜੀ, ਰੋਹੜਾ, ਥਾਨ ਤੀਰਥ, ਡੁੱਢੀ, ਬੁੱਧਪੁਰ
ਸਿਆਣਾ ਸਯਦਾਂ, ਥਾਨੇਸਰ, ਕੁਰਖੇਤਰ, ਬਰ੍ਹਨਾ, ਸਰਸਵਤੀ,
ਕੈਥਲ, ਪਹੋਆ, ਕਰ੍ਹਾ ਸਾਹਿਬ, ਚੀਕਾ ਭਾਗਲ, ਗੁਹਲਾ
ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫਾਬਾਦ ਰਾਹੀਂ
ਫਿਰ ਲੈਹਲ, ਲੰਗ ਸੇਖਾ ਤੇ ਠੀਕਰੀਵਾਲ ਹੁੰਦੇ ਹੋਏ ਮਲ੍ਹੇ
ਪਹੁੰਚੇ ਜਿੱਥੇ ਆਪਣੀ ਭੈਣ ਬੀਬੀ ਵੀਰੋ ਨੂੰ ਮਿਲੇ। ਅੱਗੇ
ਬਾਬਾ ਬਕਾਲਾ ਤੋਂ ਚੱਕ ਨਾਨਕੀ ਮਾਰਚ ੧੬੭੧ ਨੂੰ ਪਹੁੰਚੇ।
੨੫ ਮਈ ੧੬੭੫ ਪੰਡਿਤ ਕ੍ਰਿਪਾ ਰਾਮ ਮਟਨ ਨਿਵਾਸੀ ਸੋਲਾਂ ਮੁਖੀ ਪੰਡਿਤਾਂ ਨਾਲ
ਗੁਰੂ ਜੀ ਅੱਗੇ ਜ਼ੁਲਮ ਦੇ ਉਪਚਾਰ ਢੂੰਡਣ ਲਈ ਬਿਨੈ ਲੈ ਕੇ
ਆਇਆ।
੮ ਜੁਲਾਈ ੧੬੭੫ - ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਲਈ ਵਾਰਸ
ਘੋਸ਼ਿਤ ਕੀਤਾ।
੧੦ ਜੁਲਾਈ ੧੬੭੫ - ਦਿੱਲੀ ਵਲ ਰਵਾਨਗੀ।
੨ ਜੁਲਾਈ ੧੬੭੫ - ਮਲਕਪੁਰ ਰੰਗੜ੍ਹਾਂ ਵਿਸੇ ਨੂਰ ਮੁਹੰਮਦ ਖਾਂ ਚੌਕੀ ਰੋਪੜ
ਵਾਲੇ ਨੇ ਗੁਰੂ ਜੀ ਨੂੰ ਕੈਦ ਕੀਤਾ।
ਜੁਲਾਈ ੧੬੭੫ ਤੋਂ - ਬਸੀ ਪਠਾਣਾਂ ਦੇ ਬੰਦੀ ਖਾਨੇ ਵਿੱਚ ।
ਅਕਤੂਬਰ ਤੋਂ
੪ ਨਵੰਬਰ ੧੬੭੫- ਦਿੱਲੀ ਕੁਤਵਾਲੀ ਵਿਖੇ ਲਿਆਂਦਾ ਗਿਆ ਜਿੱਥੇ ਹਫਤਾ
ਭਰ ਬੰਦੀਖਾਨੇ ਵਿੱਚ ਰਹੇ।
੧੧ ਨਵੰਬਰ ੧੬੭੫- ਗੁਰੂ ਜੀ ਦੀ ਸ਼ਹੀਦੀ।
੧੧ ਨਵੰਬਰ ੧੬੭੫- ਲੱਖੀ ਸ਼ਾਹ ਵਰਜਾਣਾ ਆਪਣੇ ਗਡਿਆਂ ਵਿਚ ਗੁਰੂ ਜੀ ਦਾ
ਧੜ ਲੈ ਗਿਆ ਤੇ ਰਕਾਬ ਗੰਜ ਵਿਖੇ ਗੁਰੂ ਜੀ ਦੇ ਧੜ ਦਾ
ਸਸਕਾਰ ਕੀਤਾ ।ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਨੇ ਭਾਈ
ਅੱਛੇ ਤੇ ਭਾਈ ਨਨੂਆ ਜੀ ਦੀ ਸਹਾਇਤਾ ਨਾਲ ਉਠਾ ਪੰਜ
ਪੜਾਅ, ਬਾਘਪਤ, ਤ੍ਰਾਵੜੀ, ਅੰਬਾਲਾ, ਨਾਭਾ ਸਾਹਿਬ
(ਚੰਡੀਗੜ੍ਹ) ਰਾਹੀਂ ਬਿਬਾਨ ਗੜ੍ਹ ਪਹੁੰਚਾਇਆ ਜਿੱਥੇ
ਆਪ ਜੀ ਦੇ ਸੀਸ ਦਾ ਸਸਕਾਰ ਵਿਧੀਵਤ ਗੁਰਦੁਆਰਾ
ਸ਼ਹੀਦ ਗੰਜ ਸਾਹਿਬ ਅਨਮਦਪੁਰ ਸਾਹਿਬ ਦੀ ਥਾਂ ਮੱਘਰ
ਸੁਦੀ ਦਸਵੀਂ ਸੰਮਤ ੧੭੩੨ ਨੂੰ ਕੀਤਾ ਗਿਆ।




ਸਹਾਇਕ ਪੁਸਤਕਾਂ ਦੀ ਸੂਚੀ
੧. ਸਤਿਬੀਰ ਸਿੰਘ ( ਪ੍ਰਿੰ: ) ਸਾਡਾ ਇਤਿਹਾਸ (ਭਾਗ ਪਹਿਲਾ) ਨਿਊ ਬੁੱਕ ਕੰਪਨੀ. ਮਾਈ ਹੀਰਾਂ ਗੇਟ, ਜਲੰਧਰ ੧੯੫੭
੨. ਸਤਿਬੀਰ ਸਿੰਘ (ਪ੍ਰਿੰ:) (ਸੰਪਾਦਤ, ਗੁਰੂ ਤੇਗ ਬਹਾਦੁਰ ਸਿਮ੍ਰਤੀ ਗ੍ਰੰਥ ਸ਼੍ਰੀ ਗੁਰੂ ਤੇਗ ਬਹਾਦੁਰ ਤਿੰਨ ਸੋ ਸਾਲਾ ਸ਼ਹੀਦੀ ਗੁਰਪੂਰਬ ਕਮੇਟੀ ੧੯੬੯)
੩. ਸਰੂਪ ਦਾਸ ਭੱਲਾ: ਮਹਿਮਾ ਪ੍ਰਕਾਸ਼ (ਭਾਗ ਦੂਜਾ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ ੧੯੭੧
੪. ਸਾਹਿਬ ਸਿੰਘ (ਪ੍ਰੋ:) ਗੁਰ ਇਤਿਹਾਸ, ਸਿੰਘ ਬ੍ਰਦਰਜ, ਮਾਈ ਸੇਵਾਂ, ਅੰਮ੍ਰਿਤਸਰ ੧੬੬੮
੫. ਹਰਦੀਪ ਸਿੰਘ: ਸ੍ਰੀ ਗੁਰੂ ਤੇਗ ਬਹਾਦੁਰ ਦਰਸ਼ਨ, ਭਾਸ਼ਾ ਵਿਭਾਗ, ਪੰਜਾਬ ੧੯੭੧
੬. ਗਿਆਨ ਸਿੰਘ ਗਿਆਨੀ, ਤਵਾਰੀਖ ਗੁਰੂ ਖਾਲਸਾ, ਭਾਸ਼ਾ ਵਿਭਾਗ , ਪੰਜਾਬ ੧੯੭੦
੭. ਤ੍ਰਿਲੋਚਨ ਸਿੰਘ (ਡਾ:) ਸੰਖੇਪ ਜੀਵਨੀ ਗੁਰੂ ਤੇਗ ਬਹਾਦੁਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਬੋਰਡ, ਦਿੱਲੀ ੧੯੭੩।
੮. ਦਲੀਪ ਸਿੰਘ ਦੀਪ (ਡਾ:), ਗੁਰੂ ਤੇਗ ਬਹਾਦੁਰ ਦਰਸ਼ਨ ਤੇ ਰਚਨਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ੧੯੭੫।
ਮਾਸਿਕ ਪੱਤਰ
੯. ਸਿੰਘ ਸਭਾ ਪਤ੍ਰਿਕਾ : ਜਨਵਰੀ ੧੯੭੬, ਫਰਵਰੀ ੧੯੭੬, ਗੁਰੂ ਤੇਗ ਬਹਾਦੁਰ ਅੰਕ ੧ ਤੇ ੨ ਕੇਂਦਰੀ ਸਿੰਘ ਸਭਾ, ਅੰਮ੍ਰਿਤਸਰ।
੧੦. ਪੰਜਾਬੀ ਦੁਨੀਆ: ਜਨਵਰੀ , ਫਰਵਰੀ ੧੯੭੬ (ਗੁਰੂ ਤੇਗ ਬਹਾਦੁਰ ਅੰਕ) ਭਾਸ਼ਾ ਵਿਭਾਗ, ਪਟਿਆਲਾ।
੧੧. ਜਾਗ੍ਰਿਤੀ : ਗੁਰੂ ਤੇਗ ਬਹਾਦੁਰ ਅੰਕ
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top