• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Bharat Pak badlde rang

Dalvinder Singh Grewal

Writer
Historian
SPNer
Jan 3, 2010
1,245
421
79
ਭਾਰਤ-ਪਾਕਿਸਤਨ ਰਿਸ਼ਤੇ: ਬਦਲਦੇ ਰੰਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਾਰਤ-ਪਾਕਿਸਤਾਨ ਰਿਸ਼ਤੇ ਸੰਨ 1948 ਤੋਂ ਲੈ ਕੇ ਹੁਣ ਤਕ ਬੜੇ ਖਿਚਾਅ ਪੂਰਨ ਰਹੇ ਹਨ । ਸੰਨ 1948 ਵਿੱਚ ਪਾਕਿਸਤਾਨੀ ਸੈਨਾ ਦੀ ਮੱਦਦ ਨਾਲ ਕਬਾਇਲੀਆਂ ਦਾ ਪੱਛਮੀ ਕਸ਼ਮੀਰ ਹਥਿਆਉਣਾ ਤੇ ਫਿਰ ਸ੍ਰੀਨਗਰ ੳਤੇ ਕਬਜ਼ਾ ਕਰਨ ਲਈ ਹਮਲਾ ਕਰਨਾ, 1965 ਵਿੱਚ ਭਾਰਤ-ਪਾਕ ਯੁਧ, 1971 ਬੰਗਲਾ ਦੇਸ਼ ਯੁੱਧ, 1999 ਵਿੱਚ ਕਾਰਗਿਲ ਯੁੱਧ ਆਪਸੀ ਰਿਸ਼ਤਿਆਂ ਦੀਆਂ ਵਧਦੀਆਂ ਦੀਵਾਰਾਂ ਹਨ ਜਿਨ੍ਹਾਂ ਨੂੰ ਪਾਕਿਸਤਾਨ ਵਲੋਂ ਲਗਾਤਾਰ ਘੁਸਪੈਠ ਤੇ ਕਸ਼ਮੀਰ ਵਿੱਚ ਆਤੰਕ ਜਾਰੀ ਰੱਖਣ ਨਾਲ ਹੋਰ ਮਜ਼ਬੂਤ ਕੀਤਾ ਗਿਆ।
ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਵਲੋਂ ਆਪਸੀ ਸਮਝੌਤੇ ਅਨੁਸਾਰ 2003 ਵਿੱਚ ਮੰਨੀ ਗਈ ਯੁੱਧ ਬੰਦੀ ਪਿੱਛੋਂ ਹੁਣ ਕਸ਼ਮੀਰ ਦੀਆਂ ਹੱਦਾਂ ਤੇ ਗੋਲਾਬਾਰੀ ਬੰਦ ਹੈ। ਮੋਦੀ ਦੀਆਂ ਪਾਕਿਸਤਾਨ-ਦਿਵਸ ਤੇ ਦਿਤੀਆਂ ਵਧਾਈਆਂ ਬਦਲੇ ਹੁਣ ਇਮਰਾਨ ਖਾਨ ਨੇ ਦੋਨਾਂ ਦੇਸ਼ਾਂ ਵਿੱਚ ਸ਼ਾਂਤੀ ਕਬੂਲਣ ਦਾ ਹੁੰਗਾਰਾ ਤਾਂ ਭਰਿਆ ਹੈ ਪਰ ਨਾਲ ਹੀ ਕਸ਼ਮੀਰ ਦੇ ਵਾਤਾਵਰਨ ਨੂੰ ਸਾਜ਼ਗਾਰ ਬਣਾਉਣ ਦੀ ਦੁਹਾਈ ਵੀ ਦੇ ਦਿਤੀ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਭਾਰਤ ਸ਼ਰਤਾਂ ਦੇ ਆਧਾਰ ਤੇ ਕੋਈ ਵੀ ਗੱਲਬਾਤ ਨਹੀਂ ਕਰੇਗਾ ਪਰ ਉਹ ਵੀ ਚਾਹੇਗਾ ਕਿ ਕਸ਼ਮੀਰ ਵਿੱਚ ਪਾਕਿਸਤਾਨ ਵਲੋਂ ਅਲਗਾਵਵਾਦੀ ਸ਼ਕਤੀਆਂ ਨੂੰ ਸ਼ਹਿ ਦੇਣਾ ਜਾਂ ਸਿਖਲਾਈ ਪ੍ਰਾਪਤ ਆਤੰਕਵਾਦੀਆਂ ਨੂੰ ਭਾਰਤ ਭੇਜਣਾ ਉਸਨੂੰ ਕਦੇ ਗਵਾਰਾ ਨਹੀਂ ਹੋਵੇਗਾ। ਸੋ ਕਸ਼ਮੀਰ ਦੀ ਸ਼ਾਂਤੀ ਦੋਨਾਂ ਦੇਸ਼ਾਂ ਦਾ ਸਾਂਝਾ ਮਾਮਲਾ ਤਾਂ ਹੈ ਪਰ ਸ਼ਾਂਤੀ ਦੇ ਮੁੱਦੇ ਅਲੱਗ ਅਲੱਗ ਹਨ।ਭਾਰਤ ਕਸ਼ਮੀਰ ਵਿੱਚ ਪਾਕਿਸਤਾਨ ਵਲੋਂ ਆਤੰਕ ਫੈਲਾਉਣ ਨੂੰ ਰੋਕਣ ਲਈ ਕਹਿੰਦਾ ਹੈ ਤੇ ਪਾਕਿਸਤਾਨ ਵਿਚਲੇ ਕਸ਼ਮੀਰ ਤੇ ਵੀ ਅਪਣਾ ਹੱਕ ਜਤਾਉਂਦਾ ਹੈ। ਪਾਕਿਸਤਾਨ ਭਾਰਤੀ ਕਸ਼ਮੀਰ ਉਤੇ ਅਪਣਾ ਹੱਕ ਜਤਾਉਂਦਾ ਹੈ ਤੇ ਆਜ਼ਾਦ ਮੱਤ (ਪਲੈਬੀਸਾਈਟ) ਰਾਹੀਂ ਚੋਣਾਂ ਕਰਵਾਏ ਜਾਣ ਲਈ ਕਹਿੰਦਾ ਹੈ।ਪਾਕਿਸਤਾਨ ਨੇ ਕਸ਼ਮੀਰ ਵਿਚ ਸੰਨ 1987 ਤੋਂ ਅਪਣੀਆਂ ਆਤੰਕਵਾਦੀ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਹੋਈਆਂ ਹਨ ਤੇ ਭਾਰਤ ਨੂੰ ਹਜ਼ਾਰ ਜ਼ਖਮ ਦੇਣ ਵਾਲੀ ਨੀਤੀ ਕਦੇ ਤਿਆਗੀ ਨਹੀਂ।ਸੰਨ 1971 ਵਿਚ ਪਾਕਿਸਤਾਨ ਦਾ ਦੋਫਾੜ ਹੋਣਾ ਉਸਨੂੰ ਕਦੇ ਭੁਲਿਆ ਨਹੀ ਤੇ 93 ਹਜ਼ਾਰ ਪਾਕ ਫੌਜੀਆਂ ਦਾ ਬੰਦੀ ਹੋਣਾ ਉਸਦੀ ਹਿੱਕ ਵਿੱਚ ਹਮੇਸ਼ਾ ਰੜਕਦਾ ਰਹੇਗਾ। ਸੰਨ 1999 ਵਿੱਚ ਕਾਰਗਿਲ ਵਿਚ ਆਤੰਕੀਆਂ ਦੇ ਨਾਮ ਤੇ ਪਾਕਿ ਫੌਜ ਦੀ ਘੁਸਪੈਠ ਉਸੇ ਸਾਜ਼ਿਸ਼ ਦਾ ਹਿੱਸਾ ਸੀ ਜਿਸ ਵਿੱਚ ਉਸ ਨੂੰ ਬੁਰੀ ਮਾਰ ਪਈ ਸੀ।
ਹੁਣ ਅਫਗਾਨਿਸਤਾਨ ਵਿੱਚ ਅਮਰੀਕਾ ਦੇ ਪਿੱਛਾ ਛੁਡਵਾ ਕੇ ਵਾਪਸੀ ਦੇ ਉਪਰਾਲੇ ਵਿਚ ਉਸਨੇ ਭਾਰਤ ਤੇ ਪਾਕਿਸਤਾਨ ਨੂੰ ਅਖੀਰੀ ਸਮਝੌਤੇ ਦੇ ਦੌਰ ਵਿੱਚ ਸ਼ਾਮਿਲ ਕਰਨ ਦੇ ਇਰਾਦੇ ਨਾਲ ਸੱਦਾ ਦਿਤਾ ਹੈ।ਇਸੇ ਲਈ ਅਮਰੀਕਾ ਚਾਹੁੰਦਾ ਹੈ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਲਈ ਭਾਰਤ ਤੇ ਪਾਕਿਸਤਾਨ ਦੇ ਸਬੰਧ ਸੁਖਾਵੇਂ ਹੋਣ। ਕਿਉਂਕਿ ਸਮਝੌਤੇ ਹੇਠ ਤਾਲਿਬਾਨੀ ਭਾਗੀਦਾਰੀ ਵੀ ਨਿਸ਼ਚਿਤ ਕਰਨੀ ਪਵੇਗੀ ਜਿਸ ਲਈ ਪਾਕਿਸਤਾਨ ਦਾ ਪ੍ਰਭਾਵ ਅਫਗਾਨਿਸਤਾਨ ਵਿੱਚ ਵਧੇਗਾ। ਇਸ ਨੂੰ ਸੰਤੁਲਨ ਰੱਖਣ ਲਈ ਭਾਰਤ ਨੂੰ ਵੀ ਵਿੱਚ ਲਿਆਂਦਾ ਜਾ ਰਿਹਾ ਹੈ ਭਾਰਤ ਦਾ ਪ੍ਰਭਾਵ ਮੌਜੂਦਾ ਅਫਗਾਨੀ ਸਰਕਾਰ ਤੇ ਜ਼ਾਹਿਰ ਹੈ ਜਿਸ ਨੂੰ ਪਾਕਿਸਤਾਨ ਹਮੇਸ਼ਾਂ ਘਟਾਉਣਾ ਚਾਹੁੰਦਾ ਰਿਹਾ ਹੈ ਤੇ ਸਮੇਂ ਸਮੇਂ ਕੁਝ ਹੋਰ ਆਤੰਕਵਾਦੀ ਜਥੇਬੰਦੀਆਂ ਰਾਹੀਂ ਭਾਰਤ ਦੇ ਦੂਤਾਵਾਸ ਤੇ ਕਈ ਭਾਰਤੀਆਂ ਉਪਰ ਹਮਲੇ ਵੀ ਕਰਵਾਉਂਦਾ ਰਿਹਾ ਹੈ। ਇਸ ਵਿਚ ਕਾਬਲ ਅਤੇ ਜਲਾਲਾਬਾਦ ਵਿਚ ਸਿੱਖਾਂ ਉਤੇ ਹੋਏ ਹਮਲੇ ਵੀ ਸ਼ਾਮਿਲ ਹਨ। ਅਮਰੀਕਾ ਨੇ ਪਾਕਿਸਤਾਨੀ ਤੇ ਭਾਰਤੀ ਹੁਕਮਰਾਨਾਂ ਨੂੰ ਇਸ ਖਿਚੋਤਾਣ ਨੂੰ ਘਟਾਉਣ ਅਤੇ ਅਫਗਾਨਿਸਤਾਨ ਦੇ ਹਾਲਾਤ ਸਾਜ਼ਗਾਰ ਬਣਾ ਕੇ ਰਖਣ ਲਈ ਕਿਹਾ ਹੈ।
ਅਮਰੀਕਾ ਪਾਕਿਸਤਾਨ ਦੀ ਕਮਜ਼ੋਰ ਹਾਲਤ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਤੇ ਤਾਲਿਬਾਨਾਂ ਉਪਰ ਪਾਕਿਸਤਾਨ ਰਾਹੀ ਕੰਟ੍ਰੋਲ ਰੱਖਣਾ ਚਾਹੁੰਦਾ ਹੈ।ਜਦੋਂ ਲਦਾਖ ਵਿੱਚ ਐਲ.ਏ.ਸੀ. ਤੇ ਚੀਨ ਭਾਰਤ ਵਿਰੁੱਧ ਦੋ-ਫਰੰਟ ਯੁੱਧ ਦੀ ਧਮਕੀ ਦੇ ਰਿਹਾ ਸੀ, ਤਾਂ ਅਮਰੀਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਯੁਕਤ ਅਰਬ ਅਮੀਰਾਤ ਭਾਰਤ-ਪਾਕ ਵਿਚੋਲਗੀ ਲਈ ਪਾਕਿਸਤਾਨ ਅਤੇ ਭਾਰਤ ਨਾਲ ਗੁਪਤ ਸਲਾਹ-ਮਸ਼ਵਰੇ ਵਿਚ ਸ਼ਾਮਲ ਰਿਹਾ ਹੈ ਤੇ ਪਾਕਿਸਤਾਨ ਦਾ ਇਸ ਪਰਾਈ ਜੰਗ ਤੋਂ ਲਾਂਬੇ ਰਹਿਣਾ ਤੇ ਹੁਣ ਕਸ਼ਮੀਰ ਵਿਚ ਜੰਗ ਬੰਦੀ ਐਲਾਨਣਾ ਸ਼ਾਇਦ ਅਮਰੀਕੀ ਅਸਰ ਦਾ ਹੀ ਸਿੱਟਾ ਹੈ।
ਇਸ ਅਮਰੀਕੀ ਪ੍ਰਭਾਵ ਤੋਂ ਇਲਾਵਾ ਹੁਣ ਪਾਕਿਸਤਾਨ ਨੇ ਚੀਨ ਦੇ ਰੰਗ ਵੀ ਦੇਖ ਲਏ ਹਨ।ਚੀਨ ਅਤੇ ਪਾਕਿਸਤਾਨ ਨਜ਼ਦੀਕੀ ਸਹਿਯੋਗੀ ਰਹੇ ਹਨ।ਪਹਿਲਾਂ, ਹਿੰਦ ਮਹਾਸਾਗਰ ਅਤੇ ਸਮੁੰਦਰੀ ਮਾਰਗਾਂ 'ਤੇ ਚੀਨ ਦੀ ਪਹੁੰਚ ਮਾਲਾਕਾ ਸਮੁੰਦਰੀ ਰਾਹ ਤੋਂ ਹੁੰਦੀ ਹੈ, ਜਿਸ ਨੂੰ ਅਮਰੀਕਾ ਦੁਆਰਾ ਨਾਕਾਬੰਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਸੇ ਵੱਡੇ ਵਿਵਾਦ ਦੀ ਸਥਿਤੀ ਵਿੱਚ. ਚੀਨ ਹਿੰਦ ਮਹਾਂ ਸਾਗਰ ਤੱਕ ਪਹੁੰਚ ਚਾਹੁੰਦਾ ਹੈ ਜਿਸ ਲਈ ਉਸਨੇ ਸੀ ਪੀ ਈ ਸੀ ਪ੍ਰੋਜੈਕਟ ਦੇ ਤਹਿਤ, ਪਾਕਿਸਤਾਨ ਦੀ ਗਵਾਦਾਰ ਬੰਦਰਗਾਹ ਤਕ ਚੀਨ ਨੇ ਪਹੁੰਚ ਪ੍ਰਾਪਤ ਕਰ ਲਈ ਹੈ ਅਤੇ ਇਸਨੂੰ ਆਪਣੀ ਜ਼ਰੂਰਤਾਂ ਅਨੁਸਾਰ ਵਿਕਸਤ ਕੀਤਾ ਹੈ । ਇਸੇ ਯੋਜਨਾ ਅਧੀਨ ਗਵਾਦਾਰ ਨੂੰ ਪਾਕਿਸਤਾਨ ਵਿੱਚੋਂ ਦੀ ਚੀਨੀ ਹਾਈਵੇ ਕਾਸ਼ਗਰ ਨਾਲ ਜੋੜਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚਾਲੂ ਹੈ ਜਿਸ ਲਈ ਪਾਕਿਸਤਾਨ ਨੇ ਵਿਵਾਦਤ ਕਸ਼ਮੀਰ ਦਾ ਕੁਝ ਇਲਾਕਾ ਚੀਨ ਨੂੰ ਸੌਂਪ ਦਿਤਾ ਹੳੇ ਜਿਸਦਾ ਭਾਰਤ ਨੇ ਉਜਰ ਕੀਤਾ ਹੈ।
ਉਪਰੋਂ ਅਰਬ ਦੇਸ਼ਾਂ ਨਾਲ ਪਾਕਿਸਤਾਨ ਦੇ ਸਬੰਧ ਵੀ ਵਿਗੜੇ ਹਨ।ਸਾਉਦੀ ਅਰਬ ਦੇ ਭਾਰਤ ਵਲ ਵਧਦੇ ਵਿਉਪਾਰ ਅਤੇ ਆਰਥਿਕ ਤੇ ਸੈਨਿਕ ਸਮਝੌਤੇ ਦੇ ਪ੍ਰਭਾਵ ਪਾਕਿਸਤਾਨ ਦੇ ਸਉਦੀ ਅਰਬ ਵਿਚ ਵਧਦੇ ਫੈਲਾ ਨੂੰ ਰੋਕਣ ਵਿਚ ਕਾਮਯਾਬ ਹੋਏ ਹਨ। ਭਾਰਤ ਤੇ ਸਾਉਦੀ ਅਰਬ ਵਿਚਕਾਰ ਵਿਉਪਾਰ ਵੀ ਵਧਿਆ ਹੈ ਤੇ ਹੁਣ ਸੁਰਖਿਆਂ ਪੱਖੋਂ ਵੀ ਸਾਉਦੀ ਅਰਬ ਨੇ ਭਾਰਤ ਵੱਲ ਮੋੜ ਕੱਟਿਆ ਹੈ।ਇਸਦੀ ਤਾਜ਼ਾ ਉਦਾਹਰਣ ਪਾਕ ਫੌਜ ਮੁਖੀ ਜਨਰਲ ਬਾਜਵਾ ਦੀ ਸਾਉਦੀ ਅਰਬ ਵਿਚ ਅਣਦੇਖੀ ਤੇ ਇਸ ਪਿਛੋਂ ਭਾਰਤੀ ਫੌਜ ਮੁਖੀ ਦਾ ਸਾਉਦੀ ਅਰਬ ਵਿੱਚ ਭਰਵਾਂ ਸੁਆਗਤ ਪਾਕਿਸਤਾਨ ਚੈਨਲਾਂ ਉਤੇ ਵਾਰ ਵਾਰ ਦਿਖਾਇਆ ਜਾਣਾ ਹੈ ।
ਪਰ ਹਾਲ ਹੀ ਵਿੱਚ ਚੀਨ ਦੀ ਪਾਕਿਸਤਾਨ ਵਿੱਚ ਦਿਲਚਸਪੀ ਘਟਦੀ ਨਜ਼ਰ ਆ ਰਹੀ ਹੈ। ਇਸ ਦੇ ਵੀ ਕਈ ਕਾਰਨ ਹਨ:
ਸਭ ਤੋਂ ਮੁਢਲਾ ਕਾਰਨ ਪਾਕਿਸਤਾਨ ਦਾ ਅੰਦਰੂਨੀ ਤੌਰ 'ਤੇ ਚੀਨ ਲਈ ਇਕ ਭਾਰ ਸਾਬਿਤ ਹੋਣਾ ਹੈ। ਪਹਿਲਾਂ ਤਾਂ ਚੀਨ ਪਾਕਿਸਤਾਨ ਦਾ ਇਹ ਭਾਰ ਜਰਦਾ ਰਿਹਾ ਪਰ ਜਦ ਲਦਾਖ ਦੇ ਭਾਰਤ-ਚੀਨ ਦੇ ਵਿਗੜੇ ਸਬੰਧਾਂ ਵਿੱਚ ਪਾਕਿਸਤਾਨ ਦਾ ਚੀਨ ਦੇ ਹੱਕ ਵਿੱਚ ਕੋਈ ਯੋਗਦਾਨ ਨਾ ਮਿਲਿਆ ਤੇ ਚੀਨ ਵਲੋਂ ਭਾਰਤ ਨੂੰ ਝੁਕਾਏ ਜਾਣ ਦੀ ਅਸਮਰਥਤਾ ਕਾਰਨ ਚੀਨ ਨੇ ਪਾਕਿਸਤਾਨ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿਤਾ ਹੈ। ਉਪਰੋਂ ਪਾਕਿਸਤਾਨ ਦੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਦਿਵਾਲੀਆਪਣ ਵਿੱਚ ਉਹ ਅਪਣਾ ਹੋਰ ਸਰਮਾਇਆ ਨਹੀਂ ਫਸਾਉਣਾ ਚਾਹੁੰਦਾ।
1. ਪਾਕਿਸਤਾਨ ਦੀ ਮਾੜੀ ਆਰਥਿਕ ਸਥਿਤੀ, ਜਿਸ ਵਿਚ ਚੀਨੀ ਨਿਵੇਸ਼ਕਾਂ ਨੂੰ ਮੁੜ ਅਦਾਇਗੀ ਦੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ.। ਰਾਜਨੀਤਿਕ ਅਸਥਿਰਤਾ ਅਤੇ ਨਿਵੇਸ਼ਾਂ ਦੀ ਸੁਰੱਖਿਆ ਚੀਨੀ ਨਿਵੇਸ਼ਕਾਂ ਦੀ ਇਕ ਹੋਰ ਚਿੰਤਾ ਹੈ. ਇਸ ਸਮੇਂ, ਚੀਨੀ ਨਿਵੇਸ਼ਾਂ ਨੂੰ ਇਸ ਦੋਹਰੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਚੀਨ ਦੀ ਪਾਕਿਸਤਾਨ ਵਿੱਚ ਦਿਲਚਸਪੀ ਘਟੀ ਹੋਈ ਹੈ।
2. ਪਾਕਿਸਤਾਨ ਅਧਾਰਤ ਅੱਤਵਾਦ ਨੇ ਉਸ ਨੂੰ ਵਿਸ਼ਵਵਿਆਪੀ ਪੱਧਰ ਤੇ ਬਦਨਾਮ ਤਾਂ ਕੀਤਾ ਹੀ ਹੋਇਆ ਹੈ, ਨਾਲੋ ਨਾਲ ਉਸਦੇ ਦੂਸਰੇ ਦੇਸ਼ਾ ਨਾਲ ਸਬੰਧ ਵਿਗੜੇ ਹਨ । ਵਿਸ਼ਵ ਕੇਂਦਰੀ ਸੰਸਥਾਵਾਂ ਵਲੋਂ ਕੀਤੀਆਂ ਕਾਰਵਾਈਆਂ ਅਤੇ ਉਸਨੂੰ ਇਕੱਲਤਾ ਤੇ ਆਰਥਿਕ ਮੰਦਹਾਲੀ ਵਲ ਧੱਕਣਾ ਉਸ ਦੀ ਵਧਦੀ ਕਮਜ਼ੋਰੀ ਹੳੇ।ਉਪਰੋਂ ਵਿੱਤੀ ਐਕਸ਼ਨ ਟਾਸਕ ਫੋਰਸ ਦੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਸ ਲਈ ਕਰਜ਼ਾ ਪ੍ਰਾਪਤ ਕਰਨਾ ਵੀ ਅਸੰਭਵ ਹੋ ਗਿਆ ਹੈ। ਪਾਕਿਸਤਾਨ. ਦਾ ਅੱਤਵਾਦ, ਆਰਥਿਕ ਮੰਦਹਾਲੀ ਤੇ ਭਰਿਸ਼ਟਾਚਾਰ ਤੇ ਸਮਾਜਿਕ ਤੇ ਰਾਜਨੀਤਕ ਅਸਥਿਰਤਾ ਕਰਕੇ ਪਾਕਿਸਤਾਨ ਲਈ ਚੀਨੀ ਸਹਾਇਤਾ ਭਰੋਸੇਯੋਗਤਾ' ਵੀ ਮੁੱਕ ਚੱਲੀ ਹੈ।
3. ਚੀਨ ਨੂੰ ਵੀ ਜ਼ਿਨਜਿਆਂਗ ਪ੍ਰਦੇਸ਼ ਵਿਚ ਉਇਗਯੂਰ ਕੱਟੜਵਾਦ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਬਾਰੇ ਚੀਨ ਨੂੰ ਪਾਕਿਸਤਾਨ ਤੋਂ ਸਮਰਥਨ ਮਿਲਣ ਦਾ ਡਰ ਸਤਾਉਂਦਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਪਾਕਿਸਤਾਨ ਦੀ ਸਰਕਾਰ ਨੇ ਉਇਗਯੂਰ ਦਾ ਮੁੱਦਾ ਨਹੀਂ ਉਠਾਇਆ, ਪਰ ਪਾਕਿਸਤਾਨ ਦੇ ਲੋਕਾਂ ਨੂੰ ਉਇਗਯੂਰ ਮੁਸਲਮਾਨਾਂ ਨਾਲ ਹਮਦਰਦੀ ਹੈ ਕਿਉਂਕਿ ਚੀਨ ਵਿਚ ਉਨ੍ਹਾਂ ਦੇ ਬੜੇ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਕਰਕੇ ਉਇਗਯੂਰ ਮੁਸਲਮਾਨਾਂ ਦਾ ਮੁਸਲਮਾਨ ਦੇਸ਼ਾਂ ਵੱਲ ਨੂੰ ਉਜਾੜਾ ਸ਼ੂਰੂ ਹੋਇਆ ਹੈ।
ਚੀਨ ਨੂੰ ਭਾਰਤ ਵਿਰੁੱਧ ਸੰਤੁਲਨ ਰੱਖਣ ਲਈ ਪਾਕਿਸਤਾਨ ਦੀ ਜ਼ਰੂਰਤ ਹੈ. ਚੀਨ ਤੇ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਤਣਾਅਪੂਰਨ ਰਹੇ ਹਨ ਅਤੇ ਉਹ ਭਾਰਤ ਨੂੰ ਇੱਕ ਖੇਤਰੀ ਵਿਰੋਧੀ ਮੰਨਦੇ ਹਨ । ਚੀਨ ਭਾਰਤ ਨੂੰ ਉਸਦੀ ਵਿਸ਼ਵਵਿਆਪੀ ਸ਼ਕਤੀ ਬਣਨ ਰੁਕਾਵਟ ਸਮਝਦਾ ਹੈ ਜਿਸ ਲਈ ਉਸਨੇ ਪਾਕਿਸਤਾਨ ਨਾਲ ਨੇੜਲੇ ਸਬੰਧ ਬਣਾਏ। ਚੀਨ ਅਤੇ ਪਾਕਿਸਤਾਨ ਦਰਮਿਆਨ ਇਹੋ ਮੌਸਮੀ-ਦੋਸਤੀ ਦਾ ਅਧਾਰ ਹਨ।ਚੀਨ ਦੀ ਪਾਕਿਸਤਾਨ ਨਾਲ ਨੇੜਤਾ ਤਾਂ ਬਹੁਤ ਵਧ ਗਈ ਪਰ ਹੁਣ ਇਸ ਅਸਹਿ ਹੋ ਰਹੇ ਭਾਰ ਕਰਕੇ ਚੀਨ ਪਾਕਿਸਤਾਨ ਵਲੋਂ ਵੀ ਚਿੰਤਿਤ ਹੈ ਤੇ ਹੌਲੀ ਹੌਲੀ ਪਿੱਛੇ ਹਟ ਰਿਹਾ ਹੈ ਜਿਸ ਤੋਂ ਪਾਕਿਸਤਾਨ ਵੀ ਬੜਾ ਚਿੰਤਿਤ ਹੈ। ਅਮਰੀਕਾ ਤੇ ਚੀਨੀ ਦਬਾਵਾਂ ਥੱਲੇ ਫਸਿਆ ਪਾਕਿਸਤਾਨ ਹੁਣ ਕਿਹੜੀ ਕਰਵਟ ਲੈਂਦਾ ਹੈ ਇਹੋ ਸੋਚਣ ਦਾ ਵਿਸ਼ਾ ਹੈ।ਚੀਨ ਵਲੋਂ ਘਟਦੀ ਮਦਦ ਤੇ ਭਵਿਖ ਲਈ ਕੋਈ ਚੰਗੇ ਯੋਗਦਾਨ ਦੀ ਆਸ ਨਾ ਹੋਣ ਕਾਰਣ ਉਹ ਹੁਣ ਅਮਰੀਕਾ ਵਲ ਮੁੜ ਰਿਹਾ ਲਗਦਾ ਹੈ ਜਿਸ ਦਾ ਫਾਇਦਾ ਭਾਰਤ-ਪਾਕ ਸਬੰਧ ਸੁਧਰਨ ਵਲ ਜਾਂਦਾ ਹੈ। ਆਸ ਕੀਤੀ ਜਾ ਸਕਦੀ ਹੈ ਕਿ ਪਾਕਿਸਤਾਨ ਇਨ੍ਹਾਂ ਸਬੰਧਾਂ ਨੂੰ ਸੁਧਾਰਨ ਦੀ ਭਰਪੂਰ ਕੋਸ਼ਿਸ਼ ਕਰੇਗਾ ਕਿਉਂਕਿ ਇਸ ਬਿਨਾ ਉਸ ਕੋਲ ਹੋਰ ਕੋਈ ਚਾਰਾ ਨਹੀਂ ਜਾਪਦਾ।
 

❤️ CLICK HERE TO JOIN SPN MOBILE PLATFORM

Top