• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ -1

Dalvinder Singh Grewal

Writer
Historian
SPNer
Jan 3, 2010
1,245
421
79
ਗੁਰੂ ਗੋਬਿੰਦ ਸਿੰਘ ਦਾ ਚੱਕ ਨਾਨਕੀ ਤੋਂ ਪਾਉਂਟਾ ਸਾਹਿਬ ਤੇ ਵਾਪਸੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪ੍ਰਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ

ਮੁਢਲੀ ਜਾਣਕਾਰੀ

ਮਾਰਚ-ਅਪ੍ਰੈਲ 1685 ਵਿਚ, ਗੁਰੂ ਗੋਬਿੰਦ ਸਿੰਘ ਨੇ ਸਿਰਮੌਰ ਦੇ ਰਾਜਾ ਮਤ/ਮੇਦਨੀ ਪ੍ਰਕਾਸ਼ ਦੇ ਸੱਦੇ 'ਤੇ ਸਿਰਮੌਰ ਰਿਆਸਤ ਦੇ ਪਾਉਂਟਾ ਵਿਖੇ ਆਪਣਾ ਨਿਵਾਸ ਸਥਾਨ ਬਦਲਿਆ। ਸਿਰਮੌਰ ਰਿਆਸਤ ਦੇ ਗਜ਼ਟੀਅਰ ਅਨੁਸਾਰ ਭੀਮ ਚੰਦ ਨਾਲ ਮੱਤਭੇਦ ਕਰਕੇ ਗੁਰੂ ਜੀ ਚੱਕ ਨਾਨਕੀ ਸਾਹਿਬ ਛੱਡਣ ਲਈ ਮਜ਼ਬੂਰ ਹੋਏ ਅਤੇ ਟੋਕਾ ਸਾਹਿਬ ਚਲੇ ਗਏ।1968 ਵਿੱਚ ਲਿਖੇ ਇੱਕ ਸ਼ਿਲਾਲੇਖ ਅਨੁਸਾਰ, ਗੁਰੂ ਗੋਬਿੰਦ ਸਿੰਘ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਮਦਦ ਲਈ 4 ਵੈਸਾਖ 1742 ਬਿਕਰਮੀ / 1 ਅਪ੍ਰੈਲ 1685 ਨੂੰ 2200 ਘੋੜਸਵਾਰਾਂ ਨਾਲ ਟੋਕਾ ਸਾਹਿਬ ਆਏ ਸਨ। ਗੁਰੂ ਜੀ ਨੇ ਮੇਦਨੀ ਪ੍ਰਕਾਸ਼ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਅਤੇ ਅਪ੍ਰੈਲ 1685 ਵਿੱਚ ਹੀ ਨਾਹਨ ਪਹੁੰਚ ਗਏ।

ਗੁਰੂ ਗੋਬਿੰਦ ਸਿੰਘ ਜੀ ਨਾਨਕੀ ਚੱਕ ਤੋਂ ਕੀਰਤਪੁਰ, ਭਰਤਗੜ੍ਹ, ਸਦਾਬਰਤ, ਘਨੌਲੀ, ਰੋਪੜ, ਖੈਰਾਬਾਦ, ਕੋਟਲਾ ਨਿਹੰਗ, ਭਾਗੂ ਮਾਜਰਾ, ਬੂੜਮਾਜਰਾ, ਦੁੱਗਰੀ (ਦਮਦਮਾ ਸਾਹਿਬ), ਕੁਰਾਲੀ, ਖਰੜ, ਖਾਨਪੁਰ, ਮਨੀਮਾਜਰਾ, ਰਾਮਗੜ੍ਹ, ਟੋਕਾ ਸਾਹਿਬ, ਕਾਲਾ ਅੰਬ ਹੁੰਦੇ ਹੋਏ ਨਾਹਨ ਪਹੁੰਚ ਕੇ ਸਾਢੇ ਅੱਠ ਮਹੀਨੇ ਰਹਿ ਕੇ ਪਾਉਂਟਾ ਸਾਹਿਬ ਪਹੁੰਚੇ।ਪਾਉਂਟਾ ਸਾਹਿਬ ਵਸਾ ਕੇ ਤਿੰਨ ਸਾਲ ਉਥੇ ਕਵੀ ਦਰਬਾਰ, ਸ਼ੀਸ਼ ਮਹਿਲ, ਅਜੀਤਗੜ੍ਹ ਆਦਿ ਉਸਾਰ ਕੇ ਭੰਗਾਣੀ ਦਾ ਯੁੱਧ ਲੜਿਆ ਅਤੇ ਪਹਾੜੀਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੂੰ ਹਰਾ ਕੇ ਕਪਾਲਮੋਚਨ, ਸਢੌਰਾ, ਟੋਕਾ ਸਾਹਿਬ, ਮਾਣਕ ਟੱਬਰਾ, ਰਾਇਪੁਰ ਰਾਣੀ, ਢਕੌਲੀ, ਨਾਢਾ ਸਾਹਿਬ, ਨਾਭਾ ਸਾਹਿਬ, ਲਾਬੇ, ਬਡੈਲ, ਛੱਪੜ-ਝਿੜੀ, ਮੁਰਿੰਡਾ, ਕੁਰਾਲੀ, ਖਿਦਰਾਬਾਦ, ਕੀਰਤਪੁਰ ਰਾਹੀਂ ਨਾਨਕੀ ਚੱਕ ਪਹੁੰਚੇ। ਨਵੰਬਰ 1688 ਵਿਚ, ਗੁਰੂ ਗੋਬਿੰਦ ਬਿਲਾਸਪੁਰ ਦੀ ਦਾਊਦ ਰਾਣੀ ਦੇ ਸੱਦੇ 'ਤੇ ਸਹਿਮਤ ਹੋ ਕੇ ਅਨੰਦਪੁਰ ਵਾਪਸ ਆ ਗਏ, ਜੋ ਉਦੋਂ ਚੱਕ ਨਾਨਕੀ ਵਜੋਂ ਜਾਣਿਆ ਜਾਂਦਾ ਸੀ। ਪਾਉਂਟਾ ਤੋਂ ਚੱਕ ਨਾਨਕੀ ਲਈ ਰਵਾਨਾ ਹੋਣ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਦੀ ਕਿਲੇਬੰਦੀ ਦੀ ਦੇਖ-ਭਾਲ ਇਕ ਭਾਈ ਬਿਸ਼ਨ ਸਿੰਘ ਨੂੰ ਸੌਂਪ ਦਿੱਤੀ ਸੀ। ਇਹ ਸਫਰ ਅਪ੍ਰੈਲ 1685 ਤੋਂ ਨਵੰਬਰ 1988 ਤੱਕ ਦਾ ਭਾਵ ਤਿੰਨ ਸਾਲ 8 ਮਹੀਨੇ ਦਾ ਸੀ।

ਇਸ ਲਿਖਾਰੀ ਨੇ ਲਗਭਗ ਇਨ੍ਹਾਂ ਸਾਰੇ ਥਾਵਾਂ ਦੀ ਯਾਤਰਾ ਕੀਤੀ ਤੇ ਅਪਣੇ ਅਨੁਭਵ ਅਤੇ ਹੋਰ ਦਸਤਾਵੇਜ਼ੀ ਗਿਆਨ ਇਕੱਤਰ ਕੀਤਾ ਜਿਸ ਦਾ ਸਿੱਟਾ ਇਹ ਵਰਨਣ ਹੈ।ਜਦ ਸੁਖਮਨੀ ਗ੍ਰੁਪ ਆਫ ਇਨਸਟੀਚਿਊਸ਼ਨਜ਼ ਵਿੱਚ ਅਡਵਾਈਜ਼ਰ ਤੌਰ ਤੇ 2012-2013 ਵਿੱਚ ਡਿਉਟੀ ਨਿਭਾਈ ਤਾਂ ਅਨੰਦਪੁਰ ਸਾਹਿਬ, ਕੀਰਤਪੁਰ, ਭਰਤਗੜ੍ਹ, ਰੋਪੜ, ਨਾਭਾ ਸਾਹਬ, ਢਕੌਲੀ, ਨਾਢਾ ਸਾਹਿਬ ਅਦਿ ਇਲਾਕਿਆਂ ਵਿੱਚ ਗੁਰ ਅਸਥਾਨਾਂ ਦੇ ਦਰਸ਼ਨਾਂ ਦਾ ਅਵਸਰ ਮਿਲਿਆ।ਉਸ ਤੋਂ ਪਹਿਲਾਂ ਅਤੇ ਪਿਛੋਂ ਵੀ ਇਨ੍ਹਾਂ ਇਲਾਕਿਆਂ ਦੇ ਦਰਸ਼ਨਾਂ ਦਾ ਮੌਕਾ ਮਿਲਦਾ ਰਿਹਾ।ਪਾਉਂਟਾ ਸਾਹਿਬ ਅਤੇ ਭੰਗਾਣੀ ਅਸੀਂ 1983 ਵਿੱਚ ਅਪਣੇ ਫੌਜੀ ਕੋਰਸ ਦੌਰਾਨ ਗਏ ਸਾਂ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨਾਂ ਦੀਆਂ ਯਾਤਰਾਂਵਾਂ ਕਰਕੇ ਅਤੇ ਉਨ੍ਹਾਂ ਬਾਰੇ ਖੋਜ-ਪੁਸਤਕਾਂ ਲਿਖਣ-ਛਪਣ ਪਿੱਛੋਂ ਗੁਰੂ ਗੋਬਿੰਦ ਸਿੰਘ ਦੀਆਂ ਯਾਤ੍ਰਾਵਾਂ ਬਾਰੇ ਖੋਜ-ਪੁਸਤਕ ਲਿਖਣ ਲੱਗਿਆ ਤਾਂ ਗੁਰੂ ਜੀ ਨਾਲ ਸਬੰਧਤ ਕੁਝ ਸਥਾਨ ਜਿਨ੍ਹਾਂ ਦੀ ਪਹਿਲਾਂ ਯਾਤਰਾ ਦਾ ਅਵਸਰ ਨਹੀਂ ਸੀ ਮਿਲਿਆ, ਹੁਣ ਪੂਰਾ ਕਰਨ ਦਾ ਨਿਸ਼ਚਾ ਕੀਤਾ।ਪਟਨਾ ਤੋਂ ਪੰਜਾਬ ਤਕ ਅਤੇ ਪੰਜਾਬ ਤੋਂ ਹਜ਼ੂਰ ਸਾਹਿਬ ਦੇ ਮੁੱਖ ਗੁਰਦੁਆਰਿਆਂ ਦੀ ਯਾਤਰਾ 1963-1995 ਤੱਕ ਅਪਣੀ ਫੋਜੀ ਸੇਵਾ ਦੌਰਾਨ ਹਰਦਾ ਰਿਹਾ। ਲੁਧਿਆਣਾ ਤੋਂ ਮੁਕਤਸਰ ਦੇ ਸਾਰੇ ਇਲਾਕਿਆਂ ਦੀ ਯਾਤਰਾ ਤਾਂ 2005-2011 ਵਿੱਚ ਮੁਕਤਸਰ ਅਤੇ ਮੇਰਠ ਦੇ ਇੰਜਨੀਅਰਿੰਗ ਕਾਲਜਾਂ ਦੇ ਡਾਇਰੈਕਟਰ-ਪ੍ਰਿੰਸੀਪਲ ਰਹਿਣ ਵੇਲੇ ਪੂਰੀ ਕਰ ਲਈ ਸੀ।ਅੰਬਾਲਾ ਅਤੇ ਕੁਰਕਸ਼ੇਤਰ ਦੇ ਇਲਾਕਿਆਂ ਦੀ ਯਾਤਰਾ ਅਪਣੇ ਬੇਟੇ ਗੁਰਤੇਜ ਸਿੰਘ ਗ੍ਰੇਵਾਲ ਦੀ 2019-2020 ਦੀ ਅੰਬਾਲਾ ਦੀ ਪੋਸਟਿੰਗ ਵੇਲੇ ਕੀਤੀ।ਬਠਿੰਡਾ ਅਤੇ ਤਲਵੰਡੀ ਸਾਬੋ ਦੇ ਇਲਾਕਿਆਂ ਦੇ ਗੁਰਦੁਆਰਿਆਂ ਦੀ ਯਾਤਰਾ 2021-2023 ਵਿੱਚ ਅਪਣੇ ਬੇਟੇ ਕਰਨਲ ਨਵਤੇਜ ਸਿੰਘ ਗ੍ਰੇਵਾਲ ਅਤੇ ਉਸਦੇ ਪਰਿਵਾਰ ਨਾਲ ਕਰ ਲਈ।ਇਨ੍ਹਾਂ ਵਿੱਚੋਂ ਬਹੁਤੇ ਸਥਾਨਾਂ ਬਾਰੇ ਯਾਤਰਾ ਲੇਖ ਅਜੀਤ, ਗੁਰਮਤ ਪ੍ਰਕਾਸ਼, ਸੀਸ ਗੰਜ, ਸਚਖੰਡ ਪਤਰ ਆਦਿ ਵਿੱਚ ਛਪਦੇ ਰਹੇ। ਜੋ ਕੁਝ ਸਥਾਨ ਰਹਿ ਗਏ ਸਨ, ਉਨ੍ਹਾਂ ਦੀ ਯਾਤਰਾ ਹੁਣ ਮੁੱਖ ਮੁੱਦਾ ਹੋਣ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਭਾ ਸਾਹਿਬ ਤੋਂ ਪਾਉਂਟਾ ਅਤੇ ਭੰਗਾਣੀ ਨਾਲ ਸਬੰਧਤ ਸਥਾਨਾਂ ਦੀ ਯਾਤਰਾ ਦੀ ਯੋਜਨਾ 22 ਜੂਨ ਤੋਂ 25 ਜੂਨ ਤੱਕ ਬਣਾਈ। ਯਾਤਰਾ ਵਿੱਚ ਮੇਰੀ ਜੀਵਨ ਸਾਥਣ ਨੇ ਨਾਲ ਜਾਣਾ ਸੀ ਤੇ ਸਾਧਨ ਸਾਡੀ ਨਵੀਂ ਖਰੀਦੀ ਬਰੇਜ਼ਾ ਕਾਰ ਸੀ ।

ਨਾਭਾ ਸਾਹਿਬ

ਯੋਜਨਾ ਅਨੁਸਾਰ ਅਸੀਂ 22 ਜੂਨ ਨੂੰ ਲੁਧਿਆਣੇ ਤੋਂ ਚੱਲ ਕੇ ਨਾਭਾ ਸਾਹਿਬ, ਨਾਡਾ ਸਾਹਿਬ, ਮਾਣਕ ਟੱਬਰਾ, ਰਾਣੀ ਰਾਇਪੁਰ, ਟੋਕਾ ਸਾਹਿਬ, ਨਾਹਨ ਹੁੰਦੇ ਹੋਏ ਪਾਉਂਟਾ ਸਾਹਿਬ ਪਹੁੰਚਣਾ ਸੀ ਤੇ ਵਾਪਸੀ ਗੁਪਾਲ ਮੋਚਨ ਹੁੰਦੇ ਹੋਏ ਚੰਡੀਗੜ੍ਹ ਅਪਣੇ ਪੋਤਰੇ ਗੁਰਸਰਤਾਜ ਨੂੰ ਮਿਲਣਾ ਸੀ। ਇਹ ਸਾਡਾ ਸ਼ਾਦੀ ਦਾ 50 ਵਾਂ ਵਰ੍ਹਾ ਸੀ ਜਿਥੇ ਪਰਿਵਾਰ ਦੇ ਹੋਰ ਜੀ ਵੀ ਇਕੱਠੇ ਹੋ ਰਹੇ ਸਨ। ਇਹ ਸ਼ੁਭ ਦਿਹਾੜੇ ਧਾਰਮਿਕ ਯਾਤਰਾ ਰਾਹੀਂ ਮਨਾਉਣ ਦਾ ਇੱਕ ਉਤਮ ਰਸਤਾ ਵੀ ਸੀ।ਅਸੀਂ 22 ਜੂਨ 2023 ਤਰੀਕ ਸਵਰੇ ਸਵਾ ਛੇ ਵਜੇ ਲੁਧਿਆਣੇ ਤੋਂ ਅਪਣੀ ਕਾਰ ਰਾਹੀਂ ਰਵਾਨਾ ਹੋਏ। 22 ਜੂਨ ਅਸੀਂ ਨਾਡਾ ਸਾਹਿਬ ਰਹਿਣਾ ਸੀ ਜਿਸ ਲਈ ਪਹਿਲਾਂ ਹੀ ਪ੍ਰਬੰਧਕਾਂ ਨਾਲ ਪੱਕਾ ਕਰ ਲਿਆ ਸੀ। ਹੈ।ਅਸੀਂ ਤਕਰੀਬਨ 8 ਕੁ ਵਜੇ ਸਵੇਰੇ ਨਾਭਾ ਸਾਹਿਬ ਪਹੁੰਚ ਗਏ।ਗੁਰਦੁਆਰਾ ਨਾਭਾ ਸਾਹਿਬ ਦਾ ਬੋਰਡ ਰਾਜਪੁਰਾ-ਜ਼ਿਰਕਪੁਰ ਰੋਡ ਤੋਂ ਹੀ ਨਜ਼ਰ ਆ ਰਿਹਾ ਸੀ।ਸ਼ਾਨਦਾਰ ਗੁਰਦਵਾਰਾ ਸ਼੍ਰੀ ਨਾਭਾ ਸਾਹਿਬ ਐਸ.ਏ.ਐਸ.ਨਗਰ ਜਿਲ੍ਹੇ ਵਿੱਚ ਜ਼ੀਰਕਪੁਰ ਪਟਿਆਲਾ ਮੁੱਖ ਸੜਕ ਤੇ ਲਗਭਗ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਜੋ ਪਿੰਡ ਨਾਭਾ ਤੋਂ ਪੱਛਮ ਵੱਲ ਇੱਕ ਕਿਲੋਮੀਟਰ ਦੀ ਦੂਰੀ ਤੇ ਹੈ। ਸਾਨੂੰ ਬੜੀ ਹੈਰਾਨੀ ਹੋਈ ਕਿ ਜਦੋਂ ਅਸੀਂ ਦਸ ਕੁ ਸਾਲ ਪਹਿਲਾਂ ਏਥੇ ਆਏ ਸਾਂ ਆਲੇ ਦੁਆਲੇ ਕੋਈ ਆਬਾਦੀ ਨਹੀਂ ਸੀ ਪਰ ਹੁਣ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਬਹੁ-ਮੰਜ਼ਿਲੇ ਮਕਾਨਾਂ ਦਾ ਇੱਕ ਬਹੁਤ ਵੱਡਾ ਜਮਘਟਾ ਸੀ। ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰਾ ਭਵਨ ਕਲਾ ਦਾ ਸ਼ਾਨਦਾਰ ਨਮੂਨਾ ਸੀ।

1688265552563.png


ਆਸੇ ਪਾਸੇ ਵਿਸ਼ਾਲ ਬਹੁਮੰਜ਼ਿਲੇ ਭਵਨਾਂ ਦੇ ਜਮਘਟੇ ਵਿੱਚ ਉੱਚਾ ਨਿਸ਼ਾਨ ਸਾਹਿਬ ਸ਼ਾਨਾਂ ਨਾਲ ਫਹਿਰਾ ਰਿਹਾ ਸੀ। ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਬਾਰੇ ਲੱਗਿਆ ਵਿਸ਼ਾਲ ਬੋਰਡ ਪੜ੍ਹਣ ਲੱਗੇ ਜਿਸ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ਼ਾਮਿਲ ਸੀ।

1688265590234.png


ਇਥੋਂ ਦੇ ਇਤਿਹਾਸ ਦੀ ਗਾਥੀ ਬੜੀ ਨਿਰਾਲੀ ਹੈ ਜੋ ਸਿੱਖ ਇਤਿਹਾਸ ਦੀ ਕੜੀ ਦਾ ਅਨਿਖੜਵਾਂ ਅੰਗ ਹੈ।ਇਸ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਦੀ ਮਹਾਨ ਗਾਥਾ ਜੁੜਦੀ ਹੈ ।ਪੰਡਿਤ ਕ੍ਰਿਪਾ ਰਾਮ ਦੱਤ ਨੇ ਲਗਭਗ 500 ਕਸ਼ਮੀਰੀ ਪੰਡਤਾਂ ਦੇ ਨਾਲ (25 ਮਈ 1675 ਨੂੰ) ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਜ਼ੁਲਮ ਦੇ ਸਾਮ੍ਹਣੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਧਰਮ (ਹਿੰਦੂ ਧਰਮ) ਨੂੰ ਬਚਾਉਣ ਲਈ ਬੇਨਤੀ ਕੀਤੀ। ਨਤੀਜੇ ਵਜੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜ਼ੰਜੀਰਾਂ ਵਿੱਚ ਪਾ ਦਿੱਤਾ ਗਿਆ ਅਤੇ ਹੁਕਮ ਦਿੱਤਾ ਗਿਆ ਕਿ ਜਦੋਂ ਤੱਕ ਉਹ ਇਸਲਾਮ ਕਬੂਲ ਨਹੀਂ ਕਰ ਲੈਂਦੇ ਤਦ ਤੱਕ ਤਸੀਹੇ ਦਿੱਤੇ ਜਾਣ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਆਪ ਨੂੰ ਅਤਿਆਚਾਰ ਤੋਂ ਬਚਾਉਣ ਲਈ ਆਪਣਾ ਵਿਸ਼ਵਾਸ ਛੱਡਣ ਲਈ ਪ੍ਰੇਰਿਆ ਨਹੀਂ ਜਾ ਸਕਿਆ, ਤਾਂ ਉਹਨਾਂ ਨੂੰ ਆਪਣੀ ਬ੍ਰਹਮਤਾ ਨੂੰ ਸਾਬਤ ਕਰਨ ਲਈ ਚਮਤਕਾਰ ਕਰਨ ਲਈ ਕਿਹਾ ਗਿਆ।

ਅਜਿਹਾ ਕਰਨ ਤੋਂ ਇਨਕਾਰ ਕਰਦਿਆਂ, 24 ਨਵੰਬਰ 1675 ਨੂੰ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ਤੇ 'ਭਾਰਤ ਦੀ ਢਾਲ' ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਮੁਗਲ ਭਾਰਤ ਵਿੱਚ ਗੈਰ-ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ।

ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਤਾਂ ਕਿਸੇ ਨੇ ਵੀ ਗੁਰੂ ਸਾਹਿਬ ਦਾ ਪਾਵਨ ਸੀਸ ਅਤੇ ਉਨ੍ਹਾਂ ਦੇ ਸਰੀਰ ਨੂੰ ਚੁੱਕਣ ਦੀ ਹਿੰਮਤ ਨਹੀਂ ਕੀਤੀ। ਪਰ ਅਕਾਲ ਪੁਰਖ ਦੀ ਇੱਛਾ ਨਾਲ, ਸ਼ਹਿਰ ਵਿੱਚ ਭਿਆਨਕ ਹਨੇਰੀ ਆ ਗਈ। ਭਾਈ ਜੈਤਾ ਜੀ ਗੁਰੂ ਸਾਹਿਬ ਦੇ ਪਾਵਨ ਸੀਸ ਨਾਲ ਹਨੇਰੇ ਦੀ ਚਾਦਰ ਹੇਠ ਨਿਕਲਣ ਵਿੱਚ ਕਾਮਯਾਬ ਹੋ ਗਏ। ਜਨਤਕ ਸਸਕਾਰ ਖਤਰਨਾਕ ਹੋਣ ਕਰਕੇ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਸਰੀਰ ਦਾ ਸਸਕਾਰ ਕੀਤਾ । ਜਦੋਂ ਦਿੱਲੀ ਤੋਂ ਚਲਦੇ ਚਲਦੇ 12 ਮੱਘਰ 1732 ਬਿਕ੍ਰਮੀ (1675 ਈ: ) ਭਾਈ ਜੈਤਾ ਜੀ ਪਿੰਡ ਨਾਭਾ ਪਹੁੰਚੇ ਤਾਂ ਉਨ੍ਹੀਂ ਦਿਨੀਂ ਇੱਥੇ ਡੂੰਘਾ ਜੰਗਲ ਸੀ ਤੇ ਇਹ ਸਾਰਾ ਇਲਾਕਾ ਮੁਸਲਮਾਨਾਂ ਦਾ ਸੀ। ਆਰਾਮ ਕਰਨ ਲਈ ਜਗ੍ਹਾ ਲੱਭਦਿਆਂ ਭਾਈ ਸਾਹਿਬ ਨੇ ਇੱਕ ਕੁਟੀਆ ਦੇਖੀ ਜੋ ਮੁਸਲਮਾਨ ਦਰਗਾਹੀ ਸ਼ਾਹ ਫਕੀਰ ਦੀ ਸੀ ਜੋ ਗੁਰੂ ਘਰ ਦਾ ਸ਼ਰਧਾਲੂ ਸੀ। ਉਸ ਨੇ ਭਾਈ ਸਾਹਿਬ ਜੀ ਨੂੰ ਇਸ ਸਥਾਨ 'ਤੇ ਆਉਣ ਦਾ ਕਾਰਨ ਪੁੱਛਿਆ। ਭਾਈ ਸਾਹਿਬ ਨੇ ਫਕੀਰ ਨੂੰ ਸਾਰੀ ਕਹਾਣੀ ਦੱਸੀ ਜੋ ਦਿੱਲੀ ਵਿਚ ਵਾਪਰੀ ਸੀ ਅਤੇ ਉਹ ਸ੍ਰੀ ਅਨੰਦਪੁਰ ਸਾਹਿਬ ਜਾ ਰਿਹਾ ਸੀ।

1688265625672.png

ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੋਂ ਦਾਖਲ ਹੋਣ ਤੋਂ ਪਹਿਲਾਂ ਹੀ ਖੱਬੇ ਪਾਸੇ ਉਸ ਮੁਸਲਮਾਨ ਫਕੀਰ ਦੀ ਕਬਰ ਨਜ਼ਰ ਆਈ ਜਿਸ ਕੋਲ ਭਾਈ ਜੈਤਾ ਗੁਰੂ ਤੇਗ ਬਹਾਦੁਰ ਸਾਹਿਬ ਦਾ ਸੀਸ ਦਿੱਲੀ ਤੋਂ ਲਿਆਂਦੇ ਵਕਤ ਠਹਿਰਿਆ ਸੀ ਤੇ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੀ ਰਾਤ ਭਰ ਜਾਗ ਕੇ ਰਾਖੀ ਕੀਤੀ ਸੀ।

ਫਕੀਰ ਨੇ ਗੁਰੂ ਜੀ ਦੇ ਸੀਸ ਅੱਗੇ ਭਰੇ ਨੈਣਾਂ ਨਾਲ ਅਪਣਾ ਸਿਰ ਝੁਕਾਇਆ ਤੇ ਭਾਈ ਸਾਹਿਬ ਨੂੰ ਕਿਹਾ, " ਤੁਸੀਂ ਬਹੁਤ ਪੈਂਡਾ ਮਾਰ ਕੇ ਆਏ ਹੋ ਅਤੇ ਅਜੇ ਕਾਫੀ ਪੈਂਡਾ ਹੋਰ ਅੱਗੇ ਜਾਣਾ ਹੈ ਇਸ ਲਈ ਨਹਾ ਧੋ ਕੇ ਖਾਣਾ ਖਾ ਕੇ ਆਰਾਮ ਕਰ ਲਵੋ। ਸਰੀਰ ਦੀ ਰਾਖੀ ਦੀ ਜ਼ਿਮੇਵਾਰੀ ਮੇਰੀ ਰਹੀ।" ਉਹਨਾਂ ਨੇ ਗੁਰੂ ਸਾਹਿਬ ਦਾ ਪਾਵਨ ਸੀਸ ਇੱਕ ਥੜਾ ਬਣਾ ਕੇ ਸਾਫ ਥਾਂ ਟਿਕਾਇਆ ਤੇ ਸਾਰੀ ਰਾਤ ਫਕੀਰ ਰੱਬੀ ਰੰਗਾਂ ਵਿੱਚ ਰੱਤਿਆ ਸਾਹਮਣੇ ਬੈਠੇ ਰਾਖੀ ਕਰਦਾ iਰਹਾ ਤੇ ਭਾਈ ਜੈਤਾ ਜੀ ਨੂੰ ਰਾਤ ਨੂੰ ਆਰਾਮ ਕਰਨ ਲਈ ਕਿਹਾ ਤਾਂ ਕਿ ਉਹ ਅਗਲੇ ਦਿਨ ਤਾਜ਼ਾ ਹੋ ਕੇ ਅਗਲੀ ਮੰਜ਼ਿਲ ਤੇ ਜਾ ਸਕਣ। ਸਵੇਰੇ ਭਾਈ ਸਾਹਿਬ ਜੀ ਤਿਆਰ ਹੋ ਗਏ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ। ਰਵਾਨਾ ਹੋਣ ਤੋਂ ਪਹਿਲਾਂ ਫਕੀਰ ਨੇ ਭਾਈ ਸਾਹਿਬ ਨੂੰ ਪੁੱਛਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਇੱਛਾ ਰੱਖਦਾ ਹੈ, ਪਰ ਉਹ 240 ਸਾਲ ਦੀ ਉਮਰ ਦੇ ਹੋਣ ਕਾਰਨ ਤੁਰ ਨਹੀਂ ਸਕਦਾ, ਇਸ ਲਈ ਗੁਰੂ ਸਾਹਿਬ ਅਗੇ ਮੇਰੀ ਬੇਨਤੀ ਪਹੁੰਚਾ ਦੇਣੀ ਕਿ ਉਹ ਆਪ ਆ ਕੇ ਉਨ੍ਹਾਂ ਦੀ ਸੇਵਾ ਦੀ ਇੱਛਾ ਪੂਰੀ ਕਰਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ "ਰੰਗਰੇਟਾ ਗੁਰੂ ਕਾ ਬੇਟਾ" ਬਖਸ਼ਿਸ਼ ਕੀਤੀ। ਭਾਈ ਸਾਹਿਬ ਨੇ ਫਕੀਰ ਦਾ ਸੰਦੇਸ਼ ਵੀ ਗੁਰੂ ਸਾਹਿਬ ਤੱਕ ਪਹੁੰਚਾਇਆ ਅਤੇ ਉਨ੍ਹਾਂ ਵੱਲੋਂ ਕੀਤੇ ਉਪਕਾਰ ਨੂੰ ਵੀ ਦੱਸਿਆ। ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਜਦੋਂ ਵੀ ਉਹ ਉਸ ਅਸਥਾਨ ਦੇ ਨੇੜੇ ਜਾਣ ਤਾਂ ਉਨ੍ਹਾਂ ਨੂੰ ਯਾਦ ਕਰਾਉਣ।

ਬਾਅਦ ਵਿੱਚ ਸੰਨ 1698 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਲੜਾਈ ਜਿੱਤ ਕੇ ਵਾਪਸ ਆ ਰਹੇ ਸਨ ਤਾਂ ਉਹ ਉਸ ਸਥਾਨ 'ਤੇ ਰੁਕੇ ਜਿੱਥੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਪਿੰਡ ਢਕੋਲੀ, ਜ਼ੀਰਕਪੁਰ ਵਿੱਚ ਸਥਿਤ ਹੈ। ਭਾਈ ਜੈਤਾ ਜੀ ਨੇ ਗੁਰੂ ਸਾਹਿਬ ਨੂੰ ਫਕੀਰ ਬਾਰੇ ਯਾਦ ਕਰਵਾਇਆ। ਗੁਰੂ ਸਾਹਿਬ ਢਕੋਲੀ ਤੋਂ ਨੰਗੇ ਪੈਰੀਂ ਇਸ ਅਸਥਾਨ 'ਤੇ ਆਏ ਅਤੇ ਫਕੀਰ ਨੂੰ ਮਿਲੇ ਅਤੇ ਉਸਦੀ ਇੱਛਾ ਪੁੱਛੀ। ਫਕੀਰ ਨੇ ਗੁਰੂ ਸਾਹਿਬ ਨੂੰ ਉਸ ਨੂੰ ਮੁਕਤੀ ਦਿਵਾਉਣ ਲਈ ਕਿਹਾ। ਗੁਰੂ ਸਾਹਿਬ ਨੇ ਫਕੀਰ ਨੂੰ ਹੋਰ 40 ਦਿਨ ਰੱਬ ਦੀ ਭਗਤੀ ਕਰਨ ਲਈ ਕਿਹਾ ਜਿਸ ਪਿੱਛੋਂ ਉਹ ਸੱਚਖੰਡ ਵਾਸੀ ਹੋਵੇਗਾ। ਗੁਰੂ ਸਾਹਿਬ ਨੇ ਉਸ ਅਸਥਾਨ ਦੇ ਵੀ ਦਰਸ਼ਨ ਕੀਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਰੱਖਿਆ ਗਿਆ ਸੀ ਅਤੇ ਉੱਥੇ ਸੀਸ ਝੁਕਾਇਆ ਸੀ। 21-22 ਅੱਸੂ (ਸਤੰਬਰ) 1745 ਬਿਕ੍ਰਮੀ ਨੂੰ ਗੁਰੂ ਜੀ ਏਥੇ ਰਹੇ ਅਤੇ ਏਥੋਂ ਹੀ ਲਬੇ ਅਤੇ ਚਪੜਚਿੜੀ ਵੀ ਗਏ। (ਧੰਨਾ ਸਿੰਘ ਚਹਿਲ)

ਦਰਗਾਹੀ ਸ਼ਾਹ ਫਕੀਰ ਦੀ ਮਜ਼ਾਰ ਉਤੇ ਅਪਣੇ ਸ਼ਰਧਾ ਦੇ ਫੁੱਲ ਭੇਟ ਕਰਕੇ ਅਸੀਂ ਮੁੱਖ ਦੁਆਰ ਰਾਹੀਂ ਗੁਰਦੁਆਰਾ ਨੌਵੀਂ ੳਤੇ ਦਸਵੀ ਪਾਤਸ਼ਾਹੀ ਦੇ ਦਰਸ਼ਨਾਂ ਲਈ ਅੱਗੇ ਵਧੇ।
1688265663046.png


1688265869519.png


ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੂਜਾ-ਪਾਠ ਵੀ ਕੀਤਾ। ਹੁਣ ਇਸ ਗੁਰਦੁਆਰਾ ਸਾਹਿਬ ਵਿੱਚ ਪਾਠ ਲਗਾਤਾਰ ਹੁੰਦਾ ਰਹਿੰਦਾ ਹੈ ਤੇ ਲੰਗਰ ਵੀ ਸਦਾਬਰਤ ਹੈ। ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਸਰੋਵਰ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ।​

ਸਰਹਿੰਦ 'ਤੇ ਹਮਲੇ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਅਤੇ ਫਕੀਰ ਦਰਗਾਹੀ ਸ਼ਾਹ ਨੂੰ ਸ਼ਰਧਾਂਜਲੀ ਦੇਣ ਲਈ 1709 ਵਿਚ ਬਾਬਾ ਬੰਦਾ ਸਿੰਘ ਬਹਾਦਰ ਵੀ ਇੱਥੇ ਰੁਕੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੋਂ ਵਜ਼ੀਰ ਖਾਨ ਸੂਬਾ-ਏ-ਸਰਹਿੰਦ ਨੂੰ ਚੇਤਾਵਨੀ ਪੱਤਰ ਲਿਖਿਆ।

ਹਰ ਸਾਲ 21-22 ਅੱਸੂ (ਸਤੰਬਰ) ਨੂੰ ਇੱਥੇ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਫਕੀਰ ਦਰਗਾਹੀ ਸ਼ਾਹ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਜੋੜ ਮੇਲਾ ਲੱਗਦਾ ਹੈ। ਗੁਰਦੁਆਰੇ ਦੇ ਨਾਮ 70 ਵਿੱਘੇ ਜ਼ਮੀਨ ਹੈ ਤੇ 5-6 ਅੰਬਾਂ ਦੇ ਦਰਖਤ ਵੀ ਹਨ।ਗੁਰਦੁਆਰਾ ਸਾਹਿਬ ਨੂੰ ਪਹਿਲਾਂ 25 ਰੁਪਏ ਸਾਲਾਨਾ ਜਗੀਰ ਪਟਿਆਲਾ ਰਿਆਸਤ ਵਲੋਂ ਮਿਲਦੀ ਸੀ ਜੋ ਬਾਦ ਵਿੱਚ ਬੰਦ ਹੋ ਗਈ।ਏਥੋਂ ਉੱਤਰ ਵਲ 1 ਮੀਲ ਪਿੰਡ ਦਿਆਲਪੁਰ ਸੋਢੀਆਂ ਹੈ ਜਿੱਥੇ ਸਤਵੀਂ ਅਤੇ ਨੌਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ ਜੋ ਸੋਢੀਆਂ ਦੇ ਕਬਜ਼ੇ ਵਿੱਚ ਹੈ। (ਧੰਨਾ ਸਿੰਘ ਚਹਿਲ, 189)
 

❤️ CLICK HERE TO JOIN SPN MOBILE PLATFORM

Top