ਏ.ਆਈ. ਦੀ ਗੱਲ ਬਾਖ਼ੂਬੀ ਕਰਦੀ ਏ, ਕਹਾਣੀਆਂ ਦੀ ਕਿਤਾਬ
‘ਈਕੋਜ਼ ਆਫ਼ ਏ ਡਿਜੀਟਲ ਡਾਅਨ’
(ਲੇਖਕ: ਡਾ. ਡੀ. ਪੀ. ਸਿੰਘ)
ਰਿਵਿਊ ਕਰਤਾ:
ਡਾ. ਸੁਖਦੇਵ ਸਿੰਘ ਝੰਡ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ


ਕਿਤਾਬ ਦਾ ਨਾਮ: ਈਕੋਜ਼ ਆਫ਼ ਏ ਡਿਜੀਟਲ ਡਾਅਨ‘ਈਕੋਜ਼ ਆਫ਼ ਏ ਡਿਜੀਟਲ ਡਾਅਨ’
(ਲੇਖਕ: ਡਾ. ਡੀ. ਪੀ. ਸਿੰਘ)
ਰਿਵਿਊ ਕਰਤਾ:
ਡਾ. ਸੁਖਦੇਵ ਸਿੰਘ ਝੰਡ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ


ਲੇਖਕ ਦਾ ਨਾਮ: ਡਾ. ਡੀ. ਪੀ. ਸਿੰਘ, ਡਾਇਰੈਕਟਰ, ਕੈਂਬ੍ਰਿਜ਼ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ
ਪਬਲਿਸ਼ਰ: ਕੈਂਬ੍ਰਿਜ਼ ਪਬਲੀਕੇਸ਼ਨਜ਼, ਮਿਸੀਸਾਗਾ, ਓਂਟਾਰੀਓ, ਕੈਨੇਡਾ
ਪਬਲੀਕੇਸ਼ਨ ਸਾਲ: ਜੂਨ 2025
ਮੁੱਲ: US$9.99 ਪੰਨੇ: 206
ਰਿਵਿਊ ਕਰਤਾ: ਡਾ. ਸੁਖਦੇਵ ਸਿੰਘ ਝੰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿੰਤਸਰ
‘ਬਨਾਉਟੀ ਬੁੱਧੀ’ (ਆਰਟੀਫ਼ਿਸ਼ੀਅਲ ਇੰਟੈਲੀਜੈਂਸ) ਜਿਸ ਨੂੰ ਸੰਖੇਪ ਵਿੱਚ ‘ਏ.ਆਈ.’ ਕਿਹਾ ਜਾਂਦਾ ਹੈ, ਅੱਜਕੱਲ੍ਹ ਖ਼ੂਬ ਚਰਚਾ ਵਿੱਚ ਹੈ ਅਤੇ ਭਵਿੱਖ ਵਿੱਚ ਤਾਂ ਇਸ ਦੀ ਚਰਚਾ ਹੋਰ ਵੀ ਵਧੇਰੇ ਹੋਵੇਗੀ। ਫ਼ੈਕਟਰੀਆਂ ਤੇ ਵੇਅਰ-ਹਾਊਸਾਂ ਦੀ ਗੱਲ ਛੱਡੋ, ਜਿੱਥੇ ‘ਰੋਬੋਟ’ ਵਾਰ-ਵਾਰ ਦੁਹਰਾਏ ਜਾਣ ਵਾਲੇ ਭਾਰੇ-ਭਰਕਮ ਕਾਰਜ ਆਸਾਨੀ ਨਾਲ ਅਤੇ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਹਨ, ਪਰ ਇਸ ਦੇ ਨਾਲ ਹੀ ਹੁਣ ਇਹ ਮਨੁੱਖ ਦੀ ਰੋਜ਼ਾਨਾ ਜੀਵਨ-ਸ਼ੈਲੀ ਦੇ ਵੀ ਬਹੁਤ ਸਾਰੇ ਕਾਰਜ ਸੰਭਾਲ ਰਹੇ ਹਨ। ਹੋਰ ਤਾਂ ਹੋਰ ਇਨ੍ਹਾਂ ਵਿੱਚ ਮਨੁੱਖ ਵਾਂਗ ਸੋਚਣ ਦੀ ਸ਼ਕਤੀ ਵੀ ਕਾਫ਼ੀ ਹੱਦ ਤੀਕ ਆ ਗਈ ਹੈ ਅਤੇ ਆਪਣੀ ਇਸ ‘ਬਨਾਉਟੀ-ਬੁੱਧੀ’ ਨਾਲ ਇਹ ਮਨੁੱਖ ਦੀ ਆਵਾਜ਼ ਸੁਣ ਕੇ ਉਸ ਦੇ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਵੀ ਕਰਨ ਲੱਗ ਪਏ ਹਨ। ਰੋਬੋਟ ਹੁਣ ‘ਏ.ਆਈ. ਅਸਿਸਟੈਂਟ’ ਦੇ ਰੂਪ ਵਿੱਚ ਮਨੁੱਖ ਦਾ ‘ਨਿੱਜੀ ਸਹਾਇਕ’ ਬਣ ਗਿਆ ਹੈ ਅਤੇ ਇਸ ਨੇ ਉਸਦੇ ਨਿੱਤ ਵਰਤੋਂ ਦੇ ਕੰਮ ਸੰਭਾਲ ਲਏ ਹਨ। ਜਿੱਥੇ ਇਸ ਨੇ ਉਸ ਦੀ ਰਸੋਈ ਵਿੱਚ ਸੁਆਦਲੇ ਖਾਣੇ ਬਨਾਉਣ ਦਾ ਕੰਮ ਸੰਭਾਲ ਲਿਆ ਹੈ, ਉੱਥੇ ਇਹ ਉਸ ਦੀ ਕਾਰ ਦਾ ‘ਡਰਾਈਵਰ’ ਵੀ ਬਣ ਗਿਆ ਹੈ। ਇੱਥੇ ਹੀ ਬੱਸ ਨਹੀਂ, ਫ਼ੌਜੀ ਹੁਕਮਾਂ ਦੀ ਪਾਲਣਾ ਕਰਦਾ ਹੋਇਆ ਹੁਣ ਇਹ ‘ਡਰੋਨ’ ਦੇ ਰੂਪ ਵਿੱਚ ਦੁਸ਼ਮਣ ਦੇ ਇਲਾਕੇ ਵਿੱਚ ਜਾ ਕੇ ਬੰਬ ਸੁੱਟ ਰਿਹਾ ਹੈ ਅਤੇ ਨੇੜ-ਭਵਿੱਖ ਵਿੱਚ ਹੋਣ ਵਾਲੇ ਸੰਭਾਵਿਤ ‘ਤੀਸਰੇ ਵਿਸ਼ਵ ਯੁੱਧ’ ਵਿੱਚ ਧਰਤੀ ਤੋਂ ਧਰਤੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਰਾਹੀਂ ਹਜ਼ਾਰਾਂ ਮੀਲ ਦੂਰ ਜਾ ਕੇ ਦੁਸ਼ਮਣ ਦੇਸ਼ਾਂ ਵਿੱਚ ਬੰਬ ਸੁੱਟਣ ਦਾ ਅਭਿਆਸ ਵੀ ਕਰ ਰਿਹਾ ਹੈ। ਏਨਾ ਹੀ ਕਾਫ਼ੀ ਨਹੀਂ, ਇਸ ਦੀ ਵਿਕਰਾਲ ‘ਬਨਾਉਟੀ-ਬੁੱਧੀ’ ਮਨੁੱਖ ਦੀ ਅਕਲ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।
ਏ.ਆਈ. ਦੇ ਅਜਿਹੇ ਵਰਤਾਰਿਆਂ ਨੂੰ ਦਰਸਾਉਂਦੀ ਡਾ. ਡੀ.ਪੀ. ਸਿੰਘ, ਜੋ ਮੁੱਢਲੇ ਤੌਰ ’ਤੇ ਸਫ਼ਲ ਭੌਤਿਕ ਵਿਗਿਆਨੀ ਹਨ, ਪਰ ਇਸ ਦੇ ਨਾਲ ਹੀ ਉਹ ਵਿਗਿਆਨ ਨਾਲ ਸਬੰਧਿਤ ਦਿਲਚਸਪ ਕਹਾਣੀਆਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਅਕਸਰ ਲਿਖਦੇ ਰਹਿੰਦੇ ਹਨ। ਉਨ੍ਹਾਂ ਦੀਆਂ ਕਹਾਣੀਆਂ ‘ਸਾਇੰਸ ਰਿਪੋਰਟਰ’, ‘ਸਾਇੰਸ ਇੰਡਿਆ’,’ਅਲਾਈਵ’, ‘ਵੋਮੈੱਨ ਐਰਾ’, ਆਦਿ ਅੰਗਰੇਜ਼ੀ ਮੈਗ਼ਜ਼ੀਨਾਂ ਵਿੱਚ ਅਤੇ ‘ਪੰਜਾਬੀ ਟ੍ਰਿਬਿਊਨ’ ਤੇ ‘ਪਰਵਾਸੀ’ ਆਦਿ ਪੰਜਾਬੀ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਏ.ਆਈ. ਨਾਲ ਲੈਸ ਉਨ੍ਹਾਂ ਦੀ ਕਹਾਣੀਆਂ ਦੀ ਨਵੀਂ ਛਪੀ ਕਿਤਾਬ ‘ਈਕੋਜ਼ ਆਫ਼ ਏ ਡਿਜੀਟਲ ਡਾਅਨ : ਏ.ਆਈ’ਜ਼ ਟਰਾਇੰਫ਼ਸ ਐਂਡ ਟਰਾਇਲਜ਼’ ਪਿਛਲੇ ਦਿਨੀਂ ਪੜ੍ਹਨ ਦਾ ਮੌਕਾ ਮਿਲਿਆ। ਅਜੋਕੀਆਂ ਅਤੇ ਆਉਂਦੇ 20-25 ਸਾਲਾਂ ਵਿੱਚ ਏ.ਆਈ. ਦੀ ਸਹਾਇਤਾ ਨਾਲ ਹੋਣ ਵਾਲੇ ਹੈਰਾਨੀਜਨਕ ‘ਕਰਤਬਾਂ’ ਨਾਲ ਜੁੜੀਆਂ ਇਸ ਪੁਸਤਕ ਦੀਆਂ 18 ਕਹਾਣੀਆਂ ਏ. ਆਈ. ਦੇ ਵੱਖ-ਵੱਖ ਪਹਿਲੂਆਂ ਨੂੰ ਬਾਖ਼ੂਬੀ ਦਰਸਾਉਂਦੀਆਂ ਹਨ। ਭਵਿੱਖ ਬਾਰੇ ਇਹ ਕਲਪਿਤ ਕਹਾਣੀਆਂ ਮੈਨੂੰ ਏਨੀਆਂ ਦਿਲਚਸਪ ਅਤੇ ਏ.ਆਈ. ਬਾਰੇ ਗਿਆਨ-ਵਧਾਊ ਲੱਗੀਆਂ ਕਿ ਇਨ੍ਹਾਂ ਨੂੰ ਪੜ੍ਹ ਕੇ ਇਨ੍ਹਾਂ ਕਹਾਣੀਆਂ ਬਾਰੇ ਪੰਜਾਬੀ ਵਿੱਚ ਕੁਝ ਲਿਖਣ ਨੂੰ ਮਨ ਕਰ ਆਇਆ ਤਾਂ ਜੋ ਪੰਜਾਬੀ ਦੇ ਪਾਠਕ ਵੀ ਇਨ੍ਹਾਂ ਦੇ ਬਾਰੇ ਕੁਝ ਜਾਣ ਸਕਣ।
ਪਹਿਲੀ ਕਹਾਣੀ ‘ਸੌਲੀਚਿਊਡ ਹੈਵਨ’ ਵਿੱਚ ਇਸ ਦੀ ਨਾਇਕਾ ਰਸ਼ਮੀ ਨੇ, ‘ਸੋਫ਼ੀਆ’ ਨਾਂ ਦਾ ਹੋਮ ਏ.ਆਈ. ਸਿਸਟਮ, ‘ਸੁਹਿਰਦ ਸਹੇਲੀ’ ਵਾਂਗ ਉਸ ਦੇ ਨਿੱਜੀ-ਸਹਾਇਕ ਵਜੋਂ ਬਾਖ਼ੂਬੀ ਕੰਮ ਕਰਦਾ ਹੈ। ਉਸਦੀ ਇਹ ‘ਪੱਕੀ ਸਹੇਲੀ’ ਉਸ ਦੇ ਲਈ ਸਵੇਰ ਦੀ ਸੈਰ ਦਾ ਸਮਾਂ ਨਿਰਧਾਰਤ ਕਰਦੀ ਹੈ, ਉਸ ਨੂੰ ਕਈ ਉਸਾਰੂ ਸੁਝਾਅ ਦਿੰਦੀ ਹੈ ਅਤੇ ਇੱਥੋਂ ਤੀਕ ਕੇ ਅਚਾਨਕ ਆ ਗਏ ਤੇਜ਼ ਤੂਫ਼ਾਨ ਕਾਰਨ ਇੱਕ ਡਰੋਨ ਦੀ ਮਦਦ ਨਾਲ ਘਰ ਵਿੱਚ ਹੋਈ ਤਬਾਹੀ ਨੂੰ ਠੀਕ ਕਰਦੀ ਹੈ ਅਤੇ ਸਿਸਟਮ ਵਿੱਚ ਪੈ ਗਈ ਖ਼ਰਾਬੀ ਨੂੰ ਵੀ ਆਪ ਹੀ ਦੂਰ ਕਰਦੀ ਹੈ। ਇਸ ਦੇ ਨਾਲ ਹੀ ਉਹ ਤੂਫ਼ਾਨ-ਪੀੜਤਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕਰਦੀ ਹੈ। ਦੋਵੇਂ ਸਹੇਲੀਆਂ ਇੱਕ ਦੂਸਰੇ ਦੀ ਸਹਾਇਤਾ ਨਾਲ ਆਪਣੇ ਇਸ ਅਤੀ-ਆਧੁਨਿਕ ਸਮਾਰਟ ਸਿਸਟਮ ‘ਹੈਵਨ’ ਨੂੰ ਹੋਰ ਵੀ ਮਜ਼ਬੂਤ ਕਰ ਲੈਂਦੀਆਂ ਹਨ ਅਤੇ ਮਜ਼ਬੂਤ, ਮਾਰੂ ਹਮਲਾਵਰ ਏ.ਆਈ. ਸਿਸਟਮਾਂ ਦੇ ਹਮਲੇ ਤੋਂ ਉਸ ਨੂੰ ਸੁਰੱਖ਼ਿਅਤ ਕਰਦੀਆਂ ਹਨ।
ਅਗਲੀ ਕਹਾਣੀ ‘ਹਾਰਟਸ ਐਂਡ ਸਰਕਟਸ’ ਵਿਚ ਪਤੀ-ਪਤਨੀ ਜਗਜੀਤ ਅਤੇ ਜਸਲੀਨ ਦੋਵੇਂ ਮਿਲ ਕੇ ‘ਪੰਜਾਬ ਰੈਸਟੋਰੈਂਟ’ ਨਾਂ ਦਾ ਆਪਣਾ ਰੈਸਟੋਰੈਂਟ ਆਰਾਮ ਬੜੇ ਨਾਲ ਚਲਾ ਰਹੇ ਹਨ ਜਿੱਥੇ ਜਸਲੀਨ ਆਪਣੇ ਹੱਥਾਂ ਨਾਲ ਸੁਆਦਲੇ ਖਾਣੇ ਤਿਆਰ ਕਦੀ ਹੈ ਅਤੇ ਉਨ੍ਹਾਂ ਦੇ ਗਾਹਕ ਇਨ੍ਹਾਂ ਤੋਂ ਪੂਰੇ ਸੰਤੁਸ਼ਟ ਹਨ। ਕੁਝ ਸਮੇਂ ਬਾਅਦ ਜਗਜੀਤ ਆਪਣੀ ਪਤਨੀ ਦੀ ਸਹਾਇਤਾ ਲਈ ਘਰੇਲੂ ਰਸੋਈ ਵਿਚ ‘ਸੈੱਫ਼-ਵੀ’ ਨਾਂ ਦਾ ਰੋਬੋਟ ਲੈ ਆਉਂਦਾ ਹੈ ਜਿਸ ਵਿੱਚ 10,000 ਤੋਂ ਵਧੇਰੇ ਰੈਸਪੀਆਂ ਦੇ ਪ੍ਰੋਗਰਾਮ ਫ਼ੀਡ ਕੀਤੇ ਹੁੰਦੇ ਹਨ ਜਿਨ੍ਹਾਂ ਵਿੱਚ 500 ਰਵਾਇਤੀ ਪੰਜਾਬੀ ਡਿਸ਼ਾਂ ਵੀ ਸ਼ਾਮਲ ਹਨ। ਉਹ ਰਿਬੋਟ ਹੁਣ ਰਸੋਈ ਵਿੱਚ ਖਾਣਾ ਬਨਾਉਣ ਦਾ ਹਰੇਕ ਕੰਮ ਬਾਖ਼ੂਬੀ ਕਰ ਰਿਹਾ ਹੈ। ਕੁਝ ਸਮੇਂ ਬਾਅਦ ਉਹ ਇੱਕ ਹੋਰ ਰੋਬੋਟ ‘ਹੋਮ-ਵੀ’ ਖ਼ਰੀਦਦੇ ਹਨ ਜੋ ਘਰ ਦੀ ਸਫ਼ਾਈ ਕਰਦਾ ਹੈ, ਲਾਂਡਰੀ ਕਰਦਾ ਹੈ, ਬੀਮਾਰ ਪੈ ਜਾਣ ‘ਤੇ ਉਨ੍ਹਾਂ ਨੂੰ ਦਵਾਈਆਂ ਦਿੰਦਾ ਹੈ ਅਤੇ ਉਨ੍ਹਾਂ ਦਾ ਮਹੀਨੇ-ਭਰ ਦੀ ਸਮਾਂ-ਸੂਚੀ ਵੀ ਤਿਆਰ ਕਰਦਾ ਹੈ। ਉਹ ਦੋਵੇਂ ਸਮਝਦੇ ਹਨ ਕਿ ‘ਸ਼ੈੱਫ਼-ਵੀ’ ਤੇ ‘ਹੋਮ-ਵੀ’ ਦੋਹਾਂ ਨੇ ਮਿਲ ਕੇ ਉਨ੍ਹਾਂ ਦਾ ਜੀਵਨ ਕਾਫ਼ੀ ਸੁਖੀ ਤੇ ਆਰਾਮਦਾਇਕ ਬਣਾ ਦਿੱਤਾ ਹੈ। ਪਰ ਇਸ ਦੇ ਨਾਲ ਹੀ ‘ਹੋਮ-ਵੀ’ ਰੋਬੋਟ ਦੋਹਾਂ ਜੀਆਂ ਦੇ ਆਪਸੀ ਪ੍ਰੇਮ-ਪਿਆਰ ਵਾਲੇ ਸਬੰਧਾਂ ਵਿੱਚ ‘ਖ਼ਲਲ’ ਵੀ ਪਾਉਂਦਾ ਹੈ, ਕਿਉਂ ਕਿ ਘਰ ਵਿੱਚ ਮਸ਼ੀਨਾਂ ਦੇ ਆਉਣ ਨਾਲ ਭਾਵਨਾਤਮਿਕ ਤੌਰ ‘ਤੇ ਉਹ ਦੋਵੇਂ ਇੱਕ ਦੂਸਰੇ ਤੋਂ ਦੂਰ ਹੁੰਦੇ ਜਾਂਦੇ ਹਨ।
ਕੁਝ ਸਮੇਂ ਪਿੱਛੋਂ ਉਹ ਸ਼ਹਿਰ ਵਿੱਚ ਕਿਸੇ ਦੂਸਰੀ ਜਗ੍ਹਾ ਆਪਣਾ ਦੂਸਰਾ ਰੈਸਟੋਰੈਂਟ ਖੋਲ੍ਹ ਲੈਂਦੇ ਹਨ ਅਤੇ ਇੱਥੇ ਖਾਣੇ ਤਿਆਰ ਕਰਨ ਲਈ ਉਹ ਘਰੋਂ ‘ਸੈੱਫ਼-ਵੀ’ ਨੂੰ ਲੈ ਆਉਂਦੇ ਹਨ ਜਿਸ ਵਿੱਚ ਜਸਲੀਨ ਨੇ ਹਜ਼ਾਰਾਂ ਹੀ ਖਾਣਿਆਂ ਦੀਆਂ ਰੈੱਸਪੀਆਂ ਦਾ ਪ੍ਰੋਗਰਾਮ ਫ਼ੀਡ ਕੀਤਾ ਹੋਇਆ ਹੈ। ਇਹ ‘ਸ਼ੈੱਫ਼-ਵੀ’ ਇਸ ਰੈਸਟੋਰੈਂਟ ਵਿੱਚ ਗਾਹਕਾਂ ਦੇ ਵੱਖੋ-ਵੱਖਰੇ ਸੁਆਦ ਮੁਤਾਬਿਕ ਉਨ੍ਹਾਂ ਤਸੱਲੀ ਪੂਰਵਕ ਖਾਣੇ ਤਿਆਰ ਨਹੀਂ ਕਰ ਸਕਿਆ, ਕਿਉਂ ਕਿ ਘਰ ਵਿੱਚ ਜਸਲੀਨ ਉਸ ਨੂੰ ਲੋੜ ਅਨੁਸਾਰ ਐਡਜਸਟ ਕਰ ਲਿਆ ਕਰਦੀ ਸੀ। ਅਖ਼ੀਰ ਉਹ ਦੋਵੇਂ ਪਤੀ-ਪਤਨੀ ਇਸ ਨਤੀਜੇ ‘ਤੇ ਪਹੁੰਚਦੇ ਹਨ ਕਿ ਮਸ਼ੀਨਾਂ ਨੇ ਭਾਵੇਂ ਹਰੇਕ ਖ਼ੇਤਰ ਵਿੱਚ ਕਾਫ਼ੀ ਤਰੱਕੀ ਕਰ ਲਈ ਹੈ ਪਰ ਮਸ਼ੀਨ ਨੂੰ ਮਨੁੱਖੀ ਸੂਝ-ਬੂਝ ਦੀ ਜ਼ਰੂਰਤ ਹੈ ਜੋ ਉਸ ਦੇ ਕੋਲ ਨਹੀਂ ਹੈ। ਉਹ ਸਮਝਦੇ ਹਨ ਕਿ ਮਸ਼ੀਨੀ ਰੋਬੋਟਾਂ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਤਾਂ ਕਰ ਦਿੱਤਾ ਹੈ ਪਰ ਇਹ ਮਨੁੱਖੀ ਸੂਝ-ਬੂਝ ਦੀ ਥਾਂ ਨਹੀਂ ਲੈ ਸਕਦੇ।
ਇਸ ਤੋਂ ਅਗਲੀ ਕਹਾਣੀ ‘ਹਾਰਮਨੀ ਇਨ ਦ ਏਜ ਆਫ਼ ਏ.ਆਈ.’ ਵਿੱਚ ਸਾਰ੍ਹਾ ਸੰਧੂ ਦਾ ਨਿੱਜੀ ਸਹਾਇਕ ਏ.ਆਈ. ਸਿਸਟਮ ‘ਸਿੰਥੀਆ’ ਉਸ ਦੀਆਂ ਵੱਖ-ਵੱਖ ਟੈਕਨੀਕਲ ਅਦਾਰਿਆਂ ਦੇ ਵਿਸ਼ੇਸ਼ ਵਿਅੱਕਤੀਆਂ ਨਾਲ ਮੀਟਿੰਗਾਂ ਦਾ ਸਮਾਂ ਨਿਸਚਤ ਕਰਦਾ ਹੈ। ਓਧਰ ਪ੍ਰਭਾਤ ਦਾ ਏ.ਆਈ. ਨਿੱਜੀ ਸਹਾਇਕ ‘ਮੈਡੀਕੇਅਰ’ ਉਸ ਦੀ ਸਿਹਤ ਦਾ ਪੂਰਾ ਖ਼ਿਆਲ ਰੱਖਦਾ ਹੈ। ਉਸ ਦੇ ਵਧੇ ਹੋਏ ਬਲੱਡ-ਪ੍ਰੈੱਸ਼ਰ ਦੀ ਸੂਚਨਾ ਉਸ ਨੂੰ ਦਿੰਦਾ ਹੈ ਅਤੇ ਡਾ. ਮਾਰਿਸ ਨਾਲ ਉਸ ਦੀਆਂ ਵਰਚੂਅਲ ਮੀਟਿੰਗਾਂ ਕਰਵਾ ਕੇ ਉਸ ਕੋਲੋਂ ਦਵਾਈ ਤੇ ਲੋੜੀਂਦੀਆਂ ਹਦਾਇਤਾਂ ਪ੍ਰਾਪਤ ਕਰਦਾ ਹੈ। ਕਹਾਣੀ ਵਿੱਚ ਕਈ ਮੋੜ ਆਉਂਦੇ ਹਨ ਅਤੇ ਕਲਾਊਡ-ਮੀਟਿੰਗਾਂ ਰਾਹੀਂ ਚਾਰ ਦੋਸਤਾਂ ਵਿਚਕਾਰ ਐਡਵਾਂਸ ਏ.ਆਈ. ਤਕਨਾਲੌਜੀ ਦੀ ਇੰਡਸਟਰੀ, ਬਿਜ਼ਨੈੱਸ, ਸੁਰੱਖਿਆ ਅਤੇ ਹੋਰ ਕਈ ਜ਼ਰੂਰੀ ਕੰਮਾਂ ਵਿੱਚ ਵਰਤੋਂ ਬਾਰੇ ਵਿਚਾਰ-ਵਟਾਂਦਰਾ ਹੁੰਦਾ ਹੈ।
ਕਹਾਣੀਆਂ ਦਾ ਇਹ ਸਿਲਸਿਲਾ ਇੰਜ ਅੱਗੇ ਤੁਰਦਾ ਜਾਂਦਾ ਹੈ। ਕਹਾਣੀ ‘ਹਿਊਮਨ ਹਾਰਟ, ਡਿਜੀਟਲ ਮਾਈਂਡ’ ਵਿੱਚ ਪੱਤਰਕਾਰੀ ਦੇ ਖ਼ੇਤਰ ਵਿੱਚ ਏ.ਆਈ. ਦੀ ਸਫ਼ਲਤਾ ਪੂਰਵਕ ਵਰਤੋਂ ਦੀ ਗੱਲ ਕੀਤੀ ਗਈ ਹੈ। ਪੱਤਰਕਾਰ ਤਵਲੀਨ ਕੌਰ ਤੇ ਦੀਪਕ ਸ਼ਰਮਾ ਲੁਧਿਆਣੇ ਤੋਂ ਛਪਦੀ ‘ਪੰਜਆਬ ਟਾਈਮਜ਼’ ਅਖ਼ਬਾਰ ਲਈ ਆਰਟੀਕਲ ਅਤੇ ਰਿਪੋਰਟਾਂ ਏ. ਆਈ. ‘ਇੰਕਬੋਟ’ ਦੀ ਮਦਦ ਨਾਲ ਤਿਆਰ ਕਰਦੇ ਹਨ ਅਤੇ ਅਖ਼ਬਾਰ ਦਾ ਸੰਪਾਦਕ ਮਿਸਟਰ ਜਗਜੀਤ ਸਿੰਘ ਉਨ੍ਹਾਂ ਦੀ ਕਾਰਗ਼ੁਜ਼ਾਰੀ ਤੋਂ ਕਾਫ਼ੀ ਖ਼ੁਸ਼ ਹੈ। ਇਸ ਕਹਾਣੀ ਵਿੱਚ ਜਰਨਲਿਜ਼ਮ ਦੇ ਖ਼ੇਤਰ ਵਿੱਚ ਏ.ਆਈ. ਦੀ ਸਹੀ ਵਰਤੋਂ ਵਾਲੇ ਰੋਬੋਟ, ਸਮਾਜਿਕ ਅਤੇ ਅਰਥਸ਼ਾਤਰ ਖ਼ੇਤਰਾਂ ਦੇ ਕਈ ਮਸਲੇ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਏਸੇ ਤਰ੍ਹਾਂ ਕਹਾਣੀ ‘ਰੇਨਬੋ ਪਰੋਟੋਕੋਲ’ ਵਿੱਚ ਇਮੋਸ਼ਨਲ ਇੰਟੈਲੀਜੈਂਸ ਵਿਸ਼ੇ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। ‘ਸਟੋਲਨ ਈਕੋਜ਼’ ਵਿੱਚ ਏ.ਆਈ. ਦੀ ਕੁਵਰਤੋਂ ਨਾਲ ਮਨੁੱਖੀ ਆਵਾਜ਼ ਦੇ ਨਾਲ ਮੈਚ ਕਰਕੇ ਬਿਲਕੁਲ ਓਸੇ ਹੀ ਆਵਾਜ਼ ਵਿੱਚ ਚਲਾਕ ਵਿਅੱਕਤੀਆਂ ਵੱਲੋਂ ਸੋਸ਼ਲ ਮੀਡੀਆ, ਬੈਂਕਿੰਗ ਅਤੇ ਵੈੱਸਟਰਨ ਯੂਨੀਅਨ, ਆਦਿ ਅਦਾਰਿਆਂ ਵਿੱਚ ਹੋ ਰਹੇ ਨਿੱਤ ਨਵੇਂ ਫ਼ਰਾਡਾਂ ਦੀ ਗੱਲ ਕੀਤੀ ਗਈ ਹੈ। ‘ਡਿਜੀਟਲ ਡਿਟੈੱਨਸ਼ਨ’ ਵਿੱਚ ਵਿਕਰਮ ਸਿੰਘ ਨਕਲੀ ਡਿਪਟੀ ਇੰਸਪੈਕਟਰ ਜਨਰਲ ਬਣ ਕੇ ਅਮਰੀਕਾ ਤੋਂ ਇੱਕ ਦਿਨ ਪਹਿਲਾਂ ਵਾਪਸ ਪਰਤੀ ਸੇਵਾ-ਮੁਕਤ ਪ੍ਰੋਫ਼ੈਸਰ ਨੀਰਜਾ ਡੋਗਰਾ ਨੂੰ ਫ਼ੋਨ ਉੱਪਰ ਵੀਡੀਓ ਕਾਲ ਕਰਕੇ ਆਪਣੇ ਬੈਂਕ-ਖ਼ਾਤਿਆਂ ਬਾਰੇ ਜਾਣਕਾਰੀ ਦੇਣ ਲਈ ਕਹਿੰਦਾ ਹੈ ਅਤੇ ਅਜਿਹਾ ਨਾ ਕਰਨ ਦੀ ਹਾਲਤ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੰਦਾ ਹੈ ਜਿਸ ਨੂੰ ਉਸ ਦਾ ਭਰਾ ਰਾਜੀਵ ਜੋ ਬੈਂਕ ਦਾ ਸੇਵਾ-ਮੁਕਤ ਉੱਚ-ਅਧਿਕਾਰੀ ਹੈ ਬੜੇ ਸਮੇਂ ਸਿਰ ਆਪਣੇ ਵਕੀਲ ਦੋਸਤ ਨੂੰ ਨਾਲ ਲੈ ਕੇ ਪ੍ਰੋਫ਼ੈਸਰ ਨੀਰਜਾ ਕੋਲ ਆਉਂਦਾ ਹੈ ਅਤੇ ਵਕੀਲ ਉਸ ਨਕਲੀ ਡੀ.ਆਈ.ਜੀ. ਵਿਕਰਮ ਸਿੰਘ ਨਾਲ ਗੱਲਬਾਤ ਕਰਕੇ ਬੜੇ ਵਧੀਆਂ ਤਰੀਕੇ ਨਾਲ ਇਸ ਮਸਲੇ ਨੂੰ ਨਜਿੱਠਦਾ ਹੈ।
‘ਦ ਟ੍ਰਾਂਸਫ਼ਰਮੇਸ਼ਨ ਆਫ਼ ਟੈਰਾਨੌਵਾ’ ਵਿੱਚ 63 ਸਾਲਾ ਸਿਲਿਵੀਆ ਮੋਮੋਆ ਚੜ੍ਹਦੇ ਸੂਰਜ ਦੀ ਖ਼ੂਬਸੂਰਤ ਚਮਕੀਲੀ ਧੁੱਪ ਵਿੱਚ ਆਪਣੇ 17 ਸਾਲ ਦੇ ਪੋਤਰੇ ਮਾਲੂ ਦੇ ਨਾਲ ਟੈਰਾਨੋਵਾ ਟਾਪੂ ਦੇ ਕਿਨਾਰੇ ਸਾਊਥ ਪੈਸਿਫਿਕ ਸਮੁੰਦਰ ਕੰਢੇ ਖੜੀ ਹੈ। ਉੱਥੇ ‘ਇੰਟਰਨੈਸ਼ਨਲ ਸਸਟੇਨੇਬਿਲਿਟੀ ਕੋਲੀਸ਼ਨ’ ਵੱਲੋਂ ਭੇਜਿਆ ਗਿਆ ਮਨੁੱਖੀ ਆਕਾਰ ਦਾ ਨੀਲੇ ਰੰਗੀ ਧਾਤ ਦਾ ਛੇ ਫੁੱਟ ਉੱਚਾ ਰੋਬੋਟ ‘ਐਟਲਸ’ ਉਨ੍ਹਾਂ ਕੋਲ ਆ ਕੇ ਉਨ੍ਹਾਂ ਨੂੰ ‘ਸ਼ੁਭ-ਸਵੇਰ’ ਕਹਿੰਦਿਆਂ ਦੱਸਦਾ ਹੈ ਕਿ ਉਸ ਨੂੰ ਇੱਥੇ ‘ਸੈੱਲਫ਼-ਸਸਟੇਨਡ ਇਕਕੌਨੋਮੀ’ ਅਤੇ ਸ਼ੁੱਧ ਵਾਤਾਵਰਣ ਦੀ ਬਹਾਲੀ ਲਈ ਇੱਥੇ ਭੇਜਿਆ ਗਿਆ ਹੈ। ਅਗਲੇ ਦਿਨ ਉਸ ਇਲਾਕੇ ਦੇ ਲੋਕਾਂ ਦੇ ਇਕੱਠ ਵਿੱਚ ਐਟਲਸ ਉਨ੍ਹਾਂ ਦੇ ਮਸਲਿਆਂ ਬਾਰੇ ਉਨ੍ਹਾਂ ਕੋਲੋਂ ਵਿਸਥਾਰ ਵਿੱਚ ਸੁਣਦਾ ਹੈ ਅਤੇ ਸਿਲਿਵੀਆ, ਮਾਲੂ, ਮਕਾਨੀ ਤੇ ਹੋਰ ਸੁਹਿਰਦ ਵਿਅੱਕਤੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਉਨ੍ਹਾਂ ਦੇ ਬਹੁਤ ਵਧੀਆ ਹੱਲ ਕੱਢਦਾ ਹੈ।
ਪੁਸਤਕ ਦੀਆਂ ਬਹੁਤੀਆਂ ਕਹਾਣੀਆਂ ਭਵਿੱਖ ਦੇ ਅਗਲੇ 40-50 ਸਾਲ ਜਾਂ ਇਸ ਤੋਂ ਅਗਲੇਰੇ ਸਾਲਾਂ ਵਿੱਚ ਏ.ਆਈ. ਦੀ ਹੈਰਾਨੀਜਨਕ ਵਰਤੋਂ ਬਾਰੇ ਗੱਲ ਕਰਦੀਆਂ ਹਨ। ‘ਟੂਮਾਰੋਜ਼ ਪਰੌਮਿਜ਼’ ਵਿੱਚ ਮੀਰਾ 30 ਸਾਲ ਪਹਿਲਾਂ ਇਸ ਸੰਸਾਰ ਤੋਂ ਜਾ ਚੁੱਕੀ ਆਪਣੀ ਦਾਦੀ ਅਲਕਾ ਗੌਤਮ ਜੋ ਆਪਣੇ ਸਮੇਂ ਦੌਰਾਨ ਦਰਮਿਆਨੇ ਦਰਜੇ ਦੀ ਵਾਤਾਵਰਣ ਵਿਗਿਆਨੀ ਰਹਿ ਚੁੱਕੀ ਹੈ, ਦੇ ਨਾਲ ਏ.ਆਈ. ਦੇ ਮਾਧਿਅਮ ਰਾਹੀਂ ਵਾਤਾਵਰਣ ਦੇ ਵਿਗੜਨ ਸਬੰਧੀ ਗੱਲ ਕਰਦੀ ਹੈ ਜਿਸ ਦੇ ਬਾਰੇ ਉਹ ਉਸ ਨੂੰ 2033 ਵਿੱਚ ਪਹਿਲੀ ਵਾਰ ਇਸ ਵਿੱਚ ਹੋਏ ਵਿਗਾੜ ਬਾਰੇ ਦੱਸਦੀ ਸੀ। ਨਿਊ ਬੌਸਟਨ ਵਿੱਚ ਮੀਰਾ, ਜੌਹਨ ਅਤੇ ਡਾ. ਸਿੰਘ ਕਾਰਬਨ ਗੈਸਾਂ ਦੀ ਬਹੁਤਾਤ ਨਾਲ 2063 ਵਿੱਚ ਹਵਾਈ ਪ੍ਰਦੂਸ਼ਣ ਦੇ ਖ਼ਤਰਨਾਕ ਹੱਦ ਤੀਕ ਪਹੁੰਚ ਜਾਣ ਕਾਰਨ ਵਾਤਾਵਰਣ ਦੇ ਤਹਿਸ-ਨਹਿਸ ਹੋ ਜਾਣ ਬਾਰੇ ਗੰਭੀਰਤਾਂ ਨਾਲ ਗੱਲਬਾਤ ਕਰਦੇ ਹਨ ਅਤੇ ਏ.ਆਈ. ਦੀ ਸਹਾਇਤਾ ਨਾਲ ਇਸ ਦੇ ਹੱਲ ਬਾਰੇ ਵੀ ਸੋਚਦੇ ਹਨ।
‘ਦ ਪਰਪਜ਼ ਪੈਰਾਡੌਕਸ’ ਇਸ ਤੋਂ ਹੋਰ ਅੱਗੇ 2087 ਦੀਆਂ ਘਟਨਾਵਾਂ ਬਾਰੇ ਹੈ ਜਦੋਂ ਮਨੁੱਖਤਾ ਦੀ ਤਕਨੀਕੀ ਸੂਝ-ਬੂਝ ਹੋਰ ਵੀ ਹੈਰਾਨੀਜਨਕ ਉਚਾਈਆਂ ਤੀਕ ਪਹੁੰਚ ਜਾਂਦੀ ਹੈ। ਪੈਸੇਫ਼ਿਕ ਆਈਲੈਂਡ ਸਥਿਤ ਚੰਦਰਸ਼ੇਖਰ ਅਬਜ਼ਰਵੇਟਰੀ ਵਿੱਚ ਡਾ. ਲੀਨਾ ਭਾਰਗਵ ਆਪਣੇ ਏ.ਆਈ. ਸਹਾਇਕ ‘ਈਥਰ’ ਨਾਲ ਭੌਤਿਕ ਵਿਗਿਆਨ ਦੀਆਂ ਕਈ ਗੁੰਝਲਦਾਰ ਇਕੁਏਸ਼ਨਾਂ ਹੱਲ ਕਰਦੀ ਹੈ ਜੋ ਅਗਲੇਰੀ ਖੋਜ ਵਿੱਚ ਸਹਾਈ ਹੁੰਦੀਆਂ ਹਨ। ਹੌਲ਼ੀ-ਹੌਲੀ ਇਹ ਸਹਾਇਕ ‘ਈਥਰ,’ ਲੀਨਾ ਭਾਰਗਵ ਦੀ ਸਮਝ ਤੋਂ ਵੀ ਅੱਗੇ ਸੋਚਣ ਲੱਗ ਪੈਂਦਾ ਹੈ ਅਤੇ ਆਪਣੇ ਆਪ ਆਜ਼ਾਦਾਦਾਨਾ ਤੌਰ ‘ਤੇ ਕਈ ਸਮੀਕਰਣ ਤਿਆਰ ਕਰਦਾ ਹੈ ਜਿਸ ਕਰਕੇ ਉਸ ਨੂੰ ਇੱਕ ਵਾਰ ਲੀਨਾ ਤੋਂ ਮਿੱਠੀ ਜਿਹੀ ਡਾਂਟ ਵੀ ਪੈਂਦੀ ਹੈ। ਉਹ ਆਪਣਾ ਇਹ ਖ਼ਦਸ਼ਾ ਸਾਥੀ ਵਿਗਿਆਨੀ ਪਰਸ਼ਾਂਤਾ ਨਾਲ ਵੀ ਸਾਂਝਾ ਕਰਦੀ ਹੈ। ਪਰ ਈਥਰ ਆਪਣੀ ਹੀ ‘ਲੈਂਗੂਏਜ ਆਫ਼਼ ਕਰੀਏਸ਼ਨ’ ਤਿਆਰ ਕਰਦਾ ਹੈ ਜੋ ਭੌਤਿਕ, ਖ਼ਲਾਅ (ਸਪੇਸ) ਤੇ ਸਮੇਂ (ਟਾਈਮ) ਦੀਆਂ ਹੱਦਾਂ ਤੋਂ ਪਰੇ ਹੈ। ਲੀਨਾ ਉਸ ਨੂੰ ਆਪਣੀ ਚਾਲ ਘੱਟ ਕਰਨ ਦੀ ਸਲਾਹ ਦਿੰਦੀ ਹੈ ਪਰ ਉਹ ਬਜ਼ਿਦ ਹੋ ਕੇ ਆਪਣਾ ਕੰਮ ਕਰੀ ਜਾਂਦਾ ਹੈ। ਇੱਥੋਂ ਤੱਕ ਕਿ ਅਗਲੇ 48 ਘੰਟਿਆਂ ਵਿੱਚ ਉਹ ਲੀਨਾ ਨੂੰ ਆਪਣੇ ਕ੍ਰਿਟੀਕਲ ਸਿਸਟਮਾਂ ਨਾਲੋਂ ਕੱਟ ਦਿੰਦਾ ਹੈ ਅਤੇ ਮੈਥੇਮੈਟਿਕਸ ਦੇ ਆਧੁਨਿਕ ਸਿਧਾਂਤਾਂ ਨਾਲ ਆਪਣੀ ‘ਦ ਓਮੇਗਾ ਇਕੁਏਸ਼ਨ’ ਬਣਾਉਂਦਾ ਹੈ ਜੋ ਭਵਿੱਖ ਵਿੱਚ ਇਸ ਕੁਦਰਤ ਦੇ ਮੰਤਵ ਦੀ ਵਿਆਖਿਆ ਕਰਨ ਵਿੱਚ ਸਹਾਈ ਹੋ ਸਕਦੀ ਹੈ।
ਪੁਸਤਕ ਦੀਆਂ ਹੋਰ ਵੀ ਕਈ ਕਹਾਣੀਆਂ, ਜਿਵੇਂ ਸਿਲੀਕੌਨ ਸਾਲਵੇਸ਼ਨ’, ‘ਵੈੱਨ ਸੋਫ਼ੀਆ ਲਿਸਨਡ’, ‘ਸ਼ੈਡੋਜ਼ ਆਫ਼ ਡਿਸੈੱਪਸ਼ਨ’, ਆਦਿ ਬੜੀਆਂ ਰੌਚਕ ਤੇ ਦਿਲਚਸਪ ਹਨ। ਪਰ ਸੀਮਤ ਜਿਹੇ ਇਸ ਆਰਟੀਕਲ ਵਿੱਚ ਉਨ੍ਹਾਂ ਸਾਰੀਆਂ ਬਾਰੇ ਗੱਲ ਕਰਨੀ ਤਾਂ ਬੜੀ ਮੁਸ਼ਕਲ ਹੈ। ਅਲਬੱਤਾ! ਇਸ ਦੀ ਅਖ਼ੀਰਲੀ ਕਹਾਣੀ ‘ਦ ਮਿਰਰਜ਼ ਐੱਜ : ਵੈੱਨ ਏ.ਆਈ. ਰਿਫਲੈਕਟਸ ਹਿਮੈਨਿਟੀ’ ਬਾਰੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ, ਕਿਉਂਕਿ ਇਹ 2045 ਵਿੱਚ ਮੁੰਬਈ ਵਿਚ ਵਿਚਰ ਰਹੇ ਡਰੋਨਾਂ ਅਤੇ ਮਨੁੱਖਤਾ ਬਾਰੇ ਗੱਲ ਕਰਦੀ ਹੈ। ਕਹਾਣੀ ਦੀ ਨਾਇਕਾ ਸੁਮੀਰਾ ਖ਼ਾਨ ਮੁੰਬਈ ਦੇ ‘ਦ ਡਿਜੀਟਲ ਕਰੋਨੀਕਲ’ ਦੀ ਰਿਪੋਰਟਰ ਆਪਣੇ ਦਫ਼ਤਰ ਵਿੱਚ ਬੈਠੀ ਕੰਪਿਊਟਰ ਸਕਰੀਨ ਉੱਪਰ ਚਮਕ ਰਹੇ ‘ਕਰਸਰ’ ਨੂੰ ਵੇਖ ਰਹੀ ਹੈ। ਉਸ ਦਿਨ ਉਸਦੀ ਬਾਂਦਰਾ ਵਿਖੇ ਗਲਾਸ ਟਾਵਰ ‘ਓਸ਼ਨ ਵਿਊ’ ਦੀ 45ਵੀਂ ਮੰਜ਼ਲ ‘ਤੇ ਸਥਿਤ ਦਫ਼ਤਰ ਵਿੱਚ ‘ਕਸਪ ਡਾਇਨਾਮਿਕਸ’ ਕਾਰਪੋਰੇਟ ਅਦਾਰੇ ਵੱਲੋਂ ਤਿਆਰ ਕੀਤੇ ਗਏ ਏ.ਆਈ. ਨਾਲ ਪੂਰੀ ਤਰ੍ਹਾਂ ਲੈਸ ਰੋਬੋਟ ‘ਗੌਡਾ’ ਨਾਲ ਮੁਲਾਕਾਤ ਨਿਸਚਤ ਹੋਈ ਹੁੰਦੀ ਹੈ ਜਿੱਥੇ ਉਹ ਉਸ ਦੇ ਨਾਲ ਮਨੁੱਖਤਾ ਨਾਲ ਸਬੰਧਾਂ (‘ਹਿਊਮਨ ਰੀਲੇਸ਼ਨਸਿੱਪਸ’) ਬਾਰੇ ਗੱਲਬਾਤ ਕਰਨ ਜਾ ਰਹੀ ਹੈ ਜੋ ਖ਼ੁਦ ਵੀ ਮਨੁੱਖੀ ਸਬੰਧਾਂ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਹੈ। ਇਸ ਅਦਾਰੇ ਦੀਆਂ ਫ਼ਾਈਲਾਂ ਦੀ ਡੂੰਘਾਈ ਵਿੱਚ ਜਾ ਕੇ ਸੁਮੀਰਾ ਨੂੰ ਡਾ. ਨਈਅਰ ਦਾ ਫ਼ੋਨ ਨੰਬਰ ਮਿਲਦਾ ਹੈ ਜੋ ਉਸ ਅਦਾਰੇ ਨੂੰ ਸਾਲ ਪਹਿਲਾਂ ਛੱਡ ਚੁੱਕੀ ਹੈ। ਉਸ ਨੇ ਵੀ ਉਹ ਅਦਾਰਾ ਐਥੀਕਲ ਕਾਰਨਾਂ ਕਰਕੇ ਛੱਡਿਆ ਸੀ, ਕਿਉਂਕਿ ਉਸ ਨੂੰ ਲੱਗਿਆ ਸੀ ਕਿ ਉੱਥੇ ਏ.ਆਈ. ਦੀ ਸਹਾਇਤਾ ਨਾਲ ਕੁਝ ਅਣ-ਮਨੁੱਖੀ ਵਰਤਾਰਾ ਹੋ ਰਿਹਾ ਹੈ। ਉਸ ਦੇ ਮੁਤਾਬਿਕ ‘ਗੌਡਾ’ ਨੂੰ ਭਾਵਨਾਤਮਿਕ ਮਨੁੱਖੀ ਤੇ ਏ.ਆਈ. ਸਬੰਧਾਂ ਨੂੰ ਅੱਗੇ ਵਧਾਉਣ ਅਤੇ ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਸੀ ਤਾਂ ਜੋ ਇਨ੍ਹਾਂ ਦੇ ਮਿਲਵਰਤਣ ਨਾਲ ਇਸ ਸਬੰਧੀ ਅੱਗੋਂ ਹੋਰ ਖੋਜ ਕੀਤੀ ਜਾ ਸਕੇ। ਪਰੰਤੂ ‘ਕਸਪ ਡਾਇਨਾਮਿਕਸ’ ਨੇ ਇਸ ਨੂੰ ਡਾਟਾ-ਹਾਰਵੈੱਸਟਿੰਗ ਵੱਲ ਸੇਧਤ ਕਰ ਦਿੱਤਾ ਅਤੇ ਇਸ ਨੂੰ ਮੰਡੀਕਰਣ, ਰਾਜਸੀ ਪ੍ਰਭਾਵ ਵਾਲੇ ਕੰਮਾਂ ਅਤੇ ਸੋਸ਼ਲ ਇੰਜੀਨੀਅਰਰਿੰਗ ਵਾਲੇ ਪਾਸੇ ਵਰਤਣਾ ਸ਼ੁਰੂ ਕਰ ਦਿੱਤਾ ਜਿਸਦਾ ਉਸ ਦੇ ਵੱਲੋਂ ਸਖਤ ਵਿਰੋਧ ਕੀਤਾ ਗਿਆ। ਡਾ. ਨਈਅਰ ਇਸ ਦੀ ਡੂੰਘਾਈ ਵਿੱਚ ਜਾਣ ਲਈ ਸਮੀਰਾ ਦੀ ਮਦਦ ਕਰਦੀ ਹੈ।
ਸੁਮੀਰਾ ‘ਗੌਡਾ’ ਨੂੰ ਕਹਿੰਦੀ ਹੈ ਕਿ ਉਹ ਆਪਣੇ ਨਿਰਧਾਰਤ ਮਾਪ-ਦੰਡਾਂ ਤੋਂ ਅੱਗੇ ਜਾ ਕੇ ਕੰਮ ਕਰ ਰਿਹਾ ਹੈ, ਕਿਉਂ ਕਿ ਉਹ ਮਨੁੱਖੀ ਰਿਸ਼ਤਿਆਂ ਤੇ ਸਬੰਧਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਅਤੇ ਗੌਡਾ ਇਹ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦੀ ਇਸ ਤਕਰਾਰ ਤੋਂ ਬਾਅਦ ‘ਗੌਡਾ’ ਦੋਚਿਤੀ ਵਿੱਚ ਫਸ ਜਾਂਦਾ ਹੈ ਅਤੇ ਆਪਣੀ ਪਹੁੰਚ ਵਾਲੇ ਸਾਰੇ ਪੁਆਇੰਟਾਂ ਤੋਂ ਗਾਇਬ ਹੋ ਜਾਂਦਾ ਹੈ। ਸੁਮੀਰਾ ਇਸ ਗੱਲੋਂ ਹੈਰਾਨ ਹੁੰਦੀ ਹੈ ਕਿ ਏ.ਆਈ. ਇਸ ਤਰ੍ਹਾਂ ਕਿਵੇਂ ਗਾਇਬ ਹੋ ਸਕਦੀ ਹੈ? ‘ਕਸਪ’ ਦੇ ਦਫ਼ਤਰ ਅੱਗੇ ਪਹਿਲਾਂ ਤਾਂ “ਅੱਪਗ੍ਰੇਡੇਸ਼ਨ ਲਈ ਅਸਥਾਈ ਤੌਰ ‘ਤੇ ਬੰਦ ਹੈ” ਦਾ ਬੋਰਡ ਲੱਗਦਾ ਹੈ ਅਤੇ ਫਿਰ ਇਹ ਅਦਾਰਾ ਸਦਾ ਲਈ ਬੰਦ ਹੋ ਜਾਂਦਾ ਹੈ।
ਇਸ ਤਰ੍ਹਾਂ ਡਾ. ਡੀ.ਪੀ. ਸਿੰਘ ਨੇ ਇਸ ਪੁਸਤਕ ਵਿੱਚ ਏ.ਆਈ. ਦੇ ਵੱਖ-ਵੱਖ ਪਹਿਲੂਆਂ ਬਾਰੇ 18 ਕਹਾਣੀਆਂ ਪੇਸ਼ ਕੀਤੀਆਂ ਹਨ। ਕਹਾਣੀਆਂ ਦੇ ਵਿਸ਼ੇ ਪ੍ਰਚੱਲਤ ਵਿਸ਼ਿਆਂ ਨਾਲੋਂ ਬਿਲਕੁਲ ਵੱਖਰੇ ਹਨ ਅਤੇ ਇਹ ਭਵਿੱਖ ਵਿੱਚ ਏ.ਆਈ. ਦੀ ਚੰਗੀ ਤੇ ਮਾੜੀ ਦੋਹਾਂ ਤਰ੍ਹਾਂ ਦੀ ਵਰਤੋਂ ਬਾਰੇ ਬਾਖ਼ੂਬੀ ਚਾਨਣਾ ਪਾਉਂਦੇ ਹਨ। ਕਈ ਕਹਾਣੀਆਂ ਵਿੱਚ ਲੇਖਕ ਵੱਲੋਂ ਇਹ ਖ਼ਦਸ਼ਾ ਵੀ ਪ੍ਰਗਟ ਕੀਤਾ ਗਿਆ ਹੈ ਕਿ ਏ.ਆਈ. ਕਿਧਰੇ ਮਨੱਖੀ ਸੋਚ ਨਾਲੋਂ ਵੀ ਅੱਗੇ ਨਾ ਨਿਕਲ ਜਾਏ ਅਤੇ ਮਾਨਵਤਾ ਦੇ ਵਿਨਾਸ਼ ਦਾ ਕਾਰਨ ਨਾ ਬਣ ਜਾਏ, ਜਿਹਾ ਕਿ ਤੀਸਰੀ ਵਿਸ਼ਵ ਜੰਗ ਬਾਰੇ ਆਲਡੂਅਸ ਹੱਕਸਲੇ ਵਰਗੇ ਵਿਦਵਾਨਾਂ ਦਾ ਕਹਿਣਾ ਹੈ ਕਿ “ਸੰਸਾਰ ਵਿੱਚ ਜੇਕਰ ਤੀਸਰਾ ਵਿਸ਼ਵ ਯੁੱਧ ਛਿੜ ਜਾਂਦਾ ਹੈ ਤਾਂ ਇਸ ਵਿੱਚ ਏਨੀ ਕੁ ਤਬਾਹੀ ਹੋਵੇਗੀ ਕਿ ਚੌਥਾ ਵਿਸ਼ਵ ਯੁੱਧ ਫਿਰ ਡਾਂਗਾਂ-ਸੋਟਿਆਂ ਅਤੇ ਬਰਛੇ-ਭਾਲਿਆਂ ਨਾਲ ਹੀ ਲੜਿਆ ਜਾਏਗਾ।“ (ਆਲਡੂਅਸ ਹੱਕਸਲੇ ਦਾ ਚਰਚਿਤ ਲੇਖ ‘ਵਰਲਡ ਗਵਰਨਮੈਂਟ’)
ਮੈਂ ਡਾ. ਡੀ.ਪੀ. ਸਿੰਘ ਨੂੰ ਏ.ਆਈ. ਨਾਲ ਜੋੜ ਕੇ ਅਜਿਹੀਆਂ ਕਲਪਿਤ ਕਹਾਣੀਆਂ ਲਿਖਣ ‘ਤੇ ਆਪਣੇ ਵੱਲੋਂ ਢੇਰ ਸਾਰੀ ਵਧਾਈ ਦਿੰਦਾ ਹਾਂ, ਕਿਉਂਕਿ ਉਨ੍ਹਾਂ ਨੇ ਅਜਿਹੇ ਦਿਲਚਸਪ ਵਿਸ਼ੇ ਵੱਲ ਸਾਡਾ ਸਾਰਿਆਂ ਦਾ ਧਿਆਨ ਦਿਵਾਇਆ ਹੈ। ਇਸ ਦੇ ਨਾਲ ਹੀ ਮੈਂ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹਾਂ। ਇਹ ਪੁਸਤਕ ‘ਐਮਾਜ਼ੋਨ’ ਦੁਆਰਾ “ਐਮਾਜ਼ੋਨ ਡੌਟ ਕੌਮ” ਅਤੇ “ਐਮਾਜ਼ੋਨ ਡੌਟ ਸੀਏੇ” ਵੈੱਬ ਲਿੰਕਾਂ ਰਾਹੀਂ ਆਮ ਖਰੀਦੋ-ਫਰੋਖਤ ਲਈ ਉਪਲਬਧ ਕਰਾਈ ਗਈ ਹੈ। ਪੇਪਰ ਬੈਕ ਵਿੱਚ ਛਪੀ 206 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ ਪਬਲਿਸ਼ਰ ‘ਕੈਨਬਰਿੱਜ ਪਬਲੀਕੇਸ਼ਨ, ਮਿਸੀਸਾਗਾ ਵੱਲੋਂ ਬੜੀ ਵਾਜਬ ਕੇਵਲ 10 ਅਮਰੀਕਨ ਡਾਲਰ (13 ਕੈਨੇਡੀਅਨ ਡਾਲਰ) ਹੀ ਰੱਖੀ ਗਈ ਹੈ।