ਜੋ ਤੁਧੁ ਭਾਵੈ ਸਾਈ ਭਲੀ ਕਾਰ
ਇਹ ਤਾਂ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ, ਸੁਚੱਜਾ ਜੀਵਨ ਜੀਉਣ ਲਈ ਗਿਆਨ ਦਾ ਸੋਮਾ ਹੈ। ਇਸ ਲਈ ਗੁਰਬਾਣੀ ਦੇ ਹਰ ਸ਼ਬਦ ਤੋਂ ਇਹ ਸਮਝਣਾ ਹੋਵੇਗਾ ਕਿ ਇਸ ਰਾਹੀਂ ਜੀਵਨ ਸੁਧਾਰ ਵਾਸਤੇ ਕੀ ਸੁਨੇਹਾ ਦਿੱਤਾ ਗਿਆ ਹੈ। ਵੇਖਣ ਵਿਚ ਇਹ ਆਇਆ ਹੈ ਕਿ ਗੁਰਬਾਣੀ ਦੀ ਵਿਆਖਿਆ ਕਰਨ ਸਮੇਂ, ਬਹੁਤ ਵਾਰ, ਵਿਦਵਾਨਾਂ ਦੇ ਵਿਚਾਰਾਂ ਵਿਚ ਬਹੁਤ ਵਖਰੇਵਾਂ ਹੁੰਦਾ ਹੈ ਇਸ ਲਈ ਗੁਰਬਣੀ ਨੂੰ ਸਮਝਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸੇ ਕਾਰਨ ਬਹੁਤ ਵਾਰ ਸ਼ਬਦ ਜਾਂ ਕਿਸੇ ਪੰਗਤੀ ਦਾ ਭਾਵ ਅਰਥ ਗੁਰਬਾਣੀ ਦੇ ਉਪਦੇਸ਼ ਦੇ ਅਨੁਕੂਲ ਸਪਸ਼ਟ ਨਹੀਂ ਹੁੰਦਾ।
ਇਸੇ ਅਧਾਰ ’ਤੇ ਗੁਰਬਾਣੀ ਦੀ ਪੰਗਤੀ-“ਜੋ ਤੁਧੁ ਭਾਵੈ ਸਾਈ ਭਲੀ ਕਾਰ” ਜੋ ਜਪੁ ਬਾਣੀ ਦੀ 16 ਤੋਂ 19 ਪੌੜੀ ਦੇ ਅੰਤ ਵਿਚ ਅੰਕਿਤ ਹੈ ਉਸ ਨੂੰ ਸਮਝਾਉਣ ਵਾਸਤੇ ਇਸ ਦੇ ਅਖਰੀਂ ਅਰਥ ਇਸ ਤਰ੍ਹਾਂ ਕਰ ਦਿੱਤੇ ਜਾਂਦੇ ਹਨ: ਐਸੇ ਕਰਮ ਹੀ ਚੰਗੇ ਹੁੰਦੇ ਹਨ ਜੋ ਪਰਮਾਤਮਾ ਨੂੰ ਚੰਗੇ ਲਗਦੇ ਹੋਣ। ਇਸ ਦੇ ਇਲਾਵਾ ਕੁਝ ਵਿਦਵਾਨਾਂ ਨੇ ਆਪਣੀ ਸਮਝ ਅਨੁਸਾਰ ਇਸ ਦੇ ਅਰਥ ਇਸ ਤਰ੍ਹਾਂ ਵੀ ਕੀਤੇ ਹਨ:
ਸ੍ਰ: ਮਨਮੋਹਨ ਸਿੰਘ ਜੀ ਇਸ ਦੇ ਅਰਥ ਇਸ ਤਰ੍ਹਾਂ ਕਰਦੇ ਹਨ: “ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ”।
ਪ੍ਰੌ: ਸਾਹਿਬ ਸਿੰਘ ਜੀ ਇਸ ਦੇ ਅਰਥ ਇਸ ਤਰ੍ਹਾ ਕਰਦੇ ਹਨ: “ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ”)
Prof. Devinder Singh Chahal, PhD ਆਪਣੀ ਪੁਸਤਕ The Essence of Nanakian Philosophy (a scientific and logical interpretation) REVISED VERSION 2018 ਵਿਚ ਇਸ ਪੰਗਤੀ ਦੀ ਵਿਆਖਿਆ ਇਸ ਤਰ੍ਹਾਂ ਕਰਦੇ ਹਨ: Whatever pleases the Eternal Entity is right (However) that Eternal Entity is formless and exists forever.
ਇਸੇ ਅਨੁਸਾਰ ਉਪਰੋਕਿਤ ਵਿਦਵਾਨਾਂ ਦੀ ਤਰ੍ਹਾਂ ਹੋਰ ਵੀ ਜਿਨ੍ਹਾਂ ਵਿਦਵਾਨਾਂ ਨੇ ਇਸ ਪੰਗਤੀ ਦੀ ਵਿਆਖਿਆ ਕੀਤੀ ਹੈ ਉਸ ਤੋਂ ਇਹ ਤਾਂ ਸਪਸ਼ਟ ਹੀ ਨਹੀਂ ਹੁੰਦਾ, ਕਿ, ਉਹ ਕਰਮ ਕੈਸੇ ਹੁੰਦੇ ਹਨ, ਜੋ ਪਰਮਾਤਮਾ ਨੂੰ ਚੰਗੇ ਲਗਦੇ ਹਨ; ਤਾਂ ਕਿ ਉਸੇ ਤਰ੍ਹਾਂ ਦੇ ਕਰਮ ਹੀ ਕੀਤੇ ਜਾਣ ਜੋ ਪਰਮਾਤਮਾ ਨੂੰ ਚੰਗੇ ਲੱਗਦੇ ਹੋਣ। ਅਸਲ ਲੋੜ ਤਾਂ ਇਹੀ ਸਮਝਣ ਦੀ ਹੈ ਕਿ ਉਹ ਕਰਮ ਕੈਸੇ ਹੁੰਦੇ ਹਨ ਜੋ ਪਰਮਾਤਮਾ ਨੂੰ ਚੰਗੇ ਲਗਦੇ ਹਨ।
ਉਪਰੋਕਿਤ ਵਿਦਵਾਨਾਂ ਦੇ ਇਲਾਵਾ ਸ੍ਰ: ਕਰਮਿੰਦਰ ਸਿੰਘ ਜੀ ਢਿਲੋਂ (ਅਮਰੀਕਾ ਬੋਸਟਨ ਵਾਲੇ) ਇਸ ਦੇ ਅਰਥ ਇਸ ਤਰ੍ਹਾਂ ਸਮਝਾਉਂਦੇ ਹਨ “I accept all that you command me from within my conscience” ਭਾਵ ਜੋ ਮੈਨੂੰ ਮੇਰੀ ਅੰਤਰ-ਆਤਮਾ ਕਮਾਂਨਡ ਕਰਦੀ ਹੈ ਭਾਵ ਫਰਮਾਉਂਦੀ ਹੈ ਮੈਂ ਉਸ ਨੂੰ ਪ੍ਰਵਾਨ ਕਰਦਾ ਹਾਂ। ਇਸ ਦਾ ਭਾਵ ਇਹ ਹੋਇਆ ਕਿ ਜੋ ਕੰਮ ਮੈਂ ਆਪਣੀ ਅੰਤਰ-ਆਤਮਾ ਦੇ ਕਹੇ ਅਨੁਸਾਰ ਕਰਦਾ ਹਾਂ ਉਹ ਹੀ ਕਰਮ ਭਲੇ ਹੁੰਦੇ ਹਨ, ਭਾਵ ਐਸੇ ਕਰਮ ਹੀ ਪਰਮਾਤਮਾ ਨੂੰ ਚੰਗੇ ਲਗਦੇ ਹਨ।
ਇਹ ਠੀਕ ਹੈ ਕਿ ਇਸ ਤਰ੍ਹਾਂ ਦੇ ਅਰਥ ਕਰਨ ਤੋਂ ਪਹਿਲਾਂ ਸ੍ਰ: ਕਰਮਿੰਦਰ ਸਿੰਘ ਇਹ ਵੀ ਸਮਝਾਉਂਦੇ ਹਨ ਕਿ 16ਵੀਂ ਪੌੜੀ ਤੋਂ 19ਵੀਂ ਪੌੜੀ ਵਿਚ, ਗੁਰੂ ਸਾਹਿਬ ਗਿਆਨ ਇੰਦਰੀਆਂ ਰਾਹੀਂ ਗਿਆਨ ਦੀ ਪ੍ਰਾਪਤੀ ਕਰਵਾਉਂਦੇ ਹਨ ਜਿਸ ਰਾਹੀ ਅੰਤਰ-ਆਤਮਾ ਨੂੰ ਸੂਝਵਾਨ ਬਣਾਇਆ ਜਾਂਦਾ ਹੈ। ਇਸ ਤੋਂ ਪ੍ਰਤੀਤ ਇਹ ਹੁੰਦਾ ਹੈ ਕਿ ਗੁਰੂ ਸਾਹਿਬ ਐਸੀ ਗਿਆਨਵਾਨ ਹੋ ਚੁੱਕੀ ਅੰਤਰ-ਆਤਮਾ (conscience) ਦੇ ਸਬੰਧ ਵਿਚ ਹੀ ਆਖ ਰਹੇ ਹਨ ਕਿ ਜੋ ਐਸੀ ਗਿਆਨਵਾਨ ਆਤਮਾ ਨੂੰ ਚੰਗਾ ਲਗਦਾ ਹੈ ਉਹੀ ਕਰਮ ਚੰਗਾ ਹੁੰਦਾ ਹੈ। ਇਸ ਤਰ੍ਹਾਂ ਢਿਲੋਂ ਸਾਹਿਬ ਦੀ ਵਿਆਖਿਆ ਅਨੁਸਾਰ ਗਿਆਨਵਾਨ ਅਤੇ ਸੂਝ-ਬੂਝ ਵਾਲੀ ਸੋਚ ਜਾਂ ਅੰਤਰ-ਆਤਮਾ (conscience) ਨਾਲ ਕੀਤੇ ਕਰਮ ਹੀ ਚੰਗੇ ਹੁੰਦੇ ਹਨ ਜੋ ਪਰਮਾਤਮਾ ਨੂੰ ਪਸੰਦ ਆਉਂਦੇ ਹਨ।
ਪਰ ਇਥੇ ਇਕ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਪ੍ਰੈਕਟੀਕਲ ਤੌਰ ’ਤੇ ਆਮ ਦੁਨਿਆਵੀ ਮਨੁੱਖ ਵੱਧ ਤੋਂ ਵੱਧ ਕਿਤਨੀ-ਕੁ ਸੋਝੀ ਪ੍ਰਾਪਤ ਕਰ ਸਕਦਾ ਹੈ? ਜਾਂ ਆਮ ਵਿਅਕਤੀ ਦੀ ਆਤਮਾ ਕਿਤਨੀਕੁ ਸੂਝਵਾਨ ਹੋ ਸਕਦੀ ਹੈ? ਜਿਸ ਰਾਹੀਂ ਇਹ ਸਮਝ ਲਿਆ ਜਾਵੇ ਕਿ ਉਸ ਦਾ ਹਰ ਕਰਮ ਪਰਮਾਤਮਾ ਨੂੰ ਪਸੰਦ ਆ ਜਾਵੇਗਾ। ਕਿਉਂਕਿ ਬਹੁਤ ਵਾਰ ਹਰ ਮਨੁੱਖ ਥੌੜਾ ਗਿਆਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਸੁਚੱਜਾ ਗੁਣਵਾਨ ਅਤੇ ਗਿਆਨਵਾਨ ਸਮਝ ਬੈਠਦਾ ਹੈ। ਉਸ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਸ ਨੂੰ ਜੋ ਸਮਝ ਹੈ, ਜਾਂ ਜਿਤਨਾਕੁ ਗਿਆਨ ਉਸ ਨੂੰ ਪ੍ਰਾਪਤ ਹੋਇਆ ਹੈ ਉਸ ਤੋਂ ਉੱਤੇ ਵੀ ਕੁਝ ਸਮਝਣ ਦੀ ਲੋੜ ਹੁੰਦੀ ਹੈ। ਅਸਲ ਵਿਚ ਗਿਆਨ ਜਾਂ ਚੇਤਨਤਾ ਦੀ ਕੋਈ ਸੀਮਾ ਨਿਸਚਿਤ ਨਹੀਂ ਹੈ। ਇਸੇ ਲਈ ਕਰਮਾਂ ਦੀ ਚੰਗਿਆਈ ਮਾਪਣ ਵਾਸਤੇ ਕੋਈ ਮਾਪਦੰਡ ਜਾਂ ਕਸਵੱਟੀ ਤਾਂ ਹੋਣੀ ਚਾਹੀਦੀ ਹੈ ਜਿਸ ਤੋਂ ਇਹ ਪਰਖ ਹੋ ਸਕੇ ਕਿ ਜੋ ਕਰਮ ਕੀਤਾ ਗਿਆ ਹੈ ਉਹ ਪਰਮਾਤਮਾ ਦੀ ਨਿਸਚਿਤ ਕੀਤੀ ਗਈ ਕਸਵੱਟੀ ’ਤੇ ਪੂਰਾ ਉਤਰਦਾ ਵੀ ਹੈ ਜਾਂ ਨਹੀਂ। ਇਸ ਤਰ੍ਹਾਂ ਕਰਮਾਂ ਨੂੰ ਕਸਵੱਟੀ ’ਤੇ ਪਰਖ ਕਰਕੇ ਹੀ ਪਤਾ ਚੱਲ ਸਕੇਗਾ ਕਿ ਕਿਹੜਾ ਕਰਮ ਪਰਮਾਤਮਾ ਨੂੰ ਚੰਗਾ ਲਗੇਗਾ ਅਤੇ ਕਿਹੜਾ ਨਹੀਂ।
ਇਸ ਕਸਵੱਟੀ ਨੂੰ ਸਮਝਣ ਤੋਂ ਪਹਿਲਾਂ ਪਰਮਾਤਮਾ ਦੀ ਸਮਝ ਵੀ ਹੋਣੀ ਜ਼ਰੂਰੀ ਹੈ। ਪਰਮਾਤਮਾ ਜਿਸ ਦਾ ਕੋਈ ਰੰਗ, ਰੂਪ, ਰੇਖ ਨਹੀਂ ਹੈ ਉਸ ਦੀ ਸਮਝ ਤਾਂ ਉਸ ਦੀਆਂ ਵਿਸ਼ੇਸ਼ਤਾਂਈਆਂ (Attributes) ਤੋਂ ਹੀ ਆ ਸਕਦੀ ਹੈ। ਇਸ ਅਨੁਸਾਰ ਪਰਮਾਤਮਾ ਜੋ ਅੰਦਰ ਹੀ ਵਸਦਾ ਹੈ, ਗੁਰਬਾਣੀ ਦੇ ਅਧਾਰ ਤੇ ਉਸ ਦੀਆਂ ਵਿਸ਼ੇਸ਼ਤਾਈਆਂ ਇਸ ਤਰ੍ਹਾਂ ਸਮਝਾਈਆਂ ਗਈਆਂ ਹਨ:
(1) ਪਰਮਾਤਮਾ ਗੁਣੀ ਨਿਧਾਨ ਹੈ। (ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ॥) (ਗ:ਗ:ਸ: ਪੰਨਾ-32)
(2) ਪਰਮਾਤਮਾ ਗੁਰੁ ਭਾਵ ਸੁਚੱਜਾ ਗਿਆਨ ਹੈ।(ਗੁਰੁ ਪਰਮੇਸਰੁ ਏਕੋ ਜਾਣੁ॥) (ਗ:ਗ:ਸ: ਪੰਨਾ-864)
(3) ਪਰਮਾਤਮਾ ਸਤਿ ਨਾਮ ਹੈ (ਭਾਵ ਪਰਮਾਤਮਾ ਕੁਦਰਤ ਦੇ ਅਟੱਲ ਨਿਯਮਾਂ ਦਾ ਪ੍ਰਤੀਕ ਹੈ) ਨਾਮ ਕੇ ਧਾਰੇ ਆਗਾਸ ਪਾਤਾਲ॥ (ਗ:ਗ:ਸ: ਪੰਨਾ-284)
ਪਰਮਾਤਮਾ ਦੀਆਂ ਇਹ ਤਿਨ ਪਰਮੁੱਖ ਵਿਸ਼ੇਸ਼ਤਾਈਆਂ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਜਾ ਸਕਦਾ ਹੈ ਕਿ ਪਰਮਾਤਮਾ ਡਿਵਾਈਨ ਵਰਚੂਅਜ਼; ਡਿਵਾਈਨ ਵਿਜ਼ਡਮ ਅਤੇ ਡਿਵਾਈਨ ਲਾਅਜ਼ (Divine virtues; Divine wisdom and Divine laws) ਦਾ ਸੁਮੇਲ ਹੈ। ਅਸਲ ਵਿਚ ਇਹ ਵਿਸ਼ੇਸ਼ਤਾਂਈਆਂ ਹੀ ਪਰਮਾਤਮਾ ਰਾਹੀਂ ਨਿਸਚਿਤ ਕੀਤੀ ਗਈ ਕਸਵੱਟੀ ਹੈ ਜਿਸ ਨਾਲ ਕਰਮਾਂ ਦੇ ਚੰਗੇ ਜਾਂ ਮੰਦੇ ਹੋਣ ਦੀ ਪਰਖ ਕੀਤੀ ਜਾ ਸਕਦੀ ਹੈ।
ਇਸ ਦਾ ਭਾਵ ਇਹ ਹੋਇਆ ਕਿ ਕਿਉਂਕਿ ਪਰਮਾਤਮਾ ਗੁਣੀ ਨਿਧਾਨ ਹੈ ਇਸ ਲਈ ਜਿਨ੍ਹਾਂ ਕਰਮਾਂ ਦੀ ਪਰਖ ਕਰਨੀ ਹੈ ਉਹ ਰੱਬੀ ਗੁਣਾਂ ਦੇ ਅਧਾਰ ’ਤੇ ਭਾਵ ਸੁਚੱਜੇ ਗੁਣਾ ਦੇ ਅਧਾਰ ਤੇ ਪੂਰੇ ਉਤਰਨੇ ਚਾਹੀਦੇ ਹਨ।
ਦੂਸਰੇ ਪਰਮਾਤਮਾ ਗੁਰੁ ਪਰਮੇਸ਼ਰ ਹੈ ਭਾਵ ਸੁਚੱਜੇ ਗਿਆਨ ਨਾਲ ਘੜੀ ਗਈ ਤਰਕਸ਼ੀਲ ਸੁਚੱਜੀ ਬਿਬੇਕ ਬੁੱਧ ਜਾਂ ਜਮੀਰ ਹੈ। ਇਸ ਅਨੁਸਾਰ ਜੋ ਕਰਮ ਕੀਤੇ ਜਾਂਦੇ ਹਨ ਉਹ ਜਿਥੇ ਸੁਚੱਜੇ ਗੁਣਾਂ ਨਾਲ ਮੇਲ ਖਾਂਦੇ ਹੋਣ ਉੱਥੇ ਨਾਲ ਹੀ ਉਨ੍ਹਾਂ ਕਰਮਾਂ ਨੂੰ ਜਦੋਂ ਸੁਚੱਜੀ ਤਰਕਸ਼ੀਲ ਬੁੱਧ ਮਤ ਨਾਲ ਪਰਖਿਆ ਜਾਵੇ ਤਾਂ ਇਸ ਅਨੁਸਾਰ ਵੀ ਉਹ ਸੁਚੱਜੇ ਜਾਪਣ।
ਤੀਸਰੇ ਕਿਉਂਕਿ ਪਰਮਤਾਮਾ ਸਤਿ ਨਾਮੁ ਹੈ ਭਾਵ ਪਰਮਾਤਮਾ ਬੇਅੰਤ ਅਟੱਲ ਕੁਦਰਤੀ ਨਿਯਮਾਂ ਦਾ ਪ੍ਰਤੀਕ ਹੈ ਇਸ ਲਈ ਜਿਨ੍ਹਾਂ ਕਰਮਾਂ ਦੀ ਪਰਖ ਕਰਨੀ ਹੈ ਉਹ ਕੁਦਰਤ ਦੇ ਨਿਯਮਾਂ ਦੇ ਅਨੁਕੂਲ ਵੀ ਪੂਰੇ ਉਤਰਨੇ ਚਾਹੀਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਜਿਨ੍ਹਾਂ ਕਰਮਾਂ ਦੀ ਪਰਖ ਕੀਤੀ ਜਾਣੀ ਹੈ ਉਹ ਜਿਥੇ ਸੁਚੱਜੇ ਗੁਣਾਂ ਦੇ ਅਤੇ ਤਰਕਸ਼ੀਲ ਸੁਚੱਜੀ ਬੁੱਧ ਦੇ ਨਾਲ ਪਰਖਣ ਤੇ ਸੁਚੱਜੇ ਜਾਪਣ ਉੱਥੇ ਨਾਲ ਹੀ ਉਹ ਰੱਬੀ ਨਿਯਮਾਂ ਦੇ ਅਨੁਕੂਲ ਵੀ ਹੋਣ।
ਸੰਖੇਪ ਵਿਚ ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਜਾ ਸਕਦਾ ਹੈ: ਜੋ ਕਰਮ ਕੀਤੇ ਜਾਂਦੇ ਹਨ ਉਹ ਡਿਵਾਈਨ ਵਰਚੂਅਜ਼; ਡਿਵਾਈਨ ਵਿਜ਼ਡਮ ਅਤੇ ਡਿਵਾਈਨ ਲਾਅਜ਼ (Divine virtues; Divine wisdom and Divine laws) ਦੇ ਅਨੁਕੂਲ ਹੋਣੇ ਚਾਹੀਦੇ ਹਨ।
ਇਸ ਅਨੁਸਾਰ ਐਸੇ ਕਰਮ ਹੀ ਪਰਮਾਤਮਾ ਨੂੰ ਚੰਗੇ ਲਗ ਸਕਦੇ ਹਨ ਜੋ ਰੱਬੀ ਸੁਚੱਜੇ ਗੁਣਾਂ ਦੇ ਅਧਾਰ ’ਤੇ ਪੂਰੇ ਉਤਰਦੇ ਹੋਣ ਅਤੇ ਸੁਚੱਜੀ ਤਰਕਸ਼ੀਲ ਬਿਬੇਕ ਬੁੱਧ ਦੀ ਪਰਖ ਅਨੁਸਾਰ ਵੀ ਠੀਕ ਹੋਣ ਅਤੇ ਨਾਲ ਹੀ ਕੁਦਰਤ ਦੇ ਨਿਯਮਾਂ (ਜਿਸ ਨੂੰ ਹੁਕਮ ਵੀ ਕਿਹਾ ਗਿਆ ਹੈ) ਉਸ ਦੇ ਅਨੁਕੂਲ ਵੀ ਹੋਣ। ਇਹ ਹੀ ਹੈ “ਹੁਕਮਿ ਰਜਾਈ ਚਲਣਾ” ਦੀ ਕਸਵੱਟੀ ਜਿਸ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਹੀ ਨਿਸਚਿਤ ਕਰ ਦਿੱਤਾ ਹੈ।