Literature 'ਸਿਤਾਰਿਆਂ ਤੋਂ ਅੱਗੇ' - ਪੁਸਤਕ ਦਾ ਰਿਵਿਊ (ਲੇਖਕ: ਅਮਨਦੀਪ ਸਿੰਘ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ)

drdpsn

Writer
SPNer
Apr 7, 2006
118
63
Nangal, Indiaਸਿਤਾਰਿਆਂ ਤੋਂ ਅੱਗੇ
(ਪੁਸਤਕ ਦਾ ਰਿਵਿਊ)
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

1659981244765.png

ਪੁਸਤਕ ਦਾ ਨਾਮ: ਸਿਤਾਰਿਆਂ ਤੋਂ ਅੱਗੇ (ਵਿਗਿਆਨ ਗਲਪ ਕਹਾਣੀਆਂ)
ਲੇਖਕ: ਅਮਨਦੀਪ ਸਿੰਘ
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਭਾਰਤ/ ਬੋਸਟਨ, ਅਮਰੀਕਾ
ਪ੍ਰਕਾਸ਼ ਸਾਲ : 2022, ਕੀਮਤ: ਅੰਕਿਤ ਨਹੀਂ ; ਪੰਨੇ: 128
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੇਨੈਡਾ।

‘ਸਿਤਾਰਿਆਂ ਤੋਂ ਅੱਗੇ’(ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਕਿਤਾਬ ਦਾ ਲੇਖਕ ਸ. ਅਮਨਦੀਪ ਸਿੰਘ, ਕਿੱਤੇ ਵਜੋਂ ਕੰਪਿਊਟਰ ਇੰਜੀਨੀਅਰ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਅਮਨਦੀਪ ਨੂੰ ਵਿਗਿਆਨ ਗਲਪ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਅਮਨਦੀਪ ਦੇ ਸਾਹਿਤਕ ਲੇਖਣ ਕਾਰਜਾਂ ਦਾ ਅਧਾਰ ਬਣੀ। ਜੁਆਨੀ ਦੀ ਦਹਿਲੀਜ਼ ਉੱਤੇ, ਸੰਨ 1989 ਦੌਰਾਨ, ਉਹ ਪੰਜਾਬੀ ਸਾਹਿਤ ਵਿਚ, ਆਪਣੀ ਪਹਿਲੀ ਪੁਸਤਕ ‘ਟੁੱਟਦੇ ਤਾਰਿਆਂ ਦੀ ਦਾਸਤਾਨ’ (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਦੀ ਰਚਨਾ ਨਾਲ ਹਾਜ਼ਿਰ ਹੋਇਆ ਸੀ। ਫਿਰ ਕਿੱਤੇ ਦੀ ਭਾਲ ਵਿਚ ਅਮਰੀਕਾ ਦਾ ਵਾਸੀ ਹੋ ਗਿਆ। ਜ਼ਿੰਦਗੀ ਦੀ ਜੱਦੋ ਜਹਿਦ ਤੇ ਰੋਟੀ ਰੋਜ਼ੀ ਪ੍ਰਾਪਤੀ ਦੇ ਸੰਘਰਸ਼ ਵਿਚ ਅਜਿਹਾ ਰੁੱਝਿਆ ਕਿ ਸਾਹਿਤਕ ਸਿਰਜਨਾ ਕਾਰਜ ਨਿੱਠ ਕੇ ਕਰ ਸਕਣ ਤੋਂ ਅਸਮਰਥ ਹੀ ਰਿਹਾ। ਇਸ ਸੰਘਰਸ਼ ਵਿਚ ਕਈ ਸਾਲ ਹੀ ਨਹੀਂ ਸਗੋਂ ਕਈ ਦਹਾਕੇ ਹੀ ਗੁਜ਼ਰ ਗਏ। ਪਰ ਇਸ ਅਰਸੇ ਦੌਰਾਨ ਉਸ ਦੀ ਅੰਦਰੂਨੀ ਸਾਹਿਤਕ ਚੇਸ਼ਟਾ ਸਮੇਂ ਸਮੇਂ ਵਿਗਿਆਨ ਕਹਾਣੀਆਂ ਤੇ ਕਵਿਤਾਵਾਂ ਦੇ ਰੂਪ ਵਿਚ ਉਸ ਦੇ ਦਰ ਦਸਤਕ ਦਿੰਦੀ ਰਹੀ। ਇਕ ਸੰਵੇਦਨਸ਼ੀਲ ਕਵੀ ਅਤੇ ਵਿਗਿਆਨ ਦੇ ਵਿਦਿਆਰਥੀ ਵਜੋਂ ਸਮਾਜਿਕ ਵਰਤਾਰਿਆਂ ਤੇ ਵਿਗਿਆਨਕ ਸਕੰਲਪਾਂ ਦੀ ਪੜਚੋਲ ਉਸ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਪ੍ਰਭਾਵਾਂ ਸੰਬੰਧਤ, ਉਸ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ ਤੇ ਮੈਗਜੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

‘ਸਿਤਾਰਿਆਂ ਤੋਂ ਅੱਗੇ’ ਸ. ਅਮਨਦੀਪ ਸਿੰਘ ਦੀ ਵਿਗਿਆਨ ਗਲਪ ਕਹਾਣੀ ਵਿਧਾ ਵਿਚ ਦੂਸਰੀ ਪੁਸਤਕ ਹੈ। ਇਸ ਪੁਸਤਕ ਵਿਚ ਕੁੱਲ ਛੇ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦੇ ਮਕਸਦ ਦੀ ਗੱਲ ਉਹ ਇਕ ਸਵਾਲ ਦੇ ਜ਼ਿਜਿ਼ਕਰ ਨਾਲ ਕਰਦਾ ਹੈ, ਕਿ ਕੀ ਪ੍ਰਿਥਵੀ ਤੋਂ ਇਲਾਵਾ ਕਿਤੇ ਹੋਰ ਵੀ ਜੀਵਨ ਹੈ? ਉਸ ਦਾ ਮੰਨਣਾ ਹੈ ਕਿ ਇਸ ਕਿਤਾਬ ਵਿਚ ਸ਼ਾਮਿਲ ਕਹਾਣੀਆਂ ਇਸੇ ਸਵਾਲ ਦਾ ਜਵਾਬ ਦਰਸਾਉਂਦੀਆਂ ਹਨ।

ਇਸ ਕਿਤਾਬ ਦੇ ਨਾਮਕਰਣ ਦੀ ਗੱਲ ਕਰਦਾ ਹੋਇਆ ਉਹ ਮਸ਼ਹੂਰ ਸ਼ਾਇਰ ਮੁਹੰਮਦ ਇਕਬਾਲ ਦੇ ਸ਼ੇਅਰ ‘ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ।’ਦਾ ਜ਼ਿਕਰ ਕਰਦਾ ਹੈ। ਉਹ, ਇਸ ਨੂੰ ਮਨੁੱਖ ਦੀ ਨਵਾਂ ਕੁਝ ਜਾਨਣ ਦੀ ਨਿਰੰਤਰ ਜਗਿਆਸਾ ਦੇ ਚਿੱਤਰਣ ਵਜੋਂ ਮੰਨਦਾ ਹੈ। ਸਾਡੇ ਵਿਸ਼ਾਲ ਬ੍ਰਹਿਮੰਡ ਵਿਚ ਮੌਜੂਦ ਅਰਬਾਂ-ਖ਼ਰਬਾਂ ਤਾਰਿਆਂ ਤੇ ਲੱਖਾਂ-ਕਰੋੜਾਂ ਗ੍ਰਹਿਆਂ ਦੀ ਹੌਂਦ ਵਿਚ ਜੀਵਨ ਦੀ ਤਲਾਸ਼ ਦੀਆ ਬਾਤ ਪਾਉਂਦੀਆਂ ਅਮਨਦੀਪ ਦੀਆਂ ਇਹ ਕਹਾਣੀਆਂ ਪੰਜਾਬੀ ਪਾਠਕਾਂ ਨੂੰ ਬਹੁਤ ਕੁਝ ਨਵਾਂ ਜਾਨਣ ਤੇ ਸਮਝਣ ਵਿਚ ਸਹਾਈ ਹੋਣ ਦੇ ਸਮਰਥ ਹਨ। ਇਨ੍ਹਾਂ ਕਹਾਣੀਆਂ ਦਾ ਬਿਰਤਾਂਤ ਸਿਤਾਰਿਆਂ ਵੱਲ ਦੀਆਂ ਉਡਾਣਾਂ, ਉੱਡਣ-ਤਸ਼ਤਰੀਆਂ, ਦੂਸਰੇ ਗ੍ਰਹਿ ਦੇ ਵਾਸੀਆਂ, ਵਾਤਾਵਰਣੀ ਪ੍ਰਦੂਸ਼ਣ, ਪ੍ਰਮਾਣੂ ਸ਼ਕਤੀ ਦੇ ਮਾਰੂ ਪ੍ਰਭਾਵਾਂ, ਰੋਬੋਟਾਂ ਦੇ ਕਾਰਨਾਮਿਆਂ ਅਤੇ ਟਾਇਮ ਟ੍ਰੈਵਲ ਵਿਸ਼ਿਆਂ ਨਾਲ ਔਤ-ਪ੍ਰੋਤ ਹੈ। ਅਮਨਦੀਪ ਦੀਆਂ ਇਨ੍ਹਾਂ ਰਚਨਾਵਾਂ ਵਿਚ ਮਨੁੱਖੀ ਸੰਵੇਦਨਾਵਾਂ ਤੇ ਪਿਆਰ ਭਾਵਨਾਵਾਂ ਨਾਲ ਸਰਸ਼ਾਰ ਪਾਤਰ ਕਹਾਣੀਆਂ ਦੀ ਰੌਚਕਤਾ ਨੂੰ ਬਣਾਈ ਰੱਖਣ ਵਿਚ ਸਫ਼ਲ ਰਹੇ ਹਨ।

ਇਸ ਕਿਤਾਬ ਦੀ ਪਹਿਲੀ ਕਹਾਣੀ ਹੈ ‘ਨੀਲੀ ਰੋਸ਼ਨੀ’। ਜੋ ਦੂਸਰੇ ਗ੍ਰਹਿ ਵਾਸੀਆਂ ਦੀ ‘ਪੁਲਾੜੀ ਖ਼ਾਨਾਬਦੋਸ਼’ਹਾਲਾਤ ਦਾ ਜ਼ਿਕਰ ਕਰਦੀ ਹੋਈ ਮਸ਼ੀਨ ਤੇ ਮਨੁੱਖ ਦੇ ਪ੍ਰਸਪਰ ਸੰਬੰਧਾਂ ਦੇ ਨਵੇਂ ਪਸਾਰਾਂ ਦਾ ਦਿਲਚਸਪ ਵਰਨਣ ਕਰਦੀ ਹੈ। ਮਨੁੱਖੀ ਸਰੀਰ ਦੀਆਂ ਭੌਤਿਕ ਬੰਦਸ਼ਾਂ ਦੇ ਪਾਰ ਚੇਤੰਨਤਾ ਦੀ ਹੌਂਦ ਦੀ ਦੱਸ ਪਾਉਂਦੀ ਹੈ। ਕਿਤਾਬ ਦੀ ਦੂਜੀ ਕਹਾਣੀ ‘ਜੀਵਤ-ਮਸ਼ੀਨ’ਸਾਡਾ ਤੁਆਰਫ਼ ਮਨੁੱਖੀ ਸ਼ਕਲ ਵਾਲੇ ਰੋਬੋਟਿਕ ਕਾਓ-ਬੋਆਏ ਨਾਲ ਕਰਾਉਂਦੀ ਹੈ ਜੋ ਮੁਸੀਬਤ ਵਿਚ ਫ਼ਸੀ ਖੋਜੀ ਪੱਤਰਕਾਰ ਨੂੰ ਵਹਿਸ਼ੀ ਦਰਿੰਦਿਆਂ ਦੇ ਚੁੰਗਲ ‘ਚੋਂ ਛੁਟਕਾਰਾ ਦਿਵਾਉਂਦਾ ਹੈ। ਮਨੁੱਖੀ ਸੰਵੇਦਨਾਵਾਂ ਨਾਲ ਲਬਰੇਜ਼ ਇਹ ਕਹਾਣੀ ਆਪਣੇ ਕੇਂਦਰੀ ਪਾਤਰ ਮਰਿਚਿਕਾ ਦੇ ਮਨੁੱਖੀ ਭਾਵਨਾਵਾਂ ਤੋਂ ਸੱਖਣੇ ਮਸ਼ੀਨੀ ਮਨੁੱਖ (ਰੋਬੋਟ) ਲਈ ਭਾਵਨਾਤਮਕ ਉਲਾਰ ਦਾ ਬਿਰਤਾਂਤ ਪ੍ਰਗਟ ਕਰਦੀ ਹੈ। ਪਰ ਅੰਤ ਵਿਚ ਮਰਿਚਿਕਾ ਉਸ ਮਸ਼ੀਨੀ ਮਨੁੱਖ ਵਿਚ ਸਿਰਫ਼ ਸੀਮਿਤ ਮਾਨਵੀ ਭਾਵਨਾਵਾਂ ਦਾ ਅਨੁਭਵ ਹੀ ਕਰ ਪਾਂਦੀ ਹੈ।

‘ਜੀਵਨ ਦੀ ਬੁਨਿਆਦ’ਕਹਾਣੀ ਵਿਚ ਅਮਨਦੀਪ, ਸੈਂਚੀ ਗ੍ਰਹਿ ਉੱਤੇ ਮੌਜੂਦ ਦੋ ਤਾਕਤਵਰ ਦੇਸ਼ਾਂ ਵਿਚਕਾਰ ਪ੍ਰਭੁਸਤਾ ਦੀ ਜੰਗ ਦੌਰਾਨ ਵਾਪਰੇ ਵਿਨਾਸ਼ ਦਾ ਵਰਨਣ ਕਰਦਾ ਹੈ। ਜਿਸ ਦੌਰਾਨ ਸੈਂਚੀ ਗ੍ਰਹਿ ਉੱਤੇ ਸੰਪੂਰਨ ਜੀਵਨ ਹੌਂਦ ਹੀ ਖ਼ਤਮ ਹੋ ਜਾਂਦੀ ਹੈ। ਇਸ ਕਹਾਣੀ ਦਾ ਨਾਇਕ ‘ਮਰਨੀਤ’ ਜੋ ਇਕ ਪੁਲਾੜ ਵਿਗਿਆਨੀ ਸੀ ਤੇ ਪੁਲਾੜੀ ਪ੍ਰਯੋਗਸ਼ਾਲਾ ਵਿਚ ਹੋਣ ਕਾਰਣ, ਸੈਂਚੀ ਗ੍ਰਹਿ ਉੱਤੇ ਵਾਪਰੇ ਜੰਗ ਦੌਰਾਨ ਪ੍ਰਮਾਣੂ ਬੰਬਾਂ ਦੀ ਮਾਰ ਤੋਂ ਬਚ ਗਿਆ ਸੀ। ਉਸ ਦੀ ਸਕੀਨਾ-ਗ੍ਰਹਿ ਦੀ ਵਾਸੀ ‘ਸ਼ਿਵਨਿਕਾ’ਨਾਲ ਰੌਚਕਮਈ ਮੁਲਾਕਾਤ ਦਾ ਵਰਨਣ ਕਰਦੀ ਹੈ ਇਹ ਕਹਾਣੀ। ਅਤੇ ਉਹ ਦੋਨੋਂ ਮਿਲ ਕੇ ਪ੍ਰਮਾਣੂ ਤੇ ਹਾਈਡ੍ਰੋਜਨ ਬੰਬਾਂ ਦੇ ਵਿਸਫੋਟ ਕਾਰਣ ਖ਼ਤਰਨਾਕ ਵਿਕਿਰਨ ਦਾ ਸ਼ਿਕਾਰ ਗ੍ਰਹਿ ਸੈਂਚੀ ਨੂੰ ਦੁਬਾਰਾ ਜੀਵਨ ਯੋਗ ਬਣਾਉਣ ਲਈ ਸਾਰਥਕ ਯਤਨ ਕਰਦੇ ਹੋਏ ਦਿਖਾਏ ਗਏ ਹਨ।

ਅਗਲੀ ਕਹਾਣੀ ‘ਪਰਲੋਂ ਦੇ ਦਿਨ’ਗਲੋਬਲ ਵਾਰਮਿੰਗ ਕਾਰਣ ਸਾਡੀ ਧਰਤੀ ਉਪਰ ਵਾਪਰ ਰਹੀਆਂ ਤੀਬਰ ਜਲ-ਵਾਯੂ ਤਬਦੀਲੀਆਂ ਦਾ ਵਿਸਤਾਰਿਤ ਵਰਨਣ ਕਰਦੀ ਹੈ। ਇਨ੍ਹਾਂ ਤਬਦੀਲੀਆਂ ਕਾਰਣ ਵਿਸ਼ਵ ਭਰ ਵਿਚ ਵਾਪਰ ਰਹੇ ਤੇ ਸੰਭਾਵੀ ਸਮਾਜਿਕ ਤੇ ਆਰਥਿਕ ਹਾਲਤਾਂ ਦਾ ਬਿਰਤਾਂਤ ਬਹੁਤ ਹੀ ਭਾਵਪੂਰਨ ਤਰੀਕੇ ਨਾਲ ਕੀਤਾ ਗਿਆ ਹੈ। ਇਸ ਕਿਤਾਬ ਦੀ ਪੰਜਵੀਂ ਕਹਾਣੀ ‘ਕਾਲ ਚੱਕਰ’ਬ੍ਰਹਿਸਪਤ ਗ੍ਰਹਿ ਵੱਲ ਦੀ ਪੁਲਾੜੀ ਯਾਤਰਾ, ਉਸ ਦਾ ਮਿਸ਼ਨ ਅਤੇ ਉਸ ਗ੍ਰਹਿ ਉੱਤੇ ਮੌਜੂਦ ਅਜਬ ਵਰਤਾਰਿਆਂ, ਜੀਵਨ ਹੌਂਦ ਤੇ ਵੰਨਗੀਆਂ ਦੀ ਦੱਸ ਪਾਉਂਦੀ ਹੈ। ਇਹੋ ਕਹਾਣੀ ਪਾਠਕਾਂ ਨੂੰ ਕਾਲਾ ਖੂਹ (ਬਲੈਕ ਹੋਲ), ਘਟਨਾ ਸੀਮਾ (ਇਵੈਂਟ ਹੋਰਾਇਜ਼ਨ) ਅਤੇ ਕੀਟ ਦੁਆਰ (ਵਰਮਹੋਲ) ਵਰਗੀਆਂ ਅਹਿਮ ਵਿਗਿਆਨਕ ਧਾਰਨਾਵਾਂ ਨਾਲ ਵੀ ਸਾਂਝ ਪੁਆਂਦੀ ਹੈ।

ਇਸ ਕਿਤਾਬ ਦੀ ਆਖ਼ਰੀ ਕਹਾਣੀ ਹੈ ‘ਸਿਤਾਰਿਆਂ ਤੋਂ ਅੱਗੇ’ਜਿਸ ਉੱਤੇ ਇਸ ਕਿਤਾਬ ਦਾ ਨਾਮ ਵੀ ਰੱਖਿਆ ਗਿਆ ਹੈ। ਇਹ ਕਹਾਣੀ ਧਰਤੀ ਦੇ ਸੱਭ ਤੋਂ ਨੇੜਲੇ ਤਾਰੇ ਪ੍ਰਥਮ ਕਿੰਨਰ (ਅਲਫਾ ਸੈਂਟੂਰੀ) ਦੇ ਗ੍ਰਹਿ ਗੰਧਰਵ ਵੱਲ ਦੀ ਪੁਲਾੜੀ ਯਾਤਰਾ ਅਤੇ ਰਸਤੇ ਦੇ ਖ਼ਤਰਿਆਂ ਦਾ ਵਰਨਣ ਕਰਦੀ ਹੈ। ਅਮਨਦੀਪ ਇਸ ਕਹਾਣੀ ਦੇ ਬਿਰਤਾਂਤ ਰਾਹੀਂ ਸੈਂਟੂਰੀ ਤਾਰਾ-ਮੰਡਲ ਤੇ ਇਸ ਦੇ ਗ੍ਰਹਿਆਂ ਦੀ ਜਾਣਕਾਰੀ, ਰੋਬੋਟ ਜਾਂਚ ਸ਼ਟਲ (ਪਰੋਬ) ਦਾ ਮਿਸ਼ਨ ਤੇ ਵਰਤੋਂ ਢੰਗ, ਅਤੇ ਸਮਾ-ਸਥਿਲਤਾ (ਹਾਈਬਰਨੇਸ਼ਨ), ਨਕਲੀ ਵਾਸਤਵਿਕਤਾ (ਵਰਚੂੲੈੱਲ ਰਿਐਲਟੀ), ਸਿਮੂਲੇਸ਼ਨ, ਛੱਤਾ ਵਾਤਾਵਰਣ (ਹਾਈਵ ਮਾਂਇਡ) ਤੇ ਸੰਗਠਿਤ ਚੇਤਨਤਾ ਵਰਗੀਆਂ ਵਿਗਿਆਨਕ ਧਾਰਨਾਵਾਂ ਨਾਲ ਸਾਡੀ ਜਾਣ ਪਛਾਣ ਕਰਾਉਂਦਾ ਹੈ। ਗੰਧਰਵ ਗ੍ਰਹਿ ਦੇ ਵਾਤਾਵਰਣੀ ਹਾਲਾਤਾਂ, ਖ਼ਤਰਨਾਕ ਵਿਕਿਰਨਾਂ, ਅਜਬ ਸਥਾਨਕ ਬਨਸਪਤੀ ਤੇ ਜੀਵ, ਅਤੇ ਲਾਗ ਪੈਦਾ ਕਰਨ ਵਾਲੀ ਕਾਈ ਦਾ ਜ਼ਿਕਰ ਬਹੁਤ ਹੀ ਮਨ-ਲੁਭਾਵਣੇ ਤਰੀਕੇ ਨਾਲ ਕੀਤਾ ਗਿਆ ਹੈ।

ਅਮਨਦੀਪ ਦੇ ਇਸ ਸੰਗ੍ਰਹਿ ਵਿਚ ਸਾਡੀ ਧਰਤੀ ਉੱਤੇ ਸੁਖਾਵੇਂ ਵਾਤਵਰਣੀ ਹਾਲਤਾਂ ਦੀ ਸਕਾਰਤਾ ਲਈ ਚਾਹਤ ਭਰੀ ਅਰਜ਼ੋਈ ਹੈ। ਜ਼ਿੰਦਗੀ ਦੀ ਜਦੋਜਹਿਦ ਦੀ ਲਗਾਤਾਰਤਾ ਵਿਚ ਆਸ਼ਾਵਾਦੀ ਨਜ਼ਰੀਏ ਦਾ ਪੱਲਾ ਨਾ ਛੱਡਣ ਦਾ ਸੁਨੇਹਾ ਬਿਆਨਦੀਆਂ ਇਹ ਕਹਾਣੀਆਂ, ਸ਼ਬਦਾਂ ਵਿਚ ਰਵਾਨਗੀ ਤੇ ਜ਼ਜਬਾਤਾਂ ਵਿਚ ਤਰਲਤਾ ਨਾਲ ਸਰਸ਼ਾਰ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਆਪਣੇ ਜੀਵਨ ਸਫ਼ਰ ਦੀਆਂ ਔਕੜਾਂ ਤੋਂ ਨਿਰਾਸ਼ ਨਾ ਹੋ ਲਗਾਤਾਰ ਅਗਾਂਹ ਵੱਧਦੇ ਜਾਣ ਦਾ ਆਸ਼ਾਵਾਦੀ ਸੁਨੇਹਾ ਪੇਸ਼ ਕਰਦੇ ਹਨ। ਜੋ ਇਸ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ।

ਸ. ਅਮਨਦੀਪ ਸਿੰਘ, ਇਕ ਤਕਨੀਕੀ ਮਾਹਿਰ, ਵਿਗਿਆਨ ਦੇ ਵਿਲੱਖਣ ਸੰਚਾਰਕ ਅਤੇ ਸੰਵੇਦਨਸ਼ੀਲ ਕਹਾਣੀਕਾਰ ਵਜੋਂ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਹਨ। ਉਨ੍ਹਾਂ ਦੀ ਇਹ ਰਚਨਾ ਜੀਵਨ ਅਤੇ ਵਿਗਿਆਨ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਸ. ਅਮਨਦੀਪ ਸਿੰਘ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਅਜੋਕੇ ਅਤੇ ਭਵਿੱਖਮਈ ਵਿਗਿਆਨਕ ਵਰਤਾਰਿਆਂ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆ ਉਂਦੀ ਹੈ। ‘ਸਿਤਾਰਿਆਂ ਤੋਂ ਅੱਗੇ’ (ਵਿਗਿਆਨ ਗਲਪ ਕਹਾਣੀ ਸੰਗ੍ਰਹਿ) ਇਕ ਅਜਿਹੀ ਕਿਤਾਬ ਹੈ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਵਿਗਿਆਨਕ ਜਾਣਕਾਰੀ ਤੇ ਭਵਿੱਖਮਈ ਸੰਭਾਵਨਾਵਾਂ ਦਾ ਸਹੀ ਰੂਪ ਸਮਝ ਸਕੇ ਤੇ ਅਮਨ-ਭਰਪੂਰ ਮਾਨਵੀ ਸਮਾਜ ਸਿਰਜਣ ਲਈ ਸਹੀ ਸੇਧ ਪ੍ਰਾਪਤ ਕਰ ਸਕੇ।
 
Last edited:
MEET SPN ON YOUR MOBILES (TAP)
Top