• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਸ਼ੀ ਜਿਨਪਿੰਗ ਦਾ ਤਿਬਤ ਦੌਰਾ- 30 ਸਾਲਾਂ ਬਾਦ ਕਿਸੇ ਚੀਨੀ ਰਾਸ਼ਟਰਪਤੀ ਦਾ ਤਿਬਤ ਦੌਰਾ-ਭਾਰਤ ਲਈ ਨਵੇਂ ਖਤਰੇ ਦੀ ਸੰਭਾਵਨਾ

Dalvinder Singh Grewal

Writer
Historian
SPNer
Jan 3, 2010
1,245
421
79
ਸ਼ੀ ਜਿਨਪਿੰਗ ਦਾ ਤਿਬਤ ਦੌਰਾ- 30 ਸਾਲਾਂ ਬਾਦ ਕਿਸੇ ਚੀਨੀ ਰਾਸ਼ਟਰਪਤੀ ਦਾ ਤਿਬਤ ਦੌਰਾ-ਭਾਰਤ ਲਈ ਨਵੇਂ ਖਤਰੇ ਦੀ ਸੰਭਾਵਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੀਹ ਸਾਲਾਂ ਬਾਦ ਕਿਸੇ ਚੀਨੀ ਰਾਸ਼ਟਰਪਤੀ ਦਾ ਅਚਾਨਕ ਬਿਨਾ ਕਿਸੇ ਸ਼ੋਰ-ਗੁਲ ਦੇ ਤਿਬਤ ਆਉਣਾਂ ਅਤੇ ਫਿਰ ਭਾਰਤ ਦੀ ਹੱਦ ਨਾਲ ਬ੍ਰਹਮਪੁਤਰ ਉਪਰ ਨਵੇਂ ਉਸਾਰੇ ਜਾ ਰਹੇ ਡੈਮ ਦਾ ਦੌਰਾ ਕਰਨਾ ਭਾਰਤ ਲਈ ਜ਼ਰੂਰ ਖਤਰੇ ਦੀ ਘੰਟੀ ਹੈ। ਅਜੇ ਲਦਾਖ ਵਿਚ ਦਿਪਸਾਂਗ-ਗੋਗਰਾ-ਹਾਟ ਸਪਰਿੰਗ ਦਾ ਮਾਮਲਾ ਸੁਲਝਿਆ ਨਹੀਂ ਕਿ ਹੁਣ ਅਰੁਣਾਚਲ ਪ੍ਰਦੇਸ਼ ਸਾਹਮਣੇ ਸ਼ੀ ਜਿੰਨਪਿੰਗ ਨੇ ਅੱਡੀ ਲਾ ਦਿਤੀ ਹੈ।ਬ੍ਰਹਮਪੁਤਰ ਤੇ ਲਾਏ ਜਾ ਰਹੇ ਇਸ ਡੈਮ ਦਾ ਭਾਰਤ ਦੇ ਅਰੁਣਾਚਲ ਅਤੇ ਆਸਾਮ ਨੂੰ ਹੀ ਨਹੀਂ ਬੰਗਲਾਦੇਸ਼ ਨੂੰ ਵੀ ਵੱਡਾ ਖਤਰਾ ਹੈ ।ਇਨ੍ਹਾਂ ਸਭ ਦੀ ਤਾਂ ਰੀੜ ਦੀ ਹੱਡੀ ਹੈ ਬ੍ਰਹਮਪੁਤਰ। ਉਪਰੋਂ ਚੀਨ ਨੇਫਾ (ਅਰੁਣਾਚਲ ਪ੍ਰਦੇਸ਼) ਨੂੰ ਅਪਣਾ ਇਲਾਕਾ ਵਿਖਾਉਂਦਾ ਹੈ। ਜਿਸ ਤਰ੍ਹਾਂ ਭਾਰਤ ਨੂੰ ਅਕਸਾਈ ਚਿਨ ਦਾ ਅਪਣਾ ਇਲਾਕਾ ਭੁੱਲ ਗਿਆ ਲਗਦਾ ਹੈ ਅਰੁਣਾਚਲ ਦੇ ਉਹ ਇਲਾਕੇ ਜੋ 1962 ਤੋਂ ਪਿਛੋਂ ਚੀਨ ਨੇ ਹੜਪੇ ਸਨ ਭਾਰਤ ਨੂੰ ਭੁੱਲ ਗਏ ਲਗਦੇ ਹਨ। ਇਸ ਸਭ ਨੂੰ ਸਾਡੀ ਯਾਦ ਤੋਂ ਭੁਲਾਕੇ ਹੁਣ ਚੀਨ ਸਾਡੇ ਨਵੇਂ ਇਲਾਕਿਆਂ ਤੇ ਅੱਖ ਰੱਖੀ ਬੈਠਾ ਹੈ ਜਿਸ ਬਾਰੇ ਉਹ ਸਮੇਂ ਸਮੇਂ ਧਮਕੀਆਂ ਭਰੇ ਬਿਆਨ ਵੀ ਦਿੰਦਾ ਰਹਿੰਦਾ ਹੈ।

ਭਾਵੇਂ ਕਿ ਭਾਰਤ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਤਿਬਤ ਉਤੇ ਭਾਰਤ ਦੇ ਰਾਜਕੁਮਾਰ ਦਾ ਰਾਜ ਹੁੰਦਾ ਸੀ ਜਿਸ ਕਰਕੇ ਇਸ ਨੂੰ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਸੀ ਪਰ ਅਸੀਂ ਇਸ ਬਾਰੇ ਕਦੇ ਸੋਚਿਆ ਵਿਚਾਰਿਆ ਹੀ ਨਹੀਂ, ਡਿਪਲੋਮੈਟ ਪੱਧਰ ਤੇ ਤਾਂ ਕੀ ਉਠਾਉਣਾ ਸੀ।ਬੁਟੋਨ ਰਿੰਚਨ ਦਰੁਵ ਦੇ ਲਿਖਣ ਮੁਤਾਬਕ ਬਹੁਤ ਘਟ ਲੋਕ ਜਾਣਦੇ ਹਨ ਕਿ ਤਿਬਤੀ ਲੋਕ ਕੌਰਵਾਂ ਦੇ ਫੌਜੀ ਜਰਨੈਲ ਰੂਪਤੀ ਦੇ ਵੰਸ਼ਜ ਹਨ।ਤਿਬਤੀਆਂ ਦਾ ਰਾਜ ਧਰਮ ਬੁੱਧ ਧਰਮ ਵੀ ਭਾਰਤ ਵਿਚੋਂ ਹੀ ਗਿਆ ਸੀ ਜਿਸ ਨੂੰ ਤਿਬਤੀ ਰਾਜਿਆਂ ਸਾਂਗਸੈਨ ਗਾਂਪੋ ੳਤੇ ਤ੍ਰਿਸਾਂਗ ਗਿਆਤਸੋ ਨੇ ਫੈਲਾਇਆ ਸੀ। ਮਹਾਤਮਾ ਬੁੱਧ ਤੋਂ ਬਾਦ ਤਿੱਬਤ ਵਿਚ ਵੱਡੇ ਪੱਧਰ ਤੇ ਬੁੱਧ ਧਰਮ ਫੈਲਾਉਣ ਵਾਲਾ ਪਦਮਾਸੰਭਵ ਪੁਰਾਣੇ ਪੰਜਾਬ ਦੀ ਸਵਾਤ ਵਾਦੀ ਵਿਚ ਪੈਦਾ ਤੇ ਜਵਾਨ ਹੋਇਆ ਪੰਜਾਬੀ ਸੀ।ਤਿੱਬਤੀ ਬੋਧੀਆਂ ਲਈ ਭਾਰਤ ਵਿਚਲੇ ਸਾਰਨਾਥ, ਬੋਧ ਗਇਆ, ਸਾਂਚੀ ਆਦਿ ਸਭ ਤੋਂ ਮਹਤਵਪੂਰਨ ਯਾਤਰਾ ਸਥਾਨ ਹਨ।(ਮਹਿਰੋਤਰਾ, ਐਲ ਐਲ (2000). ਭਾਰਤ ਦੀ ਤਿੱਬਤ ਨੀਤੀ: ਇੱਕ ਮੁਲਾਂਕਣ ਅਤੇ ਵਿਕਲਪ (ਪੀਡੀਐਫ) (ਤੀਜਾ ਸੰਪਾਦਨ). ਨਵੀਂ ਦਿੱਲੀ: ਤਿੱਬਤੀ ਸੰਸਦੀ ਅਤੇ ਨੀਤੀ ਖੋਜ ਕੇਂਦਰ, ਨਵੀਂ ਦਿੱਲੀ।) ਮਾਨਸਰੋਵਰ ਨੇੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਰਨੈਲ ਜ਼ੋਰਾਵਰ ਸਿੰਘ ਜਿਸ ਨੇ ਲਦਾਖ ਅਕਸਾਈ ਚਿਨ ਜਿਤ ਕੇ ਪੰਜਾਬ ਰਾਜ ਵਿਚ ਮਿਲਾਇਆ ਸੀ, ਦੀ ਪੱਥਰਾਂ ਦੀ ਸਮਾਧ ਹੈ ਜਿਸ ਤੇ ਜਾ ਕੇ ਤਿੱਬਤੀ ਔਰਤਾਂ ਮੰਨਤ ਮੰਨਦੀਆਂ ਹਨ ਕਿ ਉਨ੍ਹਾਂ ਦੀ ਔਲਾਦ ਜ਼ੋਰਾਵਰ ਸਿੰਘ ਵਰਗੀ ਬਹਾਦਰ ਹੋਵੇ। ਤਿੱਬਤ ਨੂੰ ਅਪਣਾ ਜਤਾਉਣਾ ਅਤੇ ਭਾਰਤ ਦਾ ਪ੍ਰਭੂਤਵ ਬਣਾਉਣਾ ਭਾਰਤ ਦੀ ਸਰਕਾਰ ਲਈ ਮਹੱਤਪੂਰਨ ਸੀ ਪਰ ਭਾਰਤ ਦੀ ਸਰਕਾਰ ਇਸ ਵਿਚ ਕਿਉਂ ਖੁੰਝ ਗਈ ਤੇ ਤਿੱਬਤ ਨੂੰ ਚੀਨ ਦਾ ਹਿੱਸਾ ਕਿਉਂ ਮੰਨਣ ਲੱਗ ਪਈ ਇਸ ਦੀ ਸਮਝ ਨਹੀਂ ਆਉਂਦੀ।ਇਸ ਕਾਰਨ ਸ਼ੀ ਜਿਨਪਿੰਗ ਦੀ ਤਿੱਬਤ ਦੀ ਇਹ ਯਾਤਰਾ ਮਹਤਵਪੂਰਨ ਹੈ।

ਚੀਨ ਨੇ 1950 ਵਿਚ ਇਸ ਖੇਤਰ ਉਤੇ ਕਬਜ਼ਾ ਕਰਨ ਲਈ ਹਜ਼ਾਰਾਂ ਫੌਜਾਂ ਭੇਜੀਆਂ। ਕੁਝ ਤਿੱਬਤੀ ਖੇਤਰ ਖੁਦਮੁਖਤਿਆਰੀ ਖੇਤਰ ਬਣ ਗਏ ਅਤੇ ਕੁਝ ਨੂੰ ਚੀਨੀ ਰਾਜਾਂ ਵਿਚ ਸ਼ਾਮਲ ਕਰ ਲਏ ਗਏ।ਤਿੱਬਤ ਵਿਚ ਰਾਜਨੀਤਕ ਵਾਤਾਵਰਣ ਅਸ਼ਾਂਤ ਹੈ। ਚੀਨ ਨੇ ਤਿੱਬਤ ਉਤੇ ਕਬਜ਼ਾ ਤਾਂ ਜਬਰੀ ਕਰ ਲਿਆ ਹੈ ਪਰ ਤਿੱਬਤੀਆਂ ਦੇ ਦਿਲ ਉਤੇ ਨਹੀਂ ਸਗੋਂ ਦਿਲ ਤਾਂ ਭਾਰਤਵਾਸੀ ਦਲਾਈ ਲਾਮਾ ਨਾਲ ਹਨ।ਇਸ ਤਿਬਤ ਦੇ ਚੱਕਰ ਵਿਚ ਹੀ ਚੀਨ ਨੇ 1962 ਵਿਚ ਭਾਰਤ ਤੇ ਹਮਲਾ ਕਰ ਦਿਤਾ ਤੇ ਕਈ ਮਹੱਤਵਪੂਰਨ ਇਲਾਕੇ ਹਥਿਆ ਲਏ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਤਿੱਬਤ ਦੇ ਖੇਤਰ ਦਾ ਜੁਲਾਈ 21-22 ਨੂੰ ਕੀਤਾ ਗਿਆ ਇਹ ਦੌਰਾ ਕਿਸੇ ਵੱਡੇ ਚੀਨੀ ਨੇਤਾ ਦਾ 30 ਸਾਲਾਂ ਵਿੱਚ ਪਹਿਲਾ ਸਰਕਾਰੀ ਦੌਰਾ ਹੈ ਜੋੇ ਰਖਿਆ ਵੀ ਗੁਪਤ ਗਿਆ ਸੀ। ਇਸ ਫੇਰੀ ਦੀ ਸੰਵੇਦਨਸ਼ੀਲਤਾ ਇਤਨੀ ਸੀ ਕਿ ਖਬਰ ਬਾਹਰ ਨਹੀਂ ਨਿਕਲਣ ਦਿਤੀ ਗਈ। ਜਾਣ ਤੋਂ ਬਾਦ ਹੀ ਇਸ ਫੇਰੀ ਦੀ ਜਾਣਕਾਰੀ ਦਿੱਤੀ ਗਈ। ਲਾਸਾ ਵਿੱਚ, ਸ਼ੀ ਜਿਨਪਿੰਗ ਨੇ ਪੋਟਾਲਾ ਪੈਲੇਸ ਦਾ ਦੌਰਾ ਕੀਤਾ।ਉਚਾਈ ਵਾਲੀ ਨਵੀਂ ਰੇਲਵੇ ਉੱਤੇ ਰਾਜਧਾਨੀ ਲਾਸਾ ਦੀ ਯਾਤਰਾ ਕੀਤੀ ਤੇ ਸ਼ਹਿਰੀ ਵਿਕਾਸ ਬਾਰੇ ਜਾਨਣ ਲਈ ਕਈ ਥਾਵਾਂ ਦਾ ਦੌਰਾ ਕੀਤਾ।ਫਿਰ ਉਹ ਦੇਸ਼ ਦੇ ਦੱਖਣ-ਪੂਰਬ ਵਿਚ ਨੀਂਗੀਚੀ ਪਹੁੰਚਿਆ ਜੋ ਅਰੁਣਾਚਲ ਪ੍ਰਦੇਸ਼ ਦੀ ਹੱਦ ਤੇ ਹੈ ਤੇ ਜਿੱਥੇ ਬ੍ਰਹਮਪੁਤਰ ਉਪਰ ਚੀਨ ਦਾ ਨਵਾਂ ਡੈਮ ਉਸਾਰੀ ਅਧੀਨ ਹੈ।

ਇਸ ਵੇਲੇ ਪੱਛਮੀ ਮੋਰਚੇ ਤੇ ਲਦਾਖ ਦੇ ਦਿਪਸਾਂਗ, ਗੋਗਰਾ-ਹਾਟਸਪਰਿੰਗ ਇਲਾਕੇ ਵਿਚ ਦੋ ਲੱਖ ਭਾਰਤੀ ਤੇ ਚੀਨੀ ਹਥਿਆਰਬੰਦ ਸੈਨਾਵਾਂ ਪਹਿਲਾਂ ਹੀ ਆਹਮੋ ਸਾਹਮਣੇ ਹਨ, ਬ੍ਰਾਹਮਪੁੱਤਰ 'ਤੇ ਚੀਨ ਦੇ ਸੁਪਰ ਡੈਮ ਪ੍ਰਾਜੈਕਟ ਦੇ ਨੇੜੇ ਸਥਿਤ ਨਿੰਗਚੀ ਦਾ ਸ਼ੀ ਦਾ ਇਹ ਦੌਰਾ ਚੀਨ ਦੇ ਪੂਰਬੀ ਮੋਰਚੇ ਨੂੰ ਖੋਲ੍ਹਣ ਦੇ ਸੰਕੇਤ ਵਜੋਂ ਵੀ ਲਿਆ ਜਾ ਸਕਦਾ ਹੈ।ਇਸ ਦੌਰੇ ਦੀ ਦੂਜੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸ਼ੀ ਦੇ ਪ੍ਰਤੀਨਿਧੀ ਮੰਡਲ ਵਿਚ ਸ਼ਕਤੀਸ਼ਾਲੀ ਕੇਂਦਰੀ ਮਿਲਟਰੀ ਕਮਿਸ਼ਨ ਦੇ ਉਪ-ਚੇਅਰਮੈਨ ਝਾਂਗ ਯੂਕਸੀਆ ਵੀ ਸ਼ਾਮਲ ਸਨ ਜਿਸ ਨਾਲ ਇਸ ਦੌਰੇ ਦਾ ਸੈਨਿਕ ਮਹੱਤਵ ਹੋਰ ਵੀ ਵਧ ਜਾਂਦਾ ਹੈ ।ਇਸ ਨਾਲ ਇੱਕ ਗੱਲ ਹੋਰ ਵੀ ਉੱਘੜਕੇ ਆਉਂਦੀ ਹੈ ਕਿ ਇਨੀਂ ਦਿਨੀ ਅਮਰੀਕਾ ਦੇ ਵਿਦੇਸ਼ ਮੰਤਰੀ ਅਂੈਟਨੀ ਬਲਿੰਕਨ ਭਾਰਤ ਦੌਰੇ ਤੇ ਆ ਰਹੇ ਹਨ ਜਿਸ ਵਿਚ ਕੁਆਡ ਦਾ ਮਾਮਲਾ ਵੀ ਮਹੱਤਵਪੂਰਨ ਹੈ ਜਿਸ ਤੋਂ ਚੀਨ ਖਫਾ ਹੈ। ਦੂਸਰੇ ਸ਼ੀ ਨੇ ਆਪਣੀ ਕਮਿਊਨਿਸਟ ਪਾਰਟੀ ਨੂੰ ਵੀ ਕੁਝ ਨਵਾਂ ਪੇਸ਼ ਕਰਨਾ ਹੈ। ਹੁਣ ਜਦੋਂ ਕਿ ਭਾਰਤ ਤੇ ਚੀਨ ਦੀਆਂ ਦੋ ਲੱਖ ਦੇ ਕਰੀਬ ਸੈਨਾਵਾਂ ਆਹਮੋ ਸਾਹਮਣੇ ਹਨ ਤੇ ਚੀਨ ਗੱਲ ਬਾਤ ਵਿਚ ਕਿਸੇ ਵੀ ਫੈਸਲੇ ਤੇ ਨਹੀਂ ਪਹੁੰਚ ਰਿਹਾ ਜਿਸ ਕਾਰਨ ਦੋਨਾਂ ਦੇਸ਼ਾਂ ਵਿਚ ਤਣਾ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
 

❤️ CLICK HERE TO JOIN SPN MOBILE PLATFORM

Top