• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਸੰਨ 1947 ਦੀ ਵੰਡ ਤੇ ਪੰਜਾਬ

dalvinder45

SPNer
Jul 22, 2023
588
36
79
ਸੰਨ 1947 ਦੀ ਵੰਡ ਤੇ ਪੰਜਾਬ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪਿਛੋਕੜ:

ਭਾਰਤ 1947 ਈਸਵੀ ਤੋਂ ਪਹਿਲਾਂ ਉਤਰ ਤੋਂ ਦੱਖਣ ਵਲ ਰੂਸ ਤੇ ਚੀਨ ਦੀਆਂ ਹੱਦਾਂ ਤੋਂ ਲੈ ਕੇ ਸ੍ਰੀ ਲੰਕਾ ਤਕ ਤੇ ਪੂਰਬ ਤੋਂ ਪਛਮ ਵਲ ਬਰ੍ਹਮਾ ਦੀਆਂ ਹੱਦਾਂ ਤੋਂ ਲੈ ਕੇ ਈਰਾਨ ਦੀਆਂ ਹੱਦਾਂ ਨੂੰ ਜਾ ਛੂੰਹਦਾ ਸੀ। ਇਹ ਸਾਰਾ ਅੰਗ੍ਰੇਜ਼ੀ ਰਾਜ ਦਾ ਹਿਸਾ ਸੀ ਜਿਸ ਤੋਂ ਇਥੋਂ ਦੇ ਲੋਕਾਂ ਨੂੰ ਲੰਬੇ ਸ਼ੰਘਰਸ਼ ਤੋਂ ਬਾਦ ਅੰਗ੍ਰੇਜ਼ੀ ਰਾਜ ਤੋਂ ਆਜ਼ਾਦੀ ਮਿਲੀ ਸੀ।

ਅੰਗ੍ਰੇਜ਼ਾਂ ਦੀ ਦੋ-ਨੇਸ਼ਨ ਥਿਉਰੀ ਅਧੀਨ ਵਿਸ਼ਾਲ ਹਿੰਦੁਸਤਾਨ ਸੰਨ 1947 ਵਿਚ ਭਾਰਤ ਤੇ ਪਾਕਿਸਤਾਨ ਵਿਚ ਵੰਡਿਆ ਗਿਆ। ਜੇ ਪਾਕਿਸਤਾਨ ਲਈ 14 ਅਗਸਤ 1947 ਆਜ਼ਾਦੀ ਦਿਵਸ ਬਣਿਆ ਤਾਂ ਭਾਰਤ ਲਈ 15 ਅਗਸਤ 1947 ਆਜ਼ਾਦੀ ਦਿਵਸ ਬਣ ਗਿਆ। ਭਾਰਤ ਦੀ ਵਾਗਡੋਰ ਜਵਾਹਰ ਲਾਲ ਨਹਿਰੂ ਨੇ ਸਾਂਭ ਲਈ ਤੇ ਪਾਕਿਸਤਾਨ ਦੀ ਮੁਹੰਮਦ ਅਲੀ ਜਿਨਾਹ ਨੇ । ਇਹ ਸਭ ਮਹਾਤਮਾ ਗਾਂਧੀ ਦੀ ਰਜ਼ਾਮੰਦੀ ਨਾਲ ਹੋਇਆ। ਭਾਰਤ ਹਿੰਦੂ ਬਹੁਲ ਰਿਪਬਲਿਕ ਆਫ ਇੰਡੀਆ ਤੇ ਪਾਕਿਸਤਾਨ ਮੁਸਲਿਮ ਬਹੁਲ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਬਣ ਗਿਆ। ਘਟ ਗਿਣਤੀ ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਹਿੰਦੂਆਂ ਨੇ ਅਪਣਾ ਹਿਸਾ ਬਣਾ ਲਿਆ ਤੇ ਟਾਂਵੇਂ ਟਾਂਵੇਂ ਇਸਾਈ ਦੋਨਾਂ ਦੇਸ਼ਾਂ ਵਿਚ ਖਪਤ ਹੋ ਗਏ।

ਕਿਸ ਸੂਬੇ ਨੇ ਕਿਸ ਦੇਸ਼ ਨਾਲ ਮਿਲਣਾ ਸੀ ਇਹ ਉਥੋਂ ਦੇ ਸ਼ਾਸ਼ਕਾਂ ਦਾ ਫੈਸਲਾ ਸੀ।ਸਭ ਤੋਂ ਪਹਿਲਾਂ ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਰਾਜਿਆਂ ਨੇ ਅਪਣਾ ਰਾਜ ਭਾਰਤ ਵਿਚ ਮਿਲਾਏ ਜਾਣ ਦਾ ਫੈਸਲਾ ਲਿਆ। ਕੁਝ ਰਿਆਸਤਾਂ ਦੇ ਰਾਜਿਆਂ ਨੇ ਅਪਣੇ ਆਪ ਨੂੰ ਕਿਸੇ ਵੀ ਦੇਸ਼ ਵਿਚ ਨਾ ਸ਼ਾਮਿਲ ਹੋਣ ਦਾ ਫੈਸਲਾ ਲਿਆ ਜਿਨ੍ਹਾਂ ਵਿਚ ਹੈਦਰਾਬਾਦ, ਗੋਆ, ਜੂਨਾਗੜ੍ਹ, ਬਲੋਚਿਸਤਾਨ ਤੇ ਕਸ਼ਮੀਰ ਸਨ ਜੋ ਅਪਣੇ ਆਪ ਨੂੰ ਵਖਰਾ ਰਾਜ ਬਣਾ ਕੇ ਰੱਖਣਾ ਚਾਹੁੰਦੇ ਸਨ। ਹੈਦਰਾਬਾਦ, ਜੂਨਾਗੜ੍ਹ ਤੇ ਗੋਆ ਨੂੰ ਭਾਰਤ ਨੇ ਅਪਣੀ ਸ਼ਕਤੀ ਜ਼ਰੀਏ ਮਿਲਾ ਲਿਆ ਤੇ ਬਲੋਚਿਸਤਾਨ ਨੂੰ ਸੰਨ 1948 ਵਿਚ ਪਾਕਿਸਤਾਨ ਨੇ।ਜਦ ਪਾਕਿਸਤਾਨ ਨੇ ਕਸ਼ਮੀਰ ਉਤੇ ਕਬਾਇਲੀਆਂ ਰਾਹੀਂ ਹਮਲਾ ਕਰਵਾ ਦਿਤਾ ਤਾਂ ਕਸ਼ਮੀਰ ਦੇ ਰਾਜੇ ਨੇ ਹਿੰਦੁਸਤਾਨ ਵਿਚ ਮਿਲਾਏ ਜਾਣ ਦਾ ਫੈਸਲਾ ਦੇ ਦਿਤਾ।

ਜਿਨ੍ਹਾਂ ਦੋ ਹੱਦੀ ਸੂਬਿਆਂ ਬੰਗਾਲ ਤੇ ਪੰਜਾਬ ਵਿਚ ਹਿੰਦੂ ਤੇ ਮੁਸਲਮਾਨ ਜ਼ਿਆਦਾ ਸੰਖਿਆ ਵਿਚ ਸਨ ਉਨ੍ਹਾਂ ਨੂੰ ਧਰਮ ਦੇ ਆਧਾਰ ਤੇ ਦੋ ਦੋ ਭਾਗਾਂ ਵਿਚ ਵੰਡ ਦਿਤਾ ਜਿਵੇਂ ਕਿ ਪੂਰਬੀ ਤੇ ਪੱਛਮੀ ਪੰਜਾਬ ਤੇ ਪੂਰਬੀ ਤੇ ਪੱਛਮੀ ਬੰਗਾਲ। ਇਨ੍ਹਾਂ ਹਿਸਿਆਂ ਵਿਚ ਘੱਟ ਗਿਣਤੀ ਲੋਕਾਂ ਨੂੰ ਵੱਧ ਗਿਣਤੀ ਇਲਾਕੇ ਵਿਚ ਜਾਣਾ ਪਿਆ ਭਾਵ ਭਾਰਤੀ ਪੰਜਾਬ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਵਿਚ ਤੇ ਪਾਕਿਸਤਾਨੀ ਪੰਜਾਬ ਦੇ ਹਿੰਦੂਆਂ ਸਿੱਖਾਂ ਨੂੰ ਭਾਰਤੀ ਪੰਜਾਬ ਵਿਚ ਅਪਣੇ ਘਰ ਘਾਟ ਛੱਡ ਕੇ ਆਉਣਾ-ਜਾਣਾ ਪਿਆ। ਇਸੇ ਤਰ੍ਹਾਂ ਪੂਰਬੀ ਬੰਗਾਲ ਤੋਂ ਹਿੰਦੂਆਂ ਨੂੰ ਤੇ ਪਛਮੀ ਬੰਗਾਲ ਤੋਂ ਅਪਣੇ ਘਰ ਘਾਟ ਛੱਡ ਕੇ ਆਉਣਾ-ਜਾਣਾ ਪਿਆ। ਇਸ ਨੂੰ ਇਸ ਬਦਲੀ ਦੀ ਮਾਰ ਥੱਲੇ ਆਏ ਲੋਕ ਉਜਾੜਾ ਜਾਂ ਵੰਡ ਦਾ ਨਾਮ ਦਿੰਦੇ ਹਨ ਤੇ ਇਨ੍ਹਾਂ ਇਕ ਕ੍ਰੋੜ ਤੋਂ ਉਪਰ ਲੋਕਾਂ ਨੂੰ ਰਫਿਊਜੀ ਕਿਹਾ ਗਿਆ।ਇਸ ਅਦਲਾ ਬਦਲੀ ਵਿਚ ਹਿੰਦੂ-ਸਿਖਾਂ ਤੇ ਮੁਸਲਮਾਨਾਂ ਦੀ ਕਾਫੀ ਕਟਾ-ਵਢੀ ਵੀ ਹੋਈ ਜਿਸ ਲਈ ਇਸ ਨੂੰ ਕਟਾ-ਵਢੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।ਇਸ ਕਟਾ-ਵਢੀ ਵਿਚ ਵੱਖ ਵੱਖ ਅੰਦਾਜਿਆਂ ਅਨੁਸਾਰ ਤਕਰੀਬਨ 2 ਲੱਖ ਤੋਂ ਵੀਹ ਲੱਖ ਤਕ ਮਾਰੇ ਗਏ ਦਸੀਂਦੇ ਹਨ।

ਹਿੰਦੂਆਂ ਤੇ ਮੁਸਲਮਾਨਾਂ ਵਿਚ ਇਕ ਸਦੀਵੀ ਪਾੜ ਪੈ ਗਿਆ। ਵੰਡ ਵੇਲੇ ਕੁਝ ਕੁ ਇਲਾਕਿਆਂ ਦਾ ਝਮੇਲਾ ਵਧਦਾ ਵਧਦਾ ਦੋਨਾਂ ਦੇਸ਼ਾਂ ਵਿਚਕਾਰ ਚਾਰ ਯੁੱਧਾਂ ਦਾ ਕਾਰਨ ਬਣ ਗਿਆ। ਪਾਕਿਸਤਾਨੀਆਂ ਵਲੋਂ ਸੰਨ 1948 ਵਿਚ ਉਕਸਾਏ ਕਬਾਇਲੀਆਂ ਦਾ ਕਸ਼ਮੀਰ ਤੇ ਹਮਲਾ ਕਸ਼ਮੀਰ ਨੂੰ ਭਾਰਤੀ ਕਸ਼ਮੀਰ ਤੇ ਪਾਕਿਸਤਾਨੀ ਕਸ਼ਮੀਰ ਵਿਚ ਵੰਡ ਗਿਆ ਜਿਸ ਕਰਕੇ 1965 ਤੇ ਫਿਰ 1999 ਈਸਵੀ ਵਿਚ ਦੋਨਾਂ ਦੇਸ਼ਾਂ ਵਿਚ ਯੁੱਧ ਹੋਏ।ਕਸ਼ਮੀਰ ਦਾ ਇਕ ਹਿਸਾ ਅਪਣੇ ਨਾਲ ਮਿਲਾਏ ਰੱਖਣ ਲਈ ਭਾਰਤ ਨੇ ਅਪਣੇ ਸੰਵਿਧਾਨ ਵਿਚ 370 ਧਾਰਾ ਰਾਹੀਂ ਖਾਸ ਦਰਜਾ ਦੇ ਦਿਤਾ ਜਿਸ ਅਨੁਸਾਰ ਕਸ਼ਮੀਰ ਦਾ ਅਪਣਾ ਸੰਵਿਧਾਨ ਤੇ ਝੰਡਾ ਹੋਣਾ ਸੀ। ਇਸ ਧਾਰਾ ਅਧੀਨ ਕਸ਼ਮੀਰ ਦੀ ਅਸੈਂਬਲੀ ਨੇ ਧਾਰਾ 35ਏ ਪਾਸ ਕਰਕੇ ਕਿਸੇ ਵੀ ਭਾਰਤੀ ਨੂੰ ਕਸ਼ਮੀਰ ਵਿਚ ਜ਼ਮੀਨੀ ਜਾਂ ਹੋਰ ਜਾਇਦਾਦ ਬਣਾਉਣ ਤੋਂ ਵਾਂਝਾ ਕਰ ਦਿਤਾ ਜਦ ਇਹ ਹਕ ਪਾਕਿਸਤਾਨ ਵਾਲੇ ਹਿਸੇ ਦੇ ਕਸ਼ਮੀਰ ਦੇ ਲੋਕਾਂ ਲਈ ਬਹਾਲ ਰੱਖੇ ਗਏ।

ਸੰਨ 1971 ਵਿਚ ਭਾਰਤ ਨੇ ਪੂਰਬੀ ਪਾਕਿਸਤਾਨ ਜੋ ਬੰਗਾਲ ਤੋਂ ਟੁੱਟ ਕੇ ਬਣਿਆ ਸੀ ਪਾਕਿਸਤਾਨ ਤੋਂ ਆਜ਼ਾਦ ਕਰਵਾ ਦਿਤਾ ਜੋ ਹੁਣ ਬੰਗਲਾ ਦੇਸ਼ ਦੇ ਨਾਮ ਤੇ ਵਖਰਾ ਦੇਸ਼ ਬਣ ਗਿਆ ਹੈ। ਸੰਨ 1989 ਤੋਂ ਅਜ ਤਕ ਦੋਨਾਂ ਦੇਸ਼ਾਂ ਵਿਚ ਪਰਾਕਸੀ ਵਾਰ ਲਗਾਤਾਰ ਚਲਦੀ ਆ ਰਹੀ ਹੈ ਜਿਸ ਵਿਚ ਪਾਕਿਸਤਾਨ ਨੇ ਅਪਣੇ ਵਲੋਂ ਆਤੰਕੀਆਂ ਦੇ ਜੱਥੇ ਭੇਜ ਕੇ ਭਾਰਤੀ ਕਸ਼ਮੀਰ ਵਿਚ ਲਗਾਤਾਰ ਆਤੰਕ ਫੈਲਾਉਣ ਦੀ ਕੋਸ਼ਿਸ਼ ਕੀਤੀ ਤੇ ਭਾਰਤ ਅੰਦਰ ਵੀ ਕਈ ਵੱਡੇ ਆਤੰਕੀ ਹਮਲੇ ਕੀਤੇ ।ਇਸ ਪਰਾਕਸੀ ਯੁੱਧ ਵਿਚ ਪਹਿਲਾਂ ਹੋਏ ਸਾਰੇ ਯੁਧਾਂ ਨਾਲੋਂ ਜ਼ਿਆਦਾ ਲੋਕ ਮਾਰੇ ਜਾ ਚੁਕੇ ਹਨ।

ਸੰਨ 1971 ਵਿਚ ਭਾਰਤ ਨੇ ਪਾਕਿਸਤਾਨ ਦੇ 93,000 ਸੈਨਿਕ ਬੰਦੀ ਬਣਾ ਲਏ ਸਨ ਜਿਨ੍ਹਾਂ ਨੂੰ ਛੁਡਾਉਣ ਲਈ ਪਾਕਿਸਤਾਨ ਦੇ ਪ੍ਰਧਾਨਮੰਤਰੀ ਜ਼ੁਲਫਕਾਰ ਅਲੀ ਭੁਟੋ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਵਿਚਕਾਰ ਸੰਨ 1972 ਵਿਚ ਸਮਝੌਤਾ ਹੋਇਆ ਜਿਸ ਵਿਚ ਬੰਗਲਾਦੇਸ਼ ਨੂੰ ਆਜ਼ਾਦ ਦੇਸ਼ ਮੰਨ ਲਿਆ ਗਿਆ ਤੇ ਅੱਗੇ ਨੂੰ ਦੋਨਾਂ ਦੇਸ਼ਾਂ ਦੇ ਝਗੜੇ ਦੋਨਾਂ ਵਿਚ ਆਪਸ ਵਿਚ ਮਿਲ ਬੈਠ ਕੇ ਸੁਲਝਾਉਣੇ ਹੋਣਗੇ ਤੇ ਕੋਈ ਵੀ ਤੀਜੀ ਧਿਰ ਦਖਲ ਨਹੀਂ ਦੇਵੇਗੀ। ਕਿਸੇ ਵੀ ਤੀਜੀ ਧਿਰ ਦਾ ਦਾਖਲਾ ਸ਼ਿਮਲਾ ਸਮਝੌਤੇ ਨੂੰ ਭੰਗ ਕਰਦਾ ਸਮਝਿਆ ਜਾਵੇਗਾ।

ਦੋ ਨੇਸ਼ਨ ਥਿਉਰੀ ਦਾ ਮੁਢ ਮਹਾਂ ਸਭਾ ਦੇ ਆਗੂ ਲਾਲਾ ਲਾਜਪਤ ਰਾਇ ਦੇ ਦਿਮਾਗ ਦੀ ਉਪਜ ਹੈ ਜਿਸ ਨੇ 14 ਦਿਸੰਬਰ 1924 ਦੇ ਅੰਗ੍ਰੇਜ਼ੀ ਟ੍ਰਿਬਿਊਨ ਵਿਚ ਇਸ ਦੀ ਪਿਠਭੂਮੀ ਉਲੀਕਦਿਆਂ ਲਿਖਿਆ: ‘ਮੇਰੀ ਇਸ ਯੋਜਨਾ ਅਧੀਨ ਮੁਸਲਮਾਨਾਂ ਲਈ ਚਾਰ ਰਿਆਸਤਾਂ ਹੋਣਗੀਆਂ: 1. ਪਠਾਨੀ ਸੂਬਾ ਨਾਰਥ-ਵੈਸਟ ਫਰੰਟੀਅਰ 2. ਪੱਛਮੀ ਪੰਜਾਬ 3. ਸਿੰਧ ਤੇ 4. ਪੂਰਬੀ ਬੰਗਾਲ । ਹੋਰ ਜਿਥੇ ਵੀ ਮੁਸਲਮਾਨਾਂ ਦੀ ਸੰਘਣੀ ਆਬਾਦੀ ਹੈ ਜੋ ਸੂਬੇ ਦਾ ਰੂਪ ਧਾਰਨ ਕਰ ਸਕਦੀ ਹੈ ਉਹ ਹਿਸਾ ਵੀ ਇਸ ਵਿਚ ਸ਼ਾਮਿਲ ਹੋਵੇ ।ਇਹ ਸਾਫ ਤੌਰ ਤੇ ਸਮਝ ਲੈਣਾ ਚਾਹੀਦਾ ਹੈ ਕਿ ਇਹ ਯੁਨਾਈਟਡ ਇੰਡੀਆ ਨਹੀਂ ਹੋਵੇਗਾ, ਇਹ ਮੁਸਲਿਮ ਤੇ ਨਾਨ-ਮੁਸਲਿਮ ਇਲਾਕਿਆਂ ਦੀ ਸਾਫ ਵੰਡ ਹੋਵੇਗੀ।

ਭਾਰਤ ਦੀ ਅਸਲੀ ਵੰਡ ‘ਤਿੰਨ ਜੂਨ ਦੀ ਯੋਜਨਾ ਜਾਂ ‘ਮਾਉਂਟਬੈਟਨ ਯੋਜਨਾ’ ਅਧੀਨ ਹੋਈ ਜਦ 3 ਜੂਨ 1947 ਨੂੰ ਮਾਊਂਟਬੈਟਨ ਨੇ ਐਲਾਨ ਕੀਤਾ:

1. ਪੰਜਾਬ ਤੇ ਬੰਗਾਲ ਦੇ ਸਿੱਖ, ਹਿੰਦੂ ਤੇ ਮੁਸਲਮਾਨ ਦੀਆਂ ਅਸੈਂਬਲੀਆਂ ਮਿਲ ਕੇ ਫੈਸਲਾ ਲੈਣਗੀਆਂ ਤੇ ਵੰਡ ਬਾਰੇ ਫੈਸਲਾ ਲੈਣਗੀਆਂ। ਜੇ ਕੋਈ ਵੀ ਵਡਾ ਜਾਂ ਛੋਟਾ ਗ੍ਰੁਪ ਵੰਡ ਚਾਹੇ ਤਾਂ ਸੂਬੇ ਦੀ ਵੰਡ ਕੀਤੀ ਜਾਵੇਗੀ।

2. ਸਿੰਧ ਤੇ ਬਲੋਚਿਸਤਾਨ ਅਪਣਾ ਫੈਸਲਾ ਆਪ ਲੈਣਗੇ।

3. ਨਾਰਥ ਵੈਸਟ ਫਰੰਟੀਅਰ ਪਰੋਵਿੰਸ ਤੇ ਅਸਾਮ ਦੇ ਸਿਲਹਟ ਜ਼ਿਲੇ ਅਪਣਾ ਫੈਸਲਾ ਰਿਫਰੈਂਡਮ ਰਾਹੀਂ ਲੈਣਗੇ।

4. ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਵੇਗਾ।

5. ਬੰਗਾਲ ਆਜ਼ਾਦ ਮੁਲਕ ਨਹੀਨ ਹੋਵੇਗਾ।

6. ਵੰਡ ਦੇ ਇਲਾਕਿਆ ਦਾ ਫੇਸਲਾ ਲੈਣ ਲਈ ਇਕ ਕਮਿਸ਼ਨ ਬੈਠੇਗਾ।

ਇਹ ਫੈਸਲਾ ਦੋਨੋਂ ਪੱਖਾਂ ਦੇ ਲੀਡਰਾਂ ਦੀ 2 ਜੂਨ ਦੀ ਸਹਿਮਤੀ ਪਿਛੋਂ ਹੋਇਆ ਜਿਸ ਵਿਚ ਰਾਜਿਆਂ ਦੇ ਰਾਜਾਂ ਬਾਰੇ ਕੋਈ ਫੈਸਲਾ ਨਹੀਂ ਸੀ ਪਰ ਮਾਉਂਟਬੈਟਨ ਨੇ ਇਨ੍ਹਾਂ ਨੂੰ ਵੀ ਮਿਲਾਏ ਜਾਣ ਦਾ ਫੈਸਲਾ 3 ਜੂਨ ਨੂੰ ਹੀ ਲਿਆ।

ਪੰਜਾਬ

1692431067947.png

ਸੰਨ 1947 ਦੀ ਵੰਡ ਤੋਂ ਪਹਿਲਾਂ ਪੰਜਾਬ
ਪੰਜ ਦਰਿਆਵਾਂ (ਸਤਿਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ) ਦੀ ਧਰਤੀ ਦੀਆਂ 1947 ਤੋਂ ਪਹਿਲਾਂ ਦੀਆਂ ਹੱਦਾਂ ਸਿੰਧ ਤੇ ਜਮੁਨਾ ਦਰਿਆਵਾਂ ਵਿਚਕਾਰ ਸਨ।ਸਿਖ ਰਿਆਸਤਾਂ ਤੋਂ ਪਹਿਲਾਂ ਸੰਨ 1716 ਤੋਂ 1799 ਤਕ ਸਿੱਖ ਕਨਫੈਡਰੇਸੀ ਦਾ ਰਾਜ ਪੰਜਾਬ ਵਿਚ ਹੀ ਨਹੀਂ, ਅਵਧ ਤੇ ਦਿਲੀ ਤਕ ਫੈਲਿਆ ਹੋਇਆ ਸੀ।ਮਹਾਰਾਜਾ ਰਣਜੀਤ ਸਿੰਘ ਸਤਿਲੁਜ ਤੋਂ ਉਪਰਲੇ ਇਲਾਕੇ ਦਾ ਰਾਜਾ ਸੀ ਜਿਸ ਦੇ ਖਾਨਦਾਨ ਦਾ ਰਾਜ 29 ਮਾਰਚ 1849 ਤਕ ਚੱਲਿਆ।ਪਿਛੋਂ ਇਸ ਨੂੰ ਅੰਗ੍ਰੇਜ਼ਾਂ ਨੇ ਹਥਿਆ ਕੇ ਅਪਣੇ ਰਾਜ ਵਿਚ ਮਿਲਾ ਲਿਆ।
1692431240285.png
1692431257292.png

ਮਹਾਰਾਜਾ ਰਣਜੀਤ ਸਿੰਘ (ਸਤਿਲੁਜ ਤੋਂ ਉਪਰਲੇ ਇਲਾਕੇ) ਦਾ ਰਾਜ

ਸਿਖ ਰਿਆਸਤਾਂ ਰਾਜ ਸਤਿਲੁਜ ਤੋਂ ਥਲੜੇ ਇਲਾਕੇ ਵਿਚ ਸਨ ਜਿਨ੍ਹਾਂ ਵਿਚ ਪਟਿਆਲਾ, ਨਾਭਾ, ਜੀਂਦ, ਕਲਸੀਆਂ, ਕੈਥਲ, ਕਪੂਰਥਲਾ, ਫਰੀਦਕੋਟ ਆਦਿ ਦੀਆਂ ਸਿੱਖ ਰਿਆਸਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਦੀ ਹੱਦ ਦਿੱਲੀ, ਯੂ ਪੀ ਤੇ ਰਾਜਸਥਾਨ ਨੂੰ ਜਾ ਲਗਦੀ ਸੀ। ਇਹੋ ਇਲਾਕਾ ਬਾਦ ਵਿਚ ਪੈਪਸੂ ਅਖਵਾਇਆ।ਮਹਾਰਾਜਾ ਰਣਜੀਤ ਸਿੰਘ ਤੇ ਉਸਦੇ ਖਾਨਦਾਨ ਦੀ ਹਕੂਮਤ ਕਸ਼ਮੀਰ ਉਤਰ ਤੋਂ ਲੈ ਕੇ ਦੱਖਣ ਵਿਚ ਸਤਿਲੁਜ ਦਰਿਆ ਤਕ ਪੱਛਮ ਵਿਚ ਖੈਬਰ ਦਰਰੇ ਤੋਂ ਲੈ ਕੇ ਪੂਰਬ ਤਿਬਤ ਤਕ ਸੀ ਜਿਸਦੀ ਸੰਖਿਆ 1931 ਵਿਚ 35 ਲੱਖ ਸੀ।ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮੁੱਖ ਇਲਾਕੇ ਇਹ ਸਨ:
1. ਪੰਜਾਬ ਦਾ ਮਿਠਣਕੋਟ ਤਕ ਦਾ ਇਲਾਕਾ
2. ਹੁਣ ਦੇ ਪਾਕਿਸਤਾਨੀ ਪੰਜਾਬ ਦਾ ਸਾਰਾ ਇਲਾਕਾ (ਬਹਾਵਲਪੁਰ ਰਿਆਸਤ ਨੂੰ ਛਡਕੇ)

3. ਸਤਿਲੁਜ ਪਾਰ ਦੱਖਣੀ ਪੰਜਾਬ ਦੇ ਵੀ ਕੁਝ ਇਲਾਕੇ

4. ਹਿਮਾਚਲ ਪ੍ਰਦੇਸ਼ ਦੇ ਇਲਾਕੇ

5. ਅਜੋਕੇ ਜੂੰ ਕਸ਼ਮੀਰ ਰਾਜ ਦੀ ਜੰਮੂ ਡਵੀਜਨ (1808-1846)

6. ਕਸ਼ਮੀਰ (5 ਜੁਲਾਈ 1819 ਤੋਂ 15 ਮਾਰਚ 1846)

7. ਗਿਲਗਿਤ, ਗਿਲਗਿਤ-ਬਾਲਟੀਸਤਾਨ (1842-1846)

8. ਲਦਾਖ (1834-1846)

9. ਖੈਬਰ ਪਾਸ ਤੇ ਪੇਸ਼ਾਵਰ (1818-1846)

10. ਖੈਬਰ ਪਖਤੂਨਵਾ ਹਜ਼ਾਰਾ ਤੋਂ ਬੰਨੂ ਤਕ (1818-1846

11. ਤਿਬਤ ਤੇ ਚੀਨ ਦੇ ਕੁਝ ਭਾਗ

12. ਖੈਬਰ ਏਜੰਸੀ ਦਾ ਜਮਰੌਦ ਜ਼ਿਲਾ ਪਛਮੀ ਹਦ ਸੀ।

13. ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਕਬੁਲ ਤਕ ਵੀ ਪਹੁੰਚੀ ਤੇ 1838 ਵਿਚ ਸ਼ਾਹ ਸ਼ੁਜਾ ਨੂੰ ਗੱਦੀ ਤੇ ਬੈਠਾਇਆ।

ਸੰਨ 1949 ਪਿਛੋਂ ਅੰਗ੍ਰੇਜ਼ਾਂ ਨੇ ਪਜਾਬ ਦੇ ਹਿਸਿਆਂ ਨੂੰ ਦੋਆਬਾਂ ਵਿਚ ਵੰਡ ਦਿਤਾ ਜਿਵੇਂ ਸਿੰਧ-ਸਾਗਰ ਦੋਆਬ (ਸਿੰਧ ਤੇ ਜਿਹਲਮ ਵਿਚਕਾਰ) ਜੇਚ ਦੁਆਬ (ਜਿਹਲਮ ਤੇ ਚਨਾਬ ਵਿਚਲਾ ਇਲਾਕਾ) ਰਚਨਾ ਦੋਆਬ (ਚਿਨਾਬ ਤੇ ਰਾਵੀ ਵਿਚਲਾ ਇਲਾਕਾ) ਬਾਰੀ ਦੋਆਬ (ਰਾਵੀ ਤੇ ਬਿਆਸ ਵਿਚਲਾ ਇਲਾਕਾ) ਬਿਸਤ ਦੋਆਬ (ਸਤਿਲੁਜ ਤੇ ਬਿਆਸ ਵਿਚਾਲੇ)।

ਜਦ ਰੈਡਕਲਿਫ ਦੀ ਪ੍ਰਧਾਨਗੀ ਅਧੀਨੇ ਚਾਰ ਹੋਰ ਜੱਜਾਂ (ਦੋ ਮੁਸਲਿਮ ਤੇ ਦੋ ਹਿੰਦੂ) ਦਾ ਪੰਜਾਬ ਬਾਉਂਡਰੀ ਕਮਿਸ਼ਨ ਬੈਠਾ ਜਿਸ ਨੂੰ ਹਦਾਇਤਾਂ ਅਨੁਸਾਰ “ਪੰਜਾਬ ਦੇ ਦੋ ਹਿਸਿਆਂ ਦੀਆਂ ਹੱਦਾਂ ਮੁਸਲਿਮ ਤੇ ਗੈਰ-ਮੁਸਲਿਮ ਦੀ ਨਾਲ ਲਗਵੀਂ ਬਹੁਗਿਣਤੀ ਅਨੁਸਾਰ ਤੇ ਹੋਰ ਮੱਦਾਂ ਅਨੁਸਾਰ ਕਾਇਮ ਕਰਨਾ”। ਤਾਂ ਰਚਨਾ ਦੋਆਬ, ਬਾਰੀ ਦੋਆਬ ਤੇ ਬਿਸਤ ਦੋਆਬ ਤੇ ਹੀ ਬਹੁਤੀ ਬਹਿਸ ਹੋਈ ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਲਹੌਰ ਤੇ ਮਿੰਟਗੁਮਰੀ ਜ਼ਿਲੇ ਸ਼ਾਮਿਲ ਸਨ। ਇਸ ਤਰ੍ਹਾਂ ਇਸ ਨੂੰ ਹਿੰਦੂ-ਮੁਸਲਿਮ ਮਸਲਾ ਬਣਾ ਕੇ ਸਿਖਾਂ ਦੇ ਰਾਜ ਦੀ ਗਲ ਉਕਾ ਹੀ ਨਹੀ ਗੌਲੀ ਗਈ।

ਚਾਹੀਦਾ ਤਾਂ ਇਹ ਸੀ ਕਿ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਗ੍ਰੇਜ਼ਾਂ ਨੇ ਸਿਖਾਂ ਤੋਂ ਖੋਹਿਆ ਸੀ ਉਹ ਸਿੱਖਾਂ ਨੂੰ ਵਾਪਿਸ ਕਰਦੇ ਤੇ ਦਖਣੀ ਭਾਗ ਦੀਆਂ ਸਾਰੀਆਂ ਸਿੱਖ ਰਿਆਸਤਾਂ ਨੂੰ ਮਿਲਾ ਕੇ ਵਖਰਾ ਸਿੱਖ ਰਾਜ ਉਸੇ ਤਰ੍ਹਾਂ ਸਥਾਪਿਤ ਕੀਤਾ ਜਾਂਦਾ ਜਿਸਤਰ੍ਹਾਂ ਮੁਸਲਿਮ ਤੇ ਹਿੰਦੂ ਰਾਜ ਸਥਾਪਤ ਕੀਤੇ ਗਏ। ਇਸ ਵਿਚ ਗਾਂਧੀ-ਨਹਿਰੂ-ਜਿਨਾਹ ਦੀ ਚਲਾਕੀ ਤੇ ਸਿੱਖ ਆਗੂਆਂ ਦੀ ਨਾਕਾਮੀ (ਕੁਝ ਕੁ ਆਗੂਆਂ ਦੀ ਗਦਾਰੀ) ਮੰਨਿਆਂ ਜਾ ਸਕਦਾ ਹੈ। ਕੀ ਇਹ ਗਲਤੀ ਸੁਧਾਰੀ ਜਾ ਸਕਦੀ ਹੈ ਇਹ ਤਾਂ ਸਮਾਂ ਹੀ ਦਸੇਗਾ।
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top