- Jan 3, 2010
- 2,527
- 450
- 81
ਗੁਰੂ ਗੋਬਿੰਦ ਸਿੰਘ ਬਾਣੀ ਤੇ ਬਾਣੀ ਗੁਰੂ ਗ੍ਰੰਥ ਸਾਹਿਬ
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸੰਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
-ਡਾ. ਦਲਵਿੰਦਰ ਸਿੰਘ ਗ੍ਰੇਵਾਲ
1925, ਬਸੰਤ ਐਵਿਨਿਊ , ਲੁਧਿਆਣਾ- ਮੁਬਾਈਲ 9815366726
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਯੋਧੇ, ਸੂਰਵੀਰ, ਸਾਹਸੀ, ਕੁਸ਼ਲ ਸੈਨਾ ਸੰਚਾਲਕ, ਧਰਮ ਰਖਿਅਕ, ਦੁਸ਼ਟ-ਨਾਸ਼ਕ, ਨਿਡਰ, ਪ੍ਰਾਕ੍ਰਮੀ, ਦ੍ਰਿੜ ਨਿਸ਼ਚੇ ਵਾਲੇ, ਆਸ਼ਾਵਾਦੀ ਦੇ ਤੌਰ ਤੇ ਵਧੇਰੇ ਜਾਣੇ ਜਾਂਦੇ ਹਨ ਪ੍ਰੰਤੂ ਉਨ੍ਹਾਂ ਦੇ ਦੂਸਰੇ ਪੱਖ ਮਹਾਨ ਸੰਤ, ਨਿਮਰਤਾ ਦੇ ਪੁੰਜ, ਪ੍ਰਤਿਭਾਵਾਨ ਲਿਖਾਰੀ, ਗੁਰਬਾਣੀ ਦੇ ਮਹਾਨ ਸਮੀਖਿਅਕ ਆਦਿ ਬੜੈ ਘਟ ਉਘਾੜੇ ਗਏ ਹਨ । ਸ਼ਾਇਦ ਇਸੇ ਕਰਕੇ ਡਬਲਿਊ. ਐਚ. ਮੈਕਲੋਡ ਵਰਗੇ ਕਈ ਵਿਦੇਸ਼ੀ ਲਿਖਾਰੀਆ ਨੇ ਤਾਂ ਇੱਥੋਂ ਤਕ ਲਿਖ ਦਿਤਾ ਕਿ ‘ਗੁਰੂ ਗੋਬਿੰਦ ਸਿੰਘ ਦਾ ਰਾਹ ਗੁਰੂ ਨਾਨਕ ਨਾਲੋਂ ਵਖਰਾ ਸੀ ਤੇ ਸਿੰਘ ਧਰਮ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਦੇਣ ਹੈ”।
ਕੀ ਗੁਰੂ ਨਾਨਕ ਦੇਵ ਜੀ ਵਲੋਂ ਦਰਸ਼ਾਇਆ ਰਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਅਪਣਾਇਆ? ਕੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਸਿਰਫ ਯੁੱਧ-ਮਾਰਗ ਜਾ ਟਕਰਾਉ ਦਾ ਰਾਹ ਹੀ ਸੀ? ਕੀ ਸਿੱਖ ਧਰਮ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਦੇਣ ਹੈ ਜਾ ਦਸਾਂ ਗੁਰੂਆਂ ਦੁਆਰਾ ਦਰਸਾਏ ਰਾਹ ਤੇ ਨੀਅਤ ਹੈ ? ਇਨ੍ਹਾਂ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਹੀ ਇਸ ਖੋਜ ਲੇਖ ਦਾ ਵਿਸ਼ਾ ਹੈ ।
ਗੁਰੂ ਗੋਬਿੰਦ ਸਿੰਘ ਦਾ ਰਾਹ ਕੀ ਸੀ? ਆਉ ਪਹਿਲਾਂ ਇਹੋ ਵੇਖੀਏ ।
ਗੁਰੂ ਜੀ ਨੂੰ ਈਸ਼ਵਰ ਵਲੋਂ ਇਸ ਦੁਨੀਆਂ ਤੇ ਆਉਣ ਦਾ ਹੁਕਮ ਕੀ ਸੀ ? ਇਹ ਉਨ੍ਹਾਂ ਨੇ ਅਪਣੀ ਜੀਵਨੀ ਬਚਿਤ੍ਰ ਨਾਟਕ ਵਿਚ ਇਸ ਤਰ੍ਹਾਂ ਲਿਖਿਆ ਹੈ
‘ਜਾਹਿ ਤਹਾਂ ਤੈ ਧਰਮੁ ਚਲਾਇ । ਮਨਬੁਧਿ ਜਰਨ ਤੇ ਲੋਕ ਹਟਾਇ’
ਇਹ ਕਾਰਨਿ ਪ੍ਰਭ ਮੋਹਿ ਪਠਾਏ । ਤਬ ਮੈਂ ਜਗਤ ਜਨਮੁ ਧਰਿਆਇ ।
ਜਿਮ ਤਿਨ ਕਹੀ ਇਕੈ ਤਿਮ ਕਹਿਹੋ । ਅਉਰ ਕਿਸੂ ਤੇ ਬੈਰ ਨ ਗਹਿਹੋ ॥(ਦਸਮ ਗ੍ਰੰਥ 56-57)
ਗੁਰੂ ਗੋਬਿੰਦ ਸਿੰਘ ਧਰਮ ਚਲਾਉਣ ਖਾਤਰ, ਨਾਮ ਦਾਨ ਦੇਣ ਖਾਤਰ, ਦੁਰਾਚਾਰ ਦੇ ਰਾਹੋਂ ਲੋਕਾਂ ਨੂੰ ਦੂਰ ਲੈ ਜਾਣ ਲਈ ਜਗ ਤੇ ਆਏ , ਕਿਸੇ ਨਾਲ ਦੁਸ਼ਮਣੀ ਜਾਂ ਵੈਰ ਖਾਤਰ ਨਹੀਂ, ਅੱਗੇ ਜਿਸਦਾ ਵਰਨਣ ਹੈ ।
ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ।
ਜਹਾਂ ਤਹਾਂ ਤੁਮ ਧਰਮ ਬਿਖਾਰੋ, ਦੁਸ਼ਟ ਦੋਖੀਅਨ ਪਕਰਿ ਪਛਾਰੋ ।
ਇਹੈ ਕਾਜ ਧਰਾ ਹਮ ਜਨਮੰ, ਸਮਝ ਲੇਹੁ ਸਾਧੂ ਸਭ ਮਨਮੰ ।
ਧਰਮ ਚਲਾਵਨ, ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ।(ਦਸਮ ਗ੍ਰੰਥ 57-58)
ਇਹ ਕਿਹੜਾ ਧਰਮ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਚਲਾਉਣ ਆਏ ਸਨ ? ਇਸ ਦਾ ਵਰਨਣ ਗੁਰੂ ਜੀ ਨੇ ਪਹਿਲੀ ਵੈਸਾਖ ਸੰਮਤ 1756 (ਅਪ੍ਰੈਲ 1699) ਨੂੰ ਅਨੰਦਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਕੀਤਾ ਉਸ ਦਾ ਵਿਸਥਾਰ ਬਾਦਸ਼ਾਹ ਔਰੰਗਜ਼ੇਬ ਦੇ ਨਾਮਾ ਨਿਗਾਰ ਗੁਲਾਮਉਦੀਨ ਨੇ ਜੋ ਉਸ ਸਮੇਂ ਉਸ ਥਾਂ ਹਾਜ਼ਿਰ ਸੀ ਨੇ ਇਸ ਤਰ੍ਹਾਂ ਕੀਤਾ।
“ਸਾਰੇ ਲੋਕ ਖਾਲਸਾ ਸਜ ਜਾਣ, ਸਭ ਜਾਤ-ਪਾਤ, ਰੰਗ-ਰੂਪ, ਕਰਮ-ਕਿਤੇੁ, ਊਚ-ਨੀਚ, ਛੂਤ-ਛਾਤ ਦੇ ਭੇਦ-ਭਾਵ ਮਿਟਾ ਕੇ ਇਕੋ ਸੱਚੇ ਧਰਮ ਦੇ ਅਨੁਯਾਈ ਬਣ ਜਾਣ । ਜਾਤਪਾਤ ਤੇ ਪ੍ਰਚਲਤ ਰਹੁ ਕੀਤੀ ਤਿਆਗ ਦਿਓ, ਇਕੋ ਵਰਨ ਹੋ ਜਾਓ, ਤੁਸੀਂ ਭਾਈ ਭਾਈ ਹੋ ਇਕ ਦੂਜੇ ਤੋਂ ਘਿਰਣਾ ਕਰਨੀ ਛੱਡੋ”। (ਮੈਕਾਲਿਫ ਜਿਲਦ-5 ਪੰਨੇ 93-94)
ਗੁਰੂ ਜੀ ਜਿਸ ਸੱਚੇ ਧਰਮ ਨੂੰ ਅਪਣਾਉਣ ਲਈ ਕਹਿੰਦੇ ਹਨ ਉਹ ਉਹੀ ਹੈ ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਉਲੀਕਿਆ ਸੀ । ਇਸ ਸੱਚੇ ਧਰਮ ਦੇ ਅਸੂਲਾਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆ ਰਚਨਾਵਾਂ ਵਿਚ ਵਿਆਖਿਆ । ਸਿਖ ਧਰਮ ਦੇ ਮਹਾਨ ਅਸੂਲਾਂ ਦੀ ਤੇ ਦਾਰਸ਼ਨਿਕ ਸਿਧਾਂਤਾਂ ਦੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਆਖਿਆ ਕੀਤੀ ਦੀ ਤੁਲਨਾ ਕਰਨ ਤੋਂ ਇਹ ਸਾਫ ਹੋ ਜਾਵੇਗਾ :-
ਅਕਾਲ ਪੁਰਖ ਦੀ ਮਹਾਨਤਾ ਤੇ ਉਸਤਤ
ਸ੍ਰੀ ਗੁਰੂ ਗ੍ਰੰਥ ਸਾਹਿਬ
1. ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ, ਅਜੂਨੀ ਸੈਭੰ ਗੁਰ ਪ੍ਰਸਾਦਿ (ਜਪੁ ਮ: 1)
2. ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ॥
ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ”
ਨਾ ਤਿਸੁ ਰੂਪ ਵਰਨ ਨਹੀਂ ਰੇਖਿਆ ਨਾ ਤਿਸੁ ਕਾਮੁ ਨ ਕਾਰੀ ॥
ਅਕਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥ (ਸੋਰਠਿ ਮ: 1)
3. ਸੋ ਅੰਤਰਿ ਜੋ ਬਾਹਰਿ ਅਨੰਤ । ਘਟਿ ਘਟਿ ਬਿਆਪਿ ਰਹਿਆ ਭਗਵੰਤ । (ਗਉੜੀ ਸੁਖਮਨੀ ਮ: 5)
4. ਤੂ ਭਰਪੂਰਿ ਜਾਨਿਆ ਮੈਂ ਦੂਰਿ ॥ ਜੋ ਕਛੁ ਕਰੀ ਸੁ ਤੇਰੈ ਹਦੂਰਿ ।।(ਸਿਰੀ ਰਾਗ ਮ: 1)
ਗੁਰੂ ਗੋਬਿੰਦ ਸਿੰਘ ਜੀ
1. ਚਕ੍ਰ ਚਿਰਨ ਅਰੁ ਬਰਣ ਜਾਤਿ ਅਰੁ ਪਾਤਿ ਨਹਿਨ ਜਿਹ।
ਰੂਪ ਰੰਗ ਅਰੁ ਭੇਖ ਰੇਖ ਕੋਉ ਕਹਿਤ ਨ ਸਕਤ ਕਿਹ । (ਜਾਪੁ ਸਾਹਿਬ)
2. ਆਦਿ ਰੂਪ ਅਨਾਦਿ ਮੂਰਤ ਅਜੋਨਿ ਪੁਰਖ ਅਪਾਰ ॥
ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ॥
ਸਰਬ ਪਾਲਕ ਸਰਬ ਮਾਲਕ ਸਰਬ ਨੋ ਪੁਨਕਾਲ ॥
ਜਤ੍ਰ ਤਤ੍ਰ ਬਿਰਾਜ ਹੀ ਅਵਧੂਤ ਰੂਪ ਰਸਾਲ ॥ (ਜਾਪੁ ਸਾਹਿਬ)
3. ਜਾਤਿ ਪਾਤਿ ਨਾ ਤਾਤ ਜਾਨੋਂ ਮੰਤ੍ਰ ਮਾਤ੍ਰਿ ਨ ਮਿਤ੍ਰ ॥
ਸਰਬ ਫੋਰ ਬਿਖੈ ਰਖਯੋ ਜਿਹ ਚਕ੍ਰ ਚਿਹਨ ਨ ਚਰਿਤ੍ਰ ॥
4. ਬਿਨ ਕਰਤਾਰ ਨ ਕਿਰਤਮ ਮਾਨੋ ।
ਆਦਿ ਅਜੋਨਿ ਅਜੈ ਅਬਿਨਾਸੀ ਤਿੰਹ ਪਰਮੇਸਰ ਜਾਨੋ । (ਜਾਪ ਸਾਹਿਬ)
5. ਤੁਮਹਿ ਛਾਡਿ ਕੋਈ ਅਵਰ ਨ ਧਿਆਊ ।ਜੋ ਬਰ ਚਾਹੋ ਸੋ ਤੁਮਤੇ ਪਾਊ ।(ਚੌਪਈ)
6. ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਅਨਕ ਤਰੇ ਨਹੀ ਆਨਿਓ ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ
ਸਿਮ੍ਰਿਤ ਸ਼ਾਸਤ੍ਰ ਬੇਦ ਸਭੈ ਬਹੁ ਭੇਦ ਕਹੈਂ ਹਮ ਏਕ ਨਾ ਜਾਨਿਓ ॥
ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ॥(ਕਬਿਯੋ ਵਾਚ ਬੇਨਤੀ ਚੌਪਈ)
ਮਨੁਖ ਜਾਤੀ ਦੀ ਏਕਤਾ ਤੇ ਬਰਾਬਰੀ
ਸ੍ਰੀ ਗੁਰੂ ਗ੍ਰੰਥ ਸਾਹਿਬ
1. ਏਕੁ ਪਿਤਾ ਏਕਸ ਕੇ ਹਮ ਬਾਰਿਕ ...(ਸੋਰਠਿ ਮ: 5)
2. ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ (ਪ੍ਰਭਾਤੀ ਕਬੀਰ ਜੀ ਕੀ)
3. ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (ਵਾਰ ਆਸਾ ਮ: 1)
4. ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕਉ ਬਨਿ ਆਈ ॥ (ਕਾਨੜਾ ਮ: 1)
ਗੁਰੂ ਗੋਬਿੰਦ ਸਿੰਘ ਜੀ
1. ਹਿੰਦੂ ਤੁਰਕ ਕੋਈ ਰਾਫਜੀ ਇਮਾਮ ਸਾਫੀ, ਮਾਨੁਸ ਕੀ ਜਾਤਿ ਸਭੈ ਏਕੈ ਪਹਿਚਾਨਬੋ ॥
2. ਦੇਹੁਰਾ ਮਸੀਤ ਸੋਈ, ਪੂਜਾ ਤੇ ਨਮਾਜ਼ ਓਈ, ਮਾਨੁਸ ਏਕ ਮੈਂ ਅਨੇਕ ਕੋ ਪ੍ਰਭਾਵ ਹੈ ॥
3. ਅੱਲਹ ਅਭੇਖ ਸੇਈ ਪੁਰਾਨ ਕੁਰਾਨ ਓਈ ਏਕ ਹੂ ਸਰੂਪ ਸਭੈ ਏਕ ਹੀ ਬਨਾਵ ਹੈ
ਆਪਾ ਪਛਾਨਣਾ ਅਤੇ ਬ੍ਰਹਮ ਗਿਆਨ-ਮਨੁੱਖੀ ਜਨਮ ਦਾ ਮਨੋਰਥ
ਗੁਰੂ ਗ੍ਰੰਥ ਸਾਹਿਬ ਜੀ
1. ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।” (ਆਸਾ ਮ: 1)
2. ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ, ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ “ (ਬਿਲਾਵਲੁ ਮ: 5
ਪੰਨਾ : 846)
3. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤਿ ਸੰਗ ਜੋਤਿ ਸਮਾਨਾ ॥
ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥(ਗਉੜੀ ਸੁਖਮਨੀ ਮ: 5 ਪੰਨਾ : 278)
ਗੁਰੂ ਗੋਬਿੰਦ ਸਿੰਘ ਜੀ
1. ਇਕ ਬਿਨ ਦੂਸਰ ਸੋ ਨ ਚਿਤਾਰ ॥
2. ਜੈਸੇ ਏਕ ਆਗ ਤੇ ਕਨੂਕਾ ਕੋਟਿ ਆਗ ਉਠੈ, ਨਿਆਰੇ ਨਿਆਰੇ ਹੁਇ ਕੈ, ਫੇਰਿ ਆਗ ਮੈ ਮਿਲਾਹਿਂਗੇ॥ (ਅਕਾਲ ਉਸਤਤਿ 17)
3. ਜੈਸੇ ਏਕ ਨਕਤੇ ਤਰੰਗ ਕੋਟ ਉਪਜਤ ਹੈ, ਧਾਨਿ ਕੇ ਤਰੰਗ ਸਭੈ ਪਾਨਿ ਹੀ ਕਹਾਹਿਗੇ ।
ਜੈਸੇ ਵਿਸਵਰੂਪ ਤੇ ਅਭੂਤ ਭੂਤ ਪ੍ਰਗਟ ਹੋਵੇ, ਤਾਂਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾਹਿੰਗੇ (ਅਕਾਲ ਉਸਤਤਿ 12/22)
4. ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ
ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹਿ ॥(‘ਬਚਿਤ੍ਰ ਨਾਟਕ)
ਸੱਚ ਦੇ ਗਿਆਨ ਤੇ ਪ੍ਰਾਪਤੀ ਲਈ ਅਕਾਲ ਪੁਰਖ ਦੀ ਕ੍ਰਿਪਾ ਜਰੂਰੀ ਹੈ ।
ਗੁਰੂ ਗ੍ਰੰਥ ਸਾਹਿਬ ਜੀ
1. ਨਦਰਿ ਕਰੇ ਜਿਸੁ ਅਪਣੀ ਤਿਸਨੇ ਭਾਵਨੀ ਲਾਏ । (ਆਸਾ ਮ: 3)
2. ਨਦਰੀ ਸਤਿਗੁਰੂ ਸੇਵੀਐ ਨਦਰੀ ਸੇਵਾ ਹੋਇ (ਵਡਹੰਸ ਮ: 3)
ਗੁਰੂ ਗੋਬਿੰਦ ਸਿੰਘ ਜੀ
- ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨ ਨਿਦਾਨ ਚਲੈਂਗੇ ॥੫॥੨੫॥
- ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛੱਯਾ ॥(ਅਕਾਲ ਉਸਤਤਿ)
ਅਕਾਲ ਪੁਰਖ ਦੀ ਕ੍ਰਿਪਾ ਲਈ ਭੇਖ ਜ਼ਰੂਰੀ ਨਹੀਂ
ਗੁਰੂ ਗ੍ਰੰਥ ਸਾਹਿਬ ਜੀ
1. ਬਹੁ ਭੇਖ ਕਰਿ ਭਰਮਾਈਐ, ਮਨਿ ਹਿਰਦੈ ਕਪਟੁ ਕਮਾਇ ॥ (ਸਿਰੀ ਰਾਗ ਮ: 3)
ਗੁਰੂ ਗੋਬਿੰਦ ਸਿੰਘ ਜੀ
1. ਜੇ ਜੇ ਭੇਖ ਸੁ ਤਨ ਮੈਂ ਧਾਰੈਂ ਤੇ ਪ੍ਰਭੁ ਜਨ ਕਛੁ ਕੈ ਨ ਬਚਾਰੈ ॥
ਸਮਝ ਲੇਹੁ ਸਭ ਜਨ ਮਨ ਮਾਹੀਂ ..... ਮੈਂ ਪਰਮੇਸਰ ਨਾਹੀਂ ।।(ਅਧਿਐਨ 6 ਬਚਿਤ੍ਰ ਨਾਟਕ)
2. ਭੇਖ ਦਿਖਾਵਾ ਜਗਤ ਕੋ ਲੋਗਨ ਕੇ ਬਸ ਕੀਨ ।
ਅੰਤ ਕਾਲ ਕਾਤੀ ਕਟਯੋ ਬਾਸ ਨਰਕ ਮੋ ਲੀਨ ॥(ਅਧਿਐਨ 6 ਬਚਿਤ੍ਰ ਨਾਟਕ)
3. ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਆਂ ਜਾਨਿਉ ।
ਨਾਮ ਸਿਮਰਨਾ ਤੇ ਪ੍ਰੇਮਾਂ ਭਗਤੀ ਨੂੰ ਹੀ ਉਤਮ ਦਰਸਾਇਆ ਗਿਆ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
1. ਕਹੁ ਨਾਨਕ ਇਹੁ ਤਤੁ ਬੀਚਾਰਾ ਬਿਨ ਹਰਿ ਭਜਨ ਨਾਹੀ ਛੁਟਕਾਰਾ ॥(ਗਉੜੀ ਮ: 5)
2. ਕਹੁ ਨਾਨਕ ਭਗਤਿ ਪ੍ਰਭੁ ਸਾਰੁ । ਬਿਨ ਭਗਤੀ ਸਭ ਹੋਇ ਖੁਆਰ।।(ਸੋਂਰਠ ਮ: 5)
3. ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ (ਮਲਾਰ ਮ: 3)
ਗੁਰੂ ਗੋਬਿੰਦ ਸਿੰਘ ਜੀ
1. ਸ੍ਰੀ ਭਗਵਾਨ ਭਜੇ ਬਿਨ ਭੂਪਤਿ ਏਕ ਰਤੀ ਬਿਨ ਏਕ ਨ ਦੇਖੈ ।।(ਅਕਾਲ ਉਸਤਤਿ)
2. ਨਾਮ ਉਚਾਰ ਤਰੀ ਜਨਿ ਨਾ ਸੋਈ, ਨਾਮ ਅਧਾਰੇ ਬਿਚਾਰ ਹਮਾਰੇ ।।(ਅਕਾਲ ਉਸਤਤਿ)
3. ਸਾਚ ਕਹੋ ਮੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ॥(ਅਕਾਲ ਉਸਤਤਿ)
ਗੁਰੂ ਜੀ ਨੇ ਇਨ੍ਹਾਂ ਧਾਰਮਿਕ ਦਾਰਸ਼ਨਿਕ ਅਸੂਲਾਂ ਦੀ ਵਿਆਖਿਆ ਕਰਦਿਆਂ ਜੋ ਗ੍ਰੰਥਾਂ ਦੀ ਰਚਨਾ ਕੀਤੀ ਸੋ ਇਸ ਪ੍ਰਕਾਰ ਹਨ ।
1.ਜਾਪੁ ਸਾਹਿਬ, 2. ਅਕਾਲ ਉਸਤਤਿ, 3. ਬਚਿਤ੍ਰ ਨਾਟਕ, 4. ਗਿਆਨ ਪ੍ਰਬੋਧ, 5. ਸ੍ਰੀ ਮੁਖ ਵਾਕ ਸਵਈਏ 33, 6. ਸ਼ਬਦ ਹਜਾਰੇ
ਇਨ੍ਹਾਂ ਸਭ ਰਚਨਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੇ ਅਸੂਲਾਂ ਦੀ ਵਿਆਖਿਆ ਹੀ ਹੈ । ਪਰ ਇਤਨਾਂ ਹੁੰਦੇ ਹੋਏ ਵੀ ਗੁਰੂ ਜੀ ਨੇ ਆਪਣੀ ਰਚਨਾਂ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਾ ਕੀਤੀ, ਸਗੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਦਾ ਰੂਪ ਦੇ ਦਿੱਤਾ ਜਿਸ ਦਾ ਮਤਲਬ ਸ਼ਬਦ ਗੁਰੂ ਦੀ ਸਥਾਪਨਾ ਹੋਈ ।
ਗੁਰੂ ਜੀ ਦੀ ਅਪਣੀ ਰਚਨਾ 1066 ਪੰਨੇ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਥੋੜੀ ਹੀ ਘਟ ਬਣਦੀ ਹੈ ਪਰ ਰਚਨਾ ਦੀ ਗਿਣਤੀ ਮਿਣਤੀ ਨੂੰ ਲਾਂਭੇ ਰਖੀਏ ਤਾਂ ਵੀ ਇਸ ਤੋਂ ਸਾਫ ਸਪਸ਼ਟ ਹੈ ਕਿ :
1.ਗੁਰੂ ਜੀ ਦੇ ਦਾਰਸ਼ਨਿਕ ਸਿਧਾਂਤ ਤੇ ਧਾਰਮਿਕ ਸਿਧਾਂਤ ਉਹੀ ਸਨ ਜੋ ਗੁਰੂ ਨਾਨਕ ਦੇਵ ਜੀ ਨੇ ਅਪਣਾਏ ਤੇ ਬਾਕੀ ਗੁਰੂ ਸਾਹਿਬਾਨ ਵੀ ਜਿਨ੍ਹਾਂ ਸਿਧਾਂਤਾਂ ਤੇ ਚੱਲੇ ।
2.ਗੁਰੂ ਜੀ ਨੇ ਉਨ੍ਹਾਂ ਸਿਧਾਂਤਾ ਦੀ ਹੀ ਵਿਆਖਿਆ ਕਰਨ ਲਈ ਹੀ ਰਚਨਾਵਾਂ ਰਚੀਆਂ । ਇਨ੍ਹਾਂ ਰਚਨਾਵਾਂ ਦਾ ਮਿਆਰ,
ਆਕਾਰ ਤੇ ਵਿਚਾਰ ਪਹਿਲੇ ਗੁਰੂ ਸਾਹਿਬਾਨਾਂ ਦੀ ਰਚਨਾ ਤੋਂ ਘਟ ਨਹੀਂ ।
3.ਗੁਰੂ ਜੀ ਨੇ ਕੋਈ ਉਹ ਵਧੇਰਾ ਰਾਹ ਨਹੀਂ ਚਲਾਇਆ ਜੋ ਪਹਿਲੇ ਗੁਰੂਆਂ ਦੇ ਪਾਏ ਪਦ ਚਿੰਨ੍ਹਾਂ ਤੋਂ ਭਿੰਨ ਜਾਂਦਾ ਹੋਵੇ ।
ਧਾਰਮਿਕ ਤੇ ਦਾਰਸ਼ਨਿਕ ਵਿਚਾਰਾਂ ਦੀ ਸਮਾਨਤਾ ਸਮਤਾ ਤੋਂ ਇਲਾਵਾ ਜੋ ਨੁਕਤਾ ਉਠਾਇਆ ਜਾਂਦਾ ਹੈ ਉਹ ਹੈ ਗੁਰੂ ਜੀ ਦਾ ਯੁੱਧ ਖੇਤਰ ਵਿਚ ਕੁੱਦਣਾ । ਇਹ ਅਖਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਤਾਂ ਅਮਨ ਸ਼ਾਂਤੀ ਦੇ ਪੁਜਾਰੀ ਸਨ ਜੋ ਸਿਰਫ ਨਾਮ ਪਰਚਾਰ ਲਈ ਹੀ ਸਾਰੀ ਜ਼ਿੰਦਗੀ ਬਤੀਤ ਕਰ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਜੀਵਨ ਸੰਗਰਾਮਾਂ ਵਿਚ ਬਤੀਤ ਕਰ ਦਿੱਤਾ ਤੇ ਇਕ ਅਜਿਹੀ ਕੌਮ ਖੜੀ ਕਰ ਦਿੱਤੀ, ਇਕ ਅਜਿਹਾ ਪੰਥ ਚਲਾ ਦਿਤਾ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਨੁਸਾਰ ਨਹੀਂ ਮੰਨਿਆ ਜਾਂਦਾ?
ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਉਮਰ ਯੁੱਧ ਵਿਚ ਹੀ ਬਤੀਤ ਕਰ ਦਿਤੀ, ਇਹ ਗੱਲ ਵੀ ਸਹੀ ਨਹੀਂ । ਜੇ ਇਹ ਸਹੀ ਹੁੰਦਾ ਤਾਂ ਉਪਰੋਕਤ ਦੱਸੀ ਇਤਨੀ ਰਚਨਾ ਨਾ ਕੀਤੀ ਹੁੰਦੀ ਜਿਸ ਵਿਚ ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂਆਂ ਵਾਲੇ ਮਾਰਗ ਨੂੰ ਹੀ ੳਪਨਾਇਆ ਗਿਆ ਹੈ । ਹਾਂ! ਯੁੱਧ ਵਿਚ ਬਹੁਤ ਸਮਾਂ ਸਲੰਗਨ ਰਹੇ ਇਹ ਜ਼ਰੂਰ ਮੰਨਣਾ ਪਵੇਗਾ । ਇਹ ਕਿਉਂ ਹੋਇਆ ਇਸ ਲਈ ਜਾਨਣ ਲਈ ਉਸ ਸਮੇਂ ਦੇ ਹਾਲਾਤ ਤੇ ਸਿਖ ਗੁਰੂਆਂ ਨਾਲ ਵਾਪਰੀਆਂ ਘਟਨਾਵਾਂ ਨੂੰ ਜਾਣ ਲੈਣਾ ਬੜਾ ਜਰੂਰੀ ਹੈ ।
ਗੁਰੂ ਜੀ ਨੇ ਤਲਵਾਰ ਉਠਾਈ ਤਾਂ ਪਹਿਲੇ ਗੁਰੂ ਸਾਹਿਬਾਨਾਂ ਦੀਆਂ ਪਾਈਆਂ ਲੀਹਾਂ ਤੋਂ ਹਟ ਕੇ ਨਹੀਂ ਸਗੋਂ ੳਨ੍ਹਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੇ ਧਾਰਨੀ ਹੋ ਕੇ ਹੀ ਉਠਾਈ, ਦੁਖੀਆਂ ਮਜ਼ਲੂਮਾਂ ਦੀ ਮਦਦ ਲਈ ਉਠਾਈ ।
ਧਰਮ ਉਬਾਰਨ ਸੰਤ ਉਨ ॥ ਦੁਸ਼ਟ ਸਭਨ ਨੋ ਮੂਲ ਉਪਾਰਨ ।(ਬਚਿਤ੍ਰ ਨਾਟਕ)
ਗੁਰੂ ਜੀ ਨੇ ਤਲਵਾਰ ਉਠਾਈ ਤਾਂ ਦੁਖੀਆਂ ਮਜ਼ਲੂਮਾਂ ਦੀ ਮਦਦ ਦੀ ਖਾਤਰ ਹੀ ਉਠਾਈ, ਆਪਣੀ ਤਾਕਤ ਅਜਮਾਈ ਜਾ ਹਕੂਮਤ ਜਾਂ ਸ਼ਕਤੀ ਵਧਾਉਣ ਲਈ ਨਹੀਂ । ਇਸ ਨੂੰ ਵੇਖਣ ਲਈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਹਾਲਾਤ ਨੂੰ ਜਾਣੀਏ ਤਾਂ ਕਾਰਨ ਆਪਣੇ ਆਪ ਉਭਰ ਕੇ ਅੱਗੇ ਆ ਜਾਏਗਾ । ਇਸ ਹਾਲਾਤ ਨੂੰ ਸਮਝਣ ਲਈ ਪਹਿਲਾਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਉਸ ਵੇਲੇ ਦੇ ਹਾਲਾਤ ਨੂੰ ਜਾਣ ਲੈਣਾ ਜਰੂਰੀ ਹੈ । ਜਿਨ੍ਹਾਂ ਨੂੰ ਭਾਈ ਗੁਰਦਾਸ ਨੇ ਆਪਣੀ ਵਾਰ ਵਿਚ ਬਖੂਬੀ ਬਿਆਨਿਆ ਹੈ ।
ਕਲਿ ਆਇ ਕੁਤੇ ਮੁਹੀ, ਖਾਜ ਹੋਇਆ ਮੁਰਦਾਰ ਗੁਸਾਈ ।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ ।
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤ ਮੁਖਹੁ ਆਲਾਈ ॥
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ ॥
ਸੇਵਕ ਬੈਠਨਿ ਘਰਾ ਵਿਚਿ ਉਠਿ ਘਰੀ ਤਿਨਾੜੇ ਜਾਈ ।
ਕਾਜੀ ਹੋਏ ਰਿਸਵਤੀ ਵਢੀ ਲੈ ਕੇ ਹੱਕ ਗਵਾਈ ।
ਇਸਤ੍ਰੀ ਪੁਰਖੈ ਦਮ ਹਿਤੁ ਭਾਵੈ ਆਇ ਕਿਥਾਊ ਜਾਈ ।
ਵਰਤਿਆ ਪਾਪ ਸਬਸ ਜਗ ਮਾਹੀ ।(ਭਾਈ ਗੁਰਦਾਸ ਵਾਰ 1/30)
ਗੁਰੂ ਨਾਨਕ ਦੇਵ ਜੀ ਨੇ ਆਪਣੀ ਕਲਮ ਨਾਲ ਇਨ੍ਹਾਂ ਹਾਲਾਤਾਂ ਨੂੰ ਇਸ ਤਰ੍ਹਾਂ ਬਿਆਨਿਆ
ਸਰਮੁ ਧਰਮੁ ਦੁਇ ਛਪਿ ਖਲੋਏ ਕੂੜ ਫਿਰੇ ਪਰਧਾਨ ਵੇ ਲਾਲੋ ।
ਕਾਜੀਆਂ ਬਾਮਣਾ ਕੀ ਗਲ ਥਕੀ, ਅਗਦੁ ਪੜੇ ਸੈਤਾਨ ਵੇ ਲਾਲੋ ।
ਮੁਸਲਮਾਨੀਆ ਪੜਹਿ ਕਤੇਬਾ, ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ।
ਜਾਤਿ ਸਕਾਤੀ ਹੋਰ ਹਿੰਦਵਾਣੀਆਂ, ਏਹਿ ਭੀ ਲੇਖੈ ਲਾਇ ਵੇ ਲਾਲੋ ।
ਖੂਨ ਕੇ ਸੋਹਿਲੇ ਗਾਵਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ।
ਭਾਰਤ ਦੇ ਪ੍ਰਮੁਖ ਸੰਤਾਂ ਭਗਤਾਂ ਸਹਿਤ ਗੁਰੂ ਨਾਨਕ ਦੇਵ ਜੀ ਨੇ ਇਸ ਜੋਰ ਜੁਲਮ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿਤੀ । ਧਰਮ ਕਰਮ ਰਾਹੀਂ ਰਾਜਾ ਪਰਜਾ ਨੂੰ ਸਿਧੇ ਰਸਤੇ ਪਾਉਣ ਲਈ ਗੁਰੂ ਜੀ ਥਾਉਂ ਥਾਈਂ ਗਏ । ਉਨ੍ਹਾਂ ਦੀਆ ਅੱਖਾਂ ਖੋਲਣ ਲਈ ਸਚੁ ਸੁਣਾਉਣ ਲਈ ਨਿਕਲੇ ਸਨ ਉਹ ‘ਸਚੁ ਕੀ ਬਾਣੀ ਨਾਨਕ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ। (ਤਿਲੰਗ ਪੰਨਾ 723)
ਸਭ ਥਾਂ ਸੱਚ ਸੁਣਾਉਣ ਖਾਤਰ ਤੇ ਜ਼ੋਰੋ-ਜੁਲਮ ਨੂੰ ਠੱਲ ਪਾਉਣ ਖਾਤਰ ਕੁਰੀਤੀਆਂ ਨੂੰ ਰੋਕਣ ਖਾਤਰ ਤੇ ਉਸ ਈਸ਼ਵਰ ਤਕ ਪਹੁੰਚਣ ਦਾ ਰਾਹ ਦੱਸਣ ਖਾਤਰ ਗੁਰੂ ਜੀ ਨੇ ਲੰਬੀਆਂ ਯਾਤਰਾਵਾਂ ਕੀਤੀਆ । ਇਸ ਨਾਲ ਕਾਫੀ ਮਨ ਸਿੱਧੇ ਰਸਤੇ ਤਾਂ ਆਏ ਪਰ ਪਾਪ ਦਾ ਭੰਡਾਰਾਂ ਖਤਮ ਨਾ ਹੋਇਆ । ਗੁਰੂ ਨਾਨਕ ਦੇਵ ਜੀ ਨੇ ਜੁਲਮ ਵਿਰੱਧ ਆਵਾਜ ਉਠਾਈ ।
ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨ ਆਇਆ ? (ਆਸਾ ਪੰਨਾ 360)
ਗੁਰੂ ਜੀ ਉਸ ਈਸ਼ਵਰ ਦੇ ਪ੍ਰੇਮ ਤੇ ਉਸ ਦੇ ਬੰਦਿਆਂ ਪ੍ਰਤੀ ਸਨੇਹ ਦਾ ਇਹ ਰਸਤਾ ਜਗਾਇਆ
ਜਉ ਤਉ ਪ੍ਰੇਮ ਖੇਲਣ ਕਾ ਚਾਉ । ਸਿਰੁ ਧਰਿ ਤਲੀ ਗਲੀ ਮੋਰੀ ਆਉ ।
ਇਤ ਮਾਰਗੁ ਪੈਰ ਧਰੀਜੈ ॥ ਸਿਰੁ ਦੀਜੈ ਕਾਣ ਨ ਕੀਜੈ ।।
ਜਦ ਰਾਜੇ ਤੇ ਚਾਕਰ ਹੀ ਲੁਟੱਣ ਲਗ ਪਏ ਤੇ ਕਾਜੀ ਅਨਿਆਇ ਕਰਨ ਲਗ ਪਏ ਤਾਂ ਗੁਰੂ ਜੀ ਨੂੰ ਹਕ ਲਈ ਮਰਨਾ ਹੀ ਸਹੀ ਜਾਪਣ ਲੱਗ ਪਿਆ ਉਨ੍ਹਾਂ ਲਿਖਿਆ ।
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
ਸੂਰੇ ਸੋਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥(ਰਾਗ ਵਡਹੰਸ ਅਲਾਹੁਣੀਆਂ)
ਗੁਰੂ ਨਾਨਾਕ ਦੇਵ ਜੀ ਹੀ ਨਹੀਂ ਬਾਕੀ ਭਗਤਾਂ ਨੇ ਵੀ ਹਕ ਤੇ ਧਰਮ ਲਈ ਲੜਨ ਮਰਨ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ । ਭਗਤ ਕਬੀਰ ਹੋਰਾਂ ਆਖਿਆ ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ ॥
ਬਾਬਰ ਤੋਂ ਪਿੱਛੋਂ ਹੁਮਾਯੂੰ ਤੇ ਸ਼ੇਰ ਸ਼ਾਹ ਸੂਰੀ ਆਏ ਤੇ ਫਿਰ ਅਕਬਰ ।ਇਨ੍ਹਾਂ ਦੇ ਸਮੇਂ ਜੁਲਮ ਨੂੰ ਕੁਝ ਠੱਲ ਪਈ ਸੀ ਪਰ ਸ਼ਹਿਨਸ਼ਾਹ ਅਕਬਰ ਪਿੱਛੋਂ ਗੱਦੀ ਬੈਠਾ ਜਹਾਂਗੀਰ ਇਕ ਕਟੜ ਮੁਸਲਮਾਨ, ਅਯਾਸ਼ ਤੇ ਅਨਿਆਈ ਰਾਜਾ ਸੀ ਜੋ ਜੰਤਾ ਤੇ ਫਿਰ ਅਨਿਆਇ ਕਰਨ ਲੱਗ ਪਿਆ । ਗੁਰੂ ਨਾਨਕ ਦੇਵ ਜੀ ਪਿੱਛੋਂ ਅਕਬਰ ਵੇਲੇ ਦੇ ਗੁਰੂ ਸਾਹਿਬਾਨ ਗੁਰੂ ਅਮਰ ਦਾਸ ਜੀ ਤੇ ਗੁਰੂ ਰਾਮ ਦਾਸ ਜੀ ਨੇ ਅਨਿਆਇ ਹੋਣ ਕਰਕੇ ਪਰਤਖ-ਅਪਰਤਖ ਦੋਨੋਂ ਰੂਪਾਂ ਜੁਲਮ ਵਿਰੁਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿਤੀ । ਜਹਾਂਗੀਰ ਦਾ ਅਨਿਆਇ ਇਥੋਂ ਤਕ ਵਧਿਆ ਕਿ ਉਸ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹੁਕਮ ਦੇ ਦਿਤਾ । ਸ਼ਹੀਦੀ ਦਾ ਕਾਰਨ ਜਹਾਂਗੀਰ ਨੇ ਇਉਂ ਲਿਖਿਆ
‘ਉਸ ਦੇ ਤੌਰ ਤਰੀਕਿਆ ਅਤੇ ਸਿਖਿਆਵਾਂ ਨਾਲ ਕਈ ਸਿੱਧੇ ਸਾਧੇ, ਮੂਰਖ ਤੇ ਬੇਸਮਝ ਮੁਲਮਾਨ ਉਸ ਦੀ ਰਹੁ-ਰੀਤੀ ਦੇ ਜਾਲ ਵਿਚ ਫਸ ਚੁੱਕੇ ਸਨ । ਉਸਨੇ ਆਪਣੇ ਪੀਰ ਤੇ ਵਲੀ ਹੋਣ ਦਾ ਉੱਚਾ ਡੰਕਾ ਵਜਾਇਆ ਹੋਇਆ ਸੀ । ਲੋਕ ਉਨੂੰ ਗੁਰੂ ਕਹਿੰਦੇ ਸਨ । ਸਭ ਪਾਸਿਆਂ ਤੋਂ ਭੋਲੇ ਭਾਲੇ ਲੋਕ ਉਸ ਕੋਲ ਆਉਣ ਲਗੇ ਸਨ । ਤਿੰਨ ਚਾਰ-ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰਖਿਆ ਹੋਇਆ ਸੀ । ਕਿਤਨੇ ਚਿਰਾਂ ਤੋਂ ਮੇਰੇ ਮਨ ਵਿਚ ਖਿਆਲ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤੇ ਉਸਨੂੰ ਮੁਲਸਮਾਨ ਬਣਾ ਲੈਣਾ ਚਾਹੀਦਾ ਹੈ । “ (ਤੁਜ਼ਕਿ ਜਹਾਂਗੀਰੀ ਪੰਨਾ 35)
ਗੁਰੂ ਸਾਹਿਬਾਨਾਂ ਨੇ ਸਿਰਫ ਨਾਮ-ਦਾਨ ਬਖਸ਼ਣ ਤੇ ਨਾਮ ਪਰਚਾਰ ਕਰਨ ਵਿਚ ਹੀ ਸਮਾਂ ਗੁਜ਼ਾਰਿਆ ਸੀ । ਸਰਕਾਰੀ ਜੁਲਮੋ-ਜਬਰ ਅਨਿਆਇ ਤੇ ਨਾਹਕ ਤੋਂ ਰਾਹ ਲਭਦੀ ਜੰਤਾ ਨੂੰ ਗੁਰੂ ਜੀ ਨਾਮਦਾਨ ਦੇ ਕੇ ਰਜ਼ਾ ਵਿਚ ਰਹਿਣ ਲਈ ਆਖਦੇ ਪਰ ਸਮੇਂ ਦੇ ਜਾਬਰ ਹਾਕਮ ਤੇ ਇਹ ਵੀ ਸਹਿ ਨਹੀਂ ਹੋਇਆ ਤੇ ਉਸਨੇ ਨਾਮ ਦਾਨ ਦੀ ਇਸ ਦੁਕਾਨ ਨੂੰ ਜਿਸ ਨੂੰ ਉਹ ਆਪਣੇ ਜੁਲਮ ਜਬਰ ਤੇ ਅਨਿਆਇ ਤੇ ਸ਼ਾਹੀ ਤਾਕਤ ਲਈ ਖਤਰਾ ਸਮਝਿਆ, ਬੰਦ ਕਰਨ ਹੇਤ ਗੁਰੂ ਅਰਜਨ ਦੇਵ ਜੀ ਨੂੰ ਮੁਸਲਮਾਨ ਬਣਾਉਣ ਦੀ ਧਾਰੀ। ਜਦ ਗੁਰੂ ਜੀ ਨੇ ਇਹ ਸਵੀਕਾਰ ਨਾ ਕੀਤਾ ਤਾਂ ਕਤਲ ਕਰਵਾ ਦਿਤਾ ।
ਗੁਰੂ ਹਰਗੋਬਿੰਦ ਜੀ ਨੇ ਪਿਤਾ ਜੀ ਦੀ ਸ਼ਹੀਦੀ ਬਾਦ ਜਾਣ ਲਿਆ ਕਿ ਦੁਖਾਂ ਮਾਰੀ ਜੰਤਾ ਲਈ ਇਕਲਾ ਨਾਮ ਦਾਨ ਹੀ ਕਾਫੀ ਨਹੀਂ । ਉਨ੍ਹਾਂ ਦਾ ਰਖਿਆ ਲਈ ਤਲਵਾਰ ਵੀ ਜ਼ਰੂਰੀ ਹੈ ।
ਜਦੋਂ ਜਦੋਂ ਧਰਮ ਵਿਚ ਗਿਰਾਵਟ ਆਉਂਦੀ ਹੈ ਧਰਮ ਦੇ ਉਥਾਨ ਵਾਸਤੇ ਕੋਈ ਰਬ ਦਾ ਪਿਆਰਾ ਜਨਮ ਲੈਂਦਾ ਹਾਂ ਤੇ ਸੰਤਾਂ ਨੂੰ ਬਲ ਦੇ ਦੇ ਅਤੇ ਦੁਸ਼ਟਾਂ ਦਾ ਨਾਸ਼ ਕਰਕੇ ਯੁਗੋ ਯੁਗ ਧਰਮ ਦੀ ਸਥਾਪਨਾ ਕਰਦਾ ਹਾਂ ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਸੇ ਆਸ਼ੇ ਲਈ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਮੁਗਲਾਂ ਅਤਤਾਈਆਂ ਨਾਲ ਤਿੰਨ ਯੁਧ ਲੜ ਕੇ ਉਨ੍ਹਾਂ ਨੂੰ ਪਛਾੜਿਆ । ਕਰਤਾਰਪੁਰ ਦੇ ਯੁੱਧ ਵਿਚ ਉਨ੍ਹਾਂ ਦੇ ਸਪੁੱਤਰ ਤਿਆਗ-ਮਲ ਬਹਾਦੁਰੀ ਵਿਖਾ ਤੇਗ ਬਹਾਦੁਰ ਬਣੇ । ਮੀਰੀ-ਪੀਰੀ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ ਪਰ ਯੁੱਧ ਉਦੋਂ ਹੀ ਲੜਨਾ ਜ਼ਰੂਰੀ ਸਮਝਿਆ ਜਾਂਦਾ ਜਦੋਂ ਅਮਨ ਦੀ ਕੋਈ ਵੀ ਪੇਸ਼ ਨਾ ਜਾਂਦੀ । ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਦੋਸਤੀ ਦਾ ਹੱਥ ਵਧਾ ਕੇ ਬਹਾਨੇ ਨਾਲ ਗਵਾਲੀਅਰ ਕੈਦ ਕਰਾ ਦਿੱਤਾ । ਪਿੱਛੋਂ ਨੂਰ ਜਹਾਂ ਤੇ ਮੀਆਂ ਮੀਰ ਦੀ ਦੇਖ ਰੇਖ ਵਿਚ ਆਪਣੇ ਆਪ ਨੂੰ ਜਹਾਂਗੀਰ ਬਦਲਣ ਲੱਗਿਆ ਤੇ ਉਨ੍ਹਾਂ ਦੇ ਆਖੇ ਉਸਨੇ ਗੁਰੂ ਜੀ ਨੂੰ ਰਿਹਾ ਕਰਕੇ ਉਨ੍ਹਾਂ ਵਲ ਅਸਲੀ ਦੋਸਤੀ ਦਾ ਹੱਥ ਵਧਾਇਆ ।
ਗੁਰੂ ਹਰਗੋਬਿੰਦ ਸਾਹਿਬ ਪਿੱਛੋਂ ਗੁਰੂ ਹਰਿਰਾਇ ਹੋਰਾਂ ਨੂੰ ਸਰਕਾਰੀ ਜੁਲਮ ਦਾ ਸਾਹਮਣਾ ਨਾ ਕਰਨਾ ਪਿਆ ਪਰ ਉਨ੍ਹਾਂ ਨੇ ਸੁਰੱਖਿਆ ਦਸਤੇ ਆਪਣੇ ਕੋਲ ਜਰੂਰ ਰਖੇ । ਅਠਵੇਂ ਗੁਰੂ ਹਰਕਿਸ਼ਨ ਜੀ ਵੇਲੇ ਅੋਰੰਗਜ਼ੇਬ ਗੱਦੀ ਤੇ ਬੈਠਾ ਹੋਇਆ ਸੀ । ਗੁਰੂ ਜੀ ਬਾਲ ਹੋਣ ਕਰਕੇ ਔਰੰਗਜ਼ੇਬ ਨੂੰ ਕੋਈ ਖਤਰਾ ਨਾ ਮਹਿਸੂਸ ਹੋਇਆ ਪਰ ਗੁਰੂ ਤੇਗ ਬਹਾਦਰ ਜੀ ਜਦ ਗੱਦੀ ਤੇ ਬੈਠੇ ਤਾਂ ਅੋਰੰਗਜ਼ੇਬ ਨੂੰ ਆਪਣੀ ਜੁਲਮੋ ਸਿਤਮ ਨਾਲ ਹਥਿਆਈ ਗੱਦੀ ਨੂੰ ਫਿਰ ਖਤਰਾ ਜਾਪਣ ਲੱਗਾ ।
ਜਿਸ ਬੇਰਹਿਮੀ ਨਾਲ ਗੂਰੁ ਤੇਗ ਬਹਾਦੁਰ ਜੀ ਤੇ ਉਨ੍ਹਾਂ ਦੇ ਸਾਥੀਆ ਨੂੰ ਸ਼ਹੀਦ ਕੀਤਾ ਗਿਆ : ਉਸ ਦਾ ਦਿੱਲੀ ਦਾ ਚਾਂਦਨੀ ਚੌਂਕ ਤਾਂ ਕੀ ਪੂਰਾ ਇਤਿਹਾਸ ਗਵਾਹ ਹੈ । ਗੁਰੂ ਤੇਗ ਬਹਾਦੁਰ ਜੀ ਉਚਾਰ ਗਏ ਸਨ ।
ਭੈ ਕਾਹੁ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ ॥
ਸ਼ਹੀਦੀ ਨਾਲ ਇਨ੍ਹਾਂ ਸ਼ਬਦਾਂ ਨੂੰ ਸਹੀ ਕਰ ਗਏ ਤੇ ਇਹੋ ਸ਼ਬਦ ਗੁਰੂ ਗੋਬਿੰਦ ਸਿੰਘ ਲਈ ਵੀ ਰਾਹ-ਨੁਮਾ ਹੋਏ । ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ਵਿਚ ਇਸ ਸ਼ਹੀਦੀ ਨੂੰ ਇਉਂ ਬਿਆਨ ਕੀਤਾ ।
ਤਿਲਕ ਜੰਝੂ ਰਾਖਾ ਪ੍ਰਭ ਤਾਕਾ । ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨਿ ਹੇਤਿ ਇਤਿ ਜਿਨਿ ਕਰੀ । ਸੀਸੁ ਦੀਯਾ ਪਰ ਸੀ ਨ ਉਚਰੀ ॥
ਧਰਮ ਹੇਤ ਸਾਕਾ ਜਿਨ ਕੀਆ । ਸੀਸੁ ਦੀਆ ਪਰ ਸਿਰਰੁ ਨ ਦੀਆ ॥(ਬਚਿਤ੍ਰ ਨਾਟਕ)
ਗੁਰੂ ਗੋਬਿੰਦ ਸਿੰਘ ਜੀ ਨੇ ਸਮਝ ਲਿਆ ਕਿ ਔਰੰਗਜੇਬ ਆਪਣੀ ਰਾਜਸੀ ਸੱਤਾ ਕਾਇਮ ਰੱਖਣ ਲਈ ਆਚਰਣ ਪਖੋਂ ਗਿਰ ਗਿਆ ਹੈ । ਉਹ ਆਪਣੀ ਕੱਟੜ ਧਾਰਮਿਕ ਨੀਤੀ ਅਨੁਸਾਰ ‘ਦਾਰ ਉਲ ਹਰਬ” (ਕਾਫਰਾਂ ਦੀ ਧਰਤੀ) ਨੂੰ ‘ਦਾਰਉਲ ਇਸਲਾਮ’ (ਮੋਮਨਾਂ ਦੀ ਧਰਤੀ) ਵਿਚ ਬਦਲਣ ਦੇ ਸੁਪਨੇ ਲੈ ਰਿਹਾ ਸੀ । ਉਹ ਆਪਣੇ ਅੰਨੇ ਮਜਬੀ ਜੋਸ਼ ਵਿਚ ਮੰਦਰਾਂ ਤੇ ਗੁਰਦੁਆਰਿਆਂ ਨੂੰ ਮਸਜਿਦਾਂ ਵਿਚ ਬਦਲ ਰਿਹਾ ਸੀ ।ਇਹ ਇਕ ਇਨਸਾਨ ਦਾ ਦੂਸਰੇ ਇਨਸਾਨ ਨਾਲ ਸਰਾਸਰ ਧੱਕਾ ਸੀ ਜਿਸ ਨਾਲ ਟਾਕਰਾ ਲੈਣਾ ਹਰ ਇਨਸਾਨ ਦਾ ਫਰਜ਼ ਬਣਦਾ ਸੀ ਤੇ ਇਸ ਦਾ ਰਾਹ ਪਹਿਲੇ ਗੁਰੂ ਸਾਹਿਬਾਨ ਵਿਖਾ ਹੀ ਚੁੱਕੇ ਸਨ । ਔਰੰਗਜ਼ੇਬ ਦੀ ਦੇਖਾ ਦੇਖੀ ਬਾਕੀ ਛੋਟੇ ਮੋਟੇ ਰਾਜੇ ਤੇ ਅਧਿਕਾਰੀ ਵੀ ਜਬਰ ਜੁਲਮ ਦਾ ਰਾਹ ਅਪਣਾ ਰਹੇ ਸਨ । ਪਰ ਯੁੱਧ ਮਾਰਗ ਗੁਰੂ ਜੀ ਨੇ ਇਕ ਦਮ ਹੀ ਨਹੀਂ ਅਪਣਾ ਲਿਆ । ਗੁਰੂ ਸਾਹਿਬਾਨ ਨਾਮ ਪਰਚਾਰ ਨੂੰ ਅਜੇ ਵੀ ਮੁੱਖ ਰਖਦੇ ਸਨ ਪਰ ਜਦ ਪਾਉਂਟੇ ਉਨ੍ਹਾਂ ਨਾਲ ਫਤਹਿਸ਼ਾਹ ਨੇ ਧਕਾ ਕਰਨਾ ਚਾਹਿਆ ਤਾਂ ਗੁਰੂ ਜੀ ਲਈ ਸੁਰੱਖਿਆ ਲਈ ਤਲਵਾਰ ਉਠਾਉਣਾ ਜਰੂਰੀ ਹੋ ਗਿਆ ।
ਫਤੇਸ਼ਾਹ ਕੋਪਾ ਤਬਿ ਰਾਜਾ । ਲੋਹ ਪਰਾ ਹਮਸੋ ਬਿਨ ਕਾਜਾ ॥(ਬਚਿਤ੍ਰ ਨਾਟਕ)
ਗੁਰੂ ਜੀ ਨੇ ਯੁੱਧ ਲਈ ਸ਼ਸਤ੍ਰ ਉਦੋਂ ਚੁੱਕੇ ਜਦ ਉਨ੍ਹਾਂ ਨੂੰ ਜਾਪਿਆ ਕਿ ਸ਼ਸਤ੍ਰ ਉਠਾਏ ਬਿਨਾਂ ਗੁਜਾਰਾ ਨਹੀਂ ਹੋਣਾ ।
ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ ॥ ॥ (ਬਚਿਤ੍ਰ ਨਾਟਕ)
ਉਸ ਸਮੇਂ ਜੁਲਮਾਂ ਤੇ ਅਤਿਆਚਾਰਾਂ ਦਾ ਜੋ ਦੌਰ-ਦੌਰਾ ਚਲਿਆ ਹੋਇਆ ਸੀ ਉਸਨੂੰ ਦੌਲਤ ਰਾਇ ਨੇ ਆਪਣੀਆ ਕਿਤਾਬਾਂ ‘ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ’ ਵਿਚ ਭਰਪੂਰ ਬਿਆਨਿਆ ਹੈ ਇਹ ਹਾਲਾਤ ਉਹੀ ਸਨ ਜੋ ਭਾਈ ਗੁਰਦਾਸ ਹੋਰਾਂ ਨੇ ਗੁਰੂ ਨਾਨਕ ਹੋਰਾਂ ਦੇ ਵੇਲੇ ਦੇ ਬਿਆਨੇ ਸਨ ।
ਯੁੱਧ ਵਿਚ ਜਾਣ ਲਈ ਗੁਰੂ ਜੀ ਦੇ ਸਾਧਨ ਵੀ ਸੀਮਿਤ ਅਤੇ ਤਾਕਤ ਵੀ, ਪਰ ਧਰਮ ਦੀ ਰੱਖਿਆ ਖਾਤਰ ਆਪਾ ਵਾਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ । ਇਸ ਹਾਲਾਤ ਨੂੰ ਦੌਲਤ ਰਾਇ ਨੇ ਇਸ ਤਰ੍ਹਾਂ ਬਿਆਨਿਆ ਹੈ ।“ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਬੜਾ ਔਖਾ ਸੀ । ਪ੍ਰਾਪਤੀ ਦੇ ਸਾਧਨ ਕੋਈ ਵੀ ਨਹੀਂ ਸਨ । ਉਨ੍ਹਾਂ ਦੇ ਹੁਕਮ ਮੰਨਣ ਵਾਲੇ ਗਰੀਬ ਸਿੱਖ ਹੀ ਸਨ ਤੇ ਉਹ ਵੀ ਘੱਟ ਗਿਣਤੀ ਵਿਚ । ਨਾ ਕੋਈ ਜਾਗੀਰ, ਨਾ ਕੋਈ ਸੰਪਤੀ, ਨਾ ਧਨ, ਨਾ ਫੌਜ । ਜੇ ਕੋਈ ਕਾਰ-ਭੇਟ ਕੋਈ ਸਿਦਕੀ ਸਿੱਖ ਪੇਸ਼ ਕਰਦਾ ਸੀ ਉਸ ਨਾਲ ਗੁਜਾਰਾ ਹੀ ਚਲਦਾ ਸੀ । ਉਸਦੇ ਟਾਕਰੇ ਇਸਿਲਾਮ ਦੀ ਬੜੀ ਵੱਡੀ ਮਜਬੂਤ ਹਕੂਮਤ ਸੀ ਜੋ ਇਕ ਪਾਸੇ ਸਮੁੰਦਰ ਦੀਆਂ ਲਹਿਰਾਂ ਨੂੰ ਜਾ ਛੂੰਹਦੀ ਸੀ ਤੇ ਦੂਜੇ ਪਾਸੇ ਹਿਮਾਲਿਆ ਦੀਆਂ ਚੋਟੀਆਂ ਨਾਲ ਖਹਿੰਦੀ ਸੀ । ਬਰਮਾ ਦੀ ਹਦ ਤਕ ਇਸਲਾਮ ਦੀ ਤੂਤੀ ਬੋਲ ਰਹੀ ਸੀ । ਅਜਿਹੇ ਸਮੇਂ ਹੀ ਇਹ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਜਿੰਮੇ ਲੱਗਾ”।
ਅੱਗੇ ਜਾ ਕੇ ਗੁਰੂ ਜੀ ਦੇ ਔਰੰਗਜੇਬ ਵਿਸ਼ਾਲ ਸ਼ਕਤੀ ਵਿਰੁੱਧ ਡਟਣ ਬਾਰੇ ਇਉਂ ਲਿਖਿਆ ਹੈ ‘ਗੁਰੂ ਗੋਬਿੰਦ ਸਿੰਘ ਜੀ ਆਪਣੀ ਕੌਮ ਤੇ ਦੇਸ਼ ਦੀਆਂ ਲੱਖਾਂ ਇਸਤ੍ਰੀਆਂ ਦੀ ਪੱਤ ਲੁੱਟੇ ਜਾਣ ਦੇ ਜੁਲਮਾਂ ਨੂੰ ਮੇਟਣ ਲਈ ਤੇ ਨਿਰੋਲ ਦੂਜਿਆਂ ਦੇ ਭਲੇ ਲਈ ਰਣ-ਭੂਮੀ ਵਿਚ ਉਤਰੇ ਅਤੇ ਬੜੇ ਔਖੇ ਸਮੇਂ ਅਜਿਤ ਕਉਨ ਕੰਮ ਨੂੰ ਹੱਥ ਪਾਇਆ” ।
ਗੁਰੂ ਜੀ ਨਾ ਹੀ ਜੰਗੀ ਇਰਾਦੇ ਨਾਲ ਲੜੇ ਤੇ ਨਾ ਹੀ ਯੁੱਧ ਮਾਰਗ ਇਸ ਇਰਾਦੇ ਨਾਲ ਅਪਣਾਇਆ ਕਿ ਉਹ ਸ਼ਕਤੀ ਤੇ ਰਾਜ ਸਥਾਪਿਤ ਕਰਨ । ਉਹ ਤਾਂ ਲੋਕਾਂ ਦੇ ਭਲੇ ਲਈ ਹੀ ਯੁੱਧ ਮੈਦਾਨ ਵਿਚ ਉਤਰੇ । ਸਵਾਨੇ ਉਮਰੀ (ਪੰਨਾ 98-99) ਵਿਚ ਦੌਲਤ ਰਾਇ ਹੋਰਾਂ ਗੁਰੂ ਜੀ ਬਾਰੇ ਲਿਖਿਆ’ਪਸ ਜਾਹਿਰ ਹੈ ਕਿ ਗੁਰੂ ਗੋਬਿੰਦ ਸਿੰਘ ਇਨਸਾਨੋਂ ਕੋ ਸਚਾਈ ਪਵਿਤ੍ਰਤਾ ਮੁਹੱਬਤ ਔਰ ਅਦਲ ਸਿਖਾਨੇ ਕੇ ਲੀਯੈ ਭੇਜਾ ਗਿਆ ਥਾ । ਏਕ ਸੱਚਾ ਮਜਹਬ ਜਿੰਦਾ ਕਰਨੇ ਔਰ ਪ੍ਰਚਾਰ ਕਰਨੇ ਕੇਲੀਏ ਭੇਜਾ ਗਿਆ ਥਾ । ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਸੰਜੀਦਗੀ ਔਰ ਨਿਕਸਾਰੀ (ਨਮ੍ਰਿਤਾ) ਸੇ ਕਹਾ ਕਿ ਵੁਹ ਦੁਨੀਆਂ ਮੇਂ ਨੇਕੀ ਫੈਲਾਨੇ ਔਰ ਸਚਾਈ ਕਾ ਜਲਾਲ ਦਿਖਾਨੇ ਔਰ ਖੁਦਾ ਕਾ ਰਾਹ ਬਤਲਾਨੇ ਕੇ ਲੀਏ ਭੇਜਾ ਗਿਆ ਥਾ ਗੁਰੂ ਗੋਬਿੰਦ ਸਿੰਘ ਆਪਣੇ ਕੋ ਈਸ਼ਵਰ ਕਾ ਏਕ ਖਾਦਿਮ ਬਤਲਾਤਾ ਹੈ ।”
ਈਸ਼ਵਰ ਦਾ ਇਕ ਸੇਵਕ ਬਣ ਕੇ ਹੀ ਤਾਂ ਉਹ ਮਾਨਵਤਾ ਦੀ ਭਲਾਈ ਲਈ ਆਪਣੀ ਹੀ ਨਹੀਂ ਆਪਣੇ ਚਾਰੇ ਪੁੱਤਰਾਂ ਤੇ ਹਜ਼ਾਰਾਂ ਸਿੱਖਾਂ ਦੀਜਿੰਦਗੀ ਧਰਮ ਤੇ ਵਾਰ ਗਏ । ਗੁਰੂ ਗੋਬਿੰਦ ਸਿੰਘ ਹੀ ਇਕਲੇ ਇਹੋ ਜਿਹੇ ਮਹਾਂ ਮਾਨਵ ਹਨ ਜਿਨ੍ਹਾਂ ਧਰਮ-ਰਖਿਆ ਤੇ ਪਿਤਾ-ਮਾਤਾ ਤੇ ਚਾਰ ਸੁਪੱਤਰ ਕੁਰਬਾਨ ਕੀਤੇ । ਜਦ ਕਿਸੇ ਪੁੱਛਿਆ ਕਿ ਤੁਸੀਂ ਕਮਇਆ ਕੀ ਤਾਂ ਜੰਤਾ ਨੂੰ ਮੁਖਾਤਿਬ ਹੋ ਇਹੋ ਆਖਿਆ
ਇਕ ਪੁਤਰ ਕੇ ਸੀਸ ਪਰ ਵਾਰ ਦੀਏ ਸੁਤ ਚਾਰ ।
ਚਾਰ ਗਏ ਤੇ ਕਿਆ ਹੂਆ, ਜੀਵਤ ਕਈ ਹਜ਼ਾਰ ॥
ਉਨ੍ਹਾਂ ਲਈ ਤਾਂ ਸਾਰਾ ਜੱਗ ਹੀ ਆਪਣਾ ਸੀ । ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਸੀ ਜਿਸ ਤਰ੍ਹਾਂ ਬਾਕੀ ਗੁਰੂਆਂ ਦਾ ਸੀ। ਉਨ੍ਹਾਂ ਜੋ ਕੀਤਾ ਜੰਤਾ ਦੇ ਭਲੇ ਲਈ ਹੀ ਕੀਤਾ ।
ਜਿਸ ਬਾਰੇ ਗੁਰੂ ਜੀ ਨੇ ਆਪ ਲਿਖਿਆ
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥— ਗੁਰੂ ਗੋਬਿੰਦ ਸਿੰਘ ਜੀ
‘ਸ਼ੁਭ ਕਰਮਨ’ਦਾ ਬੀੜਾ ਹੀ ਤਾਂ ਚੁਕਿਆ ਸੀ ਦਸ਼ਮੇਸ਼ ਜੀ ਨੇ, ਉਹੋ ਬੀੜਾ ਜੋ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਚੁਕਿਆ ਸੀ । ਗੁਰੂ ਜੀ ਨੇ ਸਿਖ ਧਰਮ ਦੀ ਰੂਹ ਜਗਾਈ ਜਿਸ ਦੀ ਸ਼ਕਲ ਸੂਰਤ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕੀਤੀ । ਨਾਮ ਦਾਨ ਤੇ ਧਰਮ-ਰਖਿਆ ਮੀਰੀ ਤੇ ਪੀਰੀ ਗੁਰੂ ਹਰਗੋਬਿੰਦ ਹੋਰਾਂ ਦੀ ਚਲਾਈ ਪਰੰਪਰਾ ਹੀ ਗੁਰੂ ਜੀ ਨੇ ਅੱਗੇ ਤੋਰੀ ਤੇ ਖਾਲਸਾ ਸਾਜਿਆ ਜਿਸ ਦਾ ਗੁਰੂ ਥਪਿਆ ਤਾਂ ਗੁਰੂ ਗ੍ਰੰਥ ਸਾਹਿਬ ਜੋ ਆਤਮਕ ਗੁਰੂ ਹੈ, ਰੂਹਾਨੀ ਗੁਰੂ ਹੈ, ਗੁਰੂ ਨਾਨਕ ਦੇਵ ਜੀ ਦੇ ਛੇੜੇ ਪੰਥ ਦਾ ਸਹੀ ਪਾਰਦਰਸ਼ਕ ਹੈ । ਉਹ ਮਾਨਵਵਾਦੀ ਸਨ, ਲੋਕ ਸੇਵਾ ਕਦੇ ਨਹੀਂ ਸਨ ਛੱਡਦੇ ਇਥੋਂ ਤਕ ਕਿ ਯੁੱਧ ਵਿਚ ਉਸ ਬਾਰੇ ਸ਼ਿਕਾਇਤ ਜਾ ਕੀਤੀ, ਗੁਰੂ ਜੀ ਯੁੱਧ ਵਿਚ ਅਸੀ ਜਿਸ ਦੁਸ਼ਮਣਾ ਨਾਲ ਲੋਹਾ ਲਿਆ, ਆਪਣੀ ਜਿੰਦ ਦਾਉ ਤੇ ਲਾ ਕੇ ਜਿਨ੍ਹਾਂ ਨੂੰ ਘਾਇਲ ਕੀਤਾ, ਮਰਨ-ਕਿਨਾਰੇ ਪਹੁੰਚਾਇਆ ਤਾਂ ਕਿ ਉਹ ਅੱਗੋਂ ਅੜਨ ਯੋਗ ਨਾ ਰਹੇ, ਉਸੇ ਜਖਮੀ ਦੁਸ਼ਮਣ ਨੂੰ ਘਨਈਆ ਪਾਣੀ ਪਿਲਾ ਪਿਲਾ ਕੇ ਜਿੰਦਗੀ ਬਖਸ਼ ਰਿਹਾ ਹੈ ਤੇ ਸਾਡੇ ਵਿਰੁਧ ਤਿਆਰ ਕਰ ਰਿਹਾ ਹੈ” ।
ਗੁਰੂ ਜੀ ਨੇ ਭਾਈ ਘਨਈਆ ਨੂੰ ਬੁਲਾਇਆ ਤੇ ਪੁੱਛਿਆ ਤਾਂ ਉਸਦਾ ਜਵਾਬ ਸੀ “ਗੁਰੂ ਜੀ ਸੇਵਾ ਕਰਦੇ ਸਮੇਂ ਮੈਨੂੰ ਦੋਸਤ ਦੁਸ਼ਮਣ ਕੋਈ ਨਹੀਂ ਦਿਸਦਾ ਮੈਨੂੰ ਸਭ ਜਰੂਰਤਮੰਦ ਦਿਸਦੇ ਨੇ । ਇਸੇ ਲਈ ਜਿਸਨੂੰ ਵੀ ਪਾਣੀ ਦੀ ਜਰੂਰਤ ਹੁੰਦੀ ਹੋ ਪਾਣੀ ਦੀ ਸੇਵਾ ਕਰਦਾ ਹਾਂ” । ਗੁਰੂ ਜੀ ਬੜੇ ਖੁਸ਼ ਹੋਏ ਦਿਆਲ ਹੋਏ, “ਧੰਨ ਸਿੱਖਾ ਤੇਰੀ ਸਿੱਖੀ । ਸਿਖੀ ਦਾ ਅਸਲ ਮੰਤਵ ਤਾਂ ਤੂੰ ਹੀ ਪਛਾਣਿਆ ਹੈ। ਅਸੀਂ ਯੁੱਧ ਵਿੱਚ ਵਿਰਪਧੀ ਨੂੰ ਦੁਸ਼ਮਣ ਜਾਣ ਕੇ ਨਹੀਂ ਲੜਦੇ ਅਸੀਂ ਲੜਦੇ ਹਾਂ ਤਾਂ ਕਿ ਮਾਨਵਤਾ ਬਚਾਈ ਜਾ ਸਕੇ, ਦੋਸਤ ਦੁਸ਼ਮਣ ਧਰਮ ਜਾਤ ਇਸ ਵਿਚ ਕੁਝ ਨਹੀਂ ਹੁੰਦਾ। ਨਿਸ਼ਕਾਮ ਸੇਵਾ ਹੀ ਅਸਲੀ ਸੇਵਾ ਹੈ । ਸਿੱਖੀ ਦੀ ਜੀਵਨ ਜਾਚ ਤੂੰ ਜਾਣ ਲਈ ਹੈ । ਅੱਗੋਂ ਤੇ ਪਾਣੀ ਦੀ ਸੇਵਾ ਹੀ ਨਹੀਂ ਮਰਹਮ ਪੱਟੀ ਦੇ ਸੇਵਾ ਵੀ ਕiਰਆ ਕਰ ।“ ਗੁਰੂ ਜੀ ਦਾ ਦਿੱਤਾ ਭਾਈ ਘਨਈਆ ਨੂੰ ਇਹ ਥਪੜਾ ਮਾਨਵਤਾ ਨੂੰ ਹੀ ਥਾਪੜਾ ਸੀ । ਉਪਰੋਕਤ ਲਿਖਤਾਂ ਤੋਂ ਇਹ ਸਾਫ ਜਾਹਿਰ ਹੋ ਜਾਂਦਾ ਹੈ ਕਿ
1. ਗੁਰੂ ਨਾਨਕ ਦੇਵ ਜੀ ਤੇ ਦੂਸਰਿਆਂ ਗੁਰੂ ਸਾਹਿਬਾਨਾਂ ਦਾ ਰਾਹ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾਇਆ, ਕੋਈ ਵੱਖਰਾ ਧਰਮ ਨਹੀਂ ।
2. ਖਾਲਸਾ ਪੰਥ ਸਾਜਿਆ ਤਾਂ ਇਸ ਦੀ ਅਸਲ ਰੂਹ ਗੁਰੂ ਗ੍ਰੰਥ ਸਾਹਿਬ ਜੀ ਹੀ ਰੱਖੀ । ਰੂਹ ਦਾ ਕਲਬੂਤ ਹੀ ਗੁਰੂ ਜੀ ਨੇ ਸੰਵਾਰਿਆ ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਹੀ ਘੜਣਾ ਸ਼ੁਰੂ ਕਰ ਦਿਤਾ ਸੀ ।
3. ਗੁਰੂ ਜੀ ਨੇ ਯੁੱਧ ਲੜਿਆ ਜਾਂ ਲੜਣਾ ਪਿਆ ਤਾਂ ਇਹ ਹਾਲਾਤਾਂ ਦੀ ਮਜਬੂਰੀ ਸੀ । ਪਹਿਲੇ ਗੁਰੂ ਸਾਹਿਬਾਨਾਂ ਦੇ ਦਸੇ ਅਸੂਲਾਂ ਦੀ ਪੂਰਤੀ ਲਈ ਹੀ ਇਹ ਯੁੱਧ ਲੜੇ ਗਏ । ਇਨ੍ਹਾਂ ਯੁੱਧਾਂ ਦਾ ਮਕਸਦ ਜ਼ੋਰ ਜੁਲਮ ਜਬਰ ਨਾਲ ਆਢਾ ਲਾਉਣਾ ਸੀ ਤੇ ਧਰਮ ਨੂੰ ਵਧਾਉਣਾ ਸੀ ਤੇ ਧਰਮੀ ਬੰਦਿਆਂ ਨੂੰ ਜਗਾਉਣਾ ਸੀ । ਕੋਈ ਤਾਕਤ ਗੱਦੀ ਜਾਂ ਮਾਇਆ ਪ੍ਰਾਪਤੀ ਇਸ ਦਾ ਇਰਾਦਾ ਨਹੀਂ ਸੀ । ਗੁਰੂ ਜੀ ਨੇ ਤਾਂ ਆਪਣਾ ਸਰਬੰਸ ਤਕ ਇਸ ਲਈ ਵਾਰ ਦਿਤਾ ਫਿਰ ਖਟਣ ਕਮਾਉਣ ਦੀ ਤਾਂ ਗਲ ਹੀ ਕੀ ?
4. ਗੁਰੂ ਜੀ ਨੇ ਅਕਾਲ ਉਸਤਤ ਤੇ ਧਰਮ ਵਿਆਖਿਆ ਲਈ ਬਹੁਤ ਰਚਨਾਂ ਰਚੀ ਜਿਸ ਦਾ ਆਕਾਰ ਤਾਂ ਬਾਕੀ ਗੁਰੂਆਂ ਦੀਆਂ ਰਚਨਾਵਾਂ ਤੋਂ ਜਿਆਦਾ ਹੈ ਹੀ, ਵਿਚਾਰ ਵੀ ਉਹੋ ਹਨ ਜੋ ਸ੍ਰੀ ਗੁਰੂ ਨਾਨਾਕ ਦੇਵ ਜੀ ਜਾਂ ਬਾਕੀ ਗੁਰੂ ਸਾਹਿਬਾਨਾਂ ਨੇ ਪ੍ਰਗਟਾਏ ਸਨ, ਕੋਈ ਭਿੰਨ ਨਹੀਂ ।ਇਸ ਤੋਂ ਜਾਹਿਰ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਅਨੁਯਾਈ ਸਨ ਤੇ ਉਨ੍ਹਾਂ ਨੇ ਉਹੋ ਪੰਥ ਚਲਾਇਆ ਜਿਸ ਦੀ ਰੂਹ ਗੁਰੂ ਨਾਨਕ ਦੇਵ ਜੀ ਨੇ ਘੜੀ ਤੇ ਕਲਬੂਤ ਬਾਕੀ ਗੁਰੂ ਸਾਹਿਬਾਨ ਨੇ । ਉਨ੍ਹਾਂ ਨੇ ਤਾਂ ਇਸ ਨੂੰ ਸੰਵਾਰ ਪੋਚ ਕੇ ਸਥਾਪਿਤ ਹੀ ਕੀਤਾ ।

