• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਗੁਰੂ ਨਾਨਕ ਦੇਵ ਜੀ ਦੀ ਸਮਾਜਕ ਸੰਵੇਦਨਸ਼ੀਲਤਾ ਤੇ ਅੰਤਰ ਧਰਮ ਸੰਵਾਦ

Dalvinder Singh Grewal

Writer
Historian
SPNer
Jan 3, 2010
2,285
447
81
ਗੁਰੂ ਨਾਨਕ ਦੇਵ ਜੀ ਦੀ ਸਮਾਜਕ ਸੰਵੇਦਨਸ਼ੀਲਤਾ ਤੇ ਅੰਤਰ ਧਰਮ ਸੰਵਾਦ

ਡਾ ਦਲਵਿੰਦਰ ਸਿੰਘ ਗ੍ਰੇਵਾਲ
ਪਿਛੋਕੜ

ਗੁਰੂ ਨਾਨਕ ਕਾਲ (1469-1539) ਰਾਜਸੀ ਜ਼ੁਲਮ-ਜਬਰ, ਆਤੰਕ, ਭੈ, ਧਾਰਮਿਕ-ਅਸਹਿਸ਼ੀਲਤਾ ਤੇ ਵਿਚਾਰਧਾਰਕ-ਦਵੰਧ ਦਾ ਸਮਾਂ ਸੀ।ਇਸ ਦਸ਼ਾ ਦਾ ਗਿਆਨ ਗੁਰੂ ਨਾਨਕ ਦੇਵ ਜੀ ਨੂੰ ਬਚਪਨ ਵਿਚ ਅਪਣੇ ਆਪਸ ਵਿਚ ਹੋ ਰਹੇ ਵਰਤਾਰੇ ਨੂੰ ਵੇਖ ਕੇ ਹੀ ਹੋ ਗਿਆ ਸੀ।ਗੁਰੂ ਨਾਨਕ ਦੇਵ ਜੀ ਦੀ ਬਚਪਨ ਤੋਂ ਹੀ ਸੰਵੇਦਨਸ਼ੀਲਤਾ, ਚਿੰਤਨਸ਼ੀਲਤਾ ਤੇ ਪਰਮਾਤਮਾ ਪ੍ਰਤੀ ਪ੍ਰੇਮ ਦਾ ਪਤਾ ਜਨਮ ਸਾਖੀ ਤੋਂ ਲਗਦਾ ਹੈ।

ਉਸ ਸਮੇਂ ਦੇ ਹਾਲਾਤ

ਬਹਿਲੋਲ ਲੋਧੀ (1451-1489), ਸਿਕੰਦਰ ਲੋਧੀ (1486-1517), ਇਬਰਾਹੀਮ ਲੋਧੀ (1517-1526) ਦਿੱਲੀ ਤੇ ਕਾਬਜ਼ ਸਨ ਤੇ ਦੌਲਤ ਖਾਨ ਲੋਧੀ ਪੰਜਾਬ ਦੇ ਸੁਲਤਾਨਪੁਰ ਲੋਧੀ ਸੂਬੇ ਤੇ ਕਾਬਜ਼ ਸੀ।ਬਾਬਰ (1483-1530) ਨੇ ਹਿੰਦ ਨੂੰ ਲੁੱਟਣ ਤੇ ਲੋਧੀਆਂ ਨੂੰ ਖਤਮ ਕਰਕੇ ਅਪਣਾ ਰਾਜ ਸਥਾਪਤ ਕਰਨ ਲਈ ਹਮਲੇ ਸ਼ੁਰੂ ਕਰ ਦਿਤੇ ਸਨ।ਯੂਰੋਪੀਅਨਾਂ ਨੇ ਅਪਣਾ ਵਪਾਰ ਤੇ ਪ੍ਰਭਾਵ ਵਧਾਉਣ ਲਈ ਕੋਲੰਬਸ (ਜਿਸਨੇ ਅਮਰੀਕਾ ਨੂੰ 1442 ਈ: ਵਿਚ ਲੱਭਿਆ), ਪੁਰਤਗਾਲ ਦਾ ਵਾਸਕੋ-ਡੀ-ਗਾਮਾ (1460-1524 ਈ:) ਜਿਸ ਨੇ ਭਾਰਤ ਨੂੰ 1498 ਈ: ਵਿਚ ਯੂਰਪ ਲਈ ਭਾਲਿਆ, ਅਲਬੂਕਰਕ (1469-1515 ਈ: ) ਜਿਸਨੇ ਇਸ ਲੱਭਤ ਦਾ ਲਾਭ ਲੈ ਕੇ ਭਾਰਤ ਤੇ ਪੁਰਤਗੇਜ਼ੀ ਬਸਤੀਵਾਦ ਦੀ ਨੀਂਹ ਰੱਖੀ, ਦੀਆਂ ਕਾਮਯਾਬੀਆਂ ਨੂੰ ਭਾਰਤ ਲੁੱਟ ਕੇ ਅਪਣੇ ਖਜ਼ਾਨੇ ਭਰਨ ਦਾ ਸਾਧਨ ਬਣਾ ਲਿਆ।ਇਸ ਪਿੱਠਭੂਮੀ ਵਿਚ ਗੁਰੂ ਨਾਨਕ ਦੇਵ ਜੀ ਦੇ ਪਾਏ ਨਵੇਂ ਰਾਹ ਦਾ ਪਿਛੋਕੜ ਜਾਣ ਲੈਣਾ ਜ਼ਰੂਰੀ ਹੈ।ਮੱਧ-ਏਸ਼ੀਆ ਤੋਂ ਧਾੜਵੀ ਭਾਰਤ ਉਪਰ ਲਗਾਤਾਰ ਹਮਲੇ ਕਰਦੇ, ਲੁੱਟ ਖਸੁੱਟ ਮਚਾਉਂਦੇ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਹੇ ਸਨ। ਇਨ੍ਹਾਂ ਧਾੜਵੀਆਂ ਦਾ ਦਿੱਲੀ ਵਲ ਵਧਣ ਲੱਗੇ ਪਹਿਲਾ ਟਾਕਰਾ ਪੰਜਾਬ ਨਾਲ ਹੁੰਦਾ ਸੀ ਤੇ ਜਿਸ ਵਿਰੋਧ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬੀਆਂ ਨੂੰ ਹੀ ਭੁਗਤਣਾ ਪੈਂਦਾ ਹੈ।

ਇਸ ਜਬਰ-ਜ਼ੁਲਮ, ਮਾਰ ਧਾੜ ਤੇ ਲੁੱਟ-ਘਸੁੱਟ ਤੋਂ ਡਰੇ ਹਿੰਦੁਸਤਾਨੀਆਂ ਨੂੰ ਰਾਹ ਦਿਖਾਉਣ ਲਈ ਗੁਰੂ ਨਾਨਕ (1469-1538 ਈ:) ਨੇ ਬੀੜਾ ਚੁਕਿਆ।

ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਹਾਲਾਤ

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥ 1 ॥ (ਸਲੋਕੁ ਮਃ 1, ਪੰਨਾ 145)

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿੑ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿੑ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ (ਪੰਨਾ 1288)

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥ 2 ॥ ਮਃ 1 ॥ (ਮਃ 1, ਪੰਨਾ 468-469)

ਧਰਮਾਂ ਦੇ ਹਾਲਾਤ

ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ॥ ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ (ਪੰਨਾ 470)

ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ॥ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ (ਸਲੋਕੁ ਮਃ 1, ਪੰਨਾ 471)

ਪੰਡਿਤਾਂ ਬ੍ਰਹਮਣਾਂ ਦੀ ਦੁਰਦਸ਼ਾ

ਮਥੈ ਟਿਕਾ ਤੇੜਿ ਧੋਤੀ ਕਖਾਈ॥ਹਥਿ ਛੁਰੀ ਜਗਤ ਕਾਸਾਈ ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ (ਸਲੋਕੁ ਮਃ 1, ਪੰਨਾ 471)

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ (ਸਲੋਕੁ ਮਃ 1, ਪੰਨਾ 471)

ਬੇਈਂ ਨਦੀ ਵਿਚ ਆਤਮ ਗਿਆਨ ਧਰਮਾਂ ਵਿਚ ਵਖਰੇਵੇਂ

ਚਾਰਿ ਵਰਨ ਚਾਰ ਮਜਹਬਾ ਜਗ ਵਿਚ ਹਿੰਦੂ ਮੁਸਲਮਾਣੇ।

ਖੁਦੀ ਬਖੀਲ ਤਕਬਰੀ ਖਿਚੋਤਾਣ ਕਰੇਨਿ ਧਿਙਾਣੇ।

ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ।

ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ।

ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ।

ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ।

ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ।

ਸਿਰੋ ਨ ਮਿਟੇ ਆਵਣ ਜਾਣੇ ॥੨੧॥

ਵਾਰਾਂ ਭਾਈ ਗੁਰਦਾਸ ਵਾਰ ੧ ਪਉੜੀ ੨੧ ਪੰ ੮


ਕਲਿ ਕਾਲ ਦੇ ਹਨੇਰੇ ਵਿੱਚ ਏਕੇ ਦਾ ਚਾਨਣ

ਜੁਗ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ।

ਉਠੇ ਗਿਲਾਨੀ ਜਗਤਿ ਵਿਚ ਵਰਤੇ ਪਾਪ ਭ੍ਰਿਸਟਿ ਸੰਸਾਰਾ।

ਵਰਨਾ ਵਰਨ ਨਾ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਿਆਰਾ।

ਨਿੰਦਿਆ ਚਲੇ ਵੇਦ ਕੀ ਸਮਝਨਿ ਨਹਿ ਅiਗਆiਨ ਗੁਬਾਰਾ।

ਬੇਦ ਗਿਰੰਥ ਗੁਰ ਹਟਿ ਹੈ ਜਿਸੁ ਲiਗ ਭਵਜਲ ਪਾਰਿ ਉਤਾਰਾ।

ਸਤਿਗੁਰ ਬਾਝੁ ਨ ਬੁਝੀਐ ਜਿਚਰੁ ਧਰੇ ਨ ਪ੍ਰਭੁ ਅਵਤਾਰਾ।

ਗੁਰ ਪਰਮੇਸਰੁ ਇਕੁ ਹੈ ਸਚਾ ਸਾਹੁ ਜਗਤੁ ਵਣਜਾਰਾ।

ਚੜ ਸੂਰ ਮਿਟ ਜਾਇ ਅੰਧਾਰਾ ॥੧੭॥


ਕਲਿਜੁਗਿ ਬੌਧੁ ਅਉਤਾਰੁ ਹੈ ਬੋਧ ਅਬੋਧੁ ਨ ਦ੍ਰਿਸਟੀ ਆਵੈ।

ਕੋਇ ਨ ਕਿਸੈ ਵਰਜਈ ਸੋਈ ਕਰੇ ਜੋਈ ਮiਨ ਭਾਵੈ।

ਕਿਸੇ ਪੁਜਾਈ ਸਿਲਾ ਸੁੰਨਿ ਕੋਈ ਗੋਰੀ ਮੜ੍ਹੀ ਪੁਜਾਵੈ।

ਤੰਤ੍ਰ ਮੰਤ੍ਰ ਪਾਖੰਡ ਕiਰ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ।

ਆਪੋ ਧਾਪੀ ਹੋਇ ਕੈ ਨਿਆਰੈ ਨਿਆਰੈ ਧਰਮ ਚਲਾਵੈ।

ਕੋਈ ਪੂਜੈ ਚੰਦੁ ਸੂਰੁ ਕੋਈ ਧਰਤਿ ਅਕਾਸੁ ਮਨਾਵੈ।

ਪਉਣੁ ਪਾਣੀ ਬੈਸੰਤਰੋ ਧਰਮ ਰਾਜ ਕੋਈ ਤ੍ਰਿਪਤਾਵੈ।

ਫੋਕਟਿ ਧਰਮੀ ਭਰiਮ ਭੁਲਾਵੈ ॥੧੮॥ (ਪੰਨਾ 8)

‘ਨਾਨਕੁ ਮੈਂ ਤੇਰੇ ਨਾਲਿ ਹਾਂ। ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੈਗਾ ਸੋ ਸਭ ਮੈ ਨਿਹਾਲੁ ਕੀਤੇ ਹੈਨਿ।ਤੂ ਜਾਇ ਕਰਿ ਮੇਰਾ ਨਾਮ ਜਪਿ, ਅਰੁ ਲੋਕਾਂ ਥੀਂ ਭੀ ਜਪਾਇ।ਅਰੁ ਸੰਸਾਰ ਥੀਂ ਨਿਰਲੇਪੁ ਰਹੁ ਨਾਮ, ਦਾਨੁ, ਇਸਨਾਨੁ, ਦਸੇਵਾ ਸਿਮਰਨ ਵਿਚਿ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆਂ ਹੈ। ਤੂ ਏਹ ਕਿਰਤਿ ਕਰਿ।(ਵਲਾਇਤ ਵਾਲੀ ਜਨਮਸਾਖੀ, ਜਨਮਸਾਖੀ ਪਰੰਪਰਾ, ਸੰ: ਕਿਰਪਾਲ ਸਿੰਘ, ਪੰਨਾ 9)

ਉਦਾਸੀ ਭੇਖ

ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।

ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥

ਸੰਵਾਦ

ਗੁਰੁ ਨਾਨਕ ਦੇਵ ਜੀ ਨੇ ਸਮਾਜ ਦੀ ਇਸ ਦਸ਼ਾ ਨੂੰ ਸੁਧਾਰਨ ਲਈ ਸੰਵਾਦ ਨੂੰ ਸਭ ਤੋਂ ਵਧੀਆ ਰਸਤਾ ਸਮਝਿਆ। ਬੋਹਿਮ ਅਨੁਸਾਰ ‘ਸੰਵਾਦ ਵਿਚਾਰਾਂ ਦਾ ਸ਼ਬਦਾਂ ਰਾਹੀਂ ਦੋ-ਪਾਸੜੀ ਆਦਾਨ ਪਰਦਾਨ ਹੈ’। ‘ਦੋ ਵੱਖ ਧਰਮਾਂ ਜਾਂ ਵਿਚਾਰ-ਧਾਰਾਵਾਂ ਰੱਖਣ ਵਾਲਿਆਂ ਦਾ ਆਪਸੀ ਸੰਵਾਦ ਅੰਤਰ-ਧਰਮ ਸੰਵਾਦ ਕਿਹਾ ਜਾਂਦਾ ਹੈ।ਗੁਰੂ ਨਾਨਕ ਦੇਵ ਜੀ ਨੇ ਸਮੇਂ ਦੀ ਸਥਿਤੀ ਤੇ ਦਸ਼ਾ ਸਮਝ ਕੇ ਇਹ ਨਿਰਣਾ ਕਰ ਲਿਆ ਸੀ ਕਿ ਸਮਾਜ ਵਿਚ ਇਹ ਜ਼ੋਰ-ਜ਼ਬਰ-ਜ਼ੁਲਮ ਜੋ ਵਾਪਰਿਆ ਹੈ ਉਹ ਸੱਚਾਈ ਨੂੰ ਨਾ ਜਾਨਣ ਕਰਕੇ ਹੈ। ਸੱਚਾਈ ਤਾਂ ਇਹੋ ਹੈ ਕਿ ਰੱਬ ਸਾਰਿਆ ਦਾ ਇਕੋ ਹੈ, ਉਸ ਇਕੋ ਨੇ ਹੀ ਸਾਰਾ ਵਿਸ਼ਵ ਰਚਿਆ ਹੈ ਇਸ ਲਈ ਸਾਰਿਆਂ ਵਿਚ ਪਰਿਵਾਰਿਕ ਸਾਂਝ ਹੈ।ਸਾਰੇ ਬਰਾਬਰ ਹਨ ਕੋਈ ਊਚ ਨੀਚ ਨਹੀਂ ਇਸ ਲਈ ਸਭ ਨੂੰ ਜੇ ਬਰਾਬਰ ਸਮਝਿਆ ਜਾਵੇਗਾ ਭਾਈਚਾਰਕ ਸਾਂਝ ਪੈਦਾ ਹੋਵੇਗੀ ਤਾਂ ਇਹ ਕਲਹਿ ਕਲੇਸ਼, ਜਬਰ-ਜ਼ੁਲਮ ਮਿਟ ਜਾਣਗੇ।ਉਸ ਇਕੋ ਨੂੰ ਹੀ ਯਾਦ ਕਰਕੇ ਮੁਕਤੀ ਪ੍ਰਾਪਤ ਹੋਣੀ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਗੱਲ ਇਨ੍ਹਾਂ ਸਭ ਨੂੰ ਸਮਝਾਈ ਜਾਵੇ ਤੇ ਆਪਸੀ ਵਾਰਤਾਲਾਪ ਪੈਦਾ ਕੀਤਾ ਜਾਵੇ।ਇਹ ਆਪਸੀ ਮਤਭੇਦ ਤੇਗਾਂ-ਤਲਵਾਰਾਂ ਨਾਲ ਨਹੀਂ ਪਿਆਰ ਦੀ ਸਾਂਝ ਵਿਚ ਹੋਈ ਗੱਲ ਬਾਤ ਨਾਲ ਹੀ ਦੂਰ ਹੋਣਗੇ।

ਧਰਮਾਂ ਵਿਚਾਲੇ ਪੁਲ ਦਾ ਜ਼ਿਮਾ

ਧਰਮਾਂ ਵਿਚ ਵਡੇ ਫਾਸਲੇ ਵੇਖਕੇ ਤੇ ਧਰਮਾਂ ਨੂੰ ਸਿਰਫ ਅਪਣੇ ਦੁਨਿਆਬੀ ਮਤਲਬ ਲਈ ਵਰਤਿਆ ਜਾਂਦਾ ਦੇਖਕੇ ਗੁਰੂ ਜੀ ਨੇ ਧਰਮਾਂ ਵਿਚਾਲੇ ਪੁਲ ਬਣਾਉਣ ਦਾ ਜ਼ਿਮਾ ਲਿਆ।ਇਸਤਰ੍ਹਾਂ ਗੁਰੁ ਨਾਨਕ ਦੇਵ ਜੀ ਨੇ ‘ਸਭਨਾ ਜੀਆ ਕਾ ਏਕੁ ਦਾਤਾ’ ਦੇ ਆਧਾਰ ਤੇ ‘ਵਿਸ਼ਵ ਭਰਾਤਰੀਵਾਦ ਤੇ ਸਾਂਝੀਵਾਲਤਾ’ ਦਾ ਸੁਨੇਹਾ ਘਰ ਘਰ ਤਕ ਪਹੁੰਚਾਉਣ ਦਾ ਬੀੜਾ ਚੁਕਿਆ ਤੇ ਧਰਮਾਂ ਦੇ ਪਾਏ ਖਦਸ਼ਿਆਂ ਨੂੰ ਦੂ੍ਰ ਕਰਕੇ ਇਕ ਪੁਲ ਬਣਾਉਣ ਦਾ ਇਰਾਦਾ ਕੀਤਾ।ਜੋ ਰੱਬ ਤੇ ਆਮ ਲੋਕਾਂ ਵਿਚਕਾਰ ਧਾਰਮਿਕ ਆਗੂਆਂ ਨੇ ਕੂੜ ਦੀ ਦੀਵਾਰ ਖੜੀ ਕਰ ਦਿਤੀ ਸੀ ਉਸ ਨੂੰ ਢਾਹੁਣ ਲਈ ਸੱਚ ਦਾ ਸੁਨੇਹਾ ਦੇਣਾ ਸ਼ੁਰੂ ਕਰ ਦਿਤਾ ਤੇ ਅਗਿਆਨਤਾ ਦੇ ਹਨੇਰੇ ਵਿਚ ਫਸੀ ਲੋਕਾਈ ਨੂੰ ਝੂਠ ਦੇ ਅੰਧਕਾਰ ਵਿਚੋਂ ਕਢਕੇ ਸੱਚ ਦਾ ਚਾਨਣ ਫੈਲਾਉਣਾ ਸ਼ੁਰੂ ਕਰ ਦਿਤਾ।ਪ੍ਰਮਾਤਮਾਂ ਤੋਂ ਮਿਲੇ ਸੰਦੇਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਸਾਰੇ ਵਿਸ਼ਵ ਵਿਚ ਨਾਮ ਦਾ ਹੋਕਾ ਦੇਣ ਚੱਲ ਪਏ।ਧਰਮ ਨੂੰ ਵਿਉਪਾਰ ਬਣਾਉਣ ਵਾਲੇ ਮੁਲਾਂ ਤੇ ਪੰਡਤਾਂ ਦੀਆਂ ਰੀਤੀ-ਰਿਵਾਜਾਂ ਨੂੰ ਫਜ਼ੂਲ ਕਹਿ ਕੇ ਆਮ ਲੋਕਾਂ ਨੂੰ ਪਾਏ ਹੋਏ ਭਰਮਾਂ ਵਹਿਮਾਂ ਨੂੰ ਛੱਡ ਇਕ ਸੱਚ ਦੇ ਲੜ ਲੱਗਣ ਲਈ ਕਿਹਾ ਤੇ ਸਾਰੇ ਜੀਵਾਂ ਨੂੰ ਉਸੇ ਦੀ ਰਚਨਾ ਸਮਝ ਕੇ ਸਭ ਨਾਲ ਪਿਆਰ ਰੱਖਣ ਲਈ ਕਿਹਾ।

ਯਾਤ੍ਰਾਵਾਂ ਦਾ ਉਦੇਸ਼

ਹੱਕ, ਸੱਚ, ਇਨਸਾਫ, ਬਰਾਬਰੀ, ਭਾਈਵਾਲਤਾ ਸ਼ਾਂਤੀ, ਪ੍ਰੇਮ ਦੀ ਇਸ ਫਿਲਾਸਫੀ ਦੇ ਪਰਚਾਰ ਪ੍ਰਸਾਰ ਲਈ ਗੁਰੂ ਨਾਨਕ ਦੇਵ ਜੀ ਨੇ ਲਗਭਗ ਸਾਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਹਰ ਵਰਗ ਰਾਜੇ, ਵਜ਼ੀਰ, ਮੁਕੱਦਮ, ਮੌਲਵੀ, ਮੁਲਾਂ, ਬ੍ਰਾਹਮਣ. ਪੰਡਿਤ, ਹਰ ਧਰਮ ਤੇ ਹਰ ਵਰਗ ਦੇ ਆਮ ਲੋਕ ਸਭਨਾਂ ਨੂੰ ਮੁਖਾਤਬ ਹੋਏ ਤੇ ਉਨ੍ਹਾਂ ਦੀ ਸiਥਤੀ ਅਨੁਸਾਰ ਉਨ੍ਹਾਂ ਨੂੰ ਇਸ ਵਿਚਾਰ ਧਾਰਾ ਤੋ ਜਾਣੂ ਕਰਵਾ ਕੇ ਸੱਚ ਨਾਲ ਜੋੜਿਆ ਤੇ ਕੂੜ ਕੁਸੱਤ ਤੋਂ ਮੋੜਿਆ।

ਧਰਮਾਂ ਦੀ ਦੀਵਾਰ ਤੋੜਣ ਦਾ ਉਪਰਾਲਾ

ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾਂ ਪ੍ਰਤੀ ਪੂਰੀ ਨਿਸ਼ਠਾ ਤੇ ਪਿਆਰ ਤੇ ਉਸ ਦੇ ਰਚੇ ਜੀਆਂ ਦਾ ਪਿਆਰ, ਸਤਿਕਾਰ ਤੇ ਸੇਵਾ ਦਾ ਸੁਨੇਹਾ ਦੇਕੇ, ਸਵੈ-ਸੰਸਥਾਪਕ ਰੱਬੀ-ਵਿਚੋਲਿਆ ਨੂੰ ਵਿਚੋਂ ਹਟਾਕੇ ਲੋਕਾਂ ਤੇ ਰੱਬ ਦੇ ਸਿਧੇ ਸੰਵਾਦ ਦਾ ਰਾਹ ਦੱਸਿਆ ਤੇ ਲੋਕਾਈ ਅਤੇ ਰੱਬ ਵਿਚ ਆਪਸੀ ਪਿਆਰ ਵਧਾ ਕੇ ਕੂੜ ਦੀ ਦੀਵਾਰ ਤੋੜਣ ਦਾ ਉਪਰਾਲਾ ਕੀਤਾ।ਮਤਲਬੀ ਕਨੂੰਨਾਂ ਦੀ ਥਾਂ ਕੁਦਰਤੀ ਕਨੂੰਨਾਂ ਨੂੰ ਲੋਕਾਂ ਅੱਗੇ ਲਿਆਂਦਾ ਜਿਨ੍ਹਾਂ ਸਦਕਾ ਕੁਦਰਤ ਦੀ ਸਾਰੀ ਰਚਨਾ ਦਾ ਧੁਰਾ ਇਕ ਹੈ। ਰਾਜੇ ਤੇ ਗੁਲਾਮ, ਅਮੀਰ ਤੇ ਗਰੀਬ, ਧਾਰਮਿਕ ਆਗੂ ਤੇ ਆਮ ਇਨਸਾਨ ਸਭ ਦਾ ਇੱਕ ਬਰਾਬਰ ਹੋਣ ਦਾ ਅਹਿਸਾਸ ਕਰਵਾਇਆ।ਕਾਜ਼ੀ, ਮੁਲਾਂ, ਪੰਡਿਤ ਨੂੰ ਧਰਮ ਦੀ ਸਹੀ ਪਰਿਭਾਸ਼ਾ ਦਿਤੀ ਜੋ ਰਾਜਿਆਂ ਨੂੰ ਸਹੀ ਰਾਜ ਕਰਨ ਦੀ ਵਿਧੀ ਜੋ ਲੁੱਟ-ਖਸੁਟ ਦੀ ਥਾਂ ਸਰਵ-ਪਿਆਰ ਤੇ ਸਮਾਜਿਕ ਭਲਾਈ ਬਰਾਬਰੀ ਤੇ ਏਕਤਾ ਦੀ ਸੀ।

ਸੁਨੇਹਾ

ਪੂਰਾ ਸੰਸਾਰ ਹੀ ਹਨੇਰੇ ਵਿਚ ਲਿਪਟਿਆ ਹੋਣ ਕਰਕੇ ਉਸ ਨੇ ਪੂਰੇ ਵਿਸ਼ਵ ਦੀ ਯਾਤਰਾ ਕੀਤੀ ਤੇ ਦੁਨੀਆਂ ਦੇ ਹਰ ਕੋਨੇ ਵਿਚ ਅਪਣਾ ਸੁਨੇਹਾ ਪਹੁੰਚਾਇਆ ਤੇ ਕੂੜ ਦੇ ਗੜ੍ਹ ਭੰਨੇ ।ਉਹ ਪੰਡਿਤਾਂ-ਬ੍ਰਹਮਣਾਂ ਦੇ ਗੜ੍ਹ ਹਰਿਦਵਾਰ, ਬਨਾਰਸ, ਪੁਰੀ ਆਦਿ ਤੇ ਮੁਸਲਮਾਨਾਂ ਦੇ ਗੜ੍ਹ ਮੱਕਾ, ਮਦੀਨਾ, ਬਗਦਾਦ ਤਕ ਤੇ ਸਮੇਂ ਦੇ ਸ਼ਾਸ਼ਕਾਂ ਨੂੰ ਦਿੱਲੀ, ਤਹਿਰਾਨ, ਬਗਦਾਦ, ਇੰਸਤੰਬੋਲ ਤਕ ਜਾ ਮਿਲੇ। ਈਸਾਈਆਂ ਦੇ ਗੜ੍ਹ ਰੋਮ ਵਿਚ ਜਾਣ ਦੀ ਨਵੀਂ ਸ਼ਾਹਦੀ ਸਾਹਮਣੇ ਆਈ ਹੈ।‘ਇਕ ਈਸ਼ਵਰਵਾਦ’, ‘ਭਰਾਤਰੀਵਾਦ’, ‘ਸਮਾਜਿਕ ਬਰਾਬਰੀ’, ‘ਪਰਸਪਰ ਪਿਆਰ’, ‘ਵਿਚਾਰਧਾਰਕ ਆਜ਼ਾਦੀ’ ‘ਧਾਰਮਿਕ ਸ਼ਹਿਨਸ਼ਲਿਤਾ; ‘ਕਿਰਤ ਕਰਨ ਤੇ ਵੰਡ ਛਕਣ’ ਆਦਿ ਦੇ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ‘ਮੂਰਤੀ ਪੂਜਾ’ ‘ਫੋਕਟ ਕਰਮ-ਕਾਂਡ’ ‘ਧਾਰਮਿਕ ਤੇ ਰਾਜਸੀ ਜ਼ੋਰ-ਜਬਰ’ ਤੇ ‘ਗੁਲਾਮੀ ਪ੍ਰਥਾ’ ਤੋਂ ਵਰਜਿਆ ਤੇ ਸਮਾਜਿਕ ਭਲਾਈ ਲਈ ਕਿਹਾ। ਇਹ ਸੱਚ, ਸੱਚ ਆਚਾਰ, ਇਕਈਸ਼ਵਰਵਾਦ, ਸਰਬ-ਸਾਂਝੀਵਾਲਤਾ, ਸਮਾਜਿਕ ਬਰਾਬਰੀ, ਸੇਵਾ ਤੇ ਭਲਾਈ, ਅਮਨ-ਚੈਨ ਤੇ ਸਰਵ-ਪਿਆਰ ਦਾ ਇਹ ਸੁਨੇਹਾ ਸਾਰੀ ਦੁਨੀਆਂ ਵਿਚ ਜਲਦੀ ਹੀ ਪ੍ਰਵਾਨ ਕਰ ਲਈ ਗਈ ਜਿਸ ਦਾ ਅਸਰ ਅਸੀਂ ਹੁਣ ਦੁਨੀਆਂ ਦੇ ਹਰ ਹਿਸੇ ਵਿਚ ਵੇਖ ਰਹੇ ਹਾਂ।

ਬਾਬੇ ਤਾਰੇ ਚਾਰ ਚਕ ਨੌਂ ਖੰਡ ਪ੍ਰਿਥਮੀ ਸਚਾ ਢੋਆ। (ਵਾਰਾਂ ਭਾਈ ਗੁਰਦਾਸ ਵਾਰ ੧)

ਪ੍ਰਚਾਰ ਢੰਗ

ਤੇਗ-ਤਲਵਾਰ ਦੀ ਥਾਂ ਵਿਚਾਰ-ਪ੍ਰਚਾਰ ਦਾ ਢੰਗ ਗੁਰੁ ਜੀ ਨੂੰ ਬੜਾ ਸਾਫ, ਸਾਦਾ, ਸਿਧਾ, ਸਹੀ ਤੇ ਸਪਸ਼ਟ ਜਾਪਿਆ ਜਿਸ ਰਾਹੀਂ ਉਹ ਹਰ ਰਾਜੇ-ਵਜ਼ੀਰ-ਅਮੀਰ-ਫਕੀਰ, ਮੁਲਾਂ-ਕਾਜ਼ੀ-ਪੰਡਿਤ-ਬ੍ਰਹਮਣ ਤੇ ਹਰ ਧਰਮ ਦੇ ਹਰ ਫਿਰਕੇ ਦੇ ਦਿਲਾਂ-ਮਨਾਂ ਵਿਚ ਉਤਰ ਸਕਦੇ ਸਨ।ਕਵਿਤਾ ਤੇ ਸੰਗੀਤ ਹਮੇਸ਼ਾ ਦਿਲ ਦੀਆਂ ਤਾਰਾਂ ਸਿਧੀਆਂ ਖੜਕਾਉਂਦੇ ਹਨ ਤੇ ਇਹੋ ਸਾਧਨ ਗੁਰੂ ਜੀ ਨੇ ਵਿਚਾਰ ਲੋਕ ਮਨਾਂ ਤਕ ਪਹੁੰਚਾਉਣ ਲਈ ਵਰਤੇ।ਗੁਰੂ ਨਾਨਕ ਦੇਵ ਜੀ ਲੋਕਾਂ ਦੀਆਂ ਮੁਸ਼ਕਲਾਂ ਤੇ ਪੈਦਾ ਹੋਏ ਹਾਲਾਤ ਬਾਰੇ ਉਨ੍ਹਾਂ ਨੂੰ ਆਗਾਹ ਕਰਦੇ ਤੇ ਫਿਰ ਇਸ ਅੰਧਕਾਰ ਵਿਚੋਂ ਜਾਂ ਕਸ਼ਟ ਭਰੀ ਗ਼ਿੰਦਗੀ ਵਿਚੋਂ ਉਭਰਨ ਦਾ ਸਹੀ ਰਸਤਾ ਵੀ ਦਸਦੇ।ਸਮੇਂ ਤੇ ਹਾਲਾਤ ਦੀ ਲੋੜ ਅਨੁਸਾਰ ਵਿਸ਼ਾ ਤੇ ਪ੍ਰਚਾਰ ਸਾਧਨ ਤੇ ਵਸਤੂ ਚੁਣਦੇ ਤੇ ਬੜੇ ਕਾਰਗਰ ਤਰੀਕੇ ਨਾਲ ਅਗਲੇ ਨੂੰ ਮੰਤਰ ਮੁਗਧ ਕਰ ਦਿੰਦੇ। ਸੁਲਝੇ ਹੋਏ ਧਾਰਮਿਕ ਆਗੂਆਂ ਨਾਲ ਵਿਚਾਰ ਗੋਸ਼ਟੀਆਂ, ਬਹਿਸ-ਮੁਬਾਹਸਾ ਤੇ ਲੋੜ ਪੈਣ ਤੇ ਮਿਸਾਲਾਂ-ਉਦਾਹਰਣਾਂ ਵੀ ਦਿੰਦੇ।

ਸੱਚ-ਕੂੜ ਦੀ ਵਿਆਖਿਆ

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਜਪੁਜੀ, ਪੰਨਾ 1)

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ॥ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥ 1 ॥ ॥( ਸਲੋਕ ਮਃ 1, ਪੰਨਾ 468)

ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ॥ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ॥1॥ (ਸਲੋਕ ਮਃ 1, ਪੰਨਾ 1245)

ਅਣਮੋਲ ਹਦਾਇਤਾਂ

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ (ਪੰਨਾ 62-11).

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ (ਪੰਨਾ 470-13).

ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ (ਪੰਨਾ 1245).

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ (ਪੰਨਾ 953).

ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥ (ਪੰਨਾ, 636-17).

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥

ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ ॥੧॥ (ਪੰਨਾ. 464-4).

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ (ਪੰਨਾ 473).

ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥

ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥ (ਪੰਨਾ 730-9).

ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਪੰਨਾ ਕਿਆ ਤਗੁ ॥੧॥ (ਪੰਨਾ, 467-6),

ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ (ਪੰਨਾ. 356-14).


ਸੁਨੇਹੜੇ ਪਹੁੰਚਾਉਣ ਲਈ ਤਿਆਰੀ


ਵੇਈਂ ਨਦੀ ਵਿਚ ਪਰਮਾਤਮਾਂ ਤੋਂ ਲੋਕਾਈ ਤਾਰਨ ਲਈ ਹੁਕਮ ਦੀ ਬਖਸ਼ਿਸ਼ ਪ੍ਰਾਪਤ ਕੀਤੀ ਤੇ ਇਸ ਬਖਸ਼ਿਸ਼ ਨੁੰ ਪੂਰਾ ਕਰਨ ਲਈ ਨਾਮ ਦੀ ਘਾਲ-ਕਮਾਈ ਕੀਤੀ।ਪਹਿਲਾਂ ਸੁਲਤਾਨਪੁਰ ਰਹਿ ਕੇ ਇਸ ਦੀ ਸ਼ੁਰੂਆਤ ਕੀਤੀ:

ਪਹਿਲਾ ਬਾਬੇ ਪਾਯਾ ਬਖਸੁ ਦਰਿ, ਪਿਛੋ ਦੇ ਫਿਰਿ ਘਾਲਿ ਕਮਾਈ।

ਤਬਿ ਫਿਰਿ ਆਗਿਆ ਆਈ, ਹੁਕਮੁ ਹੋਆ: ‘ਨਾਨਕੁ ਜਿਸੁ ਉਪਰਿ ਤੇਰੀ ਨਦਰਿ, ਤਿਸੁ ਉਪਰਿ ਮੇਰੀ ਨਦਰਿ॥ ਜਿਸ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ ਕਰਮੁ॥ ਮੇਰਾ ਨਾਉ ਪਾਰਬ੍ਰਹਮ ਪਰਮੇਸਰੁ ਅਰ ਤੇਰਾ ਨਾਉਂ ਗੁਰੁ ਪਰਮੇਸਰੁ’॥ (ਪੁਰਾਤਨ ਜਨਮਸਾਖੀ ਪੰਨਾ 41)

‘ਅਰੁ ਜੋ ਅਲੂਫਾ (ਤਨਖਾਹ ਤੋਂ ਵੱਖਰੀ ਰਸਦ) ਗੁਰੂ ਨਾਨਕ ਜੋਗੁ ਮਿਲੇ, ਖਾਵੇ ਸੋ ਖਾਵੇ, ਹੋਰ ਪਰਮੇਸਰ ਕੈ ਅਰਥਿ ਦੇਵੈ। ਅਤੇ ਨਿਤਾਪ੍ਰਤੀ ਰਾਤਿ ਕਉ ਕੀਰਤਨ ਹੋਵੈ।(ਪੁਰਾਤਨ ਜਨਮਸਾਖੀ, ਪੰਨਾ 38)

ਫਿਰ ਭਾਈ ਲਾਲੋ ਕੋਲ ਏਮਨਾਬਾਦ ਜਾ ਕੇ ਭਾਰੀ ਤਪਸਿਆ ਕੀਤੀ ਤੇ ਨਾਮ ਦੀਆਂ ਨਉ ਨਿਧਾ ਪ੍ਰਾਪਤ ਕੀਤੀਆਂ:

ਰੇਤੁ ਅਕੁ ਆਹਾਰੁ ਕਰਿ, ਰੋੜਾ ਕੀ ਗੁਰ ਕਰੀ ਵਿਛਾਈ।

ਭਾਰੀ ਕਰੀ ਤਪਸਿਆ, ਵਡੇ ਭਾਗੁ ਹਰਿ ਸਿਉਂ ਬਣਿ ਆਈ।

ਬਾਬਾ ਪੈਧਾ ਸਚਖੰਡ, ਨਉ ਨਿਧ ਨਾਮੁ ਗਰੀਬੀ ਪਾਈ।
 
Top