• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi : ਭੀਖੀ ਦੇ ਸਿੰਘ

Dalvinder Singh Grewal

Writer
Historian
SPNer
Jan 3, 2010
1,245
421
78

ਭੀਖੀ ਦੇ ਸਿੰਘ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਐਮੈਰੀਟਸ ਦੇਸ਼ ਭਗਤ ਯੂਨੀਵਰਸਿਟੀ


ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਚਰਨ ਚਿੰਨਾਂ ਦੀ ਖੋਜ ਕਰਦਿਆਂ ਮਾਲਵੇ ਦੇ ਪਿੰਡ ਭਿਖੀ (ਭੀਖੀ) ਪਹੁੰਚੇ । ਇਹ ਪਿੰਡ ਪਹਿਲਾਂ ਰਿਆਸਤ ਪਟਿਆਲਾ ਨਜ਼ਾਮਤ ਬਰਨਾਲਾ ਵਿਚ ਪੈਂਦਾ ਸੀ ਜੋ ਪਿਛੋਂ ਪੈਪਸੂ ਅਤੇ ਪੰਜਾਬ ਦਾ ਅੰਗ ਬਣਿਆ ਤੇ ਹੁਣ ਪੰਜਾਬ ਦੇ ਜਿਲੇ ਮਾਨਸਾ ਵਿਚ ਪੈਂਦਾ ਹੈ ਜੋ ਰੇਲਵੇ ਸਟੇਸ਼ਨ ਨਰਿੰਦਰਪੁਰੇ ਤੋਂ 13 ਕਿਲੋਮੀਟਰ ਉਤਰ ਵੱਲ ਹੈ । ਪਿੰਡ ਦੇ ਉਤਰ ਪੱਛਮ ਵੱਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਹੈ ਜੋ ਨੌਵੇਂ ਪਾਤਸ਼ਾਹ ਦੇ ਇਥੇ ਚਰਨ ਪਾਉਣ ਦੀ ਨਿਸ਼ਾਨਦੇਹੀ ਕਰਦਾ ਹੈ। ਗੁਰੂ ਜੀ ਨੇ ਇਥੇ 10 ਦਿਨ ਨਿਵਾਸ ਕੀਤਾ ਸੀ । ਇਥੋਂ ਦੇ ਤ੍ਰਖਾਣਾਂ ਅਤੇ ਬਾਣੀਆਂ ਨੇ ਸੇਵਾ ਕੀਤੀ ਸੀ । ਚੌਧਰੀ ਗੈਂਡਾ ਚਾਹਲ ਗੋਤ ਦਾ ਚੋ ਸੁਲਤਾਨ ਦਾ ਉਪਾਸ਼ਕ ਸੀ ਉਹ ਸਤਿਗੁਰਾਂ ਦਾ ਉਪਦੇਸ਼ ਸੁਣਕੇ ਸਿੱਖ ਹੋਇਆ। (1) ਸਿਰਦਾਰ ਅਤਰ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸੰਬੰਧੀ ਸੰਪਾਦਿਤ ਸਾਖੀਆਂ ਵਿਚੋਂ ਸਾਖੀ 14 ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਭੀਖੀ ਚਰਨ ਪਾਉਣ ਨਾਲ ਸੰਬੰਧਿਤ ਹੈ। ਇਸ ਵਿਚ ਚੌਧਰੀ ਦੇਸੇ ਨੂੰ ਸ਼ਕਤੀ ਭਰੇ ਪੰਜ ਤੀਰ ਦੇਣ ਬਾਰੇ ਇੰਜ ਦਰਜ ਹੈ :

ਗੁਰੂ ਜੀ ਅਗੇ ਪਟਿਆਲਾ ਰਿਆਸਤ ਦੇ ਪਿੰਡ ਭਿਖੀ ਵਿਖੇ ਪਹੁੰਚੇ । ਤਿੰਨ ਦਿਨ ਬਾਅਦ ਪਿੰਡ ਦਾ ਚੌਧਰੀ ਦੇਸੂ ਚਹਿਲ ਭੇਟਾ ਲੈ ਕੇ ਗੁਰੂ ਜੀ ਕੋਲ ਆਇਆ । ਗੁਰੂ ਜੀ ਨੇ ਕਿਹਾ ‘‘ ਆਉ ਦੇਸੂ, ਬੈਠੋ । ਆਪਣੇ ਡੰਡੇ ਨੂੰ ਪਾਸੇ ਕਿਉਂ ਰਖਿਆ ਹੈ ?’’ ਦੇਸੂ ਨੇ ਜਵਾਬ ਦਿਤਾ, ‘‘ਮੈਂ ਸਖੀ ਸੁਲਤਾਨ ਨੂੰ ਮੰਨਦਾ ਹਾਂ ਤੇ ਡੰਡਾ ਨਿਸ਼ਾਨੀ ਵਜੋਂ ਆਪਣੇ ਨਾਲ ਰਖਦਾ ਹਾਂ ।" ਗੁਰੂ ਜੀ ਨੇ ਕਿਹਾ, ‘‘ਇਹ ਕਿਉਂ ? ਹਿੰਦੂ ਹੋ ਕੇ ਮੁਸਲਮਾਨ ਪੀਰਾਂ ਦੀ ਪੂਜਾ ਕਰਦਾ ਹੈਂ ? ਇਸ ਡੰਡੇ ਨੂੰ ਪਰ੍ਹੇ ਵਗਾਹ ਮਾਰ । ਮੈਂ ਤੈਨੂੰ ਬਾਦਸ਼ਾਹਤ ਦਾ ਵਰਦਾਨ ਦਿੰਦਾ ਹਾਂ ।" ਗੁਰੂ ਜੀ ਨੇ ਆਪਣੇ ਭੱਥੇ ਵਿਚੋਂ ਪੰਜ ਤੀਰ ਬਖਸ਼ੇ ਤੇ ਕਿਹਾ, ‘‘ਮੈਂ ਤੈਨੂੰ ਪੰਜ ਬੀਰਾਂ ਦੀ ਸ਼ਕਤੀ ਵਾਲੇ ਪੰਜ ਤੀਰ ਦੇ ਰਿਹਾ ਹਾਂ । ਜਿਥੇ ਵੀ ਜਾਏਂਗਾ ਤੇਰੀ ਜਿੱਤ ਹੋਵੇਗੀ । ਜੇ ਤੂੰ ਸਿੱਖੀ ਧਾਰਨ ਰਖੀ ਤਾਂ ਬਾਦਸ਼ਾਹ ਬਣੇਂਗਾ ਪਰ ਜੇ ਧਰਮ ਛਡਿਆ ਤਾਂ ਤੇਰਾ ਕੱਖ ਨਹੀਂ ਰਹਿਣਾ ।" ਦੇਸੂ ਗੁਰੂ ਜੀ ਦੇ ਅੱਗੇ ਝੁਕਿਆ ਅਤੇ ਕਿਲ੍ਹੇ ਵੱਲ ਚਲਾ ਗਿਆ। ਇਥੇ ਦਸ ਦਿਨ ਬਤੀਤ ਕਰਨ ਤੋਂ ਬਾਅਦ ਗੁਰੂ ਜੀ ਖਿਸਲਾ ਵੱਲ ਚਲੇ ਗਏ। 2 ਜਦੋਂ ਸਰਵਰ ਦੇ ਮੁਰੀਦਾਂ ਨੂੰ ਦੇਸੂ ਦੇ ਸਿੱਖ ਬਣਨ ਦੀ ਖਬਰ ਮਿਲੀ ਤਾਂ ਉਹ ਆ ਕੇ ਦੇਸੂ ਨੂੰ ਕਹਿਣ ਲਗੇ, ‘‘ ਤੂੰ ਸੋਢੀ ਗੁਰੂ ਦਾ ਕਹਿਣਾ ਮੰਨ ਕੇ ਤੇ ਆਪਣੇ ਡੰਡੇ ਨੂੰ ਸੁੱਟ ਕੇ ਘੋਰ ਅਪਰਾਧ ਕੀਤਾ ਹੈ। ਹੁਣ ਇਸ ਦਾ ਪਛਤਾਵਾ ਕਰਨ ਲਈ ਮੁਹੰਮਦ ਸਾਹਬ ਅਗੇ ਅਰਦਾਸ ਕਰ, ਡੰਡਾ ਦੁਬਾਰਾ ਫੜ ਤੇ ਤੀਰਾਂ ਨੂੰ ਤੋੜ ਸੁੱਟ।" ਦੇਸੂ ਨੇ ਪੰਜੇ ਤੀਰ ਸੁੱਟ ਦਿਤੇ ਤੇ ਸਖੀ ਸਰਵਰ ਦੇ ਮੁਰੀਦਾਂ ਨੇ ਤੀਰ ਤੋੜ ਕੇ ਭੱਠੀ ਵਿਚ ਸੁੱਟ ਦਿਤੇ । ਇਸ ਤਰ੍ਹਾਂ ਦੇਸੂ ਨੇ ਆਪਣੇ ਭਵਿੱਖ ਦਾ ਨਾਸ ਕਰ ਲਿਆ। (3)

ਸਾਖੀ 17 ਵਿਚ ਦਰਜ ਹੈ ਕਿ ਜਦੋਂ ਗੁਰੂ ਜੀ ਮੌੜ ਕਲਾਂ ਵਿਚ ਸਨ ਤਾਂ ਉਨ੍ਹਾਂ ਨੂੰ ਦੇਸੂ ਵਲੋਂ ਪੰਜ ਬੀਰਾਂ ਵਾਲੇ ਤੀਰ ਸੁੱਟਣ ਬਾਰੇ ਪਤਾ ਲਗਾ। ਉਹ ਇਹ ਵੀ ਜਾਣਦੇ ਸਨ ਕਿ ਅਜਿਹਾ ਕਰਨ ਤੇ ਦੇਸੂ ਦਾ ਨਾਸ ਹੋ ਜਾਣਾ ਹੈ। ਮੌੜ ਕਲਾਂ ਦੇ ਵਾਸੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਦੇਸੂ ਨੂੰ ਬਚਾਉਣ ਲਈ ਗੁਰੂ ਜੀ ਕੋਲ ਬਿਨਤੀ ਕਰਨ ਲਗੇ, ‘‘ ਦੇਸੂ ਸਾਡਾ ਰਿਸ਼ਤੇਦਾਰ ਹੈ। ਭਿਖੂ ਦੀ ਧੀ ਸੁਖੀਆ ਰਾਇ ਦੇ ਮੁੰਡੇ ਬੁੱਗੇ ਨੂੰ ਵਿਆਹੀ ਹੋਈ ਹੈ। ਅਸੀਂ ਦੇਸੂ ਨੂੰ ਤੁਹਾਡੇ ਅਗੇ ਲਿਆਕੇ ਮਾਫੀ ਮੰਗਾਂਵਾਂਗੇ । ’’ ਗੁਰੂ ਸਾਹਬ ਨੇ ਉਨ੍ਹਾਂ ਨੂੰ ਇਹ ਕੰਮ ਜਲਦੀ ਨਾਲ ਕਰਨ ਦਾ ਅਦੇਸ਼ ਦਿਤਾ। ਪਰ ਦੇਸੂ ਇਸ ਲਈ ਤਿਆਰ ਨਾ ਹੋਇਆ । ਗੁਰੂ ਜੀ ਨੇ ਕਿਹਾ, ‘‘ ਮੈਂ ਦੇਸੂ ਨੂੰ ਉਚਿਆਇਆ । ਉਸ ਨੇ ਵਡੀਆਂ ਜਗੀਰਾਂ ਦਾ ਮਾਲਿਕ ਬਣ ਜਾਣਾ ਸੀ ਤੇ ਦੇਸੂ ਤੋਂ ਦੇਸ ਰਾਜ ਬਣ ਜਾਣਾ ਸੀ ਪਰ ਉਸ ਨੇ ਮੇਰੇ ਬਚਨਾਂ ਦੇ ਤੋਹਫੇ ਨੂੰ ਠੁਕਰਾ ਦਿਤਾ। ’’ ਮੌੜ ਵਾਸੀਆਂ ਨੇ ਹੱਥ ਜੋੜ ਕੇ ਜੋਦੜੀ ਕੀਤੀ ਕਿ ਇਕ ਬੰਦੇ ਦੀ ਗਲਤੀ ਕਾਰਨ ਚਹਿਲਾਂ ਦਾ ਨਾਸ ਹੋ ਜਾਵੇਗਾ । ਗੁਰੂ ਜੀ ਨੇ ਬਚਨ ਕੀਤਾ, ‘‘ ਬਾਕੀ ਚਹਿਲਾਂ ਉਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਉਹ ਸਭ ਸੁਖ ਸ਼ਾਂਤੀ ਨਾਲ ਵਸਣਗੇ । ਉਨ੍ਹਾਂ ਵਿਚੋਂ ਕਈ ਸਿੱਖ ਬਣਨਗੇ । ਮੈਂ ਉਨ੍ਹਾਂ ਸਿੱਖਾਂ ਨੂੰ ਮਾਫ ਕਰਦਾ ਹਾਂ ਤੇ ਉਨ੍ਹਾਂ ਲਈ ਦਿਤਾ ਸਰਾਪ ਵਾਪਸ ਲੈਂਦਾ ਹਾਂ ਪਰ ਦੇਸੂ ਤਬਾਹ ਹੋਣ ਤੋ ਨਹੀਂ ਬਚ ਸਕਦਾ ਤੇ ਉਹਦਾ ਬੰਸ ਵੀ ਅਗੇ ਨਹੀਂ ਵਧੇਗਾ । * ਅਤਰ ਸਿੰਘ, ਸਾਖੀ 17, ਪੰਨਾ 29-30 ਇੰਜ ਦੇਸੂ ਦੇ ਬੰਸ ਦਾ ਖਾਤਮਾ ਹੋ ਗਿਆ।

ਭੀਖੀ ਵਿਚ ਦੇਸੂ ਕੋਟ ਦੇ ਨੇੜੇ ਗੁਰੂ ਜੀ ਯਾਦ ਵਿਚ ਇਕ ਸੁੰਦਰ ਗੁਰਦੁਆਰਾ ਸਾਹਬ ਸੁਸ਼ੋਭਿਤ ਹੈ। ਇਸ ਦਾ ਨਿਰਮਾਣ ਮਹਾਰਾਜਾ ਕਰਮ ਸਿੰਘ ਪਟਿਆਲਾ ਵਾਲੇ ਨੇ ਕਰਵਾਇਆ ਹੈ । ਇਹ ਰਹਾਇਸ਼ੀ ਕਲੋਨੀ ਵਿਚ ਸਥਿਤ ਹੈ । ਗੁਰਦੁਆਰਾ ਸਾਹਿਬ ਦੇ ਨਾਮ ਤੇ 140 ਘੁਮਾਓ ਜ਼ਮੀਨ ਹੈ ਅਤੇ 80 ਰੁਪਏ ਮਹਾਰਾਜਾ ਪਟਿਆਲਾ ਵਲੋਂ ਹਨ। ਇਕ ਪੁਜਾਰੀ ਸਿੰਘ ਹੈ। (1) ਭਿਖੀ ਸੁਨਾਮ – ਬਠਿੰਡਾ ਸੜਕ ਦੇ ਚੌਰਾਹੇ ਤੇ ਸੁਨਾਮ ਤੋਂ 30 ਕਿਲੋਮੀਟਰ ਅਤੇ ਬਠਿੰਡਾ ਤੋਂ 60 ਕਿਲੋਮੀਟਰ ਹੈ । (3)

ਮੌਜੂਦਾ ਸਮੇਂ ਗੁਰੂ ਜੀ ਦੇ ਸਰਾਪ ਕਾਰਨ ਦੇਸੂ ਦੀ ਅੰਸ ਵੰਸ ਵਿਚ ਕੋਈ ਵੀ ਵਾਰਿਸ ਨਹੀਂ ਬਚਿਆ ਹੈ। ਦੂਜੇ ਪਾਸੇ ਜਿਨ੍ਹਾਂ ਤ੍ਰਖਾਣਾਂ ਤੇ ਬਾਣੀਆਂ ਨੇ ਗੁਰੂ ਜੀ ਦੀ ਦਸ ਦਿਨ ਸੇਵਾ ਕੀਤੀ ਸੀ ਉਨ੍ਹਾਂ ਪਰਿਵਾਰਾਂ ਨੇ ਬਹੁਤ ਤਰੱਕੀਆਂ ਕੀਤੀਆਂ ਹਨ। ਉਹ ਬਾਣੀਏ ਪਰਿਵਾਰ ਇਸ ਸਮੇਂ ਮਾਨਸਾ ਤੋ ਹੋਰ ਇਲਾਕਿਆਂ ਵਿਚ ਵਸ ਰਹੇ ਹਨ । ਇਸ ਬਾਰੇ ਮੈਨੂੰ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫ਼ੈਸਰ ਵਿਰੇਂਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਬਾਣੀਆਂ (ਮਿੱਤਲ ਤੇ ਅਗਰਵਾਲ) ਦੇ ਅੰਸ ਵੰਸ ਵਿਚੋਂ ਹੀ ਹਨ ਜਿਨ੍ਹਾਂ ਦੇ ਪੁਰਖਿਆਂ ਨੂੰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਡੇਰੇ ਸਿੰਘ ਸਜੇ ਸਨ ਤੇ ਇੰਜ ਉਨ੍ਹਾਂ ਦੇ ਪਰਿਵਾਰ ਦਾ ਇਤਿਹਾਸ ਭੀਖੀ ਨਾਲ ਜੁੜਿਆ ਹੋਇਆ ਹੈ । ਡਾ. ਵਿਰੇਂਦਰ ਸਿੰਘ ਨੇ ਇਕ ਪੁਸਤਕ ‘ਭੀਖੀ ਦੇ ਸਿੰਘ’ ਮੈਨੂੰ ਦਿਤੀ ਜਿਸ ਵਿਚ ਮਿੱਤਲ ਪਰਿਵਾਰ ਦੀ ਗਾਥਾ ਵਿਸਤ੍ਰਿਤ ਰੂਪ ਵਿਚ ਲਿਖੀ ਗਈ ਹੈ। ਇਸ ਪੁਸਤਕ ਦੇ ਸਾਰ ਨੂੰ ਸੰਖੇਪ ਰੂਪ ਵਿਚ ਪੇਸ਼ ਕਰਨਾ ਉਚਿਤ ਹੈ।

1661397638304.png

ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ ਭੀਖੀ
ਗੁਰੂ ਤੇਗ ਬਹਾਦੁਰ ਸਾਹਿਬ ਸੰਨ 1665 ਵਿਚ ਮਾਲਵਾ ਰਟਨ ਲਈ ਪਹੁੰਚੇ । ਭੀਖੀ ਤੋਂ ਮੌੜ ਕਲਾਂ ਹੁੰਦੇ ਹੋਏ ਤਲਵੰਡੀ ਸਾਬੋ ਦੀਆਂ ਜੂਹਾਂ ਵਿਚ ਕੁਝ ਦਰਖਤਾਂ ਦੀ ਸੰਘਣੀ ਛਾਂ ਵੇਖ ਕੇ ਵਿਸ਼ਰਾਮ ਲਈ ਬਿਰਾਜਮਾਨ ਹੋ ਗਏ । ਥਕਾਵਟ ਵੀ ਸੀ ਤੇ ਪਿਆਸ ਵੀ ਸੀ । ਉਧਰ ਸਾਬੋ ਕੀ ਤਲਵੰਡੀ ਦੇ ਭਾਈ ਜੀਵਨ ਰਾਮ ਮਿੱਤਲ ਆਪਣੇ ਕੰਮ ਵਿਚ ਰੁਝੇ ਹੋਏ ਸਨ । ਉਨ੍ਹਾਂ ਨੇ ਦਰਖਤਾਂ ਹੇਠ ਕੁਝ ਸਿੱਖਾਂ ਸਮੇਤ ਇਕ ਅਲੌਕਿਕ ਹਸਤੀ ਦੇ ਨੂਰ ਦੀ ਚਮਕ ਦੇਖੀ । ਭਾਈ ਜੀਵਨ ਰਾਮ ਮਿੱਤਲ ਠੰਡਾ ਪਾਣੀ ਲੈ ਕੇ ਸੇਵਾ ਲਈ ਹਾਜਰ ਹੋਏ। ਗੁਰੂ ਸਾਹਬ ਸਮੇਤ ਸਾਰੇ ਸਿੱਖਾਂ ਨੇ ਆਪਣੀ ਪਿਆਸ ਬੁਝਾਈ ਤੇ ਗੁਰੂ ਸਾਹਿਬ ਨੇ ਭਾਈ ਜੀਵਨ ਰਾਮ ਨੂੰ ਅਸੀਸਾਂ ਦਿਤੀਆਂ । ਉਥੋਂ ਹੀ ਭਾਈ ਜੀਵਨ ਰਾਮ ਮਿੱਤਲ ਗੁਰੂ ਜੀ ਦੇ ਨਾਲ ਹੀ ਤਲਵੰਡੀ ਸਾਬੋ ਆ ਗਏ ਅਤੇ ਸੇਵਾ ਵਿਚ ਰੁਝ ਗਏ । ਗੁਰੂ ਜੀ ਨੇ ਭਾਈ ਜੀਵਨ ਰਾਮ ਮਿੱਤਲ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਆਪਣਾ ਸਿੱਖ ਪਰਵਾਨ ਕਰ ਲਿਆ । ਗੁਰੂ ਤੇਗ ਬਹਾਦੁਰ ਜੀ ਨੇ ਭਾਈ ਜੀਵਨ ਰਾਮ ਮਿੱਤਲ ਦੀ ਸੇਵਾ ਦਾ ਜ਼ਿਕਰ ਆਪਣੇ ਸਾਹਿਬਜ਼ਾਦੇ ਗੁਰੂ ਗੋਬਿੰਦ ਰਾਇ ਨਾਲ ਵੀ ਕੀਤਾ । ਜਦੋਂ ਗੁਰੂ ਗੋਬਿੰਦ ਸਿੰਘ ਜੀ 1707 ਵਿਚ ਤਲਵੰਡੀ ਸਾਬੋ ਪਹੁੰਚੇ ਤੇ ਸੰਗਤਾਂ ਨੂੰ ਖੰਡੇ ਬਾਟੇ ਦਾ ਪਾਹੁਲ ਛਕਾਉਣ ਲਗੇ ਤਾਂ ਉਨ੍ਹਾਂ ਨੇ ਭਾਈ ਜੀਵਨ ਰਾਮ ਮਿੱਤਲ ਨੂੰ ਨਾਮ ਲੈ ਕੇ ਆਪਣੇ ਕੋਲ ਬੁਲਾਇਆ । ਭਾਈ ਜੀਵਨ ਰਾਮ ਮਿੱਤਲ ਸਰੀਰਕ ਪੱਖੋਂ ਕਮਜ਼ੋਰ ਹੋਣ ਕਾਰਨ ਗੁਰੂ ਜੀ ਕੋਲ ਜ਼ਿਆਦਾ ਦੇਰ ਤਕ ਖੜ੍ਹਨ ਵਿਚ ਦਿੱਕਤ ਮਹਿਸੂਸ ਕਰ ਰਹੇ ਸਨ । ਗੁਰੂ ਜੀ ਨੇ ਉਨ੍ਹਾਂ ਦੇ ਸਿਰ ਤੇ ਹੱਥ ਫੇਰਿਆ ਤਾਂ ਭਾਈ ਸਾਹਿਬ ਨੇ ਇਕ ਅਲੌਕਿਕ ਸ਼ਕਤੀ ਨੂੰ ਮਹਿਸੂਸ ਕੀਤਾ ਤੇ ਉਹ ਨੌ ਬਰ ਨੌਂ ਹੋ ਗਏ । ਉਨ੍ਹਾਂ ਨੇ ਗੁਰੂ ਸਾਹਿਬ ਦੀ ਚਰਨ ਧੂੜ ਆਪਣੇ ਮੱਥੇ ਨਾਲ ਲਾਈ । ਗੁਰੂ ਸਾਹਿਬ ਨੇ ਭਾਈ ਜੀਵਨ ਰਾਮ ਮਿੱਤਲ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਆ ਤਾਂ ਭਾਈ ਸਾਹਿਬ ਦੇ ਮਨ ਵਿਚ ਤੌਖਲਾ ਉਠਿਆ, ‘‘ਅਸੀਂ ਤਾਂ ਮਿੱਤਲ ਪਰਿਵਾਰ ਹਾਂ ਜੇ ਅੰਮ੍ਰਿਤ ਛਕ ਲਿਆ ਤਾਂ ਸਾਡੇ ਬਾਲ ਬੱਚਿਆਂ ਲਈ ਵਿਆਹ ਦੇ ਸਾਕ ਕੌਣ ਦੇਵੇਗਾ ?’’ ਇਸ ਤੇ ਗੁਰੂ ਜੀ ਨੇ ਫਰਮਾਇਆ , ‘‘ਤੁਹਾਡੀਆਂ ਰਿਸ਼ਤੇਦਾਰੀਆਂ ਤੁਹਾਡੇ ਹੀ ਪਰਿਵਾਰਾਂ ਵਿਚ ਹੋਣਗੀਆਂ । ਭਾਈ ਜੀਵਨ ਰਾਮ ਮਿੱਤਲ ਨੇ ਫਿਰ ਬੇਨਤੀ ਕੀਤੀ ‘‘ਚਲੋ ਸਾਡੀਆਂ ਲੜਕੀਆਂ ਦਾ ਰਿਸ਼ਤਾ ਤਾਂ ਸਾਡੀ ਬਰਾਦਰੀ ਵਿਚ ਹੋ ਜਾਵੇਗਾ ਪਰ ਸਾਡੇ ਸਿੱਖੀ ਸਰੂਪ ਵਾਲੇ ਲੜਕਿਆਂ ਨੂੰ ਲੜਕੀ ਦੇਣਾ ਕੌਣ ਪਸੰਦ ਕਰੇਗਾ ? ’’ ਗੁਰੂ ਜੀ ਨੇ ਬਚਨ ਕੀਤੇ ‘‘ ਜੇ ਤੁਹਾਡੇ ਲੜਕੇ ਸਿੱਖੀ ਸਰੂਪ ਨੂੰ ਧਾਰਨ ਕਰੀ ਰੱਖਣਗੇ ਤਾਂ ਤੁਹਾਡੇ ਪਰਿਵਾਰ ਦਾ ਕੋਈ ਵੀ ਲੜਕਾ ਕੁੰਵਾਰਾ ਨਹੀਂ ਰਹੇਗਾ। ਤੁਹਾਡੀ ਬਰਾਦਰੀ ਵਾਲੇ ਤੁਹਾਡੇ ਲੜਕਿਆਂ ਨਾਲ ਰਿਸ਼ਤਾ ਜੋੜਨ ਵਿਚ ਸ਼ਾਨ ਸਮਝਗੇ । ਤੁਹਾਡਾ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇਗਾ । ’’ ਗੁਰੂ ਜੀ ਦੇ ਬਚਨਾਂ ਨੂੰ ਸਿਰ ਮੱਥੇ ਮੰਨਦੇ ਹੋਏ ਭਾਈ ਜੀਵਨ ਰਾਮ ਮਿੱਤਲ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਵਿਚ ਸ਼ਾਮਿਲ ਹੋ ਗਏ । ਗੁਰੂ ਜੀ ਦੇ ਬਚਨ ਸਾਕਾਰ ਹੋਏ ਅਜ ਸਾਰਾ ਮਿੱਤਲ ਪਰਿਵਾਰ ਬਹੁਤ ਤਰੱਕੀਆਂ ਕਰ ਰਿਹਾ ਹੈ ।

ਹੁਣ ਮਿੱਤਲ ਪਰਿਵਾਰ ਮਾਨਸਾ ਤੇ ਬਠਿੰਡਾ ਤੋਂ ਇਲਾਵਾ ਵਿਦੇਸ਼ਾਂ ਤਕ ਫੈਲਿਆ ਹੋਇਆ ਹੈ । ਇਸ ਪਰਿਵਾਰ ਉਤੇ ਸਿੱਖੀ ਦਾ ਪ੍ਰਭਾਵ ਅਜ ਵੀ ਬਰਕਰਾਰ ਹੈ। ਪਰਿਵਾਰ ਦੀ ਹਰ ਵੱਡੀ ਰਸਮ ਸਿੱਖ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਵਿਚ ਸੁਖਮਨੀ ਸਾਹਿਬ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਜਾਂਦੇ ਹਨ । ਵਿਆਹ ਵੇਲੇ ਪਹਿਲਾ ਕਾਰਡ ਤੇ ਮਿਠਾਈ ਦਾ ਡੱਬਾ ਗੁਰਦੁਆਰਾ ਸਾਹਿਬ ਦਿਤਾ ਜਾਂਦਾ ਹੈ। ਬਰਾਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੀ ਰਵਾਨਾ ਹੁੰਦੀ ਹੈ । ਘਰ ਵਿਚ ਬੱਚੇ ਦੇ ਜਨਮ ਸਮੇਂ ਜੱਚਾ ਲਈ ਬਣਾਈ ਪੰਜੀਰੀ ਸਭ ਤੋਂ ਪਹਿਲਾਂ ਗੁਰੂ ਘਰ ਚੜ੍ਹਾਈ ਜਾਂਦੀ ਹੈ । ਬੱਚੇ ਦੀ ਮੁੰਡਣ ਰਸਮ ਨਹੀਂ ਕੀਤੀ ਜਾਂਦੀ । ਅੰਤਿਮ ਅਰਦਾਸ ਅਤੇ ਰਸਮ ਪਗੜੀ ਸਿੱਖ ਮਰਿਆਦਾ ਅਨੁਸਾਰ ਹੀ ਕੀਤੀ ਜਾਂਦੀ ਹੈ । ਜਦੋਂ ਮਿੱਤਲ ਪਰਿਵਾਰ ਵਲੋਂ ਹਵੇਲੀ ਦੀ ਉਸਾਰੀ ਕੀਤੀ ਜਾਣੀ ਸੀ ਤਾ ਪਰਿਵਾਰ ਦੇ ਇਕ ਬਜ਼ੁਰਗ ਭਾਈ ਹਰੀ ਸਿੰਘ ਨੇ ਨੀਂਹ ਵਿਚ ਤੇਲ ਦਾ ਕੁੱਪਾ ਅਰਪਿਤ ਕਰਕੇ ਇਕ ਲੱਤ ਦੇ ਭਾਰ ਖੜ੍ਹੇ ਹੋ ਕੇ ਜਪੁਜੀ ਸਾਹਬ ਦਾ ਪਾਠ ਕੀਤਾ। ਇਹ ਸਭ ਪਰਿਵਾਰ ਦੀ ਸਿੱਖੀ ਪ੍ਰਤੀ ਅਨਿੰਨ ਭਗਤੀ ਦੀ ਲਖਾਇਕ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਮਿੱਤਲ ਪਰਿਵਾਰ ਵਲੋਂ ਸ਼ਰਧਾਲੂ ਵਜੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਭਾਈਆਂ ਸੇਵਾਵਾਂ ਦੇ ਇਵਜ਼ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।

ਮਿੱਤਲ ਪਰਿਵਾਰ ਦੀਆਂ ਪ੍ਰਸਿੱਧ ਹਸਤੀਆਂ ਸ. ਅਮਰ ਸਿੰਘ, ਚੌਧਰੀ ਗੁਪਾਲ ਸਿੰਘ, ਸ. ਚੇਤਨ ਸਿੰਘ, ਡਾ. ਵਿਰੇਂਦਰ ਸਿੰਘ

1661397502876.png
1661397703790.png
1661397722475.png
1661397742027.png

ਇਹ ਸਾਰਾ ਪਰਿਵਾਰ ਸਮਾਜ ਸੇਵਾ, ਸਿੱਖਿਆ ਦੇ ਪਾਸਾਰ ਤੇ ਗਰੀਬਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ । ਸ਼ਾਸਨ ਅਤੇ ਪ੍ਰਸ਼ਾਸਨ ਵਿਚ ਪਰਿਵਾਰ ਦੀ ਪਹੁੰਚ ਹੈ। ਇਹ ਪਰਿਵਾਰ ਵਿਭਿੰਨ ਸਮਾਜਿਕ ਸੰਸਥਾਵਾਂ ਵਿਚ ਜਿੰਮੇਵਾਰੀਆਂ ਸੰਭਾਲ ਰਿਹਾ ਹੈ। ਭਾਈ ਗੁਲਜ਼ਾਰ ਸਿੰਘ ਨੇ ਮਾਨਸਾ ਮੰਡੀ ਵਿਚ ਅਗਰਵਾਲ ਭਵਨ ਨਿਰਮਾਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਨਗਰਪਾਲਿਕਾ ਮਾਨਸਾ ਵਿਚ ਮੈਂਬਰ ਵਜੋਂ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਨਾਮਜ਼ਦ ਮੈਂਬਰ ਵਜੋਂ ਸੇਵਾ ਨਿਭਾਈ । ਉਨ੍ਹਾਂ ਨੇ ਮਾਨਸਾ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਕਈ ਲੋਕ ਭਲਾਈ ਦੇ ਕੰਮ ਕੀਤੇ ਹਨ । ਇਸੇ ਤਰ੍ਹਾਂ ਭਾਈ ਕ੍ਰਿਸ਼ਨ ਸਿੰਘ ਨੇ ਦੂਖ ਨਿਵਾਰਨ ਕਮੇਟੀ ਮਾਨਸਾ ਦੇ ਮੈਂਬਰ ਵਜੋਂ ਲੋਕ ਸੇਵਾ ਜਾਰੀ ਰੱਖੀ ਹੈ । ਉਨ੍ਹਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਬੈਂਕ ਦੇ ਕਰਜ਼ਦਾਰਾਂ ਵਿਰੁੱਧ ਇਕ ਸੂਚਨਾ ਜਾਰੀ ਕੀਤੀ ਗਈ ਸੀ ਉਸਨੂੰ ਸੂਚਨਾ ਅਧਿਕਾਰ ਦੀ ਮਦਦ ਨਾਲ ਇਕ ਲੰਬੀ ਲੜਾਈ ਲੜ ਕੇ ਕਰਜ਼ਦਾਰਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ।

ਭੀਖੀ ਵਿਚ ਮਿੱਤਲ ਪਰਿਵਾਰ ਦੇ ਹੁਣ ਤਰਕਰੀਬਨ 60 – 70 ਪਰਿਵਾਰ ਰਹਿੰਦੇ ਹਨ । ਇਨ੍ਹਾਂ ਵਿਚੋਂ ਹੀ ਕੁਝ ਪਰਿਵਾਰ ਮਾਨਸਾ ਤੇ ਬਠਿੰਡਾ ਆਦਿ ਸ਼ਹਿਰਾਂ ਵਿਚ ਜਾ ਵਸੇ ਹਨ । ਇਨ੍ਹਾਂ ਸਭ ਪਰਿਵਾਰਾਂ ਵਿਚ ਆਪਸੀ ਮੇਲ ਜੋਲ ਕਾਫੀ ਹੈ । ਇਹ ਸਾਰੇ ਇਕ ਦੂਜੇ ਦੀ ਖੁਸ਼ੀ ਮੌਕੇ ਅਤੇ ਦੁੱਖ ਦੇ ਸਮੇਂ ਇਕੱਠੇ ਹੁੰਦੇ ਹਨ ।

ਇਸ ਹੀ ਪਰਿਵਾਰ ਦੇ ਸਰਦਾਰ ਚੇਤਨ ਸਿੰਘ ਜੀ ਜੋ ਭਾਈ ਜੀਵਨ ਸਿੰਘ ਦੀ ਪੰਜਵੀਂ ਪੀੜ੍ਹੀ ਵਿਚੋਂ ਸਨ । ਉਹ ਮਾਨਸਾ ਦੇ ਮੰਨੇ ਹੇਏ ਵਕੀਲ, ਸਿਆਸੀ ਆਗੂ ਅਤੇ ਉਘੇ ਲੋਕ ਸੇਵਕ ਸਨ । ਉਨ੍ਹਾਂ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ. ਏ. ਅਤੇ ਲਾਹੌਰ ਤੋਂ ਲਾਅ ਡਿਗਰੀ ਲੈ ਕੇ ਸੰਨ 1940 ਵਿਚ ਮਾਨਸਾ ਦੀ ਅਦਾਲਤ ਵਿਚ ਵਕਾਲਤ ਸ਼ੁਰੂ ਕੀਤੀ । ਸੱਚਾਈ, ਇਮਾਨਦਾਰੀ ਅਤੇ ਮਿਹਨਤ ਸਦਕਾ ਵਕਾਲਤ ਵਿਚ ਜਲਦੀ ਹੀ ਉਨ੍ਹਾਂ ਦਾ ਨਾਮ ਸਥਾਪਿਤ ਹੋ ਗਿਆ । ਅਦਾਲਤੀ ਰੁਝੇਵਿਆਂ ਵਿਚੋਂ ਸਮਾਂ ਕਢ ਕੇ ਉਨ੍ਹਾਂ ਨੇ ਲੋਕ ਸੇਵਾ ਵਜੋਂ ਗਰੀਬ ਤੇ ਅਨਪੜ੍ਹ ਬੱਚਿਆਂ ਨੂੰ ਮੁਫਤ ਪੜ੍ਹਾਉਣਾ ਵੀ ਜਾਰੀ ਰੱਖਿਆ । ਵਕੀਲ ਸਾਹਿਬ 1942 ਵਿਚ ਰਾਸ਼ਟਰੀ ਸ੍ਵੈਯਮ ਸੇਵਕ ਸੰਘ ਨਾਲ ਜੁੜੇ ਅਤੇ ਬਠਿੰਡਾ ਜਿਲ੍ਹਾ ਦੇ ਮੋਢੀ ਸੰਘ ਚਾਲਕ ਦੀ ਜ਼ਿੰਮੇਵਾਰੀ ਨਿਭਾਈ । ਉਸ ਸਮੇਂ ਮਾਨਸਾ ਬਠਿੰਡਾ ਜਿਲ੍ਹੇ ਅਧੀਨ ਆਉਂਦਾ ਸੀ । ਜਦੋਂ 1948 ਵਿਚ ਰਾਸ਼ਟਰੀ ਸ੍ਵੈਯਮ ਸੇਵਕ ਸੰਘ ਤੇ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਤਾਂ ਉਹ ਸਰਕਾਰ ਦੇ ਖਿਲਾਫ ਸਤਿਆਗ੍ਰਹਿ ਵਿਚ ਸ਼ਾਮਿਲ ਹੋ ਗਏ । ਉਨ੍ਹਾਂ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਫਰੀਦਕੋਟ ਦੀ ਜੇਲ੍ਹ ਵਿਚ ਕੈਦ ਕਰ ਲਿਆ ਗਿਆ । ਉਨ੍ਹਾਂ ਨੇ 1952 ਵਿਚ ਸਰਦੂਲਗੜ੍ਹ ਵਿਧਾਨ ਸਭਾ ਹਲਕਾ ਤੋਂ ਚੋਣ ਵੀ ਲੜੀ ਸੀ । 1953 -54 ਵਿਚ ਦੌਰਾਨ ਉਹ ਪੈਪਸੂ ਰਾਜ ਦੇ ਪ੍ਰਧਾਨ ਵੀ ਰਹੇ । ਸਿੱਖਿਆ ਦੇ ਖੇਤਰ ਵਿਚ ਵੀ ਉਨ੍ਹਾਂ ਦਾ ਅਮੁੱਲ ਯੋਗਦਾਨ ਰਿਹਾ ਹੈ । ਉਨ੍ਹਾਂ ਨੇ ਗਾਂਧੀ ਹਾਇਰ ਸੈਕੰਡਰੀ ਸਕੂਲ ਮਾਨਸਾ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਸਕੂਲ ਦੇ ਮੋਢੀ ਪ੍ਰਧਾਨ ਵੀ ਰਹੇ । ਉਨ੍ਹਾਂ ਦੀ ਯਾਦ ਵਿਚ ਸਰਦਾਰ ਚੇਤਨ ਸਿੰਘ ਸਰਵ ਹਿਤਕਾਰੀ ਵਿਦਿਆ ਮੰਦਿਰ (ਸਕੂਲ) ਚਲ ਰਿਹਾ ਹੈ ਜੋ ਸਰਵ ਭਾਰਤੀ ਵਿਦਿਅਕ ਸੰਸਥਾਨ ਵਿਦਿਆ ਭਾਰਤੀ ਵਲੋਂ ਚਲਾਇਆ ਜਾ ਰਿਹਾ ਹੈ। ਸਰਦਾਰ ਚੇਤਨ ਸਿੰਘ ਜੀਵਨ ਦੇ ਅੰਤ ਤਕ ਸਿੱਖੀ ਸਰੂਪ ਵਿਚ ਰਹਿੰਦੇ ਹੋਏ ਗੁਰੂ ਘਰ ਦੀ ਸੇਵਾ ਕਰਦੇ ਰਹੇ । ਆਖਰ 15 ਅਪ੍ਰੈਲ, 1960 ਨੂੰ ਉਹ 43 ਸਾਲ ਦੀ ਉਮਰ ਵਿਚ ਸੰਸਾਰਕ ਯਾਤਰਾ ਪੂਰੀ ਕਰ ਗਏ। ਮਿੱਤਲ ਪਰਿਵਾਰ ਵਿਚ ਅਜ ਵੀ ਸਰਦਾਰ ਚੇਤਨ ਸਿੰਘ ਦਾ ਨਾਮ ਬਹੁਤ ਹੀ ਆਦਰ ਨਾਲ ਲਿਆ ਜਾਂਦਾ ਹੈ । ਪੰਜਾਬ ਦੇ ਪ੍ਰਸਿਧ ਗਜ਼ਲਗੋਅ ਦੀਪਕ ਜੈਤੋਈ ਨੇ ਉਨ੍ਹਾਂ ਦੀ ਯਾਦ ਵਿਚ ਇਕ ਲੰਬੀ ਕਵਿਤਾ ‘ਸ਼ਰਧਾ ਦੇ ਫੁੱਲ’ ਲਿਖ ਕੇ ਉਨ੍ਹਾਂ ਨੂੰ ਸਮਰਪਿਤ ਕੀਤੀ ਹੈ । ਉਨ੍ਹਾਂ ਦੇ ਸਾਰੇ ਪਰਿਵਾਰ ਨੇ ਬਹੁਤ ਤਰੱਕੀ ਕੀਤੀ ਹੈ । ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਡਾ. ਵਿਰੇਂਦਰ ਸਿੰਘ ਇਸ ਦੀ ਉਦਾਹਰਣ ਹਨ ।

ਇਸੇ ਪਰਿਵਾਰ ਦੇ ਸਰਦਾਰ ਚੇਤਨ ਸਿੰਘ ਜੋ ਭਾਈ ਜੀਵਨ ਸਿੰਘ ਦੀ ਪੰਜਵੀਂ ਪੀੜ੍ਹੀ ਤੇ ਸਨ ਅਤੇ ਸਰਦਾਰ ਵਰਿੰਦਰ ਸਿੰਘ ਜੀ ਦੇ ਪਿਤਾ ਜੀ ਸਨ, ਮਾਨਸਾ ਦੇ ਮੰਨੇ ਹੋਏ ਵਕੀਲ, ਸਿਆਸੀ ਆਗੂ ਅਤੇ ਲੋਕ-ਸੇਵਕ ਸਨ ਜਿਨ੍ਹਾਂ ਨੇ ਮਹਿੰਦਰਾ ਕਾਲਿਜ ਪਟਿਆਲਾ ਤੋਂ ਬੀ ਏ ਅਤੇ ਲਹੌਰ ਤੋਂ ਲਾਅ ਡਿਗਰੀ ਲੈ ਕੇ ਸੰਨ 1940 ਵਿੱਚ ਮਾਨਸਾਂ ਵਿੱਚ ਵਕਾਲਤ ਸ਼ੁਰੂ ਕੀਤੀ।ਸੱਚਾਈ, ਇਮਾਨਦਾਰੀ, ਅਤੇ ਮਿਹਨਤ ਸਦਕਾ ਉਨ੍ਹਾਂ ਨੇ ਵਕਾਲਤ ਵਿੱਚ ਨਾਮ ਤਾਂ ਕਮਾਇਆ ਹੀ ਆਪ ਅਪਣੇ ਰੁਝੇਵਿਆਂ ਵਿੱਚੋ ਸਮਾਂ ਕੱਢ ਕੇ ਮਹੱਲਿਆਂ ਦੇ ਗਰੀਬ ਅਤੇ ਅਣਪੜ੍ਹ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਵੀ ਕਰਦੇ ਸਨ।ਸਿਆਸੀ ਤੌਰ ਤੇ ਉਹ ਸੰਨ 1942 ਵਿੱਚ ਜਨਸੰਘ ਤੇ ਰਾਸ਼ਟਰੀ ਸੇਵਾ ਸੰਘ ਨਾਲ ਜੁੜੇ ਅਤੇ ਜ਼ਿਲੇ ਦੇ ਸੰਘ ਸੰਚਾਲਕ ਦੀ ਸੇਵਾ ਵੀ ਨਿਭਾਈ।1953-54 ਦੌਰਾਨ ਉਹ ਪੈਪਸੂ ਰਾਜ ਜਨ ਸੰਘ ਦੇ ਪ੍ਰਧਾਨ ਵੀ ਰਹੇ। ਹੋਰ ਤਾਂ ਹੋਰ ਐਮਰਜੈਂਸੀ ਦੌਰਾਨ ਸਤਿਆਗ੍ਰਹਿ ਵਿੱਚ ਹਿੱਸਾ ਲੈਣ ਕਰਕੇ ਫਰੀਦਕੋਟ ਜੇਲ੍ਹ ਵਿੱਚ ਕੈਦ ਵੀ ਕੱਟੀ ।ਉਨ੍ਹਾ ਨੇ ਇੱਕ ਵਾਰ ਸਰਦੂਲਗੜ੍ਹ ਹਲਕੇ ਤੋਂ ਬਤੌਰ ਜਨ ਸੰਘ ਉਮੀਦਵਾਰ ਪੰਜਾਬ ਅਸੈਂਬਲੀ ਦੀ ਚੋਣ ਵੀ ਲੜੀ।ਵਿਦਿਆ ਦੇ ਖੇਤਰ ਵਿੱਚ ਉਨਾਂ ਦਾ ਅਹਿਮ ਯੋਗਦਾਨ ਰਿਹਾ ਤੇ ਗਾਂਧੀ ਗਾਂਧੀ ਹਾਇਰ ਸੈਕੰਡਰੀ ਸਕੂਲ ਮਾਨਸਾ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਰਹੀ ਜਿਸ ਦੇ ਉਹ ਪਹਿਲੇ ਪ੍ਰਧਾਨ ਵੀ ਰਹੇ।ਵਕੀਲ ਸਾਹਿਬ ਅੰਤ ਤਕ ਸਿੱਖੀ ਸਰੂਪ ਵਿੱਚ ਰਹਿ ਕੇ ਗੁਰੂ ਘਰ ਨਾਲ ਜੁੜੇ ਰਹੇ।ਮਿੱਤਲ ਪਰਿਵਾਰ ਵਿੱਚ ਉਹ ਬੜੇ ਸਤਿਕਾਰੇ ਜਾਂਦੇ ਸਨ।ਆਖਰ 15 ਅਪ੍ਰੈਲ 1960 ਨੂੰ 45 ਸਾਲ ਦੀ ਉਮਰ ਵਿੱਚ ਉਹ ਸਦੀਵੀ ਵਿਛੋੜਾ ਦੇ ਗਏ।ਪੰਜਾਬ ਦੇ ਪ੍ਰਸਿਧ ਕਵੀ ਦੀਪਕ ਜੈਤੋਈ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਲੰਬੀ ਕਵਿਤਾ 'ਸ਼ਰਧਾ ਦੇ ਫੁੱਲ" ਉਨ੍ਹਾ ਨੂਮ ਸਮਰਪਿਤ ਕੀਤੀ।

ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਮਿੱਤਲ ਪਰਿਵਾਰ ਜਿੱਥੇ ਜਿੱਥੇ ਵੀ ਗਿਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਤਰੱਕੀਆਂ ਪਾਉਂਦਾ ਰਿਹਾ ਜਿਸ ਦਾ ਸਬੂਤ ਮੇਰੇ ਸਾਹਮਣੇ ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵਰਿੰਦਰ ਸਿੰਘ ਜੀ ਹਨ ਜਿਨ੍ਹਾਂ ਦਾ ਛਜਰਾ ਹੇਠ ਲਿਖਿਆ ਹੈ:

1661397415329.png




ਵਿਰੇਂਦਰ ਸਿੰਘ ਜੀ ਸ. ਜੀਵਨ ਸਿੰਘ ਜੀ ਦੀ ਛੇਵੀਂ ਪੀੜ੍ਹੀ ਵਿਚੋਂ ਹਨ । ਉਨ੍ਹਾਂ ਨੇ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਵਿਚ ਐਮ ਏ ਕਰਨ ਪਿਛੋਂ ਇਤਿਹਾਸ ਵਿਸ਼ੇ ਤੇ ਪੀ ਐਚ ਡੀ ਕੀਤੀ । 33 ਸਾਲ ਦੇ ਕਰੀਬ ਗੌਰਮਿੰਟ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਲੈਰਚਰਾਰ ਤੇ ਵਿਭਾਗ ਦੇ ਮੁਖੀ ਰਹੇ । ਇਸ ਤੋਂ ਬਾਦ ਨੈਸ਼ਨਲ ਕਾਲਜ ਭੀਖੀ ਵਿਚ ਅਤੇ ਦੇਸ਼ ਭਗਤ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਸਟੱਡੀਜ਼ ਵਿਚ ਪ੍ਰਿੰਸੀਪਲ ਰਹੇ । 25 ਅਕਤੂਬਰ, 2012 ਨੂੰ ਦੇਸ਼ ਭਗਤ ਯੂਨੀਵਰਸਿਟੀ ਬਣੀ ਤੇ ਉਹ ਪਹਿਲੇ ਰਜਿਸਟਰਾਰ ਵਜੋਂ ਨਿਯੁਕਤ ਹੋਏ ਅਤੇ 7 ਅਗਸਤ 2015 ਨੂੰ ਉਹ ਇਸ ਹੀ ਸੰਸਥਾ ਦੇ ਵਾਈਸ ਚਾਂਸਲਰ ਨਿਯੁਕਤ ਹੋ ਗਏ । ਉਨ੍ਹਾਂ ਦੀਆਂ ਕਈ ਕਿਤਾਬਾਂ ਅਤੇ ਖੋਜ ਪੱਤਰ ਪ੍ਰਕਾਸ਼ਿਤ ਹੋ ਚੁਕੇ ਹਨ ।

ਸਿੱਖਿਆ ਸ਼ਾਸਤਰੀ ਹੋਣ ਦੇ ਨਾਲ ਨਾਲ ਡਾ. ਵਿਰੇਂਦਰ ਸਿੰਘ ਆਪਣੇ ਪਿਤਾ ਜੀ ਵਾਂਗ ਸਮਾਜ ਸੇਵਾ ਲਈ ਵੀ ਸਰਗਰਮ ਰਹਿੰਦੇ ਹਨ। ਉਦਾਰਰਣ ਵਜੋਂ ਉਹ ਇਸਤਰੀ ਪੀੜਤ ਸੈਲ ਦੇ 1996 ਤੋਂ 2002 ਤਕ ਸੱਤ ਸਾਲ ਲਈ ਮੈਂਬਰ ਰਹੇ, 1997 – 1999 ਤਿੰਨ ਸਾਲ ਲਈ ਲੋਕ ਅਦਾਲਤ ਦੇ ਮੈਂਬਰ ਨਾਮਜਦ ਰਹੇ, 2003 -2005 ਤਿੰਨ ਸਾਲ ਲਈ ਨਸ਼ਾ ਛੁਡਾਓ ਅਤੇ ਗੈਰ ਕਾਨੂੰਨੀ ਨਸ਼ਾ ਦਵਾਈਆਂ ਵੇਚਣ ਦੀ ਰੋਕਥਾਮ ਕਮੇਟੀ ਦੇ ਮੈਂਬਰ ਰਹੇ ਅਤੇ ਸਰਵ ਹਿਤਕਾਰੀ ਵਿਦਿਅਕ ਸੰਸਥਾਵਾਂ ਵਿਚ ਮੋਹਰੀ ਭੂਮਿਕਾ ਨਿਭਾਈ ਹੈ । ਉਹ ਇਨ੍ਹਾਂ ਸੰਸਥਾਵਾਂ ਦੇ ਸੰਸਥਾਪਕ ਮੈਂਬਰਾਂ ਵਿਚੋਂ ਹਨ ਅਤੇ ਲੰਬੇ ਸਮੇਂ ਤਕ ਸਿੱਖਿਆ ਸੰਮਤੀ ਪੰਜਾਬ ਦੇ ਮਹਾਂਮੰਤਰੀ ਅਤੇ ਉਪ ਪ੍ਰਧਾਨ ਰਹੇ ਹਨ। ਉਹ ਅੱਜ ਵੀ ਸੰਸਥਾ ਦੇ ਮਾਰਗ ਦਰਸ਼ਕ ਵਜੋਂ ਸੇਵਾ ਨਿਭਾਅ ਰਹੇ ਹਨ । ਵਿਦਿਆ ਭਾਰਤੀ ਦੇ ਮਾਨਸਾ ਇਲਾਕੇ ਵਿਚ ਲਗਭਗ 10 ਸਕੂਲ ਚੱਲ ਰਹੇ ਹਨ ।

ਡਾ. ਵਿਰੇਂਦਰ ਸਿੰਘ ਦਾ ਉਂਜ ਵਿਅਕਤੀਗਤ ਤੌਰ ਤੇ ਇਨਾਮਾਂ ਤੇ ਸਨਮਾਨਾਂ ਤੋਂ ਦੂਰ ਰਹਿਣ ਦਾ ਸੁਭਾਓ ਹੈ ਪਰੰਤੂ ਕੁਝ ਵਿਸ਼ੇਸ਼ ਸਨਮਾਨਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ । ਛਤੀਸਗੜ੍ਹ ਦੇ ਰਾਜਪਾਲ ਵਲੋਂ ਦੇਸ਼ ਭਗਤ ਯੂਨੀਵਰਸਿਟੀ ਵਿਚ ਉਨ੍ਹਾਂ ਵਲੋਂ ਪਾਏ ਯੋਗਦਾਨ ਕਾਰਨ ਵਿਸ਼ੇਸ਼ ਇਨਾਮ ਅਤੇ ਸਨਮਾਨ ਚਿੰਨ ਪ੍ਰਦਾਨ ਕੀਤਾ ਗਿਆ । ਭਾਰਤ ਦੀ ਸਾਲੀਡੈਰਟੀ ਕੌਂਸਲ ਵਲੋਂ ‘ਜਿਊਲ ਆਫ ਇੰਡੀਆ ਅਵਾਰਡ’ ਅਤੇ ਯੂਨੀਵਰਸਲ ਪੀਸ ਫੈਡਰੇਸ਼ਨ ਇੰਟਰ ਰਿਲੀਜੀਅਸ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਦੁਆਰਾ ਅਤੇ ‘ਸ਼ਾਂਤੀ ਦੂਤ’ ਦਾ ਅਵਾਰਡ ਦਿੱਤਾ ਗਿਆ। ਇਸ ਤੋਂ ਬਿਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਦੇਸ਼ ਭਗਤ ਯੂਨੀਵਰਸਿਟੀ ਨੇ ਆਪ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ।

ਗੁਰੂ ਤੇਗ ਬਹਾਦਰ ਜੀ ਵਲੋਂ ਵਰੋਸਾਏ ਅਤੇ ਬਾਲ ਗੋਬਿੰਦ ਸਿੰਘ ਜੀ ਵਲੋਂ ਸਾਜੇ ਨਿਵਾਜੇ ਭੀਖੀ ਦੇ ਇਹ ਸਿੰਘ ਸਿੱਖ ਸਮਾਜ ਦੀ ਸ਼ਾਨ ਹਨ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੀ ਮਿਹਰ ਸਦਕਾ ਸਦਾ ਚੜ੍ਹਦੀ ਕਲਾ ਵਿਚ ਵੇਖਿਆ ਜਾ ਸਕਦਾ ਹੈ।

(ਹਵਾਲੇ

1. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 916,

2. ਸਿਰਦਾਰ ਅਤਰ ਸਿੰਘ, ਟ੍ਰੈਵਲਜ਼ ਆਫ ਗੁਰੂ ਤੇਗ ਬਹਾਦਰ ਐਂਡ ਗੁਰੂ ਗੋਬਿੰਦ ਸਿੰਘ, ਇੰਡੀਅਨ ਪਬਲਿਕ ਉਪੀਨੀਅਨ, ਪ੍ਰੈਸ ਲਹੌਰ, ਜਨਵਰੀ 1876), ਅੰਗ੍ਰੇਜ਼ੀ ਵਿਚ ਦਾ ਪਾਸਟ ਐਂਡ ਪ੍ਰੈਜ਼ੈਂਟ ਵਾਲਿਊਮ 9, ਅਪ੍ਰੈਲ 1975, ਸੀਰੀਅਲ 17) 3. ਗੁਰੂ ਤੇਗ ਬਹਾਦਰ ਕਮੇਮੋਰੇਸ਼ਨ ਵਾਲਿਊਮ (ਸੰ: ਗੰਡਾ ਸਿੰਘ) ਡਿਪਾਰਟਮੈਂਟ ਆਫ਼ ਪੰਜਾਬ ਹਿਸਟੋਰੀਕਲ ਸਟਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਨਾ 17-91,4. ਤੇ ਛਪਿਆ ਤੇ ਸਾਖੀ 14 ਪੰਨਾ 27-28, 5. ਤੇ ਹੈ।

3. ਮੇਜਰ ਗੁਰਮੁਖ ਸਿੰਘ, ਹਿਸਟੋਰੀਕਲ ਸਿੱਖ ਸਰਾਈਨਜ਼, ਸਿੰਘ ਬਰਾਦਰਜ਼, ਅੰਮ੍ਰਿਤਸਰ 1995, ਪੰਨਾ 274-275, 6.

4. ਪੀ. ਐਸ. ਮਿੱਤਲ, ਸਿੰਘ ਸਜੇ ਮਿੱਤਲ ਭਾਈਚਾਰੇ ਦਾ ਇਤਿਹਾਸ, ਸੰਗਮ ਪਬਲੀਕੇਸ਼ਨਜ਼, 7.ਮਾਲਵਾ ਇਤਿਹਾਸ, ਪੰਨਾ 89)
 

❤️ CLICK HERE TO JOIN SPN MOBILE PLATFORM

Top