Punjabi: Virus -1 | Sikh Philosophy Network
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi: Virus -1

Dalvinder Singh Grewal

Writer
Historian
SPNer
Jan 3, 2010
564
361
74
ਵਾਇਰਸ

ਡਾ: ਦਲਵਿੰਦਰ ਸਿੰਘ ਗ੍ਰੇਵਾਲ

1584671705245.png

ਵਾਇਰਸ ਕੀ ਹੈ?

ਵਾਇਰਸ ਉਹ ਨੈਨੋ ਪੱਧਰ ਦਾ ਅਣਦਿਸਦਾ, ਬੈਕਟੀਰੀਆਂ ਤੋਂ ਵੀ ਛੋਟਾ ਕੀਟਾਣੂੰ ਹੈ ਜੋ ਖੁਰਦਬੀਨ ਨਾਲ ਵੀ ਨਹੀਂ ਵੇਖਿਆ ਜਾ ਸਕਦਾ। ਉਹ ਜੀਵਾਣੂਆਂ ਦੇ ਸੈਲਾਂ ਵਿਚ ਬੜੀ ਤੇਜ਼ੀ ਨਾਲ ਫੈਲਦਾ ਹੈ ਪਰ ਜੀਵਾਣੂ ਸੈਲਾਂ ਬਿਨਾ ਇਹ ਜੀ ਨਹੀਂ ਸਕਦਾ ਤੇ ਇਨ੍ਹਾਂ ਸੈਲਾਂ ਤੋਂ ਰਸਾਇਣ ਲੈ ਕੇ ਹੀ ਅਪਣਾ ਆਪਾ ਜਿਉਂਦਾ ਰੱਖ ਸਕਦਾ ਹੈ ਤੇ ਅਪਣੇ ਆਪ ਵਿੱਚੋਂ ਹੀ ਰਫਤਾਰ ਨਾਲ ਅਪਣੇ ਵਰਗੇ ਜਾਂ ਥੋੜੇ ਭਿੰਨ ਹੋਰ ਵਾਇਰਸ ਪੈਦਾ ਕਰਦਾ ਰਹਿੰਦਾ ਹੈ।ਵਾਇਰਸ ਬੰਦਿਆਂ, ਜਾਨਵਰਾਂ, ਪੌਦਿਆਂ, ਵੇਲਾਂ ਗਲ ਕੀ ਬੈਕਟੀਰੀਆ ਤਕ ਨੂੰ ਇਨਫੇਕਟ (ਪ੍ਰਦੂਸ਼ਤ) ਕਰ ਸਕਦਾ ਹੈ। ਇਸ ਤੋਂ ਕਦੇ ਕਦੇ ਇਤਨੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਜੋ ਜਾਨ ਲਏ ਬਿਨਾ ਨਹੀਂ ਛਡਦੀਆਂ ਤੇ ਕਈ ਵਾਇਰਲ ਬਿਮਾਰੀਆਂ ਦੀ ਬਹੁਤੀ ਪ੍ਰਵਾਹ ਦੀ ਵੀ ਲੋੜ ਨਹੀਂ ਪੈਂਦੀ ਜੋ ਅਪਣੇ ਆਪ ਕੁਝ ਸਮੇਂ ਬਾਦ ਹਟ ਜਾਂਦੀਆਂ ਹਨ। ਵਾਇਰਸ ਇਕ ਕਿਸਮ ਦੇ ਜੀਵ ਜਾਂ ਪੌਦੇ ਤੇ ਅਸਰ ਕਰ ਸਕਦਾ ਹੈ ਜਦ ਕਿ ਦੂਸਰੇ ਤੇ ਨਾ ਕਰੇ ਜਾਂ ਵੱਖਰਾ ਅਸਰ ਕਰੇ।ਜੋ ਵਾਇਰਸ ਬਿੱਲੀ ਤੇ ਅਸਰ ਕਰਦਾ ਹੋਵੇ ਉਹ ਸ਼ਾਇਦ ਕੁੱਤ ਤੇ ਅਸਰ ਨਾ ਕਰੇ। ਵਾਇਰਸ ਅਪਣੀ ਗੁੰਝਲਦਾਰ ਬਣਤਰ ਅਨੁਸਾਰ ਅਪਣਾ ਅਸਰ ਵਿਖਾਉਂਦੇ ਹਨ। ਆਰ ਐਨ ਏ ਜਾਂ ਡੀ ਐਨ ਏ ਤੋਂ ਇਹ ਵਾਇਰਸ ਪ੍ਰੋਟੀਨਾਂ ਦੀ ਜਾਂ ਗਲਾਈਪ੍ਰੋਟੀਨਾ ਦੀ ਲੇਪੀ ਚਾੜ੍ਹ ਲੈਂਦੇ ਹਨ ਜਾਂ ਅੰਦਰਲੇ ਮਾਸ ਦੀ।

ਸਰੀਰ ਦੇ ਇਕ ਸੈਲ ਨੂੰ ਮਿਲਦੇ ਹੀ ਵਾਇਰਸ ਉਸ ਸੈਲ ਵਿਚ ਅਪਣੀ ਹੋਂਦ ਸਥਾਪਤ ਕਰ ਲੈਂਦਾ ਹੈ ਤੇ ਫਿਰ ਸੈਲ ਉਤੇ ਕਾਬੂ ਪਾ ਲੈਂਦਾ ਹੈ ਤੇ ਸੈਲ ਰਾਹੀਂ ਰਫਤਾਰ ਨਾਲ ਹੋਰ ਵਾਇਰਸ ਪੈਦਾ ਕਰਦਾ ਜਾਂਦਾ ਹੈ ਤੇ ਸੈਲਾਂ ਦਾ ਅਪਣਾ ਵਧਣਾ ਫੁਲਣਾ ਰੋਕ ਦਿੰਦਾ ਹੈ।ਇਹ ਉਸੇ ਤਰ੍ਹਾਂ ਹੈ ਜਿਵੇਂ ਲੋਹੇ ਨੂੰ ਜ਼ੰਗਾਲ ਲੱਗ ਜਾਂਦਾ ਹੈ ਜਾਂ ਲੱਕੜੀ ਨੂੰ ਦੀਮਕ ਲੱਗ ਜਾਂਦੀ ਹੈ।ਕੁਝ ਵਾਇਰਸ ਅਪਣੇ ਉਪਰ ਸੈਲ ਵਿਚੋਂ ਖੋਲ ਬਣਾ ਲੈਂਦੇ ਹਨ ਜਿਵੇਂ ਐਚ ਆਈ ਵੀ ਤੇ ਇਨਫਲੂਐਂਜ਼ਾ ਦੇ ਵਾਇਰਸ।ਇਹ ਵਾਇਰਸ ਸੈਲਾਂ ਰਾਹੀਂ ਸਰੀਰ ਦੇ ਅੰਗਾਂ ਵਿਚ ਬੀਮਾਰੀ ਫੈਲਾਉਂਦੇ ਹਨ ਜਿਨ੍ਹਾਂ ਵਿਚ ਨਜ਼ਲਾ, ਜ਼ੁਕਾਮ ਵਰਗੀਆਂ ਆਮ ਬਿਮਾਰੀਆਂ ਤੋਂ ਲੈ ਕੇ ਏਡਜ਼ ਤੇ ਐਚ ਆਈ ਵੀ ਵਰਗੀਆਂ ਭਿਆਨਕ ਬਿਮਾਰੀਆਂ ਸ਼ਾਮਿਲ ਹਨ।

ਵਾਇਰਸ ਇਕ ਤਰ੍ਹਾਂ ਦੇ ਹੀ ਨਹੀਂ ਹੁੰਦੇ ਉਨ੍ਹਾਂ ਦੀਆਂ ਸ਼ਕਲਾਂ, ਤੇ ਕੱਦ ਅਨੁਸਾਰ ਇਨ੍ਹਾਂ ਦੀ ਵੰਡ ਕੀਤੀ ਜਾ ਸਕਦੀ ਹੈ।ਗੋਲ, ਅਠਕੋਨੇ ਜਾਂ ਇਸ ਤਰ੍ਹਾਂ ਦੇ ਵਾਇਰਸ ਹੋ ਸਕਦੇ ਹਨ।ਵਾਇਰਸ ਦੀ ਬਣਤਰ ਡੀ ਐਨ ਏ ਜਾਂ ਆਰ ਐਨ ਏ ਤੇ ਆਧਾਰਤ ਹੋ ਸਕਦੀ ਹੈ।ਹਰਪਸ ਸਿੰਪਲੈਕਸ ਵਾਇਰਸ ਅਤੇ ਹੈਪੇਟਾਈਟਸ ਬੀ, ਡੀ ਐਨ ਏ ਆਧਾਰਤ ਵਾਇਰਸ ਹੈ ।ਆਰ ਐਨ ਏ ਆਧਾਰਤ ਵਾਇਰਸ, ਐਚ ਆਈ ਵੀ ਅਤੇ ਹੈਪੇਟਾਈਟਸ ਸੀ ਵਰਗੀਆਂ ਭਿਅੰਕਰ ਬਿਮਾਰੀਆਂ ਦਾ ਕਾਰਣ ਹੈ ਤੇ ਇਹ ਡੀ ਐਨ ਏ ਦਾ ਰੂਪ ਵੀ ਧਾਰਨ ਕਰ ਸਕਦਾ ਹੈ।ਵਾਇਰਸ ਸਾਰੀ ਧਰਤੀ ਉਤੇ ਫੈਲੇ ਹੋਏ ਹਨ ਤੇ ਕੋਈ ਵੀ ਥਾਂ ਅਜਿਹਾ ਨਹੀਂ ਜਿਥੇ ਵਾਇਰਸ ਨਹੀਂ।ਇਨ੍ਹਾਂ ਵਾਇਰਸਾਂ ਦਾ ਅਜੇ ਤਕ ਕੋਈ ਇਲਾਜ ਨਹੀਂ ਪਰ ਇਨ੍ਹਾਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਅਸੀਂ ਜਦ ਕਹਿੰਦੇ ਹਾਂ ਕਿ ਇਹ ਵਾਇਰਲ ਬਿਮਾਰੀ ਹੈ ਜੋ ਅਪਣੇ ਆਪ ਸਮਾਂ ਪਾ ਕੇ ਹਟ ਜਾਏਗੀ ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਜਿਵੇਂ ਕਿ ਨਜ਼ਲਾ, ਜ਼ੁਕਾਮ। ਪਰ ਹਰ ਵਾਇਰਲ ਬਿਮਾਰੀ ਅਪਣੇ ਆਪ ਨਹੀਂ ਹਟਦੀ । ਕਈ ਵਾੲਰਿਸ ਤਾਂ ਜਾਨ ਲੇਵਾ ਹੋ ਨਿਬੜਦੇ ਹਨ। ਵਾਇਰਸ ਤੋਂ ਪੈਦਾ ਹੋਈਆਂ ਬਿਮਾਰੀਆਂ ਵਿਚ ਚੇਚਕ, ਸਮਾਲ ਪੌਕਸ ਤੇ ਚਿਕਨ ਪੌਕਸ, ਮੀਜ਼ਲਜ਼, ਮੰਪਸ, ਰੁਬੇਲਾ, ਸ਼ਿੰਗਲਜ਼, ਹੈਪਾਟਾਈਟਸ, ਹਰਪਸ, ਪੋਲੀਓ, ਰੈਬੀਜ਼, ਐਬੋਲਾ, ਤੇ ਹੰਟਾ ਬੁਖਾਰ. ਐਚ ਆਈ ਵੀ, ਏਡਜ਼, ਸਾਰਸ, ਜ਼ੀਕਾ, ਡੇਂਗੂ, ਹਿਊਮਨ ਪਪਲੋਮਾ ਵਾਇਰਸ (ਜੋ ਕੈਂਸਰ ਦਾ ਕਾਰਨ ਬਣਦਾ ਹੈ) ਇਹ ਸਭ ਬਿਮਾਰੀਆਂ ਵਾਇਰਸ ਕਰਕੇ ਹੀ ਹੁੰਦੀਆਂ ਹਨ।

ਸਾਡੀਆਂ ਨਾੜੀਆਂ ਵਿਚ ਅਜਿਹੇ ਵਾਇਰਸ ਵੀ ਹਨ ਜੋ ਦੋਸਤ ਵੀ ਆਖੇ ਜਾ ਸਕਦੇ ਹਨ ਕਿਉਂਕ ਇਹ ਸਾਡੀ ਖੁਰਾਕ ਹਜ਼ਮ ਕਰਨ ਵਿਚ ਮਦਦ ਕਰਦੇ ਹਨ ਤੇ ਐਸਚੈਰੈਚੀਆ ਕੋਲੀ ਵਰਗੇ ਖਤਰਨਾਕ ਬੈਕਟੀਰੀਆ ਤੋਂ ਬਚਾਉਂਦੇ ਹਨ।

ਇਹ ਵਾਇਰਸ ਆਉਂਦੇ ਕਿਥੋਂ ਹਨ?

ਵਾਇਰਸ ਲਾਸ਼ਾਂ ਜਾਂ ਹਡੀਆਂ ਤੋਂ ਛੇਤੀ ਪਾਸੇ ਨਹੀਂ ਹੁੰਦੇ। ਵਾਇਰਸ ਨੂੰ ਡੀ ਐਨ ਏ ਜਾਂ ਆਰ ਐਨ ਏ ਰਾਹੀਂ ਇਹ ਲੱਭਿਆ ਜਾਂਦਾ ਹੈ ਕਿ ਇਸ ਦਾ ਸਬੰਧ ਕਿਸ ਨਾਲ ਹੈ ਜਾਂ ਆਇਆ ਕਿਥੋਂ ਹੈ।

ਵਾਇਰਸ ਦੇ ਪੈਦਾ ਹੋਣ ਬਾਰੇ ਤਿੰਨ ਥਿਉਰੀਆਂ ਹਨ:

ਰੀਗ੍ਰੈਸਿਵ ਥਿਉਰੀ: ਸੈਲ ਜਿਸ ਵਿੱਚ ਇਹ ਵਾਇਰਸ ਜਾ ਕੇ ਮਿਲਿਆ ਹੋਵੇ ਉਸ ਸੈਲ ਤੋਂ ਵਾਇਰਸ ਵੱਖ ਕਰਕੇ ਇਸ ਦੀ ਅਪਣੀ ਅਲੱਗ ਹੋਂਦ ਦੀ ਖੋਜ ਕੀਤੀ ਜਾਂਦੀ ਹੈ।ਸਮਾਂ ਪਾ ਕੇ ਇਹ ਵਾਇਰਸ ਸੈਲ ਵਿਚ ਹੀ ਮਿਲ ਜਾਂਦਾ ਹੈ ਤਾਂ ਉਸ ਸੈਲ ਅਨੁਸਾਰ ਹੀ ਵਾਇਰਸ ਦੀ ਹੋਂਦ ਨਿਰਧਾਰਿਤ ਕੀਤੀ ਜਾਂਦੀ ਹੈ ਇਸ ਨੂੰ ਰੀਗ੍ਰੈਸਿਵ ਥਿਉਰੀ ਕਹਿੰਦੇ ਹਨ।

ਪ੍ਰੋਗ੍ਰੈਸਿਵ ਥਿਉਰੀ: ਵਾਇਰਸ ਦੇ ਡੀ ਐਨ ਏ ਅਤੇ ਆਰ ਐਨ ਏ ਦੇ ਜੋ ਹਿਸੇ ਸੈਲ ਤੋਂ ਅਲਗ ਹੋ ਗਏ ਤੇ ਆਜ਼ਾਦ ਹੋ ਕੇ ਦੂਸਰੇ ਸੈਲਾਂ ਵਿਚ ਜਾਣ ਲੱਗੇ ਉਨ੍ਹਾਂ ਹਿਸਿਆਂ ਨੂੰ ਟੈਸਟ ਕੀਤਾ ਜਾਂਦਾ ਹੈ ਤੇ ਇਸ ਨੂੰ ਪ੍ਰੋਗ੍ਰੈਸਿਵ ਥਿਉਰੀ ਕਹਿੰਦੇ ਹਨ।

ਮੁਢਲਾ ਵਾਇਰਸ ਥਿਉਰੀ: ਜੋ ਵਾਇਰਸ ਬਣਨ ਤੋਂ ਪਹਿਲਾਂ ਜਾਂ ਅਰਬਾਂ ਸਾਲ ਪਹਿਲਾਂ ਵਾਇਰਸ ਦੇ ਧਰਤੀ ਤੇ ਆਉਣ ਪਿਛੋਂ ਨਿਊਕਲਿਕ ਐਸਿਡ ਅਤੇ ਪ੍ਰੋਟੀਨ ਗੁੰਝਲਦਾਰ ਮਾਲੀਕਿਊਲ ਵਿਚੋਂ ਬਣਿਆ ਹੋਇਆ ਵਾਇਰਸ ਲੱਭਿਆ ਜਾਂਦਾ ਹੈ।

ਵਾਇਰਸ ਫੈਲਦਾ ਕਿਵੇਂ ਹੈ?

ਵਾਇਰਸ ਹੋਰ ਵਾਇਰਸ ਨੂੰ ਪੈਦਾ ਕਰਨ ਲਈ ਹੀ ਹੁੰਦਾ ਹੈ।ਜਦ ਇਹ ਨਵੇਂ ਵਾਇਰਸ ਪੈਦਾ ਕਰਦਾ ਹੈ ਤਾਂ ਇਸ ਦੀ ਨਵੀਂ ਉਪਜ ਨਵੇਂ ਸੈਲ ਜਾਂ ਨਵੇਂ ਘਰਾਂ ਵਿਚ ਜਾ ਟਿਕਦੀ ਹੈ। ਵਾਇਰਸ ਫੈਲਦਾ ਕਿਤਨਾ ਤੇ ਕਿਵੇਂ ਹੈ ਇਸ ਉਸਦੀ ਬਣਤਰ ਤੇ ਨਿਰਭਰ ਕਰਦਾ ਹੈ।ਵਾਇਰਸ ਇਕ ਜੀਵ ਤੋਂ ਦੂਜੇ ਜੀਵ ਤਕ ਪਹੁੰਚਦੇ ਹਨ ਜਿਵੇਂ ਗਰਭ ਵਿਚਲੇ ਜਾਂ ਨਵੇਂ ਜਨਮੇ ਬੱਚੇ ਵਿਚ ਮਾਂ ਤੋਂ ਪਹੁੰਚਦਾ ਹੈ।ਪਹੁੰਚਣ ਦਾ ਸਾਧਨ, ਛੂਹਣਾ, ਥੁੱਕ, ਖੰਘ, ਛਿੱਕ, ਸੰਭੋਗ, ਕੀਟਾਣੂਆਂ ਵਾਲੀ ਖੁਰਾਕ ਜਾਂ ਪਾਣੀ ਜਾਂ ਕੀੜੇ ਆਦਿ ਤੋਂ। ਕੁਝ ਵਾਇਰਸ ਇਕ ਵਸਤੂ ਤੇ ਕੁਝ ਚਿਰ ਰੁਕ ਸਕਦੇ ਹਨ; ਜਦ ਕੋਈ ਆਦਮੀ ਉਸ ਵਸਤੂ ਨੂੰ ਛੂਹ ਲਵੇ ਤਾਂ ਉਹ ਥੁਢ ਚਿਰ ਰੁਕੇ ਵਾਇਰਸ ਉਸ ਆਦਮੀ ਵਿਚ ਚਲੇ ਜਾਂਦੇ ਹਨ।

ਜਦ ਵਾਇਰਸ ਕਿਸੇ ਸੈਲ ਵਿਚ ਰਚ ਮਿਚ ਕੇ ਉਸ ਦੇ ਲੱਛਣ ਇਖਤਿਆਰ ਕਰ ਲੈਂਦਾ ਹੈ ਜਾਂ ਉਸ ਦਾ ਡੀ ਐਨ ਏ, ਆਰ ਐਨ ਏ ਵਿਚ ਬਦਲ ਜਾਵੇ ਤੇ ਜਾਂ ਨਵੇਂ ਸੈਲ ਦੇ ਡੀ ਐਨ ਏ ਨਾਲ ਵਾਇਰਸ ਦੇ ਸਰੂਪ ਵਿਚ ਵੀ ਬਦਲੀ ਆ ਜਾਂਦੀ ਹੈ ਤੇ ਉਹ ਕਰੋਮੋਸੋਮਾਂ ਵਿਚ ਬਦਲੀਆਂ ਲਿਆਉਂਦਾ ਹੈ ਜਿਸ ਦਾ ਜੀਵ ਉਤੇ ਡੂੰਘਾ ਅਸਰ ਹੁੰਦਾ ਹੈ।ਕੁਝ ਵਾਇਰਸ ਇਕ ਕਿਸਮ ਦੇ ਜੀਵ ਉਤੇ ਅਸਰ ਕਰਦਾ ਹੈ ਪਰ ਜੇ ਕੋਈ ਵਾਇਰਸ ਕਿਸੇ ਪੰਛੀ ਦੇ ਸੈਲ ਵਿਚ ਪਹੁੰਚਣ ਪਿਛੋਂ ਕਿਸੇ ਮਾਨਵੀ ਸਰੀਰ ਵਿਚ ਪਹੁੰਚੇ ਤਾਂ ਉਸਦੇ ਲੱਛਣ ਬਦਲ ਸਕਦੇ ਹਨ ਜਿਵੇਂ ਕਿ ਹੁਣ ਕਰੋਨਾ ਵਾਇਰਸ ਫੈਲ ਰਿਹਾ ਹੈ।

ਵਾਇਰਸ ਦੇ ਅਸਰ ਤੋਂ ਬਚੀਏ ਕਿਵੇਂ?

ਸਰੀਰ ਵਿਚ ਵਾਇਰਸ ਤੋਂ ਬਚਨ ਲਈ ਕੁਦਰਤ ਨੇ ਸਰੀਰ ਵਿਚ ਟੀ–ਸੈਲ ਪਾ ਰੱਖੇ ਹਨ ਜੋ ਵਾਇਰਸ ਉਪਰ ਹਮਲਾ ਕਰਦੇ ਹਨ।ਜਦ ਵੀ ਸਰੀਰ ਦਾ ਰੱਖਿਆ-ਤੰਤਰ ਖਤਰਨਾਕ ਵਾਇਰਸ ਨੂੰ ਵੇਖਦਾ ਹੈ ਤਾਂ ਵਾਇਰਸ ਤੋਂ ਰਖਿਆ ਲਈ ਹਰਕਤ ਵਿਚ ਆ ਜਾਂਦਾ ਹੈ । ਸਰੀਰ ਵਿਚੋਂ ਆਰ ਐਨ ਏ ਅੱਗੇ ਵਧ ਕੇ ਵਾਇਰਸ ਦੀ ਜੜ੍ਹ ਤੇ ਹਮਲਾ ਕਰ ਦਿੰਦਾ ਹੈ।ਸਰੀਰ ਦੇ ਰੱਖਿਆ-ਤੰਤਰ ਵਿਚੋਂ ਸਰੀਰ-ਵਿਰੋਧਕ ਵਾਇਰਸਾਂ ਨੂੰ ਘੇਰਾ ਪਾ ਲੈਂਦੇ ਹਨ ਤਾਂ ਕਿ ਸਰੀਰਕ ਸੈਲਾਂ ਉਪਰ ਕੋਈ ਅਸਰ ਨਾ ਪਵੇ ਤੇ ਕੋਈ ਇਨਫੈਕਸ਼ਨ (ਪ੍ਰਦੂਸ਼ਣ) ਨਾ ਹੋ ਸਕੇ।ਫਿਰ ਸਰੀਰ ਟੀ ਸੈਲ ਨੂੰ ਅੱਗੇ ਘੱਲ ਕੇ ਵਾਇਰਸਾਂ ਨੂੰ ਖਤਮ ਕਰਨ ਲੱਗ ਪੈਂਦਾ ਹੈ। ਅੱਗੋਂ ਵਾਇਰਸ ਵੀ ਜਵਾਬ ਵਿਚ ਅਪਣਾ ਬਚਾ-ਤੰਤ੍ਰ ਖੜਾ ਕਰ ਲੈਂਦੇ ਹਨ ਤਾਂ ਕਿ ਸਰੀਰਕ ਰਖਿਆ-ਤੰਤ੍ਰ ਤੋਂ ਬਚ ਸਕਣ। ਐਚ ਆਈ ਵੀ ਤੇ ਨਿਊਰੋਟ੍ਰੌਪਿਕ ਵਾਇਰਸ ਸਰੀਰਕ ਰੱਖਿਆ-ਤੰਤ੍ਰ ਤੋਂ ਅਪਣੇ ਆਪ ਨੂੰ ਬਚਾ ਲੈਂਦੇ ਹਨ ਇਸ ਲਈ ਇਨ੍ਹਾਂ ਦਾ ਅੰਦਰੂਨੀ ਇਲਾਜ ਸੰਭਵ ਨਹੀਂ ਹੁੰਦਾ।ਨਿਊਰੋਟ੍ਰੌਪਿਕ ਵਾਇਰਸ ਦਿਮਾਗ ਦੇ ਸੈਲਾਂ ਨੂੰ ਪ੍ਰਦੂਸ਼ਤ ਕਰਦੇ ਹਨ ਜਿਸ ਕਰਕੇ ਪੋਲੀਓ, ਰੈਬੀਜ਼, ਮੰਪਸ ਅਤੇ ਮੀਜ਼ਲਜ਼ ਆਦਿ ਬਿਮਾਰੀਆਂ ਫੈਲਦੀਆਂ ਹਨ।ਇਹ ਵਾਇਰਸ ਦਿਮਾਗ ਦੇ ਕੇਂਦਰੀ ਨਾੜੀ ਤੰਤ੍ਰ (ਸੀ ਐਨ ਐਸ) ਦੀ ਬਣਤਰ ਤੇ ਅਸਰ ਕਰਦੇ ਹਨ ਜਿਸ ਨਾਲ ਦਿਮਾਗੀ-ਤੰਤ੍ਰ ਅਪਣੀ ਰੱਖਿਆਂ-ਕਿਰਿਆ ਕਰਨ ਵਿਚ ਢਿੱਲਾ ਪੈ ਜਾਂਦਾ ਹੈ ਜਿਸ ਨਾਲ ਸਰੀਰ ਦਾ ਨੁਕਸਾਨ ਵਧਦਾ ਜਾਂਦਾ ਹੈ ਜੋ ਘਾਤਕ ਵੀ ਸਿੱਧ ਹੋ ਸਕਦਾ ਹੈ।

ਇਲਾਜ ਤੇ ਦਵਾਈਆਂ

ਬੈਕਟੀਰੀਆ ਤੋਂ ਪ੍ਰਦੂਸ਼ਤ ਹੋਇਆਂ ਦਾ ਐਟੀਂ ਬਾਇਓਟਿਕ ਦਵਾਈਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ।ਪਰ ਵਾਇਰਲ ਪ੍ਰਦੂਸ਼ਣ ਨੂੰ ਰੋਕ ਪਾਉਣ ਲਈ ਜਾਂ ਤਾਂ ਟੀਕਿਆਂ ਦੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਵਾਇਰਲ-ਰੋਧਕ ਦਵਾਈਆਂ ਦੀ। ਕਦੇ ਸਿਰਫ ਇਨ੍ਹਾਂ ਬਿਮਾਰੀਆਂ ਦੇ ਅਸਰਾਂ ਤੋਂ ਅਰਾਮ ਦਿਵਾਉਣ ਲਈ ਹੀ ਇਲਾਜ ਕੀਤਾ ਜਾਂਦਾ ਹੈ।ਵਾਇਰਲ-ਰੋਧਕ ਦਵਾਈਆਂ ਤਾਂ ਜ਼ਿਆਦਾ ਤਰ ਏਡਜ਼ ਦੀ ਮਹਾਂਮਾਰੀ ਰੋਕਣ ਲਈ ਹੀ ਬਣਾਈਆਂ ਗਈਆਂ ਹਨ। ਇਹ ਦਵਾਈਆਂ (ਵਾਇਰਸ ਦੀ ਜੜ੍ਹ) ਪੈਥੋਜੀਨ ਨੂੰ ਤਾਂ ਤਬਾਹ ਨਹੀਂ ਕਰਦੀਆਂ ਪਰ ਇਹ ਬਿਮਾਰੀ ਦੇ ਵਧਣ ਤੌਂ ਰੋਕ ਲਾਉਣ ਵਿਚ ਮਦਦਗਾਰ ਸਿੱਧ ਹੁੰਦੀਆਂ ਹਨ।ਵਾਇਰਲ ਵਿਰੋਧੀ ਦਵਾਈਆਂ ਹੁਣ ਹਰਪਸ ਸਿੰਪਲੈਕਸ ਵਾਇਰਸ, ਹੈਪੇਟਾਈਟਸ ਬੀ, ਹੈਪੇਟਾੲਠਸ ਚੀ, ਇਨਫਲੂਐਂਜ਼ਾ, ਸ਼ਿੰਗਲਜ਼ ਅਤੇ ਚਿਕਨ ਪੌਕਸ ਦੇ ਪ੍ਰਦੂਸ਼ਣ ਰੋਕਣ ਲਈ ਵਰਤੀਆਂ ਜਾ ਰਹੀਆਂ ਹਨ।

ਟੀਕੇ:

ਵਾਇਰਸ ਤੋਂ ਬਚਣ ਲਈ ਸਭ ਤੋਂ ਸਸਤੇ ਤੇ ਕਾਰਗਰ ਟੀਕੇ ਹੀ ਹਨ।ਕੁਝ ਟੀਕੇ ਤਾਂ ਵਾਇਰਸ ਦੀਆਂ ਚੇਚਕ ਵਰਗੀਆਂ ਬਿਮਾਰੀਆਂ ਖਤਮ ਕਰਨ ਵਿਚ ਸਹਾਈ ਹੋਏ ਮੰਨੇ ਜਾਂਦੇ ਹਨ।ਇਹ ਟੀਕੇ ਕਮਜ਼ੋਰ ਵਾਇਰਸਾਂ ਤੋਂ ਹੀ ਬਣਾਏ ਗਏ ਹਨ।ਵਾਇਰਸਾਂ ਦੇ ਪ੍ਰੋਟੀਨ ਜਿਨ੍ਹਾਂ ਨੂੰ ਐਂਟੀਜੀਨ ਕਿਹਾ ਜਾਂਦਾ ਹੈ, ਨੂੰ ਲਾਮਬੰਦ ਕਰਕੇ ਸਰੀਰ-ਵਿਰੋਧਕ ਵਾਇਰਸ ਨੂੰ ਉਕਸਾ ਕੇ ਭਵਿਖ ਵਿਚ ਹੋਣ ਵਾਲੇ ਵਾਇਰਸ ਦੇ ਪ੍ਰਦੂਸ਼ਣ ਨਾਲ ਲੜਣ ਲਈ ਤਿਆਰ ਕਰਦੀਆਂ ਹਨ।ਜਿਵੇਂ ਪੋਲੀਓ ਦੇ ਰੱਖਿਆ ਤੰਤ੍ਰ ਲਈ ਜ਼ਿੰਦਾ-ਅਟੈਨਿਏਟਟਿਡ ਵਾਇਰਸ । ਪਰ ਇਹ ਐਂਟੀਜੀਨ ਕਮਜ਼ੋਰ ਸਰੀਰਾਂ ਵਿਚ ਪੋਲੀਓ ਫਿਰ ਮੁੜ ਕੇ ਵੀ ਜਾਗ੍ਰਿਤ ਕਰ ਸਕਦੇ ਹਨ।

ਹੁਣ ਪੋਲੀਓ, ਮੀਜ਼ਲਜ਼, ਮੰਪਸ ਅਤੇ ਰੁਬੇਲਾ ਲਈ ਟੀਕਾ ਮਿਲਦੇ ਹਨ। ਜਿਵੇਂ ਕਿ ਮੀਜ਼ਲਜ਼ ਟੀਕੇ ਦੀਆਂ ਦੋ ਖੁਰਾਕਾਂ ਇਸ ਬਿਮਾਰੀ ਤੋਂ 97% ਤੋਂ 99% ਤਕ ਬਚਾ ਕਰਦੀਆਂ ਹਨ।ਜਦ ਮੀਜ਼ਲਜ਼ ਦੀ ਮਹਾਂਮਾਰੀ ਪੈਂਦੀ ਹੈ ਤਾਂ ਇਹ ਟੀਕੇ ਮਹਾਂਮਾਰੀ ਨੂੰ ਵਧਣੋਂ ਰੋਕਣ ਵਿਚ ਬੜੇ ਕਾਰਗਾਰ ਸਿੱਧ ਹੁੰਦੇ ਹਨ।ਜਿਨ੍ਹਾਂ ਬਚਿਆਂ ਨੂੰ ਇਹ ਟੀਕੇ ਪਹਿਲਾਂ ਹੀ ਲੱਗ ਜਾਂਦੇ ਹਨ ਉਹ ਇਸ ਮਹਾਂਮਾਰੀ ਤੋਂ ਲਗੱਭਗ ਸੁਰਖਿਅਤ ਹੋ ਜਾਂਦੇ ਹਨ। ਕਈ ਅਪਣੇ ਬਚਿਆਂ ਨੂੰ ਇਹ ਟੀਕੇ ਲਗਵਾਉਣ ਤੋਂ ਗੁਰੇਜ਼ ਕਰਦੇ ਹਨ ਜਿਸ ਦਾ ਨਤੀਜਾ ਉਹਨਾਂ ਨੂੰ ਬਾਦ ਵਿਚ ਭੁਗਤਣਾ ਪੈ ਸਕਦਾ ਹੈ।

ਕਿਸੇ ਬਿਮਾਰੀ ਨੂੰ ਮਹਾਂਮਾਰੀ ਵਿਚ ਬਦਲਣ ਤੋਂ ਰੋਕਣ ਲਈ 92-95% ਲੋਕਾਂ ਦਾ ਇਹ ਟੀਕੇ ਪਹਿਲਾਂ ਲਗਵਾਉਣਾ ਜ਼ਰੂਰੀ ਹੁੰਦਾ ਹੈ ।ਜੇ ਇਸ ਤੋਂ ਘੱਟ ਲੋਕਾਂ ਨੇ ਇਹ ਟੀਕੇ ਲਗਵਾਏ ਹੋਣਗੇ ਤਾਂ ਸਾਮੂਹਿਕ ਬਿਮਾਰੀ ਦਾ ਫੈਲਣਾ ਫਿਰ ਵੀ ਸੰਭਵ ਹੈ ਖਾਸ ਕਰਕੇ ਉਨ੍ਹਾਂ ਮਨੁਖਾਂ ਉਤੇ ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੁੰਦਾ ਤੇ ਅਪਣੇ ਰਖਿਆ-ਤੰਤ੍ਰ ਨੂੰ ਕਾਇਮ ਨਹੀਂ ਰੱਖਿਆ ਹੁੰਦਾ। ਛੋਟਾ ਮੋਟਾ ਵਾਇਰਲ ਪ੍ਰਦੂਸ਼ਣ ਆਮ ਤੌਰ ਤੇ ਬਿਨਾਂ ਇਲਾਜ ਦੇ ਹੀ ਸਰੀਰਕ ਰਖਿਆਂ ਤੰਤ੍ਰ ਰਾਹੀਂ ਕਾਬੂ ਪਾਇਆ ਜਾ ਸਕਦਾ ਹੈ ਪਰ ਦਵਾਈ ਨਾਲ ਬਿਮਾਰੀ ਨਾਲ ਜੁੜੀਆਂ ਨਿਸ਼ਾਨੀਆਂ ਦਰਦ, ਬੁਖਾਰ ਜਾਂ ਖੰਘ ਨੂੰ ਜ਼ਰੂਰ ਰੋਕਿਆ ਜਾ ਸਕਦਾ ਹੈ।
Kind Courtesy UNO
 

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

This shabad is by Guru Nanak Dev ji, and is found on Ang 1331 of Sri Guru Granth Sahib ji. Some of the key words have been translated for you, but you may have a better translation. Some words...

SPN on Facebook

...
Top