ਛੇ ਗਜ਼ਲਾਂ
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ
ਗ਼ਜ਼ਲ-1
ਕਲੀ ਨੂੰ ਵਧਦੀਆਂ ਲੂਆਂ ਤੋਂ ਇਸ ਵੇਲੇ ਪਰ੍ਹਾਂ ਰੱਖੋ।
ਸੁਲਗ਼ਦੇ ਬਾਗ ਵਿਚ ਖੇੜਾ, ਮੁੜਣ ਨੂੰ ਕੁਝ ਤਾਂ ਥਾਂ ਰੱਖੋਂ.
ਸਮਾਂ ਜਦ ਮੋੜ ਖਾਂਦਾ ਹੈ, ਨਵਾਂ ਯੁੱਗ ਵੀ ਆ ਜਾਂਦਾ ਹੈ।
ਨਵੇਂ ਯੁੱਗ ਵਾਸਤੇ ਕੋਈ, ਤੁਸੀਂ ਜਗਦੀ ਸ਼ਮਾਂ ਰੱਖੋ।
ਨਜ਼ਰ ਤੋਂ ਗਹਿਰ ਜੇ ਲਾਹੋ, ਦਿਸਣਗੇ ਮਾਨਵੀ ਚਿਹਰੇ।
ਮੁਸਲਮ, ਸਿੱਖ ਜਾਂ ਹਿੰਦੂ, ਇਨ੍ਹਾਂ ਦੇ ਨਾਮ ਨਾ ਰੱਖੋ।
ਹਰ ਇਕ ਖ਼ੂਨ ਦੇ ਤੁਬਕੇ ’ਚ ਸ਼ਕਤੀ ਹੈ ਤੂਫ਼ਾਨਾਂ ਦੀ।
ਗੁਆਓ ਰੱਤ ਨਾ ਐਵੇਂ, ਜੁਆਨੀ ਨੂੰ ਜਵਾਂ ਰੱਖੋ।
ਸਦਾ ਹੀ ਸਿਦਕ ਦੇ ਬੇੜੇ, ਕਿਸੇ ਮੰਜ਼ਿਲ ’ਤੇ ਲੱਗਦੇ ਨੇ।
ਸਬਰ ਤੇ ਹੋਸ਼ ਸਦਕਾ ਜੋਸ਼ ਨੂੰ ਸੇਧੀ ਰਵਾਂ ਰੱਖੋ।
ਗ਼ਜ਼ਲ-2
ਹੜ੍ਹ ਆਉਾਂਦੇ ਤੱਕ ਕੇ ਜਿਹੜੇ ਸਿਰ ਫੜ ਕੇ ਬਹਿ ਰਹਿੰਦੇ ਨੇ,
ਪਹਿਲੀ ਛੱਲੇ ਦਰਿਆਵਾਂ ਦੇ, ਵਹਿਣਾਂ ਦੇ ਵਿਚ ਵਹਿੰਦੇ ਨੇ।
ਹਿੰਮਤ ਕਰਕੇ ਲੱਕੜੀਆਂ ਦਾ, ਬੇੜਾ ਜਿਨ੍ਹਾਂ ਬਣਾਇਆ ਹੈ,
ਛੱਲਾਂ ਕੀ, ਛੱਲਾਂ ਦੇ ਵੀ, ਸਿਰ ਤੇ ਜਾ ਕੇ ਬਹਿੰਦੇ ਨੇ।
ਬੰਦੇ ਦੀਆਂ ਬਾਹਵਾਂ ਵਿਚ ਯਾਰੋ, ਹੁੰਦਾ ਤਾਣ ਬਥੇਰਾ ਹੈ,
ਹਿੰਮਤ ਵਾਲ ਪਰਬਤ ਕੱਟ ਕੇ, ਨਹਿਰਾਂ ਵੀ ਕੱਢ ਲੈਂਦੇ ਨੇ।
ਜੇ ਡਰਦਾ ਹੈ ਸੋ ਮਰਦਾ ਹੈ, ਜੋ ਝੁਕਦਾ ਸੋ ਮੁਕਦਾ ਹੈ,
ਜੋ ਡਰਦਾ ਹੈ ਸੋ ਖਟਦਾ ਹੈਇਹੋ ਸਿਆਣੇ ਕਹਿੰਦੇ ਨੇ।
ਹੋਣੀ ਤੋਂ ਕੀ ਡਰਨੈ ਯਾਰੋ, ਹੋਣੀ ਉਹੋ ਹੋਣੀ ਹੈ,
ਜੋ ਹੋਣੀ ਦੇ ਮਾਲਕ ਆਪਣੇ, ਹੱਥੀਂ ਘੜਦੇ ਰਹਿੰਦੇ ਨੇ।
ਸਾਰੀ ਦੁਨੀਆਂ ਵਿਚ ਮਸ਼ਹੂਰੀ, ਹੈ ਪੰਜਾਬੀ ਵੀਰਾਂ ਦੀ,
ਹਿੱਕਾਂ ਡਾਹਕੇ ਜੋ ਔਕੜ ਸੰਗ, ਸਾਨ੍ਹਾਂ ਵਾਂਗੂੰ ਖਹਿੰਦੇ ਨੇ।
ਛੋਟੇ ਦਿਲ ਦੇ ਲੋਕੀ ਐਵੇਂ, ‘ਬਿਚ ਬਿਚ’ ਕਰਦੇ ਰਹਿੰਦੇ ਨੇ,
ਅਣਖਾਂ ਵਾਲੇ ‘ਰਤਨ’ ਦਿਲਾਂ ਦੀ, ਹਿੱਕ ਥਾਪੜ ਕੇ ਕਹਿੰਦੇ ਨੇ।
ਗ਼ਜ਼ਲ-3
ਗੱਲਾਂ ਦੇ ਵਿਚ ਗੱਲ ਗੁਆਵੇ, ਉਸਤੋਂ ਬੁਰਾ ਨਾ ਕੋਈ
ਵੇਲੇ ਦੀ ਗੱਲ ਆਖੇ ਜਿਹੜਾ, ਮੌਕਾ ਸਾਂਭੇ ਸੋਈ।
ਹਰ ਗੱਲ ਦੇ ਨੇ ਮਾਅਨੇ ਬ-3ਹੁਤੇ, ਸੋਚ ਸਮਝ ਕੇ ਬੋਲੋ,
ਉੱਚੀ ਨੀਵੀਂ ਮੂੰਹੋਂ ਨਿਕਲੀ, ਜਾਂਦੀ ਨਾ ਹੈ ਧੋਈ ।
ਜੇ ਕਰੀਏ, ਮਿੱਠੀ ਗੱਲ ਕਰੀਏ, ਮੋਹੇ ਦਿਲ ਅਗਲੇ ਦਾ,
ਮਿੱਠੀ ਗੱਲ ਸਦਾ ਹੀ ਅਗੇ, ਲੈ ਕੇ ਫੁਲ ਖਲੋਈ
ਖੰਜਰ ਤੋਂ ਵੀ ਡੂੰਘਾ ਹੁੰਦਾ, ਕੀਤਾ ਘਾ ਬੋਲਾਂ ਦਾ,
ਗੱਲਾਂ ਨਾਲ ਕਮਾਏ ਦੁਸ਼ਮਣ, ਕਰ ਦੇਂਦੇ ਅਣਹੋਈ
ਮੰਦੀ ਗੱਲ ਕਿਸੇ ਦੀ ਆਖੀ, ਪੌਣਾਂ ਫੰਗੀਂ ਚੜ੍ਹਦੀ
ਹੱਥ ਕਦੋਂ ਹੈ ਆਉਂਦੀ ਮੁੜਕੇ, ਜੋ ਇਕ ਵਾਰੀ ਖੋਈ,
ਗੱਲਾਂ ਦਾ ਰਸ ਖਾਂਦੇ ਆਗੂ, ਕਰ ਸਕਦੇ ਨਾ ਬਹੁਤਾ
ਗੱਲਾਂ ਦਾ ਰਸ ਚੋਂਦੇ ਦੀ ਕਦ, ਜਾਂਦੀ ਧਾਰ ਲੁਕੋਈ।
ਗੱਲਾਂ ਘੱਟ ਤੇ ਕੰਮ ਜ਼ਿਆਦਾ, ਮਹਿੰਗਾਈ ਦੇ ਵੇਲੇ,
ਗੱਲਾਂ ਨਾਲੋਂ ਰੋਟੀ ਮਹਿੰਗੀ, ਬੜੀਓ ਹੋਈ ਹੋਈ।
ਗ਼ਜ਼ਲ-4
ਜਿਥੋਂ ਦਾ ਮੇਰਾ ਬਾਪ ਹੈ, ਜਿਥੋਂ ਦੀ ਮੇਰੀ ਮਾਂ।
ਮਿੱਟੀ ਹਾਂ ਕਿਹੜੇ ਵਤਨ ਦੀ, ਭਾਰਤ ਹੈ ਉਸਦਾ ਨਾਂ।
ਪਾਣੀ ਹੈ ਇਸ ਦੀ ਧਰਤ ਦਾ, ਮੇਰੇ ਬਦਨ ਦਾ ਖ਼ੂਨ,
ਇਥੋਂ ਦੀ ਪੌਣ ਧੜਕਦੀ, ਸਾਹਾਂ ਦੇ ਵਿਚ ਰਵਾਂ।
ਇਸ ਦੀ ਨਦੀ ਦੀ ਧਾਰਤੋਂ, ਸਿਖਦਾ ਰਿਹਾ ਹਾਂ ਜੀਣ,
ਸਭ ਨੂੰ ਮੁਹੱਬਤ ਦੇ ਕਹੇ, ਹਰ ਇਕ ਬ੍ਰਿਛ ਦੀ ਛਾਂ।
ਇਸਦੀ ਮੈਂ ਧੁੱਪੋਂ ਪਾ ਰਿਹਾ, ਰੋਸ਼ਨ ਸਮੇਂ ਦੀ ਆਸ,
ਫੁੱਲਾਂ ਦੇ ਖੇੜੇ ਤੋਂ ਸਦਾ, ਖਿੜਣਾ ਮੈਂ ਸਿਖ ਰਿਹਾਂ।
ਟਾਹਣੀ ਤੋਂ ਟੁੱਟੇ ਫੁੱਲ ਜੋ, ਮੁਰਝਾ ਗਏ ਅਖੀਰ,
ਵਤਨਾਂ ਤੋਂ ਵਿਛੁੜ ਕੇ ਭਲਾਂ, ਜੀਵਾਂਗਾ ਕਿਸ ਤਰ੍ਹਾਂ?
ਕਰਦੇ ਕੀ ਧਰਮਾਂ ਵਾਲਿਓ, ਵੰਡਦੇ ਹੋ ਆਪਣੀ,
ਦੇਖੋ ਇਹ ਸਾਰੇ ਵੀਰ ਨੇ, ਇਕ ਲਾਟ ਇਕ ਸ਼ਮਾਂ।
ਗ਼ਜ਼ਲ-5
ਕੀ ਹੋਇਆ ਜੇ ਗ਼ਮ ਦੇ ਝਖੜ, ਹਾਰੋ ਨਾ।
ਪੀਲੇ ਪੱਤੇ ਝਾੜੇ ਪਤਝੜ, ਹਾਰੋ ਨਾ।
ਮਰਦਾਂ ਦਾ ਕੰਮ ਠੋਕਰ ਖਾ ਕੇ, ਰੁਕਣਾ ਨਹੀਂ,
ਵਧਣਾ ਸਿਖੋ ਹੋ ਕੇ ਅੱਖੜ, ਹਾਰੋ ਨਾ।
ਜੋ ਝੁਕਦਾ ਹੈ, ਉਸ ਨੂੰ ਜਗ ਝੁਕਾਉਂਦਾ ਹੈ,
ਜਗ ਝੁਕੇਗਾ ਜਾਉ ਜੇ ਅੜ, ਹਾਰੋ ਨਾ।
ਆਪਣੀ ਮੱਦਦ ਆਪੂੰ ਕਰਨੀ ਪੈਂਦੀ ਹੈ,
ਹੁੰਦਾ ਆਪਣੇ ਹੀ ਪੈਰੀਂ ਖੜ੍ਹ, ਹਾਰੋ ਨਾ।
ਨਾ ਚਮਕੇ ਹਨ ਉਨ੍ਹਾਂ ਦੇ ਇਤਿਹਾਸਾਂ ਵਿਚ,
ਸਾਂਭ ਸਕੇ ਜੇ ਵਕਤੀ ਭਾਂਬੜ, ਹਾਰੋ ਨਾ।
ਦਿਲ ਹੈ ਨਾਲ ਜਿਨ੍ਹਾਂ ਦਾ ਰੱਬ ਹੈ ਉਹਨਾਂ ਸੰਗ,
ਹੋ ਜਾਂਦੀ ਹਲ ਹਰ ਇਕ ਔਕੜ ਹਾਰੋ ਨਾ।
ਗ਼ਜ਼ਲ-6
ਇਕ ਮਿੱਟੀ ’ਚੋਂ ਜਨਮੇ ਸਾਰੇ, ਇਕ ਮਿੱਟੀ ਵਿਚ ਜਾਂਦੇ,
ਫਿਰ ਕਿਉਂ ਏਨੇ ਵਿਤਕਰਿਆਂ ਦੇ, ਲੋਕੀ ਜਾਲ ਵਿਛਾਂਦੇ।
ਹੋਰਾਂ ਦੇ ਰਾਹਾਂ ਵਿਚ ਜਾ ਜੋ, ਰੋੜਾ ਨੇ ਅਟਕਾਂਦੇ,
ਖੁਦ ਉਹ ਵੀ ਨੇ ਉਸ, ਰੋੜੇ ਤੋਂ ਹੀ, ਤਿੱਖੀ ਠੋਕਰ ਖਾਂਦੇ।
ਕੱਲੇ ਆਏ, ਕੱਲੇ ਜਾਣਾ, ਕੀ ਏਥੋਂ ਲੈ ਜਾਣਾ,
‘ਮੇਰੀ ਮੇਰੀ’ ਕਰਦੇ ਕਿਉਂ ਫਿਰ ਲੋਕੀ ਲੁੱਟ ਮਚਾਂਦੇ।
ਜਿਸ ਸੰਗ ਹੱਸ ਕੇ ਦੋ ਪਲ ਬੋਲੋ, ਬਣ ਜਾਂਦਾ ਹੈ ਅਪਣਾ,
ਫਿਰ ਵੀ ਤਿੱਖੀ ਛੁਰੀ ਦੇ ਵਾਂਗੂੰ, ਲੋਕੀ ਜੀਭ ਚਲਾਂਦੇ।
ਜੋ ਲੋਕਾਂ ਦੀ ਖਾਤਰ ਜੀਂਦੇ, ਜੋ ਲੋਕਾਂ ਲਈ ਮਰਦੇ,
ਵਾਰ ਉਨ੍ਹਾਂ ਦੀ ਲੋਕ-ਕਵੀ ਨੇ, ਹੇਕਾਂ ਲਾ ਲਾ ਗਾਂਦੇ।