• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

dalvinder45

SPNer
Jul 22, 2023
779
37
79
ਤਨ ਮਨ ਦਾ ਸੰਤੁਲਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤਨ ਸੰਤੁਲਨ ਕਰੋ, ਅਪਣਾ ਮਨ ਸੰਤੁਲਨ ਕਰੋ।
ਸ਼ੁਧ ਖਾਵੋ ਸ਼ੁਧ ਪੀਵੋ, ਚੰਗਾ ਚਾਲ ਚਲਨ ਕਰੋ।
ਦਾਤਾਂ ਰੱਬ ਦੀਆਂ ਨੇ, ਕਿਧਰੇ ਥੋੜਾ ਕਿਤੇ ਬਹੁਤ।
ਬਹੁਤਾ ਕਿਸੇ ਦਾ ਦੇਖ, ਨਾ ਐਵੇਂ, ਜੀਅ ਵਿੱਚ ਜਲਨ ਕਰੋ।
ਸਭ ਨੂੰ ਪ੍ਰੇਮ ਕਰੋ ਯਾਰੋ, ਸਭ ਦਾ ਭਲਾ ਕਰੋ।
ਸਾਰੇ ਉਸ ਦੇ ਜੀਵ, ਦੂਸਰਾ ਕੌਣ ਇਹ ਮਨਨ ਕਰੋ?
ਸੁੱਚ ਹੋਵੇ ਤਨ ਮਨ ਦੀ, ਸੱਚ ਦੇ ਨੇੜੇ ਲੱਗੀਦਾ।
ਭਟਕਣ ਸੱਚ ਵਿੱਚ ਮੁਕਦੀ, ਸੱਚ ਵਿੱਚ ਮਿਲਕੇ ਅਮਨ ਕਰੋ।
ਸੋਚਾਂ ਛੱਡਕੇ, ਸਿਮਰਨ ਕਰਨਾ, ਮਾਇਆ ਤੋਂ ਟੁੱਟਣਾ,
ਬੇਗਾਨਾ ਛੱਡ ਅਪਣੇ ਦੇ ਸੰਗ ਜੁੜਕੇ ਸ਼ਗਨ ਕਰੋ।
ਤਨ ਸੰਤੁਲਨ ਕਰੋ, ਅਪਣਾ ਮਨ ਸੰਤੁਲਨ ਕਰੋ।
ਸ਼ੁਧ ਖਾਵੋ ਸ਼ੁਧ ਪੀਵੋ, ਚੰਗਾ ਚਾਲ ਚਲਨ ਕਰੋ।
 

dalvinder45

SPNer
Jul 22, 2023
779
37
79
ਅਸੀਂ ਤਾਂ ਜਾਣਾ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਕਰ ਅਪਣਾ ਕਿਰਦਾਰ, ਅਸੀਂ ਤਾਂ ਜਾਣਾ ਹੈ।
ਉਸ ਦੀਆਂ ਖੇਡਾਂ, ਉਸ ਦੀ ਮਾਇਆ।
ਕਰਦੇ ਹਾਂ ਜੋ ਉਸ ਕਰਵਾਇਆ।
ਉਸ ਦੀ ਰਜ਼ਾ’ ਚ ਸਦ ਸੁਖ ਪਾਇਆ।
ਏਹੋ ਜੀਵਨ ਸਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੋਏ ਦੀ ਕੀ ਖੁਸ਼ੀ ਮਨਾਈਏ,
ਨਾ ਹੋਏ ਤਾਂ ਕਿਉਂ ਪਛਤਾਈਏ।
ਮਨ ਤੇ ਗਮ ਕਿਉਂ ਐਵੇਂ ਲਾਈਏ।
ਜੋ ਕਰਦਾ ਕਰਤਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਸਾਡਾ ਕੰਮ ਹੈ ਕਰਦੇ ਜਾਣਾ,
ਖੁਸ਼ ਹੋ ਉਸਦਾ ਹੁਕਮ ਬਜਾਣਾ।
ਤਨ, ਮਨ, ਧਨ ਸੰਗ ਫਰਜ਼ ਨਿਭਾਣਾ।
ਰੱਖ ਸਭ ਸੰਗ ਸਹਿਚਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੋਈਏ ਜੋ ਉਸ ਤੋਂ ਇਨਕਾਰੀ,
ਪੈ ਜਾਂਦਾ ਹੈ ਸਭ ਕੁੱਝ ਭਾਰੀ।
ਨਿਭ ਸਕਦੀ ਨਈਂ ਜ਼ਿਮੇਵਾਰੀ।
ਹਰ ਪਾਸੇ ਹੀ ਮਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਉਮਰ ਗੁਜ਼ਾਰੀ ਰੱਬ ਭਰੋਸੇ।
ਇਸ ਲਈ ਹਾਂ ਨਾ ਕਦੇ ਮਸੋਸੇ।
ਉਹ ਖਾਈਏ ਜੋ ਆਪ ਪਰੋਸੇ,
ਕਿਸ ਗਲ ਦਾ ਹੰਕਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਗੁਰ ਕਹਿੰਦੇ ਅਸੀਂ ਹੁਕਮ `ਚ ਚਲਣਾ।
ਮਨ ਦੀ ਮੰਨ ਨਾ ਅੜੀਆਂ ਕਰਨਾ।
ਹੁਕਮ `ਚ ਮਾੜਾ ਚੰਗਾ ਬਣਨਾ।
ਹੁਕਮ `ਚ ਸਭ ਸੰਸਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।
ਹੁਕਮ `ਚ ਆਉਣਾ, ਹੁਕਮ `ਚ ਜਾਣਾ।
ਹੁਕਮ `ਚ ਉਠਣਾ, ਬਹਿਣਾਂ ਖਾਣਾ।
ਹੁਕਮ ਜੋ ਦੇਵੇ, ਸੇਧ ਬਣਾਣਾ।
ਜੀਣਾ ਹੁਕਮ ਆਧਾਰ, ਅਸੀਂ ਤਾਂ ਜਾਣਾ ਹੈ।
ਜਗ ਤੇ ਰਹਿ ਦਿਨ ਚਾਰ, ਅਸੀਂ ਤਾਂ ਜਾਣਾ ਹੈ।

(09/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ​

ਬਾਹਰ ਕੀ ਭਾਲੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੰਗਲ ਢੂੰਡੇਂ, ਬੇਲੇ ਢੂੰਡੇ, ਤੀਰਥ ਢੂੰਡੇਂ, ਮੇਲੇ ਢੂੰਡੇ,
ਮੰਦਿਰ ਢੂੰਡੇ, ਮਸਜਿਦ ਢੂੰਡੇਂ, ਮਿਲੇ ਨਾ ਜਿੱਥੇ, ਕਾਸਿਦ ਢੂੰਡੇਂ।
ਜੋ ਤੇਰੇ ਅੰਗ ਸੰਗ ਹੈ ਰਚਿਆ, ਜੋ ਤੇਰੇ ਧੁਰ ਅੰਦਰ ਵਸਿਆ।
ਜੋ ਸਦ ਤੇਰੇ ਅੰਦਰ ਰਹਿੰਦਾ, ਜੋ ਤੇਰੇ ਸਾਹੀਂ ਸਾਹ ਲੈਂਦਾ।
ਜੋ ਸੰਗ ਤੇਰੇ ਸ਼ਾਮ ਸਵੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਤੇਰੀ ਹਰ ਗੱਲ ਸੁਣਦਾ ਕੋਲੇ, ਜੋ ਤੇਰੇ ਅੰਦਰ ਹੀ ਬੋਲੇ,
ਰਖਦਾ ਤੈਨੂੰ ਕਾਰਜ ਲਾਈ, ਜੋ ਹੁੰਦਾ ਹੈ ਸਦਾ ਸਹਾਈ।
ਆਪ ਪਛਾਣੇਂ, ਤਾਂ ਉਸ ਜਾਣੇਂ, ਜੇ ਉਸ ਜਾਣੇਂ ਭੇਦ ਪਛਾਣੇ,
ਭੇਦ ਜੋ ਪਾਇਆ, ਫਰਕ ਮਿਟਾਇਆ, ਫਰਕ ਮਿਟਾ, ਸੰਗ ਆਪ ਮਿਲਾਇਆ।
ਆਪ ਮਿਲੇ ਮਨ ਚਾਉ ਘਣੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਖੋਜੇ ਸੋ ਉਸ ਨੂੰ ਪਾਵੇ, ਉਸ ਸੰਗ ਜੁੜੇ, ਸੋ ਭਟਕ ਮਿਟਾਵੇ।
ਭਟਕ ਮਿਟਾਵੇ, ਟੇਕ ਲਗਾਵੇ, ਟੇਕ ਲਗਾਵੇ ਤੇ ਉਸ ਪਾਵੇ।
ਅੰਦਰ ਅਪਣੇ ਧਿਆਨ ਟਿਕਾ ਲੈ, ਚੁਪ ਹੋ, ਉਸ ਸੰਗ ਟੇਕ ਲਗਾ ਲੈ।
ਜਪ ਹਰ ਨਾਮ, ਹਰ ਸਾਸ ਵਸਾ ਲੈ, ਫਿਰ ਉਸ ਨੂੰ ਅੰਦਰ ਹੀ ਪਾਲੈ।
ਕਟ ਲੈ ਆਉਣ ਜਾਣ ਦੇ ਫੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।
ਜੋ ਵਸਦਾ ਅੰਦਰ ਤੇਰੇ, ਬਾਹਰ ਕੀ ਭਾਲੇਂ, ਬਾਹਰ ਕੀ ਭਾਲੇਂ।

(08/02/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ​

ਜੱਗ ਬੰਧਨ ਦੁਨੀਆਂਦਾਰੀ ਹੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੱਗ ਬੰਧਨ ਦੁਨੀਆਂਦਾਰੀ ਹੈ। ਨਿਤ ਵਧਦਾ ਬੋਝਾ ਭਾਰੀ ਹੈ।
ਇਹ ਬੋਝਾ ਵਧਦਾ ਜਾਂਦਾ ਹੈ। ਪਰ ਬਲ ਨਿਤ ਘਟਦਾ ਜਾਂਦਾ ਹੈ।
ਕੀਤੇ ਦਾ ਫਲ ਨਾ ਆਂਦਾ ਹੈ, ਖੁਸ਼ ਘੱਟ, ਮਨ ਵੱਧ ਘਬਰਾਂਦਾ ਹੈ।
ਨਿਤ ਚੜ੍ਹਦਾ ਫਿਕਰ ਸਵਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜਿਉਂ ਬੋਝ ਇਹ ਢੋਂਦੇ ਜਾਂਦੇ ਹਾਂ। ਤਿਉਂ ਹੋਰ ਉਲਝਦੇ ਜਾਂਦੇ ਹਾਂ।
ਹੱਲ ਕੋਈ ਲੱਭ ਨਾ ਪਾਂਦੇ ਹਾਂ। ਰਗੜੇ ਤੇ ਰਗੜੇ ਖਾਂਦੇ ਹਾਂ।
ਹਾਰਾਂ ਦੀ ਸੱਟ ਕਰਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਮਨ ਸਮਝੇ ਨਾ, ਕੀ ਕਰਨਾ ਹੈ। ਮੋਹ ਮਾਇਆ ਤੋਂ ਕਿੰਜ ਬਚਣਾ ਹੈ।
ਕਿੰਜ ਕੂੜ ਤੋਂ ਪਾਸੇ ਰਹਿਣਾ ਹੈ। ਕਿੰਜ ਸੱਚ-ਸੱਚੇ ਸੰਗ ਜੁੜਣਾ ਹੈ।
ਕਿਉਂ ਦੁਨੀਆਂ ਅਜੇ ਪਿਆਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜੱਗ ਰਹਿੰਦੇ ਚਿਕੜ ਦੂਰ ਕਿਵੇਂ। ਹਿਰਦੇ ਵਿੱਚ ਆਵੇ ਨੂਰ ਕਿਵੇਂ।
ਹੋ ਜਾਈਏ ਫਿਰ ਮਖਮੂਰ ਕਿਵੇਂ। ਦਰ ਪੁੱਜੀਏ ਸੱਚ ਹਜ਼ੂਰ ਕਿਵੇਂ।
ਪਲ ਮਿਲੇ ਮੁਕਾਮ-ਦੀਦਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਜਦ ਚਾਹੁੰਦਾ ਹੈ ਲੜ ਲਾਉਂਦਾ ਹੈ। ਦਰ ਆਏ ਨਾ ਠੁਕਰਾਉਂਦਾ ਹੈ।
ਕੀ ਕਰਨੈ ਖੁਦ ਸਮਝਾਉਂਦਾ ਹੈ। ਜਿਉਂ ਭਾਵੇ ਤਿਵੇਂ ਚਲਾਉਂਦਾ ਹੈ।
ਛੱਡ ਜੱਗ, ਪਾ ਉਸ ਸੰਗ ਯਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਕਰ ਦੇ ਸੱਭ ਸੋਚ ਵਿਚਾਰ ਪਰੇ। ਸੰਗ ਉਸ ਦੇ ਜੋੜ ਲੈ ਤਾਰ ਘਰੇ।
ਜਿਉਂ ਆਖੇ ਕਰ ਸਭ ਕਾਰ ਖਰੇ। ਖੁਦ ਆਪੇ ਲਾਊ ਪਾਰ ਤਰੇ।
ਇਹ ਮਾਇਆ ਪਰਖਣ ਹਾਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।
ਰੱਖ ਓਟ ਤੇ ਧਰਮ ਨਿਭਾਂਦਾ ਜਾ, ਕੀ ਮੈਂ, ਉਹ, ਗਿਆਨ ਵਧਾਂਦਾ ਜਾ।
ਸਦ ਧਿਆਨ ਉਸੇ ਵਿੱਚ ਲਾਂਦਾ ਜਾ। ਇੰਜ ਸ਼ਬਦ ਦੀ ਕਾਰ ਕਮਾਂਦਾ ਜਾ।
ਉਸ ਦੀ ਤਾਂ ਨਦਰ ਨਿਆਰੀ ਹੈ। ਜੱਗ ਬੰਧਨ ਦੁਨੀਆਂਦਾਰੀ ਹੈ।

ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਮੁਕਤ ਹੋਣ ਦੀ ਥਾਂ ਤੇ ਜੱਗ ਦੇ ਹੋ ਕੇ ਰਹਿ ਗਏ ਆਂ॥
ਇਹ ਤਾਂ ਪਤਾ ਹੈ ਜੱਗ ਰੱਬ ਰਚਿਆ ਖੇਲ੍ਹ ਚਲਾਵਣ ਲਈ।
ਬੰਦਾ ਰੱਬ ਨੇ ਘੜਿਆ ਅਪਣਾ ਰੋਲ ਨਿਭਾਵਣ ਲਈ।
ਅਣਜਾਣੇ ਬਣ ਮਨ ਦੇ ਬੂਹੇ ਢੋ ਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਨਾਲ ਲਿਆਏ ਕੁੱਝ ਨਾ, ਕੁੱਝ ਵੀ ਸਾਥ ਨਾ ਜਾਣਾ ਏਂ।
ਫਿਰ ਵੀ ਛੱਡਿਆ ਜੱਫਾ ਨਾ ਮਾਇਆ ਨੂੰ ਪਾਣਾ ਏਂ।
ਬਿਨਸਣਹਾਰੀ ਮਾਇਆ ਵਾਧੂ, ਢੋ ਕੇ ਰਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਰੱਬ ਦੇ ਸਾਰੇ ਜੀਅ ਇਹ ਦਿਲੋਂ ਭੁਲਾਈ ਜਾਂਦੇ ਹਾਂ।
‘ਆਹ ਮੇਰਾ, ਅਹੁ ਤੇਰਾ’ ਵੰਡੀਆਂ ਪਾਈ ਜਾਂਦੇ ਹਾਂ।
ਕੱਤਿਆ ਕੁੱਝ ਨਾ ਪੂਰਾ, ਪੂਣੀ ਛੋਹ ਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।
ਬਿਨਸਣਹਾਰੇ ਰੂਪ ਰੰਗ ਤੇ ਐਵੇਂ ਡੁਲ੍ਹ ਗਏ ਆਂ।
ਮੋਹ ਦੀ ਥਾਂ ਤੇ ਪ੍ਰੇਮ ਪ੍ਰਭੂ ਦਾ ਕਰਨਾ ਭੁਲ ਗਏ ਆਂ।
ਨਾਮ ਜਪਣ ਦੀ ਥਾਂ ਮੋਹ ਚੱਕੀ ਝੋਕੇ ਬਹਿ ਗਏ ਆਂ।
ਲੋਭ ਲਾਲਚ ਦੀ ਦੁਨੀਆਂ ਦੇ ਵਿੱਚ ਖੋ ਕੇ ਰਹਿ ਗਏ ਆਂ।​
 

dalvinder45

SPNer
Jul 22, 2023
779
37
79
ਹੋਵੇਂ ਤੂੰ ਦਿਆਲ, ਮੈਨੂੰ ਹੋਰ ਕੀ ਏ ਚਾਹੀਦਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਰਹੇਂ ਮੇਰੇ ਨਾਲ, ਮੈਨੂੰ ਏਹੋ ਹੀ ਏ ਚਾਹੀਦਾ।
ਤੈਨੂੰ ਪਾਉਣ ਵਾਸਤੇ ਮੈਂ ਕੀ ਕੀ ਕਰੀ ਜਾਂਦਾ ਹਾਂ।
ਤੜਕੇ ਸਵੇਰੇ ਠੰਢੇ ਪਾਣੀ `ਚ ਨਹਾਂਦਾ ਹਾਂ।
ਲੰਬਾ ਪੈਂਡਾ ਕੱਟ, ਸਤਿਸੰਗਤ `ਚ ਜਾਂਦਾ ਹਾਂ।
ਘੰਟੇ ਬੱਧੀ ਨਾਮ ਤੇਰਾ, ਹੇਕ ਲਾ ਕੇ ਗਾਂਦਾ ਹਾਂ।
ਹੋਵੇਂ ਕਿਰਪਾਲ, ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਆਉਂਦੇ ਜਾਂਦੇ ਰਟ, ਤੇਰੇ ਨਾਮ ਦੀ ਹੀ ਲਾਉਂਦਾ ਹਾਂ।
ਤੇਰੇ ਬਿਨਾ ਹੋਰ ਕੋਈ ਵਿਚਾਰ ਨਾ ਲਿਆਉਂਦਾ ਹਾਂ।
ਦਿਤੇ ਤੇਰੇ ਕਾਰਜ ਮੈਂ ਸਾਰੇ ਹੀ ਨਿਭਾਉਂਦਾ ਹਾਂ।
ਕੀਤੀ ਜੋ ਕਮਾਈ ਵੰਡ ਖਾਂਦਾ ਤੇ ਖਲਾਉਂਦਾ ਹਾਂ।
ਤੈਨੂੰ ਲਵਾਂ ਭਾਲ ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਰਾਤਾਂ ਨੂੰ ਵੀ ਤੇਰੇ ਹੀ ਮੈਂ ਸੁਪਨੇ ਸਜਾਉਂਦਾ ਹਾਂ।
ਮਿਲ ਜਾਵੇਂ ਇਹੋ ਅਰਜ਼ੋਈ ਦਿਲੋਂ ਗਾਉਂਦਾ ਹਾਂ।
ਚਾਰੇ ਪਾਸੇ ਤੇਰਾ ਹੀ ਪਸਾਰਾ ਸਦਾ ਪਾਉਂਦਾ ਹਾਂ।
ਦਿਨੇ ਰਾਤ ਤੇਰੀਆਂ ਹੀ ਕਵਿਤਾਂ ਬਣਾਉਦਾਂ ਹਾਂ।
ਪੂਰੀ ਹੋਵੇ ਘਾਲ, ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
ਸਦਕੇ ਮੈਂ ਤੇਰੇ, ਬੜੀ ਸੁਣਦਾ ਪੁਕਾਰ ਏਂ।
ਮੰਗੇ ਬਿਨਾ ਦੇਈ ਜਾਨੈਂ, ਦਾਤਾਂ ਦੇ ਭੰਡਾਰ ਏਂ।
ਲੈਂਦਾ ਥੱਕ ਜਾਵਾਂ, ਦੇਈ ਜਾਂਦਾ ਤੂੰ ਅਪਾਰ ਏਂ।
ਸ਼ੁਕਰ ਗੁਜ਼ਾਰ ਹਾਂ ਜੋ, ਦਿੰਦਾ ਏਨਾ ਤੂੰ ਪਿਆਰ ਏਂ।
ਤੇਰਾ ਇਹ ਕਮਾਲ, ਮੈਨੂੰ ਏਹੋ ਹੀ ਏ ਚਾਹੀਦਾ।
ਹੋਵੇਂ ਤੂੰ ਦਿਆਲ, ਮੈਨੂੰ ਏਹੋ ਹੀ ਏ ਚਾਹੀਦਾ।
 

dalvinder45

SPNer
Jul 22, 2023
779
37
79
ਮਿਹਰ ਸਭ ਉਸਦੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਕਿਸ ਗਲ ਦਾ ਹੰਕਾਰ, ਮਿਹਰ ਸਭ ਉਸਦੀ।
ਤਨ ਵੀ ਉਸਦਾ, ਮਨ ਵੀ ਉਸਦਾ।
ਇਹ ਸਭ ਮਾਇਆ, ਧਨ ਵੀ ਉਸਦਾ।
ਸਭ ਰਚਿਆ ਕਰਤਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਨਾ ਲੈ ਆਇਆ, ਨਾ ਲੈ ਜਾਣਾ।
ਜੋ ਰਚਿਆ ਏਥੇ ਰਹਿ ਜਾਣਾ।
ਕਰ ਕੇ ਦੇਖ ਵਿਚਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਉਸ ਦੀਆਂ ਦਾਤਾਂ ਅੰਤ ਨਾ ਕੋਈ।
ਜਿਸ ਨੂੰ ਲਾ ਹੱਥ ਉਸ ਦੀ ਸੋਈ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਬੰਦਾ ਤਾਂ ਕਿਰਦਾਰ, ਮਿਹਰ ਸਭ ਉਸਦੀ।
ਉਹ ਦੇਵੇ ਤਾਂ ਮੌਜ ਮਨਾਵਾਂ।
ਉਸ ਦਿਤੇ ਤੇ ਕਿਉਂ ਇਤਰਾਵਾਂ।
ਮਾਇਆ ਝੂਠ ਪਸਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਕਿਉਂ ਰੋਂਵਾਂ ਜੇ ਉਹ ਲੈ ਜਾਵੇ।
ਉਹ ਦੇਵੇ ਤੇ ਖੇਡ ਖਿਡਾਵੇ।
ਖੇਡ ਹੈ ਕੁਲ ਸੰਸਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਝੂਠੀ ਹੈ ਸਭ ਤੇਰੀ ਮੇਰੀ,
ਉਸ ਦੀ ਸਭ ਜੋ, ਵਸਤ ਬਖੇਰੀ।
ਸਭ ਜਗ ਬਿਣਸਣਹਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
ਉਸ ਦੀ ਵਸਤ ਨਾ ਮੇਰ ਕਰੀਦੈ।
ਉਸ ਦਾ ਸ਼ੁਕਰ ਗੁਜ਼ਾਰ ਰਹੀਦੈ।
ਸ਼ਾਂਤੀ ਚਿਤ ਵਿੱਚ ਧਾਰ, ਮਿਹਰ ਸਭ ਉਸਦੀ।
ਜਨ ਕੀ ਪਾਣੀਹਾਰ, ਮਿਹਰ ਸਭ ਉਸਦੀ।
 

dalvinder45

SPNer
Jul 22, 2023
779
37
79
ਜੀ ਸਦਕੇ
ਦਲਵਿੰਦਰ ਸਿੰਘ ਗ੍ਰੇਵਾਲ

ਸਾਨੂੰ ਅਪਣੇ ਕੋਲ ਬੁਲਾਇਆ, ਜੀ ਸਦਕੇ।
ਫੜਕੇ ਅਪਣੇ ਪਾਸ ਬਿਠਾਇਆ, ਜੀ ਸਦਕੇ।
ਘੁਟਕੇ ਅਪਣੇ ਗਲ ਨਾਲ ਲਾਇਆ, ਜੀ ਸਦਕੇ।
ਮੋਹ-ਮਾਇਆ ਦਾ ਹੋਸ਼ ਭੁਲਾਇਆ, ਜੀ ਸਦਕੇ।
ਮਨ ਦਾ ਹਰਿਕ ਵਿਚਾਰ ਮਿਟਾਇਆ, ਜੀ ਸਦਕੇ।
ਆਨੰਦ ਦਾ ਪਰਵਾਹ ਵਰਸਾਇਆ, ਜੀ ਸਦਕਾ।
ਤੂੰ ਹੀ ਤੂੰ ਏਂ ਬਸ ਦਿਸ ਆਇਆ, ਜੀ ਸਦਕੇ।
ਏਵੇਂ ਹੀ ਹਰ ਰੱਖ ਨਾਲ ਮਿਲਾਇਆ, ਜੀ ਸਦਕਾ।

 

dalvinder45

SPNer
Jul 22, 2023
779
37
79

ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

1
ਕਾਮ ਕ੍ਰੋਧ ਮੋਹ ਲੋਭ ਛੱਡ, ਚੁਗਲੀ ਨਿੰਦ ਅਹੰਕਾਰ।
ਸੁੱਚੇ ਸੱਚੇ ਕਰਮ ਕਰ, ਸੱਚਾ ਨਾਂ ਚਿੱਤ ਧਾਰ।
ਸੱਚਾ ਨਾਂ ਚਿੱਤ ਧਾਰ ਰੋਜ਼ਾਨਾ ਸਤਿਸੰਗਤ ਵਿੱਚ ਜਾ।
ਸ਼ੁਭ ਵਚਨ, ਸੁਣ ਕੀਰਤਨ, ਉਸ ਦੀ ਸਿਫਤ ਸਲਾਹ।
ਉਸ ਦੇ ਸੰਗ ਮਨ ਜੋੜ ਲੈ, ਜਾਗੇ ਬੁੱਧ ਬਿਬੇਕ।
ਫੁੱਟੇ ਭਾਂਡਾ ਭਰਮ ਦਾ, ਜੀਵਨ ਹੋਵੇ ਨੇਕ।
2
ਜੀਵਨ ਹੋਵੇ ਨੇਕ, ਦਿਸਣ ਫਿਰ ਸਾਰੇ ਚੰਗੇ।
ਸੁੱਚ ਵਸੇ ਮਨ ਆਣ, ਈਸਵਰ ਰੰਗ ਜਦ ਰੰਗੇ।
ਈਸ਼ਵਰ ਰੰਗ ਕਮਾਲ, ਲਗੇ ਜੱਗ ਚਾਵਾਂ ਭਰਿਆ।
ਕੁਦਰਤ ਦੀ ਬਹਿ ਗੋਦ ਬਣੇ ਮਨ ਹਰਿਆ ਹਰਿਆ।
ਸਭ ਵਿੱਚ ਰੱਬ ਹੀ ਰੱਬ, ਬਿਨਾ ਉਸ ਦੇ ਨਾ ਕੋਈ।
ਮਿਹਰ ਕਰੇ ਜਦ ਆਪ, ਉਦੋਂ ਇਹ ਸੋਝੀ ਹੋਈ।
3
ਸੋਝੀ ਹੋਵੇ ਜਦ, ਲਗੇ ਜਗ ਪਿਆਰਾ ਪਿਆਰਾ।
ਅਪਣੇ ਲੱਗਣ ਸੱਭ, ਬੇਗਾਨਾ ਨਾ ਵੇਚਾਰਾ।
ਬੇਗਾਨਾ ਨਾ ਕੋਈ, ਮੀਤ ਸਭ ਅਪਣੇ ਹੋਏ।
ਸਭ ਵਿੱਚ ਦਿਸਦਾ ਰੱਬ, ਲੜੀ ਇੱਕ ਸੱਭ ਪਰੋਏ।
ਵਸਦਾ ਸਭ ਵਿੱਚ ਲਗਾਤਾਰ, ਹਰ ਦਿਲ ਦੀਆ ਜਾਣੇ।
ਜੋ ਵੀ ਉਸ ਸੰਗ ਮਿਲ ਗਿਆ, ਪਰਮਾਨੰਦ ਮਾਣੇ।
 

dalvinder45

SPNer
Jul 22, 2023
779
37
79
ਸੱਚਾ ਸੰਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਹ ਹੁੰਦਾ ਹੈ ਸੱਚਾ ਸੰਤ।
ਜੋ ਰਹਿੰਦਾ ਸਤਿਗੁਰ ਬਿਨਵੰਤ।
ਅੰਦਰੋਂ ਸੱਚਾ ਸੁੱਚਾ ਹੋਵੇ।
ਰੱਬ ਦੇ ਪ੍ਰੇਮ ਗੜੁਤਾ ਹੋਵੇ।
ਨਾਮ `ਚ ਪੂਰਨ ਰੰਗਿਆ ਹੋਵੇ।
ਨਾਮ `ਚ ਜਾਗੇ ਨਾਮ `ਚ ਸੋਵੇ।
ਮੁੱਖੋਂ ਉਚਰੇ ਮਿੱਠੇ ਬੋਲ।
ਸਭ ਲਈ ਰੱਖੇ ਸਾਵੀਂ ਤੋਲ।
ਨਾ ਕੋਈ ਵੈਰ ਨਾ ਦੂਈ ਕੋਈ।
ਜਾਣੇ ਸਭ ਦਾ ਕਰਤਾ ਸੋਈ।
ਸਭ ਦੀ ਮਦਦ, ਸਭ ਦੀ ਸੇਵਾ।
ਵੰਡ ਕੇ ਖਾਣਾ ਖੱਟਿਆ ਮੇਵਾ।
ਜਾਣ ਬਰਾਬਰ ਜੀਆ ਜੰਤ।
ਉਹ ਹੁੰਦਾ ਹੈ ਸੱਚਾ ਸੰਤ।
 

dalvinder45

SPNer
Jul 22, 2023
779
37
79
ਕੁੱਝ ਸਵਾਲ-ਜਵਾਬ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਕਿਉਂ ਜਪਦਾਂ ਨਾਮ?
ਰੱਬ ਨੂੰ ਯਾਦ ਕਰਨ ਲਈ ਮੈਂ ਤਾਂ ਉਸ ਨੂੰ ਵਾਜਾਂ ਮਾਰਾਂ।
ਉਸ ਦੇ ਨਾਲ ਜੁੜਣ ਲਈ ਅਪਣੇ ਅੰਦਰੋਂ ਕਰਾਂ ਪੁਕਾਰਾਂ।
ਆਵੇ ਤੇ ਗਲ ਲਾਵੇ ਮਾਲਿਕ, ਪਹੁੰਚਾਂ ਉਸਦੇ ਧਾਮ।
ਮੈਂ ਇਉਂ ਜਪਦਾਂ ਨਾਮ?
ਸਵਾਸ ਸਵਾਸ ਕਿਉਂ ਜਪਦਾ?
ਏਨੇ ਲੋਕੀਂ ਵਾਜਾਂ, ਯਾਦ ਕਰਨ ਬੜੇ ਅੰਦਰੋਂ।
ਮੇਰੀ ਵਾਜ ਵੀ ਪਹੁੰਚੇ ਉਸ ਤਕ, ਇਸ ਸੱਚੇ ਮਨ-ਮੰਦਰੋਂ।
ਜਦ ਤਕ ਉਸ ਤਕ ਵਾਜ ਨਾ ਪਹੁੰਚੇ, ਰਹਿਣਾ ਹੈ ਇਉਂ ਤਪਦਾ।
ਸਵਾਸ ਸਵਾਸ ਇਉਂ ਜਪਦਾ?
ਵਾਰੀ ਕਦ ਤਕ ਆਵੇ?
ਏਨੇ ਉਸ ਦੇ ਭਗਤ ਨੇ ਜੱਗ ਤੇ ਲੱਗੀ ਲਾਈਨ ਲੰਬੇਰੀ।
ਮੈਂ ਵੀ ਲੱਗਾ ਲਾਈਨ `ਚ, ਆਖਿਰ ਆਊ ਵਾਰੀ ਮੇਰੀ।
ਲਾਈਨ `ਚ ਲੱਗਾ ਜਪਦਾ ਜਾਵਾਂ, ਭਾਗ ਮੇਰਾ ਖੁਲ੍ਹ ਜਾਵੇ।
ਵਾਰੀ ਜਦ ਵੀ ਆਵੇ।
ਲਾਈਨ `ਚ ਲੱਗਾ, ਨਾਮ ਧਿਆਵਾਂ, ਉਸ ਸੰਗ ਧਿਆਨ ਲਗਾਵਾਂ।
ਹੋਰ ਨਹੀਂ ਕੁੱਝ ਮਨ ਵਿੱਚ ਮੇਰੇ, ਮੰਜ਼ਿਲ ਅਪਣੀ ਪਾਵਾਂ।
ਮੰਜ਼ਿਲ; ਪੁਜਾਂ ਉਸ ਨੂੰ ਤੱਕਾਂ, ਤੇ ਉਸ ਦਾ ਹੋ ਜਾਵਾਂ।
ਉਸ ਵਿੱਚ ਮਿਲ, ਮੁਕ ਜਾਂ, ਮਿਟ ਜਾਂ, ਉਸ ਵਿੱਚ ਸਦਾ ਸਮਾਵਾਂ।
 

dalvinder45

SPNer
Jul 22, 2023
779
37
79
ਤੇਰੀ ਸਮਝ ਨਾ ਆਈ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪੁੱਛ ਪੁੱਛ, ਪੜ੍ਹ ਪੜ੍ਹ, ਹਾਰ ਗਿਆਂ ਪਰ ਤੇਰੀ ਸਮਝ ਨਾ ਆਈ।

ਦੱਸ ਦਾਤਾ ਕਿਤਨੀ ਪਊ ਕਰਨੀ, ਨਾਮ ਦੀ ਹੋਰ ਕਮਾਈ।

ਅੰਦਰ ਤੱਕਾਂਲੱਭ ਨਾ ਹੋਵੇਂ, ਬਾਹਰ ਕਿੱਥੋਂ ਭਾਲਾਂ।

ਉਮਰਾ ਵੀ ਹੁਣ ਸਿਖਰ ਤੇ ਆਈ, ਹੋਰ ਕੀ ਖੱਟੀ ਘਾਲਾਂ,

ਤੇਰੀ ਸਮਝ ਕੇ ਦੁਨੀਆਂ ਸੇਵੀ, ਫਿਰ ਵੀ ਰਹੀ ਪਰਾਈ।

ਪੁੱਛ ਪੁੱਛ, ਪੜ੍ਹ ਪੜ੍ਹ, ਹਾਰ ਗਿਆਂ ਪਰ ਤੇਰੀ ਸਮਝ ਨਾ ਆਈ।

ਕੀ ਹੈ ਘਾਟ ਮੇਰੀ ਸੇਵਾ ਵਿੱਚ, ਕੀ ਬੰਦਗੀ ਵਿੱਚ ਥੁੜਿਆ,

ਤੇਰੇ ਬਿਨ ਦਸੇਗਾ ਕਿਹੜਾ, ਕਿਉਂ ਏਧਰ ਨਾ ਮੁੜਿਆ।

ਤੇਰੇ ਬਿਨ ਤਾਂ ਸੱਭ ਕੁਝ ਮਿਲਿਆ, ਫਿਰ ਵੀ ਸਿਫਰ ਕਮਾਈ।

ਪੁੱਛ ਪੁੱਛ, ਪੜ੍ਹ ਪੜ੍ਹ, ਹਾਰ ਗਿਆਂ ਪਰ ਤੇਰੀ ਸਮਝ ਨਾ ਆਈ।

ਮਾੜੇ ਕਰਮ ਕਦੇ ਜੋ ਹੋਏੇ ਉਸ ਦਾ ਕਿਉਂ ਝਲਕਾਰਾ?

ਇੱਕ ਮਨਚਾਹਿਆ ਡਰ ਮਨ ਪਲਦਾ, ਕਿੰਜ ਹੋਵੇ ਛੁਟਕਾਰਾ?

ਮਨ-ਚਿੱਤ ਸਾਫ ਕਰੇਂ ਜੇ ਮੇਰਾ, ਕਰ ਕ੍ਰਿਪਾ ਸਰਣਾਈ।

ਪੁੱਛ ਪੁੱਛ, ਪੜ੍ਹ ਪੜ੍ਹ, ਹਾਰ ਗਿਆਂ ਪਰ ਤੇਰੀ ਸਮਝ ਨਾ ਆਈ।

ਦਿਤਾ ਤੇਰਾ ਸੱਭ ਜੱਗ ਪਾਵੇ, ਤੇਰੇ ਘਰ ਕੀ ਤੋੜਾ?

ਦੇਦੇ ਦੀਦ ਤੇਰੇ ਦਰਸ ਪਿਆਸੇ, ਲਾਵੀਂ ਨਾ ਕੋਈ ਰੋੜਾ।

ਦਾਸ ਦੀ ਕਰ ਪਰਵਾਨ ਦਾਤਿਆ, ਦੀਦ ਦੀ ਅਰਜ਼ ਲਗਾਈ।

ਪੁੱਛ ਪੁੱਛ, ਪੜ੍ਹ ਪੜ੍ਹ, ਹਾਰ ਗਿਆਂ ਪਰ ਤੇਰੀ ਸਮਝ ਨਾ ਆਈ।
 

swarn bains

Poet
SPNer
Apr 8, 2012
837
189
ਕਰ ਕਾਸਾ ਦਰਸਨ ਕੀ ਭੂਖ
ਮੈਂ ਦਰ ਮਾਂਗਾਂ ਨੀਤਾ ਨੀਤ
ਦੀਵਾਨੇ ਸਦਾ ਹੀ ਮੰਗਦੇ ਰਹਿੰਦੇ ਹਨ. ਮਜਾਜ਼ੀ ਇਸ਼ਕ ਅਪਣਾ ਪਿਆਰ ਹਾਸਲ ਹੋਣ ਤੇ ਖਤਮ ਹੋ ਜਾਦਾ ਹੈ. ਹਕੀਕੀ ਆਸ਼ਿਕ ਕਦੀ ਵੀ ਜ਼ਾਹਿਰ ਨਹੀਂ ਹੁੰਦਾ ਤੇ ਮਿਲਣ ਦੀ ਤਾਘ ਲੱਗੀ ਰਹਿੰਦੀ ਹੈ. ਇਹ ਇਸ਼ਕ ਮਰ ਕੇ ਹੀ ਪੂਰਾ ਹੁੰਦਾ ਹੈ. ਬਹੁਤ ਵਧੀਆ ਭਾਈ ਸਾਹਿਬ
 

dalvinder45

SPNer
Jul 22, 2023
779
37
79
ਇੱਕੋ ਇੱਕ

ਡਾ ਦਲਵਿੰਦਰ ਸਿੰਘ ਗੇਵਾਲ



ਕੂੰਟਾਂ ਚਾਰੇ, ਇੱਕੋ ਇੱਕ।
ਵਸਦਾ ਸਾਰੇ ਇੱਕੋ ਇੱਕ।
ਤੇਰੇ ਵਿੱਚ ਮੇਰੇ ਵਿੱਚ
ਕੁੱਲ ਜੱਗ ਪਿਆਰੇ ਇੱਕੋ ਇੱਕ।
ਜਿਸਦਾ ਬ੍ਰਹਿਮੰਡ, ਜਿਸਦੇ ਸੂਰਜ
ਜਿਸਦੇ ਤਾਰ, ਇੱਕੋ ਇੱਕ।
ਮੰਦਿਰ ਮਸਜਿਦ, ਚਰਚ ‘ਚ ਸੱਭ ਥਾਂ
ਗੁਰੂਦੁਆਰੇ ਇੱਕੋ ਇੱਕ।
 

dalvinder45

SPNer
Jul 22, 2023
779
37
79
ਸਭ ਖੋਜ ਅਧੂਰੀ
ਡਾ ਦਲਵਿੰਦਰ ਸਿੰਘ ਗੇਵਾਲ


ਰੰਗੀਂ ਰੰਗੀਂ ਭਾਂਤੀ ਭਾਂਤੀ ਵਿਸ਼ਵ ੳਪਾਇਆ।
ਪਤਾ ਨ੍ਹੀਂਕਾਰੀਗਰ ਇਤਨਾ ਕਿੱਥੋਂ ਆਇਆ।
ਕਿੱਥੋਂ ਇਹ ਇੰਜਨੀਅਰ ਡਾਕਟਰ ਏਨੇ ਲਾਏ?
ਕੋਈ ਕਹਿੰਦਾ ਸਭ ਜੀਅ ਜੰਤ ਖੁਦ ਰੱਬ ਬਣਾਏ।
ਉਸਨੇ ਤਾਂ ਸਿਸਟਮ ਸੈਟ ਕਰ, ਰੋਬੋਟ ਚਲਾਏ
ਛਾਪੇਖਾਨੇ ਚੋਂ ਜੀਕੂੰ ਨੇ ਪਰਚੇ ਛਪ ਜਾਂਦੇ।
ਜਾਂ ਫਿਰ ਅਪਣੀ ਮਾਇਆ ਤੋਂ ਇਹ ਖੇਡ ਚਲਾਂਦੇ।
ਉਹਦੀਆਂ ਉਹ ਹੀ ਜਾਣੇ ਬੰਦਾ ਉਸ ਨੂੰ ਕੀ ਜਾਣੇ।
ਗ੍ਰੇਵਾਲ ਸਭ ਖੋਜ ਅਧੂਰੀ ਨਾਂ ਪੂਰਾ ਸੱਚ ਜਾਣੇ।
 

dalvinder45

SPNer
Jul 22, 2023
779
37
79
ਜੇ ਪਰਿਵਾਰ ਚਲਾਉਣਾ ਤਾਂ ਫਿਰ ਖੱਟ ਕਮਾਉਣਾ ਪੈਂਦਾ ਹੈ।
ਜੇ ਰਬ ਪਾਉਣਾ ਤਾਂ ਫਿਰ ਉਸਨੂੰ ਸਦਾ ਧਿਆਉਣਾ ਪੈਂਦਾ ਹੈ।
ਕਿਰਤ ਕਰਨ ਤੇ ਨਾਮ ਜਪਣ ਦਾ ਸੰਦੇਸ਼ਾ ਗੁਰੂ ਨਾਨਕ ਦਾ,
ਵੰਡ ਛੱਕ ਸੰਗਤ ਚੰਗੀ ਰੱਖ ਕੇ ਪਿਆਰ ਵਧਾਉਣਾ ਪੈਂਦਾ ਹੈ।
 

swarn bains

Poet
SPNer
Apr 8, 2012
837
189
ਗੁਰ ਸੰਤੋਖ ਬਿਰਖ

ਗੁਰ ਬਿਰਖ ਸੰਤੋਖ ਦਾ, ਵਿੱਚ ਡਾਲੀ ਉਗੈ ਧਰਮ

ਫੁੱਲ ਫਲ ਖਟ ਮਿਠਾਸ, ਜਿਹੋ ਕਿਰਤ ਕਰਮ



ਫੁੱਲ ਫਲ ਤੇਹਾ ਲੱਗੈ, ਜਿਹਾ ਚਿੱਤ ਧਿਆਨ

ਸਤਿਗੁਰ ਨਾਮ ਜਪੈ, ਸੇਵਕਨ ਦ੍ਰਿੜ੍ਹਾਵੇ ਨਾਮ

ਸਾ ਸੇਵਕ ਸੇਵਾ ਕਰੈ, ਚਿੱਤ ਲੋਚੈ ਗੁਰ ਚਰਨ

ਜੋ ਬੀਜੈ ਸੋਈ ਲੁਣੈ, ਕਰਮਾ ਸੰਦੜਾ ਖੇਤ

ਕਿਰਤ ਕਮਾਈ ਕਰਮ ਧਰਮ, ਲਿਖੈ ਮੱਥੇ ਲੇਖ

ਲਿਖੇ ਲੇਖ ਨ ਮਿਟੈ, ਸੁੱਧ ਬੁੱਧ ਮਨਮੁੱਖ ਹਰਨ

ਬਣ ਤਣ ਸਭ ਮਹਿਕਿਆ, ਵਸੈ ਚੰਦਨ ਪਾਸ

ਬਾਂਸ ਬਡਾਈ ਬੂਡਿਆ, ਮਿਲੈ ਨ ਚੰਦਨ ਵਾਸ

ਆਪੌ ਕੀਤਾ ਨ ਮਿਲੈ, ਮਾਣ ਤਾਣ ਸਭ ਭਰਮ

ਬਸੰਤ ਰੁੱਤ ਬਣ ਪਰਫੜੈ, ਖਿਜ਼ਾਂ ਆਏ ਪਤ ਝੜ

ਜੀਵਨ ਜੁਗਤੀ ਪਾਇ ਕੈ, ਜਨ ਸਤਿਗੁਰ ਲੜ ਫੜ

ਅੰਤ ਸਮੈਂ ਸੰਗ ਜਾਇਸੀ, ਜਨਮ ਮਰਨ ਦਾ ਧਰਮ

ਬੰਦੇ ਜਨਮ ਉਪਾਇ ਕੈ, ਹਰਿ ਕਾ ਨਾਮ ਧਿਆਇ

ਮਾਇਆ ਮਮਤਾ ਪਾਛੈ ਰਹੈ, ਰਾਮ ਨਾਮ ਸੰਗ ਜਾਏ

ਸੰਗ ਲੈ ਜਾਣਾ ਸੋ ਖੱਟ, ਮਨ ਲਾਏ ਗੁਰ ਸਰਣ

ਇਸ ਕਾਰਨ ਜੱਗ ਆਇਆ, ਹਰਿ ਨਾਮ ਰੱਖ ਚਿੱਤ

ਰਾਮ ਰਾਮ ਭਜੁ ਦਿਨਸ ਰਾਤ, ਰਾਮ ਸਮਾਵੈ ਚਿੱਤ

ਹਰਿ ਸੰਗ ਜਾਇ ਸਮਾਇ, ਬੈਂਸ ਮੁੱਕੈ ਜੰਮਣ ਮਰਨ

ਸਭ ਕੋ ਆਪੇ ਬਖਸਦਾ, ਹਰ ਸ਼ੈ ਸਤਿਗੁਰ ਪਾਸ

ਜੋ ਕੁਝ ਕਰਮਾ ਲਿਖਿਆ, ਹਰਿ ਆਪੈ ਦੇਵੈ ਦਾਤ

ਸਾ ਜਨ ਕਰਮ ਕਮਾਵੰਦਾ, ਜੋ ਲਿਖਿਆ ਹੋਵੈ ਕਰਮ

ਆਪੌ ਕਰਮ ਨ ਬਣਨ, ਪਿਛਲੀ ਕਿਰਤ ਕਮਾਈ

ਰੂਹ ਸੰਗ ਲੈ ਉੜੈ, ਨਵੇਂ ਜਨਮ ਸਮਝ ਨ ਪਾਈ

ਉਸੇ ਰਾਹ ਜਨ ਚਲਦਾ, ਤਿਸ ਕੌ ਆਖੈ ਕਰਮ

ਢਾਡੀ ਪਿੱਟ ਢੰਡੋਰਾ, ਦਰ ਦਰ ਜਾਇ ਸੁਣਾਈ

ਨਾਮ ਕਮਾਵੈ ਨਾਮ ਸੁਣਾਵੈ, ਗੁਰ ਸਬਦ ਕਮਾਈ

ਮਨ ਤਨ ਲੈ ਦਰ ਗੁਰੂ ਕੈ, ਗੁਰ ਸਮਝਾਵੈ ਧਰਮ

ਸਤਿਗੁਰ ਦਰ ਢਹਿ ਬੈਂਸ, ਸਤਿਗੁਰ ਦੱਸੈ ਰਾਹ

ਸਤਿਗੁਰ ਚਰਣ ਲੱਗ, ਰਾਮ ਨਾਮ ਮਨ ਧਿਆ

ਗੁਰ ਹਰਿ ਭੇਦ ਨਹਿੰ, ਗੁਰ ਚਰਨ ਪ੍ਰਭ ਦਰਸਨ
 

dalvinder45

SPNer
Jul 22, 2023
779
37
79
ਗੁਣ ਗਾਓ ਤੇ ਕ੍ਰਿਪਾ ਪਾਓ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੇ ਲਾਉਣੀ ਤਾਂ ਰੱਬ ਨਾਲ ਲਾਓ।

ਗੁਣ ਗਾਓ ਤੇ ਕ੍ਰਿਪਾ ਪਾਓ।

ਗੁਰ ਸਿਖਿਆ ਤੇ ਸੱੱਭ ਗੁਣ ਜਾਣੋ,

ਸੁੱਚੇ ਹੋ ਕੇ ਸੱਚ ਨੂੰ ਪਾਓ।

ਉਸ ਤੋਂ ਹੀ ਏ ਸੱਭ ਕੁਝ ਮਿਲਣਾ

ਹੋਰ ਕਿਤੇ ਨਾ ਮਨ ਭਟਕਾਓ।

ਦਾਤਾ ਬੜਾ ਦਿਆਲੂ ਸੱਜਣ,

ਉਸ ਦੇ ਵਿੱਚ ਵਿਸ਼ਵਸ਼ ਲਿਆਓ।

ਪਲ ਪਲ ਯਾਦ ਉਸੇ ਨੂੰ ਕਰਿਓ,

ਉਸ ਤੋਂ ਦੂਰ ਕਦੇ ਨਾ ਜਾਓ।

ਏਥੇ ਗੈਰ ਬੇਗਾਨੇ ਕੋਈ ਨਾ

ਵੈਰੀ ਮਿੱਤਰ ਭੇਦ ਮਿਟਾਓ।

ਸਾਰੇ ਜੀਅ ਜਾਣੋ, ਹਨ ਅਪਣੇ,

ਸੱਭ ਅਪਣਾਓ, ਪਿਆਰ ਵਧਾਓ।

ਫੁੱਲ ਜਿਉਂ ਵੰਡੋ ਖੁਸ਼ਬੂਆਂ,

ਬਦਲ ‘ਚ ਨਾ ਕੋਈ ਇੱਛ ਜਗਾਓ।

ਹਸੋ ਖੇਡੋ ਜੀ ਪਰਚਾਓ,

ਮੱਥੇ ਵੱਟ ਕਦੇ ਨਾ ਪਾਓ।

ਖੁਸ਼ੀਆਂ ਖੇੜੇ ਵੰਡੋ ਖੁਲ੍ਹ ਕੇ

ਵਾਤਾਵਰਣ ਸੁਹਿਰਦ ਬਣਾਓ।
 

dalvinder45

SPNer
Jul 22, 2023
779
37
79
ਸੱਚਾ ਪਿਆਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪਿਆਰ ਦਿਲਾਂ ਦਾ ਮੇਲ, ਕੋਈ ਵਿਉਪਾਰ ਨਹੀ।
ਛਲ ਕਰਕੇ ਤਾਂ ਪਾਇਆ ਜਾਂਦਾ ਪਿਆਰ ਨਹੀਂ।
ਦਿਲ ਜਿੱਤਣ ਲਈ ਪਾਕ ਮੁਹੱਬਤ ਚਾਹੀਦੀ,
ਬਣਦੇ ਧੱਕੇ ਨਾਲ ਕਦੇ ਵੀ ਯਾਰ ਨਹੀਂ।
ਬਿਨ ਵਿਸ਼ਵਾਸ਼ ਨਾਂ ਜਿਤਿਆ ਕੋਈ ਜਾ ਸਕਦਾ,
ਪਰ ਹਰ ਇੱਕ ਤੇ ਤਾਂ ਕਰ ਹੁੰਦਾ ਇਤਬਾਰ ਨਹੀਂ।
ਹੁੰਦਾ ਪਿਆਰ ਚ ਧੋਖਾ, ਦਿਲ ਨੇ ਟੁੱਟ ਜਾਂਦੇ,
ਦਿਲ ਚੀਰਨ ਲਈ ਲੋੜੀਂਦੀ ਤਲਵਾਰ ਨਹੀਂ
ਪਤਝੜ ਦੇ ਜੋ ਆਦੀ ਹੋ ਗਏ ਬਚਪਨ ਤੋਂ ,
ਉਨ੍ਹਾਂ ਲਈ ਤਾਂ ਖੁਸ਼ੀਆਂ ਭਰੀ ਬਹਾਰ ਨਹੀਂ।
ਗ੍ਰੇਵਾਲ ਕਰ ਪਿਆਰ ਨਾ ਸ਼ੰਕਾ ਵਾਧੂ ਕਰ,
ਸੱਚਾ ਪਿਆਰ ਕਦੇ ਵੀ ਮੰਨਦਾ ਹਾਰ ਨਹੀਂ।
 
📌 For all latest updates, follow the Official Sikh Philosophy Network Whatsapp Channel:

Latest Activity

Top