• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi Exegesis Of Gurbani Based On Sri Guru Granth Sahib -Sachiar

Dalvinder Singh Grewal

Writer
Historian
SPNer
Jan 3, 2010
1,245
421
79
ਸਚਿਆਰ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ ੧ ॥

ਜਦ ਅਸੀਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਬਾਰੇ ਵਿਚਾਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪ੍ਰਸ਼ਨ ਉਠਦਾ ਹੈ ਕਿ ਸੱਚ ਨਾਲ ਜੁੜਣ ਲਈ ਸਚਿਆਰ ਕਿਵੇਂ ਬਣੀਏ।ਜੀਵ ਦਾ ਆਖਰੀ ਟਿਕਾਣਾ ਵਾਹਿਗੁਰੂ ਵਿਚ ਮਿਲ ਜਾਣ ਦਾ ਹੀ ਹੈ। ਵਾਹਿਗੁਰੂ ਵਿਚ ਮਿਲਣ ਲਈ ਉਸ ਨੂੰ ਵਾਹਿਗੁਰੂ ਵਰਗਾ ਹੋਣਾ ਪਵੇਗਾ। ਵਾਹਿਗੁਰੂ ਵਰਗੇ ਲੱਛਣ ਹੋਣਗੇ ਤਾਂ ਹੀ ਵਾਹਿਗੁਰੂ ਵਿਚ ਮਿਲਣਯੋਗ ਹੋਵੇਗਾ। ਜਿਵੇਂ ਪਾਣੀ ਵਿਚ ਮਿਲਣ ਲਈ ਪਾਣੀ, ਹਵਾ ਵਿਚ ਮਿਲਣ ਲਈ ਹਵਾ, ਜੋਤ ਵਿਚ ਮਿਲਣ ਲਈ ਜੋਤ ਬਣਣਾ ਲੋੜੀਂਦਾ ਹੈ।ਇਸੇ ਤਰ੍ਹਾਂ ਸੱਚ ਵਿਚ ਮਿਲਣ ਲਈ ਸੱਚ ਬਣਣਾ ਲੋੜੀਂਦਾ ਹੈ। ਸੱਚ ਕਿਵੇਂ ਬਣੇ?

ਗੁਰੂ ਜੀ ਫੁਰਮਾਉਂਦੇ ਹਨ ਕਿ ਸਚਿਆਰ ਹੋਣ ਨਾਲ ਹੀ ਸੱਚਾ ਮਿਲਦਾ ਹੈ ਕੂੜ ਨਾਲ ਕਦੇ ਉਸ ਨੂੰ ਪਾਇਆ ਨਹੀਂ ਜਾ ਸਕਦਾ।

ਸਚਿ ਮਿਲੈ ਸਚਿਆਰ ਕੂੜਿ ਨ ਪਾਈਐ॥ (ਆਸਾ ਮ: ੧, ਪੰਨਾ ੪੧੯)

ਜਦ ਕੂੜ ਨਾ ਹੋਵੇ ਤਾਂ ਸਚਿਆਰ ਸਚੁ ਨੂੰ ਮਿਲ ਸਕਦਾ ਹੈ। ਕੂੜ ਨੇ ਤਾਂ ਆਖਰ ਨੂੰ ਖਤਮ ਹੋਣਾ ਹੀ ਹੈ ਤੇ ਸੱਚ ਸਦਾ ਰਹਿਣਾ ਹੈ ਤੇ ਉਹੀ ਹੋਣਾ ਹੈ ਸਚੁ ਕਰਦਾ ਹੈ:

ਸਚਿ ਮਿਲੈ ਸਚਿਆਰ ਕੂੜਿ ਨ ਪਾਈਐ॥ (ਆਸਾ ਮ: ੧, ਪੰਨਾ ੪੧੯)
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ (ਰਾਮ ੩ ਵਾਰ ੧੩, ਪੰਨਾ ੯੫੩)
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੋ ਹੋਈ।। ਮ ੧, ਵਾਰ ੧੨, ਪੰਨਾ ੧੨੮੩)

ਕੂੜ ਦੀ ਪਾਲ ਕਿਹੜੀ ਹੈ ਜਿਸਨੂੰ ਤੋੜਣਾ ਹੈ ?

ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ: ਰਾਜਾ, ਪਰਜਾ, ਸੰਸਾਰ ਸਭ ਕੂੜ ਹੈ।ਵਿਸ਼ਾਲ ਭਵਨ, ਮਹਿਲ ਮਾੜੀਆਂ ਗੱਲ ਕੀ ਜੋ ਵੀ ਰਹਿਣ ਬਹਿਣ ਲਈ ਮਾਨਵ ਨੇ ਬਣਾਇਆ ਹੈ ਸਭ ਕੂੜ ਹੈ। ਸੋਨਾ ਚਾਂਦੀ ਰੁਪਈਏ ਪੈਸੇ ਪਹਿਨਣ ਖਾਣ ਦੇ ਸਾਧਨ ਸਭ ਕੂੜ ਹਨ। ਇਹ ਕਾਇਆ ਇਹ ਬਦਨ ਇਹ ਸੁਹੱਪਣ ਸਭ ਕੂੜ ਹੈ। ਪਰਿਵਾਰ ਪਾਲਣ ਦੇ ਖਲਜਗਣਾਂ ਵਿਚ ਫਸੇ ਮੀਆਂ-ਬੀਵੀ ਸਭ ਕੂੜ ਹਨ।ਇਸ ਕੂੜੇ ਜੀਵ ਦਾ ਕੂੜ ਨਾਲ ਪਿਆਰ ਪਿਆ ਕੂੜਾ ਹੈ ਕਿਉਂਕਿ ਉਸ ਨੂੰ ਕਰਤਾਰ ਭੁੱਲ ਗਿਆ ਹੈ।ਜਦ ਸਾਰਾ ਜਗ ਚੱਲਣਹਾਰ ਹੈ ਤਾਂ ਕੀਹਦੇ ਨਾਲ ਮੋਹ ਤਿਉਹ ਯਾਰੀ ਦੋਸਤੀ?ਮਿਠਾ ਕੌੜਾ ਸਭ ਕੂੜ ਹੈ ਕੂੜ ਨੇ ਤਾਂ ਕਈ ਭਰੇ ਜਹਾਜ਼ ਡੋਬ ਦਿਤੇ। ਗੁਰੂ ਜੀ ਬੇਨਤੀ ਕਰਦੇ ਕਹਿੰਦੇ ਹਨ ਕਿ ਹੇ ਵਾਹਿਗੁਰੂ ਹੇ ਸਤਿਪੁਰਖ ਤੇਰੇ ਬਿਨਾ ਸਭ ਕੂੜੋ ਕੂੜ ਹੈ।

ਸਲੋਕੁ ਮਃ ੧ ॥ ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥ ੧ ॥ (ਪੰਨਾ ੪੬੮)

ਉਪਰੋਕਤ ਬਿਆਨਿਆ ਸਭ ਸੱਚੇ ਦੀ ਮਾਇਆ ਹੈ ਜਿਸ ਨਾਲ ਮਾਨਵ ਨੇ ਮੋਹ ਵਧਾਇਆ ਤੇ ਲੋਭ ਲਾਲਚ ਪਾਇਆ ਹੈ ਜਿਸ ਵਿਚੋਂ ਕਾਮ ਕ੍ਰੌਧ ਹੰਕਾਰ ਜਨਮੇ ਹਨ। ਮਾਇਆ, ਜਿਸ ਕਰਕੇ ਮੋਹ-ਮਮਤਾ, ਲੋਭ ਲਾਲਚ, ਕਾਮ ਕ੍ਰੋਧ ਅਹੰਕਾਰ ਪੈਦਾ ਹੁੰਦੇ ਹਨ, ਸਭ ਕੂੜ ਹੈ:

ਮਾਇਆ ਝੂਠ ਰੁਦਨੁ ਕੇਤੇ ਬਿਲਲਾਹੀ ਰਾਮ॥ (ਬਿਹਾਗ ੫, ਪੳਨ ੫੪੮)
ਹਉਮੈਮਾਇਆ ਮੈਲ ਕਮਾਇਆ॥ (ਮਾਰੂ ੩, ਪੰਨਾ ੧੦੪੬)
ਹਉਮੈ ਮਾਇਆ ਕੇ ਗਲ ਫੰਧੇ॥ (ਮਾਰੂ ਮ: ੧, ਪੰਨਾ ੧੦੪੧)
ਮਾਇਆ ਛਲੀਆ ਬਿਕਾਰ ਬਖਲੀਆ ॥ (ਆਸ ਮ: ੫, ਪੰਨਾ ੩੮੫)

ਮਾਇਆ ਸੰਚੁ ਰਾਜੇ ਅਹੰਕਾਰੀ॥ (ਭੈਰੳੇ ਕਬੀਰ, ਪੰਨਾ ੧੧੬੦)

ਹਉਮੈ ਗਰਬੁ ਨਿਵਾਰੀਐ ਕਾਮ ਕ੍ਰੋਧ ਅਹੰਕਾਰੁ॥ (ਸੂਹੀ ੩, ਪੰਨਾ ੭੯੦)

ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥ (ਮਾਰੂ ਮ:੧, ਪੰਨਾ ੧੩੯)

ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰਿ ਧਾਰਿ॥ (ਸਿਰ ਮ:੧, ਪੰਨਾ ੫੫)

ਹਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮੁ॥ (ਵਡ ਮ:੩,ਪੰਨਾ ੫੭੦)

ਹਉਮੈ ਮੋਹ ਭਰਮ ਭੈ ਭਾਰ॥ (ਗਉੜੀ ੫: ਪੰਨਾ ੨੯੨)

ਕੂੜਿ ਕਪਟਿ ਅਹੰਕਾਰਿ ਰੀਝਨਾ ॥ ਰਾਮ ੫, ਪੰਨਾ ੮੯੨)

ਕੂੜੇ ਆਵੈ ਕੂੜੇ ਜਾਵੈ ॥ ਕੂੜੇ ਰਾਤੀ ਕੂੜੁ ਕਮਾਵੈ ॥ (ਮਾਰੂ ੧, ਪੰਨਾ ੧੦੨੪)

ਕੂੜ ਨਾਲ ਪ੍ਰੇਮ ਹੋ ਜਾਵੇ ਤਾਂ ਪ੍ਰਮਾਤਮਾ ਭੁੱਲ ਜਾਦਾ ਹੈ:

ਕੂੜਿ ਕੂੜਿ ਨੇਹੁ ਲਗਾ ਵਿਸਰਿਆ ਕਰਤਾਰੁ॥ (ਆਸਾ ੧, ਵਾਰ ੧੦, ਪੰਨਾ ੪੬੮)

ਹਉਮੈਂ ਦਾ ਨਾਮ ਨਾਲ ਵਿਰੋਧ ਹੈ ਜਿਥੇ ਹਉਮੈ ਹੋਵੇਗਾ ਉਥੇ ਨਾਮ ਦਾ ਸਿਮਰਨ ਨਹੀਂ ਹੁੰਦਾ ਕਿਉਂਕਿ ਉਹ ਪ੍ਰਾਣੀ ਹਰਣਾਖਸ ਵਾਂਗ ਅਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਪੈਂਦਾ ਹੈ:

ਹਉਮੈ ਨਾਵੈ ਨਾਲਿ ਵਿਰੋਧ ਹੈ ਦੁਇ ਨ ਵਸਹਿ ਇਕ ਠਾਇ (ਵਡ ਮ: ੩, ਪੰਨਾ ੫੬੦)

ਹਉਮੈ ਅੰਦਰ ਦੀ ਮੈਲ ਹੈ ਜਿਸ ਨੂੰ ਸਬਦ ਵੀ ਨਹੀਂ ਧੋ ਸਕਦਾ:

ਹਉਮੈ ਅੰਤਰ ਮੈਲਿ ਹੈ ਸਬਦਿ ਨ ਕਾਢਹਿ ਧੋਇ॥ (ਸਲੋਕ ਮ: ੩, ਪੰਨਾ ੧੪੧੫)

ਇਸੇ ਮਾਇਆ ਤੋਂ ਉਪਜੇ ਮਾਇਆ-ਮਮਤਾ ਤੇ ਹਉਮੈਂ ਨਾਲ ਭਰੇ ਕੂੜ ਦੀ ਪਾਲ ਤੋੜ ਕੇ ਸਚਿਆਰਾ ਹੋਣ ਦੀ ਗੱਲ ਗੁਰੂ ਜੀ ਕਰਦੇ ਹਨ:

ਕੂੜ ਦੀ ਪਾਲ ਟੁੱਟੈ ਕਿਵੇਂ?

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ (ਜਪੁਜੀ ਪੰਨਾ ੧)

ਏਹ ਕੂੜੈ ਕੀ ਮਲੁ ਕਿਉਂ ਉਤਰੈ ਕੋਈ ਕਢਹੁ ਇਹੁ ਵੀਚਾਰੁ॥ (ਵਾਰ ਰਾਮਕਲੀ, ਮ:੩, ਪੰਨਾ ੫੬੩)

ਕੂੜਾ ਲਾਲਚ ਛੱਡ ਕੇ ਹੀ ਸੱਚ ਦੀ ਪਛਾਣ ਹੋ ਸਕਦੀ ਹੈ

ਕੂੜਾ ਲਾਲਚ ਛੋਡੀਐ ਤਉ ਸਚੁ ਛਾਣੈ॥ (ਆਸਾ ੧, ਪੰਨਾ ੪੧੯)

ਗੁਰੂ ਜੀ ਨੇ ਪ੍ਰਾਣੀ ਨੂੰ ਕੂੜ ਭਰਿਆ ਕਬਾੜਾ ਛੱਡਣ ਨੂੰ ਕਿਹਾ ਹੈ।ਝੂਠੇ ਨੂੰ ਮੌਤ ਬੁਰੀ ਤਰ੍ਹਾਂ ਮਾਰਦੀ ਹੈ।ਮਾਇਆ ਦਾ ਪੁਜਾਰੀ ਝੂਠ ਅਤੇ ਮਾਨਸਿਕ ਹੰਕਾਰ ਰਾਹੀਂ ਬਰਬਾਦ ਹੋ ਜਾਂਦਾ ਹੈ ਅਤੇ ਦਵੈਤ ਭਾਵ ਦੇ ਰਸਤੇ ਅੰਦਰ ਗਲ ਸੜ ਜਾਂਦਾ ਹੈ। ਹੋਰਨਾਂ ਦੀ ਬਦਖੋਈ ਅਤੇ ਈਰਖਾ ਨੂੰ ਤਿਆਗ ਦੇ। ਪੜ੍ਹਣ ਅਤੇ ਵਾਚਣ ਦੁਆਰਾ ਬੰਦੇ ਅੰਦਰ ਹੰਕਾਰ ਭਰਦਾ ਤੇ ਸਾੜਦਾ ਹੈ ਅਤੇ ਅਮਨ ਚੈਨ ਖੋਹ ਲੈਂਦਾ ਹੈ ।ਸਤਿਸੰਗਤ ਨਾਲ ਮਿਲ ਕੇ ਨਾਮ ਦੀ ਪਰਸੰਸਾ ਕਰ; ਵਿਆਪਕ ਵਾਹਿਗੁਰੂ ਤੇਰਾ ਸਹਾਈ ਹੋਵੇਗਾ।ਵਿਸ਼ੇ ਭੋਗ ਗੁੱਸੇ ਅਤੇ ਬਦੀ ਨੂੰ ਤਿਲਾਂਜਲੀ ਦੇ ਦੇ। ਹੰਕਾਰ ਦੇ ਵਿਕਾਰਾਂ ਅੰਦਰ ਖਚਤ ਹੋਣਾ ਭੀ ਤਿਆਗ ਦੇ।ਜੇਕਰ ਸੱਚੇ ਗੁਰਾਂ ਦੀ ਪਨਾਹ ਲਵਂੇਗਾ ਤਾਂ ਹੀ ਤੇਰਾ ਛੁਟਕਾਰਾ ਹੋਵੇਗਾ ਤੇ ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ।

ਛੋਡਹੁ ਪ੍ਰਾਣੀ ਕੂੜ ਕਬਾੜਾ ॥ ਕੂੜੁ ਮਾਰੇ ਕਾਲੁ ਉਛਾਹਾੜਾ ॥ ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥ ੬ ॥ ਛੋਡਿਹੁ ਨਿੰਦਾ ਤਾਤਿ ਪਰਾਈ ॥ ਪੜਿ ਪੜਿ ਦਝਹਿ ਸਾਤਿ ਨ ਆਈ ॥ ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥ ੭ ॥ ਛੋਡਹੁ ਕਾਮ ਕ੍ਰੋਧੁ ਬੁਰਿਆਈ ॥ ਹਉਮੈ ਧੰਧੁ ਛੋਡਹੁ ਲੰਪਟਾਈ ॥ ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥ ੮ ॥ (ਮ ੧, ਪੰਨਾ ੧੦੨੫-੧੦੨੬)

ਗੁਰੂ ਜੀ ਸਮਝਾਉਂਦੇ ਹਨ ਕਿ ਮਾਇਆ ਦਾ ਮੋਹ ਉਂਜ ਨਹੀਂ ਛੱਡਿਆ ਜਾਂਦਾ ਇਹ ਸਚੁ ਦੀ ਕਾਰ ਕਮਾਈ ਨਾਲ ਹੀ ਛੁਟੇਗਾ; ਨਾਮ ਦੇ ਨਾਲ ਹੀ ਕੂੜ ਦੀ ਮੈਲ ਉਤਰੇਗੀ ਤੇ ਨਾਮ ਜਪ ਕੇ ਹੀ ਸਚਿਆਰ ਹੋਈਦਾ ਹੈ:

ਮਾਇਆ ਮਮਤਾ ਛੋਡੀ ਨ ਜਾਈ ॥ ਸੇ ਛੂਟੇ ਸਚੁ ਕਾਰ ਕਮਾਈ ॥ (ਮਾਰੂ ੧, ਪੰਨਾ ੧੦੨੪)
ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ॥ (ਰਾਮਕਲੀ ੩, ਪੰਨਾ ੯੫)

ਜਦ ਸਚਿਆਰਾ ਸਿਖ ਸਤਿਗੁਰ ਕੋਲ ਪਹੁੰਚਦਾ ਹੈ ਤਾਂ ਉਸਦੇ ਕੂੜ ਤੇ ਕੂੜਿਆਈ ਜਾਂਦੇ ਰਹਿੰਦੇ ਹਨ:

ਕੂੜਿਆਰ ਕੂੜਿਆਰੀ ਜਾਇ ਰਹੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥ ਗਉ ਵਾਰ ੨੬ ਪੰਨਾ ੩੧੪)

ਆਦਮੀ ਸਿਰਫ ਤਾਂ ਹੀ ਸੱਚਾ ਜਾਣਿਆ ਜਾਂਦਾ ਹੈ ਜੇ ਉਸ ਦੇ ਦਿਲ ਵਿਚ ਸਚ ਹੋਵੇ। ਉਸ ਦੀ ਝੂਠ ਦੀ ਮੈਲ ਲਹਿ ਜਾਂਦੀ ਹੈ ਅਤੇ ਉਹ ਅਪਣੀ ਦੇਹ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ। ਬੰਦਾ ਤਾਂ ਹੀ ਸੱਚਾ ਜਾਣਿਆਂ ਜਾਂਦਾ ਹੈ ਜੇ ਉਹ ਸਤਿਪੁਰਖ ਨੂੰ ਪ੍ਰੇਮ ਕਰਦਾ ਹੈ। ਜਦ ਨਾਮ ਸੁਣ ਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ ਤਾਂ ਪ੍ਰਾਣੀ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ।ਕੇਵਲ ਉਦੋਂ ਹੀ ਇਨਸਾਨ ਸੱਚਾ ਸਮਝਿਆ ਜਾਂਦਾ ਹੈ ਜੇ ਉਹ ਜੀਵਨ ਦੇ ਸੱਚੇ ਰਸਤੇ ਨੂੰ ਜਾਣਦਾ ਹੈ।ਦੇਹ ਦੀ ਪੈਲੀ ਨੂੰ ਬਣਾ ਸੰਵਾਰ ਕੇ ਉਹ ਇਸ ਅੰਦਰ ਸਿਰਜਣਹਾਰ ਦਾ ਬੀਜ ਬੀਜਦਾ ਹੈ।ਸਿਰਫ ਉਦੋਂ ਹੀ ਪ੍ਰਾਣੀ ਸੱਚਾ ਸਮਝਿਆ ਜਾਂਦਾ ਹੈ ਜਦ ਉਹ ਸੱਚੀ ਸਿੱਖਮਤ ਪ੍ਰਾਪਤ ਕਰਦਾ ਹੈ। ਉਹ ਜੀਆਂ ਤੇ ਤਰਸ ਕਰਦਾ ਹੈ ਅਤੇ ਕੁਝ ਅਪਣੇ ਵਲੋਂ ਪੁੰਨਦਾਨ ਵੀ ਦਿੰਦਾ ਹੈ।ਸਿਰਫ ਉਦੋਂ ਹੀ ਪ੍ਰਾਣੀ ਸੱਚਾ ਸਮਝਿਆ ਜਾਂਦਾ ਹੈ ਜਦ ਉਹ ਅਪਣੇ ਮਨ ਮੰਦਿਰ ਅੰਦਰ ਉਸ ਨਾਲ ਧਿਆਨ ਲਾਉਂਦਾ ਹੈ। ਉਹ ਗੁਰੂ ਤੋਂ ਸਿੱਖਮਤ ਲੈਂਦਾ ਹੈ ੳਤੇ ਉਸ ਦੀ ਰਜ਼ਾ ਅਨੁਸਾਰ ਬੈਠਦਾ ਤੇ ਵਸਦਾ ਹੈ। ਸੱਚ ਸਾਰਿਆਂ ਲਈ ਇਹੋ ਜਿਹੀ ਦਵਾਈ ਹੈ ਜੋ ਸਾਰੇ ਪਾਪ ਧੋ ਕੇ ਕੱਢ ਦਿੰਦੀ ਹੈ।ਗੁਰੂ ਜੀ ਪਰਮਾਤਮਾ ਅਗੇ ਪ੍ਰਾਰਥਨਾ ਕਰਨ ਲਈ ਕਹਿੰਦੇ ਹਨ ਜਿਸ ਦੀ ਝੋਲੀ ਵਿਚ ਸੱਚ ਹੈ।

ਮਃ ੧ ॥ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ ॥ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥ ੨ ॥ (ਮ:੧ ਪੰਨਾ ੪੬੮)

ਗੁਰੂ ਕਾਲ ਵਿਚ ਭਾਰਤ ਵਿਚ ਤੀਰਥਾਂ ਦੇ ਦਰਸ਼ਨ ਇਸ਼ਨਾਨ, ਵਰਤ ਰੱਖਣੇ, ਮੌਨ ਵਰਤ ਧਾਰਨ ਕਰਨੇ, ਗ੍ਰੰਥ ਪੜ੍ਹਣੇ ਅਤੇ ਵਿਚਾਰਾਂ ਗੋਸ਼ਟੀਆਂ ਕਰਨੀਆਂ ਪਵਿਤ੍ਰ ਮਾਰਗ ਸਮਝੇ ਜਾਦੇ ਸਨ।

ਗੁਰੂ ਜੀ ਫੁਰਮਾਉਂਦੇ ਹਨ: ਲੱਖ ਤੀਰਥਾਂ ਤੇ ਇਸ਼ਨਾਨ ਕਰਕੇ ਅਪਣੇ ਆਪ ਨੂੰ ਪਵਿਤ੍ਰ ਕਰਨ ਦੀ ਕੋਸ਼ਿਸ਼ ਕਰੋ, ਪੂਰਨ ਪਵਿਤ੍ਰਤਾ ਨਹੀਂ ਹੋ ਸਕੇਗੀ। ਤਨ ਦੀ ਸੁੱਚ ਤਾਂ ਜਲ ਨਾਲ ਧੋਤਿਆਂ ਭਾਵ ਇਸ਼ਨਾਨ ਕਰਨ ਨਾਲ ਹੋ ਜਾਵੇਗੀ ਪਰ ਮਨ ਦੀ ਸੁੱਚ ਇਸ਼ਨਾਨ ਨਾਲ ਨਹੀਂ ਹੋ ਸਕਦੀ:

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਤੁ ਤੀਰਥ ਨਾਇ॥ (ਸਿਰੀ ੩, ਪੰਨਾ ੩੯)

ਸੱਚ ਜਾਂ ਸਚਿਆਰ ਬਨਣ ਲਈ ਅਪਣਾ ਮਨ ਤਨ ਸੁੱਚਾ ਹੋਣਾ ਜ਼ਰੂਰੀ ਹੈ, ਕਿਉਂਕਿ ਸੁੱਚ ਹੋਵੇਗੀ ਤਾਂ ਹੀ ਸੱਚ ਪਾਇਆ ਜਾ ਸਕਦਾ ਹੈ:

ਸੁਚੁ ਹੋਵੈ ਤਾਂ ਸੱਚ ਪਾਈਐ ॥ (ਮ: ੧, ਪੰਨਾ ੪੭੨)

ਮਨ ਦੀ ਸੁੱਚ ਤਾਂ ਹੀ ਹੋਵੇਗੀ ਜੇ ਸੋਚ ਵਿਚਾਰ ਸੱਚੀ ਹੋਵੇਗੀੇ ਤੇ ਸੁੱਚੀ ਸੋਚ ਵਿਚਾਰ ਸ਼ਬਦ ਨਾਲ ਲੱਗ ਕੇ, ਸਤਿਨਾਮ ਨਾਲ ਜੁੜ ਕੇ ਹੀ ਹੋ ਸਕਦੀ ਹੈ।

ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ।।(ਪੰਨਾ ੬੦੮)

ਵਡਹੰਸੁ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥ (ਪੰਨਾ ੫੬੫-੫੬੬)ਸੁੱਚੇ ਮਨ ਲਈ ਆਚਾਰ ਵੀ ਸੱਚਾ ਹੋਣਾ ਜ਼ਰੂਰੀ ਹੈ

ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰੁ॥ (ਸਿਰੀ ੧, ਪੰਨਾ ੬੨)

ਸਚਿਆਰ ਸਿੱਖ ਸੱਚੇ ਸਤਿਗੁਰ ਪਾਸ ਬੈਠ ਨਾਮ ਦੀ ਘਾਲ ਕਮਾਈ ਕਰਦੇ ਹਨ, ਉਥੇ ਕੂੜਿਆਰ ਕਿਸੇ ਥਾਂ ਭਾਲੇ ਵੀ ਨਹੀਂ ਲੱਭਦੇ ਭਾਵ ਸੱਚ ਹੀ ਸੱਚ ਵਰਤਦਾ ਹੈ:

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੈ॥ (ਗਊ ੪, ਵਾਰ ੧੦, ਪੰਨਾ ੩੦੫)

ਸਚਿਆਰੀ ਰੂਹ ਨੇ ਸੱਚੇ ਅਮੋਲਕ ਨਾਮ ਰਾਹੀਂ ਅਪਣੇ ਆਪ ਨੂੰ ਸੱਚੇ ਨਾਲ ਜੋੜਿਆ ਹੈ:

ਸਚਿਆਰੀ ਸਚੁ ਸੰਚਿਆ ਸਾਚਉ ਨਾਮ ਅਮੋਲ॥ (ਰਾਮ ੧, ਪੰਨਾ ੯੩੭)

ਗੁਰੂ ਜੀ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਸਮਝ ਲਉ ਕਿ ਸਤਿਪੁਰਖ ਸਾਰਾ ਕੁਝ ਅਪਣੇ ਆਪ ਤੋਂ ਹੈ।

ਨਾਨਕ ਏਵੈ ਜਾਣੀਐ ਸਭੁ ਆਪੈ ਸਚਿਆਰੁ।।੪॥ (ਜਪੁਜੀ ਪਉੜੀ ੪ ਪੰਨਾ ੨)

ਸਚੇ ਵਾਹਿਗੁਰੂ ਦੀ ਹਰ ਲਿਖਤ ਸਚਾ ਸਾਰ ਹੁੰਦੀ ਹੈ;

ਸਚ ਕੀ ਕਾਤੀ ਸਚੁ ਸਭੁ ਸਾਰੁ॥ (ਰਾਮ ੩ ਵਾਰ ੧੯, ਪੰਨਾ ੯੫੬)

ਤ੍ਰਿਸ਼ਨਾ ਦੀ ਅੱਗ ਵੱਡੇ ਵੱਡੇ ਭਵਨਾ ਦੇ ਐਸ਼ੋ ਆਰਾਮ ਅਤੇ ਸੁੰਦਰ ਖਾਣਿਆ ਨਾਲ ਵੀ ਨਹੀਂ ਬੁਝਦੀ ਸਗੋਂ ਹੋਰ ਭਟਕਦੀ ਹੈ:

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥

ਨਾਮ ਜ਼ਰੀਏ ਉਸ ਨਾਲ ਜੁੜਣ ਵਿਚ ਕੋਈ ਚਲਾਕੀ ਨਹੀਂ ਚਲਦੀ :

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

ਨਾਮ ਨਾਲ ਤਾਂ ਹੀ ਜੁੜ ਸਕਦੇ ਹਾਂ ਜੇ ਪ੍ਰਮਾਤਮਾ ਖੁਦ ਚਾਹੇਗਾ । ਉਸਦੀ ਕਿਰਪਾ ਹੋਵੇਗੀ ਤਾਂ ਹੀ ਨਾਮ ਨਾਲ ਜੁੜਿਆ ਜਾ ਸਕਦਾ ਹੈ। ਉਸ ਨੇ ਕਿਰਪਾ ਕਦ ਕਰਨੀ ਹੈ ਉਹ ਉਸ ਦੀ ਮਰਜ਼ੀ ਤੇ ਨਿਰਭਰ ਹੈ।ਉਸ ਦੀ ਮਰਜ਼ੀ ਕਿਵੇਂ ਹੋਵੇ ਇਸ ਲਈ ਸਾਨੂੰ ਆਪਾ ਸਮਰਪਣ ਕਰਕੇ ਜਿਵੇਂ ਉਹ ਆਖੇ ਉਵੇਂ ਕਰੀ ਜਾਣਾ ਚਾਹੀਦਾ ਹੈ, ਜਿਵੇਂ ਉਸ ਦਾ ਹੁਕਮ ਹੋਵੇ ਉਹੋ ਮੰਨ ਕੇ ਉਸ ਦੀ ਰਜ਼ਾ ਵਿਚ ਰਹਿਣਾ ਹੈ, ਗੁਰੂ ਜੀ ਦਾ ਇਸ ਲਈ ਇਹ ਫੁਰਮਾਨ ਹੈ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧ ॥

ਜੀਵ ਦਾ ਆਖਰੀ ਟਿਕਾਣਾ ਵਾਹਿਗੁਰੂ ਵਿਚ ਮਿਲ ਜਾਣ ਦਾ ਹੀ ਹੈ। ਵਾਹਿਗੁਰੂ ਵਿਚ ਮਿਲਣ ਲਈ ਉਸ ਨੂੰ ਵਾਹਿਗੁਰੂ ਵਰਗਾ ਹੋਣਾ ਪਵੇਗਾ। ਵਾਹਿਗੁਰੂ ਵਰਗੇ ਲੱਛਣ ਹੋਣਗੇ ਤਾਂ ਹੀ ਵਾਹਿਗੁਰੂ ਵਿਚ ਮਿਲਣਯੋਗ ਹੋਵੇਗਾ। ਜਿਵੇਂ ਪਾਣੀ ਵਿਚ ਮਿਲਣ ਲਈ ਪਾਣੀ, ਹਵਾ ਵਿਚ ਮਿਲਣ ਲਈ ਹਵਾ, ਜੋਤ ਵਿਚ ਮਿਲਣ ਲਈ ਜੋਤ ਬਣਣਾ ਲੋੜੀਂਦਾ ਹੈ।ਇਸੇ ਤਰ੍ਹਾਂ ਸੱਚ ਵਿਚ ਮਿਲਣ ਲਈ ਸੱਚ ਬਣਣਾ ਲੋੜੀਂਦਾ ਹੈ। ਸੱਚ ਕਿਵੇਂ ਬਣੇ?ਗੁਰੂ ਜੀ ਫੁਰਮਾਉਂਦੇ ਹਨ ਕਿ ਸਚਿਆਰ ਹੋਣ ਨਾਲ ਹੀ ਸੱਚਾ ਮਿਲਦਾ ਹੈ ਕੂੜ ਨਾਲ ਕਦੇ ਉਸ ਨੂੰ ਪਾਇਆ ਨਹੀਂ ਜਾ ਸਕਦਾ।
ਵਾਹਿਗੁਰੂ ਸਤਿਪੁਰਖ ਬਿਨਾ ਸਭ ਕੂੜੋ ਕੂੜ ਹੈ।ਮਾਨਵ ਨੇ ਮਾਇਆ ਮੋਹ ਵਧਾਇਆ ਤੇ ਲੋਭ ਲਾਲਚ ਪਾਇਆ ਹੈ ਜਿਸ ਵਿਚੋਂ ਕਾਮ ਕ੍ਰੌਧ ਹੰਕਾਰ ਜਨਮੇ ਹਨ। ਮਾਇਆ, ਜਿਸ ਕਰਕੇ ਮੋਹ-ਮਮਤਾ, ਲੋਭ ਲਾਲਚ, ਕਾਮ ਕ੍ਰੋਧ ਅਹੰਕਾਰ ਪੈਦਾ ਹੁੰਦੇ ਹਨ, ਸਭ ਕੂੜ ਹੈ।ਕੂੜ ਨਾਲ ਪ੍ਰੇਮ ਹੋ ਜਾਵੇ ਤਾਂ ਪ੍ਰਮਾਤਮਾ ਭੁੱਲ ਜਾਦਾ ਹੈ।ਹਉਮੈਂ ਦਾ ਨਾਮ ਨਾਲ ਵਿਰੋਧ ਹੈ ਜਿਥੇ ਹਉਮੈ ਹੋਵੇਗਾ ਉਥੇ ਨਾਮ ਦਾ ਸਿਮਰਨ ਨਹੀਂ ਹੁੰਦਾ ਕਿਉਂਕਿ ਉਹ ਪ੍ਰਾਣੀ ਹਰਣਾਖਸ਼ ਵਾਂਗ ਅਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਪੈਂਦਾ ਹੈ।ਹਉਮੈ ਅੰਦਰ ਦੀ ਮੈਲ ਹੈ ਜਿਸ ਨੂੰ ਸ਼ਬਦ ਵੀ ਨਹੀਂ ਧੋ ਸਕਦਾ।ਇਸੇ ਮਾਇਆ ਤੋਂ ਉਪਜੇ ਮਾਇਆ-ਮਮਤਾ ਤੇ ਹਉਮੈਂ ਨਾਲ ਭਰੇ ਕੂੜ ਦੀ ਪਾਲ ਤੋੜ ਕੇ ਸਚਿਆਰਾ ਹੋਣ ਦੀ ਗੱਲ ਗੁਰੂ ਜੀ ਕਰਦੇ ਹਨ।ਕੂੜਾ ਲਾਲਚ ਛੱਡ ਕੇ ਹੀ ਸੱਚ ਦੀ ਪਛਾਣ ਹੋ ਸਕਦੀ ਹੈ ।

ਮਾਇਆ ਦਾ ਪੁਜਾਰੀ ਝੂਠ ਅਤੇ ਮਾਨਸਿਕ ਹੰਕਾਰ ਰਾਹੀਂ ਬਰਬਾਦ ਹੋ ਜਾਂਦਾ ਹੈ ਅਤੇ ਦਵੈਤ ਭਾਵ ਦੇ ਰਸਤੇ ਅੰਦਰ ਗਲ ਸੜ ਜਾਂਦਾ ਹੈ।ਝੂਠੇ ਨੂੰ ਮੌਤ ਬੁਰੀ ਤਰ੍ਹਾਂ ਮਾਰਦੀ ਹੈ।ਪ੍ਰਾਣੀ ਨੂੰ ਕੂੜ ਭਰਿਆ ਕਬਾੜਾ ਛੱਡਣਾ ਚਾਹੀਦਾ ਹੈ। ਹੋਰਨਾਂ ਦੀ ਬਦਖੋਈ ਅਤੇ ਈਰਖਾ ਨੂੰ ਤਿਆਗਣਾ ਲੋੜੀਂਦਾ ਹੈ। ਪੜ੍ਹਣ ਅਤੇ ਵਾਚਣ ਦੁਆਰਾ ਬੰਦੇ ਅੰਦਰ ਹੰਕਾਰ ਭਰਦਾ ਤੇ ਰੂਹ ਸਾੜਦਾ ਹੈ ਅਤੇ ਅਮਨ ਚੈਨ ਖੋਹ ਲੈਂਦਾ ਹੈ ।ਸਤਿਸੰਗਤ ਨਾਲ ਮਿਲ ਕੇ ਨਾਮ ਦੀ ਪਰਸੰਸਾ ਕਰਨ ਨਾਲ ਵਿਆਪਕ ਵਾਹਿਗੁਰੂ ਸਹਾਈ ਹੁੰਦਾ ਹੈ।ਵਿਸ਼ੇ ਭੋਗ ਗੁੱਸੇ ਅਤੇ ਬਦੀ ਨੂੰ ਤਿਲਾਂਜਲੀ ਦੇਣੀ ਹੈ। ਹੰਕਾਰ ਦੇ ਵਿਕਾਰਾਂ ਅੰਦਰ ਖਚਤ ਹੋਣਾ ਭੀ ਤਿਆਗਣਾ ਹੈ।ਜੇਕਰ ਸੱਚੇ ਗੁਰਾਂ ਦੀ ਪਨਾਹ ਲਵੇਗਾ ਤਾਂ ਹੀ ਛੁਟਕਾਰਾ ਹੋ ਸਕੲਾ ਹੈ ਤੇ ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ।ਮਾਇਆ ਦਾ ਮੋਹ ਉਂਜ ਨਹੀਂ ਛੱਡਿਆ ਜਾਂਦਾ ਇਹ ਸਚੁ ਦੀ ਕਾਰ ਕਮਾਈ ਨਾਲ ਹੀ ਛੁਟੇਗਾ।ਜਦ ਸਚਿਆਰਾ ਸਿਖ ਸਤਿਗੁਰ ਕੋਲ ਪਹੁੰਚਦਾ ਹੈ ਤਾਂ ਉਸਦੇ ਕੂੜ ਤੇ ਕੂੜਿਆਈ ਜਾਂਦੇ ਰਹਿੰਦੇ ਹਨ।ਸੱਚ ਜਾਂ ਸਚਿਆਰ ਬਨਣ ਲਈ ਅਪਣਾ ਮਨ ਤਨ ਸੁੱਚਾ ਹੋਣਾ ਜ਼ਰੂਰੀ ਹੈ, ਕਿਉਂਕਿ ਸੁੱਚ ਹੋਵੇਗੀ ਤਾਂ ਹੀ ਸੱਚ ਪਾਇਆ ਜਾ ਸਕਦਾ ਹੈ।
ਜਦ ਆਦਮੀ ਦੇ ਦਿਲ ਵਿਚ ਸਚ ਹੋਵੇ ਉਸ ਦੀ ਝੂਠ ਦੀ ਮੈਲ ਲਹਿ ਜਾਂਦੀ ਹੈ ਅਤੇ ਉਹ ਅਪਣੀ ਦੇਹ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ: ਜਦ ਉਹ ਸਤਿਪੁਰਖ ਨੂੰ ਪ੍ਰੇਮ ਕਰਦਾ ਹੈ ਤੇ ਨਾਮ ਸੁਣ ਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ ਤਾਂ ਪ੍ਰਾਣੀ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ ਤਾਂ ਹੀ ਸੱਚਾ ਜਾਣਿਆ ਜਾਂਦਾ ਹੈ। ਜੇ ਉਹ ਜੀਵਨ ਦੇ ਸੱਚੇ ਰਸਤੇ ਨੂੰ ਜਾਣਦਾ ਹੈ; ਦੇਹ ਦੀ ਪੈਲੀ ਨੂੰ ਬਣਾ ਸੰਵਾਰ ਕੇ ਉਹ ਇਸ ਅੰਦਰ ਸਿਰਜਣਹਾਰ ਦਾ ਬੀਜ ਬੀਜਦਾ ਹੈ; ਸੱਚੀ ਸਿੱਖਮਤ ਪ੍ਰਾਪਤ ਕਰਦਾ ਹੈ; ਜੀਆਂ ਤੇ ਤਰਸ ਕਰਦਾ ਹੈ ਅਤੇ ਕੁਝ ਅਪਣੇ ਵਲੋਂ ਪੁੰਨ ਦਾਨ ਵੀ ਦਿੰਦਾ ਹੈ; ਅਪਣੇ ਮਨ ਮੰਦਿਰ ਅੰਦਰ ਉਸ ਨਾਲ ਧਿਆਨ ਲਾਉਂਦਾ ਹੈ ਤਾਂ ਹੀ ਸੱਚਾ ਜਾਣਿਆ ਜਾਂਦਾ ਹੈ। ਉਹ ਗੁਰੂ ਤੋਂ ਸਿੱਖਮਤ ਲੈਂਦਾ ਹੈ ੳਤੇ ਉਸ ਦੀ ਰਜ਼ਾ ਅਨੁਸਾਰ ਬੈਠਦਾ ਤੇ ਵਸਦਾ ਹੈ। ਸੱਚ ਸਾਰਿਆਂ ਲਈ ਇਹੋ ਜਿਹੀ ਦਵਾਈ ਹੈ ਜੋ ਸਾਰੇ ਪਾਪ ਧੋ ਕੇ ਕੱਢ ਦਿੰਦੀ ਹੈ।ਗੁਰੂ ਜੀ ਪਰਮਾਤਮਾ ਅਗੇ ਪ੍ਰਾਰਥਨਾ ਕਰਨ ਲਈ ਕਹਿੰਦੇ ਹਨ ਜਿਸ ਦੀ ਝੋਲੀ ਵਿਚ ਸੱਚ ਹੈ।

ਗੁਰੂ ਕਾਲ ਵਿਚ ਭਾਰਤ ਵਿਚ ਤੀਰਥਾਂ ਦੇ ਦਰਸ਼ਨ ਇਸ਼ਨਾਨ, ਵਰਤ ਰੱਖਣੇ, ਮੌਨ ਵਰਤ ਧਾਰਨ ਕਰਨੇ, ਗ੍ਰੰਥ ਪੜ੍ਹਣੇ ਅਤੇ ਵਿਚਾਰਾਂ ਗੋਸ਼ਟੀਆਂ ਕਰਨੀਆਂ ਪਵਿਤ੍ਰ ਮਾਰਗ ਸਮਝੇ ਜਾਦੇ ਸਨ।ਲੱਖ ਤੀਰਥਾਂ ਤੇ ਇਸ਼ਨਾਨ ਕਰਕੇ ਅਪਣੇ ਆਪ ਨੂੰ ਪਵਿਤ੍ਰ ਕਰਨ ਦੀ ਕੋਸ਼ਿਸ਼ ਕਰੋ, ਪੂਰਨ ਪਵਿਤ੍ਰਤਾ ਨਹੀਂ ਹੋ ਸਕੇਗੀ। ਤਨ ਦੀ ਸੁੱਚ ਤਾਂ ਜਲ ਨਾਲ ਧੋਤਿਆਂ ਭਾਵ ਇਸ਼ਨਾਨ ਕਰਨ ਨਾਲ ਹੋ ਜਾਵੇਗੀ ਪਰ ਮਨ ਦੀ ਸੁੱਚ ਇਸ਼ਨਾਨ ਨਾਲ ਨਹੀਂ ਹੋ ਸਕਦੀ।ਮਨ ਦੀ ਸੁੱਚ ਤਾਂ ਹੀ ਹੋਵੇਗੀ ਜੇ ਸੋਚ ਵਿਚਾਰ ਸੱਚੀ ਹੋਵੇਗੀੇ ਤੇ ਸੁੱਚੀ ਸੋਚ ਵਿਚਾਰ ਸ਼ਬਦ ਨਾਲ ਲੱਗ ਕੇ, ਸਤਿਨਾਮ ਨਾਲ ਜੁੜ ਕੇ ਹੀ ਹੋ ਸਕਦੀ ਹੈ।ਸੁੱਚੇ ਮਨ ਲਈ ਆਚਾਰ ਵੀ ਸੱਚਾ ਹੋਣਾ ਜ਼ਰੂਰੀ ਹੈ ।ਸਚਿਆਰ ਸਿੱਖ ਸੱਚੇ ਸਤਿਗੁਰ ਪਾਸ ਬੈਠ ਨਾਮ ਦੀ ਘਾਲ ਕਮਾਈ ਕਰਦੇ ਹਨ, ਉਥੇ ਕੂੜਿਆਰ ਕਿਸੇ ਥਾਂ ਭਾਲੇ ਵੀ ਨਹੀਂ ਲੱਭਦੇ ਭਾਵ ਸੱਚ ਹੀ ਸੱਚ ਵਰਤਦਾ ਹੈ।ਸਚਿਆਰੀ ਰੂਹ ਨੇ ਸੱਚੇ ਅਮੋਲਕ ਨਾਮ ਰਾਹੀਂ ਅਪਣੇ ਆਪ ਨੂੰ ਸੱਚੇ ਨਾਲ ਜੋੜਿਆ ਹੈ।ਤ੍ਰਿਸ਼ਨਾ ਦੀ ਅੱਗ ਵੱਡੇ ਵੱਡੇ ਭਵਨਾ ਦੇ ਐਸ਼ੋ ਆਰਾਮ ਅਤੇ ਸੁੰਦਰ ਖਾਣਿਆ ਨਾਲ ਵੀ ਨਹੀਂ ਬੁਝਦੀ ਸਗੋਂ ਹੋਰ ਭਟਕਦੀ ਹੈ।ਲੱਖਾਂ ਸਹਿਜਤਾ ਹੋਣ ਜਾਂ ਸਿਆਣਪਾਂ ਨਾਮ ਜ਼ਰੀਏ ਉਸ ਨਾਲ ਜੁੜਣ ਵਿਚ ਕੋਈ ਚਲਾਕੀ ਨਹੀਂ ਚਲਦੀ। ਨਾਮ ਨਾਲ ਤਾਂ ਹੀ ਜੁੜ ਸਕਦੇ ਹਾਂ ਜੇ ਪ੍ਰਮਾਤਮਾ ਖੁਦ ਚਾਹੇਗਾ.। ਸਤਿਪੁਰਖ ਸਾਰਾ ਕੁਝ ਅਪਣੇ ਆਪ ਤੋਂ ਹੈ; ਸਚੇ ਵਾਹਿਗੁਰੂ ਦੀ ਹਰ ਲਿਖਤ ਸਚਾ ਸਾਰ ਹੁੰਦੀ ਹੈ; ਉਸਦੀ ਕਿਰਪਾ ਹੋਵੇਗੀ ਤਾਂ ਹੀ ਨਾਮ ਨਾਲ ਜੁੜਿਆ ਜਾ ਸਕਦਾ ਹੈ। ਉਸ ਨੇ ਕਿਰਪਾ ਕਦ ਕਰਨੀ ਹੈ ਉਹ ਉਸ ਦੀ ਮਰਜ਼ੀ ਤੇ ਨਿਰਭਰ ਹੈ।ਉਸ ਦੀ ਮਰਜ਼ੀ ਕਿਵੇਂ ਹੋਵੇ ਇਸ ਲਈ ਸਾਨੂੰ ਆਪਾ ਸਮਰਪਣ ਕਰਕੇ ਜਿਵੇਂ ਉਹ ਆਖੇ ਉਵੇਂ ਕਰੀ ਜਾਣਾ ਚਾਹੀਦਾ ਹੈ, ਜਿਵੇਂ ਉਸ ਦਾ ਹੁਕਮ ਹੋਵੇ ਉਹੋ ਮੰਨ ਕੇ ਉਸ ਦੀ ਰਜ਼ਾ ਵਿਚ ਰਹਿਣਾ ਹੈ।
 

❤️ CLICK HERE TO JOIN SPN MOBILE PLATFORM

Top