- Jan 3, 2010
- 1,674
- 435
- 80
ਜੀਵਨ ਮਕਸਦ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਿਗੁਰੂ ਨੇ ਸਾਨੂੰ ਮਨੁਖਾ ਜੀਵਨ ਦਿਤਾ ਹੈ। ਅਸੀਂ ਜਗ ਤੇ ਆ ਕੇ ਮੋਹ ਮਾਇਆ ਦੀ ਜ਼ਿੰਦਗੀ ਵਿਚ ਪੁੱਠੇ-ਸਿੱਧੇ ਕੰਮਾਂ ਵਿਚ ਗਲਤਾਨ ਹੋ ਕੇ ਵਾਹਿਗੁਰੂ ਨੂੰ ਵੀ ਭੁੱਲ ਗਏ ਹਾਂ ਤੇ ਇਹ ਵੀ ਭੁੱਲ ਗਏ ਹਾਂ ਕਿ ਅਸੀਂ ਕਰਨਾ ਕੀ ਹੈ:
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ 1॥ (ਬਿਲਾਵਲ, ਮ:5, ਪੰਨਾ 43)
ਮੋਹ-ਮਾਇਆ ਵਿਚ ਪੈ ਕੇ ਅਸੀਂ ਅਪਣੇ ਆਪ ਨਾਲ ਕੀਤੇ ਵਾਅਦੇ ਵੀ ਭੁੱਲ ਗਏ ਹਾਂ।ਅਸੀਂ ਕਦੇ ਇਸ ਬਾਰੇ ਸੋਚਦੇ ਵੀ ਨਹੀਂ।ਬਸ ਬਿਨਾਂ ਮਕਸਦ ਜੀਵਨ ਬਿਰਥਾ ਹੀ ਲੰਘਦਾ ਲਗਦਾ ਹੈ। ਨਾਂ ਹੀ ਸਾਡਾ ਕਿਸੇ ਅਜਿਹੇ ਨਾਲ ਵਸ ਪੈਂਦਾ ਹੈ ਜੋ ਸਾਨੂੰ ਸਾਡਾ ਮਕਸਦ ਤੇ ਇਸਨੂੰ ਪੂਰਾ ਕਰਨ ਦਾ ਮਾਰਗ ਦੱਸੇ ? ਸਾਨੂੰ ਸਹੀ ਜਵਾਬ ਦੇਵੇ।ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦਾ ਹੈ ਜਿਸ ਨੂੰ ਆਪ ਪਤਾ ਹੋਵੇ।ਅਖਾਣ ਹੈ “ਗੁਰੂ ਬਿਨਾਂ ਗਤ ਨਹੀਂ” ਸੋ ਸਾਡਾ ਜੀਵਨ ਮਕਸਦ ਕੀ ਹੈ ਤੇ ਅਸੀਂ ਕਰਨਾ ਕੀ ਹੈ ਇਸ ਦੀ ਜਾਣਕਾਰੀ ਸਾਨੂੰ ਗੁਰੂ ਤੋਂ ਹੀ ਮਿਲਣੀ ਹੈ, ਗੁਰੂ ਬਿਨਾਂ ਨਹੀਂ ਮਿਲਣੀ:
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥ (ਸਿਰੀ ਰਾਗ, ਮ:3, ਪੰਨਾ 33)
ਸੋ ਬਿਰਥਾ ਜਨਮ ਗਵਾਉਣ ਦੀ ਥਾਂ ਸਾਨੂੰ ਕਾਮਲ ਗੁਰੂ ਤੋਂ ਸਹੀ ਮਾਰਗ ਪਾਉਣਾ ਹੈ।
ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥ (ਸਿਰੀ ਰਾਗ, ਮ:3, ਪੰਨਾ 33)
ਇਹ ਕਿਹੜਾ ਮੋਹ ਹੈ ਜਿਸਦੇ ਹਨੇਰ-ਗੁਬਾਰ ਤੋਂ ਛੁਟਕਾਰਾ ਪਾਉਣਾ ਹੈ:
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥ (ਸਿਰੀ ਰਾਗ, ਮ: 3, ਪੰਨਾ 33)
ਇਹ ਭਾਉ-ਪਿਆਰ ਜੋ ਤਿੰਨ ਗੁਣਾਂ (ਰਜੋ, ਤਮੋ, ਸਤੋ ਗੁਣ) ਨਾਲ ਪੈ ਗਿਆ ਹੈ ਜਿਸ ਕਰਕੇ ਅਸਲੀ ਮਾਰਗ ਮਾਇਆ ਦੇ ਗਰਦ-ਗੁਬਾਰ ਵਿਚ ਗੁਆਚ ਗਿਆ ਹੈ।ਇਸੇ ਮੋਹ ਮਾਇਆ ਦੇ ਗੁਬਾਰ ਤੋਂ ਛੁਟਕਾਰਾ ਪਾਉਣਾ ਹੈ। ਇਹ ਮੋਹ ਗੁਬਾਰ ਕਿਵੇਂ ਖਤਮ ਹੋਵੇ।ਇਹ ਤ੍ਰੈ-ਗੁਣੀ ਮੋਹ-ਮਾਇਆ ਨਾਲੋਂ ਨਾਤਾ ਤਾਂ ਸੱਚੇ ਗੁਰੂ ਨੂੰ ਮਿਲਿਆਂ ਅਤੇ ਉਸੁ ਦੇ ਦੱਸੇ ਰਸਤੇ ਤੇ ਚੱਲਣ ਨਾਲ ਹੀ ਛੁੱਟਣਾ ਹੈ ਤੇ ਮੁਕਤੀ ਮਿਲਣੀ ਹੈ ।ਇਹ ਰਸਤਾ ਹੈ ਸ਼ਬਦ ਦਾ ਨਾਮ-ਮਾਰਗ ਦਾ:
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥ (ਸਿਰੀ ਰਾਗ, ਮ: 3, ਪੰਨਾ 33)
ਸੱਚੇ ਗੁਰੂ ਨੂੰ ਮਿਲਿਆਂ ਹੀ ਇਹ ਤੈ੍ਰਗੁਣ ਛੁੱਟਣਗੇ ਤੇ ਚੌਥੇ ਪਦ ਤੇ ਪਹੁੰਚਕੇ ਮੁਕਤੀ ਦਾ ਦੁਆਰਾ ਮਿਲੇਗਾ:
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥ 2 ॥ ॥ (ਸਿਰੀ ਰਾਗ, ਮ: 3, ਪੰਨਾ 33)
ਪਰ ਗੁਰੂ ਲੱਭੀਏ ਕਿਥੋਂ? ਜੋ ਭੁੱਲੇ ਨੂੰ ਰਸਤਾ ਵਿਖਾਵੇ, ਤ੍ਰੈਗੁਣਾਂ ਤੋਂ, ਮੋਹ-ਮਾਇਆ ਤੋਂ ਛੁਡਵਾਵੇ, ਅਜਿਹਾ ਗੁਰੂ ਤਾਂ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ
ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥ 1 ॥ (ਬਿਲਾਵਲੁ ਮ: 5, ਪੰਨਾ 803-804)
ਅਸੀਂ ਭਾਗਾਂ ਵਾਲੇ ਹਾਂ ਜੋ ਸਾਨੂੰ ਸਦਾ-ਸਦੀਵੀ ਸੱਚਾ ਗੁਰੂ ਮਿਲ ਗਿਆ ਹੈ। ਸੱਚਾ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਭੁਲੇ ਭਟਕਿਆਂ ਨੂੰ ਰਾਹੋਂ ਹਟਾਕੇ ਮੁਕਤੀ ਦੇ ਰਸਤੇ ਪਾਉਂਦਾ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸਪਸ਼ਟ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਆਸਾ ਮ: 5, ਪੰਨਾ 12)
ਸੋ ਜੀਵਨ ਦਾ ਮਕਸਦ ਸ੍ਰੀ ਗੁਰੁ ਗ੍ਰੰਥ ਸਾਹਿਬ ਨੇ ਸਪਸ਼ਟ ਕਰ ਦਿਤਾ, “ਇਸ ਮਿਲੇ ਜੀਵਨ ਹੀ ਵਿਚ ਪ੍ਰਭੂ ਨੂੰ ਮਿਲਣਾ” । ਪ੍ਰਭੂ ਪ੍ਰਾਪਤ ਕਿਵੇਂ ਹੋਵੇ? ਇਸ ਦੀ ਸੇਧ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੈ: ‘ਗੁਰਪ੍ਰਸਾਦਿ’ ਸੱਚੇ ਸਤਿਗੁਰੂ ਦੀ ਦਇਆ-ਦ੍ਰਿਸ਼ਟੀ ਹੋਵੇਗੀ, ਮਿਹਰ ਪਵੇਗੀ ਤਾਂ ਸਾਨੂੰ ਪ੍ਰਭੂ ਨਾਲ ਸੰਪਰਕ ਕਰਨ, ਨੇੜੇ ਹੋਣ ਤੇ ਫਿਰ ਪਾਉਣ ਦਾ ਅਵਸਰ ਮਿਲੇਗਾ। ਗੁਰੂ ਦੀ ਕਿਰਪਾ (ਪ੍ਰਸਾਦਿ) ਉਸੇ ਜਨ ਤੇ ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ:
ਗੁਰਪਰਸਾਦੀ ਸੋਈ ਜਨੁ ਪਾਏ ਜਿਨ ਕਉ ਕਿਰਪਾ ਤੁਮਾਰੀ ।। (ਪੰਨਾ ੫੦੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ।
ਗੁਰਪਰਸਾਦੀ ਛੂਟੀਐ ਕਿਰਪਾ ਆਪ ਕਰੇਇ।। (ਪੰਨਾ ੯੩੪)
ਗੁਰਪਰਸਾਦੀ ਨਦਰਿ ਨਿਹਾਰਾ।। (ਪੰਨਾ ੧੦੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਸਾਰੀ ਪੁੱਠੀ ਮੱਤ ਖਤਮ ਹੋ ਹੈ ਜਾਂਦੀ ਹੈ, ਮਨ ਦਾ ਭਰਮ ਮਿਟ ਜਾਂਦਾ ਹੈ ਤੇ ਹਉਮੈ ਮਿਟ ਜਾਂਦੀ ਹੈ:
ਗੁਰਪਰਸਾਦੀ ਦੁਰਮਤਿ ਖੋਈ।। (ਪੰਨਾ ੩੫੭)
ਗੁਰਪਰਸਾਦਿ ਭਰਮ ਕਾ ਨਾਸੁ।। (ਪੰਨਾ ੨੯੪)
ਗੁਰਪਰਸਾਦੀ ਹਉਮੈ ਜਾਇ।।(ਪੰਨਾ ੬੬੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਨ ਆਪਾ ਪਛਾਣਦਾ ਹੈ, ਭਾਵ ਉਹ ਕੀ ਹੈ, ਉਹ ਕਿਸ ਲਈ ਜਨਮਿਆ ਹੈ ਤੇ ਉਸ ਨੇ ਜੀਵਨ ਵਿਚ ਕੀ ਕਰਨਾ ਹੈ। ਉਸਦੀ ਬੁੱਧੀ ਦਾ ਕਮਲ ਖਿਲ ਜਾਂਦਾ ਹੈ ਤੇ ਮਾਇਆ ਵਿਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣ ਦਾ ਵੱਲ ਆ ਜਾਦਾ ਹੈ:
ਗੁਰਪਰਸਾਦੀ ਆਪੁ ਪਛਾਣੈ।। (ਪੰਨਾ ੮੮)
ਗੁਰਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਰੇ।।(ਪੰਨਾ ੧੦੫੬)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦੀ ਸਮਝ ਆਉਂਦੀ ਹੈ, ਸੱਚ ਦਾ ਪਤਾ ਲਗਦਾ ਹੈ ਤੇ ਮੁਕਤੀ ਦਾ ਦਵਾਰ ਮਿਲਦਾ ਹੈ:
ਗੁਰਪਰਸਾਦੀ ਜਾਨਿਆ।। (ਪੰਨਾ ੬੫੭)
ਗੁਰਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ।। (ਪੰਨਾ ੧੧੩੨)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਿਸ ਨੇ ਵਾਹਿਗੁਰੂ ਨੂੰ ਪਛਾਣ ਲਿਆ ਉਹ ਗੁਣਾਂ ਦੀ ਖਾਣ ਹੋ ਗਿਆ
ਗੁਰਪਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ।। (ਪੰਨਾ ੭੭੩)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜੀਵ ਸਾਰੇ ਵਿਸ਼ਵ ਦਾ ਕਰਤਾ ਇਕੋ ਨੂੰ ਹੀ ਮੰਨਦਾ ਹੈ ਮਨ ਦੀ ਹਰ ਸ਼ਕ ਮਿਟ ਜਾਂਦੀ ਹੈ ਤੇ ਹੋਰ ਦੂਜੇ ਨਾਲ ਪ੍ਰੇਮ ਨਹੀਂ ਪਾਉਂਦਾ:
ਗੁਰਪਰਸਾਦੀ ਏਕੋ ਜਾਣੈ।।(ਪੰਨਾ ੬੬੨)
ਗੁਰਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ।।(ਪੰਨਾ ੧੨੫੭)
ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ।।(ਪੰਨਾ ੪੪੧)
ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਵਿਚ ਗੁਰਪ੍ਰਸਾਦਿ ਦੀ ਵਿਆਖਿਆ ਕਰਦਿਆਂ ਸਲੋਕ ਵਿਚ ਵਾਹਿਗੁਰੂ ਨੂੰ ਗੁਰਦੇਵ ਮੰਨ ਕੇ ਕਿਰਪਾ (ਪ੍ਰਸਾਦਿ) ਰਾਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟਾਉਣ ਦੀ ਜਾਚਨਾ ਕੀਤੀ ਹੈ:
ਕਾਮ ਕ੍ਰੋਧੁ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥ ੧ ॥(ਪੰਨਾ ੨੬੯)
ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਜਨ ਮਾਇਆ ਤੋਂ ਨਿਕਲ ਕੇ ਪ੍ਰਮਾਤਮਾਂ ਦੀ ਸ਼ਰਨ ਜਾ ਲੈਂਦਾ ਹੈ ਜਿੱਥੋਂ ਉਸ ਨੂੰ ਸੱਚ ਦਾ ਗਿਆਨ ਹੁੰਦਾ ਹੈ ਤੇ ਸੱਚ ਵਿਚੋਂ ਹੀ ਸੁੱਖ ਮਿਲਣ ਲਗਦਾ ਹੈ:
ਗੁਰਪਰਸਾਦੀ ਉਬਰੇ ਹਰਿ ਕੀ ਸਰਣਾਈ ।। (ਪੰਨਾ ੧੦੧੧)
ਗੁਰਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ।। (ਪੰਨਾ ੧੨੦)
ਗੁਰਪ੍ਰਸਾਦਿ ਕਿਵੇਂ ਪ੍ਰਾਪਤ ਹੋਵੇ? ਗੁਰੁ ਦੀ ਮਿਹਰ ਕਿਵੇਂ ਹੋਵੇ?ਗੁਰਪ੍ਰਸਾਦਿ ਉਸ ਦੇ ਨਾਮ ਜਪਿਆਂ ਉਸ ਦੀ ਸਿਫਤ ਸਲਾਹ ਕੀਤਿਆ ਹੀ ਪ੍ਰਾਪਤ ਹੁੰਦਾ ਹੈ;
ਗੁਰਪਰਸਾਦੀ ਨਾਮ ਪਿਆਰੁ ।। (ਪੰਨਾ ੧੧੭੫)
ਗੁਰਪਰਸਾਦਿ ਵਸੈ ਮਨਿ ਆਇ।। (ਪੰਨਾ ੩੬੨)
ਗੁਰਪਰਸਾਦੀ ਹਰਿ ਨਾਮੁ ਸਮਾਲਿ ।। (ਪੰਨਾ ੧੧੨੯)
ਗੁਰੂ ਦੀ ਮਿਹਰ ਹੋਵੇਗੀ ਤਾਂ ਵਾਹਿਗੁਰੂ ਨੂੰ ਜਪਣ ਲਈ ਸ਼ਬਦ ਪ੍ਰਾਪਤ ਹੋਵੇਗਾ, ਜਿਸ ਨੂੰ ‘ਜਪੁ’ ਜਪਣ ਦਾ ਰਸਤਾ ਮਿਲਦਾ ਹੈ।ਗੁਰੂ ਦੀ ਕਿਰਪਾ (ਪ੍ਰਸਾਦਿ) ਸਦਕਾ ਵਾਹਿਗੁਰੂ ਦਾ ਨਾਮ ਪਿਆਰਾ ਲਗਦਾ ਹੈ ਤੇ ਸਚ ਨਾਲ ਚਿੱਤ ਜੁੜਦਾ ਹੈ ਤੇ ਸੱਚੇ ਵਿਚ ਸਮਾਉਂਦਾ ਹੈ:
ਗੁਰਪਰਸਾਦੀ ਉਬਰੇ ਸਚਾ ਨਾਮੁ ਸੰਮਾਲਿ।। (ਪੰਨਾ ੧੦੦੯)
ਗੁਰਪਰਸਾਦੀ ਸਚਿ ਚਿਤੁ ਲਾਏ।। (ਪੰਨਾ ੧੧੨)
ਜਪਣਾ ਕੀ ਹੈ? ਇਸ ਦਾ ਜਵਾਬ ਵੀ ਗੁਰਬਾਣੀ ਵਿਚੋਂ ਗੁਰੁ ਅਰਜਨ ਦੇਵ ਜੀ ਪਹਿਲਾਂ ਸਵਾਲ ਪਾਉਂਦੇ ਹਨ ਤੇ ਫਿਰ ਜਵਾਬ ਵੀ ਦਿੰਦੇ ਹਨ । ਹੇ ਵਾਹਿਗੁਰੂ ਮੈਂ ਤੇਰਾ ਕਿਹੜਾ ਰੂਪ ਅਰਾਧਾਂ?ਕਿਹੜਾ ਜੋਗ ਲੈ ਕੇ ਕਾਇਆ ਸਾਧਾਂ?ਤੇਰੇ ਕਿਹੜੇ ਗੁਣ ਲੈ ਕੇ ਗਾਵਾਂ?ਹੇ ਪਾਰਬ੍ਰਹਮ ਪ੍ਰਮੇਸ਼ਵਰ ਕਿਹੜੇ ਬੋਲਾਂ ਨਾਲ ਤੈਨੂੰ ਰਿਝਾਵਾਂ?ਤੇਰੀ ਕਿਹੜੀ ਪੂਜਾ ਕਰਾਂ?ਕਿਹੜੇ ਤਰੀਕੇ ਨਾਲ ਸੰਸਾਰ ਦਾ ਇਹ ਭਵਜਲ ਤਰਾਂ?ਕਿਹੜਾ ਤਪ ਕਰਾਂ ਜਿਸ ਨਾਲ ਮੇਰਾ ਤਪ ਪੂਰਾ ਹੋਵੇ?ਕਿਹੜੇ ਨਾਮ ਜਪੇ ਤੇ ਹਉਮੈਂ ਦੀ ਮੈਲ ਉਤਰੇ?
ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥ ੧ ॥ ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥ ੧ ॥ ਰਹਾਉ ॥ ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥ ੨ ॥ ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥ ੩ ॥ (ਗਉੜੀ ਮ.੫, ਪੰਨਾ ੧੮੬)
ਗੁਰੂ ਜੀ ਅਗੇ ਸਮਝਾਉਂਦੇ ਹਨ ਕਿ ਹੇ ਮੇਰੇ ਮਨ! ਜੋ ਆਦਿ ਪੁਰਖ ਹੈ ਸਦਾ ਸਦਾ ਹੈ। ਉਸ ਨੂੰ ਜਪੋ, ਮਨ ਵਿਚ ਧਿਆਓ। ਮਨ ਨੂੰ ਉਸ ਉਪਰ ਹੀ ਆਸ਼ਾ ਰਖਣੀ ਚਾਹੀਦੀ ਹੈ; ਉਸੇ ਦਾ ਹੀ ਆਦਿ ਜੁਗਾਦਿ ਤੋਂ ਭਰੋਸਾ ਬਣਿਆ ਹੋiੲਆ ਹੈ।ਜਿਸ ਦੀ ਪ੍ਰੀਤ ਵਿਚੋਂ ਸਦਾ ਸੁੱਖ ਹੀ ਮਿਲਦਾ ਹੈ ਗੁਰੂ ਜੀ ਕਹਿੰਦੇ ਹਨ ਉਸੇ ਨੂੰ ਹੀ ਗੁਰੂ ਨੂੰ ਮਿਲ ਕੇ ਗਾਉਣਾ ਹੈ।
ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥ ਆਦਿ ਪੁਰਖ ਅਪਰੰਪਰ ਦੇਵ ॥ ੨ ॥ ਤਿਸੁ ਊਪਰਿ ਮਨ ਕਰਿ ਤੂੰ ਆਸਾ ॥ ਆਦਿ ਜੁਗਾਦਿ ਜਾ ਕਾ ਭਰਵਾਸਾ ॥ ੩ ॥ ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥ ਨਾਨਕੁ ਗਾਵੈ ਗੁਰ ਮਿਲਿ ਸੋਇ॥ ੪ ॥ ੩੯ ॥ ੧੦੮ ॥ (ਗਉੜੀ ਮ. ੫, ਪੰਨਾ ੧੮੮)
ਸਿਰਫ ਇੱਕ ਦਾ ਇਕੋ ਨਾਮ ਹੀ ਜਪਣਾ ਹੈ ਕਿਉਂਕਿ ਬਾਕੀ ਸਾਰੇ ਦੁਨਿਆਵੀ ਕੰਮ ਅਸਲੀ ਫਲ ਨਹੀਂ ਦਿੰਦੇ ਭਾਵ ਪ੍ਰਮਾਤਮਾ ਨੂੰ ਨਹੀਂ ਮਿਲਾਉਂਦੇ:
ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥ 1 ॥ (ਸੂਹੀ ਮ:5, ਪੰਨਾ 728)
ਜਪਹਿ ਤ ਸਾਚਾ ਏਕੁ ਮੁਰਾਰੇ ॥ ॥(ਵਡਹੰਸ ਮ:1, ਪੰਨਾ 567)
ਨਾਮ ਜਪਣਾ ਕਿਵੇਂ ਹੈ ਇਸ ਬਾਰੇ ਵੀ ਗੁਰਬਾਣੀ ਰਾਹ ਦਰਸਾਊ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥ ੨ ॥ (ਮ: ੪, ਪੰਨਾ ੩੦੫)
ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਉਸ ਦੇ ਨਾਮ ਮੰਤ੍ਰ ਦੀ ਅੰਮ੍ਰਿਤ ਧਾਰਾ ਪੀਂਦਾ ਹੈ:
ਗੁਰਪਰਸਾਦਿ ਨਾਮਿ ਮਨੁ ਲਾਗਾ।। (ਪੰਨਾ ੧੮੪)
ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥ 1 ॥ (ਆਸਾ ਮ: 5, ਪੰਨਾ 373)
ਜਾ ਕਉ ਚੀਤਿ ਆਵੈ ਗੁਰੁ ਅਪਨਾ ॥ ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥ 2 ॥ ਜਾ ਕਉ ਸਤਿਗੁਰੁ ਅਪਨਾ ਰਾਖੈ ॥ ਸੋ ਜਨੁ ਹਰਿ ਰਸੁ ਰਸਨਾ ਚਾਖੈ ॥ 3 ॥ ਕਹੁ ਨਾਨਕ ਗੁਰਿ ਕੀਨੀ ਮਇਆ ॥ ਹਲਤਿ ਪਲਤਿ ਮੁਖ ਊਜਲ ਭਇਆ ॥ 4 ॥ 1 ॥ (ਕਾਨੜਾ ਮਹਲਾ 5, ਪੰਨਾ 1298)
ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥ ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥ (ਆਸਾ ਮ: 5, ਪੰਨਾ 471)
ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥ ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥ 1 ॥(ਸਲੋਕ, ਮ: 5,ਪੰਨਾ 252)
ਤੇ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ
ਗੁਰਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ।। (ਪੰਨਾ ੯੫੩)
ਗੁਰਪਰਸਾਦਿ ਰਹੇ ਲਿਵ ਲਾਇ।। (ਪੰਨਾ ੯੩੨)
ਗੁਰਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ।। (ਪੰਨਾ ੯੦੯)
ਜਿਸ ਨਾਲ ਉਸ ਦਾ ਮਾਇਆ ਜਗਤ ਤੋਂ ਧਿਆਨ ਛੁੱਟ ਜਾਂਦਾ ਹੈ: ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ ਜਾਂਦੀਆਂ ਹਨ।
ਗੁਰਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ।। (ਪੰਨਾ ੯੯੩)
ਗੁਰਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ।। (ਪੰਨਾ ੬੧੦)
ਗੁਰਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪ ਪਛਾਨਣਿਆ।। (ਪੰਨਾ ੧੨੯)
ਗੁਰਪਰਸਾਦਿ ਸਹਜ ਘਰ ਵਸਿਆ ਮਿਟਿਆ ਅੰਧੇਰਾ ਚੰਦੁ ਚੜ੍ਹਿਆ। (ਪੰਨਾ ੩੯੩)
ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ ਉਸ ਪ੍ਰਮਾਤਮਾਂ ਨਾਲ ਜੁੜਦਾ ਜਾਂਦਾ ਹੈ ਤੇ ਪਵਿਤਰ ਮਨ ਵਿਚ ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ ਮਨ ਵਿਚ ਪ੍ਰਗਟ ਹੁੰਦਾ ਹੈ:
ਗੁਰਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ।। (ਪੰਨਾ ੩੨੫)
ਗੁਰਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ।। (ਪੰਨਾ ੧੨੭੩)
ਗੁਰੂ ਦੀ ਕਿਰਪਾ (ਪ੍ਰਸਾਦਿ) ਨਾਲ ਪ੍ਰਾਣੀ ਦੀ ਤਪਸ਼ ਬੁਝ ਜਾਂਦੀ ਹੈ, ਮਨ ਸ਼ਾਂਤ ਤੇ ਨਿਰਮਲ ਹੋ ਜਾਂਦਾ ਹੈ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ:
ਗੁਰਪਰਸਾਦਿ ਘਰ ਹੀ ਪਿਰ ਪਾਇਆ ਤਉ ਨਾਨਕ ਤਪਤਿ ਬੁਝਾਈ।। (ਪੰਨਾ ੧੨੭੩)
ਗੁਰਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ।। (ਪੰਨਾ ੪੯੬)
ਸ਼ੱਚੇ ਸਤਿਗੁਰ ਦੀ ਮਿਹਰ ਹੁੰਦੀ ਹੈ ਤੇ ਵਾਹਿਗੁਰੂ ਜੇਹਾ ਹੋਕੇ ਜੀਵ ਉੁਸ ਨੂੰ ਜਾ ਮਿਲਦਾ ਹੈ ਤੇ ਉਸ ਵਿਚ ਸਮਾ ਜਾਂਦਾ ਹੈ ਤੇ ਫਿਰ ਆਵਾਗਮਨ ਤੋਂ ਮੁਕਤ ਹੋ ਜਾਂਦਾ ਹੈ:
ਗੁਰਪਰਸਾਦੀ ਜੀਵਤ ਮਰੈ।। (ਪੰਨਾ ੬੬੨)
ਗੁਰਪਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ।।(ਪੰਨਾ ੯੩੫)
ਗੁਰਪਰਸਾਦੀ ਬੂਝਿ ਸਚਿ ਸਮਾਈਐ।। (ਪੰਨਾ ੧੪੭)
ਗੁਰਪਰਸਾਦੀ ਬੂਝੀਐ ਤਾ ਪਾਏ ਮੋਖ ਦੁਆਰੁ।। (ਪੰਨਾ ੩੬)
ਗੁਰਪਰਸਾਦਿ ਨਿਰੰਜਨ ਪਾਵਉ।। (ਪੰਨਾ ੫੨੫)
ਗੁਰਪਰਸਾਦਿ ਨਿਰੰਜਨ ਪਾਇਆ ਸਾਚੈ ਸਬਦਿ ਵੀਚਾਰੀ।। (ਪੰਨਾ ੧੨੩੪)
ਗੁਰਪਰਸਾਦੀ ਮਿਲੈ ਹਰਿ ਸੋਈ।। (ਪੰਨਾ ੨੩੦੦
ਗੁਰਪਰਸਾਦੀ ਉਤਰੇ ਪਾਰਿ।। (ਪੰਨਾ ੯੭੧)
ਗੁਰਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ।।(ਪੰਨਾ ੭੩੨)
ਇਸ ਤਰਾਂ ਜਨ ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਅਨਭਉ ਬ੍ਰਹਮ ਵਿਚ ਮਿਲ ਪਰਮ ਪਦ ਪਰਾਪਤ ਕਰਦਾ ਹੈ:
ਗੁਰਪਰਸਾਦੀ ਜਾਣੀਐ ਤਉ ਅਨਭਉ ਪਾਵੈ।। (ਪੰਨਾ ੭੨੫)
ਗੁਰਪਰਸਾਦੀ ਬ੍ਰਹਮ ਸਮਾਉ।। (ਪੰਨਾ ੩੫੫)
ਗੁਰਪਰਸਾਦਿ ਪਰਮ ਪਦ ਪਾਏ।। (ਪੰਨਾ ੨੨੩)
ਗੁਰਪਰਸਾਦੀ ਸਾਚੁ ਸਮਾਇ।। (ਪੰਨਾ ੧੧੭੪)
ਗੁਰਪਰਸਾਦਿ ਮੁਕਤਿ ਗਤਿ ਪਾਏ।।(ਪੰਨਾ ੧੧੨)
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ ਆਤਮੁ ਚੀਨਿੑ ਪਰਮ ਸੁਖੁ ਪਾਇਆ ॥ 4 ॥ 15 ॥ (ਆਸਾ ਮਹਲਾ 5, ਪੰਨਾ 375)
ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥ ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥ 4 ॥ (ਆਸਾ ਮ: 5, ਪੰਨਾ 471)
ਪਾਰਬ੍ਰਹਮ ਜਬ ਭਏ ਦਇਆਲ ॥ ਕਹੁ ਨਾਨਕ ਤਉ ਛੂਟੇ ਜੰਜਾਲ ॥ 4 ॥(ਕਾਨੜਾ ਮਹਲਾ 5, ਪੰਨਾ 1298)
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ 1 ॥ (ਜਪੁ, ਮ:1, ਪੰਨਾ 8)
ਸਾਰ
ਵਾਹਿਗੁਰੂ ਨੇ ਸਾਨੂੰ ਮਨੁਖਾ ਜੀਵਨ ਦਿਤਾ ਹੈ। ਅਸੀਂ ਜਗ ਤੇ ਆ ਕੇ ਮੋਹ ਮਾਇਆ ਦੀ ਜ਼ਿੰਦਗੀ ਵਿਚ ਪੁੱਠੇ-ਸਿੱਧੇ ਕੰਮਾਂ ਵਿਚ ਗਲਤਾਨ ਹੋ ਕੇ ਵਾਹਿਗੁਰੂ ਨੂੰ ਵੀ ਭੁੱਲ ਗਏ ਹਾਂ ਤੇ ਇਹ ਵੀ ਭੁੱਲ ਗਏ ਹਾਂ ਕਿ ਅਸੀਂ ਕਰਨਾ ਕੀ ਹੈ।ਮੋਹ-ਮਾਇਆ ਵਿਚ ਪੈ ਕੇ ਅਸੀਂ ਅਪਣੇ ਆਪ ਨਾਲ ਕੀਤੇ ਵਾਅਦੇ ਵੀ ਭੁੱਲ ਗਏ ਹਾਂ।ਅਸੀਂ ਕਦੇ ਇਸ ਬਾਰੇ ਸੋਚਦੇ ਵੀ ਨਹੀਂ।ਬਸ ਬਿਨਾਂ ਮਕਸਦ ਜੀਵਨ ਬਿਰਥਾ ਹੀ ਲੰਘਦਾ ਲਗਦਾ ਹੈ। ਨਾਂ ਹੀ ਸਾਡਾ ਕਿਸੇ ਅਜਿਹੇ ਨਾਲ ਵਸ ਪੈਂਦਾ ਹੈ ਜੋ ਸਾਨੂੰ ਸਾਡਾ ਮਕਸਦ ਤੇ ਇਸਨੂੰ ਪੂਰਾ ਕਰਨ ਦਾ ਮਾਰਗ ਦੱਸੇ ? ਸਾਨੂੰ ਸਹੀ ਜਵਾਬ ਦੇਵੇ।ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦਾ ਹੈ ਜਿਸ ਨੂੰ ਆਪ ਪਤਾ ਹੋਵੇ।ਅਖਾਣ ਹੈ “ਗੁਰੂ ਬਿਨਾਂ ਗਤ ਨਹੀਂ” ਸੋ ਸਾਡਾ ਜੀਵਨ ਮਕਸਦ ਕੀ ਹੈ ਤੇ ਅਸੀਂ ਕਰਨਾ ਕੀ ਹੈ ਇਸ ਦੀ ਜਾਣਕਾਰੀ ਸਾਨੂੰ ਗੁਰੂ ਤੋਂ ਹੀ ਮਿਲਣੀ ਹੈ, ਗੁਰੂ ਬਿਨਾਂ ਨਹੀਂ ਮਿਲਣੀ।ਅਸੀਂ ਭਾਗਾਂ ਵਾਲੇ ਹਾਂ ਜੋ ਸਾਨੂੰ ਸਦਾ-ਸਦੀਵੀ ਸੱਚਾ ਗੁਰੂ ਮਿਲ ਗਿਆ ਹੈ। ਸੱਚਾ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਸਾਨੂੰ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਭੁਲੇ ਭਟਕਿਆਂ ਨੂੰ ਰਾਹੋਂ ਹਟਾਕੇ ਮੁਕਤੀ ਦੇ ਰਸਤੇ ਪਾਉਂਦਾ ਹੈ। ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਉਸ ਦੇ ਨਾਮ ਮੰਤ੍ਰ ਦੀ ਅੰਮ੍ਰਿਤ ਧਾਰਾ ਪੀਂਦਾ ਹੈ ।
ਗੁਰਪਰਸਾਦਿ ਭਾਵ ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਪ੍ਰਮਾਤਮਾਂ ਦਾ ਨਾਮ ਜਪਿਆ ਜਾ ਸਕਦਾ ਹੈ ਤੇ ਉਸ ਵਿਚ ਮਿਲ ਕੇ ਮੁਕਤੀ ਪਾਈ ਜਾ ਸਕਦੀ ਹੈ।ਗੁਰੂ ਦੀ ਕਿਰਪਾ ਉਸੇ ਜਨ ਤੇ ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ।ਗੁਰੂ ਦੀ ਕਿਰਪਾ ਸਦਕਾ ਸਾਰੀ ਪੁੱਠੀ ਮੱਤ ਖਤਮ ਹੋ ਜਾਂਦੀ ਹੈ, ਮਨ ਦਾ ਭਰਮ ਮਿਟ ਜਾਂਦਾ ਹੈ ਤੇ ਹਉਮੈ ਮਿਟ ਜਾਂਦੀ ਹੈ।ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ ਜਾਂਦੀਆਂ ਹਨ।ਗੁਰੂ ਦੀ ਕਿਰਪਾ ਸਦਕਾ ਜਨ ਆਪਾ ਪਛਾਣਦਾ ਹੈ, ਭਾਵ ਉਹ ਕੀ ਹੈ, ਉਹ ਕਿਸ ਲਈ ਜਨਮਿਆ ਹੈ ਤੇ ਉਸ ਨੇ ਜੀਵਨ ਵਿਚ ਕੀ ਕਰਨਾ ਹੈ। ਉਸਦੀ ਬੁੱਧੀ ਦਾ ਕਮਲ ਖਿਲ ਜਾਂਦਾ ਹੈ ਤੇ ਮਾਇਆ ਵਿਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣ ਦਾ ਵੱਲ ਆ ਜਾਦਾ ਹੈ।ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਸਮਝ ਆਉਂਦੀ ਹੈ, ਸੱਚ ਦਾ ਪਤਾ ਲਗਦਾ ਹੈ ਤੇ ਮੁਕਤੀ ਦਾ ਦਵਾਰ ਮਿਲਦਾ ਹੈ।ਗੁਰੂ ਦੀ ਕਿਰਪਾ ਸਦਕਾ ਜਿਸ ਨੇ ਵਾਹਿਗੁਰੂ ਨੂੰ ਪਛਾਣ ਲਿਆ ਉਹ ਗੁਣਾਂ ਦੀ ਖਾਣ ਹੋ ਗਿਆ। ਗੁਰੂ ਦੀ ਕਿਰਪਾ ਸਦਕਾ ਜੀਵ ਸਾਰੇ ਵਿਸ਼ਵ ਦਾ ਕਰਤਾ ਇਕੋ ਨੂੰ ਹੀ ਮੰਨਦਾ ਹੈ ਮਨ ਦੀ ਹਰ ਸ਼ਕ ਮਿਟ ਜਾਂਦੀ ਹੈ ਤੇ ਹੋਰ ਦੂਜੇ ਨਾਲ ਪ੍ਰੇਮ ਨਹੀਂ ਪਾਉਂਦਾ।ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦਾ ਨਾਮ ਪਿਆਰਾ ਲਗਦਾ ਹੈ ਤੇ ਸਚ ਨਾਲ ਚਿੱਤ ਜੁੜਦਾ ਹੈ ਤੇ ਸੱਚੇ ਵਿਚ ਸਮਾਉਂਦਾ ਹੈ।ਗੁਰੂ ਦੀ ਕਿਰਪਾ ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਤੇ ਉਹ ਪ੍ਰਮਾਤਮਾਂ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ ਜਿਸ ਨਾਲ ਉਸ ਦਾ ਮਾਇਆ ਜਗਤ ਤੋਂ ਧਿਆਨ ਛੁੱਟ ਜਾਂਦਾ ਹੈ।ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ ਉਸ ਪ੍ਰਮਾਤਮਾਂ ਨਾਲ ਜੁੜਦਾ ਜਾਂਦਾ ਹੈ ਤੇ ਪਵਿਤਰ ਮਨ ਵਿਚ ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ ਮਨ ਵਿਚ ਪ੍ਰਗਟ ਹੁੰਦਾ ਹੈ। ਜਦ ਵਾਹਿਗੁਰੂ ਨਦਰਿ ਨਿਹਾਰਦਾ ਹੈ, ਤਾਂ ਆਉਣ ਜਾਣ ਤੇ ਯਮਾਂ ਦੀ ਮਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਗੁਰਪਰਸਾਦਿ ਭਾਵ ਗੁਰੂ ਦੀ ਕਿਰਪਾ (ਪ੍ਰਸਾਦਿ) ਦੁਆਰਾ ਪ੍ਰਮਾਤਮਾਂ ਦਾ ਨਾਮ ਜਪਿਆ ਜਾ ਸਕਦਾ ਹੈ ਤੇ ਉਸ ਵਿਚ ਮਿਲ ਕੇ ਮੁਕਤੀ ਪਾਈ ਜਾ ਸਕਦੀ ਹੈ।ਗੁਰੂ ਦੀ ਕਿਰਪਾ ਉਸੇ ਜਨ ਤੇ ਹੁੰਦੀ ਹੈ ਜਿਸ ਉਪਰ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ।ਗੁਰੂ ਦੀ ਕਿਰਪਾ ਸਦਕਾ ਸਾਰੀ ਪੁੱਠੀ ਮੱਤ ਖਤਮ ਹੋ ਜਾਂਦੀ ਹੈ, ਮਨ ਦਾ ਭਰਮ ਮਿਟ ਜਾਂਦਾ ਹੈ ਤੇ ਹਉਮੈ ਮਿਟ ਜਾਂਦੀ ਹੈ।ਅਗਿਆਨ ਜਾਂਦਾ ਰਹਿੰਦਾ ਹੈ ਤੇ ਸਹੀ ਗਿਆਨ (ਆਪੇ ਦੀ ਪਛਾਣ) ਦੀ ਰੋਸ਼ਨੀ ਮਨ ਵਿਚ ਹੋ ਜਾਂਦੀ ਹੈ ਤੇ ਸਾਰੀਆਂ ਦੁਚਿਤੀਆਂ ਤੇ ਚਿੰਤਾਵਾਂ ਹਟ ਜਾਂਦੀਆਂ ਹਨ।ਗੁਰੂ ਦੀ ਕਿਰਪਾ ਸਦਕਾ ਜਨ ਆਪਾ ਪਛਾਣਦਾ ਹੈ, ਭਾਵ ਉਹ ਕੀ ਹੈ, ਉਹ ਕਿਸ ਲਈ ਜਨਮਿਆ ਹੈ ਤੇ ਉਸ ਨੇ ਜੀਵਨ ਵਿਚ ਕੀ ਕਰਨਾ ਹੈ। ਉਸਦੀ ਬੁੱਧੀ ਦਾ ਕਮਲ ਖਿਲ ਜਾਂਦਾ ਹੈ ਤੇ ਮਾਇਆ ਵਿਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣ ਦਾ ਵੱਲ ਆ ਜਾਦਾ ਹੈ।ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਸਮਝ ਆਉਂਦੀ ਹੈ, ਸੱਚ ਦਾ ਪਤਾ ਲਗਦਾ ਹੈ ਤੇ ਮੁਕਤੀ ਦਾ ਦਵਾਰ ਮਿਲਦਾ ਹੈ।ਗੁਰੂ ਦੀ ਕਿਰਪਾ ਸਦਕਾ ਜਿਸ ਨੇ ਵਾਹਿਗੁਰੂ ਨੂੰ ਪਛਾਣ ਲਿਆ ਉਹ ਗੁਣਾਂ ਦੀ ਖਾਣ ਹੋ ਗਿਆ। ਗੁਰੂ ਦੀ ਕਿਰਪਾ ਸਦਕਾ ਜੀਵ ਸਾਰੇ ਵਿਸ਼ਵ ਦਾ ਕਰਤਾ ਇਕੋ ਨੂੰ ਹੀ ਮੰਨਦਾ ਹੈ ਮਨ ਦੀ ਹਰ ਸ਼ਕ ਮਿਟ ਜਾਂਦੀ ਹੈ ਤੇ ਹੋਰ ਦੂਜੇ ਨਾਲ ਪ੍ਰੇਮ ਨਹੀਂ ਪਾਉਂਦਾ।ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਦਾ ਨਾਮ ਪਿਆਰਾ ਲਗਦਾ ਹੈ ਤੇ ਸਚ ਨਾਲ ਚਿੱਤ ਜੁੜਦਾ ਹੈ ਤੇ ਸੱਚੇ ਵਿਚ ਸਮਾਉਂਦਾ ਹੈ।ਗੁਰੂ ਦੀ ਕਿਰਪਾ ਦੁਆਰਾ ਜਨ ਦਾ ਮਨ ਸੱਚੇ ਵਾਹਿਗੁਰੂ ਦੇ ਨਾਮ ਵਿਚ ਲੱਗ ਜਾਂਦਾ ਹੈ ਤੇ ਉਹ ਪ੍ਰਮਾਤਮਾਂ ਦੀ ਸਿਫਤ ਸਲਾਹ ਤੇ ਨਾਮ ਭਗਤੀ ਵਿਚ ਲਗ ਜਾਂਦਾ ਹੈ ਜਿਸ ਨਾਲ ਉਸ ਦਾ ਮਾਇਆ ਜਗਤ ਤੋਂ ਧਿਆਨ ਛੁੱਟ ਜਾਂਦਾ ਹੈ।ਨਾਮ ਨਾਲ ਜੁੜਿਆ ਮਨ ਸਹਿਜੇ ਸਹਿਜੇ ਉਸ ਪ੍ਰਮਾਤਮਾਂ ਨਾਲ ਜੁੜਦਾ ਜਾਂਦਾ ਹੈ ਤੇ ਪਵਿਤਰ ਮਨ ਵਿਚ ਸਾਰੇ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ। ਗੁਰੂ ਦੀ ਮਿਹਰ ਸਦਕਾ ਹੀ ਵਾਹਿਗੁਰੂ ਮਨ ਵਿਚ ਪ੍ਰਗਟ ਹੁੰਦਾ ਹੈ। ਜਦ ਵਾਹਿਗੁਰੂ ਨਦਰਿ ਨਿਹਾਰਦਾ ਹੈ, ਤਾਂ ਆਉਣ ਜਾਣ ਤੇ ਯਮਾਂ ਦੀ ਮਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ।
