- Jan 3, 2010
- 2,559
- 451
- 81
ਮੇਰੀ ਥਾਈਲੈਂਡ ਯਾਤਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਥਾਈਲੈਂਡ ਦਾ ਨਕਸ਼ਾ
ਮੇਰੀ ਥਾਈਲੈਂਡ ਦੀ ਯਾਤਰਾ ਜਾਣ ਤੋਂ ਕੁਝ ਦੇਰ ਪਹਿਲਾਂ ਹੀ ਬਣੀ ਸੀ । ਇਸ ਲਈ ਮੈਨੂੰ ਏ ਆਈ ਐਮ ਐਸ ਇੰਟਰਨੇਸ਼ਨਲ ਵੱਲੋਂ ਆਪਣਾ ਪਰਚਾ ਭੇਜਣ ਲਈ ਕਿਹਾ ਗਿਆ ਸੀ ਜਿਸ ਲਈ ਮੈਂ ਅਪਣਾ ਪਰਚਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਫਿਊਚਰ ਵਾਰਫੇਅਰ ਤਿਆਰ ਕਰਕੇ ਭੇਜਿਆ ਜੋ ਉਨ੍ਹਾਂ ਨੇ ਸਵੀਕਾਰ ਕਰ ਲਿਆ ਤੇ ਮੈਨੂੰ ਲੋੜੀਂਦੀਆਂ ਫੀਸਾਂ ਭਰਨ ਲਈ ਕਿਹਾ ਗਿਆ। ਫੀਸਾਂ ਭਾਵੇਂ ਜਿਆਦਾ ਸਨ ਕਿਉਂਕਿ ਇਹ ਸੈਮੀਨਾਰ ਥਾਈਲੈਂਡ ਵਿੱਚ ਰੱਖਿਆ ਗਿਆ ਸੀ। ਥਾਈ ਲੈਂਡ ਜਾਣ ਦੀ ਮੇਰੀ ਉਤਸੁਕਤਾ ਗੁਰੁ ਨਾਨਕ ਦੇਵ ਜੀ ਦੀਆਂ ਉਥੇ ਪਾਈਆਂ ਪੈੜਾਂ ਬਾਰੇ ਖੋਜ ਕਰਨਾ ਵੀ ਸੀ।ਸਫਰ ਦੀਆਂ ਤਰੀਕਾਂ 25 ਸਿਤੰਬਰ ਤੋਂ 29 ਸਿਤੰਬਰ 2026 ਦੀਆਂ ਸਨ।
ਥਾਈਲੈਂਡ ਜਾਣ ਦੀ ਮੇਰੀ ਖਿੱਚ ਇੰਟਰਨੇਸ਼ਨਲ ਕਾਨਫਰੰਸ ਵਿੱਚ ਪਰਚਾ ਪੜ੍ਹਣ ਤੋ ਬਿਨਾਂ ਗੁਰੂ ਨਾਨਕ ਦੇਵ ਜੀ ਦੀ ਏਥੋਂ ਦੀ ਯਾਤਰਾ ਦੀ ਹੋਰ ਖੋਜ ਕਰਨਾ ਸੀ ਜਿਸ ਬਾਰੇ ਡਾ: ਸੁਰਿੰਦਰ ਸਿੰਘ ਕੋਹਲੀ ਨੇ ਅਪਣੀ ਪੁਸਤਕ ਟ੍ਰੈਵਲਜ਼ ਆਫ ਗੁਰੂ ਨਾਨਕ ਵਿੱਚ ਗੁਰੂ ਜੀ ਦਾ ਬੰਕੌਕ ਦੇ ਦੋ ਸਥਾਨਾਂ ਅਤੇ ਅਯੁਥਿਆ ਜਾਣ ਦਾ ਜ਼ਿਕਰ ਕੀਤਾ ਹੈ।ਮੇਰੇ ਨਾਲ ਮੇਰੀ ਸੁਪਤਨੀ ਗੁਰਚਰਨ ਕੌਰ ਨੇ ਵੀ ਨਾਲ ਜਾਣਾ ਸੀ। ਇਸ ਲਈ ਸਾਨੂੰ ਹੋਟਲ ਦੀ ਵੀ ਬੁਕਿੰਗ ਕਰਨੀ ਪੈਣੀ ਸੀ ਤੇ ਹਵਾਈ ਯਾਤਰਾ ਟਿਕਟ ਵੀ ਲੈਣੇ ਸਨ। ਥਾਈਲੈਂਡ ਵਿੱਚ ਭਾਵੇਂ ਵੀਜ਼ੇ ਦੀ ਜਰੂਰਤ ਨਹੀਂ ਸੀ ਪਰ ਉਥੇ ਐਂਟਰੀ ਕਾਰਡ ਲੈਣਾ ਵੀ ਜਰੂਰੀ ਸੀ। ਸੋ ਇਨ੍ਹਾਂ ਤਿੰਨਾਂ ਸ਼ਰਤਾਂ ਨੂੰ ਪੂਰਾ ਕਰਨ ਲਈ ਮੈਂ ਨੇੜੇ ਦੇ ਟਰੈਵਲ ਏਜੰਟ ਚੈਂਪ ਟਰੈਵਲ ਗਿਆ ਤੇ ਆਪਣੀਆਂ ਸਾਰੀਆਂ ਲੋੜਾਂ ਉਹਨਾਂ ਨੂੰ ਦੱਸੀਆਂ ਜੋ ਉਹਨਾਂ ਨੇ ਲੋੜੀਂਦੀਆਂ ਫੀਸਾਂ ਲੈ ਕੇ ਮੇਰਾ ਹਵਾਈ ਟਿਕਟ ਤੇ ਹੋਟਲ ਦੀ ਬੁਕਿੰਗ ਕਰ ਦਿੱਤੀ ਤੇ ਦੱਸਿਆ ਕਿ “ਕਾਰਡ ਯਾਤਰਾ ਦੇ ਇਕ ਦਿਨ ਪਹਿਲਾਂ ਤੁਹਾਨੂੰ ਮੋਬਾਈਲ ਉੱਤੇ ਹੀ ਮਿਲ ਜਾਏਗਾ”। ਅਸੀਂ ਸੌਖ ਲਈ ਹਲਵਾਰਾ ਤੋਂ ਦਿੱਲੀ ਅਤੇ ਦਿੱਲੀ ਤੋਂ ਬੰਕਾਕ ਦੀਆਂ ਦੋ ਸੀਟਾਂ ਬੁਕ ਕਰਵਾ ਲਈਆਂ।
ਇੱਕ ਹੋਰ ਸ਼ਰਤ ਜੋ ਥਾਈਲੈਂਡ ਸਰਕਾਰ ਨੇ ਰੱਖੀ ਸੀ ਉਹ ਸੀ ਕਿ ਹਰ ਯਾਤਰੀ ਘੱਟੋ ਘਟ 20, 000 ਬਾਟ (ਥਾਈਲੈਂਡ ਕਰੰਸੀ) ਵੀ ਲੈ ਕੇ ਆਵੇਗਾ ਜੋ ਦੋ ਜਣਿਆਂ ਦੀ ਰਕਮ ਤਕਰੀਬਨ ਸਵਾ ਲੱਖ ਭਾਰਤੀ ਰੁਪਏ ਸੀ ਜਿਸਨੂੰ ਮੇਰੇ ਸਪੁਤਰ ਨਵਤੇਜ ਨੇ ਜਲੰਧਰ ਓਰੀਐਂਟ ਐਕਸਚੇਂਜ ਤੋਂ ਲਿਆ ਕੇ ਪੂਰਾ ਕਰ ਦਿਤਾ । ਇਹ ਸਭ ਕਰਕੇ ਮੈਂ ਪਰਚਾ ਪੜ੍ਹਨ ਦੀ ਤਿਆਰੀ ਵਿੱਚ ਰੁੱਝ ਗਿਆ ਤੇ ਪ੍ਰਿੰਟ ਆਊਟ ਲੈ ਕੇ ਆਪਣੇ ਆਪ ਨੂੰ ਪਰਚੇ ਲਈ ਪੂਰਾ ਤਿਆਰ ਕਰ ਲਿਆ। ਥਾਈਲੈਂਡ ਜਾਣ ਲਈ ਮੈਂ ਉਤਸੁਕ ਇਸ ਲਈ ਵੀ ਸਾਂ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਹੋਰ ਖੋਜ ਵੀ ਕਰਨੀ ਸੀ।
ਸਾਡੇ ਸਫਰ ਲਈ ਜੋ ਤਰੀਕਾਂ ਤਹਿ ਹੋਈਆਂ ਉਹ ਸਤੰਬਰ ਦੇ 25 ਤੋਂ 29 ਤਰੀਕ ਦੀਆਂ ਸਨ। ਸਾਡੀ ਫਲਾਈਟ 25 ਤਰੀਕ ਦੀ ਸਵੇਰ 7 ਵੱਜ ਕੇ 55 ਮਿੰਟ ਤੇ ਹਲਵਾਰਾ ਤੋਂ ਦਿੱਲੀ ਦੀ ਸੀ ਤੇ ਦੁਪਹਿਰ ਨੂੰ ਦਿੱਲੀ ਤੋਂ ਬੈਂਕਾਕ ਦੀ ਸੀ ।ਅਸੀਂ 4 ਵਜੇ ਤੜਕੇ ਉੱਠੇ ਅਤੇ ਜਲਦੀ ਤਿਆਰ ਹੋ ਕੇ ਟੈਕਸੀ ਵਿੱਚ ਹਵਾਈ ਅੱਡੇ ਤੇ ਤਕਰੀਬਨ 6 ਵਜੇ ਪਹੁੰਚ ਗਏ। ਹਵਾਈ ਅੱਡਾ ਨਵੇਂ ਜਾਹੋ ਜਲਾਲ ਵਿੱਚ ਸੀ ਜਿਸ ਨੂੰ ਹੁਣੇ ਹੁਣੇ ਸ਼ਿੰਗਾਰਿਆ ਗਿਆ ਸੀ । ਇਸ ਦਾ ਵਿਸਤਾਰ ਵੀ ਬਹੁਤ ਲੰਬਾ ਚੌੜਾ ਹੋਇਆ ਹੋਇਆ ਸੀ। ਹਲਵਾਰੇ ਸਾਡੇ ਰਿਸ਼ਤੇਦਾਰ ਹੋਣ ਕਰਕੇ ਅਸੀਂ ਇਥੇ ਬਚਪਨ ਤੋਂ ਹੀ ਆਉਂਦੇ ਰਹੇ ਸਾਂ ਤੇ ਇਸ ਹਵਾਈ ਅੱਡੇ ਉਤੇ ਖੁਲ੍ਹੇ ਆਮ ਘੁੰਮਿਆ ਫਿਰਿਆ ਕਰਦੇ ਸਾਂ। ਉਸ ਵੇਲੇ ਹਵਾਈ ਅੱਡੇ ਤੇ ਨਾਂ ਦੀਵਾਰਾਂ ਸਨ ਅਤੇ ਨਾਂ ਹੀ ਤਾਰਾਂ। ਖੁੱਲਾ ਹੁੰਦਾ ਸੀ । ਬਾਅਦ ਦੇ ਵਿੱਚ ਆਸੇ ਪਾਸੇ ਤੋਂ ਜਮੀਨਾ ਖਰੀਦ ਕੇ ਇਸਦਾ ਵਿਸਤਾਰ ਕੀਤਾ ਗਿਆ ਸੀ ਜਿਸ ਵਿੱਚ ਮੇਰੇ ਰਿਸ਼ਤੇਦਾਰਾਂ ਦੀਆਂ ਜਮੀਨਾਂ ਵੀ ਆ ਗਈਆਂ ਸਨ। ਹੁਣ ਇਹ ਚਾਰੇ ਪਾਸਿਆਂ ਤੋਂ ਦੀਵਾਰ ਦੇ ਨਾਲ ਘਿਰਿਆ ਹੋਇਆ ਸੀ ਤੇ ਅੰਦਰ ਜਿੱਥੇ ਯਾਤਰੀਆਂ ਦੀ ਆਓ ਭਗਤ ਹੁੰਦੀ ਹੈ ਅਤੇ ਜਹਾਜ ਚੜਨ ਲਈ ਬੱਸ ਦਾ ਬੰਦੋਬਸਤ ਹੈ ਹੁਣ ਉਹ ਬਹੁਤ ਵਧੀਆ ਬਣਾ ਦਿੱਤਾ ਗਿਆ ਹੈ।
ਹਲਵਾਰੇ ਏਅਰ ਇੰਡੀਆ ਦਾ ਸਟਾਫ ਬੜਾ ਹੀ ਮਦਦਗਾਰ ਸੀ। ਉਸ ਨੇ ਸਾਡੀ ਬੰਕੌਕ ਤੱਕ ਦੀ ਫਲਾਈਟ ਲਈ ਟਿਕਟ ਵੀ ਬਣਾ ਦਿੱਤੇ ਤੇ ਸਾਡਾ ਸਮਾਨ ਵੀ ਸਿੱਧਾ ਬੰਕੌਕ ਲਈ ਬੁੱਕ ਕਰ ਦਿੱਤਾ ਜਿਸ ਨਾਲ ਸਾਡੀ ਦਿੱਲੀ ਵਿੱਚ ਹੋਣ ਵਾਲੀ ਸਮਾਨ ਦੀ ਚੈਕਿੰਗ ਅਤੇ ਢੋਆ ਢੁਆਈ ਬਚ ਗਈ। ਇਹ ਇਸ ਲਈ ਹੋਇਆ ਕਿਉਂਕਿ ਸਾਡੀ ਹਲਵਾਰਾ ਤੋਂ ਦਿੱਲੀ ਅਤੇ ਦਿੱਲੀ ਤੋਂ ਬੰਕੌਕ ਦੀਆਂ ਫਲਾਈਟਾਂ ਏਅਰ ਇੰਡੀਆਂ ਦੀਆਂ ਹੀ ਸਨ।ਹਲਵਾਰੇ ਕੋਈ ਜਿਆਦਾ ਚੈਕਿੰਗ ਨਹੀਂ ਹੋਈ ਤੇ ਫਲਾਈਟ ਵੀ ਸਮੇਂ ਸਿਰ ਆ ਗਈ ਭਾਵੇਂ ਕਿ ਇਹ ਡਰ ਸੀ ਕਿ ਕੁੱਝ ਦਿਨ ਪਹਿਲਾਂ ਹਵਾਈ ਅੱਡੇ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਰੱਦ ਹੋ ਰਹੀਆਂ ਸਨ। ਅਸੀਂ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਿ ਉਡਾਣ ਸਮੇਂ ਸਿਰ ਆ ਗਈ ਸੀ ਨਹੀਂ ਤਾਂ ਸਾਨੂੰ ਦਿੱਲੀ ਜਾਣ ਲਈ ਭਾਜੜਾਂ ਪੈ ਜਾਣੀਆਂ ਸਨ। ਸਾਡੇ ਏਥੇ ਤੜਕੇ ਆਉਣ ਦਾ ਮਕਸਦ ਵੀ ਇਹੀ ਸੀ ਕਿ ਜੇ ਉਡਾਣ ਰੱਦ ਹੋ ਜਾਵੇ ਤਾਂ ਅਸੀਂ ਸਮੇਂ ਸਿਰ ਟੈਕਸੀ ਰਾਹੀਂ ਦਿੱਲੀ ਪਹੁੰਚ ਜਾਈਏ। ਸਮੇਂ ਸਿਰ ਅਸੀਂ ਹਵਾਈ ਜਹਾਜ ਤੇ ਚੜ੍ਹੇ ਤੇ ਦਿੱਲੀ ਤਕਰੀਬਨ ਘੰਟੇ ਵਿੱਚ ਪਹੁੰਚ ਗਏ।
ਦਿੱਲੀ ਹਵਾਈ ਅੱਡੇ ਤੇ ਵਿਦੇਸ਼ੀ ਯਾਤਰਾ ਲਈ ਸਾਡੀ ਚੈਕਿੰਗ ਬੜੀ ਸਾਵਧਾਨੀ ਨਾਲ ਕੀਤੀ ਗਈ ਜਿਸ ਵਿੱਚ ਇਮੀਗਰੇਸ਼ਨ ਵਾਲਿਆਂ ਦੀ ਚੈਕਿੰਗ ਬੜੀ ਸਖਤ ਸੀ। ਥੋੜੇ ਮੋਟੇ ਕਿੰਤੂ ਪ੍ਰੰਤੂ ਕਰਨ ਤੋਂ ਬਾਅਦ ਹੀ ਸਾਨੂੰ ਕਲੀਅਰ ਕੀਤਾ ਗਿਆ। ਬੜੀ ਹੈਰਾਨੀ ਹੋਈ ਜਦੋਂ ਉਹਨਾਂ ਨੇ ਸਵਾਲ ਉਠਾਇਆ ਕਿ ਅਸੀਂ ਜਦ ਪਿਛਲੀ ਵਾਰ ਦੁਬਈ ਗਏ ਸੀ ਤਾਂ ਉਥੋਂ ਵਾਪਸ ਆਉਣ ਦਾ ਸਾਡੇ ਪਾਸਪੋਰਟ ਉੱਤੇ ਠੱਪਾ ਨਹੀਂ ਸੀ ਲੱਗਾ ਹੋਇਆ। ਜਿਸ ਬਾਰੇ ਪੂਰੀ ਇਨਕੁਆਇਰੀ ਕੀਤੀ ਗਈ; ਇਸ ਵਿੱਚ ਕਾਫੀ ਟਾਈਮ ਵੀ ਲੱਗਿਆ ਤੇ ਉਤਸੁਕਤਾ ਵੀ ਹੋਈ ਕਿਉਂਕਿ ਸਾਨੂੰ ਦੋ ਤਿੰਨ ਦਫਤਰਾਂ ਵਿੱਚ ਵੀ ਘੁਮਾਇਆ ਗਿਆ ਜਿਸ ਲਈ ਲੰਬਾ ਚਲਣਾ ਪਿਆ ਜਿਸ ਕਰਕੇ ਅਤੇ ਵੱਡੀ ਉਮਰ ਹੋਣ ਕਰਕੇ ਸਾਨੂੰ ਕਾਫੀ ਪਰੇਸ਼ਾਨ ਹੋਣਾ ਪਿਆ। ਸਾਡੇ ਕੋਲ ਸਮਾਂ ਕਾਫੀ ਹੋਣ ਕਰਕੇ ਸਾਨੂੰ ਇਸ ਦੀ ਤਾਂ ਚਿੰਤਾ ਨਹੀਂ ਸੀ ਤੇ ਸਮੇਂ ਸਿਰ ਅਸੀਂ ਆਪਣੇ ਹਵਾਈ ਜਹਾਜ ਤੇ ਚੜਨ ਲਈ ਪਹੁੰਚ ਗਏ। ਦਿੱਲੀ ਤੋਂ ਸਾਡੀ ਫਲਾਈਟ ਢਾਈ ਵਜੇ ਸੀ ਪਰ 15 ਮਿੰਟ ਲੇਟ ਹੋਣ ਕਰਕੇ ਕਾਫੀ ਉਤਸੁਕਤਾ ਨਾਲ ਸਾਨੂੰ ਫਲਾਈਟ ਦਾ ਇੰਤਜ਼ਾਰ ਕਰਨਾ ਪਿਆ। ਇੰਦਰਾ ਗਾਂਧੀ ਨੇਸ਼ਨਲ ਹਵਾਈ ਅੱਡੇ ਉੱਤੇ ਤੀਜੇ ਟਰਮੀਨਲ ਤੋਂ ਜਹਾਜ ਦੋ 2. 45 ਵਜੇ ਸ਼ਾਮੀ ਉਡਿਆ।
ਹਲਵਾਰਾ ਤੋਂ ਦਿੱਲੀ ਤੱਕ ਅਤੇ ਦਿੱਲੀ ਤੋਂ ਬੈਂਕੌਕ ਤੱਕ ਸਾਡੀ ਫਲਾਈਟ ਏਅਰ ਇੰਡੀਆ ਸੀ ਜਿਸ ਵਿੱਚ ਸਾਨੂੰ ਦੁਪਹਿਰ ਦਾ ਖਾਣਾ ਵੀ ਦਿੱਤਾ ਗਿਆ ਪਰ ਬੜਾ ਅਫਸੋਸ ਕਿ ਦੋ ਤਿੰਨ ਵਾਰ ਪਾਣੀ ਮੰਗਣ ਤੋਂ ਬਾਅਦ ਵੀ ਨਾਂ ਦਿੱਤਾ ਗਿਆ ਤੇ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਪਾਣੀ ਖਾਣੇ ਦੇ ਨਾਲ ਹੀ ਮਿਲੇਗਾ। ਇਸ ਨਾਲ ਕਾਫੀ ਤਲਖੀ ਵੀ ਪੈਦਾ ਹੋਈ ਪਰ ਮਨ ਨੂੰ ਮਾਰ ਕੇ ਸਫਰ ਨੂੰ ਪੂਰਾ ਕਰਨਾ ਹੀ ਸਹੀ ਸਮਝਿਆ। ਏਅਰ ਇੰਡੀਆ ਦਾ ਸਟੈਂਡਰਡ ਹੁਣ ਉਹ ਨਹੀਂ ਲੱਗਦਾ ਜੋ ਪਹਿਲਾ ਹੁੰਦਾ ਸੀ। ਇਸ ਵਿੱਚ ਜਿਆਦਾਤਰ ਕਮਾਈ ਨੂੰ ਤਰਜੀਹ ਦਿੱਤੀ ਜਾ ਰਹੀ ਸੀ ਤੇ ਯਾਤਰੂਆਂ ਦੀ ਭਲਾਈ ਦਾ ਫਿਕਰ ਘੱਟ ਸੀ । ਇਹ ਮੈਨੂੰ ਮਹਿਸੂਸ ਹੋਇਆ ਹੋਰਾਂ ਬਾਰੇ ਮੈਂ ਕਹਿ ਨਹੀਂ ਸਕਦਾ । ਬਜ਼ੁਰਗਾਂ ਦੇ ਸਤਿਕਾਰ ਦੀ ਘਾਟ ਲੱਗੀ। ਜਿਸ ਤਰ੍ਹਾਂ ਯਾਤਰੀਆਂ ਨੂੰ ਦਰਜਿਆਂ ਵਿੱਚ ਨਿਖੇੜ ਕੇ ਉਚੇ ਨੀਵੇਂ ਦਰਜੇ ਦਾ ਅਹਿਸਾਸ ਕਰਵਾਇਆ ਗਿਆ ਉਹ ਸੱਭ ਭਾਰਤੀ ਵਿਰਸੇ ਦੇ ਅਨੁਕੂਲ ਨਹੀਂ ਸੀ । ਏਅਰ ਇੰਡੀਆ ਵਿੱਚ ਯਾਤਰਾ ਅਸੀਂ ਇਸ ਲਈ ਕੀਤੀ ਸੀ ਕਿ ਇਸ ਵਿੱਚ ਭਾਰਤੀ ਸਭਿਆਚਾਰ ਹੋਏਗਾ ਪਰ ਇਸ ਤੋਂ ਮੈਨੂੰ ਨਿਰਾਸ਼ਾ ਹੋਈ।
Last edited:

