• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰੂ ਤੇਗ ਬਹਾਦਰ ਜੀ ਦਾ ਜੀਵਨ ਫ਼ਲਸਫ਼ਾ ਅਤੇ ਵਿਰਾਸਤ

Dalvinder Singh Grewal

Writer
Historian
SPNer
Jan 3, 2010
2,519
450
81

ਗੁਰੂ ਤੇਗ ਬਹਾਦਰ ਜੀ ਦਾ ਜੀਵਨ ਫ਼ਲਸਫ਼ਾ ਅਤੇ ਵਿਰਾਸਤ

ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ
​


ਗੁਰੂ ਤੇਗ ਬਹਾਦਰ ਜੀ ਪ੍ਰਮਾਤਮਾ ਨਾਲ ਜੁੜੇ, ਅਦਭੁੱਤ ਸ਼ਕਤੀਆਂ ਦੇ ਮਾਲਿਕ, ਮਹਾਨ ਪ੍ਰਚਾਰਕ, ਬਹੁਪੱਖੀ ਪ੍ਰਤਿਭਾਸ਼ਾਲੀ, ਸਿਧਾਂਤਕ ਅਤੇ ਨਿਡਰ ਯੋਧੇ, ਸਨ। ਉਹ ਇੱਕ ਅਧਿਆਤਮਿਕ ਵਿਦਵਾਨ ਅਤੇ ਰੂਹਾਨੀਅਤ ਰਚਨਾਕਾਰ ਸਨ ਜਿਨ੍ਹਾਂ ਨੇ 15 ਰਾਗਾਂ ਵਿੱਚ 59 ਸ਼ਬਦ, 139 ਪਦ ਅਤੇ 57 ਸ਼ਲੋਕ ਰਚੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਰੂ ਸਾਹਿਬ ਦੀ ਬਾਣੀ ਦਾ ਪਿਛੋਕੜ ਉਨ੍ਹਾਂ ਦੇ ਆਪਣੇ ਅਮਲੀ ਜੀਵਨ ਵਿੱਚ ਲਗਾਤਾਰ 20 ਸਾਲਾਂ ਦੀ ਕਠਿਨ ਸਾਧਨਾ ਹੈ। ਆਤਮ-ਬਲ, ਅਨੁਭਵੀ ਅਧਿਆਤਮਕ ਸ਼ਕਤੀ ਅਤੇ ਜ਼ਾਤੀ ਤਜਰਬਾ ਹੈ ਜਿਸ ਸਦਕਾ ਉਨ੍ਹਾਂ ਦੀ ਬਹੁ-ਪੱਖੀ ਉਚਤਮ ਸ਼ਖਸ਼ੀਅਤ ਨੇ ਸੰਸਾਰ ਉਧਾਰ ਨੂੰ ਮੁੱਖ ਟੀਚਾ ਬਣਾ ਲਿਆ।ਵੈਰਾਗ ਅਤੇ ਪ੍ਰੇਮ ਦੇ ਪੁੰਜ, ਕੋਮਲ ਹਿਰਦਾ ਪਰ ਸੁਡੌਲ ਸ਼ਰੀਰ, ਸ਼ਸ਼ਤਰ ਵਿਦਿਆ ਅਤੇ ਘੋੜ-ਸਵਾਰੀ ਵਿੱਚ fਵਿਦਵਾਨ ਅਤੇ ਮਨੋ-ਵਿਗਿਆਨੀ ਵੀ ਸਨ। ਪ੍ਰਭੂ-ਭਗਤੀ ਵਿੱਚ ਲੀਨ ਹੋਏ, ਭਗਤ, ਸੂਰਮੇ, ਯੋਧੇ ਅਤੇ ਮਹਾਂਦਾਨੀ ਵੀ ਸਨ। ਤਿਆਗ ਤੇ ਕੁਰਬਾਨੀ ਦੀ ਭਾਵਨਾ ਏਥੋਂ ਤੱਕ ਕਿ ਦੁਖੀ, ਲਤਾੜੀ, ਨਿਤਾਣੀ ਅਤੇ ਸਤਾਈ ਜਨਤਾ ਦੇ ਬਚਾਉ ਤੇ ਭਲੇ ਲਈ ਸਾਰੇ ਸੰਸਾਰਕ ਪਦਾਰਥ, ਰਿਸ਼ਤੇ ਅਤੇ ਸੁੱਖਾਂ ਦੇ ਹੁੰਦਿਆਂ ਹੋਇਆ ਲੋੜ ਪੈਣ ਤੇ ਆਪਣਾ ਬਲੀਦਾਨ ਆਪ ਅੱਗੇ ਹੋ ਕੇ ਦਿਤਾ। ਗੁਰੂ ਤੇਗ ਬਹਾਦਰ ਆਸ਼ਾਵਾਦੀ ਇਰਾਦੇ ਵਿੱਚ ਦ੍ਰਿੜ ਵਿਸ਼ਵਾਸ਼ ਜਾਂ ਆਪਣੇ ਅਸੂਲਾਂ ਉਤੇ ਪੱਕੇ ਰਹਿ ਵਾਲੇ, ਚਟਾਨ ਦੀ ਤਰ੍ਹਾਂ ਅਡੋਲ, ਇੱਕ ਮਹਾਨ ਪੁਰਸ਼ ਸਨ। ਅਕਾਲ ਪੁਰਖ ਵਿਚ ਅਭੇਦ ਬ੍ਰਹਮ ਗਿਆਨੀ ਸਨ। ਕਹਿਣੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ।ਜੋ ਕਿਹਾ ਸੋ ਕਰ ਕੇ ਦਿਖਾਇਆ। ਕੁਝ ਬਾਣੀ ਵਿੱਚ ਉਚਾਰਿਆ ਜਾਂ ਉਪਦੇਸ਼ਾਂ ਵਿੱਚ ਉਸੇ ਅਨੁਸਾਰ ਉਨ੍ਹਾਂ ਦਾ ਜੀਵਨ ਦੋਸ਼ ਰਹਿਤ, ਸ਼ੁਭ ਅਤੇ ਉਤਮ ਗੁਣਾਂ ਨਾਲ ਭਰਪੂਰ ਸੀ।

ਗੁਰੂ ਤੇਗ ਬਹਾਦੁਰ ਜੀ ਦਾ ਜਨਮ ਵੈਸਾਖ ਵਦੀ 5, ਸੰਮਤ 1678 ਬਿ: (ਐਤਵਾਰ, 1 ਅਪ੍ਰੈਲ 1621 ਈ:) ਨੂੰ ਰਾਮਦਾਸਪੁਰ (ਸ੍ਰੀ ਅੰਮ੍ਰਿਤਸਰ) ਵਿੱਚ ਗੁਰੂ ਹਰਿਗੋਬਿੰਦ ਜੀ ਦੇ ਮਹਿਲ, ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। (1,2,3) ਉਨ੍ਹਾਂ ਦਾ ਜਨਮ ਦਾ ਨਾਂ ਤਿਆਗ ਮੱਲ ਸੀ[ ਉਹ "ਤਿਆਗ ਮਲ" ਭਾਵ "ਤਿਆਗ ਦੇ ਮਾਲਕ" ਵਜੋਂ ਜਾਣੇ ਜਾਣ ਲੱਗੇ। ਜਦ ਬਾਬਾ ਬਕਾਲਾ ਵਿੱਚ ਉਨ੍ਹਾਂ ਨੇ ਸਾਲਾਂ ਬੱਧੀ ਤਪ ਕੀਤਾ ਤੇ ਕਈ ਸਾਲ ਧਿਆਨ ਅਤੇ ਪ੍ਰਾਰਥਨਾ ਵਿਚ ਬਿਤਾਏ ਤਾਂ ਉਨ੍ਹਾਂ ਦੇ ਤਪ ਦੀਆਂ ਵਡਿਆਈਆਂ ਹੋਈਆਂ। ਗੁਰੂ ਹਰਿਗੋਬਿੰਦ ਜੀ ਦੇ ਸਨਮੁਖ ਆਪ ਕਰਤਾਰਪੁਰ ਰਹਿ ਕੇ ਜਪ ਤਪ ਸਾਧਨਾ ਤੇ ਸੇਵਾ ਦਾ ਪਾਠ ਲਗਾਤਾਰ 11 ਵਰ੍ਹੇ ਸੰਨ 1635 ਤੋਂ 1644 ਤੱਕ ਪੜ੍ਹਦੇ ਰਹੇ ।ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੁਆਰਾ ਧਾਰਮਿਕ ਸਿਖਲਾਈ ਦਿੱਤੀ ਗਈ ਸੀ। ਕਰਤਾਰਪੁਰ ਯੁੱਧ ਵਿੱਚ ਜੌਹਰ ਵਿਖਾਏ ਤਾਂ ਉਨ੍ਹਾ ਦੇ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੀ ਦਲੇਰੀ ਅਤੇ ਬਹਾਦਰੀ ਨੂੰ ਦੇਖਦੇ ਹੋਏ ਉਨ੍ਹਾਂ ਦਾ ਨਾਂ ਤੇਗ ਬਹਾਦਰ ਰੱਖਿਆ ਗਿਆ। ਗਿਆਰਾਂ ਸਾਲ ਦੀ ਉਮਰ ਵਿਚ 15 ਅੱਸੂ ਸੰਮਤ 1689 (1632 ਈ:) ਨੂੰ ਕਰਤਾਰਪੁਰ ਵਿਖੇ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਜੀ ਨਾਲ ਵਿਆਹ ਹੋਇਆ।

ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫ਼ੇ ਨੂੰ ਜਾਨਣ ਲਈ ਸਾਡੇ ਲਈ ਸਿੱਖ ਧਰਮ ਦੇ ਮੂਲ ਫਲਸਫੇ ਬਾਰੇ ਜਾਣ ਲੈਣਾ ਜ਼ਰੂਰੀ ਹੈ।ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਹਾਲਾਂਕਿ 15ਵੀਂ ਸਦੀ ਦੇ ਭਾਰਤ ਦੇ ਸੰਦਰਭ ਵਿੱਚ ਹਨ, ਪਰ ਅੱਜ ਵੀ ਮਹੱਤਵਪੂਰਨ ਪ੍ਰਸੰਗਿਕਤਾ ਰੱਖਦੀਆਂ ਹਨ। ਸਮਾਨਤਾ, ਸਮਾਜਿਕ ਨਿਆਂ ਅਤੇ ਅਧਿਆਤਮਕ ਭਗਤੀ 'ਤੇ ਉਨ੍ਹਾਂ ਦਾ ਜ਼ੋਰ ਸਮੇਂ ਅਤੇ ਸੱਭਿਆਚਾਰ ਤੋਂ ਪਰੇ ਹੈ, ਜੋ ਆਧੁਨਿਕ ਸੰਸਾਰ ਨੂੰ ਦਰਪੇਸ਼ ਬਹੁਤ ਸਾਰੀਆਂ ਚੁਣੌਤੀਆਂ ਦਾ ਹੱਲ ਪੇਸ਼ ਕਰਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫ਼ੇ ਦੀ ਸਥਾਈ ਵਿਰਾਸਤ ਵੀ ਇਸੇ ਤੱਥ ਵਿੱਚ ਹੈ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਦੇ 'ਪਰਮਾਤਮਾ ਦੀ ਏਕਤਾ' (ਇਕ ਓਂਕਾਰ) ਦੇ ਸੰਦੇਸ਼ ਦੀ ਨਿਰੰਤਰਤਾ ਵਿੱਚ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਨੂੰ ਸਾਰੇ ਡਰ (ਨਿਰਭਉ) ਅਤੇ ਹਰ ਤਰ੍ਹਾਂ ਦੇ ਵੈਰ (ਨਿਰਵੈਰ) ਤੋਂ ਮੁਕਤ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਸੇ ਫਲਸਫੇ ਨੂੰ ਗੁਰੁ ਤੇਗ ਬਹਾਦਰ ਜੀ ਨੇ ਕਿਵੇਂ ਅਪਣੀਆਂ ਰਚਨਾਵਾਂ ਅਤੇ ਜੀਵਨ ਗਤੀ ਵਿਧੀਆਂ ਰਾਹੀਂ ਅੱਗੇ ਵਧਾਇਆ ਇਸ ਲਈ ਉਸ ਸਮੇਂ ਦੇ ਸੰਦਰਭ ਵੀ ਜਾਣ ਲੈਣੇ ਜ਼ਰੂਰੀ ਹਨ।

ਗੁਰੂ ਤੇਗ ਬਹਾਦਰ ਜੀ ਇੱਕ ਨਿਡਰ ਅਤੇ ਨਵੀਂ ਸੇਧ ਦੇਣ ਵਾਲੇ ਗੁਰੂ ਸਨ ਜਿਨਾਂ ਨੇ ਪਹਿਲੇ ਗੁਰੂ ਸਾਹਿਬਾਨ ਦੇ ਦੱਸੇ ਹੋਏ ਆਸ਼ਿਆਂ ਅਨੁਸਾਰ ਬਦਲੇ ਹੋਏ ਹਾਲਾਤਾਂ ਵਿੱਚ ਨਵੀਆਂ ਕਦਰਾਂ ਕੀਮਤਾਂ ਸਮਾਜ ਅੱਗੇ ਰੱਖੀਆਂ ।

ਉਸ ਸਮੇਂ ਭਾਰਤ ਉਤੇ ਔਰੰਗਜ਼ੇਬ ਦਾ ਰਾਜ ਸੀ ਜੋ ਕੱਟੜ ਧਾਰਮਿਕ ਮੁਸਲਮਾਨ ਸੀ ਤੇ ਹਿੰਦੂਆਂ ਅਤੇ ਦੂਜੇ ਧਰਮ ਵਾਲਿਆਂ ਨੂੰ ਮੁਸਲਮਾਨ ਬਣਾਉਣ ਉੱਤੇ ਤੁਲਿਆ ਹੋਇਆ ਸੀ। ਉਹ ਚਾਹੁੰਦਾ ਸੀ ਕਿ ਜੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇ ਤਾਂ ਉਸਦਾ ਸਾਰੇ ਦੇਸ਼ ਉਤੇ ਸ਼ਾਸ਼ਨ ਵੀ ਹੋਰ ਪੱਕਾ ਹੋ ਜਾਵੇਗਾ ਅਤੇ ਉਹ ਧਰਮ ਦਾ ਵੀ ਵੱਡਾ ਖਿਦਮਤਗਾਰ ਬਣ ਜਾਵੇਗਾ।ਉਹ ਧਰਮ ਪਰਿਵਰਤਨ ਅਪਣੀ ਹਕੂਮਤ ਦਾ ਡਰ ਦੇ ਕੇ ਜਬਰਨ ਕਰਵਾ ਰਿਹਾ ਸੀ।ਪ੍ਰੰਤੂ ਇਸ ਜਬਰੀ ਧਰਮ ਬਦਲੀ ਨੇ ਹਿੰਦੂ ਧਰਮ ਵਿੱਚ ਚਿੰਤਾ ਤੇ ਖਲਬਲੀ ਪੈਦਾ ਕਰ ਦਿਤੀ ਸੀ ਤੇ ਉਹ ਆਪਣੇ ਆਪ ਨੂੰ ਅਸਹਾਏ ਮਹਿਸੂਸ ਕਰਨ ਲੱਗ ਗਏ। ਜਿਸ ਤਰ੍ਹਾਂ ਰੋਜ਼ ਲੱਖਾਂ ਜੰਝੂ ਉਤਾਰੇ ਜਾਂਦੇ ਤੇ ਧਰਮ ਬਦਲੇ ਜਾਂਦੇ ਉਹ ਸਾਰੀ ਹਿੰਦੂ ਕੌਮ ਲਈ ਬੜਾ ਚਿੰਤਾ ਦਾ ਵਿਸ਼ਾ ਸੀ ਜਿਸ ਲਈ ਹਿੰਦੂ ਸਮਾਜ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ। ਇਸ ਸਮੇਂ ਔਰੰਗਜ਼ੇਬ ਜਦ ਉਤਰ ਭਾਰਤ ਵਿੱਚ ਸੀ ਤਾਂ ਉਸ ਨੇ ਕਸ਼ਮੀਰ ਦੇ ਨਵਾਬ ਇਫਤਖਾਰ ਖਾਨ ਨੂੰ ਇਸ ਧਰਮ ਬਦਲੀ ਮੁਹਿੰਮ ਵਿੱਚ ਜ਼ੋਰ ਦੇਣ ਲਈ ਕਿਹਾ। ਆਦੇਸ਼ ਪਾਲਦਿਆਂ ਹੀ ਇਫਤਿਖਾਰ ਖਾਨ ਨੇ ਜਦ ਕਸ਼ਮੀਰ ਦੇ ਹਿੰਦੂਆਂ ਨੂੰ ਧਰਮ ਬਦਲੀ ਕਰਨ ਦੇ ਆਦੇਸ਼ ਦਿੱਤੇ ਤਾਂ ਉਹਨਾਂ ਨੇ ਕੁਝ ਸਮਾਂ ਮੰਗਿਆ।

ਇਸ ਮੁਸੀਬਤ ਦਾ ਹੱਲ ਲੱਭਣ ਲਈ ਉਹ ਗੁਰੂ ਤੇਗ ਬਹਾਦਰ ਜੀ ਕੋਲ ਅਨੰਦਪੁਰ ਸਾਹਿਬ ਆਏ ਅਤੇ ਉਹਨਾਂ ਨੇ ਆਪਣਾ ਕਸ਼ਟ ਗੁਰੂ ਸਾਹਿਬ ਅੱਗੇ ਬਿਆਨ ਕੀਤਾ। ਗੁਰੂ ਸਾਹਿਬ ਜਾਣਦੇ ਸਨ ਕਿ ਇਸ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੇਣੀ ਪਵੇਗੀ ਜੋ ਆਮ ਲੋਕਾਂ ਵਿੱਚ ਜ਼ੁਲਮ ਅਗੇ ਡਟਣ ਦੀ ਭਾਵਨਾਂ ਅਤੇ ਨਿਡਰਤਾ ਪੈਦਾ ਕਰ ਸਕੇ।ਜਦ ਗੁਰੂ ਜੀ ਨੇ ਇਹ ਹੱਲ ਪੰਡਤਾਂ ਅੱਗੇ ਰੱਖਿਆ ਤਾਂ ਉਸ ਸਮੇਂ ਪਾਸ ਖੜੇ ਬਾਲ ਗੋਬਿੰਦ ਜੀ ਨੇ ਕਿਹਾ ਕਿ “ਤੁਹਾਡੇ ਬਿਨਾਂ ਇਹ ਕੁਰਬਾਨੀ ਹੋਰ ਕੌਣ ਦੇ ਸਕਦਾ ਹੈ ਜੋ ਹਿੰਦੂਆਂ ਦਾ ਧਰਮ ਪਰਿਵਰਤਨ ਹੋਣ ਤੋਂ ਰੋਕ ਸਕੇ”।

ਗੁਰੂ ਸਾਹਿਬ ਨੇ ਬਾਲ ਗੋਬਿੰਦ ਦੀ ਇਸ ਵਿਚਾਰਧਾਰਾ ਨੂੰ ਸਹੀ ਜਾਣ ਕੇ ਕਸ਼ਮੀਰੀ ਪੰਡਤਾਂ ਨੂੰ ਭਰੋਸਾ ਦਿੱਤਾ ਕਿ ਉਹ ਦਿੱਲੀ ਜਾਣਗੇ ਅਤੇ ਆਪਣੇ ਆਪ ਨੂੰ ਸ਼ਹਾਦਤ ਲਈ ਭੇਟ ਕਰਨਗੇ ਕਿ ਜੇ ਉਹ ਧਰਮ ਬਦਲੀ ਨਹੀਂ ਮੰਨਦੇ ਤਾਂ ਕਸ਼ਮੀਰੀ ਪੰਡਤਾਂ ਨੂੰ ਵੀ ਜਬਰੀ ਧਰਮ ਨਾ ਕਰਵਾਇਆ ਜਾਏ।ਕਸ਼ਮੀਰੀ ਪੰਡਿਤਾਂ ਨੇ ਇਫਤਿਖਾਰ ਖਾਨ ਨੂੰ ਗੁਰੁ ਜੀ ਦਾ ਸੁਨੇਹਾ ਦੇ ਦਿਤਾ। ਉਸ ਨੇ ਅਗਿਓਂ ਔਰੰਗਜ਼ੇਬ ਨੂੰ ਸਭ ਕਹਿ ਸੁਣਾਇਆ। ਗੁਰੁ ਜੀ ਵਾਅਦੇ ਮੁਤਾਬਿਕ ਦਿੱਲੀ ਵੱਲ ਚੱਲ ਪਏ ਪਰ ਰਾਹ ਵਿੱਚ ਹੀ ਸ਼ਾਹੀ ਆਦੇਸ਼ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਦਿੱਲੀ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਧਰਮ ਬਦਲੀ ਲਈ ਮਨਾਉਣ ਖਾਤਰ ਜੇਲ੍ਹ ਵਿੱਚ ਰੱਖ ਕੇ ਬੜੇ ਤਸੀਹੇ ਦਿਤੇ ਗਏ।

ਜਦ ਗੁਰੂ ਜੀ ਨਾ ਝੁਕੇ ਤਾਂ ਗੁਰੂ ਜੀ ਦੇ ਸਾਥੀਆਂ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ ਜਿਸ ਵਿੱਚ ਭਾਈ ਦਿਆਲਾ ਜੀ ਨੂੰ ਦੇਗੇ ਵਿੱਚ ਉਬਾਲਿਆ ਗਿਆ; ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚਰਾਇਆ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਉਂਦੇ ਸਾੜਿਆ ਗਿਆ। ਇਹ ਸਭ ਗੁਰੂ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਇਹ ਦਿਖਾਉਣ ਲਈ ਕੀਤਾ ਗਿਆ ਕਿ ਜੇ ਉਹ ਧਰਮ ਬਦਲਣ ਲਈ ਤਿਆਰ ਨਾ ਹੋਏ ਤਾਂ ਉਹਨਾਂ ਨੂੰ ਵੀ ਇਹੋ ਜਿਹੀ ਬੁਰੀ ਮੌਤ ਦਿੱਤੀ ਜਾਏਗੀ ।ਪਰ ਗੁਰੂ ਜੀ ਅੜਿੱਗ ਰਹੇ ਤੇ ਆਖਰ ਸ਼ਹਾਦਤ ਪਰਵਾਨ ਕੀਤੀ। ਗੁਰੂ ਜੀ ਆਪਣੇ ਸ਼ਬਦਾਂ ਵਿੱਚ ਕਹਿੰਦੇ ਹਨ: “ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ”। ਗੁਰੂ ਜੀ ਨੇ ਸ਼ਹੀਦੀ ਪਾ ਕੇ ਆਪਣੇ ਸਿੱਖਾਂ ਨੂੰ ਇਹ ਸੰਦੇਸ਼ ਦੇ ਦਿੱਤਾ ਕਿ ਆਪਣੇ ਧਰਮ ਤੋਂ ਆਪਣਾ ਸਰੀਰ ਪਿਆਰਾ ਨਹੀਂ। ਪ੍ਰਮਾਤਮਾ ਨੂੰ ਆਪਣੇ ਚਿੱਤ ਵਿੱਚ ਰੱਖ ਕੇ ਸ਼ਹਾਦਤ ਦੇਣਾ ਕੋਈ ਕਮਜ਼ੋਰੀ ਨਹੀਂ । ਇਹ ਸਰੀਰ ਤਾਂ ਨਾਸ਼ਵਾਨ ਹੈ ਇਸਨੇ ਇੱਕ ਦਿਨ ਬਿਨਸਣਾ ਹੀ ਹੈ। ਚੰਗਾ ਹੈ ਕਿ ਇਹ ਧਰਮ ਅਤੇ ਲੋਕਾਂ ਦੇ ਲੇਖੇ ਲੱਗ ਜਾਏ।

ਸ਼ਹਾਦਤ ਦਾ ਇਹ ਸੰਕਲਪ ਸਿੱਖ ਧਰਮ ਵਿੱਚ ਅਦੂਤੀ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਦਾਦਾ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਹਾਦਤ ਖਿੜੇ ਮੱਥੇ ਤੱਤੀ ਤਵੀ ਤੇ ਬਹਿ ਕੇ ਸਿਰ ਵਿੱਚ ਗਰਮ ਰੇਤ ਪਵਾ ਕੇ ਕਬੂਲ ਕੀਤੀ ਪਰ ਆਪਣੇ ਬਚਨ ਤੋਂ ਬਦਲੇ ਨਹੀਂ। ਇਨ੍ਹਾਂ ਲੀਹਾਂ ਤੇ ਚੱਲ ਕੇ ਹੀ ਪਿੱਛੋਂ ਉਹਨਾਂ ਦੇ ਪੋਤਰੇ ਗੁਰੁ ਤੇਗ ਬਹਾਦਟਰ ਜੀ ਸ਼ਹੀਦ ਹੋਏ ਅਤੇ ਪੜਪੋਤਰੇ ਗੁਰੁ ਗੋਬਿੰਦ ਸਿੰਘ, ਪੋਤ ਨੂੰਹ ਮਾਤਾ ਗੁਜਰੀ ਜੀ ਵੀ ਸ਼ਹੀਦ ਸ਼ਹਾਦਤ ਪ੍ਰਾਪਤ ਕਰ ਗਏ।ਲੜੀ ਅੱਗੇ ਵਧੀ ਤਾਂ ਉਨ੍ਹਾਂ ਦੇ ਚਾਰ ਪੋਤਰੇ ਵੀ ਧਰਮ ਤੋਂ ਜਾਨਾਂ ਵਾਰ ਗਏ।ਇਸ ਤੋਂ ਬਾਅਦ ਸਿੱਖੀ ਵਿੱਚ ਸ਼ਹਾਦਤਾਂ ਦੀਆਂ ਜੋ ਲੜੀਆਂ ਚਲੀਆਂ ਹਨ ਉਹ ਅਣਗਿਣਤ ਹਨ ।ਇਸ ਵਿਸ਼ਵਾਸ ਸਦਕਾ ਉਹਨਾਂ ਨੇ ਸਿੱਖੀ ਨੂੰ ਇੱਕ ਨਵੀਂ ਸੇਧ ਦਿੱਤੀ।ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਮ ਲੋਕਾਂ ਵਿੱਚ ਹਕੂਮਤ ਦੇ ਡਰ ਨੂੰ ਖਤਮ ਕਰਨ ਦਾ ਸੰਦੇਸ਼ਾ ਦਿੱਤਾ ਤੇ ਉਹਨਾਂ ਨੂੰ ਹਕੂਮਤ ਅੱਗੇ ਡਟਣ ਦਾ ਇੱਕ ਰਾਹ ਵੀ ਦਿੱਤਾ ।ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਇਸ ਦੀ ਖੂਬ ਵਿਆਖਿਆ ਵੀ ਕੀਤੀ ਹੈ ਮਿਸਾਲਾਂ ਹੇਠ ਹਨ:

ਪ੍ਰਮਾਤਮਾ ਦੀ ਏਕਤਾ: ਪ੍ਰਮਾਤਮਾ ਤਾਂ ਸਿਰਫ ਇਕੋ ਹੈ, ਜੋ ਪੂਰਨ ਹੈ ਹੋਰ ਕਿਸੇ ਨੂੰ ਪ੍ਰਮਾਤਮਾ ਨਹੀਂ ਮੰਨਣਾ।

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥ (ਆਦਿ ਗ੍ਰੰਥ, ਮਹਲਾ 9, ਅੰਕ 1186)

ਉਸ ਇਕੋ ਪ੍ਰਮਾਤਮਾ ਨੇ ਸਾਰੇ ਵਿਸ਼ਵ ਦੀ ਰਚਨਾ ਕੀਤੀ

ਸਾਧੋ ਰਚਨਾ ਰਾਮ ਬਨਾਈ ॥ ((ਆਦਿ ਗ੍ਰੰਥ, ਮਹਲਾ 9, ਅੰਕ 219)
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥
ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ॥ (ਆਦਿ ਗ੍ਰੰਥ, ਮਹਲਾ 9,ਅੰਕ 537)

ਰਚਨਾ ਰਚ ਕੇ ਉਹ ਪੂਰਨ ਭਗਵਾਨ ਇਸ ਵਿਚ ਹੀ ਵਸ ਰਿਹਾ ਹੈ

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥ (ਆਦਿ ਗ੍ਰੰਥ, ਮਹਲਾ 9, ਅੰਕ 1186)

ਉਹ ਵਿਸ਼ਵ ਰਚ ਕੇ ਸਭਨਾ ਵਿੱਚ ਹੀ ਵਸ ਰਿਹਾ ਹੈ। ਉਸਨੂੰ ਜੰਗਲ ਬੀਆਬਾਨਾਂ ਵਿੱਚ ਲੱਭਣ ਦੀ ਜ਼ਰੂਰਤ ਨਹੀਂ।

ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥ ((ਆਦਿ ਗ੍ਰੰਥ, ਮਹਲਾ 9, ਅੰਕ )632)
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥ 12 ॥ (ਆਦਿ ਗ੍ਰੰਥ, ਮਹਲਾ 9, ਅੰਕ 1429)
ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ 1 ॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ 1 ॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ 2 ॥ 1 ॥ (ਆਦਿ ਗ੍ਰੰਥ, ਮਹਲਾ 9, ਅੰਕ )

ਤੀਰਥ ਕਰਨ ਅਤੇ ਬ੍ਰਤ ਰੱਖਣ ਨਾਲੋਂ ਮਨ ਨੂੰ ਵੱਸ ਕਰਨਾ ਜ਼ਰੂਰੀ ਹੈ।

ਤੀਰ

ਮਾਨਵ ਰਚਨਾ ਪੰਜ ਤੱਤਾਂ ਤੋਂ ਬਣੀ ਹੈ।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ (ਆਦਿ ਗ੍ਰੰਥ, ਮਹਲਾ 9, ਅੰਕ 1427)

ਜੀਵ ਪ੍ਰਮਾਤਮਾਂ ਕੋਲੋਂ ਆਇਆ ਹੈ ਅਤੇ ਉਸ ਨੇ ਪ੍ਰਮਾਤਮਾ ਨਾਲ ਮਿਲਣਾ ਹੈ:

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥ 11 ॥(ਆਦਿ ਗ੍ਰੰਥ, ਮਹਲਾ 9, ਅੰਕ 1429)
ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥ 17 ॥ (ਆਦਿ ਗ੍ਰੰਥ, ਮਹਲਾ 9, ਅੰਕ 1429)

ਪ੍ਰਮਾਤਮਾ ਰਚਨਾ ਵੱਖ ਵੱਖ ਰੰਗ ਵੰਨ ਵਿੱਚ ਰਚਦਾ ਹੈ।ਰੱਚ ਕੇ ਸਾਰੀ ਦੁਨੀਆਂ ਨੂੰ ਚਲਾਉਂਦਾ ਅਤੇ ਨਿਆਰਾ ਹੋ ਕੇ ਵੇਖਦਾ ਹੈ।

ਸਾਰਾ ਵਿਸ਼ਵ ਬਿਨਸਣਹਾਰ ਹੈ ।ਜੋ ਅੱਜ ਪੈਦਾ ਹੋਇਆ ਹੈ ਉਸ ਨੇ ਕੱਲ ਮਰ ਵੀ ਜਾਣਾ ਹੈ।ਸਾਰੀ ਰਚਨਾ ਇੱਕ ਸੁਪਨੇ ਵਾਂਗ ਹੈ।ਬਿਨਾ ਭਗਵਾਨ ਦੇ ਵਿਸ਼ਵ ਤੇ ਹੋਰ ਕੁਝ ਵੀ ਸੱਚਾ ਨਹੀਂ।ਸਾਰੀ ਰਚਨਾ ਝੂਠੀ ਹੈ। ਜਿਉਂ ਰੇਤ ਦੇ ਟਿੱਬੇ ਹਵਾ ਵਿੱਚ ਉਡ ਕੇ ਥਾਂ ਬਦਲਦੇ ਰਹਿੰਦੇ ਹਨ। ਰਾਮ ਅਤੇ ਰਾਵਣ ਵਰਗੇ ਜਿਨ੍ਹਾਂ ਦੇ ਵੱਡੇ ਪਰਿਵਾਰ ਸਨ, ਵੀ ਨਾ ਰਹ ।ਜਿਵੇਂ ਸੁਪਨਿਆਂ ਦਾ ਸ਼ੰਸਾਰ ਸਥਿਰ ਨਹੀਂ ਤਿਵੇਂ ਹੀੇ ਜਗਤ ਤੇ ਕੁੱਝ ਸਥਿਰ ਨਹੀਂ। ਜਗ ਤੋਂ ਜਾਣਾ ਕੋਈ ਅਣਹੋਣੀ ਨਹੀਂ ਇਸ ਲਈ ਇਸ ਦੀ ਚਿੰਤਾ ਕਰਨੀ ਬਿਅਰਥ ਹੈ।ਜੋ ਉਪਜਿਆ ਹੈ ਉਸ ਨੇ ਤਾਂ ਬਿਨਸਣਾ ਹੀ ਹੈ ਅੱਜ ਜਾਵੇ ਜਾਂ ਕੱਲ੍ਹ। ਇਸ ਲਈ ਸਾਰੇ ਜੀ ਜੰਜਾਲ ਛੱਡ ਕੇ ਰਚਣਹਾਰੇ ਵਾਹਿਗੁਰੂ ਦੇ ਗੁਣ ਗਾਓ।

ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥ ((ਆਦਿ ਗ੍ਰੰਥ, ਮਹਲਾ 9, ਅੰਕ 1231)
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥(ਆਦਿ ਗ੍ਰੰਥ, ਮਹਲਾ 9, ਅੰਕ 1427)

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥ 49 ॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿiਉ ਸੰਸਾਰੁ ॥ 50 ॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥ 51 ॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥ 52 ॥ ((ਆਦਿ ਗ੍ਰੰਥ, ਮਹਲਾ 9, ਅੰਕ 1429)

ਦਾਰਾ ਮੀਤ ਪੂਤ ਰਥ ਸੰਪਤਿ ਧਨ ਪੂਰਨ ਸਭ ਮਹੀ ॥ ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥ ((ਆਦਿ ਗ੍ਰੰਥ, ਮਹਲਾ 9, ਅੰਕ 631) ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥ (ਆਦਿ ਗ੍ਰੰਥ, ਮਹਲਾ 9, ਅੰਕ 1427)

ਜੱਗ ਕੋਈ ਪੱਕਾ ਟਿਕਾਣਾ ਨਹੀਂ ਇਹ ਤਾਂ ਬਸ ਪਾਣੀ ਤੇ ਬੁਲਬੁਲੇ ਵਾਂਗ ਹੈ, ਬਿਨਸਣ ਹਾਰ ਹੈ

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥ (ਆਦਿ ਗ੍ਰੰਥ, ਮਹਲਾ 9, ਅੰਕ 1427)

ਦੇਹੀ ਤਾਂ ਅਸਥਿਰ ਹੈ ਜੋ ਆਖਰ ਖੇਹ ਹੋ ਜਾਂਦੀ ਹੈ

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ (ਆਦਿ ਗ੍ਰੰਥ, ਮਹਲਾ 9, ਅੰਕ 1353)

ਮਨੁਖੀ ਤਨ ਮਨ ਨੂੰ ਕਾਮ, ਕ੍ਰੋਧ, ਲੋਭ ਮੋਹ, ਹੰਕਾਰ ਅਤੇ ਹਉਮੈ ਵਰਗੇ ਰੋਗ ਲੱਗੇ ਹੋਏ ਹਨ ਜਿਨ੍ਹਾਂ ਕਰਕੇ ਪ੍ਰਮਾਤਮਾ ਨੂੰ ਭੁਲਿਆ ਬੈਠਾ ਹੈ। । ਉਹ ਰਾਤ ਦੇ ਸੁਪਨੇ ਵਰਗੇ ਝੂਠੇ ਬਿਨਸਣਹਾਰ ਤਨ ਨੂੰ ਸੱਚਾ ਮੰਨਦਾ ਹੈ

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥(ਆਦਿ ਗ੍ਰੰਥ, ਮਹਲਾ 9, ਅੰਕ 1429)

ਜੇ ਇਨਸਾਨ ਨੇ ਵਾਹਿਗੁਰੂ ਪ੍ਰਾਪਤੀ ਕਰਨੀ ਹੈ ਤੇ ਮੁਕਤੀ ਪ੍ਰਾਪਤ ਕਰਨੀ ਹੈ ਤੇ ਬ੍ਰਹਮ ਵਿਚ ਵਾਸਾ ਕਰਨਾ ਹੈ ਤਾਂ ਉਸਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਉਸਤਤ, ਨਿੰਦਿਆ, ਹਰਖ, ਸੋਗ ਵਰਗੇ ਮਾਨਸਿਕ ਰੋਗਾਂ ਤੋਂ ਮੁਕਤ ਰਹਿਣਾ ਚਾਹੀਦਾ ਹੈ। ਮਾਇਆ ਤੇ ਮਮਤਾ ਮੋਹ ਤਿਆਗਣ ਵਾਲਾ ਆਪ ਵੀ ਤਰ ਜਾਂਦਾ ਹੈ ਅਤੇ ਹੋਰਾਂ ਨੂੰ ਵੀ ਤਾਰ ਲੈਂਦਾ ਹੈ। (ਆਦਿ ਗ੍ਰੰਥ, ਮਹਲਾ 9, ਅੰਕ 1429)

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥ 13 ॥
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ 14 ॥
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ 15 ॥
ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ॥ 17 ॥
ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥18 ॥
ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥ 19 ॥
ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥ 22 ॥

ਉਹ ਹੀ ਗਿਆਨੀ ਹੈ ਜੋ ਨਾ ਕਿਸੇ ਨੂੰ ਕੋਈ ਡਰ ਦਿੰਦਾ ਹੈ ਅਤੇ ਨ ਹੀ ਕਿਸੇ ਦਾ ਡਰ ਮੰਨਦਾ ਹੈ। ਪ੍ਰਮਾਤਮਾ ਦੇ ਨਾਮ ਹਰ ਰੋਜ਼ ਭਜਨ ਨਾਲ ਦੁਰਮਤ ਅਤੇ ਭੈ ਹਟ ਜਾਂਦੇ ਹਨ ਅਤੇ ਸਾਰੇ ਕੰਮ ਸਫਲ ਹੋ ਜਾਂਦੇ ਹਨ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥ 16 ॥
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥ 20 ॥

ਯਮ ਤੋਂ ਬਚਣ ਲਈ ਵੀ ਜੀਭ ਵਾਹਿਗੁਰੂ ਨਾਮ ਦਾ ਭਜਨ ਕਰਨਾ ਅਤੇ ਸੁਣਨਾ ਚਾਹੀਦਾ ਹੈ।

ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥21॥
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥. (ਆਦਿ ਗ੍ਰੰਥ, ਮਹਲਾ 9, ਅੰਕ 1428)
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥. (ਆਦਿ ਗ੍ਰੰਥ, ਮਹਲਾ 9, ਅੰਕ 831)
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥. (ਆਦਿ ਗ੍ਰੰਥ, ਮਹਲਾ 9, ਅੰਕ 633)

ਅਪਣੀ ਰਹਿਤ ਸੱਚੀ ਰੱਖਣ ਨਾਲ ਹੀ ਸਚਾ ਪ੍ਰਮਾਤਮਾ ਮਨ ਵਿੱਚ ਵਾਸਾ ਕਰਦਾ ਹੈ।ਇਸ ਲਈ ਹਮੇਸ਼ਾ ਸੱਚਾ ਸੁੱਚਾ ਜੀਵਨ ਜੀਵੋ।

ਸਾਚੀ ਰਹਤ ਸਾਚਾ ਮਨਿ ਸੋਈ ॥ (ਆਦਿ ਗ੍ਰੰਥ, ਮਹਲਾ 9, ਅੰਕ 831)

ਸੱਚਾ ਹੋਣ ਲਈ ਮਨ ਹਮੇਸ਼ਾ ਸੱਚ ਤੇ ਚੱਲੇ ਅਤੇ ਮਾਣ, ਕਾਮ, ਕ੍ਰੋਧ ਤਿਆਗੋ ਅਤੇ ਬੁਰੀ ਸੰਗਤ ਤੋਂ ਦੂਰ ਰਹੋ।

ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ (ਆਦਿ ਗ੍ਰੰਥ, ਮਹਲਾ 9, ਅੰਕ 219)

ਆਪਣੇ ਸ਼ਬਦਾਂ ਵਿੱਚ, ਗੁਰੂ ਤੇਗ ਬਹਾਦਰ ਜੀ ਨੇ ਸਵੈ-ਅਨੁਸ਼ਾਸਨ ਅਤੇ ਸਵੈ-ਪ੍ਰਤੀਬਿੰਬ ਉੱਤੇ ਜ਼ੋਰ ਦਿੱਤਾ। ਗੁਰੂ ਜੀ ਨੇ ਸਪਸ਼ਟ ਕੀਤਾ ਕਿ ਮਨੁੱਖ ਦੀਆਂ ਸਮੱਸਿਆਵਾਂ ਉਸ ਦੇ ਮਾਨਸਿਕ ਹੰਕਾਰ ਅਤੇ ਦੁਨਿਆਵੀ ਲਾਲਸਾ ਨਾਲ ਲਿਪਤ ਹੋਣ ਕਰਕੇ ਉਸ ਦੀ ਸੋਚ ਸ਼ਕਤੀ ਦੂਸ਼ਿਤ ਹੋ ਜਾਂਦੀ ਹੈ। ਇਸ ਲਈ ਗੁਰੂਆਂ ਤੋਂ ਮਿਲਿਆ ਸੰਦੇਸ਼ ਅਤੇ ਚੰਗੀ ਸੰਗਤ ਦੀ ਜ਼ਰੂਰਤ ਹੁੰਦੀ ਹੈ । ਸਤਿਸੰਗਤ ਮਨ ਨੂੰ ਬੁਰਾਈਆਂ ਤੋਂ ਸ਼ੁੱਧ ਕਰਨ ਲਈ ਚੰਗਾ ਸਾਧਨ ਹੈ ਤੇ ਗੁਰੂਆਂ ਦੀਆਂ ਸਿਖਿਆਵਾਂ ਤੇ ਚੱਲਣਾ ਪ੍ਰਮਾਤਮਾ ਨਾਲ ਜੋੜਣ ਚੰਗਾ ਵਿਉਹਾਰ ਕਰਨ ਅਤੇ ਸੱਚੀ ਸੁੱਚੀ ਜ਼ਿੰਦਗੀ ਜੀਣ ਵਿੱਚ ਸਹਾਈ ਹੁੰਦਾ ਹੈ। ।

ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ॥
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ॥ ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ॥(220)

ਇਕ ਸੰਪੂਰਨ ਗੁਰਮੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਨੂੰ ਗੁਰੂ ਸਾਹਿਬ ਨੇ ਬਾਕਮਾਲ ਬਿਆਨਿਆ ਹੈ:


ਜੋ ਮਨੁੱਖ ਦੁੱਖ ਨੂੰ ਦੁੱਖ ਨਹੀਂ ਮੰਨਦਾ; ਜੋ ਸੁੱਖ, ਸਨੇਹ ਤੇ ਧਿਜਦਾ ਨਹੀਂ; ਮਨ ਵਿੱਚ ਕਿਸੇ ਦਾ ਵੀ ਭੈ ਨਹੀਂ ਰਖਦਾ ਅਤੇ ਅਪਣੇ ਸਰੀਰ ਨੂੰ ਮਿੱਟੀ ਜਾਂ ਸ਼ੀਸ਼ੇ ਵਾਂਗੂ ਮੰਨਦਾ ਹੈ; ਨਾਂ ਉਹ ਉਸਨੂੰ ਨਿੰਦਿਆ ਅਤੇ ਨਾਂ ਹੀ ਉਸਤਤ ਨਾਲ ਫਰਕ ਪੈਂਦਾ ਹੈ ਤੇ ਨਾਂ ਹੀ ਕੋਈ ਲੋਭ, ਮੋਹ ਜਾਂ ਅਭਿਮਾਨ ਉਸ ਨੂੰ ਖਿੱਚ ਪਾਉਂਦਾ ਹੈ।ਉਹ ਨਾ ਹਰਖ ਕਰਦਾ ਹੈ ਨਾ ਸੋਗ: ਨਾਂ ਹੀ ਉਸ ਨੂੰ ਮਾਨ ਜਾਂ ਅਪਮਾਨ ਨਾਲ ਕੋਈ ਫਰਕ ਪੈਂਦਾ ਹੈ।ਉਹ ਕੋਈ ਆਸ ਨਹੀਂ ਪਾਲਦਾ ਅਤੇ ਨਾ ਹੀ ਕੋਈ ਅਜਿਹੀ ਮਨਸ਼ਾ ਹੁੰਦੀ ਹੈ ਜਿਸ ਤੇ ਉਹ ਨਿਰਾਸ਼ ਹੋਵੇ। ਨਾਂ ਕਾਮ ਤੇ ਨਾਂ ਹੀ ਕ੍ਰੋਧ ਉਸ ਨੂੰ ਪ੍ਰਭਾਵਿਤ ਕਰਦੇ ਹਨ ਇਸੇ ਕਰਕੇ ਉਸ ਦਾ ਨਿਵਾਸ ਪ੍ਰਮਾਤਮਾ ਦੇ ਘਰ ਮੰਨਿਆ ਜਾਂਦਾ ਹੈ।ਜਿਸ ਨੇ ਇਹ ਜੁਗਤ ਪਛਾਣ ਲਈ ਗੁਰੁ ਉਸ ਉਤੇ ਹੀੁ ਕ੍ਰਿਪਾ ਕਰਦਾ ਹੈ ਨਤੇ ਫਿਰ ਉਹ ਗੁਰਮੁੱਖ ਪ੍ਰਮਾਤਮਾ ਨਾਲ ਇਉਂ ਮਿਲ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਅਭਿੰਨ ਹੋ ਜਾਂਦਾ ਹੈ।

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥ 1 ॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ 1 ॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥ 2 ॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ 3 ॥ 11 ॥ (ਆਦਿ ਗ੍ਰੰਥ, ਸੋਰਠਿ ਮਹਲਾ 9 ਅੰਕ 633)

ਗੁਰੂ ਤੇਗ ਬਹਾਦਰ ਜੀ ਦਾ ਫਲਸਫਾ ਬੜੀਆਂ ਨਵੀਆਂ ਸੁਚੱਜੀਆਂ ਕਦਰਾਂ ਕੀਮਤਾਂ ਦਾ ਆਧਾਰ ਹੈ ਜਿਸ ਨੇ ਗੁਲਾਮੀ ਅਤੇ ਜ਼ੁਲਮ ਦੀ ਨਪੀੜੀ ਪਰਜਾ ਨੂੰ ਨਿਰਭੈ ਹੋ ਕੇ ਉਨ੍ਹਾਂ ਕਦਰਾਂ ਕੀਮਤਾਂ ਵਿਰੁਧ ਖੜਣ ਦਾ ਹੌਸਲਾ ਭਰਿਆ ਜਿਸ ਨੇ ਆਮ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਸੀ। ਉਨ੍ਹਾਂ ਜੀਵਨ ਦੀ ਉਦਾਹਰਣ ਦੇ ਕੇ ਸਮਝਾਇਆ ਕਿੇ ਡੂੰਘੇ ਸੰਕਟ ਅਤੇ ਗੰਭੀਰ ਮੁਸ਼ਕਿਲਾਂ ਦੇ ਸਮੇਂ, ਸਾਨੂੰ ਸਥਿਤੀ ਤੋਂ ਭੱਜਣਾ ਨਹੀਂ ਚਾਹੀਦਾ ਬਲਕਿ ਪੂਰੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਜੀਵਨ ਉਦੇਸ਼ ਸਿਰਫ਼ ਬ੍ਰਹਮ ਤੱਕ ਪਹੁੰਚਣਾ ਜਾਂ ਅਪਣੀ ਮੁਕਤੀ ਹੀ ਨਹੀਂ ਅੰਦਰਲੇ ਬ੍ਰਹਮ ਤੱਕ ਪਹੁੰਚਣਾ ਨਹੀਂ ਹੈ, ਬਲਕਿ ਨਿਰਸਵਾਰਥ ਸੇਵਾ ਅਤੇ ਬਲੀਦਾਨ ਰਾਹੀਂ ਦੂਜੇ ਮਨੁੱਖਾਂ ਤੱਕ ਵੀ ਪਹੁੰਚਣਾ ਹੈ। ਸਾਰਿਆਂ ਦੀ ਭਲਾਈ ਲਈ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਸਮਾਜਿਕ ਕਰਤੱਵਾਂ ਨੂੰ ਨਿਭਾਉਣਾ ਚਾਹੀਦਾ ਹੈ ਅਤੇ ਪਰਮਾਤਮਾ ਦੀ ਇੱਛਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਗੁਰੂ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਵਿਅਰਥ ਕਿਸੇ ਚਮਤਕਾਰ ਦੀ ਉਡੀਕ ਨਹੀਂ ਕਰਨੀ ਚਾਹੀਦੀ ਬਲਕਿ ਸਾਰੀਆਂ ਮੁਸੀਬਤਾਂ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਲਈ ਅੰਦਰੂਨੀ ਤਾਕਤ ਦਾ ਨਿਰਮਾਣ ਕਰਨਾ ਚਾਹੀਦਾ ਹੈ।ਮੋਹ ਮਾਇਆ ਨਾਲ ਜੁੜੇ ਅਸੀਂ ਅਪਣੇ ਆਪ ਨੂੰ ਅਮੀਰ ਬਣਾਉਣ ਦੇ ਖਿਆਲ ਨਾਲ ਭੁੱਲ ਜਾਂਦੇ ਹਾਂ ਕਿ ਸਾਡਾ ਸਮਾਜ ਲਈ ਵੀ ਕੋਈ ਧਰਮ ਹੈ ਤੇ ਫਰਜ਼ ਹਨ।ਜਦ ਲੋੜ ਪਵੇ ਤਾਂ ਆਪਾ ਵਾਰਨ ਵਿੱਚ ਵੀ ਝਿਜਕ ਨਹੀਂ ਕਰਨੀ ਚਾਹੀਦੀ।ਜ਼ਿੰਦਗੀ ਨੂੰ ਸਥਾਈ ਸਮਝਣਾ ਗਲਤ ਹੈ ਕਿਉਂਕਿ ਇੱਕ ਪ੍ਰਮਾਤਮਾ ਤੋਂ ਬਿਨਾਂ ਸਭ ਬਿਨਸਣਹਾਰ ਹੈ। ਜਦ ਇਸ ਸਰੀਰ ਨੇ ਜਾਣਾ ਹੀ ਹੈ ਤਾਂ ਕਿਉਂ ਨਾ ਕਿਸੇ ਲੇਖੇ ਲੱਗ ਜਾਵੇ । ਗੁਰੂ ਜੀ ਜ਼ੋਰ ਦੇ ਕੇ ਕਹਿੰਦੇ ਹਨ ਕਿ ਮਨੁੱਖੀ ਜੀਵਨ ਅਨਮੋਲ ਹੈ ਕਿਉਂਕਿ ਇਹ ਸਵੈ-ਸੁਧਾਰ ਅਤੇ ਅਧਿਆਤਮਿਕ ਗਿਆਨ ਦੇ ਮੌਕੇ ਪ੍ਰਦਾਨ ਕਰਦਾ ਹੈ ਪਰ ਇਸ ਦੇ ਨਾਲ-ਨਾਲ ਸਮਾਜਿਕ ਉੱਨਤੀ ਲਈ, ਮਨੁੱਖ ਵਿੱਚ ਬ੍ਰਹਮ ਦੀ ਸਿਰਜਣਾਤਮਕ ਭੂਮਿਕਾ ਨੂੰ ਸਰਗਰਮੀ ਨਾਲ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।

ਗੁਰੂ ਤੇਗ਼ ਬਹਾਦਰ ਜੀ ਦੀ ਵਿਰਾਸਤ

ਗੁਰੂ ਤੇਗ਼ ਬਹਾਦਰ (1621–1675) ਨੇ ਧਾਰਮਿਕ ਆਜ਼ਾਦੀ, ਮਨੁੱਖੀ ਮਾਣ, ਹਿੰਮਤ, ਦਇਆ ਅਤੇ ਜ਼ੁਲਮ ਦੇ ਵਿਰੋਧ ਦੀ ਡੂੰਘੀ ਵਿਰਾਸਤ ਛੱਡੀ। ਉਨ੍ਹਾਂ ਦਾ ਜੀਵਨ ਅਤੇ ਸ਼ਹਾਦਤ ਸਿੱਖ ਇਤਿਹਾਸ ਵਿੱਚ ਕੇਂਦਰੀ ਹਨ ਅਤੇ ਸਿੱਖ ਭਾਈਚਾਰੇ ਤੋਂ ਪਰੇ ਮਹੱਤਵ ਰੱਖਦੇ ਹਨ।

1. ਧਾਰਮਿਕ ਆਜ਼ਾਦੀ ਦੇ ਰਖਵਾਲੇ
ਗੁਰੂ ਤੇਗ਼ ਬਹਾਦਰ ਜੀ ਨੂੰ ਧਾਰਮਿਕ ਅਤਿਆਚਾਰ ਦੇ ਵਿਰੁੱਧ ਖੜ੍ਹੇ ਹੋਣ ਅਤੇ ਲੋਕਾਂ ਦੇ ਆਪਣੇ ਵਿਸ਼ਵਾਸ ਨੂੰ ਸੁਤੰਤਰਤਾ ਨਾਲ ਮੰਨਣ ਦੇ ਅਧਿਕਾਰ ਦੀ ਰੱਖਿਆ ਕਰਨ ਲਈ ਯਾਦ ਕੀਤਾ ਜਾਂਦਾ ਹੈ। 1675 ਵਿੱਚ ਦਿੱਲੀ ਵਿੱਚ ਉਨ੍ਹਾਂ ਦੀ ਸ਼ਹਾਦਤ ਨੂੰ ਰਵਾਇਤੀ ਤੌਰ 'ਤੇ ਸਿਰਫ਼ ਉਨ੍ਹਾਂ ਦੇ ਆਪਣੇ ਭਾਈਚਾਰੇ ਲਈ ਹੀ ਨਹੀਂ, ਸਗੋਂ ਦੂਜਿਆਂ ਦੀ ਆਪਣੀ ਜ਼ਮੀਰ ਦੀ ਪਾਲਣਾ ਕਰਨ ਦੀ ਆਜ਼ਾਦੀ ਲਈ ਦਿੱਤੀ ਗਈ ਕੁਰਬਾਨੀ ਵਜੋਂ ਸਮਝਿਆ ਜਾਂਦਾ ਹੈ।

2. ਮਨੁੱਖੀ ਅਧਿਕਾਰਾਂ ਲਈ ਸ਼ਹਾਦਤ
ਮੁਗਲ ਸਮਰਾਟ ਔਰੰਗਜ਼ੇਬ ਦੇ ਅਧੀਨ ਉਨ੍ਹਾਂ ਦੀ ਫਾਂਸੀ ਜ਼ਬਰਦਸਤੀ ਦੇ ਵਿਰੋਧ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਈ। ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨੇ ਇੱਕ ਸਥਾਈ ਸਿਧਾਂਤ ਸਥਾਪਤ ਕੀਤਾ: ਧਾਰਮਿਕ ਵਿਸ਼ਵਾਸ ਨੂੰ ਕਦੇ ਵੀ ਜ਼ਬਰਦਸਤੀ ਦੁਆਰਾ ਨਹੀਂ ਥੋਪਿਆ ਜਾਣਾ ਚਾਹੀਦਾ।

3. ਹਿੰਮਤ ਅਤੇ ਨਿਡਰਤਾ
ਉਨ੍ਹਾਂ ਦੀਆਂ ਸਿੱਖਿਆਵਾਂ ਡਰ ਅਤੇ ਲਗਾਵ ਤੋਂ ਆਜ਼ਾਦੀ 'ਤੇ ਜ਼ੋਰ ਦਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ ਉਸ ਵਿਅਕਤੀ ਦੇ ਆਦਰਸ਼ ਨੂੰ ਪ੍ਰਗਟ ਕਰਦੀ ਹੈ ਜੋ ਨਾ ਤਾਂ ਦੂਜਿਆਂ ਨੂੰ ਡਰਾਉਂਦਾ ਹੈ ਅਤੇ ਨਾ ਹੀ ਦੂਜਿਆਂ ਦੇ ਡਰ ਵਿੱਚ ਰਹਿੰਦਾ ਹੈ। ਇਹ ਸਿੱਖ ਵਿਚਾਰਧਾਰਾ ਲਈ ਇੱਕ ਮਹੱਤਵਪੂਰਨ ਨੈਤਿਕ ਨੀਂਹ ਬਣ ਗਿਆ।

4. ਅਧਿਆਤਮਿਕ ਅਤੇ ਨੈਤਿਕ ਸਿੱਖਿਆਵਾਂ

ਉਹਨਾਂ ਦੇ 115 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਭਾਸ਼ਣ ਵਿੱਚ ਸ਼ਾਮਲ ਹਨ ਜਿਨ੍ਹਾ ਵਿੱਚ ਦੁਨਿਆਵੀ ਭਰਮ ਤੋਂ ਨਿਰਲੇਪਤਾ, ਪਰਮਾਤਮਾ ਦੀ ਯਾਦ, ਸਮਾਨਤਾ, ਨਿਮਰਤਾ, ਦ੍ਰਿੜਤਾ, ਡਰ ਅਤੇ ਇੱਛਾ ਤੋਂ ਆਜ਼ਾਦੀ, ਅਤੇ ਦੁੱਖਾਂ ਦੇ ਵਿਚਕਾਰ ਅੰਦਰੂਨੀ ਸ਼ਾਂਤੀ ਬਣਾਈ ਰੱਖਣਾ।

5. ਆਨੰਦਪੁਰ ਸਾਹਿਬ ਅਤੇ ਸਿੱਖ ਵਿਕਾਸ
ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਦੀ ਸਥਾਪਨਾ ਕੀਤੀ, ਜਿਸਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਵਜੋਂ ਜਾਣਿਆ ਜਾਂਦਾ ਸੀ, ਜੋ ਸਿੱਖ ਧਾਰਮਿਕ ਅਤੇ ਸੱਭਿਆਚਾਰਕ ਜੀਵਨ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ। ਉਨ੍ਹਾਂ ਦੇ ਕੰਮ ਨੇ ਉਹ ਮਾਹੌਲ ਬਣਾਉਣ ਵਿੱਚ ਮਦਦ ਕੀਤੀ ਜਿਸ ਵਿੱਚ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ, ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਸਥਾਪਿਤ ਕੀਤਾ ਜਾਵੇਗਾ।

6. ਕੁਰਬਾਨੀ ਦੀ ਵਿਰਾਸਤ
ਉਨ੍ਹਾਂ ਦੀ ਸ਼ਹਾਦਤ ਨੇ ਗੁਰੂ ਗੋਬਿੰਦ ਸਿੰਘ ਨੂੰ ਡੂੰਘਾ ਪ੍ਰਭਾਵਿਤ ਕੀਤਾ। ਨੌਵੇਂ ਗੁਰੂ ਦੀ ਕੁਰਬਾਨੀ ਸਿਧਾਂਤਕ ਵਿਰੋਧ ਦਾ ਇੱਕ ਨਮੂਨਾ ਬਣ ਗਈ - ਨਿੱਜੀ ਕੀਮਤ ਬਹੁਤ ਜ਼ਿਆਦਾ ਹੋਣ 'ਤੇ ਵੀ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਰਹਿਣਾ।

7. ਵਿਸ਼ਵਵਿਆਪੀ ਮਹੱਤਵ
ਇਸ ਲਈ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਨੂੰ ਇਸ ਤਰ੍ਹਾਂ ਸੰਖੇਪ ਕੀਤਾ ਜਾ ਸਕਦਾ ਹੈ:

"ਜ਼ਮੀਰ ਦੀ ਆਜ਼ਾਦੀ, ਜ਼ੁਲਮ ਦੇ ਵਿਰੁੱਧ ਹਿੰਮਤ, ਦੂਜਿਆਂ ਲਈ ਹਮਦਰਦੀ, ਅਤੇ ਮਨੁੱਖਤਾ ਦੇ ਅਧਿਕਾਰਾਂ ਅਤੇ ਮਾਣ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਇੱਛਾ।"
ਗੁਰੂ ਜੀ ਦੀ ਵਿਰਾਸਤ ਅੱਜ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ, ਬਹੁਲਵਾਦ, ਸਹਿਣਸ਼ੀਲਤਾ ਅਤੇ ਨੈਤਿਕ ਲੀਡਰਸ਼ਿਪ ਦੀਆਂ ਚਰਚਾਵਾਂ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਸੰਗਿਕ ਹੈ।

1664 ਵਿੱਚ, ਗੁਰੂ ਤੇਗ ਬਹਾਦਰ ਜੀ ਨੌਵੇਂ ਸਿੱਖ ਗੁਰੂ ਵਜੋਂ ਗੁਰੂ ਹਰਿਕ੍ਰਿਸ਼ਨ ਜੀ ਤੋਂ ਬਾਅਦ ਬਣੇ। ਉਨ੍ਹਾਂ ਦੀ ਗੁਰਗੱਦੀ ਉਸ ਮੁਸ਼ਕਲ ਸਮੇਂ ਦੌਰਾਨ ਆਈ ਜਦੋਂ ਸਮਰਾਟ ਔਰੰਗਜ਼ੇਬ ਦੀ ਅਗਵਾਈ ਹੇਠ ਮੁਗਲ ਸਾਮਰਾਜ ਹਿੰਦੂਆਂ, ਸਿੱਖਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ 'ਤੇ ਜ਼ੁਲਮ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਮਾਰ ਰਿਹਾ ਸੀ।

ਵਿਸ਼ਵਾਸ ਰਖਵਾਲਾ (ਹਿੰਦ ਦੀ ਚਾਦਰ)
ਗੁਰੂ ਤੇਗ ਬਹਾਦਰ ਜੀ ਧਾਰਮਿਕ ਆਜ਼ਾਦੀ ਅਤੇ ਦੱਬੇ-ਕੁਚਲੇ ਲੋਕਾਂ ਦੇ ਅਧਿਕਾਰਾਂ ਦੀ ਸਮਰਪਿਤ ਸਹਾਇਤਾ ਅਤੇ ਰੱਖਿਆ ਲਈ ਜਾਣੇ ਜਾਂਦੇ ਹਨ।

ਜਦੋਂ ਕਸ਼ਮੀਰੀ ਪੰਡਤਾਂ ਨੂੰ ਮੁਗਲਾਂ ਦੁਆਰਾ ਧਾਰਮਿਕ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ ਅਤੇ ਹਿੰਦੂ ਧਰਮ ਦੀ ਪਾਲਣਾ ਕਰਨ ਦੇ ਆਪਣੇ ਅਧਿਕਾਰ ਦੀ ਰੱਖਿਆ ਲਈ ਗੁਰੂ ਜੀ ਦੀ ਮਦਦ ਮੰਗੀ, ਤਾਂ ਉਨ੍ਹਾਂ ਨੇ ਨਿਡਰਤਾ ਨਾਲ ਇਹ ਕੰਮ ਕੀਤਾ ਅਤੇ ਸਮਰਾਟ ਔਰੰਗਜ਼ੇਬ ਨਾਲ ਗੱਲਬਾਤ ਕਰਨ ਅਤੇ ਅਤਿਆਚਾਰ ਦਾ ਅੰਤ ਕਰਨ ਲਈ ਦਿੱਲੀ ਰਵਾਨਾ ਹੋ ਗਏ।

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ
ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦਾ ਸਾਹਮਣਾ ਕਰਨ ਅਤੇ ਧਾਰਮਿਕ ਆਜ਼ਾਦੀ ਦੀ ਵਕਾਲਤ ਕਰਨ ਲਈ ਮੁਗਲ ਰਾਜਧਾਨੀ ਦਿੱਲੀ ਦੀ ਯਾਤਰਾ ਕੀਤੀ। ਇਸਲਾਮ ਧਰਮ ਬਦਲਣ ਦੀਆਂ ਧਮਕੀਆਂ ਅਤੇ ਦਬਾਅ ਦਾ ਸਾਹਮਣਾ ਕਰਨ ਦੇ ਬਾਵਜੂਦ, ਗੁਰੂ ਤੇਗ ਬਹਾਦਰ ਜੀ ਆਪਣੇ ਵਿਸ਼ਵਾਸਾਂ 'ਤੇ ਅਡੋਲ ਰਹੇ। ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਧਰਮ ਵਿੱਚ ਬਦਲਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਨੇ ਆਪਣਾ ਫੈਸਲਾ ਨਹੀਂ ਬਦਲਿਆ ਅਤੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਵਚਨਬੱਧ ਰਹੇ।ਨਵੰਬਰ 1675 ਵਿੱਚ, ਗੁਰੂ ਜੀ ਨੂੰ ਉਨ੍ਹਾਂ ਦੇ ਸਮਰਪਿਤ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਦੇ ਨਾਲ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਨ੍ਹਾਂ ਨੇ ਆਪਣਾ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।11 ਨਵੰਬਰ, 1675 ਨੂੰ, ਉਨ੍ਹਾਂ ਦਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਨਤਕ ਤੌਰ 'ਤੇ ਸਿਰ ਕਲਮ ਕਰ ਦਿੱਤਾ ਗਿਆ ਸੀ।

ਗੁਰਦੁਆਰਾ ਸੀਸ ਗੰਜ ਸਾਹਿਬ
ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਨੂੰ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਵਜੋਂ ਜਾਣਿਆ ਜਾਂਦਾ ਹੈ, ਜੋ ਸਿੱਖਾਂ ਲਈ ਤੀਰਥ ਸਥਾਨ ਅਤੇ ਮਹੱਤਵ ਦਾ ਸਥਾਨ ਬਣਿਆ ਹੋਇਆ ਹੈ। ਇਹ ਗੁਰੂ ਦੀਆਂ ਕੁਰਬਾਨੀਆਂ ਅਤੇ ਨਿਆਂ ਅਤੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਪ੍ਰਤੀ ਸਮਰਪਣ ਦਾ ਇੱਕ ਜਿਉਂਦਾ ਜਾਗਦਾ ਸਬੂਤ ਅਤੇ ਉਦਾਹਰਣ ਹੈ।

ਅਧਿਆਤਮਿਕ ਸਿੱਖਿਆ ਅਤੇ ਵਿਰਾਸਤ
ਗੁਰੂ ਤੇਗ ਬਹਾਦਰ ਜੀ ਦੀ ਅਧਿਆਤਮਿਕ ਵਿਰਾਸਤ ਗੁਰੂ ਗ੍ਰੰਥ ਸਾਹਿਬ ਵਿੱਚ ਸੁਰੱਖਿਅਤ ਹੈ, ਜਿੱਥੇ ਉਨ੍ਹਾਂ ਦੇ ਭਜਨ ਪ੍ਰੇਰਨਾ ਅਤੇ ਮਾਰਗਦਰਸ਼ਨ ਦੇ ਸਰੋਤ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸ਼ਰਧਾ, ਨੈਤਿਕ ਕਦਰਾਂ-ਕੀਮਤਾਂ ਅਤੇ ਧਰਮੀ ਜੀਵਨ ਦੇ ਅਰਥ ਦੇ ਦੁਆਲੇ ਘੁੰਮਦੀਆਂ ਸਨ। ਗੁਰੂ ਜੀ ਦੀ ਬੁੱਧੀ ਸਮੇਂ ਤੋਂ ਪਰੇ ਹੈ ਅਤੇ ਆਰਾਮ ਅਤੇ ਅਧਿਆਤਮਿਕ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ। ਗੁਰੂ ਤੇਗ ਬਹਾਦਰ ਜੀ ਦੀਆਂ ਅਧਿਆਤਮਿਕ ਸਿੱਖਿਆਵਾਂ ਸਿੱਖਾਂ ਅਤੇ ਸਾਰੇ ਪਿਛੋਕੜਾਂ ਦੇ ਸਾਧਕਾਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।

ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਪੀੜ੍ਹੀਆਂ ਲਈ ਪ੍ਰੇਰਨਾ ਹੈ ਅਤੇ ਸਾਨੂੰ ਮੁਸੀਬਤਾਂ ਦੇ ਬਾਵਜੂਦ ਵੀ ਨਿਆਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨ ਦੇ ਮਹੱਤਵ ਦੀ ਯਾਦ ਦਿਵਾਉਂਦੀ ਹੈ।
ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਅਜਿਹੇ ਸਿਧਾਂਤਾਂ ਲਈ ਤਰਸਦੀ ਦੁਨੀਆਂ ਵਿੱਚ ਉਮੀਦ ਅਤੇ ਨਿਆਂ ਦੀ ਨਿਸ਼ਾਨੀ ਵਜੋਂ ਚਮਕਦੀਆਂ ਰਹਿੰਦੀਆਂ ਹਨ।
ਉਨ੍ਹਾਂ ਦੀ ਵਿਰਾਸਤ ਮਨੁੱਖਤਾ ਲਈ ਇੱਕ ਮਾਰਗਦਰਸ਼ਕ ਰੌਸ਼ਨੀ ਬਣੀ ਹੋਈ ਹੈ, ਜੋ ਸਾਨੂੰ ਨਿਆਂ, ਸਹਿਣਸ਼ੀਲਤਾ ਅਤੇ ਆਪਣੇ ਵਿਸ਼ਵਾਸ ਨੂੰ ਸੁਤੰਤਰ ਰੂਪ ਵਿੱਚ ਅਭਿਆਸ ਕਰਨ ਦੇ ਅਧਿਕਾਰ ਲਈ ਖੜ੍ਹੇ ਹੋਣ ਦੀ ਮਹੱਤਤਾ ਦੀ ਯਾਦ ਦਿਵਾਉਂਦੀ ਹੈ।
 
📌 For all latest updates, follow the Official Sikh Philosophy Network Whatsapp Channel:
Top