• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਰਚਨਾਸਾਰ

Dalvinder Singh Grewal

Writer
Historian
SPNer
Jan 3, 2010
2,504
449
81

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਰਚਨਾਸਾਰ

-ਡਾ. ਦਲਵਿੰਦਰ ਸਿੰਘ ਗ੍ਰੇਵਾਲ

1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726


ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤ ਸਾਰੇ ।।

ਗੁਰੂ ਨਾਨਕ ਦੇਵ ਜੀ ਨੇ ਸਾਰੇ ਅੰਮ੍ਰਿਤਾਂ ਵਾਲੀ ਗੁਰੂ ਰੂਪ ਬਾਣੀ ਨੂੰ ਰਚਿਆ ਵੀ ਤੇ ਨਾਲੋ ਨਾਲ ਸੰਕਲਿਤ ਵੀ ਕੀਤਾ।ਗੁਰੂ ਨਾਨਕ ਦੇਵ ਜੀ ਨੇ ਸਿਰਫ ਅਪਣੀ ਹੀ ਬਾਣੀ ਨੂੰ ਹੀ ਸੰਕਲਿਤ ਕੀਤਾ ਸਗੋਂ ਉਸ ਸਮੇਂ ਦੇ ਪ੍ਰਮੁੱਖ ਸੰਤਾਂ ਦੀ ਬਾਣੀ ਨੂੰ ਵੀ ਸੰਕਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ । ਉਸ ਸਮੇਂ ਦੇ ਪ੍ਰਮੁੱਖ ਸੰਤਾਂ ਦੀ ਬਾਣੀ ਅਤੇ ਆਪਣੀ ਬਾਣੀ ਨੂੰ ਇਕੋ ਪੋਥੀ ਰੂਪ ਵਿਚ ਸੰਕਲਿਤ ਕਰਕੇ ਆਪ ਨੇ ਇਹ ਪੋਥੀ ਗੁਰਗੱਦੀ ਸੌਂਪਦੇ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ । ਇਸ ਪੋਥੀ ਦੀ ਬਾਣੀ, ਤੇ ਫਿਰ ਦੂਜੇ, ਤੀਜੇ ਤੇ ਚੌਥੇ ਗੁਰੂ ਸਾਹਿਬਾਨ ਦੀ ਬਾਣੀ ਬਾਬਾ ਮੋਹਨ ਤੋਂ ਪ੍ਰਾਪਤ ਕਰ, ਇਸ ਸਾਰੀ ਬਾਣੀ ਵਿਚ ਆਪਣੀ ਅਤੇ ਹੋਰ ਸੰਤਾਂ-ਭੱਟਾਂ ਦੀ ਬਾਣੀ ਇਕੱਠੀ ਕਰ ਗੁਰੂ ਅਰਜਨ ਦੇਵ ਜੀ ਨੇ ਸੰਮਤ 1660 ਵਿਚ ਆਦਿ ਗ੍ਰੰਥ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਜਿਸ ਨੂੰ ਭਾਦੋਂ ਸੁਦੀ ਪਹਿਲੀ ਸੰਮਤ 1661 (ਸੰਨ 1604) ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਸਥਾਪਨ ਕੀਤਾ ਗਿਆ। ਇਹ ਬੀੜ ਬਾਅਦ ਵਿਚ ਭਾਈ ਗੁਰਦਾਸ ਵਾਲੀ ਬੀੜ ਦੇ ਨਾਮ ਨਾਲ ਪ੍ਰਸਿਧ ਹੋਈ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਪਰੋਕਤ ਬੀੜ ਦੇ ਪ੍ਰਾਪਤ ਨਾ ਹੋਣ ਤੇ ਤਲਵੰਡੀ ਸਾਬੋ (ਹੁਣ ਦਮਦਮਾ ਸਾਹਿਬ) ਵਿਖੇ ਉਪਰੋਕਤ ਬੀੜ ਵਾਲੀ ਸਾਰੀ ਬਾਣੀ ਭਾਈ ਮਨੀ ਸਿੰਘ ਨੂੰ ਲਿਖਵਾਈ ਤੇ ਉਸ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸਮਿਲਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ । ਇਹ ਬੀੜ ਪਿੱਛੋਂ ਦਮਦਮੀ ਬੀੜ ਦੇ ਨਾਂ ਨਾਲ ਪ੍ਰਸਿੱਧ ਹੋਈ । ਦੂਜੇ ਘਲੂਘਾਰੇ ਵੇਲੇ (ਸੰਤ 1818) ਇਹ ਬੀੜ ਗਾਗੇਵਾਲ-ਅਠੂਰ ਦੀ ਢਾਬ ਕਿਨਾਰੇ ਖਾਲਸੇ ਕੋਲੋਂ ਗੁਆਚ ਗਈ । ਇਸੇ ਬੀੜ ਦੇ ਕਈ ਉਤਾਰੇ ਬਾਬਾ ਦੀਪ ਸਿੰਘ ਤੇ ਦੂਸਰੇ ਸਿੰਘਾਂ ਨੇ ਪਹਿਲਾਂ ਕਰ ਲਏ ਸਨ । ਇਸੇ ਬੀੜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 7 ਅਕਤੂਬਰ 1708 (ਸੰਮਤ 1765) ਨੂੰ ਨੰਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰੂਪ ਦਿੱਤਾ । ਬਾਬਾ ਦੀਪ ਸਿੰਘ ਹੋਰਾਂ ਦੇ ਉਤਾਰੇ ਨੂੰ ਸੰਗਤਾਂ ਨੇ ਘਲੂਘਾਰੇ ਪਿੱਛੋਂ ਸ਼ੁਧ ਰੂਪ ਜਾਣ, ਗੁਰੂ ਅਪਣਾ ਲਿਆ ਤੇ ਹੁਣ ਇਸੇ ਬੀੜ ਦੇ ਉਤਾਰੇ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਥਾਨ ਪ੍ਰਾਪਤ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਤੇ 30 ਸੰਤਾਂ-ਭਗਤਾਂ-ਭੱਟਾਂ ਦੀ ਬਾਣੀ ਸ਼ਾਮਲ ਹੈ ਜੋ ਇਸ ਪ੍ਰਕਾਰ ਹੈ :-

ਰਚਿਤਾ ਸ਼ਲੋਕ/ਸ਼ਬਦ


ਸ੍ਰੀ ਗੁਰੂ ਨਾਨਕ ਦੇਵ ਜੀ 974

ਸ੍ਰੀ ਗੁਰੂ ਅੰਗਦ ਦੇਵ ਜੀ 63

ਸ੍ਰੀ ਗੁਰੂ ਅਮਰਦਾਸ ਜੀ 907

ਸ੍ਰੀ ਗੁਰੂ ਰਾਮਦਾਸ ਜੀ 679

ਸ੍ਰੀ ਗੁਰੂ ਅਰਜਨ ਦੇਵ ਜੀ 2218

ਸ੍ਰੀ ਗੁਰੂ ਤੇਗ ਬਹਾਦਰ ਜੀ 116

ਭਗਤ ਕਬੀਰ ਜੀ 541

ਸ਼ੇਖ ਫਰੀਦ ਜੀ 541

ਭਗਤ ਨਾਮਦੇਵ ਜੀ 60

ਭਗਤ ਰਵੀਦਾਸ ਜੀ 41

ਭਾਈ ਸੁੰਦਰ ਜੀ 6

ਭਾਈ ਸਤਾ ਤੇ ਬਲਵੰਡ 8

ਭਗਤ ਤਰਲੋਚਨ ਜੀ 4

ਭਗਤ ਧੰਨਾ ਜੀ 4

ਭਗਤ ਬੈਣੀ ਜੀ 3

ਭਗਤ ਜੈਦੇਵ ਜੀ 2

ਭਗਤ ਭੀਖਨ ਜੀ 2

ਭਗਤ ਸੁਰਦਾਸ ਜੀ 2

ਭਾਈ ਮਰਦਾਨਾ ਜੀ 3

ਭਗਤ ਰਾਮਾਨੰਦ, ਸੈਣ 5

ਪੀਪਾ, ਸਧਨਾਂ ਤੇ ਪਰਮਾਨੰਦ ਜੀ ਦਾ ਇਕ-ਇਕ ਸ਼ਬਦ 3

ਭੱਟਾਂ ਦੇ ਸਵੈਯੇ 123

ਕੁਲ 5894

ਗੁਰੂ ਨਾਨਕ ਦੇਵ ਜੀ ਦੀ ਰਚਨਾ :

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁਲ ਬਾਣੀ 31 ਰਾਗਾਂ ਵਿਚ ਹੈ । ਇਸ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 20 ਰਾਗਾਂ ਵਿਚ ਤੇ 974 ਪਦਾਂ/ਸ਼ਬਦਾਂ/ਸ਼ਲੋਕਾਂ/ਛੰਦਾਂ ਵਿਚ ਹੈ । ਗੁਰੂ ਨਾਨਕ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਰਚਨਾ ਪ੍ਰਚਲਤ ਹੋਣ ਦਾ ਵੇਰਵਾ ਮਿਲਦਾ ਹੈ ਜੋ ਇਸ ਪ੍ਰਕਾਰ ਹੈ ‘ਪ੍ਰਾਣ-ਸੰਗਲੀ, ਜੋਗ ਸਿੱਧ ਬਾਬਾ ਨਾਨਕ ਜੀ ਕੀ, ਸਿੱਧ ਗੋਸਟ ਪੂਰਬੀ, ਤਿਲੰਗ ਕੀ ਵਾਰ, ਗਿਆਨ ਸਰੋਦ, ਨਸੀਹਤ ਨਾਮੇ, ਹਾਜ਼ਰਨਾਮਾ, ਕਰਨੀ ਨਾਮਾ, ਸੀਹਰਫੀਆਂ, ਮਲਿਆਰ ਨਾਲ ਗੋਸ਼ਟ ਤੇ ਹੋਰ ਅਨੇਕਾਂ ਗੋਸ਼ਟਾਂ । ਪ੍ਰੰਤੂ ਉਪਰੋਕਤ ਬਾਣੀ ਗੁਰੂ ਜੀ ਦੀ ਬਾਣੀ ਹੋਣ ਬਾਰੇ ਸ਼ੰਕਿਆਂ ਕਾਰਣ ਪ੍ਰਵਾਣਿਤ ਨਹੀਂ । ਇਸ ਤੋਂ ਬਿਨਾਂ ਗੁਰੂ ਜੀ ਦੀ ਬਾਣੀ ਦੇ ਤਿਬਤੀ, ਚੀਨੀ ਫ਼ਾਰਸੀ ਤੇ ਹੋਰ ਭਾਸ਼ਾਵਾਂ ਵਿਚ ਵੀ ਉਲਥੇ ਦੀ ਚਰਚਾ ਹੈ । ਪਰ ਜੋ ਪ੍ਰਮਾਣੀਕ ਬਾਣੀ ਗੁਰੂ ਨਾਨਕ ਦੇਵ ਜੀ ਦੀ ਸਿੱਧ ਹੋਈ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਮਿਲਿਤ ਬਾਣੀ ਹੀ ਮੰਨੀ ਗਈ ਹੈ । ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿਚ ਕੀਤੇ ਇਸ ਵਰਨਣ ਦਾ ਵੀ ਕੋਈ ਆਧਾਰ ਨਹੀਂ ਮਿਲ ਸਕਿਆ ।

ਚੀਨ ਦੇਸ ਪੁਨ ਪੇਖਓ ਜਾ ਹੇ ॥ ਤਿਸੀ ਦੇਸ ਕੀ ਬੋਲੀ ਮਾ ਹੈ ॥
ਸਬਦ ਉਚਾਰੇ ਜਬ ਗੁਰ ਸਾਮੀ ॥ ਸੁਨ ਸੇਵਕ ਜਨ ਭਏ ਤਮਾਮੀ ॥

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼-ਵਿਦੇਸ਼ ਦਾ ਰਟਨ ਕਰ ਕੇ ਲੋਕਾਂ ਨੂੰ ਪਿਆਰ, ਏਕਤਾ ਤੇ ਭਰਾਤਰੀ ਭਾਵ ਦਾ ਸੁਨੇਹਾ ਦਿੱਤਾ ਤੇ ਜਗਤ ਦੇ ਕਲਿਆਣ ਹਿਤ ਭਾਰੀ ਮਾਤਰਾ ਵਿਚ ਕਾਵਿ ਰਚਨਾ ਕੀਤੀ । ਗੁਰੂ ਜੀ ਨੇ ਬਾਣੀ ਦੀ ਇਹ ਰਚਨਾ ਕਿਸੇ ਇਕੋ ਅਵਸਰ ਤੇ, ਇਕ ਥਾਂ ਬੈਠ ਕੇ ਨਹੀਂ ਕੀਤੀ । ਆਪ ਆਪਣੀ ਆਯੂ ਦੇ ਸਤਵੇਂ ਵਰ੍ਹੇ (ਪੱਟੀ) ਤੋਂ ਲੈ ਕੇ ਸੱਤ੍ਹਰਵੇਂ ਸਾਲ ਤਕ ਸਮੇਂ ਸਮੇਂ ਅਤੇ ਵੱਖ ਵੱਖ ਥਾਈਂ ਲੋੜ ਅਨੁਸਾਰ ਬਾਣੀ ਉਚਾਰਦੇ ਰਹੇ । ਇਸ ਦਾ ਵਿਸਥਾਰ ਜਾਨਣ ਲਈ ਗੁਰੂ ਜੀ ਦਾ ਜੀਵਨ ਤੇ ਰਚਨਾ ਸਥਿਤੀ ਜਾਨਣਾ ਜ਼ਰੂਰੀ ਹੈ ।ਸੰਖੇਪ ਵਿਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਰ ਇਹ ਹੈ :

ਜਨਮ ਰਾਇ ਭੋਈ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂ ਪੁਰਾ, ਪਾਕਿਸਤਾਨ (ਨਨਕਾਣਾ ਸਾਹਿਬ) ਵਿਖੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਵਿਸਾਖ ਸੁਦੀ 3, ਬਿਕਰਮੀ 1526 (15 ਅਪ੍ਰੈਲ 1469) ਨੂੰ ਹੋਇਆ । ਆਪ ਜੀ ਨੇ ਮੱਘਰ 7 ਸੰਮਤ 1533 (ਸੰਨ 1477) ਨੂੰ ਗੋਪਾਲ ਪਾਂਧੇ ਤੋਂ ਟਾਕਰੀ ਪੜ੍ਹਨੀ ਸ਼ੁਰੂ ਕੀਤੀ ਤੇ ਫਿਰ ਬਾਰ੍ਹਵੇਂ ਵਰ੍ਹੇ ਵਿਚ ਮੁਲਾਂ ਕੁਤਬਉਦੀਨ ਤੋਂ ਫਾਰਸੀ ਸਿਖੀ । ਕਿੱਤੇ ਵਪਾਰ, ਪਸ਼ੂ ਚਰਾਉਣਾ ਤੇ ਖੇਤੀ ਆਦਿ ਕਰਨ ਪਿੱਛੋਂ ਸੁਲਤਾਨ ਪੁਰ ਲੋਧੀ ਵਿਖੇ ਮੋਦੀ ਪੁਣਾ ਾ ਸੰਮਤ 1544 (ਸੰਨ 1497) ਤਕ ਕੀਤ । ਮੱਘਰ ਸੁਦੀ 13 ਸੰਮਤ 1539 (ਸੰਨ 1482) ਨੂੰ ਆਪ ਜੀ ਦੀ ਸ਼ਾਦੀ ਸੁਲੱਖਣੀ ਜੀ ਨਾਲ ਬਟਾਲੇ ਵਿਖੇ ਹੋਈ । ਆਪ ਜੀ ਦੇ ਦੋ ਪੁੱਤਰ ਸ੍ਰੀ ਚੰਦ ਜੀ (ਭਾਦੋਂ ਸੁਦੀ 9 ਸੰਮਤ 1551, ਸੰਨ 1494) ਅਤੇ ਸ੍ਰੀ ਲਛਮੀ ਦਾਸ ਜੀ (19 ਫੱਗਣ ਸੰਮਤ 1551 ਸੰਨ 1496) ਨੂੰ ਜਨਮੇਂੇ । ਨੌਵੇਂ ਵਰ੍ਹੇ (ਸੰਨ 1479) ਨੂੰ ਜੰਝੂ ਪਹਿਨਾਉਣ ਦੀ ਰਸਮ ਹੋਈ ।ਸਤਾਈਵੇਂ ਵਰ੍ਹੇ ਸੰਮਤ 1553, ਸੰਨ 1496, ਨੂੰ ਆਪ ਜੀ ਨੂੰ ਵੇਈਂ ਵਿਚ ਇਸ਼ਨਾਨ ਕਰਦੇ ਸਮੇਂ ਗਿਆਨ ਪ੍ਰਾਪਤੀ ਹੋਈ ਜਿਸ ਪਿੱਛੋਂ ਆਪ ਨੇ ਉਦਾਸੀਆਂ ਅਰੰਭੀਆਂ ਜਿਹਨਾਂ ਵਿਚੋਂ ਚਾਰ; ਪੂਰਬ, ਦਖਣ, ਉੱਤਰ ਤੇ ਪੱਛਮ ਦੀਆਂ ਉਦਾਸੀਆਂ ਮੁੱਖ ਹਨ ।

ਪਹਿਲੀ ਉਦਾਸੀ ਪੂਰਬ ਦੀ ਸੰਨ 1497 ਤੋਂ 1509 ਈ: ਤਕ ਦੀ ਹੈ ਜਿਸ ਵਿਚ ਆਪ ਸੁਲਤਾਨ ਪੁਰ ਲੋਧੀ ਤੇ ਚੱਕ ਲਾਹੌਰ ਏਮਨਾਬਾਦ ਤੋਂ ਹੈ, ਫਿਰ ਕੁਰੂਖੇਤਰ ਵਲ ਗਏੇ ਜਿਥੋਂ ਅਗੇ ਕਰਨਾਲ, ਪਾਣੀਪਤ, ਹਰਦਵਾਰ, ਅਕਬਰਪੁਰ, ਨਿਜ਼ਾਮਾਬਾਦ, ਅਲਾਹਾਬਾਦ, ਬਨਾਰਸ, ਗਯਾ, ਪਟਨਾ, ਮੁੰਘੇਰ, ਢਾਕਾ, ਕਲਕਤਾ, ਕਟਕ, ਪੁਰੀ, ਅਮਰਕੰਟਕ, ਜਬਲਪੁਰ, ਭੂਪਾਲ, ਚੰਦੇਰੀ ਦੱਖਣੀ ਝਾਂਸੀ, ਗਵਾਲੀਅਰ, ਆਗਰਾ, ਮਥੁਰਾ, ਦਿੱਲੀ, ਰਿਵਾੜੀ, ਹਿਸਾਰ, ਸਿਰਸਾ, ਜਗਰਾਂਉਂ, ਚੂਨੀਆਂ ਹੁੰਦੇ ਹੋਏ ਤਲਵੰਡੀ ਪਹੁੰਚੇ ਤੇ ਫਿਰ ਸੁਲਤਾਨਪੁਰ ਲੋਧੀ ।

ਦੂਸਰੀ ਉਦਾਸੀ ਦੱਖਣ ਦੀ ਸੰਨ 1510 ਤੋਂ 1514 ਤਕ ਦੀ ਹੈ ਜਿਸ ਵਿਚ ਆਪ ਤਲਵੰਡੀ ਤੋਂ ਚਲ ਕੇ ਸਤਘਰਾ, ਦੀਪਾਲਪੁਰ, ਪਾਕਪਟਨ, ਬੀਕਾਨੇਰ, ਪੁਸ਼ਕਰ, ਅਜਮੇਰ, ਉਜੈਨ, ਇੰਦੋੌਰ, ਨਾਸਿਕ, ਓਅੰਕਾਰੇਸ਼ਵਰ, ਦੋਲਤਾਬਾਦ, ਗੰਟੂਰ, ਕਂਾਚੀਪੁਰਮ, ਤ੍ਰਿਵਨੇਮਲਾਈ, ਨਾਗਾਪਟਨਮ, ਸ੍ਰੀ ਲੰਕਾ (ਤ੍ਰਿਨਕੋਮਲੀ, ਬਾਟੀਕੁਲਾ, ਕੁਰੂਕਲ ਮੰਡਪ, ਕਤਰਗਾਮਾ, ਬਾਦੁਲਾ, ਏਲੀਆ, ਨੁਆਰਾ, ਸੀਤਵਾਕਾ, ਕੋਟੀ, ਅਨੁਰਾਧਾਪੁਰਾ, ਮਨਾਰ), ਸੇਤਬੰਦ, ਪਲਿਅਨਕੋਟਈ, ਟ੍ਰੀਵੇਂਡਰਮ, ਅਨਾਮਲਾਈ, ਪਾਲਘਾਟ, ਮੈਸੂਰ, ਬੰਗਲੌਰ, ਕੋਲਾਬਾ, ਬੜੌਦਾ, ਅਹਿਮਦਾਬਾਦ, ਸੋਮਨਾਥ, ਗਿਰਨਾਰ, ਦਵਾਰਕਾ, ਉੱਚ, ਤੁਲੰਭਾ ਹੁੰਦੇ ਹੋਏ ਤਲਵੰਡੀ ਪਹੁੰਚੇ ।

ਤੀਸਰੀ ਉਦਾਸੀ ਉੱਤਰ ਦੀ ਸੰਨ 1514 ਤੋਂ 1517 ਈ: ਦੀ ਉਤਰਾਖੰਡ ਦੀ ਹੈ ।ਗੁਰੂ ਜੀ ਕਰਤਾਰਪੁਰੋਂ ਚਲ ਕੇ ਗੁਰਦਾਸਪੁਰ, ਪਠਾਨਕੋਟ, ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸਥਾਨ ਤੇ ਪਹੁੰਚੇ । ਕਾਂਗੜਾ ਪਿੱਛੋਂ ਧਰਮਸ਼ਾਲਾ, ਚੰਬਾ, ਭਰਮੌਰ, ਡਲਹੌਜ਼ੀ, ਮਨਮਹੇਸ਼ ਝੀਲ ਵਾਪਸ ਕਾਂਗੜਾ, ਜਵਾਲਾਮੁਖੀ, ਤ੍ਰਿਲੋਕਨਾਥ, ਮਨੀਕਰਨ, ਮੰਡੀ ਸੁਕੇਤ, ਰਵਾਲਸਰ ਹੁੰਦੇ ਹੋਏ ਪੰਜਾਬ ਦੇ ਕੀਰਤਪੁਰ ਸਾਹਿਬ ਆ ਪਹੁੰਚੇ ਜਿਥੋਂ ਪੰਜੋਰ ਹੁੰਦੇ ਹੋਏ ਹਿਮਾਚਲ ਵਿਚ ਦੁਬਾਰਾ ਜੌਹੜਸਰ ਤੀਰਥ, ਬੁਸ਼ਹਿਰ, ਸ਼ਿਪਕੀ ਪਾਸ ਹੁੰਦੇ ਹੋਏ ਦੱਖਣ-ਪੱਛਮੀ ਤਿੱਬਤ ਵਿਚ ਸੁਮੇਰ ਪਰਬਤ (ਕੈਲਾਸ਼ ਪਰਬਤ) ਦੇ ਇਲਾਕੇ ਵਿਚ ਗਏ ਜਿਥੇ ਪ੍ਰਸਿਧ ਝੀਲ ਮਾਨ ਸਰੋਵਰ ਵੀ ਗਏ ਤੇ ਸਿੱਧਾਂ ਜੋਗੀਆਂ ਲਾਮਿਆਂ ਨਾਲ ਵਚਨ-ਬਿਲਾਸ ਕੀਤੇ । ਉਥੋਂ ਨੇਪਾਲ ਦੇ ਲੇਪੁਲੇਖ ਦਰ੍ਹੇ ਰਾਹੀਂ ਭਾਰਤ ਆਏ ਤੇ ਕੇਦਾਰ ਖੇਤਰ ਵਿਚੋਂ ਦੀ ਹੁੰਦੇ ਹੋਏ ਪੌੜੀ, ਕੇਦਾਰ ਨਾਥ, ਬਦਰੀਨਾਥ, ਨਾਨਕਮਤਾ, ਟਾਂਡਾ, ਪੀਲੀ ਭੀਤ, ਗੋਲਾ, ਅਯੁਧਿਆ, ਟਾਂਡਾ, ਸ੍ਰੀ ਨਗਰ, ਗੜ੍ਹਵਾਲ ਰਿਸ਼ੀ ਕੇਸ਼, ਹੁੰਦੇ ਹੋਏ ਕੁੰਭ ਦੇ ਮੇਲੇ ਤੇ ਹਰਦਵਾਰ ਪਹੁੰਚੇ ਇਸ ਤੋਂ ਅੱਗੇ ਅਲਮੋੜੇ, ਨੈਨੀਤਾਲ, ਹਲਦਵਾਨੀ, ਨਾਨਕਮਤਾ, ਰੀਠਾ ਸਾਹਿਬ, ਟਾਂਡਾ, ਪੀਲੀਭੀਤ, ਕੋਹੜੀ ਵਾਲਾ ਘਾਟ, ਅਯੋਧਿਆ, ਸੀਤਾਪੁਰ, ਗੋਰਖਪੁਰ, ਦਿਉਰੀਆ, ਮੁਜਫਰਪੁਰ, ਸੀਤਾਮੜ੍ਹੀ ਹੁੰਦੇ ਹੋਏ ਆਪ ਨੇਪਾਲ ਵਿਚ ਜਨਕਪੁਰ (ਮਿਥਿਲਾ) ਦੀ ਥਾਂ ਦਾਖਲ ਹੋਏ । ਨੇਪਾਲ ਵਿਚ ਸੰਨ 1515 ਵਿਚ ਚਤਰ (ਬਿਰਾਟਨਗਰ), ਢੁੱਬਰੀ ਰਾਹੀਂ ਕਠਮੰਡੂ ਪਹੁੰਚੇ । ਕਠਮੰਡੂ ਤੋਂ ਆਪ ਹਿਮਾਲਾ ਵਲ ਵਧਦੇ ਨਾਨਕਲਾ, ਨਮਚਾ ਭਾਠਾਰ ਤੇ ਥਿਆਂਗਬੋਚ ਪਹੁੰਚੇ । ਇਥੋਂ ਆਪ ਤਿੱਬਤ ਦੇ ਸਾਕਿਆ ਲਾਮਾ ਮੱਠ ਹੁੰਦੇ ਹੋਏ ਲਾਸਾ ਪਹੁੰਚੇ ।ਲਾਸਾ ਤੋਂ ਵਾਪਸੀ ਸਿੱਕਿਮ ਦੀ ਗੁਰੂਡਾਂਗਮਾਰ ਝੀਲ ਤੇ ਗਏ ਤੇ ਸਿੱਕਿਮ ਵਿੱਚ ਆਪ ਚੁੰਗਤਾਂਗ ਨਾਂ ਦੇ ਸਥਾਨ ਤੇ ਰੁਕੇ । ਚੁੰਗਤਾਂਗ ਤੋਂ ਤਿੱਬਤ ਦੀ ਚੁੰਭੀ ਵਾਦੀ ਰਾਹੀਂ ਆਪ ਭੂਟਾਨ ਦੇ ਪਾਰੋ ਨਾਂ ਦੇ ਥਾਂ ਤੇ ਪਹੁੰਚੇ ਤੇ ਪੂਰੇ ਭੂਟਾਨ ਦੇ ਮੱਠਾਂ ਦੀ ਯਾਤਰਾ ਕੀਤੀ । ਭੂਟਾਨ ਤੋਂ ਅਗੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਕਸਬੇ ਪਹੁੰਚੇ । ਸਮਦੂਰੰਗ ਚੋ ਦੇ ਨਾਲ ਨਾਲ ਆਪ ਤਿੱਬਤ ਦੇ ਸਾਮਿਆ ਮੱਠ ਪਹੁੰਚੇ ਤੇ ਮੰਚੂਖਾ ਅਰੁਣਾਚਲ ਪ੍ਰਦੇਸ਼ ਆ ਕੇ ਕੁਝ ਮਹੀਨੇ ਤਪ ਕੀਤਾ । ਮੰਚੂਖਾ ਤੋਂ ਆਪ ਫਿਰ ਤਿੱਬਤ ਜਿਥੋਂ ਦੀ ਮੇਂਬਾ ਜਾਤੀ ਨੂੰ ਆਪ ਨੇ ਮੰਚੂਖਾ ਤੇ ਟ੍ਰਟਿੰਗ-ਗੈਲਿੰਗ ਵਾਦੀਆਂ ਵਿਚ ਵਸਾਇਆ । ਮੰਚੂਖਾ ਤੋਂ ਗੈਲਿੰਗ-ਟੂਟਿੰਗ, ਸਾਂਗ ਪੋ (ਸਿਆਂਗ-ਬ੍ਰਹਮਪੁਤਰ) ਦਰਿਆ ਦੇ ਨਾਲ ਨਾਲ ਆਪ ਅਰੁਣਾਂਚਲ ਵਿਚ ਹੀ ਪਾਸੀਘਾਟ ਤੋਂ ਉਪਰ ਵਲ ਦੀ ਸਾਦੀਆ ਪਹੁੰਚੇ । ਉਥੋਂ ਜ਼ੀਰੋ ਹੁੰਦੇ ਹੋਏ ਬ੍ਰਹਮਕੁੰਡ ਪਹੁੰਚੇ ਤੇ ਵਾਲੌਗ, ਗੋਲਾਘਾਟ, ਸ਼ਿਲਾਂਗ, ਗੁਹਾਟੀ, ਹੁੰਦੇ ਹੋਏ ਧੂਬੜੀ, ਕੰਤ ਨਗਰ, ਮਾਲਦਾ, ਸਿਲਹਟ, ਅਗਰਤਲਾ, ਚਿਟਾਗਾਂਗ, ਚਾਂਦ ਪੁਰ, ਪਹੁੰਚੇ ਜਿਥੋਂ ਅਗੇ ਹਾਂਗਕਾਂਗ, ਨਾਨਕਿੰਗ, ਨਾਨਚਿਆਂਗ ਤੇ ਨਾਨਪਿੰਗ ਨਗਰਾਂ ਦੀ ਯਾਤਰਾ ਪਿੱਛੋਂ ਵਾਪਸ ਲਾਸਾ ਸ਼ਾਹਰਾਹ ਰਾਹੀਂ ਚੁਸ਼ੂਲ ਦੱਰ੍ਹਾ ਪਾਰ ਕਰ ਕੇ ਲੱਦਾਖ ਅਪੜੇ । ਉਪਸ਼ੀ, ਕਾਰਾ, ਹਿੰਮਸ ਗੋਫਾ ਹੁੰਦੇ ਹੋਏ ਆਪ ਲੇਹ ਅਪੜੇ । ਅਗੇ ਨਿਮੂ, ਬਾਸਗੋ, ਖਾਲਸੇ, ਸਕਾਰੜੂ, ਕਾਰਗਿਲ, ਦਰਾਸ, ਬਾਲਤਾਲ, ਜੋਜ਼ੀਲਾ ਰਾਹੀਂ ਅਮਰਨਾਥ ਗਏ ਫਿਰ ਪਹਿਲਗਾਮ, ਮਟਨ, ਅਨੰਤਨਾਗ ਰਾਹੀਂ ਸ੍ਰੀ ਨਗਰ ਪਰਤੇ ਜਿਥੋਂ ਬਾਰਾਮੂਲਾ ਊਰੀ ਹੁੰਦੇ ਵਾਪਿਸ ਪੰਜਾਬ ਦੇ ਹਸਨ ਅਬਦਾਲ (ਪੰਜਾ ਸਾਹਿਬ) ਪਹੁੰਚੇ । ਰਾਵਲਪਿੰਡੀ, ਬਾਲਗੁਦਾਈ, ਗੁਜਰਾਤ, ਸਿਆਲਕੋਟ, ਪਸਰੂਰ, ਐਮਨਾਬਾਦ ਰਾਹੀਂ ਆਪ ਜੀ ਦੀ ਇਹ ਉਦਾਸੀ ਤਲਵੰਡੀ ਆ ਕੇ ਸੰਪੂਰਨ ਹੋਈ ।

ਚੋਥੀ ਉਦਾਸੀ ਇਸਲਾਮੀ ਗੜ੍ਹਾਂ ਦੀ ਹੈ । ਕਰਤਾਰਪੁਰੋਂ ਆਪ ਸ਼ਕਰਪੁਰ, ਡੇਰਾ ਗਾਜ਼ੀ ਖਾਂ, ਦੀਪਾਲਪੁਰ, ਪਾਕਪਟਨ, ਤੁਲੰਭਾ, ਮੁਲਤਾਨ, ਉੱਚ, ਸੱਖਰ, ਸਿੰਧ, ਹੈਦਰਾਬਾਦ, ਲਖਪਤ, ਕਰਾਚੀ, ਸੋਨਮਿਆਨੀ ਹੁੰਦੇ ਹੋਏ ਹਿੰਗਲਾਜ ਤੀਰਥ ਗਏ, ਵਾਪਸ ਸੋਨਮਿਆਨੀ ਤੋਂ ਸਮੁੰਦਰ ਦੇ ਰਾਹ ਮਸਕਟ, ਅਦਨ, ਜੱਦਾ ਹੁੰਦੇ ਹੋਏ ਮੱਕਾ ਗਏ । ਮੱਕਾ ਤੋਂ ਮਿਸਰ ਤੇ ਸੂਡਾਨ ਤੇ ਇਸਤਮਬੋਲ ਜਾਣ ਦੀ ਸ਼ਾਹਦੀ ਵੀ ਮਿਲਦੀ ਹੈ । ਵਾਪਸੀ ਮਦੀਨਾ, ਫੈਜ, ਹੋਲ, ਅਲ ਨਜਫ, ਬਗਦਾਦ, ਤਹਿਰਾਨ, ਮਸ਼ਹਦ, ਤੂਸ, ਹੈਰਾਤ, ਫਾਰ੍ਹਾ, ਕੰਧਾਰ, ਕਾਸਲ, ਜਲਾਲਾਬਾਦ, ਖੈਬਰ ਦੱਰ੍ਹਾ ਤੋਂ ਫਿਰ ਹਸਨ ਅਬਦਾਲ ਵਿਚੋਂ ਦੀ ਅਗੇ ਆਪ ਰੋਹਤਾਸ, ਜਿਹਲਮ, ਗੁਜਰਾਤ, ਐਮਨਾਬਾਦ, ਤਲਵੰਡੀ, ਲਾਹੋੌਰ, ਸੁਲਤਾਨ ਪੁਰ, ਬਟਾਲਾ ਹੁੰਦੇ ਹੋਏ ਕਰਤਾਰ ਪੁਰ ਪਹੁੰਚੇ । ਜ਼ਿੰਦਗੀ ਦੇ ਆਖਿਰੀ ਦਿਨ ਆਪ ਬਹੁਤਾ ਕਰਤਾਰ ਪੁਰ ਹੀ ਰਹੇ । ਪੰਜਾਬ ਤੇ ਸਿੰਧ ਦੇ ਕੁਝ ਕੁ ਸਥਾਨਾਂ ਤੇ ਪਹੁੰਚਣ ਦੀ ਸ਼ਾਹਦੀ ਵੀ ਹੈ । ਇਸ ਤਰ੍ਹਾਂ ਆਪ ਜੀ ਦੀ ਮੁਢਲੀ ਜ਼ਿੰਦਗੀ ਈਸ਼ਰ ਦੀ ਯਾਦ ਵਿਚ, ਸੱਚ ਦੇ ਪ੍ਰਚਾਰ ਵਿਚ ਯਾਤਰਾਵਾਂ, ਤੇ ਅਖੀਰਲੇ ਦਿਨ ਸੱਚ ਪ੍ਰਚਾਰ ਤੇ ਰਬੀ ਬਾਣੀ ਦੇ ਸੰਕਲਨ ਵਿਚ ਬੀਤੇ ।

ਕਰਤਾਰ ਪੁਰ ਨਗਰ ਵਿਚ ਗੁਰੂ ਜੀ ਅਖੀਰਲੇ ਦਿਨਾਂ ਤਕ ਰਹੇ ਜਿਥੇ ਹੋਰ ਸੇਵਕਾਂ ਸਮੇਤ ਅੰਗਦ ਜੀ ਨਾਲ ਵਚਨ ਬਿਲਾਸ ਕਰਦੇ ਰਹੇ ਤੇ ਬਾਣੀ ਨੂੰ ਸੋਧਦੇ ਤੇ ਤਰਤੀਬਵਾਰ ਕਰ ਕੇ ਸੰਕਲਨ ਕਰਦੇ ਰਹੇ ।ਪੱਟੀ ਦੀ ਰਚਨਾ (ਤਲਵੰਡੀ) ਤੋ ਚੁਕੀ ਸੀ । ਆਸਾ ਦੀ ਵਾਰ ਪਾਕਪਟਨ ਵਿਖੇ ਸ਼ੇਖ ਇਬਰਾਹੀਮ ਦੀ ਬੇਨਤੀ ਪਰਵਾਨ ਕਰ ਕੇ ਰਚੀ ਸੀ ।ਕਰਤਾਰਪੁਰ ਆ ਕੇ ਟਿਕਣ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਆਪਣੀਆਂ ਮੁਖ ਬਾਣੀਆਂ ਉਚਾਰ ਚੁਕੇ ਸਨ ਜਿਨ੍ਹਾਂ ਨੂੰ ਪੋਥੀ ਰੂਪ ਵਿਚ ਆਪਨੇ ਗੁਰੁ ਅੰਗਦ ਦੇਵ ਜੀ ਨੂੰ ਸੌਂਪਿਆ।

ਬੋਲੀ :

ਗੁਰੂ ਜੀ ਸਮੇਂ ਤੇ ਸਥਾਨ ਅਨੁਸਾਰ ਢੁਕਵੀਂ ਬੋਲੀ ਇਸਤੇਮਾਲ ਕਰਦੇ ਸਨ । ਪ੍ਰਤਿਭਾ ਤਿੱਖੀ ਹੋਣ ਸਦਕਾ ਉਹ ਨਵੇਂ ਵਿਸ਼ੇ ਦੀ ਬਹੁਤ ਜਲਦੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਸਨ ਤੇ ਬੋਲੀ ਦਾ ਪ੍ਰਯੋਗ ਵੀ ਜਲਦੀ ਸਿੱਖ ਲੈਂਦੇ ਸਨ । ਜੋ ਬੋਲੀਆਂ, ਉਪ-ਬੋਲੀਆਂ ਗੁਰੂ ਜੀ ਨੇ ਵਰਤੀਆਂ ਉਨ੍ਹਾਂ ਵਿਚੋਂ ਪ੍ਰਮੁਖ ਇਹ ਹਨ :-ਪੰਜਾਬੀ, ਲਹਿੰਦੀ, ਸਾਧ ਭਾਖਾ, ਖੜ੍ਹੀ ਬੋਲੀ, ਪੱਛਮੀ ਅਪਭ੍ਰੰਸ਼, ਹਿੰਦਵੀ (ਬ੍ਰਿਜ ਤੇ ਅਵਧੀ) ਪ੍ਰਾਕ੍ਰਿਤ, ਅਰਬੀ, ਫਾਰਸੀ, ਸਿੰਧੀ ਆਦਿ । ਚੀਨੀ ਤੇ ਤਿਬਤੀ ਭਾਸ਼ਾਵਾਂ ਵਿਚ ਲਿਖੇ ਸ਼ਬਦ ਪ੍ਰਾਪਤ ਨਹੀਂ ਹੋਏ । ਕਈ ਵਾਰੀ ਉਹ ਇਕੋ ਸ਼ਬਦ ਵਿਚ ਕਈ ਬੋਲੀਆਂ ਦਾ ਰਲਾ ਬਣਾ ਕੇ ਵਰਤ ਲੈਂਦੇ ਸਨ ਜਿਵੇਂ :-

ਸਾਦ ਸਹਜ ਸੁਖ ਰਸ ਕਸ ਤਜੀਅਲੈ, ਕਾਪੜ ਚਮੜ ਲੀਏ ॥

ਦੁਖੀਏ ਦਰਦਵੰਦ ਦਰ ਤੇਰੇ, ਨਾਮਿ ਰਤੇ ਦਰਵੇਸ ਭਏ ॥

ਖਲੜੀ ਖਪਰੀ ਲਕੜੀ ਚਮੜੀ, ਸਿਖਾ ਸਤੁ ਧੋਤੀ ਕੀਨੀ ॥

ਤੂੰ ਸਾਹਿਬ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕੁ ਜਾਤਿ ਕੈਸੀ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਆਂਸਾ ਪੰਨਾ 353)

ਇਸ ਬੰਦ ਵਿਚ ਕਈ ਭਾਖਾਵਾਂ, ਉਪ-ਭਾਖਾਵਾਂ ਦਾ ਰਲਾ ਹੈ ਜੋ ਇਸ ਪ੍ਰਕਾਰ ਹੈ ;

ਸੰਸਕ੍ਰਿਤ-ਜਾਤਿ, ਸਹਜ, ਸੁਖ, ਰਸ ।

ਪ੍ਰਾਕ੍ਰਿਤ-ਪ੍ਰਣਵੈ, ਸਾਦ, ਧੋਤੀ, ਸਾਂਗੀ ।

ਫਾਰਸੀ-ਦਰਦਵੰਦ, ਦਰ, ਦਰਵੇਸ਼, ਸਾਹਿਬ ।

ਖੜ੍ਹੀ-ਰਸ ਕਸ, ਲੀਏ, ਤੇਰੇ, ਕੈਸੀ, ਸਤ

ਬ੍ਰਿਜ- ਭਏ, ਛੋਡੈ, ਕਾਪੜ, ਹਉ, ਸੂਤ ।

ਪੂਰਬੀ-ਕੀਨੀ, ਤਜੀਅਲੇ ।

ਪੰਜਾਬੀ-ਚਮੜ, ਸਿਖ, ਨਾਮਿ ਰਤੇ, ਖਲੜੀ, ਚਮੜੀ, ਤੂੰ ।

ਸਾਂਝੇ-ਸੁਖ, ਰਸ, ਨਾਮ, ਖੱਪਰੀ, ਲਕੜੀ ।

ਮੁਖ ਤੌਰ ਤੇ ਆਪ ਨੇ ਸਰਲ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਹੈ ਜਿਸ ਵਿਚ ਪੰਜਾਬੀ ਪ੍ਰਧਾਨ ਹੈ ਤੇ ਹੋਰ ਬੋਲੀਆਂ, ਉਪ-ਬੋਲੀਆਂ ਦਾ ਜ਼ਰੂਰਤ ਅਨੁਸਰ ਰਲਾ ਹੈ ਤਾਂ ਕਿ ਉਹ ਸਮੇਂ ਸਥਾਨ ਤੇ ਵਿਸ਼ੇ ਅਨੁਸਾਰ ਢੁਕ ਜਾਣ ।

ਸਮਾਂ :

ਇਹ ਬਾਣੀ ਲਿਖੀ ਕਦੋਂ? ਇਸ ਬਾਰੇ ਵੱਖ ਵੱਖ ਲਿਖਾਰੀਆਂ ਦੇ ਵੱਖ ਵੱਖ ਮਤ ਹਨ । ਪੁਰਾਤਨ ਜਨਮ ਸਾਖੀ ਵਿਚ ਗੁਰੂ ਜੀ ਦਾ ਆਪਣੇ ਨਾਲ ਲਿਖਣ ਲਈ ਕੁਝ ਰੱਖਣ ਦਾ ਹਵਾਲਾ ਨਹੀਂ ਮਿਲਦਾ ਤੇ ਨਾ ਹੀ ਉਨ੍ਹਾਂ ਹੱਥ ਪੋਥੀ ਦਾ ਜਿਕਰ ਮਿਲਦਾ ਹੈ । ਮੁਖ ਪਹਿਰਾਵੇ ਜੋ ਗੁਰੂ ਜੀ ਨੇ ਉਦਾਸੀਆਂ ਸਮੇਂ ਅਪਨਾਏ ਇਉਂ ਵਰਨਣ ਕੀਤੇ ਗਏ ਹਨ :

ੳ) ਪਹਿਰਾਵਾ ਬਾਬੇ ਦਾ : ਏਕੁ ਬਸਤਰੁ ਅੰਬੋਆ, ਏਕੁ ਬਸਤਰੁ ਚਿੱਟਾ । ਏਕ ਪੈਰਿ ਜੁਤੀ, ਏਕ ਪੈਰ ਖੰਉਸਾ, ਗਲਿ ਕਫਨੀ, ਸਿਰਿ

ਟੋਪੀ ਕਲੰਦਰੀ, ਮਾਲਾ ਹੱਡਾਂ ਕੀ, ਮੱਥੇ ਟਿਕਾ ਕੇਸਰ ਕਾ ।

ਅ) ਤਦਹੁ ਪੈਰੀ ਖੜਾਵਾਂ ਕਾਠ ਕੀਆਂ । ਹਥਿ ਆਸਾ । ਸਿਰ ਰਸੇ ਪਲੇਟੇ, ਬਾਹਾਂ ਜਾਂਘਾਂ ਰਸੇ ਪਲੇਟੇ । ਮੱਥੇ ਟਿਕਾ ਬਿੰਦੁਲੀ ਕਾ।

ੲ) ਪੈਰੀ ਚਮੜਾ ਅਤੇ ਸਿਰ ਚਮੜਾ, ਸਾਰੀ ਦੇਹ ਲਪੇਟਿਅਸੁ ਅਤੇ ਮਾਥੈ ਟਿਕਾ ਕੇਸਰ ਕਾ ।

ਸ) ਪੈਰੀ ਖੰਉਸਾ ਚੰਮ ਕੀਆਂ ਅਤੇ ਚੰਮ ਕੀ ਸੁਥਣਿ । ਗਲ ਵਿਚ ਹਡੀਆਂ ਕੀ ਮਾਲਾ, ਮੱਥੇ ਟਿਕਾ ਬਿੰਦੀ ਕਾ-ਤਬ ਨੀਲੇ ਬਸਤਰ ਥੇ ।

ਹ) ਇਕ ਚਾਦਰ ਤੇੜ ਅਤੇ ਇਕ ਉਪਰ, ਇਕੁ ਪਟਕਾ ਸਿਰ ।

ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਜੀ ਦੀ ਬਾਣੀ ਲਿਖਣ ਵਾਲੇ ਸਨ-ਸੈਦੋ ਘੇਹੁ, ਸੀਹਾ ਛੀਬਾ ਤੇ ਗੁਰੂ ਅੰਗਦ ਜੀ ਤੇ ਇਕ ਬਾਣੀਏਂ ਦਾ ਨਾਂ ਵੀ ਹੈ ।


ੳ) ਅਨਭੀ ਸਰੇਵੜਾ ਅਇਸ ਪੈਰੀ ਪਇਆ । ਨਾਉ ਧਰੀਕ ਹੋਆ । ਗੁਰੂ ਗੁਰੂ ਲਗਾ ਜਪਣਿ । ਤਿਤੁ ਮਹਹਿ ਬਿਸਮਾਦਿ ਵਿਚ

ਧਨਾਸਰੀ ਦੇਸ ਇਹੁ ਵਾਰ ਹੋਈ ਸੰਪੂਰਨ ਮਾਝ ਕੀ ਪਉੜੀ । ਤਦਹੁ ਸੈਦੋ ਘੇਹੁ ਲਿਖੀ, ਸੰਪੂਰਨ ਪੜਣੀ ।

ਅ) ਗੋਸਟਿ ਮਛਿੰਦ ਨਾਲਿ ਸੰਪੂਰਨ ਹੋਈ । ਬਾਣੀ ਸੈਦੋ ਘੇਹੋ ਜਟਿ ਲਿਖੀ ।

ੲ) ਤਬੀ ਬਾਣੀ ਹਾਸਲ ਹੋਈ । ਤਬ ਸੀਹੇ ਛੀਬੈ ਲਿਖੀ ।

ਸ) ਤਿੰਨ ਬਰਸ ਬਾਣੀਆਂ ਬਾਬੇ ਪਾਸ ਰਹਿਆ - ਤਾਂ ਗੁਰੂ ਬਾਬੇ ਦੀ ਬਾਣੀ ਦੀਆਂ ਪੋਥੀਆਂ ਬਹੁਤ ਲਿਖੀਆਂ ।

ਹ) ਤਿਤੁ ਮਹਲਿ ਜੇ ਸਬਦੁ ਹੋਇਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ ।

ਇਨ੍ਹਾਂ ਤੋਂ ਬਿਨਾਂ ਭਾਈ ਮਰਦਾਨਾ ਤੇ ਹੱਸੂ ਲੁਹਾਰ ਵੀ ਗੁਰੂ ਜੀ ਦੀਆਂ ਬਾਣੀਆਂ ਲਿਖਦੇ ਰਹੇ ਜਿਸ ਦਾ ਜਿਕਰ ਦੂਸਰੀਆਂ ਜਨਮ ਸਾਖੀਆਂ ਵਿਚ ਹੈ । ਇਸ ਅਨੁਸਾਰ ਗੁਰੂ ਜੀ ਬਾਣੀ ਪਹਿਲਾਂ ਉਚਾਰਦੇ, ਲਿਖੀਆਂ ਪਿਛੋਂ ਜਾਂਦੀਆਂ । ਬਾਣੀ ਦੀ ਸੋਧ ਤੇ ਤਰਤੀਬ ਗੁਰੂ ਜੀ ਨੇ ਗੁਰੂ ਅੰਗਦ ਜੀ ਦੇ ਨਾਲ ਕਰਤਾਰਪੁਰ ਵਿਖੇ ਕੀਤੀ । ਬਾਣੀ ਦੇ ਸੰਕਲਨ ਬਾਰੇ ਡਾ: ਤਰਲੋਚਨ ਸਿੰਘ ਨੇ ਇਸ ਤਰ੍ਹਾਂ ਲਿਖਿਆ ਹੈ :

‘ਕਰਤਾਰਪੁਰ ਆ ਕੇ ਟਿਕਣ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਆਪਣੀਆਂ ਮੁਖ ਬਾਣੀਆਂ ਉਚਾਰ ਚੁੱਕੇ ਸਨ । ਪੱਟੀ ਦੀ ਰਚਨਾ ਤਲਵੰਡੀ ਹੋ ਚੁਕੀ ਸੀ, ਆਸਾ ਦੀ ਵਾਰ ਪਾਕਪਟਨ ਵਿਖੇ ਸ਼ੇਖ ਇਬਰਾਹਿਮ ਦੀ ਬੇਨਤੀ ਪਰਵਾਨ ਕਰਕੇ ਰਚੀ ਸੀ । ਓਅੰਕਾਰ, ਰਾਮਕਲੀ ਦੱਖਣੀ ਰਾਗ ਵਿਚ ਓਅੰਕਾਰੇਸ਼ਵਰ ਵਿਖੇ ਰਚਿਆ ਗਿਆ ਸੀ । ਜਪੁਜੀ ਸਾਹਿਬ ਦਾ ਪਹਿਲਾ ਭਾਗ ਸੁਲਤਾਨ ਪੁਰ ਵਿਖੇ ਵੇਈਂ ਪ੍ਰਵੇਸ਼ ਉਪਰੰਤ ਉਚਾਰਿਆ । ਸੋਦਰ ਦੀ ਪਉੜੀ ਅਤੇ ਉਸ ਤੋਂ ਅਗਲੀਆਂ ਪੌੜੀਆਂ ਬਾਅਦ ਦੀਆਂ ਰਚਨਾਵਾਂ ਹਨ ਅਤੇ ਇਨ੍ਹਾਂ ਨੂੰ ਕਲਮਬੱਧ ਕਰਤਾਰਪੁਰ ਵਿਖੇ ਕੀਤਾ । ਜਪੁਜੀ ਸਾਹਿਬ ਦਾ ਬਾਕੀ ਭਾਗ ਕਰਤਾਰਪੁਰ ਬਂੰਨ੍ਹਣ ਤੋਂ ਪਹਿਲਾਂ ਉਚਾਰਿਆ ਜਾ ਚੁਕਿਆ ਸੀ । ਕਰਤਾਰਪੁਰ ਵਿਖੇ ਇਨ੍ਹਾਂ ਨੂੰ ਕਰਮਬਧ ਕਰਕੇ ਇਸ ਦਾ ਮੌਜੂਦਾ ਰੂਪ ਦਿੱਤਾ ਗਿਆ - ਅਸਲੀ ਗੋਸ਼ਟ ਜੋ ਸੁਮੇਰ ਪਰਬਤ ਉੱਤੇ ਸਿਧਾਂ ਨਾਲ ਹੋਈ ਉਹ ਸਿਧ ਗੋਸ਼ਟ ਹੈ-ਸਾਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੋਥੀ ਗੁਰੂ ਨਾਨਕ ਦੇਵ ਜੀ ਦੀ ਨਿਗਰਾਨੀ ਹੇਠ ਅੰਗਦ ਜੀ ਨੇ ਸੰਪਾਦਿਤ ਕੀਤੀ ‘।

ਉਪਰੋਕਤ ਤੱਥਾਂ ਨੂੰ ਨਜ਼ਰ ਵਿਚ ਰਖਦਿਆਂ ਇਹ ਸਾਫ ਜਾਹਿਰ ਹੈ ਕਿ ਗੁਰੂ ਜੀ ਨੇ ਸ਼ਬਦ ਰਚਨਾ ਗਾਉਣ ਤੋਂ ਪਹਿਲਾਂ ਕੀਤੀ । ਇਸ ਨੂੰ ਲਿਖਤੀ ਰੂਪ ਬਾਅਦ ਵਿਚ ਲਿਆਂਦਾ ਗਿਆ ।ਲਿਖਤੀ ਰੂਪ ਆਪ ਜੀ ਨੇ ਖੁਦ ਜਾਂ ਉਨ੍ਹਾਂ ਦੇ ਸੰਗੀਆਂ ਨੇ ਕੀਤਾ। ਸੋਧ ਤੇ ਤਰਤੀਬ ਵਾਰ ਟਿਕ ਬੈਠਣ ਸਮੇਂ ਕੀਤਾ ਗਿਆ ਜੋ ਜਾਂ ਤਾਂ ਉਦਾਸੀਆਂ ਦੇ ਸਫਰ ਵਿਚਲੇ ਆਰਾਮ ਦਾ ਸਮਾਂ ਹੈ ਜਾਂ ਕਰਤਾਰ ਪੁਰ ਵਿਖੇ ਟਿਕਾਣੇ ਵੇਲੇ ਦਾ । ਕਰਤਾਰ ਪੁਰ ਦੇ ਟਿਕਾਣੇ ਵੇਲੇ ਗੁਰੂ ਜੀ ਨੇ ਬਾਣੀ ਅੰਗਦ ਜੀ ਨੂੰ ਆਪ ਲਿਖਵਾਈ ਤੇ ਤਰਤੀਬ ਵੀ ਦਿੱਤੀ।

ਵਿਸ਼ਾ :

ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਸ਼ਾ ਜਪੁਜੀ ਦੇ ਪਹਿਲੇ ਸਲੋਕ ਵਿਚੋਂ ਹੀ ਪ੍ਰਾਪਤ ਹੋ ਜਾਂਦਾ ਹੈ :

ਆਦਿ ਸਚੁ, ਜੁਗਾਦਿ ਸਚੁ ।ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ ॥

ਇਹ ਸਲੋਕ ਸਾਰੀ ਬਾਣੀ ਦੇ ਵਿਸ਼ੇ ਸਚੁ (ਪ੍ਰਮਾਤਮਾ) ਦਾ ਲਖਾਇਕ ਹੈ ਜਿਸ ਦੀ ਵਿਆਖਿਆ ਆਪ ਜੀ ਨੇ ਮੂਲ ਮੰਤ੍ਰ ਵਿਚ ਹੀ ਕਰ ਦਿੱਤੀ ਹੈ । ਸਚੁ ਦੀ ਵਿਆਖਿਆ ਕਰਦੇ ਗੁਰੂ ਜੀ ਨੇ ਉਚਾਰਿਆ, ‘1ਓ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ” ਇਸ ਸੱਚ ਦੀ ਪ੍ਰਾਪਤੀ ਲਈ ਉਸ ਸਚੇ ਦਾ ਹੁਕਮ ਹੀ ਮੰਨਣਾ ਹੈ, ਕਿਉਂਕਿ :

ਹੁਕਮੈ ਅੰਦਰ ਸਭ ਕੋ, ਬਾਹਰਿ ਹੁਕਮ ਨ ਕੋਇ ।

ਨਾਨਕ ਹੁਕਮੈ ਜੇ ਬੁਝੈ, ਤਾ ਹਉਮੈ ਕਹੈ ਨ ਕੋਇ ॥

ਭਾਵ ਹੁਕਮ ਅਥਾਹ ਹੈ, ਬੇਅੰਤ ਹੈ, ਜੋ ਕੁਝ ਵਰਤਦਾ ਹੈ ਸੋ ਹੁਕਮ ਹੈ । ਜੇ ਮਨੁਖ ਹੁਕਮ ਦੀ ਅਹਿਮੀਅਤ ਨੂੰ ਜਾਣ ਲਵੇ ਤਾਂ ਇਸ ਦੇ ਅੰਦਰੋਂ ਦੂਈ ਅਥਵਾ ਸਚੁ ਤੋਂ ਵਖਰੇ ਹੋਣ ਦਾ ਭਾਵ ਖਤਮ ਹੋ ਜਾਵੇ ਤੇ ਇਹ ਸਚਿਆਰ ਹੋ ਜਾਏ । ਹੁਕਮ ਦੀ ਵਿਆਖਿਆ ਗੁਰੂ ਜੀ ਨੇ ਤਿੰਨ ਪ੍ਰਕਾਰ ਕੀਤੀ ਹੈ :

ਕੁਦਰਤਿ ਦਿਸੈ ਕੁਦਰਤਿ ਸੁਣੀਐ, ਕੁਦਰਤਿ ਭਉ ਸੁਖ ਸਾਰੁ ।

ਕੁਦਰਤਿ ਪਾਤਾਲੀ ਆਕਾਸੀ, ਕੁਦਰਤਿ ਸਰਬ ਵੀਚਾਰੁ ।

ਕੁਦਰਤਿ ਖਾਣਾ ਪੀਣਾ ਪੈਨਣੁ, ਕੁਦਰਤਿ ਸਰਬ ਪਿਆਰੁ ।

ਕੁਦਰਤਿ ਜਾਤੀ ਜਿਨਸੀ ਰੰਗੀ, ਕੁਦਰਤ ਜੀਅ ਜਹਾਨ ।

ਕੁਦਰਤਿ ਨੇਕੀਆ ਕੁਦਰਤਿ ਬਦੀਆ,ਕੁਦਰਤਿ ਮਾਨ ਅਭਿਮਾਨੁ ।

ਕੁਦਰਤਿ ਪਉਣ ਪਾਣੀ ਬੈਸੰਤਰ, ਕੁਦਰਤਿ ਧਰਤੀ ਖਾਕੁ ।

ਸਭ ਤੇਰੀ ਕੁਦਰਤਿ ਤੂੰ ਕਾਦਰ, ਕਰਤਾ ਪਾਕੀ ਨਾਈ ਪਾਕੁ ।

ਨਾਨਕ ਹੁਕਮੈ ਅੰਦਰ ਵੇਖੈ, ਵਰਤੋ ਤਾਕੋ ਤਾਕੁ ।

ਭਾਵ ਹੁਕਮ ਕਾਨੂੰਨੀ ਕੁਦਰਤ ਦੇ ਰੂਪ ਵਿਚ ਵਰਤਦਾ ਹੈ ਜਿਸ ਵਿਚ ਵੰੜੀ ਸਾਰੀ ਸ੍ਰਿਸ਼ਟੀ ਚਲਦੀ ਹੈ, ਇਹੋ ਹਨ ਕੁਦਰਤ ਦੇ ਕਾਨੂੰਨ।

ਦੂਜੇ ਹੁਕਮ ਉਹ ਹਨ ਜਿਨ੍ਹਾਂ ਨੂੰ ਕਰਮ ਤੇ ਪ੍ਰਤੀਕਰਮ ਕਾਨੂੰਨ ਕਿਹਾ ਜਾ ਸਕਦਾ ਹੈ ।

ਅਗੈ ਕਰਣੀ ਕੀਰਤਿ ਵਾਚੀਐੇ,ਬਹਿ ਲੇਖਾ ਕਰ ਸਮਝਾਇਆ । (ਵਾਰ ਆਸਾ ਮਹਲਾ 2)

ਹਰ ਕਰਮ-ਪ੍ਰਤੀਕਰਮ ਪਿਛੋਂ ਹੁਕਮ ਦੀ ਸਮਰਥਾ ਕੰਮ ਕਰਦੀ ਹੈ :

ਹੁਕਮ ਚਲਾਇ ਆਪਣੇ, ਕਰਮੀ ਵਹੇ ਕਲਾਮ ॥

ਇਹ ਕਾਨੂੰਨ ਆਪਣੇ ਆਪ ਵਿਚ ਏਨੇ ਅਬਦਲ ਨਹੀਂ ਜਿਤਨੇ ਕੁਦਰਤ ਦੇ ਕਾਨੂੰਨ । ਕਰਮ ਤੇ ਪ੍ਰਤੀਕਰਮ ਦੇ ਕਾਨੂੰਨ ਚੰਗੇ ਮੰਦੇ ਜਨਮ ਤੇ ਸੁਖੀ ਜੀਵਨ ਦੀ ਪ੍ਰਾਪਤੀ ਦੇ ਰਾਹ ਹਨ, ਪਰ ਜਦੋਂ ਨਦਰ ਹੋ ਜਾਵੇ ਤਾਂ ਕਰਮਾਂ ਦਾ ਵਿਚਾਰ ਖਤਮ ਹੋ ਜਾਂਦਾ ਹੈ ।

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰ ।

ਹੁਕਮ ਦਾ ਤੀਜਾ ਰੂਪ ਹੈ ‘ਨਦਰ’।ਪਰ ਨਦਰ ਦੇ ਕਾਨੂੰਨ ਦੀ ਵਿਆਖਿਆ ਮਨੁਖੀ ਸੋਝੀ ਤੋਂ ਬਾਹਰ ਹੈ :

ਇਕਨਾ ਨੋ ਉਹ ਮੇਲਿ ਲੈਹਿ, ਇਕਿ ਆਪਹੁ ਤੁਧੁ ਖੁਆਇਆ ।

ਤਿਨਾ ਸਵਾਰੇ ਨਾਨਕਾ, ਜਿਨ ਕਉ ਨਦਰਿ ਕਰੇ ॥ (ਵਾਰ ਆਸਾ ਮਹਲਾ 1)

ਜੋ ਨਦਰ ਦੇ ਪਾਤਰ ਬਣਦੇ ਹਨ ਉਹਨਾਂ ਬਾਰੇ ਕਿਹਾ ਹੈ :

ਨਾਨਕ ਨਦਰੀ ਨਦਰਿ ਨਿਹਾਲ

ਸਚਿਆਰ ਬਣਨ ਲਈ ਸਚ ਅੰਦਰ ਪ੍ਰਵੇਸ਼ ਖਾਤਰ ਹੁਕਮ ਦੀ ਪਛਾਣ ਅਤਿਅੰਤ ਜਰੂਰੀ ਹੈ :

ਨਾਨਕ ਹੁਕਮੁ ਪਛਾਣਿ ਕੈ, ਤਉ ਖਸਮੈ ਮਿਲਣਾ ।

ਪਰ ਗੁਰੂ ਜੀ ਫੁਰਮਾਉਂਦੇ ਹਨ :

‘ਹਉਮੈ ਬੂਝੇ ਤਾ ਦਰ ਸੂਝੇ”(ਵਾਰ ਆਸਾ ਮਹਲਾ 1)

ਸਚੁ ਦਰਵਾਜ਼ਾ ਤਾਂ ਸੁਝਦਾ ਹੈ ਜੇ ਹਉਮੈ ਦਾ ਅਹਿਸਾਸ ਖਤਮ ਹੋ ਜਾਏ । ਇਹ ਤਦ ਹੀ ਹੋ ਸਕਦਾ ਹੈ ਜੋ ਉਸ ਜੋਤਿ ਸਰੂਪ ਵਿਚ ਸਮਾ ਜਾਵੇ, ਆਪਣੀ ਹੋਂਦ ਮਿਟਾ ਦੇਵੇ, ਉਹ ਜੋਤਿ ਸਰੂਪ ਜੋ ਸਭ ਵਿਚ ਹੈ :

ਸਭ ਮਹਿ ਜੋਤਿ ਜੋਤਿ ਹੈ ਸੋਇ (ਧਨਾਸਰੀ ਮਹਲਾ 1)

ਐਸੇ ਸਚੁ ਦਾ ਨਿਰੂਪਣ ਹੀ ਗੁਰੂ ਨਾਨਕ ਬਾਣੀ ਦਾ ਵਿਸ਼ਾ ਹੈ ।

ਗੁਰੂ ਜੀ ਨੇ ਸਚੁ ਦੀ ਵਿਆਖਿਆ ਨਾਲੋਂ ਸਚੁ ਦੇ ਪਰਵੇਸ਼ ਨੂੰ ਆਪਣੀ ਬਾਣੀ ਦਾ ਵਿਸ਼ਾ ਰਖਿਆ ।

ਸਚਹੁ ਉਰੈ ਸਭ ਕੋ ਉਪਰਿ ਸਚੁ ਆਚਾਰ ।

ਸਚੁ ਉਪਰ ਆਧਾਰਤ ਜੀਵਨ ਨੂੰ ਆਪ ਨੇ ਸਚੁ ਤੋਂ ਵੀ ਉਪਰ ਮੰਨਿਆ । ਸਚੁ ਆਚਾਰ ਦਾ ਮੁਖ ਆਧਾਰ ਆਪ ਸਤਿਨਾਮ ਨੂੰ ਸਮਝਦੇ ਹਨ । ਆਪ ਦੇ ਖਿਆਲ ਵਿਚ ਨਾਮ ਸਦਾਚਾਰਕ ਹੋਂਦ ਹੈ । ਜਿਸ ਅੰਦਰ ਨਾਮ ਵਸ ਜਾਏ ਉਹ ਸਦਾਚਾਰਕ ਤੌਰ ਤੇ ਆਪਣੇ ਆਪ ਹੀ ਉੱਚਾ ਹੋ ਜਾਂਦਾ ਹੈ । ਜਿਤਨਾ ਵਧੇਰੇ ਪਿਆਰ ਸੱਚ ਤਥਾ ਨਾਮ ਨਾਲ ਕਿਸੇ ਦਾ ਹੋਵੇਗਾ, ਇਖਲਾਕੀ ਤੌਰ ਤੇ ਉਹ ਉਤਨਾ ਉੱਚਾ ਉਠੇਗਾ । ਸਚੁ ਬਿਨਾ ਸਤ, ਸੰਤੋਖ, ਦਇਆ, ਧਰਮ ਆਦਿ ਇਖਲਾਕੀ ਗੁਣ ਪੈਦਾ ਨਹੀਂ ਹੋ ਸਕਦੇ ।

ਸਚੁ ਬਿਨੁ ਸਤੁ ਸੰਤੋਖ ਨ ਪਾਵੈ ॥ (ਮਾਰੂ ਸੋਲਹੇ ਮ: 1)

ਸਚੁ ਵਾਲੇ ਜੀਵਨ ਲਈ ਸਚੁ ਨੂੰ ਸਤਿਨਾਮ ਨੂੰ ਹਿਰਦੇ ਵਿਚ ਵਸਾਉਣਾ ਜ਼ਰੂਰੀ ਹੈ । ਇਹ ਸੱਚ ਸਤਿਨਾਮ ਹੀ ਮਨ ਤੋਂ ਕੂੜ ਕੁਸਤ ਦੀ ਮੈਲ ਧੋ ਕੇ ਉਸ ਨੂੰ ਨਿਰਮਲ ਕਰ ਦੇਵੇਗਾ :

ਸੋ ਮਨ ਨਿਰਮਲੁ ਜਿਤੁ ਸਚੁ ਅੰਤਰ (ਗੁਜਰੀ ਮ: 1)

ਇਸ ਦੇ ਨਾਲ ਸਰੀਰ ਨੂੰ ਸਾਵਧਾਨ ਤੇ ਸਵੱਛ ਰਖਣ ਦੀ ਵੀ ਲੋੜ ਹੈ । ਸਾਵਧਾਨ ਤੇ ਅਰੋਗ ਸਰੀਰ ਨਾਮ ਵਾਲੀ ਰੁਚੀ ਬਣਾਉਣ ਵਿਚ ਸਹਾਈ ਹੁੰਦਾ ਹੈ । ਸਚੁ ਵਲ ਲਗਾ ਮਨੁਖ ਆਪਣੇ ਹਿਰਦੇ ਨੂੰ ਸ਼ੁਧ ਕਰਨ ਦੀ ਅਜਿਹੀ ਜੁਗਤ ਅਪਣਾਵੇ ਜਿਸ ਨਾਲ ਇਸ ਦੇ ਸਾਰੇ ਕੂੜ ਵਿਚਾਰ ਖਤਮ ਹੋ ਜਾਣ।

ਲਿਵ ਤਾਂ ਹੀ ਲਗ ਸਕਦੀ ਹੈ ਜੇ ਮਨ ਤਨ ਦੋਵੇਂ ਉਜਲੇ ਹੋਣ । ਵਿਚਾਰ ਤੇ ਸੁਚਾ ਆਚਾਰ ਉਜਲੇ ਮਨ-ਤਨ ਦੇ ਲਖਾਇਕ ਹਨ । ਸੁਚੇ ਵਿਚਾਰ, ਸੁਚ ਆਚਾਰ, ਲਿਵ ਲਾਉਣ, ਸਚਾ ਰਾਹ ਦਰਸਾਉਣ ਦਾ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ ।ਜਿਸ ਅੰਦਰ ਨਾਮ ਵਸ ਜਾਏ ਉਹ ਸਦਾਚਾਰਕ ਤੌਰ ਤੇ ਆਪਣੇ ਆਪ ਹੀ ਉੱਚਾ ਹੋ ਜਾਂਦਾ ਹੈ । ਜਿਤਨਾ ਵਧੇਰੇ ਪਿਆਰ ਸੱਚ ਤਥਾ ਨਾਮ ਨਾਲ ਕਿਸੇ ਦਾ ਹੋਵੇਗਾ ; ਇਖਲਾਕੀ ਤੌਰ ਤੇ ਉਹ ਉਤਨਾ ਉੱਚਾ ਉਠੇਗਾ ।ਉਚ ਵਿਚਾਰ ਤੇ ਸੁਚਾ ਆਚਾਰ ਉਜਲੇ ਮਨ-ਤਨ ਦੇ ਲਖਾਇਕ ਹਨ । ਸੁਚੇ ਵਿਚਾਰ, ਸੁਚ-ਆਚਾਰ, ਲਿਵ ਲਾਉਣ, ਸਚਾ ਰਾਹ ਦਰਸਾਉਣ ਦਾ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ ।

ਕੁਸਤਿ, ਵਿਸ਼ੈ ਵਿਕਾਰ ਨਿਕਲ ਜਾਣ ਤੇ ਹਿਰਦਾ ਸਾਫ ਤੇ ਨਿਰਮਲ ਹੋਵੇਗਾ ਜਿਸ ਵਿਚ ਅਨੰਦ ਉਗਮੇਗਾ । ਮਨੁਖੀ ਮਨ ਕਾਮ, ਕ੍ਰੋਧ, ਨਿੰਦਾ, ਚੁਗਲੀ, ਠਗੀ, ਫ਼ਰੇਬ ਤੇ ਵਿਖਾਵੇ ਦੇ ਰੋਗਾਂ ਤੋਂ ਮੁਕਤ ਹੋਵੇਗਾ ।

ਸਚੁ ਤਾ ਪਰ ਜਾਣੀਐ, ਜਾ ਰਿਦੈ ਸਚਾ ਹੋਇ ॥

ਕੂੜ ਕੀ ਮਲੁ ਉਤਰੈ, ਤਨੁ ਕਰ ਹਛਾ ਧੋਇ ॥

ਸਚੁ ਤਾ ਪਰ ਜਾਣੀਐ, ਜਾ ਸਚਿ ਧਰੇ ਪਿਆਰੁ ॥

ਨਾਉ ਚੁਸਣਿ ਰਹਸੀਐ, ਤਾ ਪਾਏ ਮੋਖ ਦੁਆਰੁ ॥

ਸਚੁ ਤਾ ਪਰ ਜਾਣੀਐ, ਜਾ ਜੁਗਤਿ ਜਾਣੈ ਜੀਓ ॥

ਧਰਤਿ ਕਾਇਆ ਸਾਧਿਕੈ, ਵਿਚਿ ਦੇਇ ਕਰਤਾ ਬੀਉ ॥

ਸਚੁ ਤਾ ਪਰ ਜਾਣੀਐ, ਜਾ ਸਿਖ ਸਚੀ ਲੇਇ ॥

ਦਇਆ ਜਾਣੈ ਜੀਅ ਕੀ, ਕਿਛੁ ਪੁੰਨ ਦਾਨੁ ਕਰੋਇ ॥

ਸਚੁ ਤਾ ਪਰ ਜਾਣੀਐ, ਜਾ ਆਤਮ ਤੀਰਥ ਕਰੇ ਨਿਵਾਸ ॥

ਸਤਿਗੁਰੂ ਨੋ ਪੁਛਿ ਕੇ, ਬਹਿ ਰਹੇ ਕਰੇ ਨਿਵਾਸ ॥

ਸਚੁ ਸਭਨਾ ਹੋਇ ਦਾਰੂ, ਪਾਪ ਕਢੈ ਧੋਇ ॥

ਨਾਨਕ ਵਖਾਣੈ ਬੇਨਤੀ, ਜਿਨ ਸਚੁ ਪਲੈ ਹੋਇ ॥

(ਵਾਰ ਆਸਾ ਮਹਲਾ 1)

ਸਚੁ ਆਚਾਰ ਨੂੰ ਗੁਰੂ ਜੀ ਸਚੁ ਤੋਂ ਵੀ ਵਧ ਮਹਤਵ ਦੇਂਦੇ ਹਨ । ਸਚੁ ਆਚਾਰ ਵਾਲੇ ਮਨੁਖ ਦੀ ਸਮਾਈ ਸਚੁ ਅੰਦਰ ਹੋ ਜਾਂਦੀ ਹੈ । ਗੁਰੂ ਜੀ ਦੀ ਬਾਣੀ ਸਚੁ ਦਾ ਪ੍ਰਕਾਸ਼ ਕਰ ਕੇ ਉਸ ਦੀ ਲੋਅ ਵਿਚ ਹੈ; ਸਤਿਗੁਰੂ ਦੀ ਅਗਵਾਈ ਹੇਠ ਮਨੁਖੀ ਆਚਰਨ ਉਸਾਰੀ ਦਾ ਅਜਿਹਾ ਰਸਤਾ ਉਲੀਕਦੀ ਹੈ ਜਿਸ ਉਪਰ ਤੁਰ ਕੇ ਮਨੁਖ ਸਮਾਜ ਦਾ ਲਾਹੇਵੰਦ ਅੰਗ ਬਣ ਮਨੁਖਤਾ ਦੇ ਭਲੇ ਲਈ ਘਾਲਣਾ ਘਾਲਦਾ ਹੋਇਆ ਆਪਣੀ ਮਿਹਨਤ ਦੇ ਫਲ ਨੂੰ ਬਿਨਾ ਵਿਤਕਰੇ ਸਮਾਜ ਨਾਲ ਸਾਂਝਾ ਕਰਦਾ ਹੈ ਅਤੇ ਵਿਵੇਕ, ਵਿਚਾਰ ਅਤੇ ਪ੍ਰੇਮ ਭਾਵਨਾ ਦੁਆਰਾ ਸਚੁ ਵਿਚ ਸਮਾਈ ਹਾਸਲ ਕਰਨ ਦੇ ਸਾਧਨ ਕਰਦਾ ਹੈ ।

ਨਿਕਟਿ ਵਸੈ ਦੇਖੈ ਸਭੁ ਸੋਇ । ਗੁਰਮੁਖਿ ਵਿਰਲਾ ਬੂਝੇ ਕੋਈ ॥

ਵਿਣੁ ਭੈ ਪਇਐ ਭਗਤਿ ਨ ਹੋਇ । ਸਬਦਿ ਰਤੇ ਸਦਾ ਸੁਖੁ ਹੋਇ ॥

ਐਸਾ ਗਿਆਨੁ ਪਦਾਰਥੁ ਨਾਮੁ ।ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥ ਰਹਾਓ।।

ਗਿਆਨੁ ਗਿਆਨੁ ਕਥੈ ਸਭੁ ਕੋਈ ॥ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥

ਕਥਿ ਕਹਣੇ ਤੇ ਰਹੈ ਨ ਕੋਈ ॥ਬਿਨੁ ਰਸ ਰਾਤੇ ਮੁਕਤਿ ਨ ਹੋਈ ॥

ਗਿਆਨੁ ਧਿਆਨੁ ਸਭ ਗੁਰ ਤੇ ਹੋਈ ॥ਸਾਚੀ ਰਹ ਤੇ ਸਾਚਾ ਮਾਨ ਸੋਈ ॥

(ਬਿਲਾਵਲ ਅਸਟਪਦੀਆਂ, ਮਹਲਾ 1, ਘਰ 10, ਪੰਨਾ 831)

ਕਾਵਿ ਰੂਪ:

ਗੁਰੂ ਜੀ ਦੇ ਕਾਵਿ ਰੂਪਾਂ ਵਿਚ ਵਿਲੱਖਣ ਵਿਵਿਧਤਾ ਹੈ । ਸਮੇਂ, ਸਥਿਤੀ ਤੇ ਸੰਦਰਭ ਅਨੁਸਾਰ ਕਾਵਿ ਰੂਪ ਅਪਣਾਏ ਹਨ । ਗੁਰੂ ਜੀ ਨੇ ਆਪਣੀ ਬਾਣੀ ਵਿਚ ਪਦੇ, ਅਸਟਪਦੀਆਂ, ਪੌੜੀ ਤੇ ਹੋਰ ਅਨੇਕ ਰੂਪਾਂ ਵਿਚ ਵਰਤੋਂ ਵਿਚ ਲਿਆਂਦੇ ਹਨ । ਪਦਿਆਂ ਵਿਚ ਚੌਪਦੇ ਚਾਰ ਚਰਣਾਂ ਵਾਲੇ ਵਰਤੇ ਹਨ, ਮਾਤਰਾ ਦੀ ਗਿਣਤੀ 24 ਦੀ ਹੈ ਜੋ ਲੋੜ ਅਨੁਸਾਰ ਘਟਾ ਵਧਾ ਲਈ ਗਈ ਹੈ । ਅਸਟਪਦੀਆਂ ਵਿਚ ਨਿਸ਼ਾਨੀ ਛੰਦ, ਸਾਰ ਛੰਦ ਤੇ ਚੌਪਈ ਦਾ ਪ੍ਰਯੋਗ ਹੈ । ਸਿਰਖੰਡੀ ਛੰਦ ਦੇ ਗੁਰੂ ਜੀ ਹੀ ਬਾਨੀ ਮੰਨੇ ਗਏ ਹਨ । ਇਸ ਤੋਂ ਇਲਾਵਾ ਗੁਰੂ ਜੀ ਨੇ ਲੋਕ-ਕਾਵਿ ਦੀ ਭਰਪੂਰ ਵਰਤੋਂ ਕੀਤੀ ਹੈ ਜਿਹਨਾਂ ਵਿਚੋਂ ਪਹਰੇ, ਪੱਟੀ, ਅਲਾਹੁਣੀ, ਆਰਤੀ, ਸੁਚਜੀ ਕੁਚਜੀ, ਥਿਤੀ, ਓਂਕਾਰ, ਸੋਹਲੇ, ਬਾਰਾਮਾਹ ਤੇ ਮਾਝ ਦੀ ਲੋਕ ਧੁਨੀ ਤੇ ਅਧਾਰਿਤ ਹਨ । ਗੁਰੂ ਜੀ ਨੇ ਵਾਰਾਂ ਵੀ ਲਿਖੀਆਂ ਜਿਨ੍ਹਾਂ ਵਿਚ ਮਲਕ ਮੁਰੀਦ ਤਥਾ ਚੰਦ੍ਰਰਹੇੜਾ ਦੀ ਧੁਨੀ ਤੇ ਵਾਰ ਮਾਝ, ਟੁੰਡੇ ਅਸਰਾਜੇ ਦੀ ਧੁਨੀ ਤੇ ਵਾਰ ਸਲੋਕਾਂ ਨਾਲ ਸਲੋਕਾ, ਰਾਣੀ ਕੈਲਾਸ਼ ਤਥਾ ਮਾਲਦੇ ਦੀ ਧੁਨੀ ਤੇ ਵਾਰ ਮਲਾਰ ਉਸ ਸਮੇਂ ਦੀਆਂ ਲੋਕ ਵਾਰਾਂ ਤੇ ਆਧਾਰਿਤ ਵਾਰਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਛੰਦਾਂ ਵਿਚੋਂ ਦੋਹਾ, ਚੌਪਈ, ਸੋਰਠ, ਸਵੈਯਾ, ਸਾਰ, ਚੰਦੂਮਣਿ, ਗੀਤਾ, ਅਨਕਲਾ, ਡੱਖਣੇ, ਹਾਕਲਿ, ਤਾਟੰਕ, ਸਰਸੀ, ਹੰਗ ਗਤਿ, ਸੁਖਦਾ, ਪ੍ਰਮਾਣਿਕ, ਰਾਧਿਕਾ, ਰੂਪਮਾਲਾ, ਰੇਖਤਾ ਆਦਿ ਛੰਦਾਂ ਦਾ ਪ੍ਰਯੋਗ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹੈ ।

ਸ਼ੈਲੀ :


ਗੁਰੂ ਜੀ ਦੀ ਸ਼ੈਲੀ ਕਲਾਤਮਕ, ਵਸਤੂ ਤੋਂ ਅਨਿਖੜਵੀਂ, ਸ਼ਿਲਪ ਵਿਧਾਨ ਸਰੋਦੀ, ਤਰਕ ਤੇ ਬੌਧਿਕਤਾਯੁਕਤ, ਬਿੰਬਾਤਮਕ ਸ਼ਬਦਾਵਲੀ ਲੋੜੀਂਦੀ, ਸੰਕੋਚੀ ਪਰ ਸੂਝ ਭਰਪੂਰ, ਬਿਆਨਢੰਗ ਕਾਵਿ ਤੇ ਦਰਸ਼ਨ ਦਾ ਸੁੰਦਰ ਸੁਮੇਲ, ਸਥੂਲ ਵਿਚ ਸੂਖਮ ਵਿਚਾਰ ਵਾਲੀ ਕਹੀ ਜਾ ਸਕਦੀ ਹੈ। ਵਾਰਤਿਕ ਸ਼ਬਦਾਂ ਦੀ ਬਿੰਬਾਤਮਕ ਵਰਤੋਂ ਬੌਧਿਕ ਤੇ ਦਾਰਸ਼ਨਿਕ ਬਾਣੀ ਨੂੰ ਮਹਾਨ ਕਵਿਤਾ ਦਾ ਸਰੂਪ ਪ੍ਰਦਾਨ ਕਰਦੀ ਹੈ । ਸੂਤਰਬਧ ਸ਼ੈਲੀ ਨੇ ਸੁਹਜਾਤਮਕ ਸਿਰਜਣਾ ਦੇ ਲੜ ਲਗ ਅਰੂਪ ਨੂੰ ਰੂਪਮਾਨ ਕਰ ਦਿਤਾ ਹੈ ।

ਅਲੰਕਾਰ ਵਿਧਾਨ :


ਗੁਰੂ ਨਾਨਕ ਦੇਵ ਜੀ ਨੇ ਅਲੰਕਾਰਾਂ ਦਾ ਪ੍ਰਯੋਗ ਬਖੂਬੀ ਕੀਤਾ ਹੈ; ਜ਼ਰੂਰਤ ਜਿਤਨਾ, ਬੋਲਾਂ ਨੂੰ ਸੁੰਦਰ ਬਣਾਉਣਹਾਰਾ; ਨਾ ਬਹੁਤਾ ਨਾ ਥੋੜਾ; ਥਾਹ-ਅਥਾਹ ਅਲੰਕਾਰ ਕਿਧਰੇ ਨਹੀਂ ਠੋਸੇ, ਜਿਥੇ ਵੀ ਅਲੰਕਾਰ ਵਰਤੇ ਸਹਿਜ ਸੁਭਾ ਵਰਤੇ ਜਾਣ ਵਾਲੇ । ਅਦਗੁਣ, ਸੂਖਮ, ਵੀਪਸਾ, ਅਨੁਪ੍ਰਸਾ, ਭ੍ਰਾਂਤੀਮਨ, ਵਿਰੋਧਾਭਾਸ, ਵਿਸ਼ੇਸ਼ ਵਿਵਤੋਕਤਿ, ਵਿਨੁਕਤਿ, ਵਿਭਾਵਨਾ, ਵਿਚਿਤ੍ਰ ਕਾਕੂਕਿਤ ਲੋਕੋਕਤ, ਲਲਿਤ, ਰੂਪਕਾ ਤਿਸ਼ਿਓਕਤਿ, ਅਸੰਭਵ, ਅਵੱਗਿਆ, ਅਸੰਗਤ, ਉੱਤਰ, ਉਪਮਾ, ਉਲਾਸ, ਉਲੇਖ, ਕਾਰਣਮਾਲਾ, ਕਾਵਿ ਲਿੰਗ, ਛੋਕੋਕਿਤ, ਦੀਪਕ, ਦ੍ਰਿਸ਼ਟਾਤੇ, ਨਿਸਚੈ, ਪਰਿਣਾਮ, ਪ੍ਰਤਿਸ਼ੋਧ, ਯੁਕਤ ਆਦਿ ਅਨੇਕਾਂ ਕਿਸਮਾਂ ਦੇ ਅਲੰਕਾਰ ਬੜੀ ਸੂਖਮਤਾ ਨਾਲ ਪਰੋਏ ਹੋਏ ਹਨ । ਕੁਝ ਉਦਾਹਰਨਾਂ ਪੇਸ਼ ਹਨ :
ਅਦਗੁਣ :

ਮੈ ਰੋਵੰਨੀ ਸਭ ਜਗ ਰੁੰਨਾ, ਰੁੰਨੜੇ ਵਣਹਿ ਪੰਖੇਰੂ ॥

ਇਕ ਨਾ ਰੁੰਨਾ ਮੇਰੇ ਤਨ ਕਾ ਬ੍ਰਿਹਾ, ਜਿਨਿ ਹਉ ਪਿਰਹਿ ਵਿਛੋੜੀ ॥

ਉਲਾਸ :

(ੳ) ਗੁਣ ਤੋਂ ਗੁਣ

ਗੁਣੀ ਗੁਣ ਮਿਲ ਲਾਹਾ ਪਾਵਸਿ, ਗੁਰਮੁਖਿ ਨਾਮ ਬੜਾਈ ॥ (ਮ: 1 ਆ: ਗ੍ਰ:, ਪੰਨਾ 558)

(ਅ) ਧਨ ਜੋਬਨੁ ਦੁਇ ਵੈਰੀ ਹੋਇ, ਜਿਨਹੀ ਰਖੇ ਰੰਗੁ ਲਾਇ ॥ (ਆਸਾ ਮ: 1 ਆ: ਗ੍ਰ ਪੰਨਾ 417)

ਉਲੇਖ :

ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਉਲ ਤੂੰ ਹੈ ਕਵੀਆ ਤੂ ਹੈ,

ਆਪੇ ਵੇਖਿ ਵਿਗਾਸ ॥ (ਸ੍ਰੀ ਰਾਗ ਮ: 1 ਆਂ: ਗ੍ਰ: ਪੰਨਾ 23)

ਕਾਰਣਮਾਲਾ :

ਸੁਣਿਆ ਮੰਨਿਆ, ਮਨ ਕੀਤਾ ਭਾਉ ॥ਅੰਤਰਿ ਗਤਿ ਤੀਰਥ ਮਲਿ ਨਾਉ ॥ (ਜਪੁ ਮ: 1 ਆ: ਗ੍ਰ: ਪੰਨਾ 4)

ਕਾਵਿਲਿੰਗ

ਥਾਪਿਆ ਨਾ ਜਾਇ ਕੀਤਾ ਨਾ ਹੋਇ ॥ਆਪੇ ਆਪਿ ਨਿਰੰਜਨ ਸੋਇ ॥ (ਜਪੁ ਮ: 1 ਆ: ਗ੍ਰ: ਪੰਨਾ 2)

ਛੇਕੋਕਿਤ


ਅਪਰਾਧੀ ਦੁਣਾ ਨਿਵੈ, ਜੋ ਹੰਤਾ ਮਿਰਗਾਹਿ ।
ਸੀਸ ਨਿਵਾਈਐ ਕਿਆ ਥੀਐ, ਜਾ ਰਿਦੈ ਕੁਸੁਧੇ ਜਾਹਿ ॥ (ਮ: 1 ਅ: ਗ੍ਰ: ਪੰਨਾ 470)

ਦੀਪਕ

ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ ॥
ਆਪੇ ਪਿੜ ਬਾਧੀ ਜਗੁ ਖੇਲੈ, ਆਪੇ ਕੀਮਤ ਪਾਈ ਹੈ ॥ (ਮਾਰੂ ਸੋਹਲੇ ਮ: 1, 1020)

ਦ੍ਰਿਸ਼ਟਾਂਤ


ਰੇ ਮਨਿ ਐਸੀ ਹਰਿ ਸਿਤੁ ਪ੍ਰੀਤ ਕਰ, ਜੈਸੀ ਜਲ ਕਮਲੇਹਿ ॥ (ਮ: 1 ਪੰਨਾ 4)

ਨਿਸ਼ਚੈ ਅਲੰਕਾਰ

ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ।ਕੋਈ ਆਖੇ ਆਦਮੀ ਨਾਨਕੁ ਬੇਚਾਰਾ ॥
ਭਯਾ ਦਿਵਾਨਾ ਸਾਹੁ ਕਾ ਨਾਨਕ ਬਉਰਾਨਾ,
ਤਉ ਦੇਵਾਨਾ ਜਾਣੀਐ, ਜਾ ਮੈ ਦੀਵਾਨਾ ਹੋਇ ॥
ਏਕੀ ਸਾਹਿਬ ਬਾਹਰਾ, ਦੂਜਾ ਅਵਰੁ ਨਾ ਜਾਣੈ ਕੋਇ ॥
(ਮਾਰੂ ਮ: 1 ਪੰਨਾ 991)

ਮੁਦਰਾ


ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ ॥ (ਮਾਝ ਮ: 1 ਪੰਨਾ 141)

ਰੂਪਕ


ਗਗਨ ਮੈਂ ਥਾਲ ਰਵਿ ਚੰਦ ਦੀਪਕ, ਬਨੇ ਤਾਰਿਕਾ ਮੰਡਲ ਜਨਕ ਮੋਤੀ ॥ (ਪੰਨਾ 663)

ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ ।
ਦਿਵਸ ਰਾਤਿ ਦੁਈ ਦਾਈ ਦਾਇਆ, ਖੇਲੈ ਸਗਲ ਜਗਤੁ ॥ (ਪੰਨਾ 8)

ਰੁਪਕਾਤਿਸਯੋਕਤਿ

ਤੀਜੈ ਪਹਿਰੈ ਰੈਣਿ ਕੇ ਵਣਜਾਰਿਆ ਮਿਤਰਾ, ਸਰ ਹੰਸ ਉਲਥੜੇ ਆਇ ॥ (ਪੰਨਾ 75)

ਲਲਿਤ


ਜੇਹਾ ਬੀਜੈ ਸੋ ਲੂਣੇ, ਕਰਮਾ ਸੰਦੜਾ ਖੇਤ ॥ (ਪੰਨਾ 134)

ਲੋਕੋਕਿਤ


ਲੋਕੋਕਿਤ ਏਨੀਆਂ ਕਿ ਇਕ ਵਖਰਾ ਗ੍ਰੰਥ ਬਣ ਜਾਏ । ਉਦਾਹਰਣ ਵਜੋਂ :

ਆਪੇ ਬੀਜਿ ਆਪਿ ਹੀ ਖਾਹਿ ॥ (ਜਪੁ ਪੰਨਾ 4)

ਮਨੁ ਜੀਤੇ ਜਗ ਜੀਤੁ ॥ (ਜਪੁ ਪੰਨਾ 6)

ਜਿਤ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣ ॥ (ਸ੍ਰੀ ਮ: 1 ਪੰਨਾ 15)

ਨਾਵ ਬਿਨਾ ਸੁਲਤਾਨ ਹੋਏ ਡਿਠੇ ਖੇਹ । (ਸ੍ਰੀ ਮ: 1 ਪੰਨਾ 16)

ਕਰਣੀ ਬਾਝਹੁ ਘਟੇ ਘਟਿ ॥ (ਸ੍ਰੀ ਮ: 1 ਪੰਨਾ 25)

ਨਦੀਆ ਵਾਹਿ ਵਿਛੁਨੀਆ, ਮੇਲਾ ਸੰਜੋਗੀ ਰਾਮ ॥ (ਆਸਾ ਛੰਦ ਮ: 1 ਪੰਨਾ 439)

ਜਿਥੇ ਬੋਲਣਿ ਹਾਰੀਆਂ, ਤਿਥੇ ਚੰਗੀ ਚੁਪ ॥(ਵਾਰ ਮਾਝ ਮ: 1 ਪੰਨਾ 149)

ਮੰਦੇ ਕਿਸੇ ਨ ਆਖ ਝਗੜਾ ਪਾਵਣਾ ॥(ਵਡਹੰਸ ਛੰਦ ਮ: 1 ਪੰਨਾ 149)

ਅੰਜਿਨ ਤੈਸਾ ਅੰਜੀਐ, ਜੈਸਾ ਪਿਰ ਭਾਵੈ ॥(ਸੂਹੀ ਛੰਤ ਮ: 1 ਪੰਨਾ 766)

ਅੰਧਾ ਆਗੂ ਜੇ ਥੀਐ, ਕਿਉ ਪਾਥਰੁ ਜਾਣੈ ॥(ਸੂਹੀ ਛੰਤ ਮ: 1 ਪੰਨਾ 767)

ਕਾਕੂਕਿਤ

ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ॥ (ਜਪੁ ਪੰਨਾ 2)

ਵਿਚਿਤ੍ਰ

ਮੈ ਬਿਨ ਨਿਰਭਉ ਕਿਉ ਥੀਐ, ਗੁਰਮੁਖਿ ਸਬਦਿ ਸਮਾਇ।। (ਪੰਨਾ 18)

ਵਿਭਾਵਨਾ

ਜੇਤੋ ਰੇ ਤੀਰਥ ਜਾਇ, ਅਧੋ ਬੁਧਿ ਮੈਲੁ ਲਾਇ ॥ (ਧਨਾਸਰੀ ਮ: 1 ਪੰਨਾ 687)

ਵਿਨੋਕਤਿ

ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾ ਸੁਖ ਤਾਲਾ ॥ (ਮ: 1 ਪੰਨਾ 225)

ਵਿਵਰਤੇਕਤਿ

ਤੂੰ ਸੁਣ ਹਰਨਾ ਕਾਲਿਆ, ਕੀ ਵਾੜੀਐ ਰਾਤਾ ॥ (ਆਸਾ ਛੰਤ ਮ: 1 ਪੰਨਾ 438)

ਵਿਸ਼ੇਸ਼


ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ।ਬਾਝੁ ਕਲਾ ਆਡਾਣ ਰਹਾਇਆ ॥ (ਮਾਰੂ ਸੋਲਹੇ ਮ: 1 ਪੰਨਾ 1036)

ਅਨੁਪ੍ਰਾਸ

ਗਾਵੈ ਕੋ ਵਿਦਿਆ ਵਿਖਮ ਵੀਚਾਰ ॥ (ਜਪੁ ਪੰਨਾ 2)

ਵੀਪਸਾ

ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਭਰੀਅਹਿ ਸਾਥ ॥ (ਮ: 1 ਅ: ਗ੍ਰ: ਪੰਨਾ 467)

ਸੂਖਮ


ਹੈ ਹੈ ਕਰਿ ਹੈ ਓਹਿ ਕਰੇਨਿ ।ਗਲ੍ਹਾ ਪਿਟਨਿ ਸਿਰ ਖੋਹੇਨਿ ॥

ਨਾਓ ਲੈਨਿ ਘਰ ਕਰਨਿ ਸਮਾਇ ।ਨਾਨਕ ਤਿਨ ਬਲਿਹਾਰੈ ਜਾਇ ॥ (ਮ: 1 ਪੰਨਾ 1410)

ਸਾਰ

ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਰਚਨਾ ਕਾਲ 7 ਤੋਂ 70 ਵਰ੍ਹੇ ਤਕ ਦੀ ਆਯੂ ਦਾ ਹੈ ਤੇ ਸਥਾਨ ਕਸ਼ਮੀਰ ਤੋਂ ਸ੍ਰੀਲੰਕਾ ਤੇ ਚੀਨ ਤੋਂ ਮਿਸਰ ਤਕ ਦਾ ਹੈ ॥ ਆਪਣੇ ਵਿਚਾਰ ਸ਼ਬਦ ਤੇ ਸੰਗੀਤ ਦੇ ਅਨੂਠੇ ਮੇਲ ਨਾਲ ਸੁਭਾਵਕੀ ਪ੍ਰਗਟਾਉਣ ਦੀ ਅਦੁਤੀ ਸ਼ਕਤੀ ਸਦਕਾ ਉਹ ਸੰਵਾਦ ਤੇ ਪ੍ਰਭਾਵ ਕਵਿਤਾਮਈ ਹੀ ਕਰਦੇ । ਮੁਖ ਵਿਸ਼ਾ ਸਚੇ ਪ੍ਰਮੇਸ਼ਵਰ ਦੀ ਉਪਾਸਨਾ ਹੈ । ਉਸ ਨੂੰ ਪਾਉਣਾ ਤੇ ਉਸ ਵਿਚ ਸਮਾਉਣਾ ਮੁਖ ਲੋਚਾ ਹੈ । ਪਾਉਣ ਸਮਾਉਣ ਲਈ ਨਾਮ ਜਪਣ ਤੇ ਲਿਵ ਲਾਉਣੀ ਜ਼ਰੂਰੀ ਹੈ । ਲਿਵ ਤਾਂ ਹੀ ਲਗ ਸਕਦੀ ਹੈ ਜੇ ਮਨ ਤਨ ਦੋਨੋਂ ਉੱਜਲੇ ਹੋਣ । ਉੱਚ ਵਿਚਾਰ ਤੇ ਸੁਚਾ ਆਚਾਰ ਉਜਲੇ ਮਨ ਤਨ ਦੇ ਲਖਾਇਕ ਹਨ । ਸੁਚੇ ਵਿਚਾਰ, ਸੁਚ-ਆਚਾਰ, ਲਿਵ ਲਾਉਣਾ ਤੇ ਸਚਾ ਰਾਹ ਦਰਸਾਉਣ ਦਾ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ । ਗੁਰੂ ਭਾਵੇਂ ਸ਼ਬਦ ਰੂਪੀ ਹੋਵੇ, ਭਾਵੇਂ ਮਾਨਵੀ ਰੂਪ ਵਿਚ । ਗੁਰੂ ਜੀ ਬਾਣੀ ਰਾਹੀਂ ਉਪਰੋਕਤ ਵਿਸ਼ੇ ਦੀ ਅਜਿਹੀ ਬਖੂਬੀ ਬਿਆਨ ਕਰਦੇ ਹਨ ਕਿ ਸ਼ਬਦ ਗੁਰੂ ਰੂਪ ਹੋ ਨਿਬੜਿਆ ਹੈ । ਸ਼ਬਦ ਭਾਵੇਂ ਬਹੁਤੇ ਸਮੇਂ ਸਥਾਨ ਤੇ ਸਥਿਤੀ ਦੇ ਸੰਦਰਭ ਵਿਚ ਰਚੇ ਗਏ ਹਨ ਪਰ ਉਹਨਾਂ ਦਾ ਭਾਵ ਤੇ ਦਿਸ਼ਾ ਸਰਵਾਂਗੀਣ ਹੈ । ਰਚਣ ਸਮਾਂ ਭਾਵੇਂ ਲੰਬਾ ਹੈ ਪਰ ਭਾਵਾਤਮਕ ਇਕਸਾਰਤਾ ਤੇ ਇਕਸੁਰਤਾ ਠੇਠ ਹੈ ਜਿਸ ਤੋਂ ਗੁਰੂ ਜੀ ਦੇ ਪਹਿਲੀ ਉਮਰੇ ਹੀ ਵਿਚਾਰਾਂ ਦੇ ਪੁਖਤਾਗੋ ਹੋਣ ਦੀ ਸ਼ਾਹਦੀ ਮਿਲਦੀ ਹੈ ।

ਬੋਲੀ ਸ਼ੈਲੀ ਤੇ ਕਾਵਿ ਬਣਤਰ ਵੀ ਸਮੇਂ ਸਥਾਨ ਸਥਿਤੀ ਦੇ ਅਨੁਸਾਰ ਹਨ । ਸ਼ੈਲੀ ਕਲਾਤਮਕ, ਵਸਤੂ ਅਨਿਖੜਵੀਂ, ਸ਼ਿਲਪ ਵਿਧਾਨ ਸਰੋਦੀ, ਤਰਕ ਤੇ ਬੌਧਿਕਤਾ ਦਾ ਸੁੰਦਰ ਸੁਮੇਲ ‘ਸਥੂਲ ਵਸਤਰਾਂ ਵਿਚ ਸੂਖਮ ਵਿਚਾਰ’ ਕਹੀ ਜਾ ਸਕਦੀ ਹੈ । ਸੂਤਰਬਧ ਸ਼ੈਲੀ ਨੇ ਸੁਹਜਾਤਮਕ ਸਿਰਜਣਾ ਦੇ ਲੜ ਲਗ ਅਰੂਪ ਨੂੰ ਵੀ ਰੂਪਮਾਨ ਕਰ ਦਿਤਾ ਹੈ ।​
 
📌 For all latest updates, follow the Official Sikh Philosophy Network Whatsapp Channel:
Top