• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਅਜੂਨੀ ਸੈਭੰ

Dalvinder Singh Grewal

Writer
Historian
SPNer
Jan 3, 2010
2,429
447
81
ਅਜੂਨੀ ਸੈਭੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਅਜੂਨੀ ਤੇ ਸੈਭੰ ਵਾਹਿਗੁਰੂ ਦੀਆਂ ਦੋ ਅੱਡ ਅੱਡ ਖਾਸੀਅਤਾਂ (ਲੱਛਣ) ਹਨ:

ਅਜੂਨੀ
ਅ+ਜੂਨੀ= ਜੋ ਕਿਸੇ ਜੂਨ ਵਿਚ ਨਹੀਂਂ ਪੈਂਦਾ। ਜੋ ਜੀਵਾਂ ਅਵਤਾਰਾਂ ਵਾਂਗੂੰ ਜਨਮ ਵਿਚ ਆਉਣ ਵਾਲਾ ਨਹੀਂ, ਜੂਨ ਤੋਂ ਰਹਿਤ ਹੈ, ਜੂਨਾਂ (ਜਨਮ-ਮਰਨ) ਦੇ ਚੱਕਰ ਵਿਚ ਨਹੀਂ ; ਮਰਨ ਜਿਉਣ ਵਿਚ ਨਹੀਂ, ਉਸ ਦੀ ਹੋਂਦ ਦਾ ਕੋਈ ਕਾਰਨ ਨਹੀਂ।ਇਸ ਨੂੰ ਅਜੋਨੀ ਵੀ ਲਿਖਿਆ ਗਿਆ ਹੈ ਜਿਸ ਦਾ ਭਾਵ ਉਹ ਕਿਸੇ ਯੋਨੀ ਰਾਹੀਂ ਹੋਂਦ ਵਿਚ ਨਹੀਂ ਆਇਆ।
ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਤੇ ਕਾਲ (ਮੌਤ) ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ ਭਾਵ ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ।ਮੈਂ ਉਸ ਸੱਚੇ ਸਚਿਆਰ ਦੇ ਕੁਰਬਾਣ ਜਾਵਾਂ।ਉਸ ਦੇ ਕੋਈ ਸਰੂਪ ਨਹੀਂ, ਕੋਈ ਰੰਗ ਨਹੀਂ ਕੋਈ ਨੁਹਾਰ ਨਹੀਂ।ਉਸਦਾ ਨੀਸਾਣ ਸੱਚਾ ਸ਼ਬਦ (ਨਾਮ) ਹੈ।ਉਸ ਦੇ ਮਾਂ, ਪਿਉ, ਪੁਤ੍ਰ ਅਤੇ ਸੰਬੰਧੀ ਕੋਈ ਨਹੀਂ।ਉਸ ਨੂੰ ਕਾਮ ਦੀ ਇੱਛਾ ਨਹੀਂ ਤੇ ਨਾ ਹੀ ਉਸਦੀ ਕੋਈ ਪਤਨੀ ਹੈ।ਉਹ ਵੰਸ਼ ਰਹਿਤ, ਪਵਿਤ੍ਰ, ਵਿਸ਼ਾਲ, ਅਤੇ ਬੇਅੰਤ ਹੈ, ਉਸ ਦਾ ਨੂਰ ਸਭਨਾਂੂ ਅੰਦਰ ਵਿਆਪਕ ਹੈ।ਹਰ ਹਿਰਦੇ ਵਿਚ ਵਾਹਿਗੁਰੂ ਵਸਦਾ ਹੈ ਹਰ ਸਰੀਰ ਵਿਚ ਉਸੇ ਦੀ ਜੋਤ ਹੈ।

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ 1 ॥ ਸਾਚੇ ਸਚਿਆਰ ਵਿਟਹੁ ਕੁਰਬਾਣੁ ॥ ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥ ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥ ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥ 2 ॥ ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥ (ਪੰਨਾ 597)

ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਕਿਸੇ ਦੇ ਅਧੀਨ ਨਹੀਂ, ਜੂਨਾਂ ਤੋਂ ਬਾਹਰਾ ਜਾਂ ਯੋਨੀ ਰਾਹੀਂ ਪੈਦਾ ਨਾ ਹੋਣ ਵਾਲਾ ਜੇ ਸੱਚੇ ਗੁਰੂ ਨੂੰ ਭਾਵੇ ਤਾਂ ਹੀ ਪਾਇਆ ਜਾ ਸਕਦਾ ਹੈ।

ਵਾਹਿਗੁਰੂ ਜੂਨਾਂ ਵਿਚ ਨਹੀਂ ਤੇ ਅੱਗੇ ਜੂਨਾਂ ਵਿਚ ਪਵੇਗਾ ਭੀ ਨਹੀਂ ਤੂੰ ਉਸ ਵਾਹਿਗੁਰੂ ਨੂੰ ਅਪਣੇ ਹਿਰਦੇ ਅੰਦਰ ਹੀ ਵੇਖ।
ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਓ।।
ਨਾ ਤਾਂ ਉਸ ਨੂੰ ਕਿਸੇ ਨਾ ਥਾਪਿਆ ਹੈ ਤੇ ਨਾ ਹੀ ਉਸਨੂੰ ਕਿਸੇ ਨੇ ਰਚਿਆ ਹੈ। ਉਹ ਖਾਕੋਂ ਬਿਨ ਅਪਣੇ ਆਪ ਹੀ ਹੋਂਦ ਵਿਚ ਆਇਆ:
ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।।(ਪੰਨਾ 2)
ਨਾ ਉਹ ਮਰਦਾ ਹੈ ਨਾ ਉਹ ਆਉਣ ਜਾਣ ਦੇ ਚੱਕਰਾਂ ਵਿਚ ਹੈ। ਉਹ ਤਾਂ ਹਰ ਥਾਂ ਸਮਾਇਆ ਹੋਇਆ ਹੈ।

ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭ ਰਹਿਓ ਸਮਾਇ।। (ਪੰਨਾ 1136)
ਨ ਆਵੈ ਨਾ ਜਾਈ।। (ਪੰਨਾ 592)
ਨਾ ਤਿਸੁ ਮਰਣੁ ਨ ਆਵਣ ਜਾਣ।। (ਪੰਨਾ 686)
ਨ ਇਹੁ ਬਿਨਸੈ ਨਾ ਇਹੁ ਜਾਇ।।ਆਦਿ ਜੁਗਾਦੀ ਰਹਿਆ ਸਮਾਇ।।(ਪੰਨਾ 868)
ਨਾ ਓਹੁ ਮਰੈ ਨ ਹੋਵੈ ਸੋਗੁ।।ਦੇਦਾ ਰਹੈ ਨ ਚੂਕੈ ਭੋਗੁ।।(ਪੰਨਾ 9)
ਨਾ ਓਇ ਜਨਮਹਿ ਨਾ ਮਰਹਿ ਨ ਓਹਿ ਦੁਖ ਸਹੰਨਿ।।(ਪੰਨਾ 756)
ਜਨਮ ਮਰਣ ਤੇ ਰਹਤ ਨਾਰਾਇਣ ॥ 1 ॥ (ਪੰਨਾ 1136)
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥ 2 ॥ (ਪੰਨਾ 1136)
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥ 4 ॥ 1 ॥(ਪੰਨਾ 1136)

ਉਸ ਦੇ ਮਾਤਾ ਪਿਤਾ ਨਹੀਂ ਕਿਉਂਕਿ ਉਹ ਤਾਂ ਗਰਭ ਯੋਨੀ ਵਿਚ ਪਿਆ ਹੀ ਨਹੀਂ। ਨਾ ਉਸਦਾ ਕੋਈ ਅਪਣਾ ਸਰੀਰ ਹੈ ਨਾ ਉਸ ਵਿਚ ਖੁੂਨ ਵਗਦਾ ਹੈ:

ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ।। (ਪੰਨਾ 1021)
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮੁ ਨ ਨਾਰੀ।। (ਪੰਨਾ 597)
ਨਾ ਇਸੁ ਬਾਪੁ ਨਹੀ ਇਸੁ ਮਾਇਆ।। (ਪੰਨਾ 868)
ਨਾ ਇਸੁ ਮਾਇ ਨ ਕਾਹੂ ਪੂਤਾ।। (ਪੰਨਾ 871)
ਨਾ ਕਿਸ ਕਾ ਪੂਤੁ ਨ ਕਿਸ ਕੀ ਮਾਈ।। ਪੰਨਾ 357)
ਨਾ ਤਿਸੁ ਬਾਪੁ ਨਾ ਮਾਇ ਕਿਨਿ ਤੂ ਜਾਇਆ।।(ਪੰਨਾ 1279)
ਨਾ ਇਸੁ ਪਿੰਡੁ ਨ ਰਕਤੁ ਰਾਤੀ।। (ਪੰਨਾ 871)

ਵਾਹਿਗੁਰੂ ਨਾ ਇਨਸਾਨ ਹੈ ਨਾ ਦੇਵਤਾ ਹੈ; ਨਾ ਹੀ ਇਹ ਅਪਣੇ ਆਪ ਨੂੰ ਜਤੀ ਅਖਵਾਉਂਦਾ ਹੈ। ਨਾ ਇਹ ਯੋਗੀ ਹੈ ਨਾ ਅਵਧੂਤ। ਨਾ ਇਸ ਦੀ ਕੋਈ ਮਾਂ ਹੈ ਨਾ ਇਹ ਕਿਸੇ ਦਾ ਪੁੱਤ ਹੈ।ਇਸ ਵਿਸ਼ਵ ਮੰਦਿਰ ਵਿਚ ਕੌਣ ਵਸਦਾ ਹੈ? ਉਹ ਵਾਹਿਗੁਰੂ ਜਿਸਦਾ ਅੰਤ ਕੋਈ ਨਹੀਂ ਪਾ ਸਕਦਾ। ਨਾ ਇਹ ਗ੍ਰਹਿਸਥੀ ਹੈ ਨਾ ਉਦਾਸੀ ਹੈ। ਨਾ ਇਹ ਰਾਜਾ ਹੈ ਨਾ ਭਿਖਾਰੀ ਹੈ।ਨਾ ਇਸ ਦਾ ਸਰੀਰ ਹੈ ਨਾ ਇਹ ਰਕਤ-ਰੰਜਿਤ ਹੈ। ਨਾ ਇਹ ਬ੍ਰਾਹਮਣ ਹੈ ਨਾ ਖੱਤਰੀ। ਨਾ ਇਹ ਤਪਾ (ਜੋ ਤਪ ਵਿਚ ਮਗਨ ਹੋਵੇ) ਨਾ ਇਹ ਸ਼ੇਖ ਹੈ।ਨਾ ਇਹ ਜਿਉਂਦਾ ਦਿਸਦਾ ਹੈ ਨਾ ਮਰਦਾ ਦੇਖ ਸਕਦੇ ਹਾਂ।ਜੋ ਇਸ ਮਰਦੇ ਨੂੰ ਝੂਠ ਹੀ ਰੋਵੇਗਾ ਸੋ ਅਪਣੀ ਇਜ਼ਤ ਗੁਆ ਦੇਵੇਗਾ।ਗੁਰੁ ਦੀ ਮਿਹਰ ਸਦਕਾ ਮੈਂ ਇਸ ਨੂੰ ਪਾਇਆ ਹੈ ਤੇ ਇਸ ਨੇ ਮੇਰਾ ਜੀਵਣ-ਮਰਣ ਦੋਨੋਂ ਮੇਟ ਦਿਤੇ ਹਨ। ਕਬੀਰ ਜੀ ਕਹਿੰਦੇ ਹਨ ਕਿ ਵਾਹਿਗੁਰੂ ਦੀ ਅੰਸ ਇਹੋ ਹੈ ਜਿਸ ਦਾ ਲਿਖਿਆ ਮੇਟਿਆ ਨਹੀਂ ਜਾ ਸਕਦਾ:

ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ ਨਾ ਅਵਧੂਤਾ ॥
ਨਾ ਇਸੁ ਮਾਇ ਨ ਕਾਹੂ ਪੂਤਾ ॥ 1 ॥ ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥ 1 ॥
ਰਹਾਉ ॥ ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾ ਇਸੁ ਪਿੰਡੁ ਨ ਰਕਤੂ ਰਾਤੀ ॥
ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥ 2 ਰ॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥ ਇਸੁ
ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥ 3 ॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ
ਦੋਊ ਮਿਟਵਾਇਆ ॥ ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥ 4 ॥ (ਪੰਨਾ 871)

ਜੋ ਕਦੇ ਜੰਮਦਾ ਮਰਦਾ ਨਹੀਂ ਉਸ ਨਾਲ ਨਾਤਾ ਜੋੜਣਾ ਦੁਖਾਂ ਤੋਂ ਦੂਰ ਸਦਾ ਸੁਹਾਗਣ ਬਣਨਾ ਹੈ:
ਨ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰ।। (ਪੰਨਾ 651)
ਪ੍ਰਮਾਤਮਾ ਕਦੇ ਕਿਸੇ ਸੰਕਟ ਵਿਚ ਨਹੀਂ ਪੈਂਦਾ, ਨਾਂ ਹੀ ਉਹ ਜੀਣ ਮਰਨ ਦੇ ਚੱਕਰ ਵਿਚ ਪੈਂਦਾ ਹੈ। ਕਬੀਰ ਜੀ ਕਹਿੰਦੇ ਹਨ ਕਿ ਉਸ ਦਾ ਪ੍ਰਮਾਤਮਾ ਤਾਂ ਅਜਿਹਾ ਹੈ ਜਿਸ ਦੇ ਮਾਂ ਬਾਪ ਹੈ ਹੀ ਨਹੀਂ:
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ, ਨਾਮੁ ਨਿਰੰਜਨ ਜਾ ਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨ ਬਾਪੋ ਰੇ।। (ਪੰਨਾ 339)
ਮਨਮੁਖ ਵਾਹਗੁਰੂ ਦੇ ਭਾਣੇ ਵਿਚ, ਰਜ਼ਾ ਵਿਚ ਨਹੀਂ ਹੁੰਦਾ ਤੇ ਮਾਇਆ ਮੋਹਿਆ ਕਾਮ, ਕ੍ਰੋਧ ਲੋਭ, ਮੋਹ, ਹੰਕਾਰ ਵਿਚ ਗ੍ਰਸਿਆ ਵਾਰ ਵਾਰ ਜਨਮ ਲੈਂਦਾ ਹੈ ਜੂਨਾਂ ਵਿਚ ਭਰਮਦਾ ਹੈ:
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥ 3 ॥(ਪੰਨਾ 95)
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥ (ਪੰਨਾ 98)
ਏਤੁ ਮੋਹਿ ਫਿਰਿ ਜੂਨੀ ਪਾਹਿ ॥ ਮੋਹੇ ਲਾਗਾ ਜਮ ਪੁਰਿ ਜਾਹਿ ॥ 4 ॥ (ਪੰਨਾ 356)
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥ 1 ॥ (ਪੰਨਾ 128)
ਸਰਬ ਜੀਆ ਮਹਿ ਏਕੋ ਰਵੈ ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥ (ਪੰਨਾ 228)
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥ ਬਿਨ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥ (ਪੰਨਾ 313)
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ (ਪੰਨਾ 441)

ਜਨਮ ਮਰਨ ਤੇ ਜੂਨੀਆਂ ਦਾ ਚੱਕਰ ਤਾਂ ਪ੍ਰਮ ਪਿਤਾ ਪ੍ਰਮੇਸ਼ਵਰ ਹੀ ਕੱਟ ਸਕਦਾ ਹੈ ਜੋ ਆਪ ਜੂਨ ਰਹਿਤ ਹੈ। ਸਤਿਗੁਰੁ ਤੋਂ ਸਿਖਿਆ ਪਾ, ਵਾਹਿਗੁਰੂ ਨਾਮ ਵਿਚ ਧਿਆਨ ਲਾਕੇ ਉਸ ਦੇ ਦਿਆਲੂ ਹੋਣ ਤੇ ਉਸ ਨਾਲ ਮਿਲਣ ਪਿੱਛੋਂ ਹੀ ਜੂਨਾਂ ਦੇ ਚੱਕਰ ਤੋਂ ਛੁਟਕਾਰਾ ਮਿਲਣਾ ਹੈ:

ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ
॥ 4 ॥ (ਪੰਨਾ 434)
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥ ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥ 1 ॥ (ਪੰਨਾ 313)
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥ 1 ॥ (ਪੰਨਾ 118)

ਪਾਰਬ੍ਰਹਮ ਪ੍ਰਮੇਸ਼ਵਰ ਕਿਸੇ ਜੂਨੀ ਵਿਚ ਨਹੀ ਆਉਂਦਾ ਹੈ ਉਹ ਜੂਨਾਂ ਤੋਂ ਬਾਹਰ ਹੈ ਅਜੂਨੀ ਹੈ। ਉਸ ਦੇ ਹੁਕਮ ਨਾਲ ਤਾਂ ਸਾਰੀ ਸ਼੍ਰਿਸ਼ਟੀ ਸਾਜੀ ਜਾਂਦੀ ਹੈ ਤੇ ਫਿਰ ਉਸ ਵਿਚ ਹੀ ਸਮਾ ਜਾਂਦੀ ਹੈ।ਪ੍ਰਮਾਤਮਾ ਦਾ ਰੂਪ ਬਿਆਨਿਆਂ ਨਹੀਂ ਜਾ ਸਕਦਾ ਫਿਰ ਉਸ ਨੂੰ ਧਿਆਨ ਵਿਚ ਕਿਵੇਂ ਲਿਆਈਏ? ਉਹ ਤਾਂ ਸਭ ਵਿਚ ਵਰਤਦਾ ਹੈ ਤੇ ਕੁਦਰਤ ਉਸ ਦੇ ਦਰਸ਼ਨ ਆਪ ਹੀ ਕਰਵਾ ਦਿੰਦੀ ਹੈ:

ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥ (ਪੰਨਾ 1095)
ਪ੍ਰਮਾਤਮਾ ਅਪਹੁੰਚ ਤੇ ਸਮਝੋਂ ਬਾਹਰਾ ਹੈ, ਜਿਸ ਦਾ ਕੋਈ ਮਾਲਿਕ ਨਹੀਂ, ਊਹ ਜੂਨਾਂ ਵਿਚ ਨਹੀਂ ਪਿਆ ਭਾਵ ਮਰਣ ਜਿਉਣ ਵਿਚ ਨਹੀਂ । ਗੁਰੂ ਤੋਂ ਮਿਲੀ ਮੱਤ ਅਨੁਸਾਰ ਉਸ ਇਕੋ ਨੂੰ ਮੰਨਦਾ ਹਾਂ।
ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ। (ਪੰਨਾ 1233)
ਦੇਵਤਿਆਂ ਤੇ ਇਨਸਾਨਾਂ ਦੇ ਨਾਥ/ਸਵਾਮੀ, ਬੇਅੰਤ, ਅਜਨਮੇ ਦੇ ਮਹਿਲ ਲਾਸਾਨੀ ਹਨ।ਗੁਰੁ ਜੀ ਬਿਨੈ ਕਰਦੇ ਹਨ ਕਿ ਹੇ ਵਿਸਵ ਦੀ ਜਿੰਦ ਜਾਨ ਅਪਣੀ ਦਇਆ ਦ੍ਰਿਸ਼ਟੀ ਦਵਾਰਾ ਦਾਸ ਦਾ ਪਾਰ ਉਤਾਰਾ ਕਰੋ।
ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥ ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ।।(ਪੰਨਾ 489)
ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥ ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥ ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥ ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ।। (ਪੰਨਾ 512)
ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥ (ਪੰਨਾ 565)
ਰਾਜੇ ਓੁਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ (ਪੰਨਾ 590)
ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥ ਦੂਜੈ ਭਾਇ
ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥ ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥ ਨਾਨਕ ਬਿਨੁ
ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥ 1 ॥ (ਪੰਨਾ 591)
ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ (ਪੰਨਾ 686)
ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥ ਹਉਮੈ ਬਿਆਪਿਆ ਸਬਦੁ ਨ ਚੀਨੑੈ ਫਿਰਿ ਫਿਰਿ
ਜੂਨੀ ਆਵੈ ॥ 3 ॥ ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥ ਗੁਰ ਪਰਸਾਦੀ ਏਕੋ ਬੂਝੈ ਏਕਸੁ
ਮਾਹਿ ਸਮਾਏ ॥ 4 ॥ 4 ॥ (ਪੰਨਾ 732)

ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥ ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥(ਪੰਨਾ 769)
ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥ (ਪੰਨਾ 920)
ਗਗਨ ਗੰਭੀਰੁ ਗਗਨੰਤਰਿ ਵਾਸੁ ॥ ਗੁਣ ਗਾਵੈ ਸੁਖ
ਸਹਜਿ ਨਿਵਾਸੁ ॥ ਗਇਆ ਨ ਆਵੈ ਆਇ ਨ ਜਾਇ ॥ ਗੁਰ ਪਰਸਾਦਿ ਰਹੈ ਲਿਵ ਲਾਇ ॥ ਗਗਨੁ ਅਗੰਮੁ ਅਨਾਥੁ
ਅਜੋਨੀ ॥ ਅਸਥਿਰੁ ਚੀਤੁ ਸਮਾਧਿ ਸਗੋਨੀ ॥ ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥ ਗੁਰਮਤਿ ਸਾਰੁ ਹੋਰ ਨਾਮ
ਬਿਹੂਨੀ ॥ 20 ॥ (ਪੰਨਾ 932)
ਗੁਰਮੁਖਿ ਉਪਜੈ ਸਾਚਿ ਸਮਾਵੈ ॥ ਨਾ ਮਰਿ ਜੰਮੈ ਨ ਜੂਨੀ ਪਾਵੈ ॥ ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥ 13 ॥ (ਪੰਨਾ 1055)
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਕੂੜੁ
ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ ਕੂੜੈ ਲਾਲਚਿ
ਲਗਿਆ ਫਿਰਿ ਜੂਨੀ ਪਾਇਆ ॥ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥ 15 ॥ (ਪੰਨਾ 1243)
॥ ਮਃ 1 ॥ ਅਜਰੁ ਜਰੈ ਤ ਨਉ ਕੁਲ ਬੰਧੁ ॥ ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥ ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥
ਜੀਵਤ ਮਰਤ ਰਹੈ ਪਰਵਾਣੁ ॥ ਹੁਕਮੈ ਬੂਝੈ ਤਤੁ ਪਛਾਣੈ ॥ ਇਹੁ ਪਰਸਾਦੁ ਗੁਰੂ ਤੇ ਜਾਣੈ ॥ ਹੋਂਦਾ ਫੜੀਅਗੁ
ਨਾਨਕ ਜਾਣੁ ॥ ਨਾ ਹਉ ਨਾ ਮੈ ਜੂਨੀ ਪਾਣੁ ॥ 2 ॥ (ਪੰਨਾ 1289)
ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ
ਹੈ ॥ ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧੑਾਈ ਹੈ ॥ ਮਨ ਪ੍ਰਾਣੀ ਮੁਗਧ
ਬੀਚਾਰੁ ਅਹਿਨਿਸਿ ਜਪੁ ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥ 2 ॥ (ਪੰਨਾ 1398)​

ਸੈਭੰ:
ਵਾਹਿਗੁਰੂ ਦਾ ਪ੍ਰਕਾਸ਼ ਅਪਣੇ ਆਪ ਤੋਂ ਹੈ ਭਾਵ ਉਹ ਸਵੈ ਸਿਰਜਿਆ ਹੈ।
ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ। (ਪੰਨਾ 1237)
ਆਪਨ ਆਪੁ ਆਪਹਿ ਉਪਾਇਓ।। (ਪੰਨਾ 250)

ਪ੍ਰਭੂ ਬਿਆਨੋਂ ਬਾਹਰ, ਬੇਅੰਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਤੇ ਕਾਲ (ਮੌਤ) ਅਤੇ ਪ੍ਰਾਲਬਧ ਦੇ ਅਧੀਨ ਨਹੀਂ। ਉਸ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ ਭਾਵ ਜਨਮ-ਮਰਨ ਤੋਂ ਪਰੇ ਹੈ ਕਿਉਂਕਿ ਉਸ ਦਾ ਪ੍ਰਕਾਸ਼ ਅਪਣੇ ਆਪ ਤੋਂ ਹੋਇਆ ਹੈ ਅਤੇ ਸੰਕਲਪ ਤੇ ਸੰਦੇਹ ਦੇ ਬਗੈਰ ਹੈ।

ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥ ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥ 1 ॥ (ਪੰਨਾ 597)

ਵਾਹਿਗੁਰੂ ਨੂੰ ਨਾ ਥਾਪਿਆ ਜਾ ਸਕਦਾ ਹੈ ਨਾ ਸਿਰਜਿਆ । ਪਵਿਤ੍ਰ ਪ੍ਰਮਾਤਮਾ ਨੇ ਅਪਣਾ ਆਪਾ ਆਪ ਸਿਰਜਿਆ ਹੈ, ਉਸ ਦਾ ਪ੍ਰਕਾਸ਼ ਤਾਂ ਅਪਣੇ ਆਪ ਤੋਂ ਹੀ ਹੋਇਆ ਹੈ;

ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।।(ਜਪੁਜੀ, ਪੰਨਾ 2)

ਅੁਸਨੇ ਅਪਣਾ ਆਪਾ ਆਪ ਸਿਰਜਿਆ ਹੈ ਤੇ ਆਪ ਹੀ ਨਾਉ ਵੀ ਦੇ ਦਿਤਾ ਹੈ। ਆਪੇ ਦੇ ਪਰਕਾਸ਼ ਪਿਛੋਂ ਉਸ ਨੇ ਕੁਦਰਤ ਦੀ ਰਚਨਾ ਕੀਤੀ ਤੇ ਇਸ ਵਿਚ ਚਾਅ ਨਾਲ ਆਸਣ ਲਾਕੇ ਬੈਠ ਗਿਆ।

ਆਪੀਨੈ ਆਪੁ ਸਾਜਿਓ, ਆਪੀਨੈ ਰਚਿਓ ਨਾਉ।ਦੁਯੀ ਕਦਰਤਿ ਸਾਜੀਐ, ਕਰਿ ਆਸਣਿ ਡਿਠੋ ਚਾਓ।। (ਪੰਨਾ 463)

ਕੁਦਰਤਿ ਕਰਿ ਕੈ ਵਸਿਆ ਸੋਇ।। (ਪੰਨਾ 83)

ਵਾਹਿਗੁਰੂ ਆਪ ਹੀ ਲਿਖਣ ਵਾਲੀ ਪੱਟੀ ਹੈ ਭਾਵ ਧਰਾਤਲ ਹੈ ਤੇ ਉਸ ਉਪਰ ਜੋ ਲਿਖਿਆ ਹੈ ਉਹ ਵੀ ਆਪ ਹੀ ਹੈ।। ਗੁਰੂ ਜੀ ਕਹਿੰਦੇ ਹਨ ਵਾਹਿਗੁਰੂ ਇੱਕੋ ਹੀ ਹੈ (ਅਪਣੀ ਸ਼੍ਰਿਸ਼ਟੀ ਸਮੇਤ), ਉਸ ਬਿਨ ਦੂਜਾ ਹੋਰ ਕੌਣ ਹੈ?

ਆਪੇ ਪਟੀ ਕਲਮ ਆਪਿ ਉਪਰ ਲੇਖੁ ਭੀ ਤੂੰ ।।ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ? (ਪੰਨਾ 1291)

ਵਾਹਿਗੁਰੂ ਆਪ ਹੀ ਮਾਛੀ ਹੈ, ਆਪੇ ਮਛਲੀ ਤੇ ਆਪੇ ਹੀ ਜਾਲ। ਆਪ ਹੀ ਜਾਲ ਦੀਆਂ ਤੰਦਾਂ ਜੋੜਣ ਵਾਲਾ ਮਣਕਾ ਹੈ ਤੇ ਆਪ ਹੀ ਮਣਕੇ ਅੰਦਰ ਦਾ ਲਾਲ ਹੈ। ਉਸ ਤੋਂ ਕੁਝ ਵੀ ਭਿੰਨ ਨਹੀਂ।

ਆਪੇ ਮਾਛੀ ਮਛੁਲੀ, ਆਪੇ ਪਾਣੀ ਜਾਲੁ।।ਆਪੇ ਜਾਲ ਮਣਕੜਾ, ਆਪੇ ਅੰਦਰਿ ਲਾਲੁ।। (ਪੰਨਾ 23)

ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥ ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥ (ਪੰਨਾ 1237)
ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥ ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥ ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥ ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥ 1 ॥ ਸਲੋਕ ਮਹਲਾ 2 ॥ ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥ ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥ ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥ 1 ॥
ਆਪੇ ਕਰਣੀ ਕਰਣਹਾਰੁ। (ਪੰਨਾ 1190)
ਸਭ ਦੁਨੀਆ ਆਵਣ ਜਾਵਣੀ, ਮੁਕਾਮੁ ਏਕੁ ਰਹੀਮੁ।। (ਪੰਨਾ 64)
ਤੂੰ ਆਪੇ ਕਰਤਾ ਕਰਣਯੋਗ (ਪੰਨਾ 1190)
ਆਪੇ ਸਾਜੇ, ਆਪੇ ਰੰਗੇ, ਆਪੇ ਨਦਰਿ ਕਰੇਇ।। (ਪੰਨਾ 722)​
 
📌 For all latest updates, follow the Official Sikh Philosophy Network Whatsapp Channel:
Top