- Jan 3, 2010
- 2,429
- 447
- 81
ਜ਼ਿੰਦਗੀ ਨੂੰ ਅਮਰਤਾ ਵਲ ਲਿਜਾਂਦੇ ਨਾਨੋਰੋਬੋਟ ਤੇ ਨਾਨੋਸੈਲ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਇਕ ਅਮਰੀਕੀ ਸਾਇੰਸਦਾਨ ਰੇ ਕੁਰਜ਼ਵੈਲ ਦੀ ਕੀਤੀ ਭਵਿਸ਼ਵਾਣੀ: ‘ਨਾਨੋਤਕਨਾਲੋਜੀ ਰਾਹੀਂ ਤਿਆਰ ਕੀਤੇ ਨਾਨੋਰੋਬੋਟਾਂ ਨਾਲ ਸੰਨ 2029 ਤਕ ਅਮਰਤਾ ਪਦ ਪ੍ਰਾਪਤ ਕੀਤਾ ਜਾ ਸਕੇਗਾ’ ਮੀਡੀਆ ਦੀ ਚਰਚਾ ਦਾ ਵਿਸ਼ਾ ਹੈ । ਨਾ ਹੀ ਇਹ ਕੋਈ ਨਵੀ ਗਲ ਹੈ, ਨਾ ਕੋਈ ਨਵੀ ਭਵਿਸ਼ਵਾਣੀ, ਨਾ ਸੌ ਫੀ ਸਦੀ ਸੱਚੀ ਗੱਲ। ਨਵੀਂ ਇਸ ਲਈ ਨਹੀ ਜਾਂ ਇਹ ਕੋਈ ਨਵੀ ਭਵਿਸ਼ਵਾਣੀ ਨਹੀਂ ਕਿਉਂਕਿ ਇਸ ਦੀ ਚਰਚਾ ਪਹਿਲਾਂ ਵੀ ਬੜੀ ਹੋ ਚੁਕੀ ਹੈ।ਇਸ ਵਿਸ਼ੇ ਤੇ ਫੇਮੈਨ ਦੀਆਂ ਭਵਿਸ਼ਵਾਣੀਆਂ ਨੂੰ ਅਮਲੀਜਾਮਾ ਪਹਿਨਾਉਣ ਵਾਲੇ ਡਰੈਕਸਲਰ ਤੋਂ ਲੈ ਕੇ ਹੁਣ ਤਕ ਅਮਰੀਕਾ ਤੋਂ ਬਿਨਾ ਇੰਗਲੈਂਡ, ਜਰਮਨੀ, ਜਾਪਾਨ, ਚੀਨ ਤੇ ਭਾਰਤ ਵਰਗੇ ਦੇਸ਼ ਵੀ ਮਹੱਤਵਪੂਰਨ ਖੋਜਾਂ ਕਰ ਰਹੇ ਹਨ।ਨਾਨੋਰੋਬੋਟ ਤਾਂ ਪਾਠ ਪੁਸਤਕਾਂ ਦਾ ਹਿਸਾ ਬਣ ਚੁਕੇ ਹਨ । ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਐਮ ਟੈਕ ਨਾਨੋਤਕਨਾਲੋਜੀ ਵਿਚ ਨਾਨੋਰੋਬੋਟ ਤੇ ਨਾਨੋਮੈਡੀਸੀਨ ਮਹਤਵ ਪੂਰਨ ਵਿਸ਼ੇ ਹਨ ਜਿਨ੍ਹਾਂ ਵਿਚ ਨਾਨੋਮੈਡੀਸੀਨ ਦੀਆਂ ਸੰਭਾਵੀ ਪ੍ਰਾਪਤੀਆਂ ਬਾਰੇ ਵੀ ਦਸਿਆ ਜਾਂਦਾ ਹੈ ਜਿਨ੍ਹਾਂ ਵਿਚ ਅਮਰਤਾ ਵਲ ਵਧਣਾ ਇਕ ਨਿਸ਼ਾਨਾ ਜ਼ਰੂਰ ਹੈ ਪਰ ਇਸ ਵਿਚ ਸੌ ਫੀ ਸਦੀ ਸਫਲ ਹੋਣਾ ਤਾਂ ਸੰਭਵ ਨਹੀਂ ਪਰ ਕਾਫੀ ਹਦ ਪ੍ਰਾਪਤੀਆਂ ਹੋ ਸਕਦੀਆਂ ਹੋ ਸਕਦੀਆਂ ਹਨ। ਇਨ੍ਹਾਂ ਵਿਚ ਕੈਂਸਰ ਤੇ ਏਡਜ਼ ਵਰਗੀਆਂ ਹੁਣ ਤਕ ਲਾਇਲਾਜ ਬਿਮਾਰੀਆਂ ਦਾ ਇਲਾਜ, ਨਾਨੋਰੋਬੋਟਾਂ ਦਾ ਸਰੀਰ ਦੇ ਵਾਤਾਵਰਨ ਨੂੰ ਇਕ ਨਿਸ਼ਚਿਤ ਪਧਰ ਦਾ ਬਣਾਈ ਰਖਣਾ ਤਾਂ ਕਿ ਬਿਮਾਰੀਆਂ ਦੇ ਜਰਾਸੀਮ ਨਾਕਾਮ ਰਹਿਣ ਤੇ ਜੇ ਕਾਮਯਾਬ ਹੋ ਵੀ ਹੋਣ ਤਾਂ ਉਨ੍ਹਾਂ ਨੂੰ ਨਾਨੋਰੋਬੋਟਾਂ ਨਾਲ ਖਤਮ ਕਰ ਦੇਣਾ ਆਦਿ ਵਿਸ਼ੇ ਸ਼ਾਮਿਲ ਹਨ।
ਹੇਠਾਂ ਚਿਤਰ ਵਿਚ ਇਕ ਮਾਈਕਰੋਨ ਸਕੇਲ ਨਾਨੋਰੋਬੋਟ ਹੈ ਜਿਸ ਦੇ ਹਿਸੇ ਪੁਰਜ਼ੇ 1 ਤੋਂ 100 ਨਾਨੋਮੀਟਰ ਦੀ ਸਾਈਜ਼ ਦੇ ਹਨ।(1 ਨਾਨੋਮੀਟਰ ਇਕ ਮੀਟਰ ਦਾ ਇਕ ਅਰਬਵਾਂ ਛੋਟਾ ਹਿਸਾ ਹੁੰਦਾ ਹੈ) ਜਿਨ੍ਹਾਂ ਨੂੰ ਜੋੜਕੇ ਇਹ ਅਧੇ ਤੋਂ ਲੈਕੇ 3 ਮਾਈਕਰੋਨ ਦੀ ਸਾਈਜ਼ ਦਾ ਨਾਨੋਰੋਬੋਟ ਬਣਾਇਆ ਜਾਂਦਾ ਹੈ ।ਨਾਨੋਰੋਬੋਟ ਅਪਣਾ ਕੰਮ ਕਿਸਤਰਾਂ ਕਰਦਾ ਹੈ ਇਸ ਦੇ ਨਮੂਨੇ ਹੇਠਾਂ ਚਿਤਰਾਂ ਵਿਚ ਪੇਸ਼ ਹਨ।
1.ਨਾਨੋਰੋਬੋਟ ਦਾ ਹੀਰੇ ਦਾ ਖੋਲ 2. ਨਾਨੋਰੋਬੋਟ ਖੁਨ ਸੈਲ ਅੰਦਰ 3 ਖਰਾਬ ਸੈਲ ਨੂੰ ਤਬਾਹ ਕਰਦਾ ਹੋਇਆ
ਇਹ ਨਾਨੋਰੋਬੋਟ 3 ਮਾਈਕਰੋਨ ਦੀ ਸਾਈਜ਼ ਤੋਂ ਵੱਡਾ ਇਸ ਲਈ ਨਹੀਂ ਬਣਾਇਆਂ ਜਾਂਦਾ ਕਿਉਂਕਿ ਖੂਨ ਦੀਆਂ ਨਾੜੀਆਂ ਵਿਚੋਂ ਦੀ ਇਸ ਤੋਂ ਵਡਾ ਨਾਨੋਰੋਬੋਟ ਖੂਨਦੀ ਨਾੜੀ ਵਿਚੋਂ ਨਿਕਲ ਨਹੀਂ ਸਕਦਾ।ਇਕ ਲਾਲ ਸੈਲ 10,000 ਨਾਨੋਮੀਟਰ ਦਾ ਹੈ ਤਾਂ ਇਸ ਦੀ ਥਾਂ ਤੇ 2,50,000 ਹਿਸੇ ਪੁਰਜ਼ੇ ਰਖੇ ਜਾ ਸਕਦੇ ਹਨ।ਜਲਦੀ ਹੀ ਹਿਸੇ ਪੁਰਜ਼ਿਆਂ ਦੀ ਸਾਈਜ਼ ਏਨੀ ਘਟਾਈ ਜਾ ਸਕੇਗੀ ਕਿ ਇਕ ਲਾਲ ਖੂਨ ਦੇ ਸੈਲ ਦੀ ਥਾਂ 256,000,000 ਪੁਰਜ਼ੇ ਰਖੇ ਜਾ ਸਕਣਗੇ। ਇਹ ਨਾਨੋਰੋਬੋਟ ਮੂਲ ਭੂਤ ਕਾਰਬਨ (ਹੀਰਾ ਜਾਂ ਫੁਲਰੀਨ) ਦਾ ਬਣਿਆ ਹੁੰਦਾ ਹੈ ਜਿਸ ਦੇ ਹਿਸੇ ਪੁਰਜ਼ਿਆਂ ਵਿਚ ਹਾਈਡਰੋਜਨ, ਸਲਫਰ, ਆਕਸੀਜਨ, ਨਾਈਟਰੋਜਨ, ਫਲੋਰੀਨ, ਸਿਲੀਕੋਨ ਅਦਿ ਦੀ ਵਰਤੋਂ ਹੁੰਦੀ ਹੈ।ਨਾਨੋਰੋਬੋਟ ਦੇ ਕਾਰਜ ਨੂੰ ਸਰੀਰ ਅੰਦਰ ਐਮ ਆਰ ਆਈ ਰਾਹੀ ਸਕੈਨ ਕਰਕੇ ਵੇਖਿਆਂ ਜਾਂਦਾ ਹੈ ਜੋ ਕਾਰਬਨ ਐੇਟਮਾਂ ਦੀ ਬਣਾਈ ਜਾਂਦੀ ਹੈ।ਨਾਨੋਰੋਬੋਟ ਲੱਖਾਂ ਦੀ ਤਾਦਾਦ ਵਿਚ ਸਰੀਰ ਅੰਦਰ ਭੇਜੇ ਜਾਂਦੇ ਹਨ ਤੇ ਹਰ ਵਖਰਾ ਨਾਨੋਰੋਬੋਟ ਅਪਣੇ ਨਿਰਧਾਰਿਤ ਹਿੱਸੇ ਵਿਚ ਜਾ ਕੇ ਕਿਰਿਆਸ਼ੀਲ ਹੋ ਜਾਂਦਾ ਹੈ।ਡਾਕਟਰ ਜਾਂ ਕੰਟ੍ਰੋਲਿੰਗ ਕੰਪਿਊਟਰ ਇਨ੍ਹਾਂ ਰੋਬੋਟਾਂ ਦੀ ਗਤੀਵਿਧੀ ਅਤੇ ਭੇਜੀ ਸੂਚਨਾ ਦਾ ਲਗਾਤਾਰ ਲੇਖਾ ਜੋਖਾ ਕਰਦੇ ਰਹਿੰਦੇ ਹਨ।ਜਦ ਵੀ ਕੋਈ ਅਣਚਾਹੀ ਗਲ ਜਾਂ ਬਿਮਾਰੀ ਦੇ ਕਿਟਾਣੂ ਜਾਂ ਕੋਈ ਹੋਰ ਲੱਛਣ ਦਿਸਦੇ ਹਨ ਤਾਂ ਨਾਨੋਰੋਬੋਟ ਪ੍ਰੋਗ੍ਰਾਮ ਕੀਤੇ ਕੰਪਿਊਟਰ ਅਨੁਸਾਰ ਇਲਾਜ ਕਰ ਦਿੰਦੇ ਹਨ ਜਾਂ ਡਾਕਟਰ ਬਾਹਰੀ ਕੰਪਿਊਟਰ ਰਾਹੀਂ ਕੰਟ੍ਰੋਲ ਕਰਕੇ ਲੋੜੀਦੀ ਕਾਰਵਾਈ ਕਰਵਾਉਂਦਾ ਹੈ।
ਕੰਪਿਊਟਰ ਰਾਹੀਂ ਕੰਟ੍ਰੋਲ ਕਰਕੇ ਲੋੜੀਦੀ ਕਾਰਵਾਈ ਕਰਵਾਉਂਦਾ ਹੈ।
4, 5, 6 ਨਾਨੋਰੋਬੋਟ ਲੇਜ਼ਰ ਛਡ ਕੇ ਸੈਲ ਨੂੰ ਤਬਾਹ ਕਰਦਾ ਹੋਇਆ
ਇਹ ਨਾਨੋਰੋਬੋਟ ਹੈ ਕੀ ਤੇ ਇਹ ਸਭ ਕਰਦਾ ਕਿਵੇਂ ਹੈ?ਇਸ ਨੂੰ ਸਮਝਣ ਲਈ ਹੇਠ ਹੈ ਨਾਨੋਰੋਬੋਟ ਦਾ ਚਿਤਰ
ਨਾਨੋਰੋਬੋਟ ਦੇ ਮੁਖ ਭਾਗ ਹਨ: 1. ਬਾਹਰੀ ਖੋਲ (ਚਿਤਰ 1), 2. ਧੁਨੀ ਤਰੰਗ ਮੇਲ-ਮਿਲਾਪ ਰਿਲੇ 3. ਸੈਂਸਰ 4. ਮੈਨੀਪੂਲੇਟਰ 5. ਪੰਪ 6. ਨਾਨੋਕੰਪਿਊਟਰ
1. ਬਾਹਰੀ ਖੋਲ (ਚਿਤਰ 1), ਨਾਨੋਰੋਬੋਟ ਦਾ ਬਾਹਰੀ ਖੋਲ ਜਾਂ ਕਵਚ ਹੀਰੇ (ਕਾਰਬਨ) ਦਾ ਬਣਿਆ ਹੁੰਦਾ ਹੈ ਜਿਸ ਵਿਚ ਇਹ ਪੂਰੀ ਤਰ੍ਹਾਂ ਸੁਰਖਿਅਤ ਰਹਿੰਦਾ ਹੈ ।
2. ਧੁਨੀ ਤਰੰਗ ਮੇਲ-ਮਿਲਾਪ ਰਿਲੇ - ਨਾਨੋਰੋਬੋਟ ਆਮ ਤੌਰ ਤੇ ਸਰੀਰ ਦੇ ਅੰਦਰ ਹੀ ਟਿਕੇ ਹੂੰਦੇ ਹਨ ਤੇ ਖੂਨ ਦੀਆਂ ਨਾੜੀਆਂ ਰਾਹੀ ਇਕ ਥਾਂ ਤੋਂ ਦੂਜੀ ਥਾਂ ਚਲਦੇ ਹਨ।ਸਰੀਰ ਦੇ ਅੰਦਰੋਂ ਬਾਹਰੀ ਕੰਟਰੋਲ ਲਈ ਇਨ੍ਹਾਂ ਦੇ ਸਿਰੇ ਉਪਰ ਧੁਨੀ ਤਰੰਗ ਮੇਲ-ਮਿਲਾਪ ਰਿਲੇ ਲਗਾਏ ਜਾਂਦੇ ਤਾਂ ਕਿ ਹਰ ਖਬਰ ਬਾਹਰ ਕੰਟ੍ਰੋਲਿੰਗ ਕੰਪਿਊਟਰ ਨੂੰ ਦੇ ਸਕਣ ਤੇ ਕੰਟ੍ਰੋਲਿੰਗ ਕੰਪਿਊਟਰ ਤੋਂ ਲੋੜੀਦੀਆਂ ਹਦਾਇਤਾਂ ਲੈ ਸਕਣ ।ਧੁਨੀ ਤਰੰਗ ਜਦ ਇਨ੍ਹਾਂ ਨੂੰ ਛੂੰਹਦੀ ਹੈ ਤਾਂ ਇਹ ਇਕਦਮ ਸਤਰਕ ਹੋ ਕੇ ਕਿਰਿਆ ਸ਼ੀਲ ਹੋ ਜਾਂਦੇ ਹਨ ਤੇ ਲੋੜੀਂਦਾ ਮੇਲ-ਮਿਲਾਪ ਕਰਦੇ ਹਨ।
3. ਸੈਂਸਰ-ਇਹ ਸਾਰੇ ਸਰੀਰ ਦੇ ਵਾਤਾਵਰਣ ਦੀ ਖੋਜ ਖਬਰ ਰਖਦੇ ਹਨ ਤੇ ਧੁਨੀ ਤਰੰਗ ਮੇਲ-ਮਿਲਾਪ ਰਿਲੇ ਅਤੇ ਮੈਨੀਪੂਲੇਟਰ ਨੂੰ ਕਿਰਿਆਸ਼ੀਲ ਵੀ ਕਰਦੇ ਹਨ।ਲੋੜੀਦੀਆਂ ਹਦਾਇਤਾਂ ਅਨੁਸਾਰ ਇਹ ਮੈਨੀਪੂਲੇਟਰ ਤੋਂ ਉਹ ਕਾਰਜ ਕਰਵਾਉਂਦੇ ਹਨ ਜਿਸ ਦਾ ਆਦੇਸ਼ ਇਨ੍ਹਾਂ ਨੂੰ ਕੰਟ੍ਰੋਲਿੰਗ ਕੰਪਿਊਟਰ ਤੋਂ ਮਿਲਿਆ ਹੁੰਦਾ ਹੈ ਜਾਂ ਜਿਸ ਲਈ ਇਨ੍ਹਾਂ ਵਿਚ ਪ੍ਰੋਗ੍ਰਾਮ ਭਰਿਆ ਹੁੰਦਾ ਹੈ ।ਹਜ਼ਾਰਾਂ ਨਾਨੋ ਤਾਰਾਂ ਨਾਲ ਲੈਸ ਸੈਂਸਰ ਚਿਪ ਕੈਂਸਰ ਸੈਲਾਂ ਦੇ ਪਿਛੇ ਛੁੱਟੇ ਪ੍ਰੋਟੀਨਾ ਤੇ ਚਰਬੀ ਦੇ ਨਿਸ਼ਾਨਾ ਦੀ ਤਲਾਸ਼ ਕਰ ਲੈਂਦੇ ਹਨ ਤੇ ਕੈਂਸਰ ਦਾ ਮੁਢ ਵਿਚ ਹੀ ਇਲਾਜ ਕਰਨ ਵਿਚ ਸਹਾਈ ਹੁੰਦੇ ਹਨ।ਮਿਸਾਲ ਦੇ ਤੌਰ ਤੇ ਕੈਡਮੀਅਮ ਸੈਲੇਨਾਈਡ ਦੇ ਨਾਨੋਪਾਰਟੀਕਲ (ਕੁਅੰਟਮ ਡਾਟਸ) ਉਪਰ ਜਦ ਅਲਟਰਾਵਾਇਲੈਟ ਕਿਰਨਾਂ ਪੈਂਦੀਆਂ ਹਨ ਤਾਂ ਇਹ ਚਮਕ ਦੇ ਕੇ ਅਪਣੀ ਸਥਿਤੀ ਜ਼ਾਹਿਰ ਕਰਦੇ ਹਨ।ਜਦ ਇਹ ਕੈਂਸਰ ਦੇ ਟਿਊਮਰ ਵਿਚ ਭੇਜੇ ਜਾਂਦੇ ਹਨ ਤਾਂ ਕਂੈਸਰ ਦੇ ਟਿਊਮਰ ਨੂੰ ਚਮਕਾ ਕੇ ਉਸ ਦੀ ਸਥਿਤੀ ਬਿਆਨਦੇ ਹਨ ਤੇ ਟਿਊਮਰ ਦੇ ਉਪਰੇਸ਼ਨ ਵਿਚ ਮਦਦ ਕਰਦੇ ਹਨ।ਕੁਅੰਟਮ ਡਾਟਸ ਨਾਂ ਦੇ ਚਮਕਦਾਰ ਨਾਨੋਪਾਰਟੀਕਲ, ਟਿਊਮਰ ਦੇ ਬੜੇ ਚਮਕਦਾਰ ਫੋਟੋ ਭੇਜ ਸਕਦੇ ਹਨ । ਨਾਨੋਪਾਰਟੀਕਲ ਦੀ ਸਤਹੀ ਸ਼ਕਤੀ ਵਧੇਰੇ ਹੋਣ ਕਰਕੇ ਇਹ ਇਕਦਮ ਅਸਰਦਾਰ ਤੇ ਜਾਨਦਾਰ ਹੁੰਦੇ ਹਨ।ਕੇਨਜ਼ੀਅਸ ਆਰ ਐਫ ਥੇਰਪੀ ਨਾਲ ਟਿਊਮਰ ਨੂੰ ਥਾਂ ਤੇ ਹੀ ਭੁੰਨ ਦਿਤਾ ਜਾਂਦਾ ਹੈ।
ਕੈਸਰ ਟਿਊਮਰ ਦਾ ਇਲਾਜ ਕਰਨ ਲਈ ਕੁਅੰਟਮ ਡਾਟਸ ਦੀ ਵਰਤੋਂ
4. ਮੈਨੀਪੂਲੇਟਰ- ਸੈਂਸਰ ਤੇ ਧੁਨੀ ਤਰੰਗ ਮੇਲ-ਮਿਲਾਪ ਰਿਲੇ ਰਾਹੀ ਕਿਰਿਆਸ਼ੀਲ ਹੋ ਕੇ ਇਹ ਅਪਣਾ ਕਾਰਜ ਨਿਭਾਉਂਦਾ ਹੈ।ਇਸਦੇ ਕਾਰਜ ਕਿਸੇ ਸੈਲ ਦਾ ਆਪਰੇਸ਼ਨ ਜਾਂ ਬਾਹਰੀ ਨੁਕਸਾਨ ਦੇਹ ਵਸਤੂ ਨੂੰ ਤਬਾਹ ਕਰਨਾ, ਕਿਸੇ ਜੀਨ ਦੀ ਲੋੜੀਦੀ ਬਣਤਰ ਬਦਲੀ ਆਦਿ ਹੋ ਸਕਦੇ ਹਨ।ਇਹੋ ਮੈਨੀਪੂਲੇਟਰ ਕੈਂਸਰ ਦੀ ਦਵਾ ਨੂੰ ਸਿਰਫ ਖਰਾਬ ਹੋਏ ਡੀ ਐਨ ਏਂ ਤਕ ਹੀ ਪਹੁੰਚਾਉਣ ਲਈ ਡੈਂਡਰੀਮਰ ਦਾ ਇਸਤੇਮਾਲ ਕਰਦੇ ਹਨ ਜਿਨ੍ਹਾਂ ਦਾ ਦਿਸ਼ਾ ਨਿਰਦੇਸ਼ ਨਾਨੋਕੰਪਿਊਟਰ ਕਰਦੇ ਹਨ।
5. ਪੰਪ-ਇਹ ਤਬਾਹ ਕੀਤੇ ਮਾਦੇ ਨੂੰ ਬਾਹਰ ਸੁਟਦੇ ਹਨ ਤੇ ਸਰੀਰ ਵਿਚੋ ਕਿਸੇ ਵੀ ਅਣਚਾਹੇ ਅਣਭਾਉਂਦੇ ਮਾਦੇ ਨੂੰ ਸਰੀਰ ਵਿਚੋਂ ਬਾਹਰ ਕਢਦੇ ਹਨ ਜਾਂ ਕਿਸੇ ਤਰਲ ਨੂੰ ਅੰਦਰ ਖਿਚਦੇ ਹਨ ।
ਨਾਨੋ ਕੰਪਿਊਟਰ ਨਾਨੋਰੋਬੋਟ ਨੂੰ ਅਪਣਾ ਕਾਰਜ ਪੂਰਾ ਕਰਨ ਲਈ ਲੋੜੀਂਦੀਆਂ ਹਦਾਇਤਾਂ ਦੇਣਗੇ ।ਇਨ੍ਹਾਂ ਹਦਾਇਤਾਂ ਨੂੰ ਜਾਂ ਤਾਂ ਪਹਿਲਾਂ ਨਿਰਧਾਰਤ ਪ੍ਰੋਗ੍ਰਾਮਾਂ ਅਨੁਸਾਰ ਚਲਾਇਆ ਜਾਵੇਗਾ ਜਾਂ ਨਵੀਆਂ ਹਦਾਇਤਾਂ ਨੂੰ ਡਾਕਟਰ ਜਾਂ ਇੰਜਨੀਅਰ ਸਿਧੇ ਤੌਰ ਤੇ ਦੇ ਸਕਣਗੇ।ਇਹ ਨਾਨੋ ਕੰਪਿਊਟਰ ਨਾਨੋਰੋਬੋਟ ਨੂੰ ਜੋ ਹਦਾਇਤਾਂ ਦੇ ਸਕਣਗੇ ਉਨ੍ਹਾਂ ਵਿਚ ਮੁਖ, ਸਰੀਰ ਦੇ ਮੌਜੂਦਾ ਵਾਤਾਵਰਣ ਨੂੰ ਸਟੈਂਡਰਡ ਵਾਤਾਵਰਣ ਵਿਚ ਬਣਾਈ ਰਖਣ ਲਈ ਲੋੜੀਦੀਆਂ ਕਾਰਵਾਈਆਂ ਹੋਣਗੀਆਂ ਜਿਨਂ੍ਹਾਂ ਵਿਚ ਸਟੈਂਡਰਡ ਵਾਤਾਵਰਣ ਅਤੇ ਮੌਜੂਦਾ ਵਾਤਾਵਰਣ ਦੀ ਨਿਰਖ ਕਰਕੇ ਫਰਕ ਲਭਣੇ, ਫਰਕਾਂ ਨੂੰ ਦੂਰ ਕਰਨ ਲਈ ਲੋੜੀਦੇ ਨਿਰਦੇਸ਼ ਦੇਣੇ ਤੇ ਯਕੀਨੀ ਬਣਾਉਣਾ ਕਿ ਦਿਤੇ ਨਿਰਦੇਸ਼ਾਂ ਉਪਰ ਠੀਕ ਤਰ੍ਹਾਂ ਕੰਮ ਕੀਤਾ ਗਿਆਂ ਹੈ ਯਾ ਨਹੀਂ।ਜੇ ਕਿਸੇ ਸੈਲ ਜਾਂ ਹਿਸੇ ਪੁਰਜ਼ੇ ਦੀ ਮੁਰੰਮਤ ਕਰਨੀ ਹੈ ਤਾਂ ਉਹ ਵੀ ਕੰਪਿਊਟਰ ਰਾਹੀਂ ਦਿਤੇ ਨਿਰਦੇਸ਼ਾਂ ਨਾਲ ਹੀ ਹੋਵੇਗੀ।ਜੇ ਸੈਲ ਬਦਲਣੇ ਹਨ ਜਾਂ ਜੀਨਜ਼ ਨੂੰ ਬਦਲਣਾ ਹੇ ਜਾਂ ਕੋਈ ਵਾਧੂ ਮਾਦੇ ਨੂੰ ਅੰਦਰੋਂ ਬਾਹਰ ਜਾਂ ਬਾਹਰੋਂ ਅੰਦਰ ਭੇਜਣਾ ਹੈ ਤਾਂ ਉਸ ਲਈ ਦਿਸ਼ਾ ਨਿਰਦੇਸ਼ ਆਦਿ ।ਇਸ ਤਰ੍ਹਾਂ ਇਹ ਨਾਨੋ ਕੰਪਿਊਟਰ ਮਾਨਵੀ ਸਿਹਤ ਨੂੰ ਸਮਤੋਲ ਰਖਣ ਵਿਚ ਮਹਤਵ ਪੂਰਨ ਹਿਸਾ ਪਾਉਂਦੇ ਹਨ।
ਸਾਇੰਸਦਾਨ ਰੇ ਕੁਰਜ਼ਵੈਲ ਨੇ ਇਹ ਵੀ ਜ਼ਾਹਿਰ ਕੀਤਾ ਹੈ ਕਿ ਇਨ੍ਹਾਂ ਨਾਨੋਰੋਬੋਟਾਂ ਦਾ ਤਜਰਬਾ ਜਾਨਵਰਾਂ ਤੇ ਕੀਤਾ ਜਾ ਰਿਹਾ ਹੈ।ਛੇਤੀ ਹੀ ਇਹ ਨਾਨੋਰੋਬੋਟ ਕੈਂਸਰ ਦੇ ਫੋੜੇ, ਦਿਲ ਵਿਚ ਚਰਬੀ ਕਾਰਨ ਖੂਨ ਵਹਾ ਵਿਚ ਰੁਕਾਵਟਾਂ ਅਤੇ ਬਿਨਾਂ ਕਿਸੇ ਜ਼ਖਮ ਜਾਂ ਨਿਸ਼ਾਨ ਦੇ ਆਪਰੇਸ਼ਨ ਕੀਤੇ ਜਾ ਸਕਣਗੇ।ਇਹ ਨਾਨੋਰੋਬੋਟ ਸਾਡੇ ਦਿਮਾਗ ਨੂੰ ਬੰਦ ਕਰਨ, ਲੋੜੀਂਦਾ ਸੋਚਣ ਤੇ ਚਾਹੇ ਪਰ ਅਣਜਾਣੇ ਸਥਾਨ ਤੇ ਲਿਜਾਣ ਵਿਚ ਮਦਦ ਕਰਨਗੇ।
ਰਾਈਸ ਯੂਨੀਵਰਸਿਟੀ ਵਿਚ 120 ਨਾਨੋਮੀਟਰ ਦੇ ਸੋਨੇ ਜੜੇ ਨਾਨੋ ਸ਼ੈਲਾਂ ਦੀ ਵਰਤੋਂਂ ਰਾਹੀਂ ਚੂਹਿਆਂ ਦੇ ਕੈਂਸਰ ਦੇ ਟਿਊਮਰ ਖਤਮ ਕੀਤੇ ਗਏ।ਸੋਨੇ ਨੂੰ ਲੇਜ਼ਰ ਜਾਂ ਰੇਡੀਉ ਕਿਰਨਾਂ ਨਾਲ ਇਤਨਾ ਗਰਮ ਕੀਤਾ ਜਾਂਦਾ ਹੈ ਕਿ ਉਹ ਸੈਲ ਸਾੜ ਦਿੰਦਾ ਹੈ।
ਨਾਨੋਰੋਬੋਟਾਂ ਦੇ ਖੁਲ੍ਹੇ ਤੌਰ ਤੇ ਵਰਤੋਂ ਕੀਤੇ ਜਾਣ ਵਿਚ ਅਜੇ ਕਈ ਵਰੇ੍ਹ ਲਗਣਗੇ ਕਿਉਂਕਿ ਅਜੇ ਤਕ ਸਾਨੂੰ ਅਸਲੀ ਨਾਨੋਰੋਬੋਟ ਬਣਾਉਣ ਦਾ ਪੂਰਾ ਤਜ਼ਰਬਾ ਨਹੀਂ, ਨਾਂ ਹੀ ਸਾਨੂੰ ਅਸੀਂ ਕੰਪਿਊਟਰ ਰਾਹੀਂ ਇਨ੍ਹਾਂ ਦੇ ਪ੍ਰੋਗ੍ਰਾਮ ਠੀਕ ਤਰਾਂ ਬਣਾ ਸਕਦੇ ਹਾਂ।ਇਨ੍ਹਂਾਂ ਨੂੰ ਇਤਨੀ ਤਾਦਾਦ ਵਿਚ ਭੇਜਣ, ਕਿਥੇ ਤੇ ਕਿਵਂ ਭੇਜਣ, ਕੰਟ੍ਰੋਲ ਕਰਨ, ਤੇ ਬਾਹਰ ਕਢਣ ਬਾਰੇ ਵੀ ਅਜੇ ਬਹੁਤ ਸਵਾਲ ਬਾਕੀ ਹਨ।
ਸਾਇੰਸਦਾਨਾਂ ਦਾ ਧਿਆਨ ਨਕਲੀ ਖੁੂਨ ਸੈਲ ਬਣਾਉਣ ਵਲ ਵੀ ਗਿਆ ਹੈ ਜਿਸ ਦਾ ਨਾਮ ਰੈਸੀਪਰੋਸਾਈਟਸ ਦਿਤਾ ਗਿਆ ਹੈ।ਰੈਸੀਪਰੋਸਾਈਟਸ ਨਕਲੀ ਖੁੂਨ ਦੇ ਲਾਲ ਸੈਲ ਹੁੰਦੇ ਹਨ ਜੋ ਹੀਰੇ ਜਾਂ ਪੰਨੇ ਦੇ ਇਕ ਮਾਈਕ੍ਰੋਨ ਅਰਧਵਿਆਸ ਦੇ ਇਕਲੇ ਇਕਲੇ ਐਟਮ ਜੋੜ ਕੇ ਬਣਾਏ ਜਾਂਦੇ ਹਨ।ਇਹ ਖੂਨ ਦੀਆਂ ਨਾੜੀਆਂ ਵਿਚ ਗੈਸ ਦੇ ਵਹਾ ਨੂੰ ਬਰਕਰਾਰ ਰਖਣ ਵਿਚ ਮਦਦ ਕਰਦੇ ਹਨ।ਹੇਠ ਦਿਤੇ ਚਿਤਰ ਵਿਚ ਰੈਸੀਪਰੋਸਾਈਟਸ ਦੀ ਸ਼ਕਲ-ਬਣਤਰ ਵੇਖੀ ਜਾ ਸਕਦੀ ਹੈ ।
ਇਸ ਦੇ ਮੁਖ ਭਾਗ ਹਨ 1. ਗਲੂਕੋਸ ਇੰਜਨ 2 ਪਾਣੀ ਦੇ ਪੱਖੇ 3.ਆਕਸੀਜਨ ਗੈਸ ਦੇ ਪੱਖੇ 4. ਆਕਸੀਜਨ ਗੈਸ ਦੇ ਸੈਂਸਰ 5. ਕਾਰਬਨ ਡਾਇਕਸਾਈਡ ਦੇ ਸੈਂਸਰ 6. ਕਾਰਬਨ ਡਾਇਕਸਾਈਡ ਦਾ ਚੈਂਬਰ 6. ਪਾਣੀ ਦਾ ਚੈਂਬਰ 7 ਆਕਸੀਜਨ ਗੈਸ ਦਾ ਚੈਂਬਰ 8. ਕੰਪਿਊਟਰ 9 ਧੁਰੀ
ਲ਼ਾਲ ਰੰਗ ਦੇ ਅਸਲੀ ਲਾਲ ਸੈਲ ਤੇ ਨੀਲੇ ਰੰਗ ਵਿਚ ਨਕਲੀ ਲਾਲ ਸੈਲ
ਰੈਸੀਪਰੋਸਾਈਟਸ ਜ਼ਿਆਦਾਤਰ ਪਾਣੀ, ਗੁਲੂਕੋਸ ਤੇ ਆਕਸੀਜਨ ਦਾ ਬਣਿਆ ਹੂੰਦਾ ਹੈ ਜਿਸਦਾ ਖੋਲ ਕਾਰਬਨ ਦਾ ਹੁੰਦਾ ਹੈ ।ਇਸ ਦਾ ਕੰਟ੍ਰੋਲ ਵੀ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ।ਇਹ ਲਾਲ ਸੈਲ ਦੀ ਬਦਲ ਲੱਖਾਂ ਦੀ ਗਿਣਤੀ ਵਿਚ ਭੇਜੇ ਜਾਂਦੇ ਹਨ ਤੇ ਇਹ ਹਵਾ ਗੈਸ ਨੂੰ ਅਪਣੀ ਥਾਂ ਪਹੁੰਚਾਉਣ ਵਿਚ ਮਦਦ ਕਰਦੇ ਹਨ।
ਨਾਨੋਰੋਬੋਟ ਦੀ ਮਦਦ ਨਾਲ ਏੇਡਜ਼, ਕੈਂਸਰ ਤੇ ਜੈਨੇਟਿਕ ਬਿਮਾਰੀਆਂ ਜਲਦ ਹੀ ਖਤਮ ਹੋ ਜਾਣਗੀਆਂ ਤੇ ਝੁਰੜੀਆਂ, ਗਠੀਆ, ਘਟਦੀ ਨਿਗਾਹ ਤੇ ਉਮਰ ਨਾਲ ਸਬੰਧਿਤ ਬਿਮਾਰੀਆਂ ਦਾ ਵੀ ਇਲਾਜ ਹੋ ਸਕੇਗਾ ਜਿਸ ਨਾਲ ਲੰਬੀ ਤੇ ਸਰੀਰਕ ਪਖੋਂ ਚੰਗੀ ਜ਼ਿੰਦਗੀ ਜੀ ਸਕਾਂਗੇ।ਨਕਲੀ ਖੁੂਨ ਸੈਲ ਖੂਨ ਦੀਆਂ ਨਾੜੀਆਂ ਵਿਚ ਹਵਾ ਗੈਸ ਦੇ ਵਹਾ ਨੂੰ ਬਰਕਰਾਰ ਰਖਣ ਵਿਚ ਮਦਦ ਕਰਣਗੇ ਤੇ ਹੋਣ ਵਾਲੀਆਂ ਬਿਮਾਰੀਆਂ ਦਾ ਅਗਾਊੰ ਪਤਾ ਲਗ ਸਕੇਗਾ ਤੇ ਇਲਾਜ ਵੀ ਬਿਨਾਂ ਦੇਰੀ ਕੀਤੇ ਸ਼ੁਰੂ ਕੀਤਾ ਜਾ ਸਕੇਗਾ।
ਸਿਹਤ ਚੰਗੀ, ਬਿਮਾਰੀਆਂ ਘਟ ਤੇ ਇਲਾਜ ਛੇਤੀ ਹੋਣ ਕਰਕੇ ਜ਼ਿੰਦਗੀ ਵਧੇਗੀ ਪਰ ਅਮਰ ਹੋਣਾ ਸੰਭਵ ਨਹੀਂ ਕਿਉਂਕਿ ਜੀਵਨ ਮਰਨ ਜੀਨਜ਼ ਤੇ ਨਿਰਭਰ ਕਰਦਾ ਹੈ।ਜੀਵਤ ਸੈਲਾਂ ਦੇ ਡੀ ਐਨ ਏ ਜੇ ਲੋੜ ਮੁ ਤਾਬਕ ਬਦਲੇ ਜਾਣ ਤਾਂ ਲੰਬੀ ਜ਼ਿੰਦਗੀ ਸੰਭਵ ਹੋ ਸਕਦੀ ਹੈ।ਕਰੁਜ਼ਵੈਲ ਅਨੁਸਾਰ ਅਮਰਤਾ ਪਰਦਾਨ ਵਿਚ ਵੀ ਇਹੋ ਨਾਨੋਰੋਬੋਟ ਹੀ ਮਦਦ ਕਰਨਗੇ।ਇਹ ਗਲ ਪੂਰੀ ਤਰ੍ਹਾਂ ਨਾਲ ਪਰਵਾਨ ਨਹੀਂ ਕੀਤੀ ਜਾ ਸਕਦੀ।ਜੇ ਅਜ ਵਾਂਗ ਜ਼ਿਆਦਾਤਰ ਜੀਵ ਕਿਸੇ ਨ ਕਿਸੇ ਨੁਕਸ ਨਾਲ ਪੈਦਾ ਹੋਈ ਜਾਣਗੇ ਤਾਂ ਅਮਰਤਾ ਪਦ ਕਿਵੇਂ ਪ੍ਰਾਪਤ ਹੋ ਸਕਣਗੇ।ਅਸਲ ਵਿਚ ਜਿਸ ਤਰ੍ਹਾਂ ਦੇ ਸਾਡੇ ਡੀ ਐਨ ਏ ਹੋਣਗੇ ਉਸ ਤਰ੍ਹਾਂ ਦੀ ਸਾਡੀ ਜ਼ਿੰਦਗੀ ਹੋਵੇਗੀ।ਜੇ ਸਾਡੇ ਡੀ ਐਨ ਏ ਵਧੀਆ ਹੋਣਗੇ ਤਾਂ ਸਾਡੀ ਜ਼ਿੰਦਗੀ ਵੀ ਵਧੀਆ ਹੋਵੇਗੀ।ਇਸ ਲਈ ਸਾਡੀ ਜ਼ਿੰਦਗੀ ਵਧੀਆ ਬਣਾਉਣ ਲਈ ਡੀ ਐਨ ਏ ਵਧੀਆ ਬਣਾਏ ਜਾਣ। ਜੀਨਜ਼ ਦਾ ਸਮੇਂ ਤੇ ਨਿਰਧਾਰਤ ਇਕ ਵਿਸ਼ੇਸ਼ ਕਰਮ ਹੁੰਦਾ ਹੈ ਜਿਸ ਅਨੁਸਾਰ ਸਰੀਰ ਦੇ ਅੰਗਾਂ ਦੀ ਜ਼ਿੰਦਗੀ ਲੰਬੀ ਜਾਂ ਛੋਟੀ ਹੁੰਦੀ ਹੈ।ਜੀਵਾਂ ਦੀਆਂ ਵਖ ਵਖ ਜਾਤੀਆਂ ਤੇ ਕਿਸਮਾਂ ਦੀ ਜ਼ਿੰਦਗੀ ਵਖ ਵਖ ਹੁੰਦੀ ਹੈ ਜੋ ਜੀਨਜ਼ ਦੇ ਵਖਰੇਪਣ ਕਰਕੇ ਹੀ ਹੈ।ਜੀਨਜ਼ ਵਖ ਹੋਣ ਕਰਕੇ ਸੱਪ ਸੌ ਸਾਲ ਤੋਂ ਉਪਰ ਤੇ ਫੁੱਲ ਕੁਝ ਘੜੀਆਂ ਹੀ ਜਿਉਂਦਾ ਹੈ । ਫਰੈਂਕ ਸਲੈਕ ਤੇ ਹੋਰ ਸਾਇੰਸਦਾਨਾਂ ਨੇ ਕੀੜੇ ਦੇ ਸੀ ਐਲੀਗੈਨਜ਼ ਦੀ ਖੋਜ ਕਰਨ ਪਿਛੋਂ ਉਨ੍ਹਾਂ ਜੀਨਜ਼ ਨੂੰ ਲਭਿਆ ਜੋ ਉਮਰ ਨਿਰਧਾਰਤ ਕਰਦੇ ਹਨ ਤੇ ਮਾਨਵੀ ਜੀਨਜ਼ ਨਾਲ ਇਨ੍ਹਾਂ ਦੀ ਸਾਂਝ ਦੇਖੀ।ਮਾਈਕਰੋ ਆਰ ਐਨ ਏ ਲਿਨ-4 ਅਤੇ ਲਿਨ-14 ਸਮਾਂ ਵਧਾਊ ਜੀਨਜ਼ ਨੂੰ ਕੰਟ੍ਰੋਲ ਕਰਦੇ ਹਨ ਤੇ ਜ਼ਿੰਦਗੀ ਦੇ ਵੱਖ ਵੱਖ ਪੜਾ ਵੀ ਨਿਰਧਾਰਤ ਕਰਦੇ ਹਨ ।ਇਹ ਇਕ ਬਾਇਓਲਾਜੀਕਲ ਕਲਾਕ ਵਾਂਗ ਕੰਮ ਕਰਦੇ ਹਨ ਜੋ ਉਮਰ, ਅੰਗਾਂ ਦਾ ਵਾਧਾ ਤੇ ਸਰੀਰ ਦੀਆਂ ਵੱਖ ਵੱਖ ਹਾਲਤਾਂ ਨਿਰਧਾਰਤ ਕਰਦੇ ਹਨ।ਅਜੇ ਇਸ ਬਾਰੇ ਖੋਜ ਜਾਰੀ ਹੈ । ਅਜ ਕਲ ਚੂਹਿਆਂ ਉਪਰ ਤਜਰਬੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਆਕੜਿਆਂ ਨੂੰ ਮਨੁੱਖੀ ਜੀਵਾਂ ਉਪਰ ਲਾਗੂ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ ਜਿਸ ਲਈ ਕਈ ਸਾਲ ਲੱਗ ਸਕਦੇ ਹਨ ।ਨਾਨੋਸਰਜੀਕਲ ਤਕਨੀਕਾਂ ਰਾਹੀਂ ਨਕਲੀ ਸੈਲ ਤੇ ਸੋਧੇ ਜੀਨਜ਼ ਸਰੀਰਾਂ ਅੰਦਰ ਭੇਜਣ ਦੀਆਂ ਵਿਉਂਤਾਂ ਹੋ ਰਹੀਆਂ ਹਨ।ਇਨ੍ਹਾਂ ਖੋਜਾਂ ਰਾਹੀਂ ਅਸੀਂ ਬਿਮਾਰੀਆਂ ਉਪਰ ਕਾਬੂ ਤਾਂ ਪਾ ਸਕਾਂਗੇ ਪਰ ਅਮਰਤਾ ਪਦ ਪਾਉਣਾ ਤਾਂ ਕੁਦਰਤ ਦੇ ਨਿਯਮ ਨੂੰ ਬਦਲਣਾ ਹੋਵੇਗਾ ਜੋ ਇਨਸਾਨਾਂ ਦੇ ਵਸ ਨਹੀਂ ।
ਲੇਖਕ ਬਾਰੇ:
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ ਡੀਨ ਰਿਸਰਚ ਦੇਸ਼ ਭਗਤ ਯੂਨੀਵਰਸਿਟੀ ਹਨ, 172 ਕਿਤਾਬਾਂ ਦੇ ਲੇਖਕ ਹਨ ਤੇ 165 ਪਰਚੇ ਦੇਸ਼ ਵਿਦੇਸ਼ ਵਿਚ ਛਪ ਚੁੱਕੇ ਹਨ ।ਦੇਸ਼ ਵਿਦੇਸ਼ ਦੇ ਪਰਚਿਆਂ ਲਈ ਪੰਜਾਬੀ, ਅੰਗ੍ਰੇਜ਼ੀ ਤੇ ਹਿੰਦੀ ਵਿਚ ਲਗਾਤਾਰ ਲਿਖਦੇ ਰਹਿੰਦੇ ਹਨ, ਨਾਨੋਟਕਨਾਲੋਜੀ ਅੇਮ ਟੈਕ ਤੇ ਪੀ ਐਚ ਡੀ ਵਿਦਿਆਰਥੀਆਂ ਨੂੰ ਪੜ੍ਹਾੳਂਦੇ ਹਨ ਤੇ ਖੋਜ ਕਰਵਾਉਂਦੇ ਹਨ।

