- Jan 3, 2010
- 2,500
- 449
- 81
ਪ੍ਰਦੂਸ਼ਣ ਦਾ ਜਿੰਨ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਸ ਸਾਲ ਪੰਜਾਬ ਪਰਤਣ ਦਾ ਅਵਸਰ ਮਿਲਿਆ। ਪੰਜਾਬ ਵਿਚ ਖੁੱਲ੍ਹਾ ਫਿਰਨ ਦਾ ਹਿ ਇਕ ਅਨੂਠਾ ਅਨੁਭਵ ਸੀ ਪਰ ਕਾਸ਼! ਕਿ ਮੈਂ ਇਸ ਖੁੱਲ੍ਹੇ ਵਾਤਾਵਰਨ ਨੂੰ ਚੰਗੀ ਤਰ੍ਹਾਂ ਮਾਣ ਸਕਦਾ। ਖੁੱਲ੍ਹਾਂ ਤੇ ਬੰਦਸ਼ ਨਹੀਂ ਸੀ ਪਰ ਸਾਹ ਲੈਣੇ ਔਖੇ ਹੋ ਗਏ ਸਨ। ਪ੍ਰਦੂਸ਼ਣ ਏਨਾ ਕਿ ਪੁੱਛੋ ਨਾ ਪਿੰਡਾਂ ਵਿਚ ਗਿਆ ਤਾਂ ਜੀਰੀ ਦੇ ਖੇਤਾਂ ਵਿਚੋਂ ਉਠਦੇ ਧੂੰਏੇਂ ਦੇ ਗੁਬਾਰ ਸੈਰ ਨਾ ਕਰਨ ਦਿੰਦੇ, ਸ਼ਹਿਰ ਪਹੁੰਚਦਾ ਤਾਂ ਮਿੱਲਾਂ ਦਾ ਧੂੰਆਂ ਸਿਰ-ਮੂੰਹ ਕਾਲਾ ਕਰ ਦਿੰਦਾ। ਸਕੂਟਰ ਤੇ ਇਕ ਦੋ ਕਿਲੋਮੀਟਰ ਚਲਦੇ ਤਾਂ ਅੱਖਾਂ ਵਿਚ ਤ ਨੱਕ ਵਿਚ ਕਾਲਖ ਜੰਮ ਜਾਂਦੀ। ਨਾ ਦੇਖਣਾ ਸੌਖਾ ਤੇ ਨਾ ਸਾਹ ਲੈਣਾ। ਉੱਪਰੋਂ ਬੇਹੱਦ ਵਧੀ ਭੀੜ ਵਿਚ ਟੀਂ-ਟੀਂ-ਪਾਂ-ਪਾਂ ਦਾ ਏਨਾ ਰਾਮ ਰੌਲਾ ਕਿ ਸਿਰ ਦਰਦ ਕਰਨ ਲੱਗ ਪੈਂਦਾ। ਰਾਤੀਂ ਕੁਝ ਸ਼ਾਂਤੀ ਦੀ ਆਸ ਹੁੰਦੀ ਪਰ ਚਮਕਦੀਆਂ ਚੁੰਧਿਆਉਂਦੀਆਂ ਰੌਸ਼ਨੀਆਂ, ਅੱਖਾਂ ਨੂੰ ਖਾਂਦੀਆਂ। ਕਿਸੇ ਬਸਤੀ ਵੱਲ ਨਿਕਲੇ ਤਾਂ ਅਣਢਕੇ ਗੰਦੇ ਨਾਲੇ ਦੀ ਬਦਬੂ ’ਚੋਂ ਭੱਜਣ ਲਈ ਮਜਬੂਰ ਹੋਣਾ ਪੈਂਦਾ। ਧੂੰਆਂ, ਬਦਬੂ, ਸ਼ੋਰ-ਸ਼ਰਾਬਾ, ਰੋਸ਼ਨੀਆਂ ਇਹ ਸਭ ਜਿਵੇਂ ਇਸ ਸ਼ਹਿਰ ਵਿਚ ਪਾਗਲਪਣ ਪੈਦਾ ਕਰਦੀਆਂ ਹੋਣ। ਕਿਸੇ ਚਿਹਰੇ ਤੇ ਸ਼ਾਂਤੀ ਨਜ਼ਰ ਨਹੀਂ ਸੀ ਆ ਰਹੀ। ਲੁਧਿਆਣਾ ਸ਼ਹਿਰ ਇਸ ਗੰਧਲੇ ਵਾਤਾਵਰਣ ਦਾ ਇਹ ਬਦਤਰ ਨਮੂਨਾ ਹੈ। ਮੈਂ ਹੈਰਾਨ ਹਾਂ ਕਿ ਧੂੰਆਂ ਸਿਟਦੀਆਂ ਚਿਮਨੀਆਂ ਦਾ ਦੌਰ ਅਜੇ ਵੀ ਇਸ ਸ਼ਹਿਰ ਵਿਚ ਕਾਇਮ ਹੈ ਜਿਸ ਥੱਲੇ ਸਾਰੇ ਬਸਤੀਆਂ ਵਾਲਿਆਂ ਦੇ ਦਮ ਘੁੱਟ ਰਹੇ ਹਨ, ਗੰਦੇ ਨਾਲੇ ਅਜੇ ਤੱਕ ਨਹੀਂ ਢਕੇ ਗਏ। ਥਾਂ ਥਾਂ ਤੇ ਖੁੱਲ੍ਹੇ ਆਮ ਟੱਟੀਆਂ ਕਰਨ ਵਾਲਿਆਂ ਦਾ ਵੀ ਦੌਰ ਦੌਰਾ ਖ਼ਤਮ ਨਹੀਂ ਹੋਇਆ। ਕਿਤੇ ਵੀ ਸੁਲਭ-ਸ਼ੌਚਾਲੇ ਨਹੀਂ ਜਾਂ ਆਮ ਜਨਤਾ ਲਈ ਟੱਟੀਆਂ ਦਾ ਬੰਦੋਬਸਤ ਨਹੀਂ, ਮੋਟਰਾਂ-ਗੱਡੀਆਂ ਦਾ ਅਣਰੋਕ ਵਗਦਾ ਧੂੰਆਂ ਕੰਟਰੋਲ ਕਰਨ ਲਈ ਕੋਈ ਉਪਰਾਲਾ ਨਹੀਂ, ਹੂਟਰਾਂ, ਹਾਰਨਾਂ ਦੇ ਸ਼ੋਰ ਉੱਤੇ ਕੋਈ ਰੋਕ ਨਹੀਂ। ਬੇਹੂਦਾ ਚੁੱਭਦੀਆਂ ਰੋਸ਼ਨੀਆਂ ਰੋਕਣ ਲਈ ਕੋਈ ਵੀ ਕਨੂੰਨ ਨਹੀਂ।
ਡਾਕਟਰਾਂ ਨਾਲ ਗੱਲਾਂ ਹੋਈਆਂ ਤਾਂ ਉਹ ਕਾਫ਼ੀ ਖ਼ੁਸ਼ ਦਿਸੇ ਕਾਰਨ ਇਹ ਕਿ ਲੁਧਿਆਣਾ ਵਿਚ 80 ਪ੍ਰਤੀਸ਼ਤ ਲੋਕ ਹਨ ਜੋ ਕਿਸੇ ਨਾ ਕਿਸੇ ਬਿਮਾਰੀ ਦੇ ਰੋਗੀ ਹਨ ਤੇ ਡਾਕਟਰਾਂ ਦੇ ਰੰਗ ਬੱਝੇ ਹੋਏ ਹਨ। ਫੀਸਾਂ ਵੀ ਦਿਲ ਭਰਕੇ ਲੈਂਦੇ ਹਨ। ਟੀ.ਬੀ., ਅੱਖਾਂ ਤੇ ਨੱਕ ਦੀਆਂ ਬਿਮਾਰੀਆਂ, ਨਜ਼ਲਾ-ਜ਼ੁਖਾਮ ਤੇ ਸਾਹ ਫੁੱਲਣਾ ਜਾਂ ਸਾਹ ਦੀਆਂ ਹੋਰ ਬਿਮਾਰੀਆਂ ਦੀ ਕਮੀ ਨਹੀਂ।
ਮੈਨੂੰ ਇਸ ਗੱਲੋਂ ਹੋਰ ਵੀ ਹੈਰਾਨੀ ਹੋਈ ਕਿ ਕੋਈ ਵੀ ਸੰਸਥਾ ਜਾਂ ਆਦਮੀ ਇਸ ਵੱਲ ਉਪਰਾਲਾ ਨਹੀਂ ਕਰ ਰਿਹਾ। ਜੋ ਇਸ ਧੂੰਏਂ, ਸ਼ੋਰਗੁਲ ਆਦਿ ਦੇ ਜ਼ਿਮੇਦਾਰ ਹਨ ਉਹ ਕਸੂਰਵਾਰ ਤਾਂ ਹਨ ਪਰ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਨਾ ਹੀ ਸਰਕਾਰ ਤੇ ਨਾ ਹੀ ਲੋਕ। ਸਰਕਾਰ ਤਾਂ ਅਜੇ ਅਮਨ-ਅਮਾਨ ਬਹਾਲ ਕਰਨੋਂ ਪੂਰੀ ਤਰ੍ਹਾਂ ਵਿਹਲੀ ਨਹੀਂ ਹੋਈ ਤੇ ਲੋਕਾਂ ਵਿਚ ਅਜੇ ਇਸ ਗੱਲ ਦੀ ਜਾਗ੍ਰਿਤੀ ਨਹੀਂ। ਪੱਛਮੀ ਦੇਸ਼ਾਂ ਵਿਚ ਜੇ ਇਹੋ ਜਿਹੀ ਹਾਲਤ ਹੋਵੇ ਤਾਂ ਹੁਣ ਤੱਕ ਸਰਕਾਰ ਹਿਲੱ ਜਾਂਦੀ ਕਈ ਜਥੇਬੰਦੀਆਂ ਅੱਗੇ ਆ ਕੇ ਭਖਵੀਂ ਮੁਹਿੰਮ ਸ਼ੁਰੂ ਕਰ ਲੈਂਦੀਆਂ ਪਰ ਲੁਧਿਆਣੇ ਵਰਗੇ ਅਤਿ ਅਮੀਰ ਤੇ ਅਤਿ ਗਰੀਬ ਫਿਰਕਿਆਂ ਵਿਚ ਵੰਡੇ ਸ਼ਹਿਰ ਵਿਚ ਇਨ੍ਹਾਂ ਜਥੇਬੰਦੀਆਂ ਦਾ ਹੋਂਦ ਵਿਚ ਆਉਣਾ ਏਨਾ ਆਸਾਨ ਨਹੀਂ। ਗਰੀਬਾਂ ਨੂੰ ਪੇਟ ਭਰਨ ਤੋਂ ਬਿਨਾਂ ਹੋਰ ਸੋਚਣ ਦੀ ਵਿਹਲ ਨਹੀਂ ਤੇ ਅਮੀਰਾਂ ਨੂੰ ਪੈਸੇ ਕਮਾਉਣ ਤੋਂ। ਜੋ ਵਿਚੋਂ ਇਕ ਅੱਧਾ ਬੋਲਦਾ ਹੈ ਉਸਨੂੰ ਗਲਤ ਤਰੀਕੇ ਨਾਲ ਦਬਾ ਦਿੱਤਾ ਜਾਂਦਾ ਹੈ ਜਾਂ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਜਦ ਤੱਕ ਸਾਰੀ ਜਨਤਾ ਇਨ੍ਹਾਂ ਭਿਆਨਕ ਖ਼ਤਰਿਆਂ ਤੋਂ ਜਾਗ੍ਰਿਤ ਨਹੀਂ ਹੁੰਦੀ ਇਸ ਪ੍ਰਦੂਸ਼ਣ ਦੇ ਜਿੰਨ ਤੋਂ ਛੁਟਕਾਰਾ ਨਹੀਂ ਮਿਲਣ ਲੱਗੇ। ਇਸ ਦੇ ਅਸਰ ਜਿਤਨੇ ਗਰੀਬ ਉੱਤੇ ਹਨ ਉਤਨੇ ਹੀ ਅਮੀਰ ਉੱਤੇ ਕਿਉਂਕਿ ਹਵਾ ਪਾਣੀ ਤਾਂ ਸਾਂਝੇ ਹਨ ਦੋਨੋਂ ਪ੍ਰਦੂਸ਼ਿਤ। ਜ਼ਰੂਰਤ ਹੈ ਅਜਿਹੀਆਂ ਜਥੇਬੰਦੀਆਂ ਦੀ ਜੋ ਇਸ ਪ੍ਰਦੂਸ਼ਣ ਦੇ ਜਿੰਨ ਨੂੰ ਰੋਕਣ ਲਈ ਅੱਗੇ ਵਧਣ, ਸਭ ਨੂੰ ਜਾਗ੍ਰਿਤ ਕਰਨ ਤੇ ਇਸ ਜਿੰਕ ਨਾਲ ਲੜਣ ਲਈ ਤਿਆਰ ਕਰਨ ਕਿਉਂਕਿ ਇਸ ਜਿੰਕ ਨੇ ਆਪਣੇ ਆਪ ਤਾਂ ਰੁਕਣਾ ਨਹੀਂ ਇਹ ਹੌਲੀ ਹੌਲੀ ਸਭ ਨੂੰ ਇਤਨੀ ਬੁਰੀ ਤਰ੍ਹਾਂ ਮਾਰੇਗਾ ਕਿ ਦੇਖਕੇ ਵੀ ਕੁਝ ਨਹੀਂ ਕਰ ਸਕੋਗੇ।

