• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਜੇ ਸਵਰਗ ਦੇਖਣਾ ਹੈ ਤਾਂ ਸਿਕਿਮ ਵੇਖੋ

Dalvinder Singh Grewal

Writer
Historian
SPNer
Jan 3, 2010
2,559
451
81
ਜੇ ਸਵਰਗ ਦੇਖਣਾ ਹੈ ਤਾਂ ਸਿਕਿਮ ਵੇਖੋ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
​

ਸਿਕਿਮ ਦੇ ਬਦਲਦੇ ਰੰਗ ਸੰਨ 1970 ਤੋਂ ਅੱਜ ਤੱਕ ਵੇਖਣ ਦਾ ਜੋ ਮੈਨੂੰ ਮੌਕਾ ਮਿਲਿਆ ਹੈ ਉਸ ਤੋਂ ਪਤਾ ਲਗਦਾ ਹੈ ਕਿ ਇਕ ਭੁੱਲਿਆ-ਵਿਸਰਿਆ-ਦੁਬਕਿਆ-ਸਹਿਮਿਆ ਸੁੰਗੜਿਆ-ਸਿਮਟਿਆ ਛਿੱਦਾ-ਪਿੱਦਾ ਦੇਸ਼, ਜੇ ਹਿੰਮਤ ਕਰੇ ਤਾਂ ਇਕ ਸਿਰ-ਕੱਢ ਛਾਤੀ-ਤਾਣ ਫਲਿਆ ਫੁੱਲਿਆ ਦੇਸ਼ ਬਣਕੇ ਤਰੱਕੀ ਦਾ ਇਕ ਬੇਮਿਸਾਲ ਨਮੂਨਾ ਪੇਸ਼ ਕਰ ਸਕਦਾ ਹੈ। ਸੰਨ 1970 ਵਿਚ ਜਦ ਮੈਂ ਵਰ੍ਹਾ ਭਰ ਸਿਕਿਮ ਰਿਹਾ ਤਾਂ ਉਸ ਸਮੇਂ ਸਿਕਿਮ ਉੱਤੇ ਛੰਗਿਆਲ ਦਾ ਰਾਜ ਸੀ। ਸਿਕਿਮ ਇਕ ਵੱਖ ਰਿਆਸਤ ਸੀ ਜਿਸ ਦੀ ਸੁਰੱਖਿਆ ਤੇ ਬਦੇਸ਼ੀ ਨੀਤੀ ਭਾਰਤ ਦੀ ਜ਼ਿੰਮੇਵਾਰੀ ਸੀ, ਬਾਕੀ ਸਭ ਜ਼ਿੰਮੇਵਾਰੀਆਂ ਸਿਕਿਮ ਰਾਜ ਦੀਆਂ ਆਪਣੀਆਂ ਸਨ।
ਉਸ ਸਮੇਂ ਸਿਕਿਮ ਵਿਚ ਸਿੱਖਿਆ ਲਈ ਕੋਈ ਕਾਲਜ ਤਾਂ ਹੈ ਹੀ ਨਹੀਂ ਸੀ। ਹਾਈ ਸਕੂਲ ਗੰਗਟੋਕ ਵਿਚ ਹੀ ਸੀ ਤੇ ਪ੍ਰਾਇਮਰੀ ਸਕੂਲ ਗਿਣਤੀ ਦੇ ਸਨ। ਸੜਕ ਸਿਰਫ ਇਕ ਸੀ ਜੋ ਸਿਲੀਗੁੜੀ ਤੋਂ ਕਾਲਿੰਗਪੌਂਗ ਹੁੰਦੀ ਹੋਈ ਸਿਕਿਮ ਦੇ ਰਾਂਗਪੋ ਕਸਬੇ ਵਿਚ ਪਹੁੰਚਦੀ ਸੀ। ਬੱਸ ਚਲਦੀ ਸੀ ਤਾਂ ਸਿਰਫ ਕਾਲਿੰਗਪੌਂਗ ਤੋਂ ਗੰਗਟੋਕ ਤਕ ਤੇ ਉਹ ਵੀ ਇਕੋ, ਜੋ ਸਵੇਰੇ ਜਾਂਦੀ ਤੇ ਸ਼ਾਮੀ ਪਰਤਦੀ ਸੀ। ਉਸ ਵਿਚ ਵੀ ਸਵਾਰੀਆਂ ਘੱਟ ਵੱਧ ਹੀ ਪੂਰੀਆਂ ਹੁੰਦੀਆਂ। ਪੂਰੀ ਰਿਆਸਤ ਵਿਚ ਇਕੋ ਇਕ ਕਾਰਖਾਨਾ ਸੀ ਤੇ ਉਹ ਵੀ ਸ਼ਰਾਬ ਦਾ, ਜਿਸ ਦੀ ਸਪਲਾਈ ਭਾਰਤ ਨੂੰ ਜਾਂ ਭਾਰਤੀ ਸੈਨਾ ਨੂੰ ਹੁੰਦੀ ਸੀ। ਬਰਫ਼ਾਂ ਢਕੇ ਉੱਤਰੀ ਤੇ ਪੱਛਮੀ ਸਿਕਿਮ ਵਿਚ ਨਾਂ ਕੋਈ ਸੜਕ ਸੀ, ਨਾ ਸਕੂਲ ਤੇ ਨਾ ਕੋਈ ਫੈਕਟਰੀ। ਉਪਜ ਵੀ ਸਿਫਰ ਬਰਾਬਰ ਸੀ। ਪਹਿਲਾਂ ਏਥੋਂ ਦੇ ਵਾਸੀ ਤਿੱਬਤ ਦੇ ਯਾਤੁੰਗ ਸ਼ਹਿਰ ਤੇ ਭਾਰਤ ਦੇ ਕਾਲਿੰਗਪੌਂਗ ਤੇ ਦਾਰਜਲਿੰਗ ਸ਼ਹਿਰਾਂ ਵਿਚ ਮਾਲ ਦੀ ਅਦਲਾ ਬਦਲੀ ਕਰਕੇ ਕੁਝ ਕਮਾ ਲੈਂਦੇ ਸਨ ਤੇ ਜਾਂ ਯਾਕ ਦਾ ਮੱਖਣ ਆਦਿ ਵੇਚ ਕੇ ਡੰਗ ਸਾਰਦੇ ਸਨ। ਬਾਰਡਰ ਰੋਡਜ ਨੇ ਕਾਫੀ ਸਿਕਿਮੀਆਂ ਨੂੰ ਨੌਕਰੀ ਦਿੱਤੀ ਹੋਈ ਸੀ, ਬਾਕੀ ਸਭ ਅੱਲਾ-ਅੱਲਾ ਖੈਰ-ਸੱਲਾ ਸੀ। ਇਸ ਨੂੰ ਵੇਖਣ ਕਦੇ ਕੋਈ ਯਾਤਰੀ ਵੀ ਨਹੀਂ ਸੀ ਆਉਂਦਾ, ਕਿਉਂਕਿ ਖਾਣ ਪੀਣ ਦੇ ਸਾਧਨ ਵੀ ਅਜਿਹੇ ਹੀ ਸਨ। ਸੰਨ 1962 ਦੇ ਯੁੱਧ ਤੋਂ ਪਹਿਲਾਂ ਜਦ ਏਥੇ ਫੌਜਾਂ ਦੀਆਂ ਛਾਉਣੀਆਂ ਪਈਆਂ ਤਾਂ ਚੀਜ਼ਾਂ ਦੀ ਮੰਗ ਵਧੀ, ਸੜਕ ਬਣੀ, ਬਾਹਰੋਂ ਸਮਾਨ ਆਉਣ ਜਾਣ ਲੱਗ ਪਿਆ ਤੇ ਆਰਾਮ ਨਾਲ ਸੁੱਤੇ ਇਸ ਛੋਟੇ ਮੁਲਕ ਵਿਚ ਰੌਣਕਾਂ ਲੱਗਣ ਲੱਗ ਪਈਆਂ। ਗੰਗਟੋਕ ਇਕੋ ਇਕ ਕਸਬਾ ਨੁਮਾ ਛੰਗਿਆਲ ਮਹਿਲ ਦੁਆਲੇ ਵਸਿਆ ਸ਼ਹਿਰ ਵਧਣ ਫੁੱਲਣ ਲੱਗਿਆ। ਏਥੋਂ ਦੇ ਮੂਲ ਵਾਸੀ ਲੇਪਚਾ ਤੇ ਭੁਟੀਆਂ ਦੀ ਗਿਣਤੀ ਤਾਂ ਨਾ ਵਧੀ ਪਰ ਨੇਪਾਲੀਆਂ ਦੀ ਖਿੱਚ ਏਧਰ ਹੋ ਗਈ। ਫਿਰ ਵੀ ਛੰਗਿਆਲ ਨੇ ਇਨਰ ਲਾਈਨ ਪਰਮਿਟ ਰਾਹੀਂ ਭਾਰਤੀਆਂ ਲਈ ਸਿਕਿਮ ਵਿਚ ਆਉਣਾ ਤਕਰੀਬਨ ਬੰਦ ਹੀ ਰੱਖਿਆ ਸਿਵਾਇ ਫੌਜ ਦੇ, ਜਿਸ ਨੂੰ ਰੋਕਣਾ ਉਸਦੇ ਵਸ ਵਿਚ ਨਹੀਂ ਸੀ।
ਜਦ ਸੰਨ 1975 ਵਿਚ ਸਿਕਿਮ ਅਸੈਂਬਲੀ ਨੇ ਪ੍ਰਧਾਨ ਮੰਤਰੀ ਕਾਜ਼ੀ ਲੈਂਡੁਪ ਦੋਰਜੀ ਦੀ ਅਗਵਾਈ ਹੇਠ ਬਿਲ ਪਾਸ ਕਰਕੇ ਸ਼ਾਹੀ ਰਾਜ ਦੀ ਥਾਂ ਲੋਕਤੰਤਰ ਨੂੰ ਮਨਜ਼ੂਰੀ ਦੇ ਦਿੱਤੀ ਤੇ ਸਿਕਿਮ ਦਾ ਭਾਰਤ ਦੀ 22 ਵੀ ਰਿਆਸਤ ਬਣਨਾ ਮਨਜ਼ੂਰ ਕਰ ਦਿੱਤਾ ਤਾਂ ਸਿਕਿਮ ਦਾ ਘੁੰਡ ਖੁੱਲਿ੍ਹਆ। ਭਾਰਤੀਆਂ ਦੀ ਆਮਦੋਰਫਤ ਵਧੀ ਤਾਂ ਭਾਰਤੀ ਇਸ ਦੀ ਅਨੂਠੀ ਸੁੰਦਰਤਾ ਨੇ ਧੂਹ ਲਏ, ਬਸ ਫਿਰ ਕੀ ਸੀ? ਭਾਰਤੀ ਆਏ ਤੇ ਨਾਲ ਹੀ ਪੈਸਾ ਭਾਰਤੀ ਸਰਕਾਰ ਵਲੋਂ ਮਦਦ ਦੇ ਤੌਰ ਤੇ ਇਸ ਰਿਆਸਤ ਨੂੰ ਮਿਲਿਆ ਜਿਸ ਨਾਲ ਥੋੜ੍ਹੇ ਜਿਹੇ ਸਮੇਂ ਵਿਚ ਹੀ ਸਿਕਿਮ ਇਕ ਪੁਰਾਤਨ ਰਾਜ ਤੋਂ ਨਵੀਨ ਲੋਕਤੰਤਰ ਦਾ ਨਮੂਨਾ ਬਣ ਗਿਆ। ਉਹ ਵੇਖਣਾ ਹੀ ਬਣਦਾ ਹੈ। ਇਹ ਛੋਟੀ ਜਿਹੀ ਰਿਆਸਤ ਏਨੀ ਖਿਚ-ਭਰਪੂਰ, ਸੋਹਣੀ ਸੁੰਦਰ ਛਬੀਲੀ ਰਿਆਸਤ ਬਣ ਗਈ ਹੈ ਕਿ ਹੁਣ ਇਸ ਦੇ ਮੁੱਕ ਦੁਆਰ ਤੇ ਲਿਖਿਆ ਹੈ ‘‘ਜੋ ਸੁਰਗ ਵੇਖਣਾ ਹੈ ਤਾਂ ਸਿਕਿਮ ਵੇਖੋ।’’
ਸੁਰਗ ਨਾਲੋਂ ਘੱਟ ਹੈ ਵੀ ਤਾਂ ਨਹੀਂ ਇਹ। ਕੁਦਰਤੀ ਨਜ਼ਾਰਿਆਂ ਦਾ ਅਨੂਠਾ ਸਮੂਹ, ਅਪਸਰਾਵਾਂ ਦਾ ਦੇਸ਼, ਨਦੀਆਂ ਨਾਲਿਆਂ, ਝਰਨਿਆਂ, ਉੱਚੇ ਲੰਮੇ ਰੁੱਖਾਂ, ਧਰਤੀ ਤੇ ਵਿਛੀਆਂ ਵੇਲਾਂ, ਹਿੱਕ ਤੋਂ ਇਕ ਸੁੰਦਰ ਫੁੱਲਾਂ, ਅਣਛੂਹੀਆਂ ਬਰਫ਼ਾਂ ਢਕੇ ਪਹਾੜਾਂ, ਮਖਮਲੀ ਘਾਹ ਭਰੀਆਂ ਵਾਦੀਆਂ ਤੇ ਨੀਲਮ ਵਰਗੀਆਂ ਝੀਲਾਂ ਦਾ ਇਹ ਪ੍ਰਾਂਤ ਜਿਸ ਵੇਖ ਲਿਆ, ਏਥੋਂ ਦਾ ਹੀ ਹੋਣਾ ਚਾਹੁੰਦਾ ਹੈ।
ਗੰਗਟੋਕ, ਰਨੌਕ, ਸਿਗਿਤਾਮ, ਰਾਂਗਪੋ ਤੇ ਚੁੰਗਤਾਂਗ ਕਸਬਿਆਂ ਦੀ ਵਧਦੀ ਖਿੱਚ ਨੇ ਬੰਗਾਲ ਦੇ ਪੁਰਾਣੇ ਪਰਬਤੀ ਸਥਲ ਦਾਰਜੀਲਿੰਗ ਤੇ ਕਾਲਿੰਗਪੌਂਗ ਦਾ ਪੱਤਾ ਗੋਲ ਕਰ ਦਿੱਤਾ ਹੈ। ਵੈਸੇ ਵੀ ਗੋਰਖਾ ਨੈਸ਼ਨਲ ਲਿਬਰੇਸ਼ਨ ਫਰੰਟ (ਜੀ.ਐਨ.ਐਲ.ਐਫ.) ਦਾਰਜੀਲਿੰਗ ਤੋਂ ਕਾਲਿੰਗਪੌਂਗ ਵਿਚ ਦੰਗੇ ਕਰਕੇ ਇਨ੍ਹਾਂ ਸ਼ਹਿਰਾਂ ਨੂੰ ਯਾਤਰੀਆਂ ਲਈ ਬੰਦ ਹੀ ਕਰ ਦਿੱਤਾ ਹੈ। ਸੋ ਗਰਮੀਆਂ ਤੋਂ ਤੰਗ ਆਏ ਲੋਕ ਦਾਰਜੀਲਿੰਗ ਜਾਂ ਕਾਲਿੰਗਪੌਂਗ ਦੀ ਥਾਂ ਹੁਣ ਗੰਗਟੋਕ ਜਾਂ ਚੁੰਗਤਾਂਗ ਜਾ ਪਹੁੰਚਦੇ ਹਨ।
ਸਾਰੇ ਸਿਕਿਮ ਵਿਚ ਸੜਕਾਂ ਦਾ ਜਾਲ ਵਿਛ ਗਿਆ ਹੈ। ਸਿਕਿਮ ਦੀ ਆਪਣੀ ਬੱਸ ਸੇਵਾ ਚਾਲੂ ਹੋ ਗਈ ਹੈ। ਸਿਲੀਗੁੜੀ ਤੋਂ ਦਾਰਜੀਲਿੰਗ ਤੇ ਕਾਲਿੰਗਪੌਂਗ ਤੋਂ ਲਗਾਤਾਰ ਬੱਸਾਂ ਗੰਗਟੋਕ ਜਾਂਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਗੰਗਟੋਕ ਬੱਸ ਸੇਵਾ ਰਾਹੀਂ ਚੁੰਗਤਾਂਗ, ਪੌਡੌਂਗ ਰਾਂਮਪੋ, ਜ਼ੁਲਕਨਬਾਗ ਆਦਿ ਦੂਰਦਰਾਜ਼ ਇਲਾਕਿਆਂ ਨਾਲ ਜੁੜ ਗਿਆ ਹੈ। ਜਦ ਜੀ.ਐਨ.ਐਲ.ਐਫ. ਵਾਲੇ ਬੰਗਾਲ ਸਿਕਿਮ ਰਾਹ (ਨੈਸ਼ਨਲ ਹਾਈਵੇ 31 ਏ) ਦੇ ਪੁਲ ਬਾਰੂਦ ਨਾਲ ਉਡਾ ਦਿੰਦੇ ਹਨ ਤਾਂ ਬੱਸਾਂ ਦੀ ਆਵਾਜਾਈ ਭਾਵੇਂ ਥੋੜ੍ਹਾ ਚਿਰ ਰੁਕ ਜਾਂਦੀ ਹੈ ਪਰ ਬਾਗਡੋਗਰਾ ਤੋਂ ਹੈਲੀਕਾਪਟਰ ਯਾਤਰੀਆਂ ਨੂੰ 78 ਰੁਪਏ ਲੈ ਕੇ ਅੱਧੇ ਘੰਟੇ ਵਿਚ ਗੰਗਟੋਕ ਪਹੁੰਚਾ ਦਿੰਦੇ ਹਨ।
ਯਾਤਰੀਆਂ ਦੇ ਰਹਿਣ ਲਈ ਹੋਟਲਾਂ ਦਾ ਏਡਾ ਵੱਡਾ ਸਿਲਸਿਲਾ ਬਣ ਗਿਆ ਹੈ ਕਿ ਪੁੱਛੋ ਨਾ। ਇਕੱਲੇ ਗੰਗਟੋਕ ਵਿਚ ਹੀ 14 ਵੱਡੇ ਤੇ ਤਕਰੀਬਨ 30 ਕੁ ਛੋਟੇ ਹੋਟਲ ਹਨ। ਮਿਊਰ ਹੋਟਲ ਪੰਜ ਸਤਾਰਾ ਹੈ ਜਿਸ ਵਿਚ ਇਕ ਕਮਰੇ ਦਾ ਇਕ ਰਾਤ ਦਾ ਪੰਜ ਸੌ ਰੁਪਏ ਕਿਰਾਇਆ ਹੈ ਪਰ ਸ਼ੇਰੇ ਪੰਜਾਬ ਵਰਗੇ ਹੋਟਲ ਵਿਚ 15 ਰੁਪਏ ਨੂੰ ਵੀ ਕਮਰਾ ਮਿਲ ਜਾਂਦਾ ਹੈ। ਵੈਸੇ ਗੰਗਟੋਕ ਦਾ ਸਿਨਿਊਲਚੂ ਲਾਜ ਤੇ ਪੇਮਾਇਅਰਮਤਸੇ ਦਾ ਹੋਟਲ ਮਾਊਂਟ ਪੰਦਿਮ ਦੋਨੋਂ ਚੰਗੇ ਹੋਟਲ ਹਨ।
ਦੇਖਣ ਨੂੰ ਏਨਾ ਕੁਝ ਕਿ ਹਫਤਾ ਭਰ ਵੀ ਰਹੋ ਤਾਂ ਸਭ ਕੁਝ ਨਾ ਦੇਖ ਸਕੋ। ਗੰਗਟੋਕ ਸ਼ਹਿਰ ਵਿਚ ਹੀ ਛੰਗਿਆਲ ਮਹਲ ਐਂਚੋ ਗੋਂਫਾ, ਦੋ-ਦਰੁਲ ਛੋਰਟੇਨ, ਹਿਰਨ-ਪਾਰਕ, ਸੈਕਟਰੀਏਟ, ਅਸੰਬਲੀ ਹਾਲ, ਇਨਸਟੀਚਿਊਟ ਆਫ ਤਿੱਬਤੋਲੋਜੀ ਕੁਦਰਤੀ ਵਣ ਸੰਗ੍ਰਹਿ, ਫੁਲਵਾੜੀ ਆਦਿ ਦੇਖਣਯੋਗ ਸਥਾਨ ਹਨ। ਇਸ ਤੋਂ ਇਲਾਵਾ ਗੰਗਟੋਕ ਤੋਂ 24 ਕਿਲੋਮੀਟਰ ਦੂਰ ਰੁਮਟੇਕ ਗੋਂਫਾ ਏਨਾ ਪਿਆਰਾ ਧਰਮ ਸਕੂਲ ਹੈ ਕਿ ਇਸ ਨੂੰ ਦੇਖਣ ਲਈ ਹਰ ਕੋਈ ਸਿਫਾਰਿਸ਼ ਕਰੇਗਾ। ਇਸ ਤੋਂ ਇਲਾਵਾ ਗੰਗਟੋਕ ਤੋਂ 28 ਕਿਲੋਮੀਟਰ ਦੂਰ ਫੋਡਾਂਗ ਗੋਂਫਾ ਤੇ 8 ਕਿਲੋਮੀਟਰ ਦੂਰ ਤਾਸ਼ੀ ਵਿਊ ਪੁਆਇੰਟ ਤੇ ਜਾਣਾ ਵੀ ਬਣਦਾ ਹੈ। 97 ਕਿਲੋਮੀਟਰ ਦੂਰ ਚੁੰਗਤਾਂਗ ਉਹ ਪਵਿੱਤਰ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਚਿੰਨ੍ਹ ਹਨ, ਯਾਤਰੀਆਂ ਲਈ ਖਿੱਚ ਦਾ ਖਾਸ ਕਾਰਨ ਹੈ।
ਅਪ੍ਰੈਲ 1988 ਵਿਚ ਜਦ ਮੈਂ ਦੁਬਾਰਾ ਸਿਕਿਮ ਗਿਆ ਤਾਂ ਮੈਨੂੰ ਨਵੇਂ ਸਿਕਿਮ ਦੀ ਰੂਪ ਰੇਖਾ ਦੀ ਬੜੀ ਉਤਸੁਕਤਾ ਸੀ। ਸਿਲੀਗੁੜੀ ਤੋਂ ਚਲਣ ਲੱਗੇ ਹੀ ਵਾਰਨਿੰਗ ਮਿਲ ਗਈ ਕਿ ਰਾਹ ਵਿਚ ਪੁਲ ਉੱਡੇ ਹੋਏ ਹਨ, ਜਾਣ ਲਈ ਕਾਲਿੰਗਪੌਂਗ ਵਾਲਾ ਲੰਬਾ ਰਸਤਾ ਲੈਣਾ ਪਵੇਗਾ। ਰਸਤਾ ਵੀ ਖਤਰੇ ਤੋਂ ਖਲੀ ਨਹੀਂ। ਤੀਸਤਾ ਦਰਿਆ ਸਿਕਿਮ ਦਾ ਪ੍ਰਮੁੱਖ ਦਰਿਆ ਹੈ ਜੋ ਉੱਤਰ ਸਿਕਿਮ ਤੋਂ ਹੁੰਦਾ ਹੋਇਆ ਸਿਕਿਮ ਦੇ ਮੱਧ ਵਿਚਕਾਰੋਂ ਵਹਿੰਦਾ ਬੰਗਾਲ ਵਿਚ ਆਉਂਦਾ ਹੈ। ਫਿਰ ਬੰਗਲਾਦੇਸ਼ ਵਿਚ ਜਾ ਪਹੁੰਚਦਾ ਹੈ। ਸਿਲੀਗੁੜੀ ਗੰਗਟੋਕ ਦੇ ਨਾਲ ਨਾਲ ਨੈਸ਼ਨਲ ਹਾਈਵੇ ਬਣਿਆ ਹੋਇਆ ਹੈ। ਤੀਸਤਾ ਪਿੰਡ ਕੋਲ ਬਣੇ ਪੁਲ ਨੂੰ ਪਾਰ ਕਰਨ ਪਿੱਛੋਂ ਇਕ ਰਾਹ ਕਾਲਿੰਗਪੌਂਗ ਨੂੰ ਜਾਂਦਾ ਹੈ ਤੇ ਦੂਜਾ ਸਿੱਧਾ ਗੰਗਟੋਕ।
ਤੀਸਤਾ ਪੁਲ ਪਾਰ ਕਰਦਿਆਂ ਹੀ ਕਾਲਿੰਗਪੌਂਗ ਦੀ ਸਿੱਧੀ ਚੜ੍ਹਾਈ ਸ਼ੁਰੂ ਹੋ ਗਈ। ਸੜਕ ਏਨੀ ਚੰਗੀ ਵੀ ਨਹੀਂ ਸੀ। ਚਾਰੇ ਪਾਸੇ ਸੁੰਨਸਾਨ। ਕੋਈ ਵੀ ਬੱਸ, ਜੀਪ ਨਹੀਂ ਸੀ ਚੱਲ ਰਹੀ। ਦਿਲ ਵਿਚ ਡਰ ਤਾਂ ਬੜਾ ਮਹਿਸੂਸ ਹੋਇਆ ਪਰ ਫਿਰ ਮਨ ਤਕੜਾ ਕਰਕੇ ਵਧੀ ਗਏ।
ਕਾਲਿੰਗਪੌਂਗ ਦੇ ਬਾਹਰ ਪਹਿਲਾਂ ਲਿਖਿਆ ਹੁੰਦਾ ਸੀ ‘‘ਜਿਸਨੇ ਕਾਲਿੰਗਪੌਂਗ ਨਹੀਂ ਵੇਖਿਆ ਉਸਨੇ ਸਵਰਗ ਨਹੀਂ ਦੇਖਿਆ।’’ ਉਸੇ ਬੋਰਡ ਤੇ ਲਿਖਿਆ ਸੀ, ‘‘ਗੋਰਖਾਲੈਂਡ ਸਵਾਗਤ ਕਰਦਾ ਹੈ।’’ ਮੈਂ ਇਹ ਸਮਝ ਨਹੀਂ ਸਕਿਆ ਕਿ ਸਵਰਗ ਉਡੀਕ ਰਿਹਾ ਹੈ ਜਾਂ ਨਰਕ। ਮੇਰੇ ਦਿਮਾਗ ਵਿਚ ਕਾਲਿੰਗਪੌਂਗ ਦੀਆਂ ਅਦਭੁੱਤ ਫੁੱਲਵਾੜੀਆਂ ਘੁੰਮ ਰਹੀਆਂ ਸਨ ਜਿਨ੍ਹਾਂ ਦੇ ਵਿਸ਼ਾਲ ਫੁੱਲ ਮੇਲੇ ਨੇ ਮੈਨੂੰ ਬੱਧੀ ਬੰਨ੍ਹੀ ਰੱਖਿਆ ਸੀ।
ਤੀਹ ਹਜ਼ਾਰ ਦੀ ਆਬਾਦੀ ਵਾਲਾ ਬੰਗਾਲ ਦਾ ਇਹ ਪਰਬਤੀ ਸਥਲ (ਉਚਾਈ 4100 ਫੁੱਟ) ਵੱਖ-ਵੱਖ ਬਾਸ਼ਾਵਾਂ ਜਾਤਾਂ ਤੇ ਨਸਲਾਂ ਦਾ ਅਨੂਠਾ ਸਮੂਹ ਹੈ। ਹਿੰਦੀ, ਬੰਗਾਲੀ, ਤਿੱਬਤੀ, ਨੇਪਾਲੀ, ਅੰਗਰੇਜ਼ੀ ਸਾਰੀਆਂ ਭਾਸ਼ਾਵਾਂ ਸਮਝਣ ਵਾਲੇ ਬੰਗਾਲੀ, ਨੇਪਾਲੀ, ਭੁਟੀਆ, ਲੇਪਚਾ ਤੇ ਤਿੱਬਤੀ ਲੋਕ ਏਥੇ ਮਿਲ ਜਾਣਗੇ ਪਰ ਸਿਰਫ ਨੇਪਾਲੀ ਹੀ ਇਸ ਨੂੰ ਆਪਣਾ ਅਧਿਕਾਰ ਖੇਤਰ ਕਿਉਂ ਸਮਝਦੇ ਹਨ, ਇਹ ਸਮਝ ਮੈਨੂੰ ਨਹੀਂ ਆਈ। ਇਹ ਕਦੇ ਭੂਟਾਨ ਗਵਰਨਰ ਦਾ ਮੁੱਖ ਦਫਤਰ ਵੀ ਹੁੰਦਾ ਸੀ ਤਾਂ ਹੀ ਤਾਂ ਇਸਦਾ ਨਾਂ ਕਾਲਿੰਗਪੌਂਗ ਪਿਆ (ਕਾਲਿੰਗ ਦਾ ਮਤਲਬ ਵਜ਼ੀਰ ਪੌਂਗ ਦਾ ਭਾਵ ਗੜ੍ਹ ਵਜ਼ੀਰ ਦਾ ਗੜ੍ਹ)।
ਇਨ੍ਹਾਂ ਸੋਚਾਂ ਖਿਆਲਾਂ ਵਿਚ ਕਾਲਿੰਗਪੌਂਗ ਤਕ ਪਹੁੰਚ ਗਏ ਪਰ ਅੱਗੋਂ ਨਿਰਾ ਸੁੰਨਸਾਨ। ਕਿਧਰੇ ਵੀ ਕੋਈ ਆਦਮੀ ਨਜ਼ਰ ਨਹੀਂ ਸੀ ਆ ਰਿਹਾ, ਸਿਵਾਇ ਔਰਤਾਂ ਦੇ ਬਾਰੀਆਂ ਵਿਚੋਂ ਝਾਕਣ ਦੇ। ਜਿਵੇਂ ਕੋਈ ਦਿਉ ਫਿਰ ਗਿਆ ਹੋਵੇ। ਬਾਜ਼ਾਰ ਜਿੱਥੇ ਅੱਗੇ ਲੰਘਣ ਲੱਗੇ, ਮੋਢੇ ਨਾਲ ਮੋਢਾ ਵੱਜਦਾ ਸੀ, ਸੁੰਨਾ ਪਿਆ ਸੀ ਤੇ ਉਹ ਵੀ ਦਿਨ ਦੇ ਦਸ ਵਜੇ। ਨਾ ਕੋਈ ਦੁਕਾਨ ਖੁੱਲ੍ਹੀ ਸੀ ਤੇ ਨਾ ਕੋਈ ਦਫਤਰ। ਸਕੂਲ ਵੀ ਬੰਦ ਸਨ। ਪੁਲਿਸ ਵਾਲਾ ਵੀ ਕੋਈ ਨਜ਼ਰ ਨਹੀਂ ਆ ਰਿਹਾ। ਏਨੀ ਡਰਾਉਣੀ ਚੁੱਪ? ਸਾਨੂੰ ਇਉਂ ਲੱਗਣ ਲੱਗਾ ਜਿਵੇਂ ਹੁਣੇ ਕਿਧਰੋਂ ਕੋਈ ਬੰਬ ਆ ਡਿੱਗੇਗਾ।
ਅਣਪਛਾਤੀ ਭੈ ਨੂੰ ਸੁੰਘਕੇ ਪਤਾ ਨਹੀਂ ਮੇਰਾ ਹੱਥ ਇਕ ਦਮ ਮੇਰੇ ਪਿਸਤੋਲ ਦੇ ਦਸਖਤ ਤੇ ਕਿਵੇਂ ਟਿਕ ਗਿਆ। ਜਿੱਥੇ ਮੈਂ ਕਦੇ ਅਮਨ ਸ਼ਾਂਤੀ ਚੈਨ ਪ੍ਰਾਪਤੀ ਬਾਰੇ ਸੋਚਿਆ ਓਥੋਂ ਭੈ ਦਾ ਇਹ ਹਉਕਾ? ਮਜ਼ਬੀ ਜਨੂੰਨ ਦਾ ਦਿਓ ਸੱਚੀ ਹੀ ਆਪਣੀ ਅਸਰ ਦਿਖਾ ਰਿਹਾ ਹੈ। ਆਤੰਕਵਾਦ ਆਮ ਇਨਸਾਨਾਂ ਦੀ ਜਾਨਾਂ ਦਾ ਜਦ ਖਉ ਬਣ ਜਾਂਦਾ ਹੈ ਤਾਂ ਫਿਰ ਮਾਨਵ ਦਾ ਮਾਨਵਤਾ ਤੇ ਭਰੋਸਾ ਕਿਵੇਂ ਰਹੇ? ਸੜਕ ਦੇ ਕਿਨਾਰੇ ਲੰਮਾ ਬਾਜ਼ਾਰ ਤੇ ਘਰ ਜਿਵੇਂ ਕਬਰਾਂ ਬਣੀਆਂ ਹੋਣ। ਸ਼ਹਿਰ ਦੇ ਮੋੜ-ਘੋੜਾਂ ਵਿਚ ਦੀ ਅਸੀਂ ਜਾਨ ਹਥੇਲੀ ਤੇ ਰੱਖੀ ਨਿਕਲੇ ਤੇ ਜਦ ਸੁੱਖੀਂ-ਸਾਂਦੀ ਬਾਹਰ ਨਿਕਲੇ ਤਾਂ ਆਪਣੇ-ਆਪ ਨੂੰ ਚੰਗੀ ਤਰ੍ਹਾਂ ਟੋਹ ਕੇ ਵੇਖਿਆ ਤੇ ਸੋਚਕੇ, ਏਥੋਂ ਦੇ ਘਰਾਂ ਦੀਆਂ ਕੈਦਾਂ ਵਿਚ ਫਸੇ ਲੋਕਾਂ ਬਾਰੇ ਸੋਚਕੇ ਮਨ ਤੇ ਅਚਾਨਕ ਫਿਰ ਉਦਾਸੀ ਛਾ ਗਈ। ਸ਼ਹਿਰ ਬਾਹਰ ਨਿਕਲ ਇਕ ਝਰਨੇ ਕੋਲ ਰੁਕਕੇ ਹੱਥ ਮੂੰਹ ਧੇ ਕੇ ਤੇ ਠੰਢਾ ਠਾਰ ਪਾਣੀ ਪੀ ਕੇ ਦਿਲ ਦੀ ਤੜਪ ਠੰਢੀ ਕਰਨ ਦੀ ਕੋਸ਼ਿਸ਼ ਕੀਤੀ।
ਉੱਚੀਆਂ ਪਹਾੜੀਆਂ ਜੋ ਰੁੱਖਾਂ ਨਾਲ ਢੱਕੀਆਂ ਹੁੰਦੀਆਂ ਸਨ ਹੁਣ ਰੁੱਖਾਂ ਤੋਂ ਵਾਂਝੀਆਂ ਸਨ। ਉਨ੍ਹਾਂ ਦੀ ਥਾਂ ਪੌੜੀਦਾਰ ਖੇਤੀ ਨੇ ਲੈ ਲਈ ਸੀ ਪਰ ਖੇਤੀ ਅਜੇ ਏਨੀ ਚੰਗੀ ਨਹੀਂ ਸੀ ਹੋਈ। ਨਾਲਿਆਂ ਝਰਨਿਆਂ ਦੇ ਮੁਹਾਣੇ ਚੌੜੇ ਹੋ ਰਹੇ ਸਨ। ਕਿਉਂਕਿ ਉਨ੍ਹਾਂ ਦਾ ਫੈਲਾ ਰੋਕਣ ਵਾਲੇ ਦਰਖਤ ਤੇ ਘਾਹ ਵੇਲਣ ਆਦਿ ਹੁਣ ਨਹੀਂ ਸੀ। ਪਹਾੜਾਂ ਦੀਆਂ ਢਲਾਣਾਂ ਤੇ ਸਫੈਦ ਜਬਾੜੇ ਦਸ ਰਹੇ ਹਨ ਕਿ ਜੇ ਤੁਸੀਂ ਕੁਦਰਤ ਨੂੰ ਉਜਾੜੋਗੇ ਤਾਂ ਕੁਦਰਤ ਤੁਹਾਨੂੰ ਉਜਾੜ ਦੇਵੇਗੀ।’’ ਨਦੀਆਂ ਦਾ ਵੀ ਰੰਗ ਉਨ੍ਹਾਂ ਨੀਲਾ ਜਾਂ ਸਫੈਦ ਨਹੀਂ ਸੀ। ਗੰਧਲਾ ਬਹੁਤ ਸੀ ਕਿਉਂਕਿ ਘਾਹ ਵੇਲੰ ਦੇ ਪੁਣਨ ਵਾਲੇ ਛਾਲਣੇ ਹੁਣ ਨਹੀਂ ਸਨ।
ਪਡੌਂਗ ਅਸੀਂ ਗਿਆਰਾਂ ਕੁ ਵਜੇ ਪਹੁੰਚੇ ਤੇ ਓਥੋਂ ਰਾਂਗਪੋ ਡੇਢ ਵਜੇ ਦੇ ਕਰੀਬ। ਰਾਂਗਪੋ ਪਹਿਲਾਂ ਸਿਰਫ ਇਕ ਸ਼ਰਾਬ ਦਾ ਕਾਰਖਾਨਾ ਹੁੰਦਾ ਸੀ। ਸਿਕਿਮ ਦਾ ਇਕੋ ਇਕ ਕਾਰਖਾਨਾ ਹੁਣ ਇਸ ਦੇ ਇਰਦ ਗਿਰਦ ਕਾਰਖਾਨਿਆਂ ਦਾ ਮੇਲਾ ਲੱਗਿਆ ਹੋਇਆ ਸੀ। ਰਾਂਗਪੋ ਵਿਚ ਅਤੇ ਆਲੇ ਦੁਆਲੇ ਬਸਤੀਆਂ ਬਣ ਗਈਆਂ ਸਨ। ਰਾਂਗਪੋ ਉਪਰਲੀ ਪਹਾੜੀ ਦੂਰ ਤਕ ਸਾਫ ਨਜ਼ਰ ਆਈ। ਅਸੀਂ ਇਕ ਛੋਟੇ ਜਿਹੇ ਹੋਟਲ ਵਿਚੋਂ ਖਾਣਾ ਖਾਧਾ ਤੇ ਤਕਰੀਬਨ ਦੋ ਕੁ ਵਜੇ ਅੱਗੇ ਲਈ ਚਾਲੇ ਪਾਏ।
ਰਾਂਗਪੋ ਸਿਕਿਮ ਵਿਚ ਹੈ ਤੇ ਜੀ.ਐਨ.ਐਲ.ਐਫ. ਦੀਆਂ ਕਾਰਵਾਈਆਂ ਤੋਂ ਦੂਰ। ਸੋ ਹੁਣ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝ ਰਹੇ ਸਾਂ। ਤੀਸਤਾ ਨਦੀ ਦੇ ਨਾਲ ਵੇਲ ਵਿੰਗਾ ਸੌੜਾ ਤੇ ਵਧਦੀ ਸੜਕ ਤੇ ਹੁਣ ਟਾਵੀਆਂ ਟਾਵੀਆਂ ਜੀਪਾਂ ਨਜ਼ਰ ਆਉਣ ਲੱਗ ਪਈਆਂ ਸਨ। ਤੀਸਤਾ ਦਾ ਗਹਿਰਾ ਨੀਲਾ ਤੇ ਕਿਤੇ ਹਰਾ ਪਾਣੀ ਆਪਣੀ ਪ੍ਰਭੁਤਾ ਦਾ ਪ੍ਰਭਾਵ ਵਿਖਾ ਰਿਹਾ ਸੀ। ਸੜਕ ਤੋਂ ਚਾਰ ਸੌ ਫੁੱਟ ਥੱਲੇ। ਨਜ਼ਰ ਮਾਰਿਆਂ ਇਉਂ ਲੱਗਦਾ ਜਿਵੇਂ ਡੂੰਘਾ ਖੂਹ ਹੋਵੇ। ਮਨ ਕਦੇ ਡਰ ਜਾਂਦਾ ਕਿ ਜੇ ਸੜਕ ਤੋਂ ਔਟਲ ਗਏ ਤਾਂ ਜੀਪ ਦੇ ਗੇਅਰ, ਸਟੇਅਰਿੰਗ ਬਰੇਕਾਂ ਜਾਂ ਐਕਸੀਲੇਟਰ ’ਤੇ ਕਾਬੂ ਨਾ ਰਿਹਾ ਤਾਂ ਕੀ ਹੋਵੇਗਾ? ਜੀਪ ਦੇ ਹਿੱਸੇ ਪੁਰਜੇ ਵੀ ਨਹੀਂ ਮਿਲਣੇ ਬੰਦਿਆਂ ਦੇ ਤਾਂ ਕੀ?
ਪਰ ਸੋਚ ਨੂੰ ਲਗਾਮ ਦੇ ਕੇ ਵਧਣਾ ਹੀ ਸਹੀ ਸਮਝਿਆ। ਸਿਗਿਤਾਮ ਤਿੰਨ ਕੁ ਵਜੇ ਪਹੁੰਚੇ। ਇਹ ਕਸਬਾ ਇਕ ਨਾਲੇ ਦੇ ਕਿਨਾਰੇ ਹੈ ਤੇ ਹੈ ਵੀ ਬੜਾ ਸੁੰਦਰ। ਚੌੜੀ ਸੜਕ ਦੇ ਦੋਨੋਂ ਤਰਫ ਫੈਲਿਆ ਹੋਇਆ। ਸੰਗਤਰਿਆਂ ਦਾ ਗੜ੍ਹ। ਪੁੱਛਣ ਤੇ ਪਤਾ ਲੱਗਿਆ ਕਿ ਆਸੇ ਪਾਸੇ ਸੰਗਤਰਿਆਂ ਦੇ ਬੜੇ ਬਾਗ ਹਨ। ਫਲਾਂ ਦੇ ਰਸ ਬਣਾਉਣ ਦਾ ਇਕ ਕਾਰਖਾਨਾ ਨਵਾਂ ਲੱਗਾ ਹੈ। ਖਾਣ ਜੋਗੇ ਸੰਤਰੇ ਜੀਪ ਵਿਚ ਰੱਖ ਅਸੀਂ ਗੰਗਟੋਕ ਵਲ ਵਧਣ ਲੱਗੇ। ਇਕ ਲੰਬੀ ਗੁਫਾ ਵਿਚੋਂ ਲੰਘਦਿਆਂ ਇਉਂ ਲੱਗਿਆ ਜਿਵੇਂ ਹਨ੍ਹੇਰੇ ਪਲਾਂ ਵਿਚੋਂ ਗੁਜ਼ਰ ਰਹੇ ਹੋਈਏ। ਗੁਫਾ ਤੋਂ ਅੱਗੇ ਦੋ ਪਾਵਰ-ਹਾਊਸ ਬਣੇ ਹੋਏ ਸਨ। ਅੱਠ ਕੁ ਸੌ ਫੁੱਟ ਤੋਂ ਲੰਬੀਆਂ ਪਾਈਪਾਂ ਰਾਹੀਂ ਪਾਣੀ ਵਹਾ ਕੇ ਪਾਵਰ ਹਾਊਸ ਵਿਚ ਬਿਜਲੀ ਪੈਦਾ ਕਰਨ ਲਈ ਵਰਤਿਆ ਗਿਆ ਸੀ। ਜਿਸ ਪਿੱਛੋਂ ਪਾਣੀ ਪਕੀਆਂ ਨਹਿਰਾਂ ਰਾਹੀਂ ਖੇਤੀਆਂ ਵਲ ਘੱਲਿਆ ਗਿਆ ਸੀ। ਪਰਬਤਾਂ ਨਹਿਰਾਂ ਵੇਖ ਕੇ ਬੜਾ ਅਸਚਰਜ ਹੋਇਆ। ਸਿਕਿਮ ਦੇ ਮਕਾਨਾਂ ਦੇ ਨਵੇਂ ਡਿਜ਼ਾਈਨ ਮਨਮੋਹਕ ਜੋ ਵਿਚੋਂ ਉੱਚੇ, ਢਲਵੇਂ ਤੇ ਕੋਨਿਆਂ ਤੋਂ ਖਾਸ ਕਿਨਾਰੀਆਂ ਵਾਲੇ। ਕੁਦਰਤ ਅਜੇ ਵੀ ਮਨੁੱਖੀ ਹੱਥਾਂ ਨੇ ਉਜਾੜੀ ਹੋਈ ਸੀ।
ਰਾਣੀ ਪੁਲ ਤੱਕ ਪਹੁੰਚਦਿਆਂ ਗੰਗਟੋਕ ਦਾ ਨਜ਼ਾਰਾ ਅੱਖ ਅੱਗੇ ਆ ਗਿਆ। ਕਿਤਨਾ ਵੱਡਾ ਸ਼ਹਿਰ ਹੋ ਗਿਆ ਹੈ ਗੰਗਟੋਕ? ਬਾਰਾਂ ਮੀਲ ਤੱਕ ਫੈਲਿਆ ਹੋਇਆ। ਰਾਣੀ ਪੁਲ ਵੀ ਕਾਫੀ ਵੱਡਾ ਕਸਬਾ ਬਣਿਆ ਹੋਇਆ ਸੀ। ਰਾਣੀ ਪੁਲ ਤੋਂ ਅੱਗੇ ਇਕ ਸੜਕ ਉਤਰ-ਪੱਛਮ ਵਲ ਨੂੰ ਜਾਂਦੀ ਹੈ। ਕੁਝ ਸਮਾਂ ਕੋਲ ਹੋਣ ਕਰਕੇ ਅਸੀਂ ਗੰਗਟੋਕ ਜਾਣ ਤੋਂ ਪਹਿਲਾਂ ਰੁਮਟੇਕ ਮੱਠ ਵੇਖ ਲੈਣਾ ਹੀ ਠੀਕ ਸਮਝਿਆ।
ਰੁਮਟੇਕ ਮੱਠ ਲਾਮਿਆਂ ਦਾ ਮੱਠ ਹੈ ਜਿਥੇ ਪੂਜਾ ਪਾਠ ਤੋਂ ਇਲਾਵਾ ਬੁਧ ਧਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਅੱਜ ਕੱਲ੍ਹ ਇਸ ਮੱਠ ਵਿਚ ਮੇਲਾ ਭਰ ਰਿਹਾ ਸੀ ਕਿਉਂਕਿ ਬਹੁਤ ਲੋਕ ਖਾਸ ਕਰਕੇ ਵਿਦਿਆਰਥੀ ਰੁਮਟੇਕ ਮੱਠ ਵਲ ਨੂੰ ਆ ਜਾ ਰਹੇ ਸਨ। ਬਹੁਤੇ ਵਾਪਸ ਪਰਤ ਰਹੇ ਸਨ। ਰੁਮਟੇਕ ਵਲ ਵਧਦੇ ਇਕ ਮੋੜ ਤੇ ਰੁਕਕੇ ਅਸੀਂ ਗੰਗਟੋਕ ਵਲ ਵੇਖਿਆ ਤਾਂ ਬੜਾ ਅਦਭੁਤ ਨਜ਼ਾਰਾ ਵੇਖਣ ਨੂੰ ਮਿਲਿਆ। ਮੀਲਾਂ ਵਿਚ ਪਹਾੜੀਆਂ ਦੀ ਗੋਦੀ ਵਿਚ ਗੰਗਟੋਕ ਦੀਆਂ ਅੱਠ ਅੱਠ ਦਸ ਦਸ ਮੰਜ਼ਲਾਂ ਇਮਾਰਤਾਂ ਇਉਂ ਲਗਦੀਆਂ ਸਨ ਜਿਵੇਂ ਕਿਸੇ ਪੇਂਡੂ ਮਾਂ ਦੀ ਗੋਦੀ ਵਿਚ ਸ਼ਹਿਰੀ ਬੱਚਾ ਹੋਵੇ। ਸੂਰਜ ਦਾ ਵੀ ਖਾਸ ਕੋਨ, ਜਿਸ ਤਰ੍ਹਾਂ ਸਾਰੀ ਵਾਦੀ ਤੇ ਚਮਕ ਪਾ ਰਿਹਾ ਸੀ। ਆਲੇ ਦੁਆਲੇ ਨੂੰ ਜਵਾਲੰਤ ਕਰ ਰਿਹਾ ਸੀ। ਸਮਾਂ ਘੱਟ ਹੋਣ ਕਰਕੇ ਬਹੁਤੀ ਦੇਰ ਤੱਕ ਇਹ ਨਜ਼ਾਰਾ ਮਾਨਣਾ ਸੰਭਵ ਨਹੀਂ ਸੀ ਜੋ ਜੀਪ ਉਪਰ ਵਲ ਰਫਤਾਰ ਨਾਲ ਚੜ੍ਹਾਉਣੀ ਸ਼ੁਰੂ ਕਰ ਦਿੱਤੀ। ਬੇਖਬਰ ਵਧ ਰਹੇ ਸਾਂ ਕਿ ਉਪਰੋਂ ਰਫ਼ਤਾਰ ਨਾਲ ਆਉਂਦਾ ਟਰੱਕ ਜੀਪ ਨਾਲ ਆ ਟਕਰਾਇਆ। ਬੜੀ ਮੁਸ਼ਕਲ ਨਾਲ ਸੰਭਲੇ। ਟਰੱਕ ਜ਼ੋਰ ਦੀ ਨਹੀਂ ਸੀ ਕਿ ਦੋਨੋਂ ਤਰਫ਼ੋਂ ਬਰੇਕੰ ਸਖਤ ਲੱਗ ਚੁੱਕੀਆਂ ਸਨ। ਬੰਪਰ ਵਿਚ ਨੂੰ ਹੋ ਗਿਆ ਸੀ। ਅਸੀਂ ਸੜਕ ਦੇ ਕਿਨਾਰੇ ਤੇ ਲੁੜਕਣ ਵਾਲੇ ਹੀ ਸਾਂ। ਬੱਲੇ-ਬੱਲੇ! ਜਿਵੇਂਰੱਬ ਆਪ ਹੀ ਬਚਾਉਣ ਨੂੰ ਖੜ੍ਹੇ ਹੋਵੇ। ਇਕ ਛੋਟੇ ਜਿਹਾ ਬੱਚਾ ਇਹ ਤਮਾਸ਼ਾ ਦੇਖ ਦੇਖ ਨੱਚ ਰਿਹਾ ਸੀ, ਇਸ ਤੋਂ ਅਣਜਾਣ ਕਿ ਇਹ ਕੀ ਹੋਣ ਲੱਗਾ ਸੀ। ਗੱਡੀਆਂ ਅੱਗੇ ਪਿੱਛੇ ਕਰਕੇ ਪਾਸ ਲਈ ਥੋੜਾ ਰਾਹ ਬਣਾਇਆ। ਗਲਤੀ ਟਰੱਕ ਵਾਲੇ ਦੀ ਸੀ। ਪਰਬਤਾਂ ਵਿਚ ਚੜ੍ਹਾਈ ਚੜ੍ਹਦੇ ਗੱਡੀ ਨੂੰ ਉਪਰੋਂ ਥੱਲੇ ਆਉਂਦੀ ਗੱਡੀ ਨਾਲੋਂ ਰਾਹ ਤੇ ਬਹੁਤਾ ਅਧਿਕਾਰ ਹੁੰਦਾ ਹੈ ਕਿ ਚੜ੍ਹਦੀ ਗੱਡੀ ਬਹੁਤੇ ਜ਼ੋਰ ਨਾਲ ਵਧ ਰਹੀ ਹੁੰਦੀ ਹੈ ਤੇ ਉੱਪਰੋਂ ਉਤਰਦੀ ਗੱਡੀ ਲਈ ਇਤਨਾ ਜ਼ੋਰ ਨਹੀਂ ਲੱਗਦਾ। ਪਰ ਗਲਤੀ ਸਾਡੀ ਵੀ ਸੀ ਕਿ ਜਿਵੇਂ ਚਾਹੀਦਾ ਸੀ ਕਿ ਸਾਨੂੰ ਹਰ ਮੋੜ ਤੇ ਹਾਰਨ ਦੇਣਾ ਚਾਹੀਦਾ ਸੀ ਜੋ ਅਸੀਂ ਨਹੀਂ ਸੀ ਦਿੱਤਾ। ਲੜਣ ਝਗੜਣ ਦਾ ਕੋਈ ਫਾਇਦਾ ਨਹੀਂ ਸੀ। ਜਾਨਾਂ ਬਚ ਗਈਆਂ ਸਨ, ਇਹੋ ਰੱਬ ਦਾ ਸ਼ੁਕਰ ਸੀ। ਜੇ ਜਾਨਾਂ ਨਾ ਬਚਦੀਆਂ ਤਾਂ? ਅੱਗੋਂ ਮਨ ਸੋਚਣੋਂ ਇਨਕਾਰੀ ਸੀ।
ਉਲਝਾਹਟ ਵਿਚ ਕਾਫੀ ਸਮਾਂ ਬਰਬਾਦ ਹੋ ਗਿਆ ਸੀ। ਪਰ ਰਫ਼ਤਾਰ ਦੀ ਥਾਂ ਸੋਚ-ਸਮਝ ਕੇ ਜੀਪ ਚਲਾਉਣਾ ਹੀ ਸਹੀ ਸਮਝਿਆ। ਥੋੜ੍ਹੀ ਦੂਰ ਜਾ ਕੇ ਰੁਮਟੇਕ ਮੱਠ ਦਾ ਮੁੱਖ ਦੁਆਰ ਆ ਗਿਆ। ਬੜੇ ਸੁੰਦਰ ਢੰਗ ਨਾਲ ਤਿੱਬਤੀ ਕਲਾ ਨਾਲ ਬਣਾਇਆ ਇਹ ਦੁਆਰ ਖਿੱਚ-ਭਰਪੂਰ ਸੀ। ਸਿੱਧੀ ਚੜ੍ਹਾਈ ਚੜ੍ਹਦੇ ਸਾਨੂੰ ਲਾਲ ਰੰਗ ਦੀ ਵਿਸ਼ਾਲ ਇਮਾਰਤ ਨਜ਼ਰ ਆਈ। ਜੰਗਲ ਵਿਚ ਮੰਗਲ ਕੁਦਰਤ ਦੀ ਗੋਦ ਵਿਚ ਇਨਸਾਨੀ ਕਲਾ ਦਾ ਕਮਾਲ। ਵਿਹੜੇ ਵਿਚ ਜੀਪ ਰੋਕੀ ਤੇ ਉਸ ਅਨੂਠੇ ਭਵਨ ਨੂੰ ਨਿਹਾਰਦੇ ਰਹੇ। ਲਾਲ ਗਾਊਨ ਪਾਈ ਲਾਮੇ ਬੱਚੇ ਬੁੱਢੇ, ਜਵਾਨ ਸਿਰ ਸਫਾ ਚੱਟ ਏਧਰ ਉਧਰ ਘੁੰਮ ਰਹੇ ਸਨ। ਉਨ੍ਹਾਂ ਦਾ ਮੇਲਾ ਤੇ ਨਾਚ ਅਜੇ ਖਤਮ ਹੀ ਹੋਇਆ ਸੀ। ਭਵਨ ਤੇ ਮੇਲੇ ਦੀ ਰੌਣਕ ਸੀ। ਰੁਮਟੇਕ ਬਾਰੇ ਇਕ ਦੋ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਮੱਠ ਦੇ ਮੈਨੇਜਰ ਦੇ ਦਫ਼ਤਰ ਵਲ ਇਸ਼ਾਰਾ ਕੀਤਾ। ਮੈਨੇਜਰ ਇਕ ਮੋਟਾ ਤਾਜ਼ਾ ਗੰਜੇ ਸਿਰ ਵਾਲਾ ਹਸਮੁਖ ਲਾਮਾ ਸੀ। ਉਹ ਟੁੱਟੀ-ਫੁੱਟੀ ਹਿੰਦੀ ਅੰਗਰੇਜ਼ੀ ਦੇ ਮੇਲਾਂ ਨਾਲ ਗੱਲ ਕਰਨ ਦੇ ਸਮਰੱਥ ਸੀ। ਅਸੀਂ ਉਸ ਤੋਂ ਰੁਮਟੇਕ ਬਾਰੇ ਪੁੱਛਿਆ ਤਾਂ ਉਸਨੇ ਦੱਸਣਾ ਸ਼ੁਰੂ ਕੀਤਾ।
‘‘ਰੁਮਟੇਕ ਧਰਮ ਚੱਕਰ ਕੇਂਦਰ ਹੈ ਜਿਥੇ ਕਾਗਿਊ ਲਾਮਿਆਂ ਦੀ ਮੁੱਖ ਗੱਦੀ ਹੈ। ਇਹ ਸੰਨ 1960 ਵਿਚ ਬਣਾਇਆ ਗਿਆ ਸੀ। ਜਦ ਤਿੱਬਤ ਵਿਚ ਹਲਚਲ ਹੋਈ ਤੇ ਲਾਮੇ ਆਪਣੇ ਆਪ ਨੂੰ ਅਸੁਰੱਖਿਅਤ ਸਮਝਣ ਲੱਗੇ ਤਾਂ ਉਨ੍ਹਾਂ ਨੇ ਆਪਣਾ ਮੁੱਖ ਦਫ਼ਤਰ ਕਾਗਿਊ ਤਿੱਬਤ ਤੋਂ ਲਿਆ ਕੇ ਇਥੇ ਸਥਾਪਿਤ ਕੀਤਾ। ਕਾਗਿਊ ਲਾਮਿਆਂ ਦੀ ਸ਼ਾਖਾ ਦਾ 16ਵਾਂ ਆਗੂ ਗਿਆਲਵਾ-ਕਾਰੂਅਪਾ ਤਿੱਬਤ ਤੋਂ ਭੱਜਕੇ ਸਿਕਿਮ ਵਿਚ ਪੱਕਾ ਹੀ ਵਸ ਗਿਆ। ਤਿੱਬਤ ਤੋਂ ਬਾਹਰ ਲਾਮਿਆਂ ਦਾ ਇਹ ਸਭ ਤੋਂ ਵੱਡਾ ਮੱਠ ਹੈ। ਕਾਗਿਊ ਸ਼ਾਖਾ ਦੇ ਦੁਨੀਆਂ ਵਿਚ 200 ਤੋਂ ਵੱਧ ਮੱਠ ਹਨ।
ਇਸ ਨੂੰ ਬਨਾਉਣ ਵਿਚ ਕਿਤਨਾ ਚਿਰ ਲੱਗਿਆ? ਮੇਰੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਉਹ ਗੰਭੀਰ ਹੋ ਗਿਆ। ਜਦ ਮੱਠ ਤਿਆਰ ਕੀਤਾ ਗਿਆ ਸੀ ਤਾਂ ਸਾਰਾ ਸਾਮਾਨ ਗੰਗਟੋਕ ਤੋਂ ਸਿਰਾਂ ਤੇ ਹੀ ਢੋ ਕੇ ਲਿਆਇਆ ਜਾਂਦਾ ਸੀ। ਸੜਕ ਤਾਂ ਸੰਨ 1972 ਵਿਚ ਬਣੀ ਹੈ। ਖੜ੍ਹੀ ਚੜ੍ਹਾਈ ਤੇ ਇਸ ਤਰ੍ਹਾਂ ਇਤਨਾ ਸਾਮਾਨ ਲਿਆਂਦਾ ਗਿਆ ਉਹ ਅਸੀਂ ਹੀ ਜਾਣਦੇ ਹਾਂ। ਗੰਗਟੋਕ ਤੋਂ ਪਹਿਲਾਂ ਪੰਜ ਸੌ ਫੁੱਟ ਥੱਲੇ ਉਤਰਨਾ ਤੇ ਫਿਰ ਹਜ਼ਾਰ ਫੁੱਟ ਚੜ੍ਹਨਾ ਇਕ ਵੱਡੀ ਮੁਹਿੰਮ ਸੀ ਪਰ ਸ਼ਰਧਾਵਾਨਾਂ ਨੇ ਇਹ ਮੁਹਿੰਮ ਦੋ ਸਾਲ ਵਿਚ ਹੀ ਸਰ ਕਰ ਲਈ।
ਮੱਠ ਦੇ ਵਿਹੜੇ ਵਿਚ ਸਿੱਖਿਆਰਥੀ ਏਧਰ ਉਧਰ ਘੁੰਮ ਰਹੇ ਸਨ। ਉਹ ਸ਼ਾਇਦ ਦੂਸਰੇ ਦਿਨ ਦੇ ਮੁਕਾਬਲਿਆਂ ਲਈ ਤਿਆਰੀਆਂ ਕਰ ਰਹੇ ਹੋਣ। ਮੁਕਾਬਲਾ ਵੇਖਣ ਸਾਰੀ ਵਾਦੀ ਉਮਡ ਆਉਂਦੀ ਹੈ। ਹੋਰ ਤਾਂ ਹੋਰ ਬਾਹਰੋਂ ਭਾਰਤੀ ਤੇ ਵਿਦੇਸ਼ੀ ਯਾਤਰੀ ਵੀ ਬਹੁਤ ਆਉਂਦੇ ਹਨ। ਧਰਮ ਭਵਨ ਦੇ ਦਵਾਰ ਤੇ ਪਹੁੰਚਿਆਂ ਤਾਂ ਸ਼ਿਲਪ ਕਲਾ ਵੇਖਦਾ ਹੀ ਰਹਿ ਗਿਆ ਦੀਵਾਰਾਂ ਉਪਰ ਬੁੱਧ ਤੇ ਹੋਰ ਲਾਮਿਆਂ ਦੇ ਜੀਵਨ ਚਿਤਰ ਬੜੀ ਸੂਖਮਤਾ ਤੇ ਕੋਸ਼ ਨਾਲ ਚਿਤਰ ਹੋਏ ਸਨ। ਮੈਂ ਖੜ੍ਹਾ ਨਿਹਾਰੀ ਜਾ ਰਿਹਾ ਸਾਂ ਪਰ ਦਿਲ ਭਰ ਹੀ ਨਹੀਂ ਸੀ ਰਿਹਾ। ਰੰਗ ਸਾਰੇ ਗੂਹੜੇ ਸਨ, ਗਹਿਰੇ ਲਾਲ ਤੇ ਹਰੇ ਰੰਗਾਂ ਦੀ ਪ੍ਰਧਾਨਗੀ ਸੀ। ਰੰਗ ਇਹ ਲਾਮੇ ਆਪ ਤਿਆਰ ਕਰਦੇ ਹਨ ਜਿਨ੍ਹਾਂ ਰੰਗਾਂ ਦੀ ਜ਼ਿੰਦਗੀ ਬਹੁਤ ਲੰਮੀ ਹੁੰਦੀ ਹੈ। ਚਾਲੀ ਪੰਜਾਹ ਸਾਲ ਦੀ ਸੈਂਕੜੇ ਸਾਲਾਂ ਤੱਕ ਵੀ ਮੱਧਮ ਨਹੀਂ ਪੈਂਦੇ। ਕਲਾ ਦਾ ਪਿਛੋਕੜ ਮੁੱਖ ਤੌਰ ਤੇ ਤਿੱਬਤੀ ਹੈ ਜੋ ਤਿੱਬਤ ਤੋਂ ਏਥੇ ਆ ਕੇ ਵਸੇ ਬਾਸ਼ਿੰਦੇ ਕਰਦੇ ਹਨ।
ਦਰਵਾਜ਼ੇ ਤੋਂ ਅੱਗੇ ਇਕ ਵਿਸ਼ਾਲ ਹਾਲ-ਕਮਰਾ, ਜਿਸ ਵਿਚ ਬਹੁਤ ਵੱਡੇ ਵੱਡੇ ਤਨਖਾ (ਲਾਮਾ ਪੇਂਟਿੰਗਜ਼) ਦੀਵਾਰਾਂ ਨਾਲ ਲਟਕੇ ਹੋਏ ਸਨ। ਇਕ ਤਨਖਾ ਬਨਾਉਣ ਵਿਚ ਬਹੁਤ ਮਿਹਨਤ ਤੇ ਕੀਮਤ ਲਗਦੀ ਹੈ। ਕਈ ਕਲਾਕਾਰ ਮਹੀਨਿਆਂ ਵੱਧੀ ਚੰਗੇ ਤਨਖਾ ਬਣਾਉਣ ਵਿਚ ਲੱਗੇ ਰਹਿੰਦੇ ਹਨ। ਕਲਾ ਦਾ ਇਹ ਵੀ ਇਕ ਅਦਭੁਤ ਕਮਾਲ ਹੈ। ਹਾਲ ਕਮਰੇ ਵਿਚਕਾਰ ਸਿਖਲਾਈ ਅਧੀਨ ਲਾਮਾ ਆਪਣੀਆਂ ਪੁਸਤਕਾਂ ਤੂਤਰੀਆਂ ਤੇ ਹੋਰ ਵਾਦ ਯੰਤਰਾਂ ਵਿਚ ਆਪਣੀ ਸਿੱਖਿਆ ਪ੍ਰਾਪਤੀ ਵਿਚ ਮਗਨ ਸਨ। ਮੈਨੂੰ ਗੁਰੂ ਨਾਨਕ ਦੇਵ ਜੀ ਦੀ ਸਿਕਿਮ-ਤਿੱਬਤ ਤੇ ਭੂਟਾਨ ਦੀ ਯਾਤਰਾ ਬਾਰੇ ਕੁਝ ਗਿਆਨ ਦੀ ਤਲਾਸ਼ ਵੀ ਸੀ ਜਿਸ ਲਈ ਮੈਨੂੰ ਏਥੋਂ ਦੇ ਤੁਲਕੂ ਨੂੰ ਮਿਲਣ ਦੀ ਇੱਛਾ ਸੀ। ਮੁੱਖ ਲਾਮਿਆਂ ਤੇ ਤੁਲਕੂ ਨਾਲ ਵਿਚਾਰ ਵਟਾਂਦਰਾ ਹੋਇਆ ਪਰ ਉਹ ਇਸ ਬਾਰੇ ਵਧੇਰਾ ਚਾਨਣਾ ਨਾ ਪਾ ਸਕੇ।
ਕਲਾ ਦੇ ਕਮਾਲ ਨੂੰ ਸਰਾਹੁੰਦੇ ਅਸੀਂ ਪਿਛਲੇ ਗੋਂਫਾਂ ਵਿਚ ਗਏ ਜਿਥੇ ਇਕ ਯੂਰਪੀਨ-ਯੁਵਤੀ ਧਿਆਨ ਮਗਨ ਸੀ। ਲਾਮਾ ਧਰਮ ਬਾਰੇ ਮੇਰੀ ਏਥੇ ਦੇ ਮੁੱਖ ਲਾਮੇ ਨਾਲ ਕਾਫ਼ੀ ਬਹਿਸ ਹੋਈ ਜਿਸਨੇ ਸ਼ਾਇਦ ਉਸ ਯੁਵਤੀ ਦਾ ਧਿਆਨ ਤੋੜ ਦਿੱਤਾ। ਲਾਮਾ ਅੰਗ੍ਰੇਜ਼ੀ ਹਿੰਦੀ ਬਹੁਤੀ ਨਹੀਂ ਸਮਝਦਾ ਸੀ ਇਸ ਲਈ ਉਸ ਯੁਵਤੀ ਨੇ ਮੈਨੂੰ ਓਥੇ ਸਥਿਤ ਸਾਰੇ ਧਰਮ ਗੁਰੂਆਂ ਦੀਆਂ ਤਸਵੀਰਾਂ ਅੱਗੇ ਲਿਜਾਕੇ ਜਾਣਕਾਰੀ ਦਿੱਤੀ।
ਫਿਰ ਅਸੀਂ ਸਿਕਿਮ ਬਾਰੇ ਤੇ ਗੰਗਟੋਕ ਬਾਰੇ ਜਾਨਣਾ ਲੋਚਿਆ। ਸਿਕਿਮ ਪੂਰਬ ਵਲੋਂ ਭੂਟਾਨ, ਉੱਤਰ ਵਲੋਂ ਤਿੱਬਤ, ਪੱਛਮ ਵਲੋਂ ਨੇਪਾਲ ਅਤੇ ਦੱਖਣ ਵਲੋਂ ਬੰਗਾਲ ਵਿਚਕਾਰ ਘਿਰਿਆ ਹੈ। ਇਹ 7300 ਵਰਗ ਕਿਲੋਮੀਟਰ ਦੇ ਇਲਾਕੇ ਤੱਕ ਫੈਲਿਆ ਹੋਇਆ ਹੈ। ਸਿਕਿਮ ਉੱਤਰ ਤੋਂ ਪੱਛਮ ਵੱਲ 60 ਕਿਲੋਮੀਟਰ ਲੰਬਾ ਚੌੜਾ ਹੈ। ਇਹ ਯਾਤਰੀਆਂ ਲਈ ਇਕ ਸਵਰਗ ਹੈ। ਦੱਖਣ ਪੂਰਬ ਦੀਆਂ ਭਰੀਆਂ ਵਾਦੀਆਂ ਤੇ ਉੱਤਰ ਦੇ ਅਣਛੂਹ ਦੂਧੀਆ ਬਰਫ਼ ਢਕੇ ਪਰਬਤ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ। ਦੁਨੀਆਂ ਦਾ ਤੀਸਰਾ ਉੱਚਾ ਪਰਬਤ ਕੰਚਨ ਜੁੰਗਾ (ਉਚਾਈ 8603 ਮੀਟਰ) ਇਸ ਦੇ ਖੱਬੇ ਮੋਢੇ ਤੇ ਇਸ ਤਰ੍ਹਾਂ ਟਿਕਿਆ ਬੈਠਾ ਹੈ ਜਿਵੇਂ ਸ਼ਿਵ ਦੇ ਮੋਢੇ ਤੇ ਸ਼ੇਸ਼ਨਾਗ ਚਮਕਦਾ ਹੋਵੇ। ਭਾਵੇਂ ਇਹ ਪਰਬਤ ਬਹੁਤਾ ਸਾਲ ਬੱਦਲਾਂ ਨਾਲ ਘਿਰਿਆ ਰਹਿੰਦਾ ਹੈ ਪਰ ਜਦ ਦਿਨ ਸਾਫ ਹੋਵੇ ਤਾਂ ਗੰਗਟੋਕ ਤੋਂ ਇਸ ਦਾ ਨਦਾਰਾ ਕੀਲਣ ਵਾਲਾ ਹੁੰਦਾ ਹੈ। ਜਦੋਂ ‘ਅਰਧ-ਰਾਤਠ ਦੀਆਂ ਕਹਾਣੀਆਂ ਏਥੇ ਧੁੰਦ ਸਾਕਾਰ ਕਰਦੀਆਂ ਹਨ ਤਾਂ ਬੰਦਾ ਦੇਖਦਾ ਹੀ ਰਹਿ ਜਾਂਦਾ ਹੈ।
ਕੁਦਰਤ ਦਾ ਇਹ ਅਪਣਾ ਘਰ ਹੈ। ਫੁੱਲਾਂ ਦੀਆਂ ਮਨਮੋਹਕ ਵਾਦੀਆਂ ਖੁਸ਼ਬੂਆਂ ਖਿਲਾਰਦੀਆਂ ਧੂਹਾਂ ਪਾਉਂਦੀਆਂ ਹਨ। ਚਾਰ ਹਜ਼ਾਰ ਤੋਂ ਵੱਧ ਫੁਲਦਾਰ ਪੌਦੇ ਹਨ। ਏਥੇ ਪੌਦਿਆਂ ਦੀਆਂ ਕਿਸਮਾਂ ਵੀ 600 ਤੋਂ ਉਪਰ ਹਨ।
ਸਿਕਿਮ ਜਿਸ ਦਾ ਨਾਂ ਸੰਸਕ੍ਰਿਤ ਸ਼ਬਦ ਸ਼ਿਖ੍ਰਿਮ ਭਾਵ ਚੋਟੀ ਤੋਂ ਵਿਗੜਿਆ ਦਸੀਂਦਾ ਹੈ। ਸਿਕਿਮ ਦਾ ਤਿੱਬਤੀ ਨਾਂ ਡੈਨਜ਼ੌਂਗ ਭਾਵ ਚੌਲਾਂ ਦੀ ਵਾਦੀ ਹੈ। ਨੇਪਾਲੀ ਸਿਕਿਮ ਦਾ ਮਤਲਬ ਰਾਜੇ ਦਾ ਨਵਾਂ ਮਹਿਲ ਸ਼ਹਿਜ਼ਾਦੀ ਗਈ ਤਾਂ ਉਸਦ ਮੂੰਹੋਂ ਨਿਕਲਿਆ- ‘‘ਸੂਹਿਮ’’ ਭਾਵ ‘‘ਬੇਮਿਸਾਲ ਬਰਫ਼’’ ਤੇ ਇਹ ਸਹਿਮ ਸਿਕਿਮ ਬਣ ਗਿਆ। ਚੌਲਾਂ ਦੀ ਵਾਦੀ ਦੀ ਕਹਾਣੀ ਵੀ ਨਿਰਾਲੀ ਹੈ।
ਗੁਰੂ ਨਾਨਕ ਦੇਵ ਜੀ ਜਦ ਸੰਨ 1507 ਵਿਚ ਤਿੱਬਤ ਵਲੋਂ ਉੱਤਰੀ ਸਿਕਿਮ ਦੀ ਗੁਰੂਡਾਂਗਮਾਰ ਝੀਲ ਕੋਲੋਂ ਨਿਕਲਦੇ ਚੁੰਗਤਾਂਗ ਇਲਾਕੇ ਵਿਚ ਰੁਕੇ ਤਾਂ ਓਥੋਂ ਦੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦੱਸਣੀਆਂ ਸ਼ੁਰੂ ਕੀਤੀਆਂ। ਕਿਸੇ ਕਿਹਾ ‘‘ਗੁਰੂ ਜੀ ਪਾਣੀ ਨਹੀਂ ਤੇ ਕਿਸੇ ਕਿਹਾ ਏਸ ਵਾਦੀ ਵਿਚ ਕੋਈ ਖਾਣ ਫਸਲ ਨਹੀਂ ਹੁੰਦੀ।’’ ਗੁਰੂ ਨਾਨਕ ਦੇਵ ਜੀ ਜਿਸ ਥਾਂ ਬੈਠੇ ਸਨ ਓਥੋਂ ਪੈਰ ਨਾਲ ਇਕ ਪੱਥਰ ਹਟਾਇਆ। ਕਰਾਮਾਤ ਕਿ ਉਥੋਂ ਇਕ ਝਰਨਾ ਫੁੱਟ ਪਿਆ। ਜਿਥੋਂ ਦਾ ਪਾਣੀ ਲੋਕੀ ਅੱਜ ਤੱਕ ਪਵਿੱਤਰ ਸਮਝ ਕੇ ਗੰਗਾ ਜਲ ਵਾਂਗ ਪੀਂਦੇ ਹਨ।
ਫਿਰ ਗੁਰੂ ਜੀ ਨੇ ਆਪਣੇ ਨਾਲ ਲਿਆਂਦੇ ਕੇਲੇ ਦੇ ਪੱਤੇ ਵਿਚੋਂ ਕੁਝ ਚੌਲ ਲਿਆਕੇ ਇਲਾਕੇ ਵਿਚ ਛਿੱਟਾ ਦੇ ਦਿੱਤਾ ਤੇ ਕੇਲੇ ਦੇ ਪੱਤੇ ਨੇੜੇ ਹੀ ਮਿੱਟੀ ਵਿਚ ਦਬਾ ਦਿੱਤੇ। ਉਸ ਪਿੱਛੋਂ ਉਸ ਵਾਦੀ ਵਿਚ ਤਾਂ ਕੀ ਪੂਰੇ ਸਿਕਿਮ ਵਿਚ ਨਾ ਪਾਣੀ ਦੀ ਘਾਟ ਆਈ ਤੇ ਨਾ ਕੁਝ ਖਾਣ ਪੀਣ ਦੀ। ਕੇਲਾ ਤੇ ਚੌਲ ਬਹੁਤ ਪੈਦਾ ਹੋਣ ਲੱਗ ਪਏ। ਉਦੋਂ ਤੋਂ ਸਿਕਿਮ ਦਾ ਨਾਮ ਚੌਲਾਂ ਦੀ ਵਾਦੀ ਪੈ ਗਿਆ।
ਸਿਕਿਮ ਦਾ ਪਹਿਲਾ ਰਾਜਾ ਫੁਨ-ਤੋਸ਼ ਨਾ ਗਿਆਲ ਗੁਰੂ ਤੇਜਿੰਗ ਦੀ ਔਲਾਦ ਸੀ। ਲੇਪਚਾ ਦਾ ਮਤਲਬ ਨਾ ਸਮਝੀ ਜਾਣ ਵਾਲੀ ਬੋਲੀ (ਲਾਪ-ਬੋਲੀ ਚਾ-ਨਾ ਸਮਝੀ ਜਾਣ ਵਾਲੀ) ਇਹ ਨਾਂ ਸਭ ਤੋਂ ਪਿੱਛੋਂ ਆਏ ਨੇਪਾਲੀਆਂ ਦੀ ਕਾਢ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਸਥਾਪਿਤ ਹੋਣ ਬਾਰੇ ਗਾਥਾ ਇਸ ਪ੍ਰਕਾਰ ਹੈ।
ਫੁਨ-ਤਸ਼ੋ-ਸ੍ਰਾਮ-ਗਿਆਲ ਸਿਕਿਮ ਦਾ ਪਹਿਲਾ ਰਾਜਾ ਸੀ। ਇਸ ਬਾਰੇ ਕੋਈ ਦੋ ਰਾਵਾਂ ਨਹੀਂ। ਇਸੇ ਦਾ ਖਾਨਦਾਨ ਸੰਨ 1975 ਤੱਕ ਚਲਿਆ ਜਿਥੇ ਪਿਛੋਂ ਸਿਕਿਮ ਦੀ ਅਸੈਂਬਲੀ ਨੇ ਸਿਕਿਮ ਦੇ ਵੱਡੇ ਕਾਜ਼ੀ ਲੈਨ-ਡੁਪ-ਦੋਰਜੀ ਦੀ ਅਗਵਾਈ ਵਿਚ ਮਤਾਪਾਸ ਕਰਕੇ ਉਸ ਨੂੰ ਗਣਤੰਤਰ ਘੋਸ਼ਿਤ ਕਰ ਦਿੱਤਾ ਤੇ ਉਦੋਂ ਤੋਂ ਰਾਜੇ (ਛੋਗਿਆਲ) ਦੀ ਗੱਦੀ ਜਾਂਦੀ ਰਹੀ। ਅਸਲ ਵਿਚ ਭਾਰਤੀ ਰਾਜਨੀਤੀ ਵਿਚ ਸਿਕਿਮ ਦੀ ਗਿਣਤੀ ਸੰਨ 1780 ਤੋਂ ਹੀ ਸ਼ੁਰੂ ਹੋ ਗਈ ਸੀ। ਜਦ ਨੇਪਾਲ ਦੇ ਗੋਰਖਿਆਂ ਨੇ ਤਰਾਈ ਵਿਚੋਂ ਦੀ ਹੁੰਦੇ ਹੋਏ ਸਿਕਿਮ ਤੇ ਹਮਲਾ ਕੀਤਾ ਸੀ। ਉਸੇ ਸਮੇਂ ਭਾਰਤ ਤੇ ਈਸਟ-ਇੰਡੀਆ ਕੰਪਨੀ ਦਾ ਰਾਜ ਸੀ। ਕਿਉਂਕਿ ਇਸ ਨੂੰ ਭਾਰਤ ਤੇ ਹਮਲਾ ਸਮਝਿਆ ਗਿਆ ਇਸ ਲਈ ਭਾਰਤ-ਨੇਪਾਲ ਯੁੱਧ ਸੰਨ 1814 ਵਿਚ ਇਸੇ ਕਾਰਨ ਹੋਇਆ। ਜਿਸ ਛੋਗਿਆਲ ਵਿਚ ਨੇਪਾਲੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਨਤੀਜੇ ਵਜੋਂ ਛੋਗਿਆਲ ਨੂੰ ਸਿਕਿਮ ਦਾ ਰਾਜ ਦੁਬਾਰਾ ਪਰਤਾ ਦਿੱਤਾ ਗਿਆ। ਸਿਕਿਮ ਭੂਟਾਨ ਅਤੇ ਨੇਪਾਲ ਵਿਚਕਾਰ ਦੀਵਾਰ ਵੀ ਬਣ ਗਿਆ।
ਸਿਕਿਮ ਅੰਗ੍ਰੇਜ਼ੀ ਰਾਜ ਦਾ ਹਸਤਖੇਪ ਪਸੰਦ ਨਹੀਂ ਸੀ ਕਰਦਾ। ਸਿਕਿਮ ਦਾ ਮੁੱਖ ਮੰਤਰੀ ਜੋ ਅੰਗ੍ਰੇਜ਼ਾਂ ਵਿਚ ‘ਪਗਲਾ ਦੀਵਾਨ’ ਦੇ ਨਾਂ ਨਾਲ ਪ੍ਰਸਿੱਧ ਸੀ। ਅੰਗ੍ਰੇਜ਼ੀ ਚਾਲਾਂ ਵਿਰੁੱਧ ਬੜੀ ਛੇਤੀ ਭੜਕ ਉਠਦਾ। ਗਰਮੀ ਤੋਂ ਉਕਤਾਏ ਅੰਗਰੇਜ਼ਾਂ ਨੇ ਜਦ ਦਾਰਜੀਲਿੰਗ ਦੇ ਇਲਾਕੇ ਨੂੰ ‘ਪਰਬਤੀ ਸਥਾਨ’ ਬਣਾਉਣ ਲਈ ਵਿਉਂਤ ਬਣਾਈ ਤਾਂ ਸਿਕਿਮ ਦੇ ‘ਪਗਲੇ ਦੀਵਾਨ’ ਨੇ ਇਸ ਦੀ ਵਿਰੋਧਤਾ ਕੀਤੀ। ਅੰਗ੍ਰੇਜ਼ਾਂ ਨੇ ਆਪਣੀ ਤਾਕਤ ਵਰਤੀ ਤੇ ਤਰਾਈ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਲਿਆ। ਪਗਲੇ ਦੀਵਾਨ ਨੇ ਰਾਜ ਦਰਬਾਰ ਵਿਚ ਨਿਯੁਕਤ ਅੰਗ੍ਰੇਜ਼ੀ ਕਰਮਚਾਰੀਆਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਅੰਗ੍ਰੇਜ਼ਾਂ ਨੇ ਫਿਰ ਪੱਕਾ ਕੀਤਾ ਤੇ ਸੰਨ 1861 ਵਿਚ ਸਿਕਿਮ ਉੱਤੇ ਫੌਜ ਚਾੜ੍ਹ ਦਿੱਤੀ ਜਿਸ ਦੇ ਸਬੱਬ ਬੁੱਢੇ ਛੋਗਿਆਲ ਨੇ ਆਪਣੇ ਪੁੱਤਰ ਦੇ ਹੱਕ ਵਿਚ ਗੱਦੀ ਤਿਆਗ ਦਿੱਤੀ। ਸਿਕਿਮ ਤੇ ਕੰਪਨੀ ਵਿਚਕਾਰ ਸਮਝੌਤਾ ਹੋਇਆ ਜਿਸ ਵਿਚ ਅੰਗ੍ਰੇਜ਼ਾਂ ਨੂੰ ਸਿਕਿਮ ਵਿਚ ਵਿਉਪਾਰ ਦਾ ਖੁੱਲ੍ਹਾ ਹੱਕ ਮਿਲ ਗਿਆ।
ਸੰਨ 1947 ਵਿਚ ਜਦ ਅੰਗ੍ਰੇਜ਼ਾਂ ਨੇ ਭਾਰਤ ਛੱਡਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਨੇ ਇਕ ਖਾਸ ਸੰਧੀ ਤੇ ਦਸਤਖਤ ਕਰਕੇ ਸਿਕਿਮ ਨੂੰ ਭਾਰਤ ਰਾਜ ਵਿਚ ਖਾਸ ਦਰਜਾ ਦੇ ਦਿੱਤਾ। ਸੰਨ 1955 ਵਿਚ ਲੋਕਤੰਤਰ ਪ੍ਰਣਾਲੀ ਦਾ ਸਿਕਿਮ ਤੇ ਵੀ ਅਸਰ ਹੋਇਆ ਤਾਂ ਸਿਕਿਮ ਕੌਂਸਲ ਹੋਂਦ ਵਿਚ ਆਈ। ਨਵਾਂ ਸੰਵਿਧਾਨ ਵੀ ਬਣਿਆ ਜਿਸ ਦਾ ਪ੍ਰਧਾਨ ਛੋਗਿਆਲ ਅਤੇ ਕੌਂਸਲ ਦੇ ਸਹਿਯੋਗ ਨਾਲ ਚੁਣਿਆ ਗਿਆ। ਸੰਨ 1960 ਵਿਚ ਸ਼ਹਿਜ਼ਾਦਾ ਅਮਰੀਕਾ ਯਾਤਰਾ ਤੇ ਗਿਆ ਤਾਂ ਓਥੇ ਅਮਰੀਕਨ ਅਮੀਰਜ਼ਾਦੀ ਹੋਪ ਕੁੱਕ ਨਾਲ ਵਿਆਹ ਰਚਾ ਲਿਆ। ਅਸਲੀ ਵਿਆਹ ਗੰਗਟੋਕ ਆ ਕੇ ਲਾਮਾ ਗੰਤੀਆਂ ਅਨੁਸਾਰ ਹੀ ਹੋਇਆ। ਬੁੱਢਾ ਰਾਜਾ ਸੰਨ 1964 ਵਿਚ ਚਲ ਵਸਿਆ ਤਾਂ ਸ਼ਹਿਜ਼ਾਦਾ ਰਾਜਗੱਦੀ ਤੇ ਬੈਠਾ ਪਰ ਉਹ ਵੀ 30 ਜਨਵਰੀ 1972 ਨੂੰ ਕੈਂਸਰ ਨਾਲ ਮਰ ਗਿਆ ਜਿਸ ਪਿੱਛੋਂ ਰਾਜ ਵਿਚ ਕਾਫੀ ਹਲਚਲਾਂ ਸ਼ੁਰੂ ਹੋਈਆਂ।
ਸਿਕਿਮ ਨੈਸ਼ਨਲ ਕਾਂਗਰਸ ਤੇ ਨੇਪਾਲੀਆਂ ਨੇ ਹੋਰ ਵਧੇਰੇ ਸ਼ਕਤੀ ਤੇ ਅਧਿਕਾਰਾਂ ਲਈ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਰਾਜ ਮਹਿਲ ਸਾਹਮਣੇ ਹੋਏ ਦੰਗਿਆਂ ਨੇ ਹਾਲਾਤ ਅਜਿਹੇ ਬਣਾ ਦਿੱਤੇ ਕਿ ਛੋਗਿਆਲ ਲਈ ਭਾਰਤ ਦੀ ਮੱਦਦ ਮੰਗਣਾ ਜ਼ਰੂਰੀ ਹੋ ਗਿਆ। ਕਾਜ਼ੀ ਲੰਡੂਪ ਦੋਰਜੀ ਦੀ ਤਾਕਤ ਵਧੀ ਤਾਂ ਛੋਗਿਆਲ ਨੇ ਅਸੈਂਬਲੀ ਦੀ ਸ਼ਕਤੀ ਤੇ ਰੋਕ ਲਾਉਣੀ ਚਾਹੀ। ਕਾਜ਼ੀ ਸ਼ਾਹੀ ਰਾਜ ਦੇ ਖਿਲਾਫ਼ ਹੋ ਗਿਆ। ਅਸੈਂਬਲੀ ਤੇ ਰਾਜੇ ਛੋਗਿਆਲ ਵਿਚ ਪਾੜਾ ਵਧਦਾ ਗਿਆ ਤੇ ਆਖਿਰ ਸੰਨ 1975 ਵਿਚ ਅਸੈਂਬਲੀ ਨੇ ਕਾਜ਼ੀ ਦੀ ਪ੍ਰਦਾਨਗੀ ਅਧੀਨ ਸ਼ਾਹੀ ਵਿਰੁੱਧ ਮਤਾ ਪਾਸ ਕਰ ਦਿੱਤਾ ਤੇ ਸਿਕਿਮ ਨੂੰ ਭਾਰਤ ਦਾ ਇਕ ਪੂਰਾ ਰਾਜ ਮੰਨਣ ਦੀ ਬੇਨਤੀ ਪੇਸ਼ ਕਰ ਦਿੱਤੀ। ਕਾਜ਼ੀ ਨੇ ਛੋਗਿਆਲ ਪਲਟਾ ਦਿੱਤਾ ਤੇ ਆਪ ਸਿਕਿਮ ਦਾ ਸਰਬ-ਸ਼ਕਤੀਮਾਨ ਮੁਖ ਮੰਤਰੀ ਬਣ ਗਿਆ। ਕਾਜ਼ੀ ਦੇ ਇਨ੍ਹਾਂ ਹਥਕੰਡਿਆਂ ਨੂੰ ਲੋਕਾਂ ਨੇ ਪਸੰਦ ਨਾ ਕੀਤਾ ਤੇ 1977 ਦੀਆਂ ਚੋਣਾਂ ਵਿਚ ਉਸ ਨੂੰ ਮੂਧਾ ਮਾਰ ਦਿੱਤਾ। ਕਾਜ਼ੀ ਜਨਤਾ ਪਾਰਟੀ ਵਿਚ ਜਾ ਮਿਲਿਆ। 13 ਅਗਸਤ 1979 ਨੂੰ ਅਸੈਂਬਲੀ ਤੋੜ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। 12 ਅਕਤੂਬਰ 1979 ਨੂੰ ਦੁਬਾਰਾ ਚੋਣਾਂ ਹੋਈਆਂ ਤਾਂ ਨਰ ਬਹਾਦੁਰ ਭੰਡਾਰੀ ਦੇ ਥੱਲੇ ਸਿਕਿਮ ਪਾਰਟੀ ਦਾ ਪਲੜਾ ਭਾਰੀ ਰਿਹਾ। ਅੱਜ ਤੱਕ ਨਰ ਬਹਾਦੁਰ ਭੰਡਾਰੀ ਦੀ ਮੁੱਖ ਮੰਤਰੀ ਕਾਇਮ ਹੈ ਤੇ ਉਸ ਦੀ ਸਿਕਿਮ ਪਰੀਸ਼ਦ ਪਾਰਟੀ ਸ਼ਕਤੀਸ਼ਾਲੀ ਬਣ ਗਈ ਹੈ ਜਿਸ ਦੇ ਡਿੱਗਣ ਦੇ ਆਸਾਰ ਨਹੀਂ।’’
ਸਿਕਿਮ ਮੁੱਖ ਮੰਤਰੀ ਤੇ ਲੇਪਚਾ, ਭੂਟੀਆ ਤੇ ਗੋਰਖਾ ਹੈ ਜਿਸ ਵਿਚ ਸਮੇਂ ਨਾਲ ਗੋਰਖਾਲੀ ਵਧ ਰਹੇ ਹਨ ਤੇ ਲੇਪਚਾ ਅਤੇ ਭੂਟੀਆ ਘਟ ਰਹੇ ਹਨ। ਲੇਪਚਾ ਤੇ ਭੂਟੀਆ ਬੁੱਧ ਧਰਮ ਦੇ ਅਨੁਆਈ ਹਨ ਤੇ ਗੋਰਖਾ ਹਿੰਦੂ ਧਰਮ ਦੇ। ਇਸੇ ਲਈ ਭਾਰਤ ਦਾ ਧਿਆਨ ਇਨ੍ਹਾਂ ਵਲ ਬਹੁਤਾ ਗਿਆ ਹੈ। ਧਰਮ ਭਾਰਤ ਦੀ ਧਰਤੀ ਤੋਂ ਉਪਜੇ ਵਧੇ ਫੁੱਲੇ ਹਨ। ਸਿਕਿਮ ਵਿਚ ਥਾਂ ਥਾਂ ਬੋਧ-ਮੱਠ ਹਨ। ਛੋਗਿਆਲ ਬੋਧੀ ਹੋਣ ਕਰਕੇ ਰਿਆਸਤੀ ਧਰਮ ਬੋਧੀ ਰਿਹਾ ਜਿਸ ਲਈ ਇਸ ਧਰਮ ਨੂੰ ਜ਼ਿਆਦਾ ਮਹੱਤਵ ਮਿਲਿਆ। ਸਿਕਿਮ ਦੇ ਬੋਧ ਮੱਠਾਂ ਵਿਚੋਂ ਪਾਈ ਮਿਆਉਂਚੀ ਮੱਠ ਪੇਮਾਇਆਗਤਸੇ ਮੱਠ ਤੇ ਤਾਜ਼ੀਦਿੰਗ ਮੱਠ ਪੱਛਮ ਵਿਚ ਰੁਮਟੇਕ, ਐਂਚੇ ਅਤੇ ਗੁਰੂ ਲਾਖਾਂਗ ਮੱਠ ਗੰਗਟੋਕ ਵਿਚ ਮਸ਼ਹੂਰ ਮੱਠ ਹਨ। ਇਨ੍ਹਾਂ ਤੋਂ ਇਲਾਵਾ ਉੱਤਰ ਸਿਕਿਮ ਦੇ ਮੱਠ ਵੀ ਬੜੇ ਖਿੱਚ ਭਰਪੂਰ ਹਨ। ਦੂਧੀਆ ਪਰਬਤਾਂ ਵਿਚਕਾਰ ਘਿਰੀਆਂ ਨੀਲਮ ਝੀਲਾਂ ਤਾਂ ‘ਬਹਿ-ਜਾ, ਬਹਿ-ਜਾ’ ਕਰਦੀਆਂ ਹਨ। ਸੁਪਨਿਆਂ ਵਿਚ ਜੋ ਸੁਰਗ ਦਾ ਦ੍ਰਿਸ਼ ਤੁਸੀਂ ਬਣਾਇਆ ਹੋਵੇ ਉਹ ਇਥੇ ਹੀ ਮਿਲੇਗਾ ਹੋਰ ਕਿਧਰੇ ਨਹੀਂ।​
 
📌 For all latest updates, follow the Official Sikh Philosophy Network Whatsapp Channel:
Top