- Jan 3, 2010
- 2,414
- 447
- 81
ਗੁਰੂ ਗੋਬਿੰਦ ਸਿੰਘ ਤੇ ਯੁੱਧ ਮਾਰਗ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਯੋਧੇ, ਸੂਰਵੀਰ, ਸਾਹਸੀ, ਕੁਸ਼ਲ ਸੈਨਾ ਸੰਚਾਲਕ ਧਰਮ-ਰਖਿਅਕ, ਦੁਸ਼ਟ-ਨਾਸ਼ਕ, ਨਿਡਰ, ਪ੍ਰਾਕ੍ਰਮੀ, ਦ੍ਰਿੜ੍ਹ ਨਿਸ਼ਚੇ ਵਾਲੇ, ਆਸ਼ਾਵਾਦੀ ਅਤੇ ਰਾਸ਼ਟਰ-ਨਾਇਕ ਦੇ ਤੌਰ ਤੇ ਵਧੇਰੇ ਜਾਣੇ ਜਾਂਦੇ ਹਨ ਪ੍ਰੰਤੂ ਉਨ੍ਹਾਂ ਦੇ ਦੂਸਰੇ ਪੱਖ ਮਹਾਨ ਸੰਤ, ਨਿਮਰਤਾ ਦੇ ਪੁੰਜ, ਪ੍ਰਤਿਭਾਵਾਨ ਲਿਖਾਰੀ, ਗੁਰਬਾਣੀ ਦੇ ਮਹਾਨ ਸਮੀਖਿਅਕ ਆਦਿ ਬੜੇ ਘਟ ਉਘਾੜੇ ਗਏ ਹਨ। ਸ਼ਾਇਦ ਇਸੇ ਕਰਕੇ ਡਬਲਿਯੂ. ਐਚ. ਮੈਕਲੋਡ ਵਰਗੇ ਕਈ ਵਿਦੇਸ਼ੀ ਲਿਖਾਰੀਆਂ ਨੇ ਤਾਂ ਇਥੋਂ ਤੱਕ ਲਿਖ ਦਿੱਤਾ ਕਿ ‘ਗੁਰੂ ਗੋਬਿੰਦ ਸਿੰਘ ਦਾ ਰਾਹ ਗੁਰੂ ਨਾਨਕ ਨਾਲੋਂ ਵੱਖਰਾ ਸੀ’ ਤੇ ‘ਸਿੱਖ ਧਰਮ ਗੁਰ ਗੋਬਿੰਦ ਸਿੰਘ ਜੀ ਦੀ ਹੀ ਦੇਣ ਹੈ।’
ਗੁਰੂ ਨਾਨਕ ਦੇਵ ਜੀ ਵਲੋਂ ਦਰਸਾਇਆ ਰਾਹ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਅਪਣਾਇਆ? ਕੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਸਿਰਫ਼ ਯੁੱਧ-ਮਾਰਗ ਜਾਂ ਟਕਰਾਉ ਦਾ ਰਾਹ ਹੀ ਸੀ? ਕੀ ਸਿੱਖ ਧਰਮ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਦੇਣ ਹੈ ਜਾਂ ਦਸਾਂ ਗੁਰੂਆਂ ਦੁਆਰਾ ਦਰਸਾਏ ਰਾਹ ਤੇ ਨੀਅਤ ਹੈ? ਇਨ੍ਹਾਂ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਹੀ ਇਸ ਖੋਜ ਲੇਖ ਦਾ ਵਿਸ਼ੇ ਹੈ।
ਗੁਰੂ ਗੋਬਿੰਦ ਸਿੰਘ ਦਾ ਰਾਹ ਕੀ ਸੀ? ਆਉ ਪਹਿਲਾਂ ਇਹੋ ਵੇਖੀਏ। ਗੁਰੂ ਜੀ ਨੂੰ ਈਸ਼ਵਰ ਵਲੋਂ ਇਸ ਦੁਨੀਆਂ ਤੇ ਆਉਣ ਦਾ ਹੁਕਮ ਕੀ ਸੀ? ਇਹ ਉਨ੍ਹਾਂ ਨੇ ਆਪਣੀ ਜੀਵਨੀ ‘ਬਚਿੱਤ੍ਰ ਨਾਟਕ’ ਵਿਚ ਇਸ ਤਰ੍ਹਾਂ ਲਿਖਿਆ ਹੈ-
‘ਜਾਹਿ ਤਹਾਂ ਤੈ ਧਰਮੁ ਚਲਾਇ। ਕਬੁਧਿ ਕਰਨ ਤੇ ਲੋਕ ਹਟਾਇ।
ਇਹ ਕਾਰਨਿ ਪ੍ਰਭ ਮੋਹਿ ਪਠਾਯੋ। ਤਬ ਮੈ ਜਗਤ ਜਨਮੁ ਧਰਿਆਯੋ।
ਜਿਮ ਤਿਨ ਕਹੀ ਇਕੈ ਤਿਮ ਕਹਿਹੌ। ਅਉਰ ਕਿਸੂ ਤੇ ਬੈਰ ਨ ਗਹਿਹੌ।।’ (ਦਸਮ ਗ੍ਰੰਥ 56-57)
ਗੁਰੂ ਗੋਬਿੰਦ ਸਿੰਘ ਧਰਮ ਚਲਾਉਣ ਖਾਤਰ, ਨਾਮ ਦਾਨ ਦੇਣ ਖਾਤਰ, ਦੁਰਾਚਾਰ ਦੇ ਰਾਹੋਂ ਲੋਕਾਂ ਨੂੰ ਦੂਰ ਲੈ ਜਾਣ ਲਈ ਜਗ ਤੇ ਆਏ ਕਿਸੇ ਨਾਲ ਦੁਸ਼ਮਣੀ ਜਾਂ ਵੈਰ ਖ਼ਾਤਰ ਨਹੰ, ਅੱਗੇ ਜਿਸਦਾ ਵਰਨਣ ਹੈ-
ਹਮ ਇਹ ਕਾਜ ਜਗਤ ਮੋਂ ਆਏ
ਧਰ ਮਹੇਤ ਗੁਰਦੇਵ ਪਠਾਏ।
ਜਹਾਂ ਤਹਾਂ ਤੁਮ ਧਰਮ ਬਿਖਾਰੋ
ਦੁਸ਼ਟ ਦੋਖੀਅਨ ਪਕਰਿ ਪਛਾਰੋ।
ਇਹੈ ਕਾਜ ਧਰਾ ਹਮ ਜਨਮੰ
ਸਮਝ ਲੇਹੁ ਸਾਧੂ ਸਭ ਮਨਮੰ
ਧਰਮ ਚਲਾਵਨ, ਸੰਤ ਉਭਾਰਨ
ਦੁਸ਼ਟ ਸਭਨ ਕੋ ਮੂਲ ਉਪਾਰਨ। (ਦਸਮ ਗ੍ਰੰਥ 57-58)
ਇਹ ਕਿਹੜਾ ਧਰਮ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਚਲਾਉਣ ਆਏ ਸਨ? ਇਸ ਦਾ ਵਰਨਣ ਗੁਰੂ ਜੀ ਨੇ ਪਹਿਲੀ ਵੈਸਾਖ ਸੰਮਤ 1756 (ਅਪ੍ਰੈਲ 1699) ਨੂੰ ਅਨੰਦਪੁਰ ਸਾਹਿਬ ਵਿਖੇ ਜਿਸ ਤਰ੍ਹਾਂ ਕੀਤਾ ਉਸਦਾ ਵਿਸਥਾਰ ਬਾਦਸ਼ਾਹ ਔਰੰਗਜ਼ੇਬ ਦੇ ਨਾਮਾ ਨਿਗਾਰ ਗੁਲਾਮ ਮਹਈਉਦੀਨ ਜੋ ਉਸ ਸਮੇਂ ਉਸ ਥਾਂ ਹਾਜ਼ਿਲ ਸੀ ਨੇ ਦਿੱਤਾ ਹੈ :-
‘‘ਸਾਰੇ ਲੋਕ ਖਾਲਸਾ ਸਜ ਜਾਣ- ਸਭ ਜਾਤ-ਪਾਤ, ਰੰਗ -ਰੂਪ, ਕਰਮ ਕਿੱਤੇ, ਊਚ-ਨੀਚ, ਛੂਤ-ਛਾਤ ਦੇ ਭੇਦ ਭਾਵ ਮਿਟਾਕੇ ਇਕੋ ਸੱਚੇ ਧਰਮ ਦੇ ਅਨੁਯਾਈ ਬਣ ਜਾਓ। ਜਾਤ-ਪਾਤ ਤੇ ਪ੍ਰਚਲਤ ਰਹੁ ਰੀਤੀ ਤਿਆਗ ਦਿਓ, ਇਕੋ ਵਰਨ ਹੋ ਜਾਓ, ਤੁਸੀਂ ਭਾਈ ਭਾਈ ਹੋ ਇਕ ਦੂਜੇ ਤੋਂ ਘਿਰਣਾ ਕਰਨਾ ਛੱਡੋ।’’ (ਮੈਕਾਲਿਫ ਜਿਲਦ-5 ਪੰਨੇ 93-94)
ਗੁਰੂ ਜੀ ਜਿਸ ਸੱਚੇ ਧਰਮ ਨੂੰ ਅਪਣਾਉਣ ਲਈ ਕਹਿੰਦੇ ਹਨ ਉਹ ਉਹੀ ਹੈ ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਉਲੀਕਿਆ ਸੀ। ਇਸ ਸੱਚੇ ਪਾਤਸ਼ਾਹ ਦੇ ਅਸੂਲਾਂ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਵਿਚ ਵਿਆਖਿਆ। ਸਿਖ ਧਰਮ ਦੇ ਮਹਾਨ ਅਸੂਲਾਂ ਦੀ ਤੇ ਦਾਰਸ਼ਨਿਕ ਸਿਧਾਂਤਾਂ ਦੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਆਖਿਆ ਕੀਤੀ ਦੀ ਤੁਲਨਾ ਕਰਨ ਤੋਂ ਇਹ ਸਾਫ਼ ਹੋ ਜਾਏਗਾ:-
ਅਕਾਲ ਪੁਰਖੁ ਦੀ ਮਹਾਨਤਾ ਤੇ ਉਸਤਤ
ਸ੍ਰੀ ਗੁਰੂ ਗ੍ਰੰਥ ਸਾਹਿਬ
1. ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ, ਅਜੂਨੀ ਸੈਭੰ ਗੁਰਪ੍ਰਸਾਦਿ (ਜਪੁ ਮ: ੧)
2. ਅਲਖ ਅਪਾਰ ਅਗੰਮ ਅਗੋਚਰ ਨ ਤਿਸ ਕਾਲ ਨਾ ਕਰਮਾ।।
ਨਾ ਤਿਸ ਰੂਪ ਵਰਨ ਨਹੀਂ ਰਖਿਆ ਸਾਚੈ ਸਬਦਿ ਨੀਸਾਣੁ।। ਰਹਾਉ।।
ਨਾ ਤਿਸੁ ਰੂਪ ਵਰਨੁ ਨਹੀ ਰਖਿਆ ਨਾ ਤਿਸੁ ਕਾਮੁ ਨ ਨਾਰੀ।।
ਅਕਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ।। (ਸੋਰਠਿ ਮ: ੧)
3. ਸੋ ਅੰਤਰਿ ਜੋ ਬਾਹਰਿ ਅਨੰਤ। ਘਟਿ ਘਟਿ ਬਿਆਪਿ ਰਚਿਆ ਭਗਵੰਤ।। (ਗਉੜੀ ਸੁਖਮਨੀ ਮ:੫ )
4. ਤੂ ਭਰਪੂਰਿ ਜਾਨਿਆ ਮੈ ਦੂਰਿ।। ਜੋ ਕਛੁ ਕਰੀ ਸੁ ਤੇਰੈ ਹਦੂਰਿ।। (ਸਿਰੀ ਰਾਗ ਮ: ੧)
ਗੁਰੂ ਗੋਬਿੰਦ ਸਿੰਘ ਜੀ
1. ਚਕ੍ਰ ਚਿਹਨ ਅਰੁ ਬਰਣਾ ਜਾਤਿ ਅਰੁ ਪਾਤਿ ਨਹਿਨ ਜਿਹ
ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿਤ ਨ ਸਕਤ ਕਿਹ।। (ਜਾਪ ਸਾਹਿਬ)
2. ਆਦਿ ਰੂਪ ਅਨਾਦਿ ਮੂਰਤ ਅਜੋਨਿ ਪੁਰਖ ਅਪਾਰ।।
ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ।।
ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨ ਕਾਲ।।
ਜਤ੍ਰ ਤਤ੍ਰ ਬਿਰਾਜ ਹੀ ਅਵਧੂਤ ਧੂਰ ਰਸਾਲ।। (ਜਾਪ ਸਾਹਿਬ)
3. ਜਾਤਿ ਪਾਤਿ ਨਾ ਤਾਤ ਜਾਕੋ, ਮੰਤ੍ਰ ਮਾਤ੍ਰਿ ਨ ਮਿਤ੍ਰ।।
ਸਰਬ ਠੋਰ ਬਿਖੈ ਰਖਯੋ ਜਿਹ ਚਕ੍ਰ ਚਿਹਨ ਨ ਚਰਿਤ੍ਰ।।
4. ਬਿਨ ਕਰਤਾਰ ਨ ਕਿਰਤਮ ਮਾਨੋ
ਆਦਿ ਅਜੋਨਿ ਅਜੈ ਅਬਿਨਾਸੀ ਤਿਹੰ ਪਰਮੇਸਰ ਜਾਨੋ।। (ਜਾਪ ਸਾਹਿਬ)
5. ਤੁਮਹਿ ਛਾਡਿ ਕੋਈ ਅਵਰ ਨ ਧਿਆਉ। ਜੋ ਬਰ ਚਾਹੋ ਸੋ ਤੁਮ ਤੇ ਪਾਊਂ।। (ਚੌਪਈ)
6. ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਅਰਥ ਤਰੇ ਨਹੀ ਮਾਨਿਓ।।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ
ਸਿੰਮ੍ਰਿਤ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਿਓ।।
ਸ੍ਰੀ ਅਸਿਮਾਨ ਕ੍ਰਿਪਾ ਤੁਮਰੀ ਕਰ ਮੈਂ ਨ ਕਤਿਓ ਸਭ ਤੋਹਿ ਬਖਾਨਿਓ।। (ਕਬਿਯੋ ਵਾਚ ਬੇਨਤੀ ਚੌਪਈ)
ਮਨੁੱਖ ਜਾਤੀ ਦੀ ਏਕਤਾ ਤੇ ਬਰਾਬਰੀ
ਸ੍ਰੀ ਗੁਰੂ ਗ੍ਰੰਥ ਸਾਹਿਬ
1. ਏਕੁ ਪਿਤਾ ਏਕਸ ਕੇ ਹਮ ਬਾਰਿਕ... (ਸੋਰਠਿ ਮ: ੫)
2. ਏਕ ਨੂਰ ਤੇ ਸਭੁ ਜਗੁ ਉਪਜਿਾ ਕਉਣ ਭਲੇ ਕੋ ਮੰਦੇ।। (ਪ੍ਰਭਾਤੀ ਕਬੀਰ ਜੀ ਕੀ)
3. ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। (ਵਾਰ ਆਸਾ ਮ: ੧)
4. ਨਾ ਕੋ ਬੈਰੀ ਨਾਹੀ ਬਿਗਾਨਾ ਸਗਲ ਸੰਗ ਹਮ ਕਉ ਬਨਿ ਆਈ।। (ਕਾਨੜਾ ਮ: ੧)
ਗੁਰੂ ਗੋਬਿੰਦ ਸਿੰਘ ਜੀ (ਕਬਿੱਤ)
1. ਹਿੰਦੂ ਤੁਰਕ ਕੋਈ ਰਾਫ ਜੀ ਇਮਾਮ ਸਾਫੀ, ਮਾਨੁਸ ਕੀ ਜਾਤਿ ਸਭੈ ਏਕੋ ਪਹਿਚਾਨਬੋ।।
2. ਦੇਹੁਰਾ ਮਸੀਤ ਸੋਈ, ਪੂਜਾ ਔ ਨਮਾਜ਼ ਓਈ, ਮਾਨੁਸ ਸਭੇਕ ਪੈ ਅਨੈਕ ਕੋ ਪ੍ਰਭਾਵ ਹੈ।।
3. ਅੱਲਹ ਅਭੇਖ ਸੋਈ ਪੁਰਾਨ ਓ ਕੁਰਾਨ ਓਈ
ਏਕ ਹੀ ਸਰੂਪ ਸਭੈ ਏਕ ਹੀ ਬਨਾਵ ਹੈ
ਆਪਾ-ਪਛਾਨਣਾ ਅਤੇ ਬ੍ਰਹਮ-ਗਿਆਨ-ਮਨੁੱਖੀ ਜਨਮ ਦਾ ਮਨੋਰਥ
ਗੁਰੂ ਗ੍ਰੰਥ ਸਾਹਿਬ ਜੀ
1. ਭਈ ਪਰਾਪਤਿ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।। (ਆਸਾ ਮ: ੧)
2. ਸੂਰਜ ਕਿਰਣਿ ਮਿਲੈ ਜਲ ਕਾ ਜਲੁ ਹੂਆ ਰਾਮ
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ।। (ਬਿਲਾਵਲ ਮ: ੫, ਪੰਨਾ 846)
3. ਜਿਉ ਜਲ ਮਹਿ ਜਲੁ ਆਇ ਖਟਾਨਾ।। ਤਿਉ ਜੋਤਿ ਸੰਗਿ ਜੋਤਿ ਸਮਾਨਾ।।
ਮਿਟਿ ਗਏ ਗਵਨ ਪਾਏ ਬਿਸ੍ਰਾਮ।। ਨਾਨਕ ਪ੍ਰਭ ਕੈ ਸਦ ਕੁਰਬਾਨ।। (ਗਉੜੀ ਸੁਖਮਨੀ ਮ: ੫ ਪੰਨਾ 278)
ਗੁਰੂ ਗੋਬਿੰਦ ਸਿੰਘ ਜੀ
1. ਇਕ ਬਿਨ ਦੂਸਰਸੋ ਨ ਚਿਤਾਰ।।
2. ਜੈਸੇ ਏਕ ਆਗ ਤੇ ਕਨੂਕਾ ਕੋਟਿ ਆਗ ਉਠੈ, ਨਯਾਰੇ ਨਯਾਰੇ ਹੋਇਕੇ ਫਿਰ ਆਗ ਮਂ ਮਿਲਾਹਿਗੇ।। (ਅਕਾਲ ਉਸਤਤਿ 17)
3. ਜੈਸੇ ਏਕ ਨਦ ਤੇ ਤਰੰਗ ਕੋਟਿ ਉਪਜਤ ਹੈ, ਪਾਨਿ ਕੇ ਤਰੰਗ ਸਭੈ ਪਾਨਿ ਹੀ ਕਹਾਹਿਗੋ।।
ਤੈਸੇ ਵਿਸਵਰੂਪ ਤੇ ਅਭੂਤ-ਭੂਤ ਪ੍ਰਗਟ ਹੋਵੇ, ਤਾਂਤੀ ਤੇ ਉਪਜ ਸਭੈ ਤਾਂਤੀ ਮੈਂ ਸਮਾਹਿੰਗੇ।। (ਅਕਾਲ ਉਸਤਤਿ 12/22)
4. ਹਰਿ ਹਰਿ ਜਨ ਦੁਇ ਏਕ ਹੈਂ ਬਿਬ ਬਿਚਾਰ ਕਛੁ ਨਾਹਿਂ।
ਜਲਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹਿਂ।। (ਅਧਿਆਇ 6 ਬਚਿੱਤ੍ਰ ਨਾਟਕ)
ਪਰ ਸੱਚੇ ਦੇ ਗਿਆਨ ਤੇ ਪ੍ਰਾਪਤੀ ਲਈ ਅਕਾਲ ਪੁਰਖ ਦੀ ਕ੍ਰਿਪਾ ਜ਼ਰੂਰੀ ਹੈ।
ਗੁਰੂ ਗ੍ਰੰਥ ਸਾਹਿਬ ਜੀ
1. ਨਦਰਿ ਕਰੇ ਜਿਸੁ ਆਪਣੀ ਤਿਸਨੋ ਭਾਵਨੀ ਲਾਏ।। (ਆਸਾ ਮ: ੩)
2. ਨਦਰੀ ਸਤਿਗੁਰੂ ਸੇਵੀਐ ਨਦਰੀ ਸੇਵਾ ਹੋਇ।। (ਵਡਹੰਸ ਮ: ੩)
ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨ, ਤਿਯਾਰਾ ਜਹਾਨ ਨਿਧਾਨ ਚਲੇਂਗੇ।। (ਅਕਾਲ ਉਸਤਤਿ)
ਅਕਾਲ ਪੁਰਖ ਦੀ ਕਿਰਪਾ ਲਈ ਭੇਖ ਜ਼ਰੂਰੀ ਨਹੀਂ।
ਗੁਰੂ ਗ੍ਰੰਥ ਸਾਹਿਬ ਜੀ
1. ਬਹੁ ਭੇਖ ਦਰਿ ਭਰਮਾਈਐ, ਮਨਿ ਹਿਰਦੈ ਕਪਟੁ ਕਮਾਇ।। (ਸਿਰੀ ਰਾਗ ਮ: ੩)
ਗੁਰੂ ਗੋਬਿੰਦ ਸਿੰਘ ਜੀ
1. ਜੇ ਜੇ ਭੇਖ ਸੁ ਤਨ ਮੈਂ ਧਾਰਂ ਤੇ ਪ੍ਰਭੁਜਨ ਕਛੂ ਕੈ ਨ ਬਚਾਰੈਂ।
ਸਮਝ ਲੇਹੁ ਸਭ ਜਨ ਮਨ ਮਾਹੀਂ ਭਿੰਤਨ ਮੈਂ ਪਰਮੇਸਰ ਨਾਹੀ।। (ਅਧਿਆਇ 6 ਬਚਿੱਤ੍ਰ ਨਾਟਕ)
2. ਭੇਖ ਦਿਖਾਯ ਜਗਤ ਕੋ ਲੋਗਨ ਕੋ ਬਸ ਦੀਨ।
ਅੰਤ ਕਾਲ ਕਾਤੀ ਕਟਯੋ ਬਾਸ ਨਰਕ ਮੋ ਲੀਨ।। (ਅਧਿਆਇ 6 ਬਚਿੱਤ੍ਰ ਨਾਟਕ)
3. ਫੋਕਟ ਧਰਮ ਬਿਸਾਰ ਸਭੈ ਕਤਾਰ ਹੀ ਕਉ ਕਰਤਾ ਜੀਅ ਜਾਨਿਉ।।
ਨਾਮ ਸਿਮਰਨ ਤੇ ਪ੍ਰੇਮ ਭਗਤੀ ਨੂੰ ਹੀ ਉਤਮ ਦਰਸਾਇਆ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
1. ਕਹੁ ਨਾਨਕ ਇਹੁ ਤਤੁ ਬੀਚਾਰਾ।। ਬਿਨ ਹਰਿ ਭਜਨ ਨਾਹੀ ਛੁਟਕਾਰਾ।। (ਗਉੜੀ ਮ: ੫)
2. ਕਹੁ ਨਾਨਕ ਭਗਤਿ ਪ੍ਰਭੁ ਸਾਰੁ। ਬਿਨ ਭਗਤੀ ਸਭ ਹੋਇ ਖੁਆਰ।। (ਗੌਂਡ ਮ: ੫)
3. ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ।। (ਮਲਾਰ ਮ: ੩)
ਗੁਰੂ ਗੋਬਿੰਦ ਸਿੰਘ ਜੀ
1. ਸ੍ਰੀ ਭਗਵਾਨ ਭਜੇ ਬਿਨ ਭੂਪਤਿ ਏਕ ਰਤੀ ਬਿਨ ਏਕ ਨ ਲੇਖੈ।। (ਅਕਾਲ ਉਸਤਤਿ)
2. ਨਾਮ ਉਚਾਰ ਤਹੀ ਜਨਿ ਕਾ ਸੋਈ, ਨਾਮ ਅਧਾਰ ਬਿਚਾਰ ਹਮਾਰੇ।। (ਤੇਤੀ ਸਵੈਯੇ)
3. ਸਾਚ ਕਹੰ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ।। (ਅਕਾਲ ਉਸਤਤਿ)
ਇਨ੍ਹਾਂ ਧਾਰਮਿਕ ਦਾਰਸ਼ਨਿਕ ਅਸੂਲਾਂ ਦੀ ਵਿਆਖਿਆ ਗੁਰੂ ਜੀ ਨੇ ਕਰਦਿਆਂ ਗ੍ਰੰਥ ਰਚੇ ਜੋ ਇਸ ਪ੍ਰਕਾਰ ਹਨ:
1. ਜਪੁ ਸਾਹਿਬ, 2. ਅਕਾਲ ਉਸਤਤਿ, 3. ਬਚਿੱਤ੍ਰ ਨਾਟਕ, 4. ਗਿਆਨ ਪ੍ਰਬੋਧ, 5. ਸ੍ਰੀ ਮੁਖ ਵਾਕ ਸਵਈਏ 33, 6. ਸ਼ਬਦ ਹਜ਼ਾਰੇ।
ਇਨ੍ਹਾਂ ਸਭ ਰਚਨਾਵਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੇ ਅਸੂਲਾਂ ਦੀ ਵਿਆਖਿਆ ਹੀ ਹੈ। ਪਰ ਇਤਨਾ ਹੁੰਦੇ ਹੋਏ ਵੀ ਗੁਰੂ ਜੀ ਨੇ ਆਪਣੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਾ ਕੀਤੀ, ਸਗੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਥਾਪ ਦਿੱਤਾ ਜਿਸ ਦਾ ਮਤਲਬ ਸ਼ਬਦ ਗੁਰੂ ਦੀ ਸਥਾਪਨਾ ਹੋਈ।
ਗੁਰੂ ਜੀ ਦੀ ਆਪਣੀ ਰਚਨਾ 1066 ਪੰਨੇ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਥੋੜ੍ਹੀ ਹੀ ਘਟ ਬਣਦੀ ਹੈ ਪਰ ਰਚਨਾ ਦੀ ਗਿਣਤੀ ਮਿਣਤੀ ਨੂੰ ਲਾਂਭੇ ਰੱਖ ਇਸ ਤੋਂ ਸਾਫ ਸਪੱਸ਼ਟ ਹੈ ਕਿ
1. ਗੁਰੂ ਜੀ ਦੇ ਦਾਰਸ਼ਨਿਕ ਸਿਧਾਂਤ ਤੇ ਧਾਰਮਿਕ ਸਿਧਾਂਤ ਉਹੀ ਸਨ ਜੋ ਗੁਰੂ ਨਾਨਕ ਦੇਵ ਜੀ ਨੇ ਅਪਣਾਏ ਤੇ ਬਾਕੀ ਗੁਰੂ ਸਾਹਿਬਾਨ ਵੀ ਜਿਨ੍ਹਾਂ ਸਿਧਾਂਤਾਂ ਤੇ ਚੱਲੇ।
2. ਗੁਰੂ ਜੀ ਨੇ ਉਨ੍ਹਾਂ ਸਿਧਾਂਤਾਂ ਦੀ ਹੀ ਵਿਆਖਿਆ ਕਰਨ ਲਈ ਹੀ ਰਚਨਾਵਾਂ ਰਚੀਆਂ ਇਨ੍ਹਾਂ ਰਚਨਾਵਾਂ ਦਾ ਮਿਆਰ, ਆਕਾਰਤੇ ਵਿਚਾਰ ਪਹਿਲੇ ਗੁਰੂ ਸਾਹਿਬਾਨਾਂ ਦੀ ਰਚਨਾ ਤੋਂ ਘੱਟ ਨਹੀਂ।
3. ਗੁਰੂ ਜੀ ਨੇ ਕੋਈ ਉਹ ਵੱਖਰੀ ਰਾਹ ਨਹੀਂ ਚਲਾਇਆ ਜੋ ਪਹਿਲੇ ਗੁਰੂਆਂ ਦੇ ਪਾਏ ਪਦ-ਚਿੰਨ੍ਹਾਂ ਤੋਂ ਭਿੰਨ ਜਾਂਦਾ ਹੋਵੇ।
ਧਾਰਮਿਕ ਤੇ ਦਾਰਸ਼ਨਿਕ ਵਿਚਾਰਾਂ ਦੀ ਸਮਾਨਤਾ ਤੋਂ ਇਲਾਵਾ ਜੋ ਨੁਕਤਾ ਉਠਾਇਆ ਜਾਂਦਾ ਹੈ ਉਹ ਹੈ ਗੁਰੂ ਜੀ ਦਾ ਯੁੱਧ ਖੇਤਰ ਵਿਚ ਕੁੱਦਣਾ। ਇਹ ਆਖਿਆ ਜਾਂਦਾ ਹੈਕਿ ਗੁਰੂ ਨਾਨਕ ਦੇਵ ਜੀ ਤਾਂ ਅਮਨ ਸ਼ਾਂਤੀ ਦੇ ਪੁਜਾਰੀ ਸਨ ਜੋ ਸਿਰਫ ਨਾਮ ਪਰਚਾਰ ਲਈ ਹੀ ਸਾਰੀ ਜ਼ਿੰਦਗੀ ਬਤੀਤ ਕਰ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਜੀਵਨ ਸੰਗਰਾਮਾਂ ਵਿਚ ਬਤੀਤ ਕਰ ਦਿੱਤਾ ਤੇ ਇਕ ਅਜਿਹੀ ਕੌਮ ਖੜ੍ਹੀ ਕਰ ਦਿੱਤੀ, ਇਕ ਅਜਿਹਾ ਪੰਥ ਚਲਾ ਦਿੱਤਾ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਪਰੀਤ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਉਮਰ ਯੁੱਧ ਵਿਚ ਹੀ ਬਤੀਤ ਕਰ ਦਿੱਤੀ, ਇਹ ਗੱਲ ਵੀ ਸਹੀ ਨਹੀਂ। ਜੇ ਇਹ ਸਹੀ ਹੁੰਦਾ ਤਾਂ ਉਪਰੋਕਤ ਦੱਸੀ ਇਤਨੀ ਰਚਨਾ ਨਾ ਕੀਤੀ ਹੁੰਦੀ ਜਿਸ ਵਿਚ ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂਆਂ ਵਾਲੇ ਮਾਰਗ ਨੂੰ ਹੀ ਅਪਣਾਇਆ ਗਿਆ ਹੈ। ਹਾਂ! ਯੁੱਧ ਵਿਚ ਬਹੁਤ ਸਮਾਂ ਸਲੰਗਨ ਰਹੇ ਇਹ ਜ਼ਰੂਰ ਮੰਨਣਾ ਪਵੇਗਾ। ਇਹ ਕਿਉਂ ਹੋਇਆ ਇਸ ਲਈ ਜਾਨਣ ਲਈ ਉਸ ਸਮੇਂ ਦੇ ਹਾਲਾਤ ਤੇ ਸਿੱਖ ਗੁਰੂਆਂ ਨਾਲ ਵਾਪਰੀਆਂ ਘਟਨਾਵਾਂ ਨੂੰ ਜਾਣ ਲੈਣਾ ਬੜਾ ਜ਼ਰੂਰੀ ਹੈ।
ਗੁਰੂ ਜੀ ਨੇ ਤਲਵਾਰ ਉਠਾਈ ਤਾਂ ਪਹਿਲੇ ਗੁਰੂ ਸਾਹਿਬਾਨਾਂ ਦੀਆਂ ਪਾਈਆਂ ਲੀਹਾਂ ਤੋਂ ਹਟਕੇ ਨਹੀਂ ਸਗੋਂ ਉਨ੍ਹਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੇ ਧਾਰਨੀ ਹੋ ਕੇ ਹੀ ਉਠਾਈ, ਦੁਖੀਆਂ ਮਜ਼ਲੂਮਾਂ ਦੀ ਮੱਦਦ ਲਈ ਉਠਾਈ।
ਧਰਮ ਉਬਾਰਨ ਸੰਤ ਉਬਾਰਨ।। ਦੁਸਟ ਸਭਨ ਕੋ ਮੂਲ ਉਪਾਰਨ।। (ਬਚਿੱਤ੍ਰ ਨਾਟਕ)
ਦੀ ਖਾਤਰ ਹੀ ਉਠਾਈ, ਆਪਣੀ ਤਾਕਤ ਅਜਮਾਈ ਜਾ ਹਕੂਮਤ ਜਾਂ ਸ਼ਕਤੀ ਵਧਾਉਣ ਲਈ ਨਹੀਂ। ਇਸ ਨੂੰ ਵੇਖਣ ਲਈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਹਾਲਾਤ ਨੂੰ ਜਾਣੀਏਂ ਤਾਂ ਕਾਰਨ ਆਪਣੇ ਆਪ ਉਫਰ ਕੇ ਅੱਗੇ ਆ ਜਾਏਗਾ।
ਇਸ ਨੂੰ ਸਮਝਣ ਲਈ ਪਹਿਲਾਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਵੇਲੇ ਦੇ ਹਾਲਾਤ ਨੂੰ ਜਾਣ ਲੈਣਾ ਜ਼ਰੂਰੀ ਹੈ। ਜਿਨ੍ਹਾਂ ਨੂੰ ਭਾਈ ਗੁਰਦਾਸ ਨੇ ਆਪਣੀ ਵਾਰ ਵਿਚ ਬਾਖੂਬੀ ਬਿਆਨਿਆ ਹੈ।
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।।
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।।
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤੁ ਮੁਖਹੁ ਆਲਾਈ।।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।।
ਸੇਵਕ ਬੈਠਨਿ ਘਰਾ ਵਿਚਿ ਉਠਿ ਘਰੀ ਤਿਨਾੜੇ ਜਾਈ।।
ਕਾਜੀ ਹੋਏ ਰਿਸ਼ਵਤੀ ਵਡੀ ਲੈ ਕੇ ਹਕ ਗਵਾਈ।।
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ।।
ਵਰਤਿਆ ਪਾਪ ਸਬਸ ਜਗ ਮਾਹੀ।। (ਭਾਈ ਗੁਰਦਾਸ ਜੀ ਵਾਰ 1/30)
ਗੁਰੂ ਨਾਨਕ ਦੇਵ ਜੀ ਨੇ ਆਪਣੀ ਇਨ੍ਹਾਂ ਹਾਲਾਤਾਂ ਨੂੰ ਇਸ ਤਰ੍ਹਾਂ ਬਿਆਨਿਆ-
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੇ ਪਰਧਾਨੁ ਵੇ ਲਾਲੋ।
ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੜੇ ਸੈਤਾਨ ਵੇ ਲਾਲੋ।
ਮੁਸਲਮਾਨੀਆ ਪੜਹਿ ਕਤੇਬਾ, ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।
ਜਾਤਿ ਸਨਾਤਿ ਹੋਰ ਹਿੰਦਵਾਣੀਆ, ਏਹਿ ਭੀ ਲੇਖੈ ਲਾਇ ਵੇ ਲਾਲੋ।
ਖੂਨ ਕੇ ਸੋਹਿਲੇ ਗਾਵਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।
ਭਾਰਤ ਦੇ ਪ੍ਰਮੁੱਖਸੰਤ ਭਗਤਾਂ ਸਹਿਤ ਗੁਰੂ ਨਾਨਕ ਦੇਵ ਜੀ ਨੇ ਇਸ ਜ਼ੋਰੋ ਜ਼ੁਲਮ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਧਰਮ ਕਰਮ ਰਾਹੀਂ ਰਾਜਾ ਪਰਜਾ ਨੂੰ ਸਿੱਧੇ ਰਸਤੇ ਪਾਉਣ ਲਈ ਗੁਰੂ ਜੀ ਥਾਉਾਂæਾਈਂ ਗਏ। ਉਨ੍ਹਾਂ ਦੀਆਂ ਅੱਖਾਂ ਖੋਲ੍ਹਣ ਲਈ ‘ਸਚੁ’ ਸੁਣਾਉਣ ਲਈ ਨਿਕਲੇ ਸਨ ਉਹ
ਸਚੁ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ।। (ਤਿਲੰਗ ਪੰਨਾ 723)
ਸਭ ਥਾਂ ਸੱਚ ਸੁਣਾਉਣ ਖਾਤਰ ਤੇ ਜ਼ੋਰੋ ਜ਼ੁਲਮ ਨੂੰ ਠੱਲ੍ਹ ਪਾਉਣ ਖਾਤਰ, ਕੁਰੀਤੀਆਂ ਨੂੰ ਰੋਕਣ ਖ਼ਾਤਰ ਤੇ ਉਸ ਈਸ਼ਵਰ ਤੱਕ ਪਹੁੰਚਣ ਦਾ ਰਾਹ ਦੱਸਣ ਖਾਤਰ ਗੁਰੂ ਜੀ ਨੇ ਲੰਬੀਆਂ ਯਾਤਰਾਵਾਂ ਕੀਤੀਆਂ। ਇਸ ਨਾਲ ਕਾਫੀ ਮਨ ਸਿੱਧੇ ਰਸਤੇ ਤਾਂ ਆਏ ਪਰ ‘ਪਾਪ ਦਾ ਭੰਡਾਰਾ’ ਖ਼ਤਮ ਨਾ ਹੋਇਆ। ਗੁਰੂ ਨਾਨਕ ਦੇਵ ਜੀ ਨੇ ਜ਼ੁਲਮ ਵਿਰੁੱਧ ਆਵਾਜ਼ ਉਠਾਈ।
ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨ ਆਇਆ? (ਆਸਾ ਪੰਨਾ 360)
ਗੁਰੂ ਜੀ ਉਸ ਈਸ਼ਵਰ ਦੇ ਪ੍ਰੇਮ ਤੇ ਉਸ ਦੇ ਬੰਦਿਆਂ ਪ੍ਰਤੀ ਸਨੇਹ ਦਾ ਇਹ ਰਸਤਾ ਨਜ਼ਰ ਆਇਆ
ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿਤਲੀ ਗਲੀ ਮੋਰੀ ਆਉ।
ਇਤ ਮਾਰਗ ਪੈਰ ਧਰੀਜੈ।। ਸਿਰੁ ਦੀਜੈ ਕਾਣ ਨ ਕੀਜੈ।।
ਜਦ ਰਾਜੇ ਵਜ਼ੀਰ ਤੇ ਚਾਕਰ ਹੀ ਲੁੱਟਣ ਲੱਗ ਪਏ ਤੇ ਕਾਜ਼ੀ ਅਨਿਆਇ ਕਰਨ ਲੱਗ ਪਏ ਤਾਂ ਗੁਰੂ ਜੀ ਨੂੰ ਹਕੁ ਲਈ ਮਰਨਾ ਹੀ ਸਹੀ ਜਾਪਣ ਲੱਗ ਪਿਆ। ਉਨ੍ਹਾਂ ਲਿਖਿਆ:-
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।।
ਸੂਰੇ ਸੋਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ।। (ਰਾਗ ਵਡਹੰਸ ਅਲਾਹੁਣੀਆਂ)
ਗੁਰੂ ਨਾਨਕ ਦੇਵ ਜੀ ਹੀ ਨਹੀਂ ਬਾਕੀ ਭਗਤਾਂ ਨੇ ਵੀ ਹਕ ਤੇ ਧਰਮ ਲਈ ਲੜਣ ਮਰਨ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਭਗਤ ਕਬੀਰ ਹੋਰ ਆਖਿਆ:-
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ।।
ਬਾਬਰ ਤੋਂ ਪਿੱਛੋਂ ਹਿਮਾਯੂ ਤੇ ਸ਼ੇਰ ਸ਼ਾਹ ਸੂਰੀ ਆਏ ਤੇ ਫਿਰ ਅਕਬਰ ਇਨ੍ਹਾਂ ਦੇ ਸਮੇਂ ਜ਼ੁਲਮ ਨੂੰ ਕੁਝ ਠੱਲ੍ਹ ਪਾਈ ਰਹੀ ਪਰ ਸ਼ਹਿਨਸ਼ਾਹ ਅਕਬਰ ਪਿੱਛੋਂ ਗੱਦੀ ਬੈਠਾ ਜਹਾਂਗੀਰ ਕੱਟੜ ਮੁਸਲਮਾਨ, ਅੱਯਾਸ਼ ਤੇ ਅਨਿਆਈ ਰਾਜਾ ਸੀ ਜੋ ਜੰਤਾ ਤੇ ਫਿਰ ਅਨਿਆਇ ਕਰਨ ਲੱਗ ਪਿਆ। ਗੁਰੂ ਨਾਨਕ ਦੇਵ ਜੀ ਪਿੱਛੋਂ ਅਕਬਰ ਵੇਲੇ ਦੇ ਗੁਰੂ ਸਾਹਿਬਾਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੇ ਨਾਮ ਪਰਚਾਰ ਵਲ ਵਧੇਰੇ ਧਿਆਨ ਦਿੱਤਾ। ਪਰ ਗੁਰੂ ਅਰਜਨ ਦੇਵ ਜੀ ਵੇਲੇ ਨਾਹਕ ਤੇ ਅਨਿਆਇ ਵਧਿਆ ਹੋਣ ਕਰਕੇ ਗੁਰੂ ਸਾਹਿਬ ਨੇ ਪਰਤਖ-ਅਪਰਤੱਖ ਦੋਨੋਂ ਰੂਪੋਂ ਜ਼ੁਲਮ ਵਿਰੁੱਧ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਜਹਾਂਗੀਰ ਦਾ ਅਨਿਆਇ ਇਥੋਂ ਤੱਕ ਪਹੁੰਚ ਗਿਆ ਕਿ ਉਸ ਨੇ ਗੁਰੂ ਜੀ ਨੂੰ ਬਿਲਾ ਵਜ੍ਹਾ ਯਾਸਾ ਅਨੁਸਾਰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਜਹਾਂਗੀਰ ਨੇ ਇਉਂ ਲਿਖਿਆ :-
‘‘ਉਸ ਦੇ ਤੌਰ ਤਰੀਕਿਆਂ ਅਤੇ ਸਿਖਿਆਵਾਂ ਨਾਲ ਕਈ ਸਿੱਧੇ ਸਾਧੇ ਹਿੰਦੂ ਅਤੇ ਮੂਰਖ ਤੇ ਬੇਸਮਝ ਮੁਸਲਮਾਨ ਉਸ ਦੀ ਰਹੁ-ਰੀਤੀਦੇ ਜਾਲ ਵਿਚ ਫਸ ਚੁੱਕੇ ਸਨ। ਉਸਨੇ ਆਪਣੇ ਪੀਰ ਤੇ ਵਲੀ ਹੋਣ ਦਾ ਉੱਚਾ ਡੰਕਾ ਵਜਾਇਆ ਹੋਇਆ ਸੀ। ਲੋਕ ਉਸਨੂੰ ਗੁਰੂ ਕਹਿੰਦੇ ਸਨ। ਸਭ ਪਾਸਿਆਂ ਤੋਂ ਭੋਲੇ-ਭਾਲੇ ਤੇ ਅਣਜਾਣਲੋਕ ਉਸ ਪਾਸ ਆ ਕੇ ਉਸ ਪ੍ਰਤੀ ਸ਼ਰਧਾ ਪ੍ਰਗਟ ਕਰਦੇ ਸਨ। ਤਿੰਨ ਚਾਰ-ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ ਰਖਿਆ ਹੋਇਆ ਸੀ। ਕਿਤਨੇ ਚਿਰਾਂ ਤੋਂ ਮੇਰੇ ਮਨ ਵਿਚ ਖਿਆਲ ਆਉਾਂਦਾÃੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤੇ ਉਸ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ ਹੈ। (ਤੁਜਕਿ ਜਹਾਂਗੀਰੀ ਪੰਨਾ 35)
ਗੁਰੂ ਸਾਹਿਬਾਨਾਂ ਨੇ ਸਿਰਫ ਨਾਮ-ਦਾਨ ਬਖਸ਼ਣਾ ਤੇ ਨਾਮ ਪਰਚਾਰ ਕਰਨ ਵਿਚ ਹੀ ਸਮਾਂ ਗੁਜ਼ਾਰਿਆ ਸੀ। ਸਰਕਾਰੀ ਜ਼ੁਲਮੋ-ਜਬਰ ਅਨਿਆਇ ਤੇ ਨਾਹਕ ਤੋਂ ਰਾਹ ਲਭਦੀ ਜੰਤਾ ਗੁਰੂ ਜੀ ਕੋਲੋਂ ਰਸਤਾ ਲੱਭਣ ਆਉਾਂਦੀ।×ੁਰੂ ਜੀ ਨਾਮਦਾਨ ਦੇ ਕੇ ਰਜ਼ਾ ਵਿਚ ਰਹਿਣ ਲਈ ਆਖਦੇ ਪਰ ਸਮੇਂ ਦੇ ਜਾਬਰ ਹਾਕਮ ਤੋਂ ਇਹ ਵੀ ਜਰ ਨਹੀਂ ਹੋਇਆ ਤੇ ਉਸਨੇ ਨਾਮ ਦਾਨ ਦੀ ਇਸ ‘ਦੁਕਾਨ’ ਨੂੰ ਜਿਸ ਨੂੰ ਉਹ ਆਪਣੇ ਜ਼ੁਲਮ ਤੇ ਅਨਿਆਇ ਤੇ ਪਲੀ ਤਾਕਤ ਲਈ ਖ਼ਤਰਾ ਸਮਝਿਆ ਬੰਦ ਕਰਨ ਹੇਤ ਗੁਰੂ ਅਰਜਨ ਦੇਵ ਜੀ ਨੂੰ ਮੁਸਲਮਾਨ ਬਣਾਉਣ ਦੀ ਧਾਰੀ ਤੇ ਜਦ ਗੁਰੂ ਜੀ ਨੇ ਇਹ ਸਵੀਕਾਰ ਨਾ ਕੀਤਾ ਤਾਂ ਕਤਲ ਕਰਵਾ ਦਿੱਤਾ।
ਗੁਰੂ ਹਰਗੋਬਿੰਦ ਜੀ ਨੇ ਪਿਤਾ ਜੀ ਦੀ ਸ਼ਹੀਦੀ ਬਾਅਦ ਜਾਣ ਲਿਆ ਕਿ ਦੁੱਖਾਂ ਮਾਰੀ ਜੰਤਾ ਲਈ ਇਕੱਲਾ ਨਾਮਦਾਨ ਹੀ ਕਾਫ਼ੀ ਨਹੀਂ। ਉਨ੍ਹਾਂ ਦੀ ਰੱਖਿਆ ਲਈ ਤਲਵਾਰ ਵੀ ਜ਼ਰੂਰੀ ਹੈ।
ਯਦਾ ਯਦਾ ਦਿ ਧਰਮੱਸਯਾ ਗਲਾਨਿ ਭਰਵਤੀ ਭਾਰਤ
ਅਭਿਊਤਿਆਂਤਰ ਧਰਮੱਸਯਾ ਤਦਾਤਮਾਨਾ ਸਿਰਜਾਮਹਿਅਮ।
‘ਜਦੋਂ ਜਦੋਂ ਧਰਮ ਵਿਚ ਗਿਰਾਵਟ ਆਉਂਦੀ ਹੈ ਧਰਮ ਦੇ ਉਥਾਨ ਵਾਸਤੇ ਮੈਂ ਜਨਮ ਲੈਂਦਾ ਹਾਂ। ਸੰਤਾਂ ਨੂੰ ਬਲ ਦੇ ਕੇ ਅਤੇ ਦੁਸ਼ਟਾਂ ਦਾ ਨਾਸ਼ ਕਰਕੇ ਮੈਂ ਯੁਗੋ ਯੁਗ ਧਰਮ ਦੀ ਸਥਾਪਨਾ ਕਰਦਾ ਹਾਂ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਸੇ ਆਸ਼ੇ ਲਈ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਮੁਗਲਾਂ ਅਤਤਾਈਆਂ ਨਾਲ ਤਿੰਨ ਯੁੱਧ ਲੜਕੇ ਉਨ੍ਹਾਂ ਨੂੰ ਪਛਾੜਿਆ। ਕਰਤਾਰਪੁਰ ਦੇ ਯੁੱਧ ਵਿਚ ਉਨ੍ਹਾਂ ਦੇ ਸਪੁੱਤਰ ਤਿਆਗ-ਮਲ ਬਹਾਦੁਰੀ ਵਿਖਾ ਤੇਗ-ਬਹਾਦੁਰ ਬਣੇ। ਮੀਰੀ-ਪੀਰੀ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ ਪਰ ਯੁੱਧ ਉਦੋਂ ਹੀ ਲੜਨਾ ਜ਼ਰੂਰੀ ਸਮਝਿਆ ਜਾਂਦਾ ਜਦੋਂ ਅਮਨ ਦੀ ਕੋਈ ਵੀ ਪੇਸ਼ ਨਾ ਜਾਂਦੀ। ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਦੋਸਤੀ ਦਾ ਹੱਥ ਵਧਾਕੇ ਬਹਾਨੇ ਨਾਲ ਗਵਾਲੀਅਰ ਕੈਦ ਕਰ ਦਿੱਤਾ।
ਪਿੱਛੋਂ ਨੂਰ ਜਹਾਂ ਤੇ ਮੀਆਂ-ਮੀਰ ਦੀ ਦੇਖ ਰੇਖ ਵਿਚ ਆਪਣੇ ਆਪ ਨੂੰ ਜਹਾਂਗੀਰ ਬਦਲਣ ਲੱਗਿਆ ਤੇ ਉਨ੍ਹਾਂ ਦੇ ਆਖੇ ਉਸਨੇ ਗੁਰੂ ਜੀ ਨੂੰ ਰਿਹਾ ਕਰਕੇ ਉਨ੍ਹਾਂ ਵਲ ਅਸਲੀ ਦੋਸਤੀ ਦਾ ਹੱਥ ਵਧਾਇਆ।
ਗੁਰੂ ਹਰਗੋਬਿੰਦ ਸਾਹਿਬ ਪਿੱਛੋਂ ਗੁਰੂ ਰਾਮਰਾਇ ਹੋਰਾਂ ਨੂੰ ਸਰਕਾਰੀ ਜ਼ੁਲਮ ਦਾ ਸਾਹਮਣਾ ਨਾ ਕਰਨਾ ਪਿਆ ਪਰ ਉਨ੍ਹਾਂ ਨੇ ਸੁਰੱਖਿਆ ਦਸਤੇ ਆਪਣੇ ਨਾਲ ਜ਼ਰੂਰ ਰਖੇ। ਅੱਠਵੇਂ ਗੁਰੂ ਹਰਕਿਸ਼ਨ ਜੀ ਵੇਲੇ ਔਰੰਗਜ਼ੇਬਗੱਦੀ ’ਤੇ ਬੈਠਾ ਹੋਇਆ ਸੀ। ਗੁਰੂ ਜੀ ਬਾਲ ਹੋਣ ਕਰਕੇ ਔਰੰਗਜ਼ੇਬ ਨੂੰ ਕੋਈ ਖ਼ਤਰਾ ਨਾ ਮਹਿਸੂਸ ਹੋਇਆ ਪਰ ਗੁਰੂ ਤੇਗ ਬਹਾਦਰ ਜੀ ਜਦ ਗੱਦੀ ’ਤੇ ਬੈਠਾ ਤਾਂ ਔਰੰਗਜ਼ੇਬ ਨੂੰ ਆਪਣੀ ਜ਼ੁਲਮੋ-ਸਿਤਮ ਨਾਲ ਹਥਿਆਈ ਗੱਦੀ ਨੂੰ ਫਿਰ ਖ਼ਤਰਾ ਜਾਪਣ ਲੱਗਾ।
ਜਿਸ ਬੇਰਹਿਮੀ ਨਾਲ ਗੁਰੂ ਤੇਗ ਬਹਾਦੁਰ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ ਉਸ ਦਾ ਦਿੱਲੀ ਦਾ ਚਾਂਦਨੀ ਚੌਂਕ ਤਾਂ ਕੀ ਪੂਰਾ ਇਤਿਹਾਸ ਗਵਾਹ ਹੈ। ਗੁਰੂ ਤੇਗ ਬਹਾਦਰ ਜੀ ਉਚਾਰ ਗਏ ਸਨ।
ਭੈ ਕਾਹੂ ਕਉ ਦੇਤ ਨਹi, ਨਹਿ ਭੈ ਮਾਨਤ ਆਨਿ।।
ਸ਼ਹੀਦੀ ਨਾਲ ਇਨ੍ਹਾਂ ਸ਼ਬਦਾਂ ਨੂੰ ਸਹੀ ਕਰ ਗਏ ਤੇ ਇਹੋ ਸ਼ਬਦ ਗੁਰੂ ਗੋਬਿੰਦ ਸਿੰਘ ਲਈ ਵੀ ਰਾਹਨੁਮਾ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤ੍ਰ ਨਾਟਕ ਵਿਚ ਇਸ ਸ਼ਹੀਦੀ ਨੂੰ ਇਉਂ ਬਿਆਨ ਕੀਤਾ।
ਤਿਲਕ ਜੰਞੂ ਰਾਖਾ ਪ੍ਰਭ ਤਾਕਾ।। ਕੀਨੋ ਬਡੋ ਕਕੂ ਮਹਿ ਸਾਕਾ।।
ਸਾਧਨਿ ਹੇਤਿ ਇਤਿ ਜਿਨਿ ਕਰੀ।। ਸੀਸੁ ਦੀਯਾ ਪਰ ਸੀ ਨ ਉਚਰੀ।।
ਧਰਮ ਹੇਤ ਸਾਕਾ ਜਿਨ ਕੀਆ।। ਸੀਸੁ ਦੀਆ ਪਰ ਸਿਰਰੁ ਨ ਦੀਆ।। (ਬਚਿੱਤ੍ਰ ਨਾਟਕ)
ਗੁਰੂ ਗੋਬਿੰਦ ਸਿੰਘ ਜੀ ਨੇ ਸਮਝ ਲਿਆ ਕਿ ਔਰੰਗਜ਼ੇਬ ਆਪਣੀ ਰਾਜਸੀ ਸੱਤਾ ਕਾਇਮ ਰੱਖਣ ਲਈ ਆਚਰਣ ਪੱਖੋਂ ਗਿਰ ਗਿਆ ਹੈ। ਉਹ ਆਪਣੀ ਕੱਟੜ ਧਾਰਮਿਕ ਨੀਤੀ ਅਨੁਸਾਰ ‘ਦਾਰ ਉਲ ਹਰਬ’ (ਕਾਫ਼ਰਾਂ ਦੀ ਧਰਤੀ) ਨੂੰ ‘ਦਾਰਉਲ ਇਸਲਾਮ’ (ਮੋਮਨਾਂ ਦੀ ਧਰਤੀ) ਵਿਚ ਬਦਲਣ ਦੇ ਸੁਪਨੇ ਲੈ ਰਿਹਾ ਸੀ। ਉਹ ਆਪਣੇ ਅੰਨ੍ਹੇ ਮਜ਼ਬੀ ਜੋਸ਼ ਵਿਚ ਮੰਦਰਾਂ ਤੇ ਗੁਰਦੁਆਰਿਆਂ ਨੂੰ ਮਸਜਿਦਾਂ ਵਿਚ ਬਦਲ ਰਿਹਾ ਸੀ। ਇਹ ਇਕ ਇਨਸਾਨ ਦਾ ਦੂਸਰੇ ਇਨਸਾਨ ਨਾਲ ਸਰਾਸਰ ਧੱਕਾ ਸੀ। ਜਿਸ ਨਾਲ ਟਾਕਰਾ ਲੈਣਾ ਹਰ ਇਨਸਾਨ ਦਾ ਫਰਜ਼ ਬਣਦਾ ਸੀ ਤੇ ਇਸ ਦਾ ਰਾਹ ਪਹਿਲੇ ਗੁਰੂ ਸਾਹਿਬਾਨ ਵਿਖਾ ਹੀ ਚੁੱਕੇ ਸਨ। ਔਰੰਗਜ਼ੇਬ ਦੀ ਦੇਖਾ ਦੇਖੀ ਬਾਕੀ ਛੋਟੇ ਮੋਟੇ ਰਾਜੇ ਤੇ ਅਧਿਕਾਰੀ ਵੀ ਜਬਰ ਜ਼ੁਲਮ ਦਾ ਰਾਹ ਅਪਣਾ ਰਹੇ ਸਨ।
ਪਰ ਯੁੱਧ-ਮਾਰਗ ਗੁਰੂ ਜੀ ਨੇ ਇਕ ਦਮ ਹੀ ਨਹੀਂ ਅਪਣਾ ਲਿਆ। ਗੁਰੂ ਸਾਹਿਬਾਨ ਨਾਮ ਪਰਚਾਰ ਨੂੰ ਅਜੇ ਵੀ ਮੁੱਖ ਰੱਖਦੇ ਸਨ ਪਰ ਜਦ ਪਾਉਂਟੇ ਉਨ੍ਹਾਂ ਨਾਲ ਫਤਹਿਸ਼ਾਹ ਨੇ ਧੱਕਾ ਕਰਨਾ ਚਾਹਿਆ ਤਾਂ ਗੁਰੂ ਜੀ ਲਈ ਸੁਰੱਖਿਆ ਲਈ ਤਲਵਾਰ ਉਠਾਉਣਾ ਜ਼ਰੂਰੀ ਹੋ ਗਿਆ।
ਫਤੇ ਸ਼ਾਹ ਕੋਪਾ ਤਬਿ ਰਾਜਾ। ਲੋਹ ਪਰਾ ਹਮਸੋ ਬਿਨ ਕਾਜਾ।। (ਬਚਿੱਤ੍ਰ ਨਾਟਕ)
ਗੁਰੂ ਜੀ ਨੇ ਯੁੱਧ ਲਈ ਸ਼ਸਤ੍ਰ ਉਦੋਂ ਚੁੱਕੇ ਜਦ ਉਨ੍ਹਾਂ ਨੂੰ ਜਾਪਿਆ ਕਿ ਸ਼ਸਤ੍ਰ ਉਠਾਏ ਬਿਨਾਂ ਗੁਜ਼ਾਰਾ ਨਹੀਂ ਹੋਣਾ।
ਜਬੈ ਬਾਣ ਲਾਗਯੋ, ਤਬੇ ਰੋਸ ਜਾਗਯੋ।। (ਬਚਿੱਤ੍ਰ ਨਾਟਕ)
ਉਸ ਸਮੇਂ ਜ਼ੁਲਮਾਂ ਤੇ ਅੱਤਿਆਚਾਰਾਂ ਦਾ ਜੋ ਦੌਰ-ਦੌਰਾ ਚੱਲਿਆ ਹੋਇਆ ਸੀ ਉਸਨੂੰ ਦੌਲਤ ਰਾਇ ਨੇ ਆਪਣੀ ਕਿਤਾਬ ‘ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ’ ਵਿਚ ਭਰਪੂਰ ਬਿਆਨਿਆ ਹੈ। ਇਹ ਹਾਲਾਤ ਉਹੀ ਸਨ ਜੋ ਭਾਈ ਗੁਰਦਾਸ ਹੋਰਾਂ ਨੇ ਗੁਰੂ ਨਾਨਕ ਹੋਰਾਂ ਦੇ ਵੇਲੇ ਦੇ ਬਿਆਨੇ ਸਨ।
‘‘ਯੁੱਧ ਵਿਚ ਜਾਣ ਲਈ ਗੁਰੂ ਜੀ ਦੇ ਸਾਧਨ ਵੀ ਸੀਮਿਤ ਸਨ ਤੇ ਤਾਕਤ ਵੀ ਪਰ ਧਰਮ ਦੀ ਰਖਿਆ ਖ਼ਾਤਰ ਆਪਾ ਵਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਇਸ ਹਾਲਤ ਨੂੰ ਦੌਲਤ ਰਾਇ ਨੇ ਇਸ ਤਰ੍ਹਾਂ ਬਿਆਨਿਆ ਹੈ, ‘‘ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਬੜਾ ਔਖਾ ਸੀ। ਪ੍ਰਾਪਤੀ ਦੇ ਸਾਧਨ ਕੋਈ ਵੀ ਨਹੀਂ ਸਨ। ਉਨ੍ਹਾਂ ਦੇ ਹੁਕਮ ਮੰਨਣ ਵਾਲੇ ਗਰੀਬ ਸਿੱਖ ਹੀ ਸਨ ਤੇ ਉਹ ਵੀ ਘੱਟ ਗਿਣਤੀ ਵਿਚ। ਨਾ ਕੋਈ ਜਾਗੀਰ, ਨਾ ਕੋਈ ਸੰਪਤੀ, ਨਾ ਧਨ, ਨਾ ਫੌਜ। ਜੇ ਕੋਈ ਕਾਰ-ਭੇਟ ਕੋਈ ਸਿਦਕੀ ਸਿੱਖ ਪੇਸ਼ ਕਰਦਾ ਸੀ ਉਸ ਨਾਲ ਗੁਜ਼ਾਰਾ ਹੀ ਚਲਦਾ ਸੀ। ਉਸਦੇ ਟਾਕਰੇ ਇਸਲਾਮ ਦੀ ਬੜੀ ਵੱਡੀ ਮਜ਼ਬੂਤ ਹਕੂਮਤ ਸੀ, ਜੋ ਇਕ ਪਾਸੇ ਸਮੁੰਦਰ ਦੀਆਂ ਲਹਿਰਾਂ ਨੂੰ ਜਾ ਛੂੰਹਦੀ ਸੀ ਤੇ ਦੂਜੇ ਪਾਸੇ ਹਿਮਾਲੀਆ ਦੀਆਂ ਚੋਟੀਆਂ ਨਾਲ ਖਹਿੰਦੀ ਸੀ। ਬਰਮਾ ਦੀ ਹਦ ਤੱਕ ਇਸਲਾਮ ਦੀ ਤੂਤੀ ਬੋਲ ਰਹੀ ਸੀ। ਅਜਿਹੇ ਸਮੇਂ ਹੀ ਇਹ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਿੰਮੇ ਲੱਗਾ।’’
ਅੱਗੇ ਜਾ ਕੇ ਗੁਰੂ ਜੀ ਔਰੰਗਜ਼ੇਬ ਦੀ ਵਿਸ਼ਾਲ ਸ਼ਕਤੀ ਵਿਰੁੱਧ ਡਟਣ ਬਾਰੇ ਇਉਂ ਲਿਖਿਆ ਹੈ:- ‘‘ਗੁਰੂ ਗੋਬਿੰਦ ਸਿੰਘ ਜੀ ਆਪਣੀ ਕੌਮ ਤੇ ਦੇਸ਼ ਦੀਆਂ ਲੱਖਾਂ ਇਸਤ੍ਰੀਆਂ ਦੀ ਪੱਤ ਲੁੱਟੇ ਜਾਣ ਦੇ ਜ਼ੁਲਮਾਂ ਨੂੰ ਮੇਟਣ ਲਈ ਤੇ ਨਿਰੋਲ ਦੂਜਿਾਂ ਦੇ ਭਲੇ ਲਈ ਰਣ-ਭੂਮੀ ਵਿਚ ਉਤਰੇ ਅਤੇ ਬੜੇ ਔਖੇ ਸਮੇਂ ਅਜਿਹੇ ਕਠਿਨ ਕੰਮ ਨੂੰ ਹੱਥ ਪਾਇਆ।’’
ਗੁਰੂ ਜੀ ਨਾ ਹੀ ਜੰਗਜੂ ਇਰਾਦੇ ਨਾਲ ਲੜੇ ਤੇ ਨਾ ਹੀ ਯੁੱਧ-ਮਾਰਗ ਇਸ ਇਰਾਦੇ ਨਾਲ ਅਪਣਾਇਆ ਕਿ ਉਹ ਸ਼ਕਤੀ ਤੇ ਰਾਜ ਸਥਾਪਿਤ ਕਰਨ। ਉਹ ਤਾਂ ਲੋਕਾਂ ਦੇ ਭਲੇ ਲਈ ਹੀ ਯੁੱਧ-ਮੈਦਾਨ ਵਿਚ ਉਤਰੇ। ਸਵਾਨੇ ਉਮਰੀ (ਪੰਨਾ 98-99) ਵਿਚ ਦੌਲਤ ਰਾਇ ਹੋਰਾਂ ਗੁਰੂ ਜੀ ਬਾਰੇ ਲਿਖਿਆ- ‘‘ਪਸ ਜਾਹਿਰ ਹੈ ਕਿ ਗੁਰੂ ਗੋਬਿੰਦ ਸਿੰਘ ਇਨਸਾਨੋਂ ਕੋ ਸਚਾਈ ਪਵਿਤ੍ਰਤਾ, ਮੁਹੱਬਤ ਔਰ ਅਦਲ ਸਿਖਾਨੇ ਕੇ ਲੀਯੈ ਭੇਜਾ ਗਿਆ ਥਾ। ਵੁਹ ਏਕ ਸੱਚਾ ਮਜਹਬ ਜਿੰਦਾ ਕਰਨੇ ਔਰ ਪ੍ਰਚਾਰ ਕਰਨੇ ਕੇ ਲੀਏ ਭੇਜਾ ਗਿਆ ਥਾ- ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਸੰਜੀਦਗੀ ਔਰ ਇਨਕਸਾਰੀ (ਨਮ੍ਰਿਤਾ) ਸੇ ਕਹਾ ਕਿ ਵੁਹ ਦੁਨੀਆ ਮੇ ਨੇਕੀ ਫੈਲਾਨੇ ਔਰ ਸਚਾਈ ਕਾ ਜਲਾਲ ਦਿਖਾਨੇ ਔਰ ਸਿਰਫ ਏਕ ਵਾਹਿਦ ਲਾ ਸ਼ਰੀਕ ਖੁਦਾ ਕਾ ਰਾਹ ਬਤਲਾਨੇ ਕੇ ਲੀਏ ਭੇਜਾ ਗਿਆ ਥਾ- ਗੁਰੂ ਗੋਬਿੰਦ ਸਿੰਘ ਤਮਾਮ ਹਾਦੀਯਾਨਿ-ਦੀਨ ਔਰ ਮੂਜਦਾਨਿ-ਮਜ਼ਹਬ ਕਾ ਸਰਤਾਜ ਮਲੂਮ ਹੋਤਾ ਹੈ- ਵੁਹ ਆਪਣੇ ਤਾਈਂ ਈਸ਼ਵਰ ਕਾ ਏਕ ਖਾਦਿਮ ਬਦਲਾਤਾ ਹੈ।’’
ਈਸ਼ਵਰ ਦਾ ਇਕ ਸੇਵਕ ਬਣ ਕੇ ਹੀ ਤਾਂ ਉਹ ਮਾਨਵਤਾ ਦੀ ਭਲਾਈ ਲਈ ਆਪਣੀ ਹੀ ਨਹੀਂ ਆਪਣੇ ਚਾਰੇ ਪੁੱਤਰਾਂ ਤੇ ਹਜ਼ਾਰਾਂ ਸਿੱਖਾਂ ਦੀ ਜ਼ਿੰਦਗੀ ਧਰਮ ਹੇਤ ਵਾਰ ਗਏ। ਗੁਰੂ ਗੋਬਿੰਦ ਸਿੰਘ ਹੀ ਇਕੱਲੇ ਇਹੋ ਜਿਹੇ ਮਹਾਂ ਮਾਨਵ ਹਨ ਜਿਨ੍ਹਾਂ ਧਰਮ-ਰਖਿਆ ਹੇਤ ਪਿਤਾ-ਮਾਤਾ ਤੇ ਚਾਰ ਸਪੁੱਤਰ ਕੁਰਬਾਨ ਕੀਤੇ। ਜਦ ਕਿਸੇ ਪੁੱਛਿਆ ਕਿ ‘ਤੁਸੀਂ ਕਮਾਇਆ ਕੀ?’’ ਤਾਂ ਜੰਤਾ ਨੂੰ ਮੁਖਾਤਿਬ ਹੋ ਕੇ ਆਖਿਆ
ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਗਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ।
ਉਨ੍ਹਾਂ ਲਈ ਤਾਂ ਸਾਰਾ ਜੱਗ ਹੀ ਆਪਣਾ ਸੀ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਸੀ, ਜਿਸ ਤਰ੍ਹਾਂ ਬਾਕੀ ਗੁਰੂਆਂ ਦਾ ਸੀ। ਉਨ੍ਹਾਂ ਜੋ ਕੀਤਾ ਜੰਤਾ ਦੇ ਭਲੇ ਲਈ ਹੀ ਕੀਤਾ। ਜਿਸ ਬਾਰੇ ਗੁਰੂ ਜੀ ਨੇ ਆਪ ਲਿਖਿਆˆ
ਦੇਹੁ ਸ਼ਿਵਾਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂ ਨ ਟਰੌਂ।।
ਨ ਡਰੋਂ ਅਰਿ ਸੋ ਜਬ ਜਾਏ ਲਰੋਂ, ਨਿਸ਼ਚੇ ਕਰ ਅਪਨੀ ਜੀਤ ਕਰੌਂ।
ਅਰ ਸਿੱਖ ਹੋ ਅਪਨੇ ਹੀ ਮਨ ਕੋ, ਇਹ ਲਾਲਚ ਹਉ ਗੁਨ ਤਉ ਉਚਰੋਂ।।
ਜਬ ਆਵ ਕੀ ਅਉਧ ਨਿਧਾਨ ਬਨੇ, ਅਤ ਹੀ ਰਣ ਮੇਂ ਤਬ ਜੂਝ ਮਰੌਂ।।
‘ਸ਼ੁਭ ਕਰਮਨ’ ਦਾ ਬੀੜਾ ਹੀ ਤਾਂ ਚੁੱਕਿਆ ਸੀ ਦਸ਼ਮੇਸ਼ ਜੀ ਨੇ। ਉਹੋ ਬੀੜਾ ਜੋ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਚੁੱਕਿਆ ਸੀ। ਗੁਰੂ ਜੀ ਨੇ ਸਿੱਖ ਧਰਮ ਦੀ ਰੂਹ ਜਗਾਈ ਜਿਸ ਦੀ ਸ਼ਕਲ ਸੂਰਤ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕੀਤੀ। ਨਾਮ ਦਾਨ ਤੇ ਧਰਮ-ਰੱਖਿਆ ਮੀਰੀ ਤੇ ਪੀਰੀ ਗੁਰੂ ਹਰਗੋਬਿੰਦ ਹੋਰਾਂ ਦੀ ਚਲਾਈ ਪਰੰਪਰਾ ਹੀ ਗੁਰੂ ਜੀ ਨੇ ਅੱਗੇ ਤੋਰੀ ਤੇ ਖਾਲਸਾ ਸਾਜਿਆ ਜਿਸ ਦਾ ਗੁਰੂ ਥਾਪਿਆ ਤਾਂ ਗੁਰੂ ਗ੍ਰੰਥ ਸਾਹਿਬ ਜੋ ਆਤਮਕ ਗੁਰੂ ਹੈ ਰੂਹਾਨੀ ਗੁਰੂ ਹੈ, ਗੁਰੂ ਨਾਨਕ ਦੇਵ ਜੀ ਦੇ ਛੇੜੇ ਪੱਥ ਦਾ ਸਹੀ ਪਥਪਰਦਰਸ਼ਕ। ਉਹ ਮਾਨਵਵਾਦੀ ਸਨ, ਲੋਕ ਸੇਵਾ ਕਦੇ ਨਹੀਂ ਸਨ ਛੱਡਦੇ ਇਥੋਂ ਤੱਕ ਕਿ ਯੁੱਧ ਵਿਚ ਉਹ ਹਥਕੰਡੇ ਨਹੀਂ ਸਨ ਵਰਤਦੇ ਜੋ ਬੁਨਿਆਦੀ ਅਸੂਲਾਂ ਦੇ ਖਿਲਾਫ ਹੋਣ। ਮਿਸਾਲ ਵਜੋਂ ਜਦੋਂ ਇਕ ਸਿੰਘ ਨੇ ਗੁਰੂ ਜੀ ਅੱਗੇ ਭਾਈ ਘਨੱਈਆ ਬਾਰੇ ਸ਼ਿਕਾਇਤ ਜਾ ਕੀਤੀ, ‘‘ਗੁਰੂ ਜੀ, ਯੁੱਧ ਵਿਚ ਅਸੀਂ ਜਿਸ ਦੁਸ਼ਮਣਾਂ ਨਾਲ ਲੋਹਾ ਲਿਆ, ਆਪਣੀ ਜਿੰਦ ਦਾਉ ’ਤੇ ਲਾ ਕੇ ਜਿਨ੍ਹਾਂ ਨੂੰ ਘਾਇਲ ਕੀਤਾ, ਮਰਨ ਕਿਨਾਰੇ ਪਹੁੰਚਾਇਆ ਤਾਂ ਕਿ ਉਹ ਅੱਗੋਂ ਸਾਡੇ ਅੜਨ ਯੋਗ ਨਾ ਰਹੇ, ਉਸੇ ਜ਼ਖ਼ਮੀ ਦੁਸ਼ਮਣ ਨੂੰ ਘਨੱਈਆ ਪਾਣੀ ਪਿਲਾ ਪਿਲਾਕੇ ਜ਼ਿੰਦਗੀ ਬਖਸ਼ ਰਿਹਾ ਹੈ ਤੇ ਸਾਡੇ ਵਿਰੁਧ ਤਿਆਰ ਕਰ ਰਿਹਾ ਹੈ।’’
ਗੁਰੂ ਜੀ ਨੇ ਭਾਈ ਘਨੱਈਆ ਨੂੰ ਬੁਲਾਇਆ ਤੇ ਪੁੱਛਿਆ ਤਾਂ ਉਸਦਾ ਜਵਾਬ ਸੀ, ‘‘ਗੁਰੂ ਜੀ ਸੇਵਾ ਕਰਦੇ ਸਮੇਂ ਮੈਨੂੰ ਦੋਸਤ-ਦੁਸ਼ਮਣ ਕੋਈ ਨਹੀਂ ਦਿਸਦਾ ਮੈਨੂੰ ਸਭ ਜ਼ਰੂਰਤਮੰਦ ਦਿਸਦੇ ਨੇ। ਇਸੇ ਲਈ ਜਿਸਨੂੰ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਾਣੀ ਦੀ ਸੇਵਾ ਕਰਦਾ ਹਾਂ।’’
ਗੁਰੂ ਜੀ ਬੜੇ ਖੁਸ਼ ਹੋਏ, ਦਿਆਲ ਹੋਏ, ਧੰਨ ਸਿੱਖਾ ਤੇਰੀ ਸਿੱਖੀ। ਸਿੱਖੀ ਦਾ ਅਸਲ ਮੰਤਵ ਤਾਂ ਤੂੰ ਹੀ ਪਛਾਣਿਆ ਹੈ। ਅਸੀਂ ਦੁਸ਼ਮਣ ਯੁੱਧ ਦੁਸ਼ਮਣ ਜਾਣਕੇ ਨਹੀਂ ਲੜਦੇ, ਯੁੱਧ ਇਸ ਲਈ ਲੜਦੇ ਹਾਂ ਕਿ ਪਾਪ ਰੋਕਿਆ ਜਾ ਸਕੇ। ਸੇਵਾ ਇਸ ਲਈ ਕੀਤੀ ਜਾਂਦੀ ਹੈ ਕਿ ਮਾਨਵਤਾ ਬਚਾਈ ਜਾ ਸਕੇ। ਦੋਸਤ ਦੁਸ਼ਮਣ ਧਰਮ ਜਾਤ ਇਸ ਵਿਚ ਕੁਝ ਨਹੀਂ ਹੁੰਦਾ, ਨਿਸ਼ਕਾਮ ਸੇਵਾ ਹੀ ਅਸਲੀ ਸੇਵਾ ਹੈ। ਸਿੱਖੀ ਦੀ ਜੀਵਨ ਜਾਚ ਤੂੰ ਜਾਣ ਲਈ ਹੈ। ਅੱਗੋਂ ਤੋਂ ਪਾਣੀ ਦੀ ਸੇਵਾ ਹੀ ਨਹੀਂ ਮਰਹਮ-ਪੱਟੀ ਦੀ ਸੇਵਾ ਵੀ ਕਰਿਆ ਕਰ।’’ ਗੁਰੂ ਜੀ ਦਾ ਦਿੱਤਾ ਭਾਈ ਘਨੱਈਆ ਨੂੰ ਇਹ ਥਾਪੜਾ ਮਾਨਵਤਾ ਨੂੰ ਹੀ ਥਾਪੜਾ ਸੀ।
ਉਪਰੋਕਤ ਲਿਖਤਾਂ ਤੋਂ ਇਹ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ
1. ਗੁਰ ਨਾਨਕ ਦੇਵ ਜੀ ਤੇ ਦੂਸਰਿਆਂ ਗੁਰੂ ਸਾਹਿਬਾਨਾਂ ਦਾ ਰੂਹ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾਇਆ ਕੋਈ ਵੱਖ ਨਹੀਂ।
2. ਖਾਲਸਾ ਪੰਥ ਸਾਜਿਆ ਤਾਂ ਇਸ ਦੀ ਅਸਲ ਰੂਹ ਗੁਰੂ ਗ੍ਰੰਥ ਸਾਹਿਬ ਹੀ ਰੱਖੀ। ਰੂਹ ਦਾ ਕਲਬੂਤ ਹੀ ਗੁਰੂ ਜੀ ਨੇ ਸੰਵਾਰਿਾ ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਹੀ ਘੜਣਾ ਸ਼ੁਰੂ ਕਰ ਦਿੱਤਾ ਸੀ।
3. ਗੁਰੂ ਜੀ ਨੇ ਯੁੱਧ ਲੜਿਆ ਜਾਂ ਲੜਣਾ ਪਿਆ ਤਾਂ ਇਹ ਹਾਲਾਤਾਂ ਦੀ ਮਜਬੂਰੀ ਸੀ। ਪਹਿਲੇ ਗੁਰੂ ਸਾਹਿਬਾਨਾਂ ਦੇ ਦੱਸੇ ਅਸੂਲਾਂ ਦੀ ਪੂਰਤੀ ਲਈ ਹੀ ਯੁੱਧ ਲੜੇ ਗਏ। ਇਨ੍ਹਾਂ ਯੁੱਧਾਂ ਦਾ ਮਕਸਦ ਜ਼ੋਰ ਜ਼ੁਲਮ ਜਬਰ ਨਾਲ ਆਢਾ ਲਾਉਣਾ ਸੀ ਤੇ ਧਰਮ ਵਧਾਉਣਾ ਸੀ ਤੇ ਧਰਮੀ ਬੰਦਿਆਂ ਨੂੰ ਜਗਾਉਣਾ ਸੀ। ਕੋਈ ਤਾਕਤ ਗੱਦੀ ਜਾਂ ਮਾਇਆ ਪ੍ਰਾਪਤੀ ਇਸ ਦਾ ਇਰਾਦਾ ਨਹੀਂ ਸੀ। ਗੁਰੂ ਜੀ ਨੇ ਤਾਂ ਆਪਣਾ ਸਰਬੰਸ ਤੱਕ ਇਸ ਲਈ ਵਾਰ ਦਿੱਤਾ ਫਿਰ ਖਟਣ-ਕਮਾਉਣ ਦੀ ਤਾਂ ਗੱਲ ਹੀ ਕੀ?
4. ਗੁਰੂ ਜੀ ਨੇ ਅਕਾਲ ਉਸਤਤ ਤੇ ਧਰਮ ਵਿਆਖਿਆ ਲਈ ਬਹੁਤ ਰਚਨਾ ਰਚੀ ਜਿਸ ਦਾ ਅਕਾਰ ਤਾਂ ਬਾਕੀ ਗੁਰੂਆਂ ਦੀਆਂ ਰਚਨਾਵਾਂ ਤੋਂ ਜ਼ਿਆਦਾ ਹੈ ਹੀ, ਵਿਚਾਰ ਵੀ ਉਹੋ ਹਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਬਾਕੀ ਗੁਰੂ ਸਾਹਿਬਾਨਾਂ ਨੇ ਪ੍ਰਗਟਾਏ ਕੋਈ ਭਿੰਨ ਨਹੀਂ।
ਇਸ ਤੋਂ ਜ਼ਾਹਿਰ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਅਨੁਯਾਈ ਸਨ ਤੇ ਉਨ੍ਹਾਂ ਨੇ ਉਹੋ ਪੰਥ ਚਲਾਇਆ ਜਿਸ ਦੀ ਰੂਹ ਗੁਰੂ ਨਾਨਕ ਦੇਵ ਜੀ ਨੇ ਘੜੀ ਤੇ ਕਲਬੂਤ ਬਾਕੀ ਗੁਰੂ ਸਾਹਿਬਾਨ ਨੇ। ਉਨ੍ਹਾਂ ਨੇ ਤਾਂ ਸਿਰਫ ਇਸ ਨੂੰ ਸੰਵਾਰ ਪੋਚ ਕੇ ਸਥਾਪਿਤ ਹੀ ਕੀਤਾ।

