• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਚੁੰਗਥਾਂਗ (ਸਿਕਿਮ) (ਜਿੱਥੇ ਗੁਰੂ ਨਾਨਕ ਦੇਵ ਜੀ ਦੀ ਗੱਡੀ ਖੂੰਡੀ ਬ੍ਰਿਛ ਬਣੀ)

Dalvinder Singh Grewal

Writer
Historian
SPNer
Jan 3, 2010
2,414
447
81
ਚੁੰਗਥਾਂਗ (ਸਿਕਿਮ)
(ਜਿੱਥੇ ਗੁਰੂ ਨਾਨਕ ਦੇਵ ਜੀ ਦੀ ਗੱਡੀ ਖੂੰਡੀ ਬ੍ਰਿਛ ਬਣੀ)


ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ



ਸਿਕਿਮ, ਹਿਮਾਲਿਆ ਦੀ ਗੋਦੀ ਵਿਚ ਨੇਪਾਲ, ਤਿੱਬਤ, ਭੂਟਾਨ ਉੱਤਰੀ ਬੰਗਾਲ ਨਾਲ ਘਿਰਿਆ ਭਾਰਤ ਦਾ ਇਕ ਛੋਟਾ ਜਿਹਾ ਰਾਜ ਹੈ। ਇਸ ਪ੍ਰਦੇਸ ਵਿਚ ਮੈਨੂੰ 1970-71 ਵਿਚ ਤੇ ਫਿਰ 1987-1992 ਵਿਚ ਰਹਿਣ ਅਤੇ ਆਉਣ ਜਾਣ ਦਾ ਅਵਸਰ ਪ੍ਰਾਪਤ ਹੋਇਆ। ਸਿਕਿਮ ਦੇ ਗੁਰਦੁਆਰਿਆਂ ਬਾਰੇ ਖੋਜ ਮੈਂ ਸੰਨ 1987 ਵਿਚ ਅਰੰਭੀ ਜਿਸਦੇ ਸਿਲਸਿਲੇ ਵਿਚ ਮੈਂ ਸਿਕਿਮ ਦੇ ਦੂਰ ਦਰਾਜ ਇਲਾਕਿਆਂ ਦੀ ਯਾਤਰਾ ਕੀਤੀ। ਇੰਡੀਅਨ ਇੰਸਟੀਚਿਊਟ ਆਫ ਤਿਬਤਾਲੋਜੀ, ਗੰਗਟੋਕ ਦੇ ਡਾਇਰੈਕਟਰ ਨਾਲ ਗੁਰੂ ਜੀ ਦੀ ਤਿੱਬਤ ਤੇ ਸਿਕਿਮ ਯਾਤਰਾ ਬਾਰੇ ਬੜੇ ਵਿਸਥਾਰ ਨਾਲ ਗੱਲਾਂ ਹੋਈਆਂ। ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਬਾਰੇ ਠੋਸ ਸਬੂਤ ਉਹ ਕੋਈ ਨਹੀਂ ਦੇ ਸਕੇ ਪਰ ਇਸ ਗੱਲ ਤੇ ਉਹ ਵੀ ਸਹਿਮਤ ਸਨ ਕਿ ਗੁਰੂ ਨਾਨਕ ਦੇਵ ਜੀ ਇਨ੍ਹਾਂ ਪਰਬਤੀ ਇਲਾਕਿਆਂ ਵਿਚ ਆਏ ਜ਼ਰੂਰ ਸਨ। ਉਨ੍ਹਾਂ ਜਦ ਭਾਈ ਕਾਹਨ ਸਿੰਘ ਨਾਭਾ, ਡਾ. ਸੁਰਿੰਦਰ ਸਿੰਘ ਕੋਹਲੀ, ਡਾ. ਤਰਲੋਚਨ ਸਿੰਘ, ਮੇਜਰ ਐਨ.ਐਸ. ਈਸ਼ਰ ਆਦਿ ਦੇ ਲੇਖ ਦਿਖਾਏ ਤੇ ਕਿਹਾ ਕਿ ‘‘ਗੁਰੂ ਜੀ ਦੀ ਇਧਰ ਦੀ ਯਾਤਰਾ ਦਾ ਗਿਆਨ ਤਾਂ ਹੈ ਪਰ ਪੂਰਾ ਵਿਸਥਾਰ ਨਹੀਂ ਮਿਲਦਾ’’ ਤਾਂ ਉਨ੍ਹਾਂ ਚੁੰਗਥਾਂਗ ਤੇ ਹੋਰ ਇਲਾਕਿਆਂ ਵਿਚ ਖੁਦ ਜਾ ਕੇ ਗੁਰੂ ਜੀ ਬਾਰੇ ਹੋਰ ਗਿਆਨ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ।
ਦੂਸਰੇ ਦਿਨ ਦਾ ਮੇਰਾ ਉੱਤਰੀ ਸਿਕਿਮ ਵੱਲ ਜਾਣ ਦਾ ਪ੍ਰੋਗਰਾਮ ਸੁਣਕੇ ਉਹ ਬੜੇ ਖੁਸ਼ ਹੋਏ ਪਰ ਉਨ੍ਹਾਂ ਦਾ ਮੇਰੇ ਨਾਲ ਜਾਣਾ ਸੰਭਵ ਨਾ ਹੋ ਸਕਿਆ। ਗੰਗਟੋਕ ਤੋਂ ਚੱਲਕੇ ਦੂਸਰੇ ਦਿਨ ਸਵੇਰੇ ਸਵੇਰੇ ਜਦ ਆਪਣੀ ਜੀਪ ਪਨਾਗਲਾਂ ਦੇ ਮੋੜ ਤੇ ਰੋਕੀ ਤਾਂ ਅੱਗੇ ਦਾ ਨਜ਼ਾਰਾ ਦੇਖਕੇ ਇਕਦਮ ਅਹਿਲ ਹੋ ਗਿਆ। ਕਿਤਨਾ ਸੁੰਦਰ ਮਨਮੋਹਣਾ ਪਿਆਰਾ ਦ੍ਰਿਸ਼ ਸੀ। ਸਾਹਮਣੇ ਕੰਚਨਜੰਗਾ ਦੀ ਬਰਫਾਂ ਢਕੀ ਦੁੱਧ-ਚਿੱਟੀ ਚੋਟੀ ਤੇ ਥੱਲੇ ਹਰੇ ਭੂਸ਼ਣਾਂ ਵਿਚ ਲਿਪਟੀ ਤੀਸਤਾ-ਵਾਦੀ ਜਿਸ ਨੂੰ ਸੋਨ ਕਿਰਨਾਂ ਬੜੇ ਪਿਆਰ ਨਾਲ ਲਿਸ਼ਕਾ-ਚਮਕਾ ਕੇ ਜਿਵੇਂ ਪਾਲਣੇ ਵਿਚ ਝੁਲਾ ਰਹੀਆਂ ਹੋਣ। ਰੱਬੀ ਨਜ਼ਾਰਾ ਸੀ ਨਿਰਾ। ਸਿਕਿਮ ਵਿਚ ਅਪ੍ਰੈਲ ਤੋਂ ਜੁਲਾਈ ਤੱਕ ਸੂਰਜ ਦਾ ਦਿਸ ਜਾਣਾ ਇਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਨ੍ਹੀਂ ਮਹੀਨੀਂ ਬੱਦਲ ਅਤੇ ਧੁੱਦ ਹਮੇਸ਼ਾ ਆਪਣਾ ਗਲਬਾ ਪਾਈ ਰੱਖਦੇ ਹਨ। ਥੋੜ੍ਹਾ ਰੁਕ ਕੇ ਅਤੇ ਜੀ ਭਰਕੇ ਨਜ਼ਾਰਾ ਲੈਣ ਪਿੱਛੋਂ ਦਿਲ ਅੱਗੇ ਵਿਛੀ ਹੋਈ ਇਸ ਰੰਗੀਨ ਵਾਦੀ ਦਾ ਹੁਸਨ ਮਾਨਣ ਲਈ ਕਾਹਲਾ ਹੋ ਗਿਆ।
ਮੋੜ-ਘੋੜ ਰਸਤਿਆਂ ਤੇ ਜੀਪ ਬੇਝਿਜਕ ਵਧਾ ਦਿੱਤੀ। ਗੰਗਟੋਕ ਤੋਂ 92 ਕਿਲੋਮੀਟਰ ਦਾ ਫਾਸਲਾ ਸੀ ਚੁੰਗਥਾਂਗ, ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਦੀ ਛਾਪ ਵਾਲਾ ਪੱਥਰ ਅਜੇ ਵੀ ਸੁਸਜਿਤ ਹੈ। ਵਧਦੇ ਹੋਏ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਦੇਵਾਂ ਦੀ ਧਰਤੀ ਉੱਤੇ ਹੋਈਏ। ਸਿੱਧੀਆਂ ਤਿੱਖੀਆਂ ਪਹਾੜੀਆਂ, ਸੰਘਣੇ ਉੱਚੇ ਦਰਖਤਾਂ ਨੂੰ ਲਿਪਟੀਆਂ ਵੇਲਾਂ ਕੁਦਰਤੀ ਉਪਜ ਨਾਲ ਢਕੀਆਂ ਇਉਂ ਜਾਪ ਰਹੀਆਂ ਸਨ ਜਿਵੇਂ ਕੋਈ ਸੁੰਦਰੀ ਹਾਰ ਸ਼ਿੰਗਾਰ ਕਰੀ ਖੜ੍ਹੀ ਹੋਵੇ।
ਦੂਸਰੇ ਪਾਸੇ ਖੱਬੇ ਵੱਲ ਇਕ ਦਮ ਥੱਲੇ ਤੀਸਤਾ ਦਰਿਆ ਸੱਪ ਵਾਂਗ ਟੇਢੇ-ਮੇਢੇ ਵਲ ਖਾਂਦਾ ਬੜੀ ਡੂੰਘਾਣ ਵਿਚ ਆਪਣੀ ਮਸਤੀ ਵਿਚ ਪਰਬਤਾਂ ਵਿਚੋਂ ਦੀ ਵਧਦਾ ਜਾ ਰਿਹਾ ਸੀ। ਵਿਚ-ਵਿਚ ਅਸੀਂ ਲਟਕੇ, ਸਾਹ ਰੋਕੀ ਵਧਦੇ, ਵਾਹਿਗੁਰੂ ਤੇ ਸੱਚੇ ਗੁਰੂ ਨਾਨਕ ਵੱਲ ਧਿਆਨ ਲਗਾਈ ਰੱਖ ਰਹੇ ਸਾਂ। ਕਈ ਥਾਈਂ ਸੜਕ ਉੱਤੇ ਉਪਰੋਂ ਰੁੜ੍ਹਕੇ ਆਏ ਭਾਰੀ ਪੱਥਰ, ਇਸ ਤਰ੍ਹਾਂ ਰਾਹ ਰੋਕੀ ਬੈਠੇ ਹੁੰਦੇ ਜਿਵੇਂ ਆਖ ਰਹੇ ਹੋਣ ‘‘ਤੁਸੀਂ ਸਾਡੀ ਧਰਤੀ ਵਿਚ ਦਖਲ ਕਿਉਂ ਦੇਣ ਆਏ ਹੋ?’’ ਪਰ ਬੌਰਡਰ ਰੋਡਜ਼ ਦੇ ਜਵਾਨ ਇਸ ਫੁਰਤੀ ਨਾਲ ਪੱਥਰ ਤੋੜ ਕੇ ਬੁਲਡੋਜ਼ਰਾਂ ਰਾਹੀਂ ਜਾਂ ਕੁਦਾਲੀ ਜਾਂ ਹੱਥਾਂ ਰਾਹੀਂ ਰਾਹ ਸਾਫ਼ ਕਰਦੇ, ਇਕ ਮਾਨਵੀ-ਅਜੂਬਾ ਹੀ ਲਗਦੇ ਸਨ।
ਪਹਾੜੀਆਂ ਕੱਟ ਕੇ ਬਣਾਈ ਸੜਕ ਉੱਤੇ ਕਈ ਵਾਰ ਪਹਾੜੀ ਵਿਚੋਂ ਸਿੰਮਦੇ ਪਾਣੀ ਦਾ ਮੀਂਹ ਵਰ੍ਹਦਾ। ਤੀਸਤਾ ਉੱਪਰ ਤੇ ਛੋਟੇ-ਮੋਟੇ ਨਾਲਿਆਂ ਉੱਪਰ ਬਣੇ ਪੁਲ ਆਪਣੇ ਆਪ ਵਿਚ ਨਜ਼ਾਰਾ ਸਨ। ਜੰਗਲ ਕੋਲ ਇਕ ਪੁਲ ਨਾਲੇ ਦੀ ਸਤਹ ਤੋਂ ਦੋ ਸੌ ਫੁੱਟ ਉੱਤੇ ਬਣਾਇਆ ਗਿਆ ਸੀ ਜਿਸ ਨੂੰ ਦੁਨੀਆਂ ਦਾ ਸਮੁੰਦਰ ਦੀ ਸਤਹਿ ਤੋਂ ਸਭ ਤੋਂ ਉੱਚਾ ਪੁਲ ਆਖਿਆ ਜਾਂਦਾ ਹੈ। ਸਿੱਧੀਆਂ ਤਰਾਸ਼ੀਆਂ ਪਹਾੜੀਆਂ ਵੇਖ ਵੇਖ ਕੁਦਰਤ ਦੇ ਕਮਾਲ ਤੋਂ ਵਾਰੇ ਵਾਰੇ ਜਾਈਦਾ ਹੈ। ਥਾਓਂ ਥਾਈਂ ਪਿਆਰੇ ਝਰਨੇ ਸਨ। ਪਰਬਤੋਂ ਡਿਗਦਾ ਦੁੱਧ ਚਿੱਟਾ ਪਾਣੀ ਕਿਸੇ ਚਾਂਦੀ ਰੰਗੇ ਵਾਲਾਂ ਦੀ ਅਨੂਠਾ ਖਿਲਾਰਾ ਜਾਪਦਾ ਸੀ।
ਚੁੰਗਥਾਂਗ ਦੀ ਵਾਦੀ ਤਕਰੀਬਨ ਦਸ ਵਜੇ ਸਵੇਰੇ ਨਜ਼ਰ ਆਉਣ ਲੱਗ ਪਈ। ਉੱਚੇ ਉੱਚੇ ਪਰਬਤਾਂ ਵਿਚ ਘਿਰੀ ਸੁਹਾਣੀ ਭਰੀ-ਪੁਰੀ ਵਾਦੀ ਵਿਚ ਉੱਚੇ-ਉੱਚੇ ਮਕਾਨਾਂ ਤੇ ਝੰਡਿਆਂ ਦਾ ਜਿਵੇਂ ਮੇਲਾ ਲੱਗਿਆ ਹੋਵੇ। ਲੰਬੇ ਸਫਰ ਪਿੱਛੋਂ ਇਹ ਪਹਿਲੀ ਵਾਦੀ ਸੀ ਜਿੱਥੇ ਕੋਈ ਫਸਲ ਵੇਖਣ ਨੂੰ ਮਿਲੀ ਸੀ। ਧੁੱਪ ਵਿਚ ਚਮਕਦੇ ਪੀਲੇ ਧਾਨਾਂ ਦੇ ਖੇਤ ਇਸ ਪਰਬਤੀ ਇਲਾਕੇ ਦੀ ਖਾਸੀਅਤ ਹਨ।
ਪਿੱਛੋਂ ਫੌਜ ਤੇ ਆਸਾਮ ਰਾਈਫਲਜ਼ ਦੇ ਪਹੁੰਚਣ ਤੇ ਇਸ ਥਾਂ ਗੁਰਦੁਆਰਾ ਸਾਹਿਬ ਵੀ ਤਿਆਰ ਕੀਤਾ ਗਿਆ ਜਿਸ ਦੇ ਲਈ ਸੂਬੇਦਾਰ ਮੇਜਰ ਉੱਪਲ ਤੇ ਆਸਾਮ ਰਾਈਫਲਜ਼ ਦੀ ਸੇਵਾ ਤੇ ਸਹਿਯੋਗ ਯਾਦਗਾਰੀ ਹਨ।
ਕੁਝ ਲਾਮਾ ਵੀ ਸਾਨੂੰ ਵੇਖਕੇ ਆ ਪਹੁੰਚੇ। ਇਕ ਬਜ਼ੁਰਗ ਲਾਮਾ ਤੋਂ ਗੁਰੂ ਨਾਨਕ ਦੇਵ ਜੀ ਦੀ ਸਿਕਿਮ ਯਾਤਰਾ ਬਾਰੇ ਪੁੱਛਿਆ ਤਾਂ ਉਸ ਨੇ ਗੁਰੂ ਜੀ ਦੀ ਏਧਰ ਦੀ ਯਾਤਰਾ ਦਾ ਹਾਲ ਬੜੇ ਵਿਸਥਾਰ ਨਾਲ ਸਮਝਾਇਆ।
ਉਸ ਦੱਸਿਆ, ‘‘ਗੁਰੂ ਜੀ ਸਾਕਿਆ- ਮੱਠ ਤੋਂ ਲਾਵੂ ਗੋਂਫਾ ਪਹੁੰਚੇ ਜਿੱਥੋਂ ਉਹ ਸਿਕਿਮ ਵਿਚ ਛੋਰਟੇਨ-ਨਈਮਾਲਾ ਦੱਰੇ ਰਾਹੀਂ ਆਏ। ਤਿੱਬਤ ਵਿਚ ਗੁਰੂ ਜੀ ਤਰਾਸੁੰਗ ਦਿਓਚੰਗ ਜੋ ਉਸ ਵੇਲੇ ਤਿਬਤ ਜਾ ਰਾਜਾ ਸੀ, ਦੇ ਸੱਦੇ ਤੇ ਆਏ ਸਨ। ਗੁਰੂ ਜੀ ਨੂੰ ਉਸਨੇ ਸਾਕਿਆ ਮੱਠ ਦੀ ਉਸਾਰੀ ਵਿਚ ਮੱਦਦ ਲਈ ਬੁਲਾਇਆ ਸੀ ਕਿਉਂਕਿ ਸਾਕਿਆ ਦੇ ਇਲਾਕੇ ਵਿਚ ਭੂਤ-ਪਰੇਤਾਂ ਤੇ ਬੁਰੇ ਲੋਕਾਂ ਦਾ ਬੜਾ ਜ਼ੋਰ ਸੀ ਤੇ ਉਹ ਕਿਸੇ ਧਰਮ ਦਾ ਕੰਮ ਹੋਣ ਹੀ ਨਹੀਂ ਦਿੰਦੇ ਸਨ। ਉਹ ਮਨੁੱਖਾਂ ਨੂੰ ਭੁੰਨ ਕੇ ਖਾ ਜਾਂਦੇ ਸਨ। ਗੁਰੂ ਜੀ ਤਿੱਬਤੀ ਕਲੰਡਰ ਦੇ ਨੌਵੇਂ ਮਹੀਨੇ ਸਾਕਿਆ ਮੱਠ ਪਹੁੰਚੇ। ਉਥੋਂ ਦੇ ਲਾਮਿਆਂ ਦੇ ਕਹਿਣ ਤੇ ਗੁਰੂ ਜੀ ਨੇ ਬੁਰੀਆਂ ਰੂਹਾਂ ਨੂੰ ਕਾਬੂ ਕਰ ਲਿਆ ਇਸ ਨਾਲ ਮੱਠ ਸੌਖਾ ਸੰਪੂਰਨ ਹੋਇਆ। ਹਰ ਸਾਲ ਸਾਕਿਆ ਮੱਠ ਵਿਚ ਇਸ ਪੁਰਬ ਦੀ ਯਾਦ ਵਿਚ ਮੇਲਾ ਭਰਦਾ ਹੈ ਜਿਸ ਵਿਚ ਜਕੜੀਆਂ ਬੁਰੀਆਂ ਰੂਹਾਂ ਦਾ ਸਾਂਗ ਕਰਕੇ ਬੋਧੀ ਨਚਾਕ ਮੁਖੌਟੇ ਪਾਈ ਜੰਜੀਰਾਂ ਵਿਚ ਜਕੜੇ ਨੱਚਦੇ, ਅੱਥਰੂ ਵਹਾਂਦੇ ਪਛਤਾਵਾ ਕਰਦੇ ਹਨ।
ਗੁਰੂ ਜੀ ਜਦੋਂ ਛੋਰਟੇਨ ਨਈਮਾਲਾ ਪਹੁੰਚੇ ਤਾਂ ਏਸ ਥਾਂ ਦੀ ਕੁਦਰਤੀ ਸੁੰਦਰਤਾ ਵੇਖ ਕੇ ਅਨੰਦ ਵਿਭੋਰ ਹੋ ਆਪਣੀ ਮਾਲਾ ਖਿੰਡਾਉਣ ਲਗ ਪਏ। ਜਿੱਥੇ ਜਿੱਥੇ ਮਾਲਾ ਦੇ ਮਣਕੇ ਡਿੱਗੇ ਛੋਟੀਆਂ ਮਾਲਾ ਵਰਗੀਆਂ ਝੀਲਾਂ ਬਣ ਗਈਆਂ। ਹੁਣ ਉਸ ਥਾਂ ਇਸ ਸੌ ਅੱਠ ਝੀਲਾਂ ਮਾਲਾ ਵਰਗੀਆਂ ਹੀ ਜਾਪਦੀਆਂ ਹਨ। ਨਈਮਾਲਾ (ਨਵੀਂ ਮਾਲਾ ਵੇਖ ਗੁਰੂ ਜੀ ਨੇ ਉਸ ਥਾਂ ਦਾ ਨਾਂ ਨਈ-ਮਾਲਾ ਰੱਖ ਦਿੱਤਾ। ਇਸ ਥਾਂ ਨੂੰ ਪੂਜਾ ਯੋਗ ਜਾਣ ਲਾਮਿਆਂ ਨੇ ਉਥੇ ਛੋਰਟੇਨ (ਲਾਮਾ ਪੂਜਾ ਸਥਾਨ) ਬਣਾ ਦਿੱਤਾ। ਹੁਣ ਇਸ ਥਾਂ ਛੋਰਟੇਨ ਨਈਮਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਝੀਲਾਂ ਦੀ ਸੁੰਦਰਤਾ ਦੇਖਦੇ ਹੀ ਬਣਦੀ ਹੈ।
ਨਈਮਾਲਾ, ਲੰਘਕੇ ਗੁਰੂ ਜੀ ਤੌਂਗ ਪੈਨ ਹੁੰਦੇ ਹੋਏ ਮੁੱਗੂਥਾਂਗ ਨਾਂ ਦੀ ਥਾਂ ਪਹੁੰਚੇ। ਮੁੱਗੂਥਾਂਗ ਗੁਰੂ ਜੀ ਹਫ਼ਤਾ ਕੁ ਭਰ ਰਹੇ ਤੇ ਆਸੇ ਪਾਸੇ ਦੀਆਂ ਬਸਤੀਆਂ ਵਿਚ ਗਏ।
ਮੁੱਗੂਥਾਂਗ ਦੀ ਪ੍ਰਚਲਤ ਲੋਕ-ਗਾਥਾ ਅਨੁਸਾਰ ਉੱਥੇ ਇਕ ਝੀਲ ਵਿਚ ਦੋ ਦੈਂਤ ਰਹਿੰਦੇ ਸਨ ਜੋ ਮਨੁੱਖ ਨੂੰ ਹੜੱਪ ਜਾਂਦੇ ਸਨ। ਲੋਕਾਂ ਨੇ ਗੁਰੂ ਜੀ ਅੱਗੇ ਇਨ੍ਹਾਂ ਦੈਂਤਾਂ ਤੋਂ ਛੁਟਕਾਰਾ ਦਿਵਾਣ ਦੀ ਬਿਨਤੀ ਕੀਤੀ। ਗੁਰੂ ਜੀ ਨੇ ਉਨ੍ਹਾਂ ਦੈਂਤਾਂ ਨੂੰ ਖ਼ਤਮ ਕਰਨ ਲਈ ਇਕ ਭਾਰਾ ਪੱਥਰ ਪਹਾੜੀ ਤੋਂ ਝੀਲ ਵਲ ਰੋੜ੍ਹਿਆ। ਦੋਨੋਂ ਦੈਂਤ ਰੁੜ੍ਹਦਾ ਆਉਂਦਾ ਵਿਸ਼ਾਲ ਪੱਥਰ ਵੇਖ ਝੀਲ ਵਿਚੋਂ ਨਿਕਲਕੇ ਗੁਰੂ ਜੀ ਅੱਗੇ ਹੱਥ ਜੋੜਕੇ ਆਪਣੇ ਬਚਾਓ ਲਈ ਬਿਨਤੀ ਕਰਨ ਲੱਗੇ। ਗੁਰੂ ਜੀ ਨੇ ਰੱਸੀ ਸੁੱਟਕੇ ਰੁੜ੍ਹਦਾ ਪੱਥਰ ਰੋਕ ਲਿਆ। ਉਹ ਰੁੜ੍ਹਦਾ ਪੱਥਰ ਅਜੇ ਵੀ ਉਵੇਂ ਹੀ ਰੁਕਿਆ ਹੋਇਆ ਹੈ ਤੇ ਉਸ ਉਪਰ ਰੱਸੀ ਦੇ ਨਿਸ਼ਾਨ ਸਾਫ਼ ਦਿਸਦੇ ਹਨ। ਦੋਨੋਂ ਦੈਂਤ ਜਾਨ ਬਖਸ਼ੀ ਲਈ ਗੁਰੂ ਜੀ ਦੇ ਸ਼ੁਕਰਗੁਜ਼ਾਰ ਹੋਏ ਤੇ ਚਰਨੀ ਆ ਪਏ। ਗੁਰੂ ਜੀ ਨੇ ਉਨ੍ਹਾਂ ਨੂੰ ਮਾਨਵ-ਖਾਣ ਜਾਂ ਮਨੁੱਖਾਂ ਨੂੰ ਦੁਖੀ ਕਰਨ ਤੋਂ ਰੋਕਿਆ ਤੇ ਈਸ਼ਵਰ ਭਗਤੀ ਵਲ ਲਾਇਆ।
ਇਕ ਹੋਰ ਰਾਕਸ਼ ਰੰਭਾ, ਗੁਰੂ ਜੀ ਅੱਗੇ ਪਹਿਲੇ ਦੈਂਤਾਂ ਦੇ ਝੁਕਣ ਦੀ ਗਾਥਾ ਸੁਣਕੇ, ਸਨਮੁੱਖ ਹੋ ਗੁਰੂ ਜੀ ਨੂੰ ਵੰਗਾਰਨ ਲੱਗਾ। ਗੁਰੂ ਜੀ ਨੇ ਉਸ ਉੱਪਰ ਇਕ ਭਾਰਾ ਪੱਥਰ ਸੁੱਟਿਆ ਤਾਂ ਉਹ ਚੂਹੇ ਦਾ ਰੂਪ ਧਾਰ ਇਕ ਹੋਰ ਵੱਡੇ ਪੱਥਰ ਥੱਲੇ ਜਾ ਛੁਪਿਆ। ਗੁਰੂ ਜੀ ਨੇ ਦੋ ਹੋਰ ਵੱਡੇ ਪੱਥਰ ਚੁੱਕੇ ਤੇ ਗੀਟੇ ਖੇਡਣ ਲੱਗੇ। ਰੰਭਾ ਨੇ ਜਦ ਗੁਰੂ ਜੀ ਨੂੰ ਵਿਸ਼ਾਲ ਪੱਥਰਾਂ ਨਾਲ ਗੀਟੇ ਖੇਡਦੇ ਵੇਖਿਆ ਤਾਂ ਡਰਿਆ ਵੀ ਤੇ ਉਤਸੁਕ ਹੋਇਆ ਮੋਰੀ ਵਿਚੋਂ ਦੀ ਗੁਰੂ ਜੀ ਵੱਲ ਇਕ ਟੱਕ ਵੇਖਣ ਲੱਗਾ। ਗੁਰੂ ਜੀ ਨੇ ਚੁਸਤੀ ਨਾਲ ਇਕ ਪੱਥਰ ਉਸਦੇ ਉਭਰੇ ਨੱਕ ਤੇ ਮਾਰਿਆ ਜੋ ਉਤੇ ਹੀ ਚਿਪਕ ਗਿਆ। ਚੀਕਦੇ ਹੋਏ ਰੰਭਾ ਗੁਰੂ ਜੀ ਦੇ ਚਰਨੀ ਆ ਪਿਆ। ਨੱਕ ਤੇ ਚਿਪਕੇ ਪੱਥਰ ਕਾਰਨ ਹੋਈ ਬੰਦ ਨਜ਼ਰ ਦੇ ਬਦਲੇ ਰੰਭਾ ਨੇ ਤੀਜੀ ਅੱਖ ਦੀ ਬਿਨਤੀ ਕੀਤੀ ਜੋ ਗੁਰੂ ਜੀ ਨੇ ਬਖਸ਼ ਦਿੱਤੀ। ਗੁਰੂ ਜੀ ਤੇ ਰੰਭਾ ਦੀ ਇਹ ਗਾਥਾ ਵੀ ਉਸ ਵਾਦੀ ਦੀ ਪ੍ਰਸਿੱਧ ਗਾਥਾ ਹੈ ਤੇ ਗੁਰੂ ਜੀ ਸਬੰਧਤ ਏਸੇ ਘਟਨਾ ਵਾਲੇ ਦਿਨ ਮੇਲਾ ਭਰਦਾ ਹੈ।
ਮੁੱਗੂਥਾਂਗ ਤੋਂ ਹੀ ਗੁਰੂ ਜੀ ਕੇਦਾਂਗ, ਸ਼ੇਰਾਂਗ ਤੇ ਗੁਆਲਾਂਗ ਵਾਦੀਆਂ ਵਿਚ ਗਏ। ਕੇਦਾਂਗ ਦੇ ਸੁਹਾਣੇ ਸੁੰਦਰ ਰੰਗ ਬਰੰਗੇ ਫੁੱਲਾਂ ਭਰੀ ਵਾਦੀ ਵੇਖ ਗੁਰੂ ਜੀ ਅਨੰਦਤ ਹੋ ਗਏ ਤੇ ਇਸ ਵਾਦੀ ਦਾ ਨਾਮ ‘‘ਸੁੰਦਰ ਵਾਦੀ’’ ਰਖਿਆ। ਗੁਆਲਾਂਗ ਵਿਚ ਗਾਹੜੀ ਧੁੰਦ, ਹਰ ਦਮ ਛਾਏ ਬੱਦਲ, ਤਿੱਖੀਆਂ ਹਵਾਵਾਂ ਤੇ ਲਗਾਤਾਰ ਪੈਂਦੇ ਮੀਂਹ ਨੇ ਗੁਰੂ ਜੀ ਨੂੰ ਪ੍ਰਭਾਵਿਤ ਕੀਤਾ। ਇਥੋਂ ਗੁਰੂ ਜੀ ਸ਼ੇਰਾਂਗ ਗਏ ਤਾਂ ਉਥੋਂ ਦੇ ਲੋਕ ਪਸ਼ੂਆਂ ਬਹੁਤ ਵੱਢਦੇ ਸਨ। ਇਹ ਦੇਖ ਗੁਰੂ ਜੀ ਨੇ ਵਾਦੀ ਦਾ ਨਾਂ ‘ਕਸਾਈ ਵਾਦੀ’ ਰੱਖ ਦਿੱਤਾ। ਹੁਣ ਇਨ੍ਹਾਂ ਵਾਦੀਆਂ ਦੇ ਨਾਂ ‘ਉਦਾਸ ਵਾਦੀ’ ‘ਸੁੰਦਰ ਵਾਦੀ’ ਤੇ ਕਸਾਈ ਵਾਦੀ’ ਹਨ। ਮੁੱਗੂਥਾਂਗ ਤੋਂ ਹੀ ਗੁਰੂ ਜੀ ਬਿੰਦੂ ਤੇ ਲਈਇੰਗਕਾ ਵੀ ਗਏ ਜਿਥੋਂ ਉਹ ਗੀਆਗੌਂਗ ਹੁੰਦੇ ਹੋਏ ਸੋਰਾ ਪਹੁੰਚੇ ਤੇ ਇਕ ਵੱਡੀ ਝੀਲ ਦੇ ਕਿਨਾਰੇ ਰੁਕੇ। ਚਰਵਾਹੇ ਗੁਰੂ ਜੀ ਦੁਆਲੇ ਆ ਬੈਠੇ। ਇਕ ਚਰਵਾਹੇ ਨੇ ਬੇਨਤੀ ਕੀਤੀ, ‘‘ਬਾਬਾ ਜੀ, ਜਦ ਬਰਫ਼ਾਂ ਪੈਂਦੀਆਂ ਨੇ ਤਾਂ ਏਥੇ ਪਾਣੀ ਜੰਮ ਜਾਂਦਾ ਹੈ। ਪੀਣ ਲਈ ਵੀ ਪਾਣੀ ਨਹੀਂ ਮਿਲਦਾ। ਕੋਈ ਉਪਾ ਦੱਸੋ। ਗੁਰੂ ਜੀ ਨੇ ਆਪਣੀ ਡਾਂਗ ਬਰਫ਼ ਜੰਮੀ ਝੀਲ ਦੇ ਪਾਣੀ ਉਤੇ ਦੇ ਮਾਰੀ। ਪਾਣੀ ਨਿਖੜ ਗਿਆ। ਦੁੱਧ ਚਿੱਟੀ ਝੀਲ ਦਾ ਪਾਣੀ ਉਸ ਪਿੱਛੋਂ ਕਦੇ ਨਹੀਂ ਜੰਮਿਆਂ ਤੇ ਵਾਸੀਆਂ ਲਈ ਪਾਣੀ ਦਾ ਸਦਾ ਦਾ ਖਜ਼ਾਨਾ ਖੁੱਲ੍ਹ ਗਿਆ। ਅਜੇ ਤੱਕ ਝੀਲ ਦਾ ਨਾਮ ਤੇ ਨਾਲ ਲਗਦੇ ਪਹਾੜ ਦਾ ਨਾਮ ਵੀ ਗੁਰੂਡਾਂਗਮਾਰ ਹੈ।
ਫਿਰ ਇਕ ਚਰਵਾਹੇ ਨੇ ਬੇਨਤੀ ਕੀਤੀ, ‘‘ਬਾਬਾ ਜੀ, ਏਨੀ ਉਚਾਈ ਤੇ ਬਰਫ਼ਾਂ ਵਿਚ ਰਹਿੰਦੇ, ਟੱਬਰਾਂ ਤੋਂ ਦੂਰ ਜਦ ਵਾਪਸ ਪਰਤਦੇ ਹਾਂ ਤਾਂ ਸਾਡੀ ਮਰਦਾਨਗੀ ਨਹੀਂ ਰਹਿੰਦੀ, ਕੁਝ ਕਰੋ।’ ਗੁਰੂ ਜੀ ਨੇ ਡਾਂਗਮਾਰ ਝੀਲ ਦੇ ਜਲ ਵਲ ਇਸ਼ਾਰਾ ਕਰਕੇ ਕਿਹਾ ‘ਇਸ ਦਾ ਜਲ ਛਕ ਲੈਣਾ। ਤੁਹਾਡੇ ਸਰੀਰ ਵਿਦ ਸਦਾ ਪਰਬਤ ਸ਼ਕਤੀ ਰਹੇਗੀ।’ ਉਸ ਪਿੱਛੋਂ ਉਸ ਝੀਲ ਦਾ ਪਵਿੱਤਰ ਪਾਣੀ ਰੱਬੀ ਨਿਹਮਤ ਜਾਣਕੇ ਦੂਰ ਦੂਰ ਦੇ ਲੋਕ ਬੋਤਲਾਂ ਵਿਚ ਭਰ ਭਰ ਕੇ ਲੈ ਜਾਣ ਲੱਗ ਪਏ ਹਨ।
ਗੁਰੂਡਾਂਗਮਾਰ ਝੀਲ ਤੋਂ ਗਗੌਂਗ, ਲੁਕਰੈਪ, ਯੋਂਗੜੀ ਹੁੰਦੇ ਹੋਏ ਅੱਗੇ ਥਾਂਗੂ ਪਹੁੰਚੇ ਜਿੱਥੇ ਗੁਰੂ ਜੀ ਦੋ ਦਿਨ ਰਹੇ। ਗੁਰੂ ਜੀ ਦੀ ਯਾਦ ਵਿਚ ਏਥੇ ਪੱਥਰ ਉੱਤੇ ਗੁਰੂ ਜੀ ਦਾ ਨਿਸ਼ਾਨ ਸੀ। ਇਹ ਪੱਥਰ ਸੜਕ ਬਣਾਉਣ ਵਾਲਿਆਂ ਨੇ ਬਾਰੂਦ ਨਾਲ ਉੱਡਾ ਦਿੱਤਾ ਸੀ ਤੇ। ਤੀਸਤਾ ਨਦੀ ਵਿਚ ਜਾ ਡਿੱਗਿਆ ਸੀ। ਜਿਸ ਨੂੰ ਪਿੱਛੋਂ ਲਾਚੇਨ ਲਾਮਾ ਨੇ ਲੱਭ ਲਿਆ ਤੇ ਲਾਚਿਨ ਗੋਂਫਾਂ ਵਿਚ ਸੰਭਾਲ ਦਿੱਤਾ। ਗੁਰੂ ਜੀ ਦੀ ਯਾਦ ਵਿਚ ਏਥੇ ਇਕ ਛੋਰੇਟਨ (ਪੂਜਾ ਸਥਾਨ) ਬਣਾਇਆ ਜਿਸ ਵਿਚ ਗੁਰੂ ਜੀ ਦੀਆਂ 108 ਮੂਰਤੀਆਂ ਬੰਦ ਕਰ ਰੱਖੀਆਂ ਹੋਈਆਂ ਹਨ।
ਥਾਂਗੂ ਤੋਂ ਗੁਰੂ ਜੀ ਦਾ ਅਗਲਾ ਪੜਾ ਲਾਚਿਨ ਸੀ। ਲਾਚਿਨ ਗੁਰੂ ਜੀ ਦੇ ਚਰਨ ਚਿੰਨ੍ਹ, ਵਸਤਰ ਤੇ ਕਮੰਡਲ ਸੰਭਾਲੇ ਹੋਏ ਹਨ। ਇਹ ਚਰਨ ਚਿੰਨ੍ਹ ਥਾਂਗੂ ਨੇੜੇ ਇਕ ਪੱਥਰ ਉੱਪਰ ਲੱਗੇ ਸਨ ਪਰ ਜਿਨ੍ਹਾਂ ਨੂੰ ਬਾਰਡਰ ਰੋਡ ਵਾਲਿਆਂ ਨੇ ਗਲਤੀ ਨਾਲ ਮੁੱਖ ਪੱਥਰ ਨਾਲੋਂ ਤੋੜ ਦਿੱਤਾ ਸੀ। ਉਥੋਂ ਦਾ ਲਾਮਾ ਉਨ੍ਹਾਂ ਚਰਨ ਚਿਨ੍ਹਾਂ ਨੂੰ ਲੈ ਆਇਆ ਸੀ। ਉਥੇ ਗੁਰੂ ਨਾਨਕ ਦੇਵ ਡੀ ਉਹ ਵਸਤਰ ਛੱਡ ਗਏ ਜੋ ਉਨ੍ਹਾਂ ਨੂੰ ਤਿੱਬਤ ਦੇ ਰਾਜੇ ਨੇ ਭੇਟ ਕੀਤੇ ਸਨ। ਤਿੱਬਤੀ ਰਾਜੇ ਦੇ ਗੁਰੂ ਨਾਨਕ ਦੇਵ ਜੀ ਨੂੰ ਦਿੱਤੇ ਵਸਤਰ ਵੀ ਗੁਰੂ ਜੀ ਨੇ ਏਥੇ ਦੇ ਲੋਕਾਂ ਨੂੰ ਦੇ ਦਿੱਤੇ ਜੋ ਉਨ੍ਹਾਂ ਨੇ ਸੰਭਾਲ ਲਏ। ਇਹ ਵਸਤਰ ਰਾਜੇ ਨੇ ਉਦੋਂ ਦਿੱਤੇ ਸਨ ਜਦ ਗੁਰੂ ਨਾਨਕ ਦੇਵ ਜੀ ਤਿੱਬਤ ਦੇ ਸਾਕਿਆ ਮੱਠ ਗਏ ਤੇ ਸਾਕਿਆ ਮੱਠ ਨੂੰ ਅਤੇ ਲਾਵੂ ਗੋਂਫਾ ਨੂੰ ਵਧਾਉਣ ਵਿਚ ਮੱਦਦ ਕੀਤੀ ਸੀ। ਉਥੇ ਦੇ ਗੋਂਫਾ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਪੂਜਾ ਹੁੰਦੀ ਹੈ। ਲਾਚਿਨ ਤੇ ਥਾਂਗੂ ਜਾਓ ਤਾਂ ਉਥੋਂ ਦੇ ਲਾਮਾ ਨੂੰ ਮਿਲੇ। ਉਥੇ ਗੁਰੂ ਜੀ ਦੇ ਚਰਨ-ਚਿੰਨ੍ਹ ਵੀ ਇਕ ਪੱਥਰ ਤੇ ਸੰਭਾਲੇ ਪਏ ਹਨ। ਗੁਰੂ ਜੀ ਜੌੜੇ ਪੁਲ ਵੀ ਗਏ ਸਨ ਇਸ ਸਭ ਬਾਰੇ ਪੂਰੀ ਸੂਚਨਾ ਥਾਂਗੂ ਦੇ ਲਾਮੇ ਕੋਲ ਹੈ।
ਲਾਚਿਨ ਤੋਂ ਜੌੜੇ ਪੁਲ ਹੁੰਦੇ ਹੋਏ ਗੁਰੂ ਨਾਨਕ ਚੁੰਗਥਾਂਗ ਪਹੁੰਚੇ। ਏਥੇ ਪਹੁੰਚਕੇ ਗੁਰੂ ਜੀ ਨੇ ਇਕ ਟਿੱਲੇ ਤੇ ਆ ਡੇਰਾ ਲਾiਆ ਤਾਂ ਆਸ ਪਾਸ ਦੀਆਂ ਝੁੱਗੀਆਂ ਵਿਚੋਂ ਲੋਕੀ ਆ ਗੁਰੂ ਜੀ ਉਦਾਲੇ ਖੜ੍ਹੇ ਹੋਏ ਕਿਉਂਕਿ ਏਸ ਥਾਂ ਬਾਹਰੋਂ ਕਿਸੇ ਪੁਰਸ਼ ਦਾ ਆਉਣਾ ਤੇ ਉਹ ਵੀ ਕਿਸੇ ਦੂਸਰੇ ਮੁਲਕ ਦੇ ਰਹਿਣ ਵਾਲੇ ਦਾ ਇਕ ਅਜੀਬ ਗੱਲ ਸੀ। ਗੁਰੂ ਜੀ ਅਜੇ ਲੋਕਾਂ ਨਾਲ ਗੱਲਬਾਤ ਲਈ ਤਿਆਰ ਹੀ ਹੋ ਰਹੇ ਸਨ ਕਿ ਪਾਸ ਵਾਲੀ ਪਹਾੜੀ ਤੇ ਬੈਠਾ ਦੈਂਤ ਨੁਮਾ ਮਾਨਵ ਗੁਰੂ ਜੀ ਦਾ ਏਥੇ ਆਉਣਾ ਆਪਣੇ ਇਲਾਕੇ ਵਿਚ ਦਖਲ ਸਮਝ ਬੈਠਾ। ਉਹ ਕਿਵੇਂ ਜਾਣਦਾ ਕਿ ਗੁਰੂ ਜੀ ਤਾਂ ਨਾਮ ਦਾਨ ਵੰਡਣ ਆਏ ਹਨ ਕੁਝ ਲੈਣ ਨਹੀਂ ਸਨ ਆਏ ਆਪਣੇ ਇਲਾਕੇ ਵਿਚ ਨਵੇਂ ਦਖਲ ਨੂੰ ਉਹ ਜਰ ਨਾ ਸਕਿਆ ਤ ੇਉਸਨੇ ਇਕ ਵਿਸ਼ਾਲ ਪੱਥਰ ਗੁਰੂ ਜੀ ਵੱਲ ਵਗਾਹਿਆ।
ਉਪਰੋਂ ਭਿਆਨਕ ਪੱਥਰ ਆਉਾਂਦਾ੨ੇਖ ਗੁਰੂ ਜੀ ਦੇ ਸਾਥੀ ਅਤੇ ਉਥੋਂ ਦੇ ਵਾਸੀ ਸਭ ਘਬਰਾ ਗਏ। ਪਰ ਗੁਰੂ ਜੀ ਨੇ ਆਉਂਦੇ êੱਥਰ ਨੂੰ ਉਂਗਲੀ ਨਾਲ ਇਕ ਪਾਸੇ ਝਟਕਾ ਦਿੱਤਾ। ਪੱਥਰ ਦੂਜੇ ਪਾਸੇ ਧਰਤੀ ’ਤੇ ਜਾ ਟਿਕਿਆ। ਗੁਰੂ ਜੀ ਨੇ ਨੇੜੇ ਹੀ ਆਪਣੀ ਖੂੰਡੀ ਗੱਡ ਕੇ ਆਖਿਆ ‘‘ਹੁਣ ਤਾਂ ਅਸੀਂ ਏਥੇ ਹੀ ਟਿਕਾਂਗੇ।’’ ਤੇ ਸਾਥੀਆਂ ਸਮੇਤ, ਪੱਥਰ ਨੂੰ ਉੱਚੀ ਥਾਂ ਜਾਣ ਉਸ ਪੱਥਰ ਉਪਰ ਜਾ ਬੈਠੇ।
ਪੱਥਰ ਉੱਪਰ ਚੜ੍ਹਦਿਆਂ ਗੁਰੂ ਜੀ ਦੇ ਪੈਰਾਂ ਦੇ ਨਿਸ਼ਾਨ ਪੱਥਰ ਉਪਰ ਪੱਕੇ ਪੈ ਗਏ। ਦਰਸ਼ਕ ਤੇ ਸਾਥੀ ਗੁਰੂ ਜੀ ਦੇ ਚਰਨੀਂ ਡਿੱਗ ਪਏ। ਕੁਝ ਚਿਰ ਟਿਕ ਕੇ ਗੁਰੂ ਜੀ ਨੇ ਆਪਣੇ ਕੇਲੇ ਦੇ ਪੱਤੇ ਵਿਚ ਸੰਭਾਲੇ ਚਾਵਲ ਕੱਢੇ ਤੇ ਛਕਣ ਲੱਗੇ। ਕੇਲੇ ਦੇ ਪੱਤੇ ਤੇ ਚਾਵਲ ਉਸ ਥਾਂ ਲਈ ਬਿਲਕੁੱਲ ਨਵੇਂ ਸਨ। ਲੋਕਾਂ ਨੇ ਬਿਨਤੀ ਕੀਤੀ ‘‘ਮਹਾਰਾਜ ਏਥੇ ਤਾਂ ਕੁਝ ਨਹੀਂ ਹੁੰਦਾ’’ ਗੁਰੂ ਜੀ ਨੇ ਉਸੇ ਵੇਲੇ ਚਾਵਲਾਂ ਦਾ ਉਸੇ ਇਲਾਕੇ ਵਿਚ ਛਿੱਟਾ ਮਾਰਿਆ ਤੇ ਕੇਲੇ ਦੇ ਪੱਤੇ ਨੇੜੇ ਹੀ ਦੱਬ ਦਿੱਤੇ। ਉਸ ਦਿਨ ਤੋਂ ਇਸ ਵਾਦੀ ਵਿਚ ਚਾਵਲਾਂ ਦੀ ਖੇਤੀ ਤੇ ਕੇਲੇ ਦੀ ਉਪਜ ਸ਼ੁਰੂ ਹੋ ਗਈ। ਜਿਸ ਖੇਤ ਵਿਚ ਗੁਰੂ ਜੀ ਨੇ ਚਾਵਲ ਖਿੰਡਾਏ ਉਹ ਖੇਤ ਹੁਣ ਹਮੇਸ਼ਾ ਹਰਾ ਭਰਾ ਰਹਿੰਦਾ ਹੈ। ਇਸ ਰਾਜ ਦਾ ਨਾਮ ਬੜਾ ਚਿਰ ਚਾਉਲਾਂ ਦੀ ਵਾਦੀ ਨਾਲ ਮਸ਼ਹੂਰ ਰਿਹਾ ਹੈ ਜਿਸ ਨੂੰ ਅੱਜਕੱਲ੍ਹ ਸਿਕਿਮ ਕਿਹਾ ਜਾਣ ਲੱਗ ਪਿਆ ਹੈ।
ਇਕ ਬੁੱਢੀ ਮਾਈ ਨੇ ਬਿਨੈ ਕੀਤੀ, ‘‘ਗੁਰੂ ਜੀ ਮੈਂ ਬੜੀ ਬਿਰਧ ਹਾਂ। ਪਾਣੀ ਏਥੋਂ ਬੜੀ ਦੂਰ ਹੈ। ਘਰ ਇਕੱਲੀ ਹਾਂ। ਪਾਣੀ ਢੋਆ ਨਹੀਂ ਜਾਂਦਾ ਕੋਈ ਉਪਾ।’’ ਜਿਸ ਪੱਥਰ ਤੇ ਗੁਰੂ ਜੀ ਬੈਠੇ ਸਨ ਉਸ ਦਾ ਇਕ ਕੋਨਾ ਗੁਰੂ ਜੀ ਨੇ ਹੱਥਾਂ ਨਾਲ ਫਰੋਲਿਆ। ਈਸ਼ਵਰ ਦੀ ਮਰਜ਼ੀ! ਇਕ ਝਰਨਾ ਉਛਲਿਆ ਤੇ ਸਾਰੇ ਸੀਤਲ ਜਲ ਪੀਣ ਲਈ ਨੱਸੇ। ਗੁਰੂ ਜੀ ਉਸ ਇਲਾਕੇ ਦੇ ਵਾਸੀਆਂ ਲਈ ਰੱਬ ਵਾਂਗ ਹੋ ਨਿਬੜੇ। ਗੁਰੂ ਜੀ ਦੋ ਦਿਨ ਰਹਿ ਕੇ ਅੱਗੇ ਵਧ ਗਏ ਪਰ ਉਨ੍ਹਾਂ ਦੀ ਚਰਨ ਛੂਹ ਵਾਸੀਆਂ ਲਈ ਨਿਆਮਤ ਹੋ ਗਈ। ਉਨ੍ਹਾਂ ਨੇ ਉਸ ਥਾਂ ਕੋਲ ਪੱਥਰ ਦੇ ਕਿਨਾਰੇ ਉਨ੍ਹਾਂ ਗੋਂਫਾ (ਲਾਮਾ ਮੰਦਿਰ) ਬਣਾ ਦਿੱਤਾ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਮੂਰਤੀ ਰੂਪ ਵਿਚ ਸ਼ੁਰੂ ਕਰ ਦਿੱਤੀ।
ਚੁੰਗਥਾਂਗ ਤੋਂ ਗੁਰੂ ਜੀ ਲਾਚੁੰਗ ਵਾਦੀ ਵਲ ਵਧੇ। ਬਰਫ਼ ਤੇ ਠੰਢੇ ਪਾਣੀ ਕਰਕੇ ਏਥੋਂ ਦੇ ਲੋਕ ਕਦੇ ਨਹਾਉਂਦੇ ਨਹੀਂ ਸਨ। ਗੁਰੂ ਜੀ ਨੇ ਏਥੇ ਪੱਥਰ ਹਟਾਕੇ ਤੱਤੇ ਪਾਣੀ ਦਾ ਚਸ਼ਮਾਂ ਕੱਢਿਆ, ਜਿੱਥੇ ਯਾਤਰੂ ਦਰਸ਼ਨਾਂ ਲਈ ਆਉਂਦੇ ਰਹਿੰਦੇ ਹਨ। ਏਥੋਂ ਗੁਰੂ ਜੀ ਲਾਚੁੰਗ ਗੋਂਫਾ ਵੀ ਗਏ ਜਿਥੇ ਗੁਰੂ ਜੀ ਦੀ ਤਿੱਬਤ ਯਾਤਰਾ ਦੇ ਦ੍ਰਿਸ਼ ਦੀਵਾਰਾਂ ਤੇ ਬਣਾਏ ਹੋਏ ਹਨ। ਲਾਚੁੰਗ ਵਾਦੀ ਤੋਂ ਗੁਰੂ ੀਜ ਤਿੱਬਤ ਵਿਚੋਂ ਦੀ ਹੁੰਦੇ ਹੋਏ ਭੂਟਾਨ ਗਏ।’’
ਮਨ ਵਿਚ ਦੁਹਰਾਂਦਿਆਂ ਅਸੀਂ ਚੁੰਗਥਾਂਗ ਗੁਰਦੁਵਾਰਾ ਸਾਹਿਬ ਦੇ ਦੁਆਰ ਤਕ ਪਹੁੰਚ ਗਏ। ਗੁਰਦੁਵਾਰਾ ਸਾਹਿਬਬ ਦਾ ਵਿਸ਼ਾਲ ਗੇਟ ਨਵਾਂ ਨਵਾਂ ਬਣਿਆ ਸੀ। ਜਿਸਦੀ ਨੀਂਹ ਏਥੋਂ ਦੇ ਲੋਕਲ ਐਮ.ਐਲ.ਏ. ਨੇ ਰੱਖੀ ਸੀ। ਗੇਟ ਤੋਂ ਗੁਰਦੁਵਾਰਾ ਸਾਹਿਬ ਵੱਲ ਜਾਂਦਿਆਂ ਅਸੀਂ ਉਨ੍ਹਾਂ ਧਾਨ ਦੇ ਖੇਤਾਂ ਨੂੰ ਨਿਹਾਰ ਰਹੇ ਸਾਂ ਜਿਨ੍ਹਾਂ ਦਾ ਬੀਜ ਕਦੇ ਗੁਰੂ ਜੀ ਨੇ ਆਪਣੇ ਹੱਥੀਂ ਬੀਜਿਆ ਸੀ। ਰਸਤੇ ਦੇ ਦੋਨੀਂ ਪਾਸੀਂ ਬੋਧੀ ਝੰਡੇ ਲਹਿਰਾ ਰਹੇ ਸਨ ਜਿਨ੍ਹਾਂ ਉਪਰ ‘ਓਮ ਮਨੀ ਪਦਮੇ ਹਮ’ ਛਾਪਿਆ ਹੋਇਆ ਸੀ। ਅੱਗੇ ਇਕ ਪਾਸੇ ਗੁਰਦੁਵਾਰਾ ਸਾਹਿਬ ਸੀ ਜਿਸਦੇ ਕਿ ਕੋਨੇ ਇਕ ਗੋਂਫਾ (ਲਾਮਾ ਮੰਦਿਰ) ਸੀ। ਗੋਂਫਾ ਦੇ ਪਿੱਛੇ ਉਹੋ ਵਿਸ਼ਾਲ ਪੱਥਰ ਸੀ ਜਿਸਨੇ ਗੁਰੂ ਜੀ ਦੀ ਚਰਨ-ਚੂਹ ਪ੍ਰਾਪਤ ਕੀਤੀ ਸੀ। ਗੋਂਫਾ ਦੇ ਅੱਗੇ ਅੱਗੇ ਇਕ ਤਿੱਬਤੀ ਬਜ਼ੁਰਗ ਔਰਤ ਹੱਥ ਜੋੜਕੇ ਮਿਲੀ ਤੇ ਸਾਨੂੰ ਗੋਂਫਾ (ਮੰਦਰ) ਆਉਣ ਦਾ ਸੱਦਾ ਦਿੱਤਾ।
ਸ਼ੁਭ ਜਾਣ ਅਸੀਂ ਛੋਟੇ ਜਿਹੇ ਗੋਂਫਾ ਦੇ ਅੰਦਰ ਗਏ। ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰੀਤ ਤੇ ਤਸਵੀਰ, ਮਹਾਤਮਾ ਬੁੱਧ ਤੇ ਪਦਮਾਂ ਸੰਭਵ ਦੀਆਂ ਮੂਰਤੀਆਂ ਬਰਾਬਰ ਸਥਾਪਿਤ ਸੀ। ਸ਼ਰਧਾ ਸਹਿਤ ਮੱਥਾ ਟੇਕ ਅਸੀਂ ਉਸ ਪੱਥਰ ਵਲ ਵਧੇ ਜਿਸ ਉੱਤੇ ਗੁਰੂ ਨਾਨਕ ਜੀ ਦੇ ਚਰਨ-ਚਿੰਨ੍ਹ ਸਨ। ਇਸ ਵਿਸ਼ਾਲ ਪੱਧਰ ਦੇ ਸਿਖਰ ਤੇ ਨਿਸ਼ਾਨ ਸਾਹਿਬ ਪੂਰੀ ਸ਼ਾਨ ਨਾਲ ਝੂਲ ਰਿਹਾ ਸੀ। ਗੁਰੂ ਜੀ ਦੇ ਚਰਨਾਂ ਦੇ ਨਿਸ਼ਾਨ ਸਾਫ ਨਜ਼ਰ ਆ ਰ ਹੇ ਸਨ ਇਕ ਚਰਨ-ਛਾਪ ਤੋਂ ਦੂਸਰੀ ਚਰਨ-ਛਾਪ ਤਕ ਫਾਸਲਾ ਇਕ ਕਦਮ ਦਾ ਸੀ। ਪੱਥਰ ਦੀ ਪਰਕਰਮਾ ਕਰ ਅਸੀਂ ਉਸੇ ਛੋਟੇ ਝਰਨੇ ਦੀ ਥਾਂ ਪਹੁੰਚੇ ਜਿਸਨੂੰ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਜ਼ਾਹਿਰ ਕੀਤਾ ਸੀ।
ਬੂੰਦ ਬੂੰਦ ਟਪਕ ਕੇ ਵਹਿੰਦਾ ਨਿਰਮਲ ਠੰਡਾ ਜਲ ਇਕ ਝਰਨਾ ਰੂਪ ਧਾਰਨ ਕਰ ਗਿਆ ਸੀ। ਮੁਖ ਮਸਤਕ ਨੂੰ ਜਲ ਛੁਹਾ ਅਸੀਂ ਗੁਰਦੁਵਾਰਾ ਸਾਹਿਬ ਵੱਲ ਵਦੇ। ਤਸਵੀਰਾਂ ਦਿਲ ਭਰਕੇ ਲਈਆਂ। ਗੁਰਦੁਵਾਰਾ ਸਾਹਿਬ ਦੇ ਵਿਹੜੇ ਵਿਚ ਬਾਬੇ ਦੀ ਗੱਡੀ ਖੂੰਡੀ ਰੁੱਖ ਬਣੀ ਹੋਈ ਹਵਾਵਾਂ ਨਾਲ ਝੂਲ ਰਹੀ ਸੀ। ਗੁਰਦੁਵਾਰਾ ਸਾਹਿਬ ਅੰਦਰ ਲਿਖਿਆ ਇਤਿਹਾਸ ਪੜ੍ਹਕੇ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲਿਆ।
ਬਾਹਰ ਆ ਕੇ ਆਸੇ ਪਾਸੇ ਦਾ ਕੁਦਰਤੀ ਨਜ਼ਾਰਾ ਮਾਣਿਆ। ਚਾਰੇ ਪਾਸੇ ਗਗਨ ਚੁੰਭੀ ਚੋਟੀਆਂ, ਨੇੜੇ ਥੱਲੇ ਡੂੰਘਾਈ ਵਿਚ ਰਵਾਂ ਵਗਦੀਆਂ ਦੋ ਨਦੀਆਂ ਦਾ ਸੁਮੇਲ, ਠੀਕ ਸਾਹਮਣੇ ਚੌਲੰ ਦੇ ਲਹਿਲਹਾਂਦੇ ਖੇਤ ਜਿਨ੍ਹਾਂ ਵਿਚ ਸਿਰ ਕੱਢੀ ਝੂਮਦੇ ਕੇਲਿਆਂ ਦੇ ਸਮੂਹ, ਸਭ ਕੁਝ ਇਸ ਤਰ੍ਹਾਂ ਲਗਦਾ ਸੀ ਜਿਵੇਂ ਰੱਬ ਨੇ ਇਹ ਨਜ਼ਾਰਾ ਵਿਹਲੇ ਵੇਲੇ ਬੈਠ ਕੇ ਤਿਆਰ ਕੀਤਾ ਹੋਵੇ। ਗੁਰੂ ਨਾਨਕ ਦੇਵ ਜੀ ਨੇ ਪਤਾ ਨਹੀਂ ਕਿਸ ਕਿਸ ਧਰਤੀ ਨੂੰ ਭਾਗ ਲਾ ਦਿੱਤੇ, ਜਿਸ ਦਾ ਸਿੱਖ ਇਤਿਹਾਸ ਅਜੇ ਤੱਕ ਪੂਰਾ ਅਧਿਅਨ ਨਹੀਂ ਕਰ ਸਕਿਆ। ਇਹ ਸਮਾਂ ਕਾਫੀ ਹੋ ਗਿਆ ਸੀ ਤੇ ਅਗਲੇ ਟਿਕਾਣੇ ਦੀ ਖਿੱਚ ਵੀ ਆ ਪਈ ਸੀ ਇਸ ਲਈ ਨਾ ਚਾਹੁੰਦੇ ਹੋਏ ਵੀ ਇਥੋਂ ਚਾਲੇ ਪਾਉਣੇ ਪਏ ਪਰ ਇਹ ਇਰਾਦਾ ਲੈ ਕੇ ਕਿ ਗੁਰੂ ਨਾਨਕ ਦੇਵ ਜੀ ਸੰਬੰਧਿਤ ਬਾਕੀ ਸਥਾਨਾਂ ਨੂੰ ਵੀ ਖੋਜਣ ਦਾ ਉਪਰਾਲਾ ਕੀਤਾ ਜਾਵੇਗਾ।​
 
📌 For all latest updates, follow the Official Sikh Philosophy Network Whatsapp Channel:

Latest Activity

Top