• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰੂ ਨਾਨਕ ਤਪਸਥਾਨ—ਪੇਮੋਸ਼ੁਬੂ (ਅਰੁਣਾਚਲ) (ਜਿੱਥੇ ਗੁਰੂ ਨਾਨਕ ਦੇਵ ਜੀ ਨੇ ਫੁਲਾਂ ਦੀ ਵਾਦੀ ਵਿਚ ਤਪ ਕੀਤਾ)

Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਨਾਨਕ ਤਪਸਥਾਨ—ਪੇਮੋਸ਼ੁਬੂ (ਅਰੁਣਾਚਲ)
(ਜਿੱਥੇ ਗੁਰੂ ਨਾਨਕ ਦੇਵ ਜੀ ਨੇ ਫੁਲਾਂ ਦੀ ਵਾਦੀ ਵਿਚ ਤਪ ਕੀਤਾ)

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੰਚੂਖਾ ਤੋਂ ਭਾਵ ਅਰੋਗਤਾ ਬਖਸ਼ਣ ਵਾਲਾ ਜਲ। ਯਾਰਗਪਚੂ ਦਰਿਆ ਦੇ ਕੰਢੇ ਵਸਿਆ ਇਹ ਛੋਟਾ ਜਿਹਾ ਨਗਰ ਤਿੱਬਤ ਤੋਂ ਉੱਜੜ ਕੇ ਆਏ ਕਰਮਾਪਾ ਪੰਥ ਦਾ ਵਾਸਾ ਹੈ। ਤਿੱਬਤ ਦੀ ਹੱਦ ਤੋਂ 20 ਕਿਲੋਮੀਟਰ ਪਿੱਛੇ ਹੈ। ਇਹ ਮੱਧ-ਉੱਤਰੀ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਅਲੌਗ ਜ਼ਿਲ੍ਹੇ ਦੀ ਤਹਿਸੀਲ ਦਾ ਦਫ਼ਤਰ ਵੀ ਹੈ। ਪੰਦਰਾਂ ਕੁ ਛੋਟੇ-ਛੋਟੇ ਝੁੱਗੀਆਂ ਵਿਚ ਵਸੇ ਪਿੰਡਾਂ ਵਿਚਕਾਰ ਵਸਿਆ ਮੰਚੁਖਾ ਇਸ ਵਾਦੀ ਤੋਂ ਹਵਾਈ ਰਸਤੇ ਬਾਹਰ ਜਾਣ ਲਈ ਇਕੋ-ਇਕ ਰਾਹ ਪ੍ਰਦਾਨ ਕਰਦਾ ਹੈ। ਪੈਦਲ ਜਾਣ ਲਈ ਇਸ ਵਾਦੀ ਵਿਚੋਂ ਬਾਹਰ ਨਿਕਲਣ ਖਾਤਰ ਉੱਚੇ-ਉੱਚੇ ਪਰਬਤਾਂ ਨੂੰ ਪਾਰ ਕਰਨਾ ਪੈਂਦਾ ਹੈ। ਜ਼ਿਲ੍ਹਾ ਦਫਤਰ ਪਹੁੰਚਣ ਲਈ ਸੱਤ ਦਿਨਾਂ ਦਾ ਜੋਖੋਂ ਭਰਿਆ ਮਾਰਗ ਤਹਿ ਕਰਨ ਲਈ ਦੋ ਦੋ ਦਿਨ ਤਿਆਰੀਆਂ ਹੁੰਦੀਆਂ ਰਹਿੰਦੀਆਂ ਹਨ।
ਬਾਹਰੋਂ ਰਸਦ ਪਾਣੀ ਤੇ ਆਵਾਜਾਈ ਦਾ ਮੁੱਖ ਸਾਧਨ ਹਵਾਈ ਸੈਨਾ ਦੇ ਹੈਲੀਕਾਪਟਰ ਅਤੇ ਏ.ਐਨ.32 ਹਵਾਈ ਜਹਾ ਹਨ ਜਿਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਮੌਸਮ ਸਾਫ ਹੋਵੇ। ਮੱਧ ਅਪ੍ਰੈਲ ਤੋਂ ਮੱਧ ਅਗਸਤ ਤੱਕ ਇਹ ਵਾਦੀ ਬੱਦਲਾਂ ਨਾਲ ਪੂਰੀ ਘਿਰੀ ਰਹਿੰਦੀ ਹੈ ਤੇ ਹਵਾਈ ਜਹਾਜ਼ ਰਾਹੀਂ ਜਾਂ ਹੈਲੀਕਾਪਟਰ ਕਦੇ ਕਦਾਈਂ ਹੀ ਆ ਸਕਦੇ ਹਨ। ਅਗਸਤ ਤੋਂ ਮਾਰਚ ਤੱਕ ਮੌਸਮ ਕੁਝ ਠੀਕ ਰਹਿੰਦਾ ਹੈ। ਇਹੀ ਦਿਨ ਹਨ ਜਦ ਅਸਾਮ ਦੇ ਮੋਹਨਬਾੜੀ ਤੇ ਜੋਰਹਾਟ ਹਵਾਈ ਅੱਡਿਆਂ ਤੋਂ ਰਾਸ਼ਨ-ਰਸਦ ਇਥੇ ਪੂਰੇ ਸਾਲ ਲਈ ਪਹੁੰਚਾਏ ਜਾਂਦੇ ਹਨ।
ਮੈਂ ਜਦ ਏਥੇ ਪਹੁੰਚਿਆ ਸਾਂ ਤਾਂ 1986 ਦਾ ਸਤੰਬਰ ਮਹੀਨਾ ਸੀ। ਮੇਰੇ ਨਾਲ ਮੇਰੀ ਕਮਾਨ ਥੱਲੇ ਤੋਪਖਾਨੇ ਦੀ ਬੈਟਰੀ ਸੀ ਤੇ ਮੈਂ ਮਹਾਰ ਰਜਮੈਂਟ ਦੀ ਬਟਾਲੀਅਨ ਦੀ ਮੱਦਦ ਲਈ ਏਥੇ ਤੈਨਾਤ ਹੋਇਆ ਸਾਂ। ਮੇਰਾ ਆਪਣਾ ਟਿਕਾਣਾ ਮੰਚੂਖਾ ਤੋਂ 8 ਕਿਲੋਮੀਟਰ ਦੂਰ ਸੇਗਾਂਗ ਨਾਂ ਦੀ ਥਾਂ ਤੇ ਸੀ ਜੋ ਪੈਦਲ ਦੋ ਘੰਟੇ ਤੋਂ ਵੱਧ ਦਾ ਸਫਰ ਸੀ ਤੇ ਜਿਥੋਂ ਮੈਂ ਹਰ ਦੂਜੇ-ਤੀਜੇ ਦਿਨ ਮੰਚੂਖਾ ਆਉਂਦਾ ਰਹਿੰਦਾ ਸਾਂ।
ਸੇਗਾਂਗ ਦੇ ਲਾਮੇ ਨੇ ਮੈਨੂੰ ਗੁਰੂ ਨਾਨਕ ਦੇ ਏਸ ਵਾਦੀ ਵਿਚ ਆਉਣ ਬਾਰੇ ਦਸਿਆ ਸੀ ਤੇ ਮੈਂ ਪੇਮੋਸ਼ੁਬੂ ਦੀ ਯਾਤਰਾ ਤੋਂ ਪਿੱਛੋਂ ਉਸ ਥਾਂ ਗੁਰਦੁਆਰਾ ਬਣਾਉਣ ਦਾ ਇਰਾਦਾ ਧਾਰ ਲਿਆ ਸੀ। ਨਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਏਥੇ ਯਾਤਰਾ ਬਾਰੇ ਹੋਰ ਖੋਜ ਕਰਨ ਵਿਚ ਲੱਗ ਗਿਆ। ਇਸ ਸੰਬੰਧ ਵਿਚ ਮੰਚੂਖਾ ਦੇ ਬਜ਼ੁਰਗਾਂ ਨੇ ਤੇ ਉਥੋਂ ਦੇ ਐਮ.ਐਲ.ਏ. ਨੇ ਮੇਰੀ ਬੜੀ ਮੱਦਦ ਕੀਤੀ।
ਗੁਰੂ ਨਾਨਕ ਮੰਚੂਖਾ ਵਿਚ ਤਕਰੀਬਨ 15 ਕੁ ਦਿਨ ਰਹੇ ਦੱਸੇ ਗਏ ਤੇ ਇਹ ਵੀ ਦੱਸਿਆ ਗਿਆ ਕਿ ਮੰਚੂਖਾ ਵਾਦੀ ਦੇ ਪਹਿਲੇ ਵਾਸੀਆਂ ਨੂੰ ਏਥੇ ਲਿਆਉਣ ਵਾਲੇ ਵੀ ਗੁਰੂ ਨਾਨਕ ਦੇਵ ਜੀ ਸਨ। ਪੇਮੋਸ਼ੁਬੂ ਅਤੇ ਮੰਚੂਖਾ ਕੋਲ ਇਕ ਕਿਲੋਮੀਟਰ ਲੰਬੀ ਗੁਫਾ ਵਿਚ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਜੋ ਯਾਰਗਪਚੂ ਦਰਿਆ ਦੇ ਪਾਰ ਹੈ। ਏਥੇ ਦੀ ਹਰ ਗੁਫਆ ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਦੀ ਪੂਜਾ ਹੁੰਦੀ ਹੈ।
ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਸਾਮਿਆ ਮੱਠ ਹੁੰਦੇ ਹੋਏ ਮੰਚੂਖਾ ਵਿਚ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਫੁੱਲਾਂ ਦੀ ਵਾਦੀ ਵਿਚ ਰਹਿਕੇ ਤਪੱਸਿਆ ਕੀਤੀ ਸੀ। ਫੁੱਲਾਂ ਦੀ ਵਾਦੀ ਵਿਚ ਹੀ ਅਸੀਂ ਗੁਰਦੁਆਰਾ ਸਾਹਿਬ ਬਣਾਉਣ ਦਾ ਵਿਚਾਰ ਬਣਾਆ ਸੀ। ਫੁੱਲਾਂ ਦੀ ਵਾਦੀ ਤਪ ਕਰਨ ਲਈ ਕਿਤਨੀ ਸੁਹਾਵਣੀ, ਰਮਣੀਕ, ਸ਼ਾਂਤ, ਸਵਰਗੀ ਤੇ ਢੁਕਵੀਂ ਹੈ ਇਹ ਉਸ ਥਾਂ ਪਹੁੰਚਿਆਂ ਹੀ ਪਤਾ ਲੱਗਦਾ ਹੈ। ਫੁੱਲਾਂ ਦਾ ਪਸਾਰਾ ਚੁਫੇਰ ਦੂਰ ਦੂਰ ਤੱਕ ਫੈਲਿਆ ਹੋਇਆ ਹੈ।
ਗੁਰੂ ਨਾਨਕ ਦੇਵ ਜੀ ਦਾ ਤਪ ਏਥੇ ਦੇ ਰਿੱਛ ਵੀ ਭੰਗ ਨਾ ਕਰ ਸਕੇ, ਏਸੇ ਨੂੰ ਸੋਚਕੇ ਮੈਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਤਪ ਸਥਾਨ ਰੱਖਣ ਦਾ ਫੈਸਲਾ ਕਰ ਲਿਆ।
ਨਾਨਕ ਲਾਮਾ ਦੇ ਸ਼ਰਧਾਲੂ ਕੁਝ ਬੋਧੀ ਤਰਖਾਣਾਂ ਨੇ ਜੰਗਲ ਵਿਚੋਂ ਸਸਤੇ ਭਾਅ ਤਿੰਨ ਕੁ ਮਕਾਨਾਂ ਦੇ ਫੱਟੇ ਚੀਰ ਦਿੱਤੇ। ਮੇਰੇ ਜਵਾਨਾਂ ਨੇ ਸੇਗਾਂਗ ਤੋਂ ਪੇਮੋਸ਼ੁਬੂ ਤਕ, ਸਾਰਾ ਸਾਮਾਨ ਬੜੀ ਖੁਸ਼ੀ ਤੇ ਚਾਅ ਨਾਲ ਢੋਇਆ। ਜਿਸ ਰਸਤੇ ਪਹਿਲਾਂ ਸਾਨੂੰ ਸੰਘਣੀਆਂ ਜੰਗਲੀ ਝਾੜੀਆਂ ਕੱਟਣੀਆਂ ਪਈਆਂ ਸਨ ਤੇ ਜਿਥੇ ਸੱਪਾਂ-ਚੀਤਿਆਂ ਦਾ ਵਾਸਾ ਸੀ ਉਥੇ ਹੁਣ ਇਕ ਚੰਗਾ ਚੋਖਾ ਰਸਤਾ ਬਣ ਗਿਆ ਸੀ।
ਮੈਂ ਆਪਣੇ ਸੈਨਿਕ ਕੰਮਾਂ ਤੋਂ ਵਿਹਲਾ ਹੋ ਕੇ ਰੋਜ਼ ਪੇਮੋਸ਼ੁਬੂ ਜਾਂਦਾ ਤੇ ਕੰਮ ਦੀ ਦੇਖ ਰੇਖ ਕਰਦਾ ਰਿਹਾ ਤੇ ਤਕਰੀਬਨ ਤਿੰਨ ਮਹੀਨਿਆਂ ਵਿਚ ਅਸੀਂ ਤਿੰਨ ਕਮਰੇ ਤਿਆਰ ਕਰ ਲਏ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ, ਦੂਸਰੇ ਵਿਚ ਲੰਗਰ ਤੇ ਤੀਸਰੇ ਵਿਚ ਗ੍ਰੰਥੀ ਦੇ ਰਹਿਣ ਦਾ ਬੰਦੋਬਸਤ ਸੀ।
ਮਕਾਨ ਬਨਾਉਣ ਵਿਚ ਬੜੀਆਂ ਕਠਿਨਾਈਆਂ ਵੀ ਆਈਆਂ। ਏਥੇ ਸਾਰੇ ਘਰ ਫੱਟਿਆਂ ਦੇ ਜਾਂ ਪੱਥਰਾਂ ਦੇ ਹੁੰਦੇ ਹਨ ਜਿਨ੍ਹਾਂ ਉੱਪਰ ਟੀਨ-ਸ਼ੀਟਾਂ ਜਾਂ ਤਰਪਾਲਾਂ ਪਾਈਆਂ ਹੁੰਦੀਆਂ ਹਨ। ਫੱਟੇ ਤਾਂ ਅਸੀਂ ਇਕੱਠੇ ਕਰ ਲਏ ਪਰ ਛੱਤ ਲਈ ਟੀਨ-ਸ਼ੀਟਾਂ (ਸੀ.ਜੀ.ਆਈ.) ਤਾਂ ਆਸਾਮ ਤੋਂ ਆਉਣੀਆਂ ਸਨ ਜਿਨ੍ਹਾਂ ਲਈ ਹੈਲੀਕਾਪਟਰ ਜਾਂ ਹਵਾਈ ਜਹਾਜ਼ ਦੀ ਮਦਦ ਦੀ ਜ਼ਰੂਰਤ ਸੀ। ਪਰ ਹੈਲੀਕਾਪਟਰ ਜਾਂ ਹਵਾਈ ਜਹਾਜ਼ ਤਾਂ ਉਤਨਾ ਹੀ ਸਾਮਾਨ ਲਿਆ ਸਕਦੇ ਸਨ ਜਿਤਨਾ ਕੁ ਉਨ੍ਹਾਂ ਨੂੰ ਗੌਰਮਿੰਟ ਵੱਲੋਂ ਲੋਡ-ਟੇਬਲ ਤੇ ਦਿੱਤਾ ਜਾਂਦਾ ਸੀ। ਇਸ ਕੰਮ ਵਿਚ ਕੁਝ ਪਾਈਲਟਾਂ ਨੇ ਮੇਰੀ ਬੜੀ ਮੱਦਦ ਕੀਤੀ।
ਮੇਰੀ ਪਤਨੀ ਗੁਰਚਰਨ ਇਸ ਵੇਲੇ ਬੱਚਿਆਂ ਨਾਲ ਆਸਾਮ ਵਿਚ ਤਿਨਸੁਖੀਆ ਕੋਲ ਦਿਨਜਾਨ ਨਾਂ ਦੇ ਸਥਾਨ ਤੇ ਸੀ। ਉਸ ਨੂੰ ਨੋਟ ਲਿਖ ਭੇਜਿਆ। ਰੱਬ ਸਬੱਬੀ ਉਦੋਂ ਮੇਰੇ ਬੈਂਕ-ਅਕਾਊਂਟ ਵਿਚ ਕਾਫੀ ਏਰੀਅਰ ਵੀ ਪਹੁੰਚ ਗਏ ਸਨ। ਗੁਰਚਰਨ ਨੇ ਕੁਝ ਫੌਜੀਆਂ ਨੂੰ ਬੇਨਤੀ ਕਰਕੇ ਟੀਨ-ਸ਼ੀਟਾਂ ਤੇ ਹੋਰ ਸਾਮਾਨ, ਕਿੱਲਾਂ, ਆਰੇ, ਕੁਹਾੜੇ ਆਦਿ ਖਰੀਦ ਕੇ ਮੋਹਨਬਾੜੀ ਹਵਾਈ ਅੱਡੇ ਤੱਕ ਭੇਜਣ ਦਾ ਬੰਦੋਬਸਤ ਕਰ ਦਿੱਤਾ। ਪਾਈਲਟ ਇਸ ਸਮਾਨ ਨੂੰ ਥੋੜ੍ਹਾ ਥੋੜ੍ਹਾ ਕਰਕੇ ਮੋਹਨਬਾੜੀ ਤੋਂ ਮੰਚੂਖਾ ਲਿਆਉਂਦੇ ਰਹੇ ਜਿਥੋਂ ਮੇਰੇ ਜਵਾਨ ਇਸ ਨੂੰ ਸਿਰਾਂ ਉੱਪਰ ਢੋ ਕੇ ਪੇਮੋਸ਼ੁਬੂ ਪਹੁੰਚਾਉਂਦੇ ਰਹੇ।
ਇਸ ਵਾਦੀ ਦੇ ਹੋਰ ਘਰਾਂ ਵਾਂਗ ਅਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਲੱਕੜੀ ਅਤੇ ਟੀਨ-ਸ਼ੀਟਾਂ ਦੀ ਬਮਾ ਲਈ ਜੋ ਬੜੀ ਸਲਾਹੀ ਗਈ। ਮੇਰੇ ਨਾਲ ਇਸ ਕੰਮ ਵਿਚ ਮੱਦਦ ਕਰਨ ਲਈ 542 ਫੀਲਡ ਬੈਟਰੀ ਦੇ ਜਵਾਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਹਰਿਆਣੇ ਦੇ ਇਹ ਅਹੀਰ ਆਪਣੇ ਪੂਰੇ ਅਕੀਦੇ ਨਾਲ ਸਾਰਾ ਕੰਮ ਕਰਦੇ ਰਹੇ। ਸੇਗਾਂਗ ਦਾ ਗਾਉਂ ਬੂੜਾ ਤੇ ਵਾਦੀ ਦੇ ਲਾਮਿਆਂ ਨੇ ਵੀ ਮੇਰੀ ਬੜੀ ਮੱਦਦ ਕੀਤੀ। ਵਿਚ-ਵਿਚ ਮੇਜਰ ਬੀ.ਐਸ. ਗਿੱਲ ਵੀ ਮੇਰੇ ਨਾਲ ਭਾਰ ਵੰਡਾਉਂਦੇ ਰਹੇ। ਉਹ ਜਦ ਵੀ ਅਲੌਂਗ ਤੋਂ ਕੁਝ ਦਿਨਾਂ ਲਈ ਆਉਂਦੇ ਕੁਝ ਨਾ ਕੁਝ। ਮਾਇਕ ਭਾਰ ਵੰਡਾ ਜਾਂਦੇ। ਇਸ ਇਕੋ ਇਕ ਹੋਰ ਸਿੰਘ ਦਾ ਮੈਨੂੰ ਬੜਾ ਸਹਾਰਾ ਰਿਹਾ।
ਜਦ ਤਿੰਨ ਕਮਰੇ ਤਕਰੀਬਨ ਤਕਰੀਬਨ ਤਿਆਰ ਹੋ ਗਏ ਤਾਂ ਮੈਂ ਹੈਲੀਕਾਪਟਰ ਰਾਹੀਂ ਦਿਨਜਾਨ ਦੇ ਫੌਜੀ ਗੁਰਦੁਵਾਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਆਇਆ ਤੇ ਉਸਦਾ ਗੁਰਦੁਵਾਰਾ ਸਾਹਿਬ ਵਿਚ ਪ੍ਰਕਾਸ਼ ਕੀਤ। ਰੋਜ਼ ਸਵੇਰੇ ਸ਼ਾਮ 16 ਕਿਲੋਮੀਟਰ ਦਾ ਸਫਰ ਤਹਿ ਕਰਕੇ ਨਿਤਨੇਮ ਦਾ ਕਾਰਜ ਨਿਭਾਉਂਦਾ ਰਿਹਾ ਇਕ ਲਾਮੇ ਨੂੰ ਵਾਕ ਲੈਣਾ ਵੀ ਸਿਖਾ ਦਿੱਤਾ ਤਾਂ ਕਿ ਮੇਰੀ ਗ਼ੈਰ ਹਾਜ਼ਰੀ ਵਿਚ ਉਹ ਗੁਰਦੁਵਾਰਾ ਸਾਹਿਬ ਦੀ ਦੇਖ ਭਾਲ ਕਰ ਸਕੇ। ਉਸ ਨੂੰ ਮੈਂ ਮਾਇਕ ਤੌਰ ਤੇ ਮਦਦ ਦਿੰਦਾ ਰਿਹਾ ਤੇ ਉਹ ਗੁਰਦੁਆਰਾ ਸਾਹਿਬ ਦੀ ਦੇਖਭਾਲ ਵਿਚ ਜੀ ਜਾਨ ਨਾਲ ਜੁਟਿਆ ਰਿਹਾ।
ਇਕ ਸ਼ਾਮ ਬ੍ਰੀਗੇਡ ਕਮਾਂਡਰ ਇੰਸਪੈਕਸ਼ਨ ਨੂੰ ਆਏ ਤਾਂ ਖਰਾਬ ਮੌਸਮ ਕਰਕੇ ਵਾਪਿਸ ਨਾ ਜਾ ਸਕੇ। ਮੈਂ ਉਨ੍ਹਾਂ ਨੂੰ ਗੁਰਦੁਵਾਰਾ ਸਾਹਿਬ ਬਾਰੇ ਦੱਸਿਆ ਤਾਂ ਉਹ ਬੜੇ ਪ੍ਰਭਾਵਿਤ ਹੋਏ ਤੇ ਯਾਤਰਾ ਵੀ ਕੀਤੀ। ਬਾਰਡਰ ਦੇ ਬਹੁਤ ਨੇੜੇ ਹੋਣ ਕਰਕੇ ਉਨ੍ਹਾਂ ਨੂੰ ਫੌਜੀ ਪੱਖੋਂ ਇਹਨਾਂ ਪਹਾੜੀਆਂ ਦੀ ਮਹੱਤਤਾ ਵੀ ਬੜੀ ਲੱਗੀ। ਉਥੋਂ ਤੋਪਖਾਨਾ ਵੀ ਬੜਾ ਸਹਾਈ ਹੋ ਸਕਦਾ ਸੀ ਪਰ ਅੱਗੇ ਰਸਤਾ ਨਾ ਹੋਣ ਕਰਕੇ ਤੋਪਾਂ ਲੈ ਕੇ ਜਾਣਾ ਅਸੰਭਵ ਸੀ। ਬ੍ਰੀਗੇਡੀਅਰ ਸਾਹਿਬ ਇਸ ਇਲਾਕੇ ਨੂੰ ਵਿਕਸਿਤ ਕਰਨ ਦੀ ਪਲਾਨ ਬਣਾਕੇ ਵਾਪਿਸ ਪਰਤੇ। ਕੁਝ ਦਿਨਾਂ ਬਾਅਦ ਇਨਫੈਂਟਰੀ ਬਟਾਲੀਅਨ ਦੀ ਇਕ ਕੰਪਨੀ ਉਸ ਇਲਾਕੇ ਵਿਚ ਤੈਨਾਤ ਹ ੋਗਈ ਤੇ ਉਨ੍ਹਾਂ ਲਈ ਰਸਤਾ ਬਣਾਉਣ ਖਾਤਰ ਇਕ ਇੰਜਨੀਅਰ ਕੰਪਨੀ ਵੀ ਉਤਾਰੀ ਗਈ। ਇਹ ਕੰਪਨੀ ਬੰਗਾਲ ਇੰਜਨੀਅਰ ਦੀ ਸੀ ਜੋ ਸਿੱਖ ਸਨ। ਸਿੱਖਾਂ ਦੇ ਇਥੇ ਪਹੁੰਚਣ ਨਾਲ ਮੈਨੂੰ ਬੜਾ ਉਤਸ਼ਾਹ ਮਿਲਿਆ। ਪਹਿਲਾਂ ਜੋ ਕੰਮ ਮੈਨੂੰ ਕਰਨਾ ਪੈਂਦਾ ਸੀ ਉਹ ਇਸ ਕੰਪਨੀ ਦੇ ਜਵਾਨਾਂ ਨੇ ਆਪਣੇ ਹੱਥ ਵਿਚ ਲੈ ਲਿਆ। ਲਗਾਤਾਰ ਪਾਠ ਵੀ ਸ਼ੁਰੂ ਹੋ ਗਿਆ ਤੇ ਗੁਰਦੁਵਾਰਾ ਸਾਹਿਬ ਦੀ ਦੇਖ ਰੇਖ ਵੀ ਵਧੀ। ਜਿਸ ਰਫ਼ਤਾਰ ਤੇ ਫੁਰਤੀ ਨਾਲ ਇੰਜਨੀਅਰ ਰਜਮੈਂਟ ਦੇ ਇਨ੍ਹੰ ਜਵਾਨਾਂ ਨੇ 16 ਕਿਲੋਮੀਟਰ ਲੰਬਾ ਰਸਤਾ ਬਣਾਇਆ ਉਹ ਇਕ ਕਮਾਲ ਦੀ ਗੱਲ ਸੀ।
ਇਸੇ ਤਰ੍ਹਾਂ ਮੰਚੂਖਾ ਵਿਚ ਹਵਾਈ ਜਹਾਜ਼ਾਂ ਦੇ ਉਤਰਨ ਲਈ ਇਕ ਪੱਕਾ ਰਨਵੇ ਬਣਨ ਨਾਲ ਉਤਰਣ ਵਾਲੇ ਹਵਾਈ ਜਹਾਜ਼ਾਂ ਦੀ ਗਿਣਤੀ ਵਧ ਗਈ ਸੀ। ਇਕ ਹਵਾਈ ਜਹਾਜ਼ ਰਾਹੀਂ ਮੈਂ ਉਸ ਵਾਦੀ ਵਿਚ ਇਕ ਜੀਪ ਤੇ ਇਕ ਵੱਡੀ ਗੱਡੀ ਲੈ ਆਇਆ। ਸਾਰ ਵਾਦੀ ਸਾਡੀ ਜੀਪ ਵੇਖਣ ਆਉਂਦੇ ਕਿਉਂਕਿ ਉਥੇ ਕਦੇ ਵੀ ਜੀਪ ਜਾਂ ਵਨ-ਟਨ ਨਹੀਂ ਸਨ ਆਏ।
22 ਤੋਂ 24 ਮਾਰਚ ਨੂੰ ਗੁਰੂ ਨਾਨਕ ਸਾਹਿਬ ਦੇ ਆਉਣ ਦੀ ਯਾਦ ਵਿਚ ਏਥੋਂ ਦੇ ਵਾਸੀ ਇਕ ਵੱਡਾ ਮੇਲਾ ਲਾਉਂਦੇ ਹਨ ਜੋ ਪੇਮੋਸ਼ੁਬੂ ਵਿਚ ਲਗਦਾ ਹੈ। ਇੰਜਨੀਅਰ ਰਜਮੈਂਟ ਤੇ ਮੇਰੀ ਬੈਟਰੀ ਦੇ ਜਵਾਨਾਂ ਨੇ ਮਿਲਕੇ ਸਾਰੀ ਵਾਦੀ ਦੇ ਵਸਨੀਕਾਂ ਨੂੰ ਗੁਰੂ ਨਾਨਕ ਤਪ ਅਸਥਾਨ ਦੀ ਥਾਂ ਤੇ ਲੰਗਰ ਛਕਾਇਆ। ਫਿਰ 13 ਅਪ੍ਰੈਲ ਦੀ ਵਿਸਾਖੀ ਆਈ ਜੋ ਗੁਰਦੁਆਰਾ ਸਾਹਿਬ ਵਿਚ ਮਨਾਈ ਗਈ ਤਾਂ ਇਹ ਜੰਗਲ ਵਿਚ ਮੰਗਲ ਲੱਗਣ ਸਮਾਨ ਸੀ। ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਨਾਲ ਇਹ ਸਥਾਨ ਸੁਹਾਣਾ ਬਣ ਗਿਆ ਤੇ ਸਾਰੀ ਸੰਗਤ ਲਈ ਯਾਦਗਾਰੀ ਬਣ ਗਿਆ।
ਸਮਾਂ ਪਾ ਕੇ ਅਸੀਂ ਏਥੇ ਤਕ ਅਲੌਗ ਤੋਂ ਸੜਕ ਮਨਜ਼ੂਰ ਕਰਵਾਉਣ ਵਿਚ ਵੀ ਕਾਮਯਾਬ ਹੋਏ। ਇਸ ਸੜਕ ਦੇ ਮੁਕੰਮਲ ਹੋਣ ਨਾਲ ਜੋ ਸਫਰ ਤਹਿ ਕਰਨ ਲਈ ਸੱਤ ਦਿਨ ਲੱਗਦੇ ਸਨ ਉਹ ਕੁਝ ਘੰਟਿਆਂ ਵਿਚ ਪੂਰਾ ਹੋ ਜਾਂਦਾ ਹੈ। ਇਸ ਸੜਕ ਨੂੰ ਬਣਨ ਲਈ ਸਤ ਸਾਲ ਲੱਗੇ ਹਨ ਤੇ ਹੁਣ ਭਾਰਤ ਵਾਸੀ ਸੜਕ ਤੇ ਰਸਤੇ ਮੰਚੂਖਾ ਪਹੁੰਚ ਸਕਦੇ ਹਨ ਪਰ ਸੜਕ ਅਤੇ ਪਰ ਤਰ੍ਹਾਂ ਪੱਕੀ ਨਾ ਹੋਣ ਕਰਕੇ ਅੜਚਣਾਂ ਆਉਂਦੀਆਂ ਹਨ।
ਏਥੋਂ ਤੱਕ ਪਹੁੰਚਣ ਲਈ ਸਭ ਤੋਂ ਵਧੀਆ ਤੇ ਅਸਾਨ ਰਸਤਾ ਮੋਹਨਬਾੜੀ ਤੋਂ ਹਵਾਈ ਜਹਾਜ਼ ਜਾਂ ਹੈਲਕਾਪਟਰ ਰਾਹੀਂ ਮੰਚੂਖਾ ਉਤਰਨ ਦਾ ਹੈ। ਮੰਚੂਖਾ ਤੋਂ ਅੱਗੇ 16 ਕਿਲੋਮੀਟਰ ਪੈਦਲ ਰਸਤਾ ਹੈ ਜਿਸਨੂੰ ਤਕਰੀਬਨ ਤਿੰਨ ਘੰਟੇ ਲਗਦੇ ਹਨ। ਅਰੁਣਾਚਲ ਪ੍ਰਦੇਸ਼ ਜਾਣ ਲਈ। ਅਰੁਣਾਚਲ ਸਰਕਾਰ ਤੇ ਭਾਰਤੀ ਫੌਜੀ ਹੈਡਕੁਆਟਰ ਦਿੱਲੀ ਤੋਂ ਇਜਾਜਤ ਲੈਣੀ ਪੈਂਦੀ ਹੈ। ਜਿਸ ਥਾਂ ਤੇ ਮੈਂ ਕਦੇ ਵੀ ਕਿਆਸ ਨਹੀਂ ਕੀਤਾ ਸੀ ਕਿ ਇਕ ਗੁਰਦੁਆਰਾ ਸਾਹਿਬ ਬਣ ਸਕੇਗਾ ਅੱਜ ਉਹ ਗੁਰੂ ਨਾਨਕ ਦੇਵ ਜੀ ਦੀ ਮਿਹਰ ਸਦਕਾ ਰੌਣਕਾਂ ਦਾ ਸਥਾਨ ਹੈ।​
 
📌 For all latest updates, follow the Official Sikh Philosophy Network Whatsapp Channel:

Latest Activity

Top