• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰਸਿੱਖ ਦੀ ਅਰਦਾਸ

Dalvinder Singh Grewal

Writer
Historian
SPNer
Jan 3, 2010
2,414
447
81
ਗੁਰਸਿੱਖ ਦੀ ਅਰਦਾਸ

-ਡਾ. ਦਲਵਿੰਦਰ ਸਿੰਘ ਗ੍ਰੇਵਾਲ

1925, ਬਸਂਤ ਐਵਿਨਿਊ , ਲੁਧਿਆਣਾ- ਮੁਬਾਈਲ 9815366726


ਅਰਦਾਸ ਇਕ ਸਿੱਖ ਦੀ ਉਸ ਸੱਚੇ ਵਾਹਿਗੁਰੂ ਅੱਗੇ ਧੁਰ-ਰੋਂ ਕੀਤੀ ਅਰਜ਼-, ਬੇਨਤੀ, ਪ੍ਰਾਰਥਨਾ, ਜਾਚਨਾ ਜਾਂ ਅਰਜ਼ੋਈ ਹੈ ਜੋ ਉਹ ਉਸ ਸੱਚੇ ਵਾਹਿਗੁਰੂ ਉੱਤੇ ਸਮੁੱਚਾ ਨਿਸਚਾ ਕਰਕੇ ਆਪਣੇ ਸਮਾਜ ਜਾਂ ਸਰਬੱਤ ਦੇ ਭਲੇ ਲਈ, ਦੁੱਖਾਂ, ਕਲੇਸ਼ਾਂ, ਔਗੁਣਾਂ ਜਾਂ ਸੰਕਟਾਂ ਦੀ ਨਵਿਰਤੀ ਲਈ ਜਾ ਇਛਾਵਾਂ, ਮਨੋਰਥਾਂ ਤੇ ਸਗਲ ਕਾਰਜਾਂ ਦੇ ਸੰਪੂਰਨ ਆਦਿ ਲਈ ਕਰਦਾ ਹੈ । ਅਰਦਾਸ ਕਰਨ ਵੇਲੇ ਸਿੱਖਾਂ ਦਾ ਹਿਰਦਾ ਨਿਰੋਲ ਅਧਿਆਤਮਿਕ ਹੁੰਦਾ ਹੈ ਪਰ ਅਰਦਾਸ ਕਰਦਿਆਂ ਉਹ ਗੁਰੂ ਖਾਲਸਾ ਕੌਮ ਦੀ ਇਤਿਹਾਸਕ ਘਾਲਣਾ ਤੇ ਕਮਾਈ ਨਾਲ ਇੰਜ ਇਕਸੁਰ ਹੋ ਜਾਂਦਾ ਹੈ ਜਿਵੇਂ ਕਿ ਉਹ ਸਵੈ-ਖਾਲਸਾ ਰੂਪ ਹੋਵੇ ।

ਅਰਦਾਸ ਵਿੱਚ ਕੀ ਕੁਝ ਹੈ ? ਇਸ ਨੂੰ ਅਜੋਕੇ ਸਮੁੱਚੇ ਰੂਪ ਵਿੱਚ ਕਦੋਂ ਅਪਣਾਇਆ ਗਿਆ ? ਇਸ ਦੇ ਅਰਥ ਕੀ ਹਨ ? ਅਤੇ ਇਕ ਸਿਖ ਲਈ ਅ੍ਰਦਾਸ ਦਾ ਕੀ ਮਹੱਤਵ ਹੈ ? ਇਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਕੋਸ਼ਿਸ਼ ਇਸ ਲੇਖ ਦਾ ਮੁਖ ਵਿਸ਼ਾ ਹਨ ।

ਅਰਦਾਸ ਵਿੱਚ ਮਹੱਤਵਪੂਰਨ ਹਨ ਅਭਿਨੰਦਨ, ਇਤਿਹਾਸ ਤੇ ਬਿਨੈ ਜੋ ਇਸ ਪ੍ਰਕਾਰ ਹਨ :

1. ਗੁਰੂ ਸਾਹਿਬਾਨ ਦਾ ਸਤਿਕਾਰ ਅਭਿਨੰਦਨ ।

2. ਸਿੱਖਾਂ ਦੀ ਘਾਲਣਾ ਦਾ ਸੰਖੇਪ (ਇਤਿਹਾਸ) ।

3. ਸਿੱਖਾਂ ਜਾਂ ਸਮੁਚੇ ਖਾਲਸੇ ਦੀਆਂ ਇਛਾਵਾਂ ਅਤੇ ਉਨ੍ਹਾਂ ਲਈ ਬਿਨੈ ।

4. ਸਰਬਤ ਦਾ ਭਲਾ ਤੇ ਚੜ੍ਹਦੀ ਕਲਾਂ ।

ਸੱਚੇ ਵਾਹਿਗੁਰੂ ਤੋ ਗੁਰੂ ਸਾਹਿਬਾਨ ਦਾ ਸਤਿਕਾਰ- ਅਭਿਨੰਦਨ

ਪਹਿਲਾ ਅੰਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਪਉੜੀ ਹੈ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦੇ ਗੁਰੂਆਂ ਦੀ ਵਿਸ਼ੇਸ਼ਤਾ ਦਾ ਅਭਿਨੰਦਨ ਸੰਕੇਤਕ ਰੂਪ ਵਿੱਚ ਹੈ । ਪਉੜੀ ਦਾ ਅਰੰਭ ‘ੴ‘ ਵਾਹਿਗੁਰੂ ਜੀ ਕੀ ਫਤਹਿ’ ਸ੍ਰੀ ਭਗੌਤੀ ਜੀ ਸਹਾਇ । ਸ੍ਰੀ ਭਗਉਤੀ ਜੀ ਪਾਤਸ਼ਾਹੀ 10 ਨਾਲ ਹੋਇਆ ਹੈ । ਸਿੱਖ ਧਰਮ ਵਿੱਚ ੴ ਵਾਹਿਗੁਰੂ ਨੂੰ ਪ੍ਰਮੁਖ ਮੰਨਿਆ ਗਿਆ ਹੈ ਤੇ ਇਹੋ ਸਾਡੀ ਅਰਦਾਸ ਦਾ ਸਭ ਤੋਂ ਪਹਿਲਾ ਉਚਾਰਣ ਵੀ ਹੈ, ਭਗੌਤੀ ਦਾ ਸਿਮਰਨ ਭਾਵੇਂ ਰਵਾਇਤੀ ਤੌਰ ਤੇ ਦੇਵੀ ਦਾ ਪ੍ਰਤੀਕ ਪ੍ਰਤੀਨਿਧਤਾ ਸਮਝਿਆ ਜਾ ਸਕਦਾ ਹੈ ਪੁਰ ਮੂਲ ਰੂਪ ਵਿੱਚ ਇਹ ਭਗਵਤੀ ਜਾਂ ਭਗਵਤ (ਪ੍ਰਮਾਤਮਾ) ਉਚਾਰਣ ਦਾ ਹੀ ਰੂਪ ਸਮਝਿਆ ਜਾਣਾ ਚਾਹੀਦਾ ਹੈ ਭਾਵ ਉਸ ਸੱਚੇ ਈਸ਼ਵਰ ਦਾ ਸਿਮਰਨ ਜੋ ਗੁਰੂ ਗੋਬਿੰਦ ਸਿੰਘ ਤੇ ਸਮੁੱਚੇ ਗੁਰੂਆਂ ਦੀ ਬਾਣੀ ਦਾ ਮੂਲ-ਭੂਤ ਹੈ । ਦੇਵੀ ਦੀ ਪੂਜਾ ਨਾ ਹੀ ਗੁਰੂ-ਸਾਹਿਬਾਂ ਦੇ ਅਸੂਲਾਂ ਦੇ ਅਨੁਕੂਲ ਸੀ ਤੇ ਨਾ ਹੀ ਇਹ ਸ਼ਬਦ ਇਸ ਭਾਵ ਵਿੱਚ ਲਏ ਜਾਣੇ ਚਾਹੀਦੇ ਹਨ ਬਾਦ ਵਿੱਚ ਗੁਰਸਿੱਖਾਂ ਨੇ ਇਸ ਪਉੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਸਤੀ ਨੂੰ ਸ਼ਾਮਿਲ ਕੀਤਾ ਤੇ ਸਾਰੇ ਗੁਰੂ ਸਾਹਿਬਾਨਾਂ ਦਾ ਅਭਿਨੰਦਨ ਆਪਣੀ ਅਰਦਾਸ ਦਾ ਮੁਖ ਪਹਿਲੂ ਬਣਾਇਆ ।

ਅਸ਼ਲ ਵਿੱਚ ਇਹ ਸਿੱਖੀ ਅਸੂਲਾਂ ਅਨੁਸਾਰ ਹੈ ਤੇ ਸਿੱਖ ਦੀ ਤਰੀਫ ਹੀ ਇਸ ਤਰ੍ਹਾਂ ਹੈ ਕਿ ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂ ਸਾਹਿਬਾਨ ਦੀ ਬਾਣੀ ਅਤੇਸਿਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ” (ਸਿੱਖ ਰਹਿਤ ਮਰਿਆਦਾ: ਸ੍ਰੋ. ਗੁ. ਪ੍ਰ. ਕਮੇਟੀ, ਮਈ 1961 ਪੰਨਾ 10) ਅਸਲ ਵਿੱਚ ਇਹ ਪੌੜੀ ਅਜੋਕੀ ਅਰਦਾਸ ਦਾ ਮੁੱਖ-ਮੂਲ ਰੂਪ ਹੈ ਜਿਸ ਦਾ ਮੁੱਖ-ਭਾਗ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾਇਆ ।

ਸਮੁੱਚੀ ਅਰਦਾਸ ਨੂੰ ਸਿੱਖ ਰਹਿਤ ਮਰਿਯਾਦਾ ਵਿੱਚ ਸ਼ਾਮਿਲ ਕਰਦਿਆ ਸ੍ਰੋ. ਗੁ. ਪ੍ਰੰ: ਕਮੇਟੀ ਨੇ ਇਹ ਤੁਕ ਖਾਸ ਤੌਰ ਤੇ ਲਾਈ ਇਹ ਅਰਦਾਸ ਦਾ ਨਮੂਨਾ ਹੈ । ਪ੍ਰਿਥਮ ਭਗੌਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ (ਉਹੀ ਪੰਨਾ 11) ਇਸ ਦਾ ਭਾਵ ਹੈ ਕਿ ਅਰਦਾਸ ਵਿੱਚ ਇਸ ਪਉੜੀ ਦਾ ਜੜ੍ਹ-ਰੂਪ ਸਥਾਨ ਹੈ ।

ਸਿੱਖਾਂ ਦੀ ਘਾਲਣਾ ਦਾ ਸੰਖੇਪ (ਇਤਿਹਾਸ)

ਜਦ ਸਿੱਖ ਪੰਥ ਵਜੂਦ ਵਿੱਚ ਆਇਆ ਤੇ ਇਸ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਤੇ ਨਿਸਚਾ ਬਣਾਈ ਰੱਖਣ ਲਈ ਬਹੁਤ ਘਾਲਣਾ ਘਾਲਣੀਆ ਪਈਆਂ ਜਿਨ੍ਹਾਂ ਸਦਕਾ ਅਜ ਇਹ ਸਿੱਖ ਪੰਥ ਆਪਣੀ ਪੱਕੀ ਹੋਂਦ ਤੇ ਵੱਖ ਪਛਾਣ ਬਣਾ ਸਕਿਆ ਹੈ । ਜਿਨ੍ਹਾਂ ਗੁਰਸਿੱਖਾਂ ਨੇ ਇਸ ਘਾਲਣਾ ਵਿੱਚ ਪ੍ਰਮੁਖ ਹਿੱਸਾ ਪਾਇਆ ਉਹ ਸਿਖ ਕੌਮ ਦਾ ਇਤਿਹਾਸ ਹਨ ਤੇ ਹਰ ਕੌਮ ਆਪਣਾ ਇਤਿਹਾਸ ਯਾਦ ਰਖਦੀ ਹੈ । ਜੋ ਕੌਮ ਆਪਣਾ ਇਤਿਹਾਸ ਯਾਦ ਨਹੀਂ ਰਖਦੀ ਉਸ ਦਾ ਖਤਮ ਹੋਣਾ ਨਿਸ਼ਚਿਤ ਹੁੰਦਾ ਹੈ । ਇਸੇ ਆਸ਼ੇ ਨਾਲ ਸਿੱਖ ਮਿਸਲਾਂ ਵੇਲੇ ਤੋਂ ਹੀ ਸਿੱਖ ਸ਼ਹੀਦਾਂ ਤੇ ਹੋਰ ਘਾਲਣਾ ਘਾਲਣ ਵਾਲਿਆਂ ਗੁਰਸਿੱਖਾਂ ਨੂੰ ਅਰਦਾਸ ਵਿੱਚ ਸ਼ਾਮਿਲ ਕੀਤਾ ਜਾਣ ਲੱਗ ਪਿਆ । ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ ਤਾਂ ਗੁਰੂ ਸਾਹਿਬਾਨ ਦੇ ਵੇਲੇ ਹੀ ਮਹਾਨ ਘਾਲਣਾ ਘਾਲ ਗਏ ਸਨ । ਉਨ੍ਹਾਂ ਤੋਂ ਬਿਨਾਂ ਅਨੇਕਾਂ ਸਿੱਖਾਂ ਤੇਗ ਵਾਹੀ ਤੇ ਦੇਗ ਚਲਾਈ, ਵੰਡ ਛਕਿਆ, ਨਾਮ ਜਪਿਆ।ਸਿੱਖ ਅਰਦਾਸ ਵਿੱਚ ਦੇਗ, ਤੇਗ ਤੇ ਨਾਮ ਵਿਸ਼ੇਸ਼ ਹਨ । ਅਸਲ ਵਿੱਚ ਸਿੱਖ ਧਰਮ ਵਿੱਚ ਰੂਹਾਨੀ ਕੀਮਤਾਂ ਨੁੰ ਪਹਿਲ ਹੈ । ਨਾਮ ਜਪਣਾ, ਉਸ ਸੱਚੇ ਵਾਹਿਗੁਰੂ ਨੂੰ ਪਾਉਣ ਅਤੇ ਉਸ ਵਿੱਚ ਸਮਾਉਣ ਵਲ ਕੀਤੀ ਕਿਰਿਆ ਹੈ ਸੋ ਹਠੀਆਂ, ਜਪੀਆਂ, ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਸਿੱਖ ਪੰਥ ਵਿੱਚ ਖਾਸ ਉਚਾ ਸਥਾਨ ਰਖਦੇ ਹਨ ।

ਅਰਦਾਸ ਦੀ ਰਚਨਾ

ਜਿਵੇਂ ਕਿ ਪਹਿਲੇ ਦਸਿਆ ਗਿਆ ਹੈ ਪਹਿਲੀ ਪੌੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖੀ ਸੀ ਤੇ ਅਰਦਾਸ ਦਾ ਪਹਿਲਾ ਰੂਪ ਬਣੀ :

ਪ੍ਰਿਥਮ ਭਗੋਤੀ ਵਾਰ ਜੁ ਪੌੜੀ ॥
ਪੜ੍ਹ ਪ੍ਰਿਥਮੈ ਆਪ ਸਤਿਗੁਰ ਜੋੜੀ ॥
ਨੌ ਪਾਤਸ਼ਾਹਿੀਅਨੁ ਲਯੋ ਧਿਆਇ ॥
ਅਬ ਦਸਮਨ ਪਰ ਹੋਈ ਸਹਾਇ ॥
(ਭਾ: ਰਤਨ ਸਿੰਘ ਭੰਗੂ : ਸ੍ਰੀ ਗੁਰ ਪੰਥ ਪ੍ਰਕਾਸ਼ : ਪੰਨਾ 43)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੀ ਸ਼ਾਮਿਲ ਕੀਤਾ ਗਿਆ ਦਸਿਆ ਜਾਂਦਾ ਹੈ । ਇਸ ਵੇਲੇ ਗੁਰਦਵਾਰਿਆਂ ਬਾਰੇ ਅਰਦਾਸ ਵੀ ਸ਼ਾਮਲ ਕੀਤੀ ਗਈ ।

ੴ ਵਾਹਿਗੁਰੂ ਜੀ ਕੀ ਫਤਹਿ । ਸ੍ਰੀ ਭਗੋਤੀ ਜੀ ਸਹਾਇ ॥ ਵਾਰ ਸ੍ਰੀ ਭਗਉਤੀ ਜੀ ਕੀ ਪਾਤਿਸ਼ਾਹੀ 10 ॥

ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦਿ ਗੁਰ ਤੇ ਅਮਰਦਾਸਿ ਰਾਮਦਾਸੈ ਹੋਈ ਸਹਾਇ । ਅਰਜਨ ਹਰਗਿੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ । ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ॥ ਗੁਰ ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ । ਸਭ ਥਾਈਂ ਹੋਇ ਸਹਾਇ ॥1॥ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਿ ਕੇ ਬੋਲੋ ਜੀ ਵਾਹਿਗੁਰੂ। ਸ੍ਰੀ ਅੰਮ੍ਰਿਤਸਰ ਜੀ ਸਾਹਿਬ ਸ੍ਰੀ ਤਰਨਤਾਰਨ ਸਰਬ ਦੁਖਾਂ ਦੇ ਨਿਵਾਰਨ ਸਾਹਿਬ ਜੀ ਦਾ ਧਿਆਨ ਧਰਿ ਕੇ ਬੋਲੋ ਜੀ ਵਾਹਿਗੁਰੂ । ਸਤਿਗੁਰਾਂ ਕੇ ਸਰਬਤਿ ਗੁਰਦੁਆਰਿਆਂ ਸਾਹਿਬ ਜੀ ਕਾ ਧਿਆਨ ਧਰਿ ਕੇ ਬੋਲੋ ਜੀ ਵਾਹਿਗੁਰੂ । ਸਬਦਿ ਚੌਕੀ ਸੋਦਰ ਰਹਿਰਾਸਿ ਜੀ ਕੀ ਅਰਦਾਸਿ ਸਰਬਤ ਦੇ ਕਾਰਜ ਰਾਸਿ ਸਿੰਘ ਪੜ੍ਹਦੇ ਸੁਣਦੇ ਲਾਹੇਵੰਦ ਹੋਨਿ ਸੁਖ ਹੋਵੇ ਨਾਮ ਚਿਤ ਆਵੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ (ਹੱਥ ਲਿਖਤੀ ਗੁਟਕੇ ਦਾ ਪੰਨਾ 89 ) ਗਿ: ਹਰਿਬੰਸ ਸਿੰਘ ਨਿਰਣੈਕਾਰ! ਅਰਦਾਸ ਦੀ ਪਰੰਪਰਾ: ਨਾਨਕ ਪ੍ਰਕਾਸ਼ ਪ੍ਰਤਿਕਾ ਪੰਨਾ 74)

ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਭਾਈ ਮਨੀ ਸਿੰਘ ਜੀ ਵੇਲੇ ਸ਼ਾਮਿਲ ਕੀਤਾ ਦਸਿਆ ਜਾਂਦਾ ਹੈ, ਜਦੋਂ ਉਹ ਸ੍ਰੀ ਹਰਮਿੰਦਰ ਸਾਹਿਬ ਦੀ ਸੇਵਾ ਸੰਭਾਲ ਵਿੱੱਚ ਸਨ । ਇਸ ਸਮੇਂ ਹੀ ਪੰਜਾਂ ਪਿਆਰਿਆਂ ਤੋਂ ਲੈ ਕੇ......ਦੇਖ ਕੇ ਅਣਡਿੱਠ ਕੀਤਾ, ਵਾਲਾ ਬੰਦ ਵੀ ਸ਼ਾਮਿਲ ਕੀਤੀ ਗਈ ਅਤੇ ਖਾਲਸੇ ਦੀ ਇੱਛਾ ਪ੍ਰਾਪਤੀ ਦੀ ਬਿਨੈ ਦੇ ਬਹੁਤੇ ਅੰਸ਼ ਇਸੇ ਵੇਲੇ ਸ਼ਾਮਿਲ ਕੀਤੇ ਗਏ ਭਾਵ ‘ਪ੍ਰਿਥਮੇ ਸਰਬਤ ਤੋਂ ਲੈ ਕੇ ਸ੍ਰੀ ਸਾਹਿਬ ਜੀ ਸਹਾਇ’ ਵਾਲੀ ਪੋੜੀ, ‘ਸਿੱਖਾਂ ਨੂੰ ਸਿਖੀ ਦਾਨ ਤੋਂ ਲੈ ਕੇ ਧਰਮ ਕਾ ਜੈਕਾਰ’ ਵਾਲਾ ਬੰਦ ‘ਸਿੱਖਾਂ ਦਾ ਮਨ ਨੀਵਾਂ.....ਆਪਿ ਵਾਹਿਗੁਰੂ’ ਵਾਲੀ ਤੁਕ, ‘ਹੇ ਨਿਮਾਣਿਆਂ ਦੇ ਮਾਣ ਤੋਂ ਲੈ ਕੇ ਸਰਬਤ ਦਾ ਭਲਾ’ ਤਕ ਦੀ ਅਖੀਰਲੇ ਬੰਦ ਦਾ ਭਾਗ ।

‘ਜਿਨ੍ਹਾਂ ਸਿੰਘਾਂ ਸਿੰਘਣੀਆਂ ਤੋਂ ਲੈ ਕੇ ਸਿਖੀ ਕੇਸਾਂ ਸੁਆਸਾਂ ਨਾਲ ਨਿਬਾਹੀ’ ਵਾਲਾ ਬੰਦ ‘ਚੌਹਾਂ ਤਖਤਾਂ ਵਾਲੇ ਸ਼ਬਦ’ ਮਿਸਲਾਂ ਦੇ ਵੇਲੇ, ਖਾਸ ਕਰਕੇ ਜਦ ਸਾਰੀਆਂ ਮਿਸਲਾਂ ਹੋਂਦ ਵਿੱਚ ਆ ਕੇ ਆਪਣੇ ਜਾਹੋ ਜਲਾਲ ਵਿੱਚ ਸਨ, ਨੇ ਅਰਦਾਸ ਵਿੱਚ ਸ਼ਾਮਿਲ ਕੀਤਾ। ਜਦ ਵੀ ਖਾਲਸੇ ਕਿਸੇ ਮੁਹਿੰਮ ਤੇ ਜਾਂਦੇ ਜਾਂ ਮਤਾ ਪਾਸ ਕਰਦੇ ਤਾਂ ਅਰਦਾਸਾ ਸੋਧਦੇ ਇਹ ਪਿਛੋਂ ਨਿਯਮਿਤ ਕਾਰਜ ਹੋ ਗਿਆ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਤੱਕ ਸਮੁੱਚੀ ਅਰਦਾਸ ਦਾ ਅੰਗ ਬਣ ਗਿਆ । ਮਹਾਰਾਜ ਦੀ ਸਿੱਖ ਫੌਜ ਲਈ ਅਰਦਾਸਾ ਸੋਧਣਾ ਇਕ ਨਿਯਮ ਹੋ ਗਿਆ ਤੇ ਹਰ ਗੁਰ ਅਸਥਾਨ ਵਿੱਚ ਪ੍ਰਚਲਤ ਹੋ ਗਿਆ। ‘ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁਲੇ੍ਹ, ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ’ ਸੰਨ 1947 ਤੋਂ ਬਾਦ ਵਿੱਚ ਸ਼ਾਮਿਲ ਕੀਤਾ ਗਿਆ । ਇਸ ਤੁਕ ਉਤੇ ਸ੍ਰੀ ਨਨਕਾਣਾ ਸਾਹਿਬ ਵਿੱਚ ਰਹਿ ਰਹੀ ਸੰਗਤ ਨੇ ਕਿੰਤੂ ਵੀ ਕੀਤਾ ਹੈ । ਜਦ ਸਿੱਖ ਰਹਿਤ ਮਰਿਆਦਾ ਬਣਾਈ ਗਈ ਰਹੁਰੀਤ ਸਬ-ਕਮੇਟੀ ਵਲੋਂ ਰਹੁਰੀਤ ਦੇ ਖਰੜੇ ਦੀ ਪ੍ਰਵਾਨਗੀ 1.8.1936 ਤੇ 12.10.39 ਨੂੰ ਸ਼੍ਰੋ. ਗੁ. ਪੰ੍ਰ. ਕਮੇਟੀ ਨੂੰ ਭੇਜੀ ਉਸ ਸਮੇਂ ਇਹ ਤੁਕ ਸ਼ਾਮਲ ਨਹੀਂ ਸੀ ਤੇ ਨਾਂ 2.1.1945 ਦੀ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਸਮੇਂ, ਪਰ ਜਦੋਂ ਸਿੱਖ ਰਹਿਤ ਮਰਯਾਦਾ ਸ਼੍ਰੋਮਣੀ ਗੁ.ਪ੍ਰ.ਕਮਟੀ ਨੇ ਦਸੰਬ 1950 ਵਿੱਚ ਪਹਿਲੀ ਵਾਰ ਛਪੀ ਤਾਂ ਇਹ ਤੁਕ ਸ਼ਾਮਿਲ ਕੀਤੀ ਗਈ । ਅਜੋਕੀ ਅਰਦਾਸ ਸੰਨ 1931-32 ਵਿੱਚ ਵੀ ਉਸੇ ਤਰ੍ਹਾਂ ਸੀ ਸਿਵਾਇ ਸ੍ਰੀ ਨਨਕਾਣਾ ਸਾਹਿਬ ਵਾਲੀ ਤੁਕ ਦੇ । ਖਾਲਸੇ ਦੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦੀ ਦਿਲੀ ਤਾਂਘ ਹਮੇਸ਼ਾ ਰਹੀ ਹੈ । ਸਮੁੱਚੇ ਖਾਲਸੇ ਦੀ ਮੰਗ ਨੂੰ ਵੇਖਦੇ ਇਸ ਤੁਕ ਦਾ ਸ਼ਾਮਿਲ ਕਰਨਾ ਜਾਇਜ਼ ਹੈ । ਜਿਵੇਂ ਕਿ ਪਹਿਲਾਂ ਲਿਖਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਾਲੀ ਚੰਡੀ ਦੀ ਵਾਰ ਵਾਲਾ ਬੰਦ ਤੇ ਨਾਨਕ ਨਾਮ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਬਾਕੀ ਇਤਿਹਾਸ ਵਿੱਚ ਵਾਧਾ ਸਮੁੱਚੇ ਖਾਲਸੇ ਦੀ ਇੱਛਾ ਅਨੁਸਾਰ ਕੀਤਾ ਜਾ ਸਕਦਾ ਹੈ ਕਿਉਂਕਿ ਅਰਦਾਸ ਵਿੱਚ ਸਿੱਖ ਇਤਿਹਾਸ ਦਾ ਭਾਗ ਵੀ ਹੈ ਜੋ ਸਾਨੂੰ ਸਾਡਾ ਪਿਛੋਕੜ ਯਾਦ ਕਰਵਾਉਂਦਾ ਹੈ । ਜਿਉਂਦੀਆਂ ਕੌਮਾਂ ਦੇ ਇਤਿਹਾਸ ਦੇ ਪੰਨੇ ਤਾਂ ਵਧਦੇ ਰਹਿੰਦੇ ਹਨ ।

ਅਰਦਾਸ ਦੀ ਰੀਤ ਦਾ ਸਿੱਖ ਧਰਮ ਵਿੱਚ ਅਰੰਭ


ਅਰਦਾਸ ਦਾ ਅਰੰਭ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਹੋ ਗਿਆ ਸੀ । ਪ੍ਰਚੱਲਤ ਰਵਾਇਤ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਤਲਵੰਡੀ (ਨਨਕਾਣਾ ਸਾਹਿਬ) ਤੋਂ ਸੁਲਤਾਨਪੁਰ ਲੋਧੀ ਨੂੰ ਚੱਲਣ ਵੇਲੇ ਰਾਇ ਬੁਲਾਰ ਵਲੋਂ ਕੀਤੀ ਬੇਨਤੀ ਦੇ ਉੱਤਰ ਵਿੱਚ ਉਪਦੇਸ਼ ਕੀਤਾ, “ਜਦ ਤੁਹਾਡਾ ਬਲ ਕੰਮ ਨਾ ਕਰੇ ਤਾਂ ਹੱਥ ਜੋੜ ਕੇ ਵਾਹਿਗੁਰੂ ਦੇ ਰਚਨਾਂ ਵਿੱਚ ਖੜੋ ਕੇ ਅਰਦਾਸ ਕਰਨਾ” । ਗੁਰੂ ਨਾਨਕ ਦੇਵ ਜੀ ਦੀ ਇਕ ਸਾਖੀ ਵਿੱਚ ਅਰਦਾਸ ਦਾ ਸੰਕਲਪ ਇਉਂ ਉੱਘੜਦਾ ਹੈ:

“ਤਬ ਅਰਦਾਸੀਏ ਸਿੱਖ ਗੁਰੂ ਜੀ ਦੇ ਸਨਮੁਖ ਹਾਥ ਜੋੜਿ ਕਰ ਐਸੀਆਂ ਅਰਦਾਸਾਂ ਕਰਹਿ ਜੋ ਸੱਚੇ ਪਾਤਸ਼ਾਹ ਸਿੱਖ ਬਸਤ੍ਰ ਲਿਆਏ ਹਹਿ । ਸਿੱਖਾਂ ਉੱਪਰ ਦਇਆ ਹੋਇ, ਸਿਖਾਂ ਦੇ ਕਾਰਜ ਸੰਪੂਰਨ ਕਰਨੇ । ਸਿੱਖਾਂ ਕੋ ਗੁਰੂ ਚਿਤ ਆਵੈ । ਇਹ ਬਾਤਾਂ ਪਰਿ ਗੁਰੂ ਜੀ ਸਾਰਾ ਦਿਨ ਸੁਨਤਾ ਰਹਿਆ । ਫੇਰਿ ਗੁਰੂ ਜੀ ਸਾਥਿ ਇਹ ਪ੍ਰਸ਼ਨ ਕੀਆ । ਜੋ ਗੁਰੂ ਜੀ ਹਮਾਰੇ ਲਿਖੇ ਮਹਿ ਸਾਹਿਬ ਲੋਕਾਂ ਕਹਿਆ ਹੈ ਜੋ ਕੁਝ ਤਕਦੀਰ ਪਰਵਰਦਗਾਰੀ ਕੀ ਵਿੱਚ ਹੋਆ ਹੈ ਸੋ ਹੋਇ ਚੁਕਾ ਹੈ । ਅਬ ਅਉਰ ਕੁਛ ਹੋਤਾ ਜਬ ਕੁਝ ਆਗੇ ਭੂਲ ਕਰ ਕੀਆ ਹੋਇ । ਤਬ ਕਅਵਰ ਹੋਇ । ਕਿਉਂ ਆਗੈ ਤਉ ਭੂਲ ਕਰਕੇ ਕਛੂ ਨਹੀਂ ਕੀਆ । ਤਾਂ ਤੇ ਅਬ ਅਉਰ ਕਛੂ ਨਹੀਂ ਹੋਤਾ । ਜੋ ਇਹ ਸਖਿ ਜਉ ਤੁਮਾਰੇ ਪਾਸ ਅਰਦਾਸਾਂ ਕਰਤੇ ਹਹਿ, ਜੋ ਖੁਸ਼ੀ ਕਰੀਏ ਸਿਖੋਂ ਕੇ ਕਾਰਜ ਸੰਪੂਰਨ ਕਰੀਅਹਿ ।

“ਅਬ ਆਉ ਤਉ ਕਛੁ ਨਹੀਂ ਹੋਤਾ ।
ਇਹ ਅਰਦਾਸਾਂ ਕਾਹੋ ਕਉ ਕਰਤੇ ਹਹਿ’

ਇਸ ਦਾ ਉਤਰ ਗੁਰੂ ਬਾਬਾ ਜੀ ਨੇ ਇਉਂ ਦਿੱਤਾ :

‘ਜਬ ਇਹ ਮਾਨੁਖ ਮੁਰਸ਼ਦ ਦੇ ਆਗੇ ਅਧੀਨ ਜਾਇ ਹੋਵੇਗਾ । ਬਹੁਤ ਸੇਵਾ ਭਾਉ ਕਰੇਗਾ । ਤਬ ਇਸਦਾ ਪੁਠਾ ਲੇਖ ਸੀਧਾ ਹੋਇ ਜਾਏਗਾ । ਅਰ ਸਭ ਮੁਸ਼ਕਲ ਇਸਕੇ ਆਸਾਨ ਹੋ ਜਾਹਿਗੇ ਤਾਂ ਤੇ ਜੁ ਕਛੁ ਅਬ ਹੋਤਾ ਹੈ ਸੋ ਉਸ ਪਰਵਰਦਗਾਰ ਕੀ ਤਕਦੀਰ ਅਨੁਸਾਰ ਹੋਤਾ ਹੈ । ਇਤਰ ਨਹੀਂ ਹੋਤਾ । ਤਬ ਇਹ ਉਤਰ ਸੁਨਿ ਕਰਿ ਪੀਰ ਪ੍ਰਸੰਨ ਹੋਆ ।’ (ਪਰਚੀਆਂ ਸੇਵਾ ਦਾਸ, ਪੰ. 110-111)

ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਉਂ ਵਧ ਉਸ ਸੱਚੇ ਅਗੇ ਅਰਦਾਸ ਬੇਨਤੀ ਹੈ ਪਰ ਅਰਦਾਸ ਸ਼ਬਦ, ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਛੱਬੀ ਵਾਰ, ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਸੱਤ ਵਾਰ, ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਨੋਂ ਵਾਰ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਤ੍ਰਿਵੰਜਾ ਵਾਰ, ਕਬੀਰ ਜੀ ਦੀ ਬਾਣੀ ਵਿਚ ਇਕ ਵਾਰ, ਭੱਟਾਂ ਦੇ ਸਵੱਯਾਂ ਵਿੱਚ ਦੋ ਵਾਰ ਅਤੇ ਸੱਦ (ਰਾਮਕਲੀ) ਵਿੱਚ ਇੱਕ ਵਾਰ, ਕੁੱਲ ਨੜਿਨਵੇਂ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ । ਉਦਾਹਰਣਾਂ ਹਾਜ਼ਰ ਹਨ :

1. ਸੁਖਦਾਤਾ ਭੈ ਭੰਜਨੇ ਤਿਸੁ ਆਗੈ ਕਰਿ ਅਰਦਾਸਿ ਮਿਹਰ ਕਰੇ ਜਿਸੁ ਮਿਹਰਵਵਾਨੁ ਤਾਂ ਕਾਰਜਿ ਆਵੈ ਰਾਸਿ॥ (ਪੰਨਾ : 44)

2. ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ । (ਪੰਨਾ : 819)

3. ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥(ਪੰਨਾ : 55)

4. ਸਚਾ ਅਰਜੁ ਸਚੀ ਅਰਦਾਸਿ ਪਾਪੁ ਪੁੰਨੁ ਦੁਇ ਸਾਖੀ ਪਾਸਿ ॥

5. ਨਦਰਿ ਤੁਧੁ ਅਰਦਾਸਿ ਮੇਰੀ ਜਿਨਿ ਆਪੁ ਉਪਇਆ ॥ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥(ਪੰਨਾ : 566)

6. ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ।ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੂ ॥ (ਪੰਨਾ : 49)

7. ਹਰਿ ਜੀਉ ਆਗੈ ਕਰੀ ਅਰਦਾਸਿ ਸਾਧੂ ਜਨ ਸੰਗਤਿ ਹੋਇ ਨਿਵਾਸੁ ॥ (ਪੰਨਾ : 415)

8. ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ (ਪੰਨਾ : 519)

9. ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥ (ਪੰਨਾ : 1093)

10. ਦੁਇ ਕਰ ਜੋੜਿ ਕਰਉ ਅਰਦਾਸਿ ਤੁਧੁ ਭਾਵੈ ਤਾ ਆਣਹਿ ਰਾਸਿ ॥ (ਪੰਨਾ : 736-37)

11. ਬਿਨਤਿ ਕਰਉ ਅਰਦਾਸਿ ਸੁਨਹੁ ਜੋ ਠਾਕੁਰ ਭਾਵੈ ।ਦੇਹੁ ਦਰਸ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥ (ਪੰਨਾ : 1387)

12.ਸਚਾ ਅਰਜੁ ਸਚੀ ਅਰਦਾਸਿ ਮਹਲੀ ਖਸਮੁ ਸੁਣੇ ਸਾਬਾਸਿ ॥ (ਪੰਨਾ : 355)

13.ਜੀਉ ਪਿੰਡ ਸਭੂ ਤਿਸਕਾ ਸਿਫਤਿ ਕਰੇ ਅਰਦਾਸਿ ।ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥ (ਪੰਨਾ : 68)

14.ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ । ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ(ਪੰਨਾ : 86)

15.ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ । ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥(ਪੰਨਾ : 620)

16. ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਈ ॥ ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥(ਪੰਨਾ : 517)

17.ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਈ ਕਿਰਪਾਲ । ਰਾਖਿ ਲੀਆ ਅਪਨਾ ਸੇਵਕੋ ਮੁਖਿ ਨਿੰਦਕ ਛਾਰ ॥

18.ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥(ਪੰਨਾ : 571)

19.ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥(ਪੰਨਾ : 816)

20.ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ ਨਾਨਕ ਹੁਕਮੁ ਨ ਚਲਈ ਖਸਮ ਚਲੈ ਅਰਦਾਸਿ ॥

21.ਜੇਤਾ ਦੇਹਿ ਤੋਤਾ ਹਉ ਖਾਉ ।ਬਿਆ ਦਰੁ ਨਾਹੀ ਕੈ ਦਰਿ ਜਾਉ ॥ ਨਾਨਕ ਏਕ ਕਹੈ ਅਰਦਾਸਿ ॥

22.ਸੁਣਿ ਸੁਆਮੀ ਅਰਦਾਸਿ ਜਨ ਤੁਮ੍ਹ ਅੰਤਰਜਾਮੀ ॥ ਥਾਨ ਬਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥(ਪੰਨਾ : 829)

23.ਹਰਿ ਜੀਉ ਆਗੈ ਕਰੀ ਅਰਦਾਸਿ ॥ ਸਾਧੀ ਕਮ ਸੰਗਤਿ ਹੋਇ ਨਿਵਾਸੁ ॥

24.ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥ ਰਾਖਿ ਲੈਹੁ ਭਾਈ ਮੇਰੇ ਕਊ ਪ੍ਰਭ ਆਗੈ ਅਰਦਾਸਿ ॥(ਪੰਨਾ : 619)

25.ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥(ਪੰਨਾ : 74)

ਅਰਦਾਸ ਸ਼ਬਦ ਤੋਂ ਬਿਨਾਂ ਸਮਾਨਅਰਥੀ ਸ਼ਬਦ ਬੇਨਤੀ, ਬਿਨਉ, ਅਰਦਾਸ ਅਰਜ਼, ਦੁਆ, ਅਰਦਾਸਿਓ ਆਦਿ ਸ਼ਬਦ ਵਰਤੇ ਗਏ ਹਨ । ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਮੁਖ ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਪੜ੍ਹਿਆ ਜਾਣਾ ਜ਼ਰੂਰੀ ਮੰਨਿਆ ਜਾਣ ਲੱਗ ਪਿਆ ਹੈ ।

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ਜੀਉ ਪਿੰਡ ਸਭੁ ਤੇਰੀ ਰਾਸਿ ॥ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ਤੁਮਰੀ ਕ੍ਰਿਪਾ ਮਹਿ ਸੁਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੂ ॥ਉਚੇ ਤੇ ਊਚਾ ਭਗਵੰਤ ॥ਸਗਲ ਸਮਗ੍ਰੀ ਤੁਮਰੈ ਸੂਤਰਿ ਧਾਰੀ ॥ਤੁਮ ਤੇ ਹੋਇ ਸੁ ਆਗਿਆਕਾਰੀ ।
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ (ਪੰਨਾ : 268)

ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਦਾ ਪਹਿਲਾ ਭਾਗ, ਭਾਈ ਮਨੀ ਸਿੰਘ ਜੀ ਨੇ ਹੋਰ ਕਈ ਮੁੱਖ ਭਾਗ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਾਕੀ ਹਿੱਸੇ ਸ਼ਾਮਿਲ ਕਰਕੇ ਅਜੋਕੀ ਅਰਦਾਸ ਦਾ ਰੂਪ ਦਿਤਾ ਜਿਸ ਦਾ ਵਰਨਣ ਪਹਿਲਾਂ ਕੀਤਾ ਜਾ ਚੁੱਕਿਆ ਹੈ ।

ਸਾਖੀ ਸਾਹਿਤ, ਰਹਿਤਨਾਮੇ ਅਤੇ ਸਿੱਖ ਇਤਿਹਾਸ ਵਿੱਚ ਅਰਦਾਸ ਬਾਰੇ ਹੇਠ ਲਿਖੀਆਂ ਹਿਦਾਇਤਾਂ ਹਨ :

1. ਜੋ ਮੇਰੇ ਸਿੱਖ ਨਮ੍ਰ ਹੋਇ ਕੇ ਅਰਦਾਸ ਕਰਨਗੇ, ਤਿਨਾਂ ਦੇ ਕਾਰਜ ਰਾਸ ਹੋਣਗੇ । (ਭਾਈ ਬਾਲੇ ਵਾਲੀ ਜਨਮਸਾਖੀ, ਸਾਖੀ : 94)

2. ਸਿਖ ਅਨੰਨ ਪੰਡਿਤ ਦਿਖ ਐਸੇ । ਗ੍ਰਹਿ ਤਿਥਿ ਵਾਰ ਨ ਮਾਨੇ ਕੈਸੇ ।ਏਕ ਭਰੋਸਾ ਪ੍ਰਭ ਕਾ ਪਏ । ਤਯਾਗਿ ਲਗਨ ਅਰਦਾਸ ਕਰਾਏ ॥ (ਗੁਰਬਿਲਾਸ ਪਾ: 6 ਵੀ:)

3. ਅਰਦਾਸ ਬਿਨਾ ਜੋ ਕਾਰਜ ਸਿਧਾਵੈ, ਗੋਬਿੰਦ ਸਿੰਘ ਵਹ ਸਿਖ ਨਾ ਭਾਵੈ ॥ (ਤਨਖਾਹ ਨਾਮਾ ਭਾਈ ਨੰਦ ਲਾਲਾ)

4. ਕਰਜੋਂ ਕੇ ਆਦਿ ਮੇ ਅਰਦਾਸ ਕਰੇ । (ਰਹਿਨਾਮਾ, ਭਾਈ ਚੋਪਾ ਸਿੰਘ)

5. ਪਰਭਾਤ ਹੋਵੇ ਤੇ ਜਿਥੇ ਸਬਦ ਦੀਵਾਨ ਹੋਵੇ ਤਾਂ ਜਾਵੈ ਮਥਾ ਟੇਕੋ ਸਬਦ ਸੁਣੇ ਪੜ੍ਹੇ ।ਅਰਦਾਸ ਕਰੇ ਤਾ ਆਪਣੀ ਕਿਰਤ ਨੂੰ ਜਾਵੇ ॥ (ਸਾਖੀ ਰਹਿਤ ਕੀ, ਭਾਈ ਨੰਦ ਲਾਲ)

6. ਗੁਰੂ ਕਾ ਸਿਖ ਕਿਤੇ ਕਾਰਜ ਜਾਏ ਦੇਸ਼ ਅਥਵਾ ਪਰਦੇਸ ਆਪਣੇ ਗੁਰੂ ਕੀ ਅਰਦਾਸ ਕਰਕੇ ਟੁਰੇ ॥ (ਰਹਿਤਨਾਮਾ ਭਾਈ ਚੋਪਾ ਸਿੰਘ)

7. ਅਰਦਾਸ ਕੀਤੇ ਬਿਨ ਪ੍ਰਸਾਦਿ ਵਰਤਾਏ ਸੋ ਤਨਖਾਹੀਆ (ਉਹੀ)

8. ਅਰਦਾਸ ਮਨ ਵਿੱਚ ਲੈਕੇ ਕਰਨੀ, ਕਾਰਜ ਸਿਧ ਹੋਵੇ । (ਰਹਿਤਨਾਮਾ ਭਾਈ ਦਯਾ ਸਿੰਘ)

ਕਈ ਵਾਰ ਹੇਠ ਲਿਖੇ ਸ਼ਲੋਕ ਵੀ ਅਰਦਾਸ ਤੋਂ ਪਹਿਲਾਂ ਪੜੇ ਜਾਂਦੇ ਹਨ ।

1. ਅਸੀ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ ॥ ਹਰਿ ਕਿਰਪਾ ਕਰਿਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥ (ਪੰਨਾ : 1416)

2. ਜੇਤਾ ਸਮੁੰਦ੍ਰ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥

ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੇ ਦਿਨੁ ਰਾਤੀ ॥ (ਪੰਨਾ : 156)

3. ਜਿਉ ਜਾਨਉ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ।

ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥

ਲੁਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥ (ਪੰਨਾ : 704)

4. ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੋ ॥

ਸਭੋ ਭਜੈ ਆਸਰਾ ਚੁਕੈ ਸਭੂ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮ ਲਗੈ ਨ ਤਤੀ ਵਾਉ ॥ (ਪੰਨਾ : 70)

5. ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥ (ਪੰਨਾ : 1093)

6. ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥ (ਪੰਨਾ : 383)

ਹੇਠ ਲਿਖਿਆ ਸ਼ਲੋਕ-ਸ਼ਬਦ ਅਰਦਾਸ ਦੇ ਬਾਦ ਵਿੱਚ ਪੜ੍ਹਿਆ ਜਾਣ ਲਗ ਪਿਆ ਹੈ । ਜਿਸ ਨੂੰ ਬੁੱਢਾ ਦਲ-ਤੁਰਨਾ ਦਲ, ਮੁਹਿੰਮਾਂ ਤੇ ਚੜ੍ਹਨ ਵੇਲੇ ਪੜ੍ਹਦੇ ਸਨ । ਪਿੱਛੋਂ ਇਹ ਰਵਾਇਤੀ ਤੋਰ ਤੇ ਸ਼ਾਮਿਲ ਕਰ ਲਿਆ ਗਿਆ ਪਰ ਅਰਦਾਸ ਦਾ ਜ਼ਰੂਰੀ ਭਾਗ ਨਹੀਂ ਮੰਨਿਆ ਗਿਆ ।

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ॥
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ ॥
ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਦੇ ਦੇਹ॥
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦਿ ਮੇ ਲੇ ॥
ਖੰਡਾ ਜਾਕੇ ਹਾਥ ਮੇਂ ਕਲਗੀ ਸੋਹੇ ਸੀਸ ॥
ਸੋ ਹਮਰੀ ਰਛਿਆ ਕਰੇ ਕਲਗੀਧਰ ਜਗਦੀਸ ॥
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ॥
ਖੁਆਰ ਹੋਇ ਸਭ ਮਿਲੈਂਗੇ ਬਚੇ ਸਰਣ ਜੋ ਹੋਇ ॥
(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਦਾ ਸੋਧਿਆ ਰੂਪ)

ਇਸ ਤਰ੍ਹਾਂ ਸਿੱਖ ਅਰਦਾਸ ਦੇ ਭਾਗ ਇਹ ਹਨ :

ਜ਼ਰੂਰੀ ਭਾਗ

(ੳ) ਅਰਦਾਸ ਦੀ ਪਹਿਲੀ ਪਉੜੀ ਪ੍ਰਿਥਮ ਭਗਉਤੀ ਵਾਲਾ
(ਅ) ਨਾਨਕ ਨਾਮ ਪੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੋ ਸਮੇਂ ਸਮੇਂ ਅਰਦਾਸ ਵਿੱਚ ਸ਼ਾਮਿਲ ਹੁੰਦੇ ਰਹੇ ਤੇ ਸਿਖ ਰਹਿਤ ਮਰਯਾਦਾ ਅਨੁਸਾਰ ਸ਼ਾਮਲ ਮੰਨੇ ਗਏ
(ੲ) ਪੰਜਾਂ ਪਿਆਰਿਆਂ......ਤਿਨਾਂ ਪਿਆਰਿਆਂ ਸਚਿਆਰੀਆਂ ਦੀ ਕਮਾਈ ।
(ਸ) ਜਿਨਾਂ ਸਿੰਘਾਂ ਸਿੰਘਣੀਆਂ.........ਸਿਖੀ ਕੇਸਾਂ ਨਾਲ ਨਿਬਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ
(ਹ) ਪੰਜਾਂ ਤਖਤਾਂ.......ਧਿਆਨ ਕਰਕੇ
(ਕ) ਪ੍ਰਿਥਮੇ ਸਰਬਤ ਖਾਲਸਾ ਜੀ......ਖਾਲਸਾ ਜੀ ਕੇ ਬੋਲ ਬੋਲੋ ਜੀ ਵਾਹਿਗੁਰੂ
(ਖ) ਸਿੱਖਾਂ ਨੂੰ ਸਿੱਖੀ ਦਾਨ......ਧਰਮ ਕਾ ਜੈਕਾਰ
(ਗ) ਸਿੱਖਾਂ ਦਾ ਮਨ ਨੀਵਾਂ.......ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ
(ਘ) ਹੇ ਨਿਮਾਣਿਆ ਦੇ ਮਾਣ........ਦੀ ਅਰਦਾਸ ਹੈ ਜੀ
(ਙ) ਅੱਖਰ ਵਾਧਾ ਘਾਟਾ-ਤੇਰਾ ਨਾਮ ਚਿਰ ਆਵੈ ।

ਜੋ ਸ਼੍ਰੋ.ਗੁ.ਪ੍ਰੰ.ਕ. ਅਨੁਸਾਰ ਅਰਦਾਸ ਦਾ ਭਾਗ ਨਹੀਂ ਪਰ ਅਰਦਾਸ ਵਿਚ ਆਮ ਸ਼ਾਮਲ ਕੀਤੇ ਜਾਂਦੇ ਹਨ

(ੳ)ਸ੍ਰੀ ਗੁਰੂ ਅਰਜਨ ਦੇਵ ਜੀ ਸ਼ਬਦ ‘ਤੂ ਠਾਕੁਰੁ ਤੁਮ ਪਹਿ ਅਰਦਾਸਿ…
(ਅ) ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ ਦਾ ਸੋਧਿਆ ਰੂਪ ਆਗਿਆ ਭਈ ਅਕਾਲ
ਕੀ.....ਬਚੇ ਸਰਣ ਜੋ ਹੋਇ ।

(ੲ) ਕੁਝ ਸ਼ਲੋਕ ਜੇ ਗੁਰਬਾਣੀ ਵਿਚੋਂ ਲਏ ਜਾਂਦੇ ਹਨ ।

ਅਰਦਾਸ ਕਿਉਂ ਕੀਤੀ ਜਾਂਦੀ ਹੈ

ਆਮ ਤੋਰ ਤੇ ਅਰਦਾਸ ਪਰਮਾਰਥਿਕ ਜਾਂ ਪਦਾਰਥਿਕ ਇਛਾਵਾਂ ਪ੍ਰਾਪਤੀ, ਭਜਵਲ ਪਾਰ ਹੋਣ ਲਈ, ਸਹੀ ਮਾਰਗ ਲਈ, ਸਦਗੁਣਾਂ ਲਈ, ਪ੍ਰਭੂ ਦੀ ਰਜ਼ਾ ਵਿੱਚ ਰਹਿਣ ਲਈ, ਲੇਖਾ ਨਿਬੇੜਣ ਲਈ ਆਦਿ । ਪਰਮਾਰਥਿਕ ਇਛਾਵਾਂ ਬਾਰੇ ਗੁਰਬਾਣੀ ਇਉਂ ਦਸਦੀ ਹੈ ।

1. ਤਿਸੁ ਆਗੈ ਅਰਦਾਸਿ ਕਰਿ ਜੇ ਮੇਲੇ ਕਰਤਾਰ ॥
2. ਸਤਿਗੁਰ ਅਗੈ ਅਰਦਾਸਿ (ਪੰਨਾ : 49)
3. ਤੂ ਠਾਕਰੁ ਤੁਮ ਪਹਿ ਅਰਦਾਸਿ ਤੂ ਸਚਾ ਸਾਈ ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ (ਪੰਨਾ : 517)
4. ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥
ਬੁਗੇ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥ (ਪੰਨਾ : 723)
5. ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ।
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ (ਪੰਨਾ : 590)

ਗੁਰਮਤ ਅਨੁਸਾਰ ਅਰਦਾਸ ਸਤਿਗੁਰੂ ਅੱਗੇ ਜੋ ਸੱਚੇ ਵਾਹਿਗੁਰੂ ਨੂੰ ਮਿਲਾਵੇ ਤੇ ਜਾਂ ਫਿਰ ਸਿੱਧੇ ਵਾਹਿਗੁਰੂ ਨੁੰ ਅਰਦਾਸ ਕਰਨੀ ਹੈ ਹੋਰ ਕਿਸੇ ਅੱਗੇ ਨਹੀਂ । ਸਿਖ ਪੰਥ ਦਾ ਸਚਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਸਨਮੁਖ ਹੱਥ ਜੋੜ ਉਸ ਵਾਹਿਗੁਰੂ ਨੂੰ ਯਾਦ ਕਰਕੇ ਉਸ ਅੱਗੇ ਉਸ ਦੀ ਪ੍ਰਾਪਤੀ ਲਈ ਅਰਦਾਸ ਕਰਨੀ ਹੈ । ਆਤਮਿਕ ਤੇ ਪਦਾਰਥਿਕ ਮੰਗਾਂ ਉਸੇ ਅੱਗੇ ਹੀ ਕਰਨੀਆਂ ਹਨ ।

ਅਰਦਾਸ ਕਦੋਂ ਕੀਤੀ ਜਾਂਦੀ ਹੈ ?

ਅੰਮ੍ਰਿਤ ਵੇਲੇ ਅਤੇ ਸੋਦਰੁ ਵੇਲੇ ਦੇ ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਧਾਰਨ ਜਾਂ ਅਖੰਡ ਪਾਠ ਦੀ ਸਮਾਪਤੀ ਸਮੇਂ ਵੀ ਅਰਦਾਸ ਕਰਨੀ ਜ਼ਰੂਰੀ ਹੈ । ਅਰਦਾਸ ਸਖਸ਼ੀ ਜਾਂ ਸੰਗਤੀ ਹੋ ਸਕਦੀ ਹੈ । ਸਖਸ਼ੀ ਅਰਦਾਸ ਸਵੈ ਜਾਂ ਪਰਿਵਾਰਿਕ, ਮਾਨਸਿਕ, ਆਰਥਿਕ ਜਾਂ ਸਰੀਰਕ ਕਸ਼ਟ ਨਿਵਾਰਨ ਤੇ ਸੁਖ ਮੰਗਣ ਲਈ ਕੀਤੀ ਜਾਂਦੀ ਹੈ ਤੇ ਸੰਗਤੀ ਅਰਦਾਸ ਸੰਗਤ ਮਿਲਕੇ ਕਰਦੀ ਹੈ ਜਿਸ ਵਿੱਚ ਸਰਬਤ ਦਾ ਭਲਾ ਮੁੱਖ ਮਨੋਰਥ ਹੁੰਦਾ ਹੈ । ਕਾਰਜ ਸੰਪੂਰਨ ਲਈ ਕੀਤੀ ਅਰਦਾਸ ਲਈ ਜ਼ਰੂਰੀ ਹੈ ਕਿ ਗੁਰੂ ਕਾ ਸਿਖ ਕਾਰਜ ਦੇ ਆਦਿ ਮੇਂ ਅਰਦਾਸ ਕਰੇ । (ਰਹਿਤਨਾਮਾ ਭਾਈ ਚੌਪਾ ਸਿੰਘ) ਸਿਖ ਮਿਸਲਾਂ ਜਦ ਮੁਹਿੰਮਾਂ ਤੇ ਚੜ੍ਹਦੀਆਂ ਤਾਂ ਹਮੇਸ਼ਾਂ ਅਰਦਾਸਾ ਸੋਧਕੇ ਹੀ ਵਧਦੀਆਂ । ਅਰਦਾਸ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਪਰ ਅੰਮ੍ਰਿਤ ਵੇਲਾ ਤੇ ਸੋਦਰ ਵੇਲਾ ਸ਼ੁਭ ਮੰਨੇ ਗਏ ਹਨ । ਖਾਣ ਤੋਂ ਪਹਿਲਾਂ ਵੀ ਅਰਦਾਸ ਕਰਨੀ ਚਾਹੀਦੀ ਹੈ । ਅਰਦਾਸ ਕਰਕੇ ਖਾਇਉ ਪਵਿਤ ਹੋਆ (ਰਹਿਤਨਾਮੇ ਸ: ਪਿਆਰਾ ਸਿੰਘ ਪਦਮ ਪੰਨਾ 98) ਇਸ ਲਈ ਲੰਗਰ ਛੱਕਣ ਤੋਂ ਪਹਿਲਾਂ ਅਰਦਾਸ ਦੀ ਰੀਤ ਪਈ ।

ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾਂ ਆਣਹਿ ਰਾਸਿ ॥ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥ (ਪੰਨਾ : 1093)

ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨਹੀਂ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ ਪ੍ਰਵਾਨ ਹੈ, ਅਰਦਾਸ ਹੋਣ ਸਮੇਂ ਸੰਗਤ ਵਿੱਚ ਹਾਜ਼ਰ ਸਾਰੇ ਇਸਤ੍ਰੀ ਪੁਰਸ਼ਾਂ ਨੂੰ ਹਥ ਜੋੜ ਕੇ ਖੜੇ ਹੋਣਾ ਚਾਹੀਦਾ ਹੈ । ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਹੋਵੇ, ਉਹ ਭੀ ਉਠ ਕੇ ਚੌਰ ਕਰੇ । ਜਦੋਂ ਕੋਈ ਖਾਸ ਅਰਦਾਸ ਕਿਸੇ ਇਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ, ਤਾਂ ਉਨ੍ਹਾਂ ਤੋਂ ਬਿਨਾਂ ਸੰਗਤ ਵਿੱਚ ਬੈਠੇ ਹੋਰਨਾਂ ਦਾ ਉੱਠਣਾ ਜ਼ਰੂਰੀ ਨਹੀਂ । ਜੇ ਬੁਖਾਰ ਹੋਵੇ ਜਾਂ ਕੋਈ ਸਰੀਰਕ ਦੁੱਖ ਹੋਵੇ ਜਿਸ ਨਾਲ ਮਨੁੱਖ ਖੜ੍ਹਾ ਨਾ ਹੋ ਸਕਦਾ ਹੋਵੇ ਤਾਂ ਉਸਨੂੰ ਸੰਗਤੀ ਅਰਦਾਸ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ । ਬੈਠੇ ਹੀ ਅਰਦਾਸ ਨੂੰ ਸੁਣਕੇ ਆਪਣੇ ਧਿਆਨ ਨੂੰ ਗੁਰੂ ਚਰਨਾਂ ਵਿੱਚ ਜੋੜਨਾ ਚਾਹੀਦਾ ਹੈ । ਅਰਦਾਸ ਵਿੱਚ ਕਿਸੇ ਪ੍ਰਧਾਨ ਸਕੱਤਰ ਜਾਂ ਹੋਰ ਕਿਸੇ ਮਨੁੱਖ ਦੀ ਖੁਸ਼ਾਮਦ ਲਈ ਆਪਣੇ ਮਨਭਾਉਂਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ । ਅਰਦਾਸ ਵੇਲੇ ਮਨ ਦਾ ਟਿਕਾਊ ਹੋਣਾ ਬਹੁਤ ਜ਼ਰੂਰੀ ਹੈ, ਇਧਰ ਉਧਰ ਝਾਕਣਾ ਜਾਂ ਗੱਲ ਬਾਤ ਕਰਨੀ ਵਿਵਰਜਤ ਹੈ । ਅਰਦਾਸੀਏ ਸਿੱਖ ਜਾਂ ਅਰਦਾਸ ਵੇਲੇ ਕੋਈ ਵੀ ਸਿੱਖ ਧਿਆਨ ਭੰਗ ਨਾ ਕਰੇ । ਚਿੱਟਾਂ ਦੇਣਾ ਜਾਂ ਅਰਦਾਸੀਏ ਹੱਥ ਮਾਇਆ ਦੇਣਾ ਆਦਿ ਬਹੁਤ ਗਲਤ ਹੈ । ਅਰਦਾਸ ਵੇਲੇ ਸਿਰ ਢਕਿਆ ਹੋਣਾ ਚਾਹੀਦੀ ਹੈ ਤੇ ਪੈਰੀਂ ਜੁੱਤੀ ਨਹੀਂ ਚਾਹੀਦੀ । ਸੰਗਤੀ ਅਰਦਾਸ ਵਿੱਚ ਇਕੱਲੇ ਇਕੱਲੇ ਮਨੁੱਖ ਦਾ ਨਾਂ ਲੈ ਕੇ ਅਰਦਾਸ ਕਰਨੀ ਮਨਮਤਿ ਹੈ । ਜਨਸਮੂਹ ਲਈ ਮਨੁੱਖੀ ਅਰਦਾਸ ਕਰਨੀ ਯੋਗ ਹੈ । ਅਰਦਾਸ ਕਰਨ ਮਗਰੋਂ ਸਿਦਕ ਨਾਲ ਧਰਤੀ ਤੇ ਮੱਥਾ ਟੇਕਣਾ ਚਾਹੀਦਾ ਹੈ । ਐਵੇਂ ਰਸਮੀ ਸਿਰ ਨਿਵਾਉਣਾ ਠੀਕ ਨਹੀਂ, ਕਿਸੇ ਦੇਹਧਾਰੀ ਗੁਰੂ ਦਾ ਨਾਂ ਜੋੜਣਾ ਪਾਪ ਹੈ । ਅਰਦਾਸ ਕਰਨ ਪਿੱਛੋਂ “ਆਗਿਆ ਭਈ ਅਕਾਲ ਕੀ” ਅਤੇ “ਬੇਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦਾ ਜੈਕਾਰਾ ਗਜਾਉਣਾ ਚਾਹੀਦਾ ਹੈ । ਨਿਤਨੇਮ ਬਾਣੀਆਂ ਦਾ ਪਾਠ ਕਰਨ ਪਿੱਛੋਂ ਅਰਦਾਸ ਕਰਨੀ ਚਾਹੀਦੀ ਹੈ ।ਕ੍ਰਿਪਾਨ ਦਾ ਭੋਗ ਅਰਦਾਸ ਤੋਂ ਪਿੱਛੋਂ ਲਾਉਣਾ ਚਾਹੀਦਾ ਹੈ ਵਿਚਕਾਰ ਨਹੀਂ ।

ਅਰਦਾਸ ਦਾ ਅਸਰ

ਅਰਦਾਸ ਕਦੇ ਬਿਰਥ ਨਹੀਂ ਜਾਂਦੀ । ਸੱਚੇ ਮਨੋਂ ਸਚੇ ਪ੍ਰਮਾਤਮਾ ਅੱਗੇ ਕੀਤੀ ਅਰਦਾਸ ਹਮੇਸ਼ਾ ਵਰ ਆਉਂਦੀ ਹੈ । ਗੁਰਬਾਣੀ ਵਿਚੋਂ ਉਦਾਹਰਣ ਪੇਸ਼ ਹਨ :
1. ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥ ਰਾਖਿ ਲੇਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਜੋ ਮਾਗਉ ਸੋਈ ਸੋਈ ਪਾਵਉ ਅਪਣੇ ਖਸਮ ਭਰੋਸਾ ॥(ਪੰਨਾ : 816)
2. ਵਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ਰਖਵਾਲਾ ਗੋਬਿੰਦ ਰਾਇ ਭਗਤਨ ਦੀ ਰਾਸਿ ॥(ਪੰਨਾ : 816)
3. ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥
4. ਸਾਚੀ ਦਰਗਾਹ ਬੈਸਈ ਭਗਤਿ ਸਚੀ ਅਰਦਾਸਿ ॥ ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥ (ਪੰਨਾ : 54)
5. ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥(ਪੰਨਾ : 819)

ਅਰਦਾਸ ਦੁਆਰਾ ਹੋਈਆਂ ਪ੍ਰਾਪਤੀਆਂ ਦੀ ਗਿਣਤੀ ਨਹੀਂ ਹੋ ਸਕਦੀ । ਫਿਰ ਵੀ ਕੁਝ ਇਕ ਵਿਸ਼ੇਸ਼ ਲਾਭ ਹੇਠ ਲਿਖੇ ਹਨ :

1. ਧਰਵਾਸਾ: ਅਰਦਾਸ ਨਿਰਾਸੇ ਮਨੁੱਖ ਦੀ ਆਸ ਹੈ, ਧਰਵਾਸ ਹੈ ।
2. ਲਿਵਲੀਨਤਾ: ਸਚੇ ਵਾਹਿਗੁਰੂ ਨਾਲ ਲਿਵ ਲਾਉਣ ਦਾ ਵਧੀਆ ਵਸੀਲਾ ਹੈ, ਮੌਕਾ ਹੈ ।
ਅਰਦਾਸੀਏ ਵਲੋਂ ਨਾਮ ਦਾਨ ਦੀ ਮੰਗ ਇਕ ਸਰਵੋਤਮ ਇੱਛਾ ਹੈ ।
3. ਪਰਿਵਰਤਣ: ਆਪਣੇ ਪਾਪ ਬਖਸ਼ਾ ਕੇ ਜਗਿਆਸੂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਇਕ ਨਵੀਂ ਸੁੱਚਜੀ ਜ਼ਿੰਦਗੀ ਦੀ ਸ਼ੁਰੁਆਤ ਕਰਦਾ ਹੈ ।
4. ਨਿਰਮਲਤਾ: ਅਰਦਾਸ ਮਨ ਅੰਦਰੋਂ ਕਠੋਰਤਾ ਦੂਰ ਕਰਕੇ ਨਿਰਮਲਤਾ ਦਾ ਭਾਵ ਪੈਦਾ ਕਰਦੀ ਹੈ ।
5. ਸਰਬ-ਸਾਂਝੀਵਾਲਤਾ: ਅਰਦਾਸ ਸਾਰੀ ਦੁਨੀਆਂ ਲਈ ਭਲਾਈ ਲੋਚਦੀ ਹੈ, ਜਿਸ ਸਦਕਾ ਮਨ ਵਿਚੋਂ ਹੀਣ-ਭਾਵ, ਵੈਰ-ਵਿਰੋਧ, ਈਰਖਾ ਘਟਦੇ ਹਨ ।
6. ਵਿਸ਼ਵਾਸ: ਅਰਦਾਸ ਉਸ ਸੱਚੇ ਪ੍ਰਮਾਤਮਾ ਵਿੱਚ ਪੱਕਾ ਵਿਸ਼ਵਾਸ ਜਤਾ ਕੇ ਵੱਡੀਆਂ ਵੱਡੀਆਂ ਮੁਸੀਬਤਾਂ ਵਿੱਚ ਜੂਝਣਾ ਸਿਖਾਉਂਦੀ ਹੈ,
7. ਇਕਾਗਰਤਾ: ਅਰਦਾਸ ਇਕਾਗਰ ਚਿੱਤ ਹੋਣ ਦਾ ਅਭਿਆਸ ਕਰਾਉਂਦੀ ਹੈ ।
8. ਇਤਿਹਾਸ ਦਾ ਗਿਆਨ: ਸਿਖ ਇਤਿਹਾਸ ਦਾ ਸੰਖੇਪ ਗਿਆਨ ਦੇ ਕੇ ਅਰਦਾਸ ਉਸਨੂੰ ਆਪਣਾ
ਪਿਛੋਕੜ ਯਾਦ ਦਿਵਾ ਕੇ ਆਪਣੇ ਧਰਮ ਤੇ ਪਕਿਆਂ ਰਹਿਣ ਲਈ ਤਿਆਰ ਕਰਦੀ ਹੈ ।
9. ਜੀਵਨ ਗੁੰਝਲਾਂ ਦੀ ਕੁੰਜੀ : ਅਰਦਾਸ ਜੀਵਨ ਗੁੰਝਲਾਂ ਹਲ ਕਰਨ ਦੀ ਕੁੰਜੀ ਹੈ।
10.ਮਨ-ਬਾਂਛਤ ਫਲ ਪ੍ਰਾਪਤੀ : ਅਰਦਾਸ ਕਰਨ ਨਾਲ ਚਾਰੇ ਪਦਾਰਥ ਧਰਮ, ਅਰਥ, ਮੋਖ ਤੇ ਹੋਰ ਮਨ ਬਾਂਛਤ ਫਲ ਪ੍ਰਾਪਤ ਹੋ ਜਾਂਦੇ ਹਨ ।

ਲਾਭ ਅਨੇਕਾਂ ਹਨ ਲਿਖਿਆਂ ਵੀ ਨਹੀਂ ਮੁੱਕਣੇ । ਬੜਿਆਂ ਨੇ ਇਹ ਫਲ ਪਾਏ ।

ਸਿੱਖ ਇਤਿਹਾਸ ਵਿੱਚ ਬੇਬੇ ਨਾਨਕੀ, ਰਾਇਬੁਲਾਰ ਅਤੇ ਹੋਰ ਅਜਿਹੀਆਂ ਅਣਗਿਣਤ ਰੂਹਾਂ ਨੇ ਗੁਰੂ ਨਾਨਕ ਸਾਹਿਬ ਅਗੇ ਅਰਦਾਸ ਕਰਕੇ ਆਪਣਾ ਜੀਵਨ ਸਫਲਾ ਕੀਤਾ । ਬਾਬਾ ਦੀਪ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤ੍ਰਤਾ ਕਾਇਮ ਰਖਣ ਲਈ ਅਰਦਾਸ ਕਰਕੇ ਸ਼ਹਾਦਤ ਪ੍ਰਾਪਤ ਕੀਤੀ । ਭਾਈ ਸੁਖਾ ਸਿੰਘ, ਮਹਿਤਾਬ ਸਿੰਘ ਨੇ ਅਰਦਾਸ ਕਰਕੇ ਹੀ ਮੱਸੇ ਰੰਘੜ ਦਾ ਸਿਰ ਵੱਢਣ ਵਿੱਚ ਸਫਲਤਾ ਪ੍ਰਾਪਤ ਕੀਤੀ । ਨੁਸ਼ਿਹਰੇ ਦੀ ਜੰਗ ਵੇਲੇ ਸ: ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਜੀ ਦੀ ਅਰਦਾਸ ਸਦਕਾ ਹੀ ਅਟਕ ਦਰਿਆ ਨੇ ਰਸਤਾ ਦੇ ਦਿਤਾ, ਅਜੋਕੇ ਸਮੇਂ ਵਿੱਚ ਅਨੇਕਾਂ ਮਹਾਂਪੁਰਸ਼ ਤੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਅਰਦਾਸ ਕਰਕੇ ਕੌਮ ਦਾ ਨਾਂ ਉੱਚਾ ਕੀਤਾ ।ਅਰਦਾਸ ਨੂੰ ਮੰਨਣ ਵਾਲੇ ਮਰਜੀਵੜੇ ਅਰਦਾਸ ਛੁਟ-ਲਾਭਾਂ ਲਈ ਨਹੀਂ ਕਰਦੇ ।

ਡਾ. ਬਲਬੀਰ ਸਿੰਘ ਕਵੀ ਪ੍ਰੋ: ਪੂਰਨ ਸਿੰਘ ਦੇ ਅੰਤਮ ਦਿਨਾਂ ਬਾਰੇ ਲਿਖਦੇ ਹਨ :

“ਉਹ ਗੁਰੂ ਕਾ ਪਿਆਰਾ ਛੇ ਮਹੀਨਿਆਂ ਤੋਂ ਬੀਮਾਰ ਪਿਆ ਹੈ । ਸਾਰਾ ਜਿਸਮ ਢਿਲਾ ਪੈ ਗਿਆ ਹੈ ਪਰ ਅੱਖਾਂ ਵਿੱਚ ਛਿਪ ਰਹੇ ਸੂਰਜ ਦੀ ਲਿਸ਼ਕ ਹੈ । ਇਕ ਦਿਨ ਦੀ ਗੱਲ ਹੈ ਕਿ ਕਿਸੇ ਮਿੱਤਰ ਨੇ ਲਿਖ ਭੇਜਿਆ ਕਿ ਬਾਬੀ (ਪ੍ਰੋ: ਪੂਰਨ ਸਿੰਘ) ਨੂੰ ਕਹਿਓ ਕਿ ਉਹ ਆਪਣੀ ਦੇਹ ਅਰੋਗਤਾ ਲਈ ਅਰਦਾਸ ਕਰਾਉਣ । ਪਰ ਪ੍ਰੋ: ਸਾਹਿਬ ਨੇ ਸਾਫ ਕਿਹਾ “ਮੈਂ ਇਸ ਚੰਮ ਲਈ? ਕਦੀ ਨਹੀਂ, ਕਦੀ ਨਹੀਂ ।” (ਧਰ. ਭੳਲਬਰਿ ਸ਼ਨਿਗਹ: ‘ਫੁਰੳਨ ਸ਼ਨਿਗਹ’

ਹਾਂ, ਉਹ ਸੁੱਖ ਦੀ ਥਾਂ ਦੁੱਖ ਸਹਿਣ ਦੀ ਤੇ ਜ਼ੁਲਮ ਸਹਿ ਕੇ ਧਰਮ ਰਖਿਆ ਦੀ ਬੇਨਤੀ ਅਰਦਾਸ ਕਰ ਸਕਦੇ ਹਨ । ਜਿਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਹੁਕਮ ਨਾਲ ਜੇਠ ਮਹੀਨੇ ਦੀ ਸਿਖਰ ਦੁਪਹਿਰੇ ਤੱਤੀ ਲੋਅ ਉਪਰ ਬੈਠਣ ਦਾ ਹੁਕਮ ਹੋਇਆ ਤਾਂ ਆਪਨੇ ਬੇਨਤੀ ਕੀਤੀ ਸੀ, “ਪ੍ਰਭੂ! ਅੱਗ ਹੈ ਅੱਗ ਰਹਿਣ ਦੇਹ, ਪ੍ਰੰਤੂ ਮੈਨੂੰ ਇਸ ਤਸੀਹੇ ਝੱਲਣ ਦੀ ਸ਼ਕਤੀ ਦੇਹ ।”

ਅਰਦਾਸ ਵਿੱਚ ਅਥਾਹ ਸ਼ਕਤੀ ਹੈ । ਅਰਦਾਸ ਹੈ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦਾ ਆਸਰਾ । ਅੰਨ੍ਹੇ ਦੀ ਡੰਗੋਰੀ ਅਸੁਰਖਿਅਤ ਦੀ ਰਾਮ ਕਾਰ । ਪਰ ਅਰਦਾਸ ਕਰੇ ਤਾਂ ਸੱਚੇ ਮਨ ਨਾਲ, ਧੁਰ ਅੰਦਰ ਤੋਂ, ਹੋਰ ਸਭ ਪਾਸਿਆਂ ਤੋਂ ਡੋਰੀ ਤੋੜ ਕੇ ਇਕ ਸੱਚੇ ਨਾਲ ਲਿਵ ਲਾ ਕੇ ।

ਸੁਲਤਾਨਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਅਤੇ ਕਾਜ਼ੀ ਨੂੰ ਜਦ ਕਿਹਾ ਕਿ ‘ਨਮਾਜ਼ ਸਮੇਂ ਤੁਹਾਡੀ ਸੁਰਤੀ ਅੱਲਾ ਦੇ ਰਚਨਾਂ ਵਿੱਚ ਨਹੀਂ ਬਲਕਿ ਘੋੜੀ ਵਛੇਰੀ ਮਗਰ ਭਟਕ ਰਹੀ ਹੈ । ਅਜਿਹੀ ਨਮਾਜ਼ ਦਾ ਕੀ ਲਾਭ” ਤਾਂ ਇਸ ਦਾ ਮਨੋਰਥ ਇਹੋ ਦਸਣਾ ਸੀ ਕਿ ਉਸੇ ਅਰਦਾਸ ਦਾ ਲਾਭ ਹੁੰਦਾ ਹੈ ਜੋ ਇਕਾਗਰ, ਇਕ ਚਿਤ ਉਸ ਈਸ਼ਵਰ ਵਲ ਧਿਆਨ ਧਰਕੇ ਕੀਤੀ ਗਈ ਹੋਵੇ । ਅਰਦਾਸ ਵਿੱਚ ਨਿਸਚਾ ਪੱਕਾ ਹੋਣਾ ਚਾਹੀਦਾ ਹੈ । ਨੁਸ਼ਹਿਰੇ ਦੀ ਲੜਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਦੁਸ਼ਮਣ ਦੀਆਂ ਫੋੌਜਾਂ ਭਾਰੀਆਂ ਦੇਖ ਕੇ ਅਕਾਲੀ ਫੂਲਾ ਸਿੰਘ ਨੂੰ ਪ੍ਰੋਗ੍ਰਾਮ ਮੁਲਤਵੀ ਕਰਨ ਲਈ ਕਿਹਾ । ਅਕਾਲੀ ਜੀ ਅਰਦਾਸ ਸੋਧ ਚੁੱਕੇ ਸਨ । ਉਨ੍ਹਾਂ ਕਿਹਾ:ਅਰਦਾਸ ਹੋ ਚੁੱਕੀ ਹੈ ਹੁਣ ਇਹ ਹਮਲਾ ਤਾਂ ਹੋਵੇਗਾ ਹੀ’” (ਮਹਾਰਾਜਾ ਰਣਜੀਤ ਸਿੰਘ: ਸੀਤਾ ਰਾਮ ਕੋਹਲੀ ਪੰਨਾ 131)

ਸਿੱਖ ਧਰਮ ਦੀ ਸਮੁੱਚੀ ਜਿੰਦਗੀ ਅਰਦਾਸ ਦੀ ਤਾਬਿਆ ਹੈ । ਅਰਦਾਸ ਆਸਰੇ ਹੀ ਸਿਖ ਧਰਮ ਹੋੌਲੀ ਹੌਲੀ ਵਿਕਾਸ ਕਰਦਾ ਰਿਹਾ ਹੈ । ਅਰਦਾਸ ਜੀਵਨ ਦੇ ਹਰ ਸੰਘਰਸ਼ ਵਿੱਚ ਅਤਿ ਮਹੱਤਵਪੂਰਨ ਸਹਾਰਾ ਰਹੀ ਹੈ । ਅਰਦਾਸ ਸਿੱਖ ਸਿਧਾਂਤਾਂ ਦੀ ਜਿੰਦਜਾਨ ਹੈ, ਰੂਹ ਹੈ । ਇਸਦੇ ਗਿਆਨ ਅਤੇ ਈਮਾਨ ਦੋਨੋਂ ਹੀ ਸਤਿਕਾਰ ਦੇ ਪਾਤਰ ਹਨ । ਸਿੱਖ ਅਰਦਾਸ ਦਾ ਜਾਤੀ ਪੱਧਰ ਵਿਸ਼ਵ-ਵਿਆਪੀ ਹੈ ਸਰਬਤ ਦਾ ਭਲਾ ਮੰਗਣਾ ਹੈ ।ਅਰਦਾਸ ਸਿੱਖ ਧਰਮ ਦੀ ਰੀੜ ਦੀ ਹੱਡੀ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਅੱਧੇ ਤੋਂ ਜ਼ਿਆਦਾ ਹਿਸਾ ਅਰਦਾਸ ਦੇ ਰੂਪ ਵਿੱਚ ਹੈ ।ਨਿਮਰਤਾ ਹਲੀਮੀ, ਸ਼ਰਧਾ ਨਿਸਚਾ, ਦ੍ਰਿੜ੍ਹ ਵਿਸ਼ਵਾਸ ਤੇ ਆਤਮਿਕਤਾ ਨਾਲ ਕੀਤੀ ਅਰਦਾਸ ਬਿਰਥੀ ਨਹੀਂ ਜਾਂਦੀ ।​
 
📌 For all latest updates, follow the Official Sikh Philosophy Network Whatsapp Channel:

Latest Activity

Top