• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਸੰਨ ੧੯੮੪ ਦਾ ਘਲੂਘਾਰਾ ਤੇ ਸ੍ਰੀ ਮੁਕਤਸਰ ਸਾਹਿਬ

Dalvinder Singh Grewal

Writer
Historian
SPNer
Jan 3, 2010
2,295
447
81
ਸੰਨ ੧੯੮੪ ਦਾ ਘਲੂਘਾਰਾ ਤੇ ਸ੍ਰੀ ਮੁਕਤਸਰ ਸਾਹਿਬ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੰਨ ੧੯੮੪ ਸਿੱਖਾਂ ਲਈ ਕਾਲਾ ਵਰ੍ਹਾ ਸੀ ਜਿੱਸ ਵਿੱਚ ਸਿੱਖਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਤਾਂ ਹੋਇਆ ਹੀ ਪਰ ਨਾਲ ਹੀ ਅਣਖ ਤੇ ਇੱਜ਼ਤ ਨੂੰ ਅਕੱਹਿ ਠੇਸ ਵੀ ਪਹੁੰਚੀ। ਇਹ ਲੇਖ ਗੁਰਦੁਆਰਾ ਟੁੱਟੀ ਗੰਢੀ ਵਿਚ ਹੋਏ ੧੯੮੪ ਦੇ ਸਾਕੇ ਦੀ ਘਟਨਾ ਦੇ ਇਤਿਹਾਸਿਕ ਪੱਖ ਤੱਕ ਹੀ ਸੀਮਿਤ ਰੱਖਿਆ ਗਿਆ ਹੈ ਤੇ ਕਾਰਨਾਂ ਨੂੰ ਲੈ ਕੇ ਕੋਈ ਰਾਜਨੀਤਕ ਵਿਚਾਰ ਧਾਰਾ ਨਹੀਂ ਦਿੱਤੀ ਗਈ।ਇਸ ਦਾ ਵਿਸਥਾਰ ਗੁਰਦੁਆਰਾ ਸਾਹਿਬ ਦੇ ਉਸ ਸਮੇਂ ਦੇ ਕਰਮਚਾਰੀਆਂ ਸਰਦਾਰ ਬਹਾਦਰ ਸਿੰਘ, ਸਰਦਾਰ ਪਿਆਰਾ ਸਿੰਘ, ਗਿਆਨੀ ਸੂਬਾ ਸਿੰਘ, ਸਰਦਾਰ ਭਾਟੀਆ, ਸਰਦਾਰ ਸਵਰਨ ਸਿੰਘ ਆਦਿ ਨੇ ਜੋ ਵਿਥਿਆ ਸੁਣਾਈ ਤੇ ਜੋ ਸਰਕਾਰੀ ਰਿਕਾਰਡਾਂ ਅਨੁਸਾਰ ਪ੍ਰਾਪਤ ਹੋਈ ਏਥੇ ਲਿਖ ਦਿਤੀ ਹੈ।

੩ ਜੂਨ ੧੯੮੪ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਜਿੱਸ ਦਿਨ ਸੰਗਤਾਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਿਆਂ ਵਿੱਚ ਜਾਣ ਲਈ ਕਰਫਿਊ ਤੋਂ ਖਾਸ ਛੋਟ ਦੇ ਦਿੱਤੀ ਗਈ ਸੀ।ਉਸ ਦਿਨ ਗੁਰਦੁਆਰਾ ਸਾਹਿਬ ਵਿੱਚ ਡਿਊਟੀ ਤੇ ਤੈਨਾਤ ਕਰਮਚਾਰੀਆਂ ਤੋਂ ਬਿਨਾ ਹਦੂਦ ਅੰਦਰ ਮੁੱਖ ਗ੍ਰੰਥੀ ਤੇ ਹੋਰ ਕਰਮਚਾਰੀਆਂ ਦੇ ਪਰਿਵਾਰ ਵੀ ਸਨ। ਗੁਰਦੁਆਰਾ ਟੁੱਟੀ ਗੰਢੀ ਇਸ ਘਟਨਾ ਨਾਲ ਪੂਰਾ ਨੁਕਸਾਨਿਆ ਗਿਆ ਸੀ ਜਿਸ ਕਰਕੇ ਸਾਰੇ ਸਾਕੇ ਦਾ ਇਹ ਧੁਰਾ ਆਖਿਆ ਜਾ ਸਕਦਾ ਹੈ।ਸਾਰੇ ਗੁਰਦੁਆਰਿਆਂ ਦੇ ਉਦਾਲੇ ਦੀਵਾਰ ਸੀ ਜਿਸ ਲਈ ਅੱਠ ਦਰਵਾਜ਼ੇ ਅੰਦਰ ਆਉਣ ਲਈ ਸਨ।ਟੁੱਟੀ ਗੰਢੀ ਪਹਿਲੇ ਦੁਆਰ ਦੇ ਨਾਲ ਸੀ। ਪਹਿਲੇ ਦੁਆਰ ਦੇ ਠੀਕ ਸਾਹਮਣੇ ਬੋਹੜ ਤੇ ਬੋਹੜ ਵਾਲਾ ਖੂਹ ਸੀ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਜਾ ਚੁਕਿਆ ਹੈ। ਸੰਨ ੧੯੮੪ ਵੇਲੇ ਟੁੱਟੀ ਗੰਢੀ ਦਾ ਦੁਆਰ ਗੁਰਦੁਆਰਾ ਸ਼ਹੀਦਾਂ ਵੱਲ ਸੀ ਤੇ ਖੱਬੀ ਬਾਹੀ ਤੇ ਸਰਬ ਲੋਹ ਦਾ ਉਹ ਨਿਸ਼ਾਨ ਸਾਹਿਬ ਸੀ ਜਿੱਸ ਨੂੰ ਮਹਾਰਾਜਾ ਪਟਿਆਲਾ ਨੇ ਇੰਗਲੈਂਡ ਤੋਂ ਮੰਗਵਾਇਆ ਸੀ। ਇਸ ਨੂੰ ਖੜ੍ਹਾ ਕਰਨ ਲਈ ਇਕ ਬਹੁਮੰਜ਼ਲੀ ਅਟਾਰੀ ਬਣਾਈ ਗਈ ਸੀ ਜਿੱਸ ਨਾਲ ਲੋਹੇ ਦੇ ਸਰੀਏ ਪਾ ਕੇ ਨਿਸ਼ਾਨ ਸਾਹਿਬ ਨੂੰ ਮੱਦਦ ਦਿੱਤੀ ਗਈ ਸੀ। ਮੱਦਦ ਲਈ ਕੋਈ ਤਾਰਾਂ ਨਹੀਂ ਸੀ ਲਾਈਆਂ ਗਈਆਂ ਜਿੱਸ ਤਰ੍ਹਾਂ ਅੱਜ-ਕੱਲ੍ਹ ਨਿਸ਼ਾਨ ਸਾਹਿਬ ਖੜ੍ਹਾ ਕਰਨ ਲਈ ਮੱਦਦ ਲਈ ਲਾਈਆਂ ਜਾਂਦੀਆਂ ਹਨ।

ਸਰੋਵਰ ਗੁਰਦੁਆਰਾ ਸਾਹਿਬ ਦੇ ਪਿੱਛੇ ਸੀ। ਗੁਰਦੁਆਰਾ ਸਾਹਿਬ ਤੇ ਸਰੋਵਰ ਵਿਚਕਾਰ ਪਉੜੀਆਂ ਸਨ ਜਿਨ੍ਹਾਂ ਨਾਲ ਗੁਰਦੁਆਰਾ ਸਾਹਿਬ ਵੱਲ ਇੱਕ ਬਾਰਾਂਦਰੀ ਸੀ ਤੇ ਦੂਜੇ ਪਾਸੇ ਕੜਾਹ ਪ੍ਰਸਾਦਿ ਦਾ ਕਾਊਂਟਰ ਸੀ।ਇਹ ਕਾਊਂਟਰ ਉਸ ਬੋਹੜ ਅਤੇ ਖੂਹ ਦੇ ਨੇੜੇ ਸੀ ।ਕਰਫਿਊ ਕਰਕੇ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਬੀ. ਐਸ. ਐਫ. ਤੈਨਾਤ ਕੀਤੀ ਹੋਈ ਸੀ ਜੋ ਹਰ ਸਮੇਂ ਹਥਿਆਰ ਤੈਨਾਤ ਰੱਖਦੀ ਸੀ। ਗੁਰਦੁਆਰਿਆਂ ਦੇ ਉਦਾਲੇ ਦੀ ਚਾਰ ਦਿਵਾਰੀ ਉੱਪਰ ਆਸੇ ਪਾਸੇ ਦੇ ਮਕਾਨਾਂ ਤੇ ਬਣਾਏ ਬੰਕਰਾਂ ਵਿੱਚ ਬੈਠੇ ਫੌਜੀ ਲਗਾਤਾਰ ਨਜ਼ਰ ਰੱਖ ਰਹੇ ਸਨ। ਫੈਡਰੇਸ਼ਨ ਦੇ ਕੁੱਝ ਲੜਕੇ ਅਟਾਰੀ ਅਤੇ ਬਾਰਾਂਦਰੀ ਤੇ ਤੈਨਾਤ ਦੱਸੇ ਜਾਂਦੇ ਸਨ ਜਿਨ੍ਹਾਂ ਕੋਲ ਹਲਕੇ ਜਿਹੇ ਹਥਿਆਰ ਸਨ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਫੌਜੀਆਂ ਨਾਲ ਮੁਕਾਬਲਾ ਨਹੀਂ ਸਨ ਕਰ ਸਕਦੇ।ਬਹੁਤੇ ਤਾਂ ਆਸੇ ਪਾਸੇ ਦੇ ਪਿੰਡਾਂ ਦੇ ਮੁੰਡੇ ਸਨ ਜਿਨ੍ਹਾਂ ਨੂੰ ਪੁਲਿਸ ਪਿੰਡਾਂ ਵਿਚ ਤੰਗ ਕਰਦੀ ਸੀ ਜਿੱਸ ਕਰਕੇ ਉਹ ਡਰਦੇ ਏਥੇ ਅਪਣੇ ਬਚਾ ਲਈ ਆ ਗਏ ਸਨ ਤਾਂ ਕਿ ਉਹ ਕਿਸੇ ਅਖੌਤੀ ਮੁਕਾਬਲੇ ਵਿੱਚ ਨਿਹੱਕੇ ਨਾ ਮਾਰ ਦਿਤੇ ਜਾਣ ਜਿੱਸ ਦੀ ਕਿ ਉਨ੍ਹੀਂ ਦਿਨ੍ਹੀਂ ਆਮ ਚਰਚਾ ਸੀ।

੪ ਤਰੀਕ ਸਵੇਰੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ੩੮ ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਤਾਂ ਉਸੇ ਵੇਲੇ ਗੁਰਦੁਆਰਾ ਕੰਪਲੈਕਸ ਮੁਕਤਸਰ ਤੇ ਵੀ ਹਮਲਾ ਹੋ ਗਿਆ। ਸਰਦਾਰ ਬਹਾਦਰ ਸਿੰਘ ਜੋ ਉੱਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਤੇ ਤੈਨਾਤ ਸੀ, ਦੇ ਦੱਸਣ ਮੁਤਾਬਿਕ ਦੋ ਵੱਜ ਕੇ ਚਾਲੀ ਮਿੰਟ ਤੜਕੇ ਲਾਊਡਸਪੀਕਰ ਉਤੇ ਵਾਰਨਿੰਗ ਅਨਾਊਂਸ ਹੋਈ ਕਿ "ਜੋ ਵੀ ਗੁਰਦੁਆਰਾ ਕੰਪਲੈਕਸ ਵਿਚ ਹਨ ਬਾਹਰ ਆ ਕੇ ਸਰੈਂਡਰ ਕਰ ਦੇਣ ਨਹੀਂ ਤਾਂ ਫਾਇਰ ਸ਼ੁਰੂ ਹੋ ਰਿਹਾ ਹੈ" ।ਠੀਕ ਸਵੇਰੇ ੩ ਵੱਜ ਕੇ ੪੦ ਮਿੰਟ ਸਵੇਰੇ ਚਾਰ ਨੰਬਰ ਗੇਟ ਤੋਂ ਜੋ ਗੁਰਦੁਆਰਾ ਤੰਬੂ ਸਾਹਿਬ ਵੱਲ ਸਰੋਵਰ ਦੇ ਦੂਸਰੇ ਪਾਸੇ ਗੁਰਦੁਆਰਾ ਟੁੱਟੀ ਗੰਢੀ ਦੀ ਸੇਧ ਵਿੱਚ ਹੈ, ਤੋਂ ਤੋਪ ਦੇ ਗੋਲੇ ਚੱਲਣ ਲੱਗ ਪਏ। ਪਹਿਲਾ ਗੋਲਾ ਅਟਾਰੀ ਵਿਚ ਲੱਗਿਆ ਤੇ ਫਿਰ ਏਨੀ ਜ਼ਿਆਦਾ ਅਗ ਵਰ੍ਹੀ ਕਿ ਰਹੇ ਰੱਬ ਦਾ ਨਾ। ਸੱਤ ਗੋਲੇ ਦਾਗੇ ਗਏ।ਪਹਿਲਾਂ ਤਾਂ ਅਟਾਰੀ ਡਿਗੀ ਫਿਰ ਬਾਰਾਂਦਰੀ ਤੇ ਕਾਊਂਟਰ ਤੇ ਫਿਰ ਗੁਰਦਵਾਰਾ ਟੁਟੀ ਗੰਢੀ ਵਿੱਚ ਗੋਲੇ ਵੱਜਣ ਲੱਗੇ। ਇੱਕ ਦੋ ਗੋਲੇ ਇਤਿਹਾਸਕ ਬੋਹੜ ਵਿਚ ਵੀ ਜਾ ਲੱਗੇ ਜੋ ਜ਼ਮੀਨ ਤੇ ਢਹਿ ਪਿਆ।ਗੋਲੇ ਅਜਿਹੇ ਘਾਤਕ ਸਨ ਜਿਨ੍ਹਾਂ ਨਾਲ ਬਾਰਾਂਦਰੀ ਅਤੇ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੇ ਗਾਡਰ ਵੀ ਪਿਘਲ ਗਏ। ਅੱਗ ਲੱਗਣ ਕਰਕੇ ਸਾਰੀਆਂ ਬੀੜਾਂ ਵੀ ਸੜ ਗਈਆਂ ਜਿਸ ਕਰਕੇ ਬਾਅਦ ਵਿੱਚ ਸ੍ਰੀ ਅੰਮ੍ਰਿਤਸਰੋਂ ਨਵੀਆਂ ਬੀੜਾਂ ਮੰਗਵਾਈਆਂ ਗਈਆਂ। ਗੁਰਦੁਆਰਾ ਟੁੱਟੀ ਗੰਢੀ ਵੀ ਫਿਰ ਦੁਬਾਰਾ ਬਣਿਆ। ਹੁਣ ਗੁਰਦੁਆਰਾ ਸਾਹਿਬ ਦਾ ਮੂੰਹ ਸਰੋਵਰ ਵੱਲ ਹੈ ਪਹਿਲਾਂ ਦੂਜੇ ਪਾਸੇ ਸੀ। ਤਾਹੀਓਂ ਦੋ ਨਿਸ਼ਾਨ ਸਾਹਿਬ ਹਨ ਇੱਕ ਤਾਂ ਪੁਰਾਣਾ ਜਿੱਸ ਨੂੰ ਹੁਣ ਅਟਾਰੀ ਦੀ ਥਾਂ ਗੁਰਦੁਆਰੇ ਦੀ ਦੀਵਾਰ ਨਾਲ ਲੋਹੇ ਦੀਆਂ ਸਲਾਖਾਂ ਲਾ ਕੇ ਆਸਰਾ ਦਿਤਾ ਗਿਆ ਹੈ ਕਿਉਂਕਿ ਅਟਾਰੀ ਤਾਂ ਪੂਰੀ ਢਹਿ ਗਈ ਸੀ।ਦੂਸਰਾ ਨਵਾਂ ਨਿਸ਼ਾਨ ਸਾਹਿਬ ਸਰੋਵਰ ਵੱਲ ਹੈ।ਮੰਨਿਆਂ ਜਾਂਦਾ ਹੈ ਕਿ ਖਾੜਕੂ ਸਿੰਘ ਤਾਂ ਪਹਿਲੇ ਗੋਲੇ ਤੋਂ ਪਹਿਲਾਂ ਹੀ ਸ਼ਹੀਦਾਂ ਵੱਲ ਦੇ ਗੁਰਦੁਆਰੇ ਵੱਲ ਦੀ ਨਿੱਕਲ ਗਏ ਪਰ ਕਈ ਭੋਲੇ ਭਾਲੇ ਯਾਤਰੂ ਜੋ ਬਾਰਾਂਦਰੀ ਜਾਂ ਸਰਾਂ ਵਿੱਚ ਅਟਕ ਗਏ ਸਨ, ਨਿੱਕਲ ਨਾ ਸਕੇ।

1780533404020.png
ਸੰਨ ੧੯੮੪ ਵੇਲੇ ਗੁਰਦੁਆਰਾ ਟੁੱਟੀ ਗੰਢੀ ਉੱਪਰ ਫਾਇਰਿੰਗ ਦਾ ਦ੍ਰਿਸ਼

1780534012709.png

ਨਿਸ਼ਾਨ ਸਾਹਿਬ ਜਿਸ ਨੂੰ ਸਹਾਰਾ ਦਿੰਦੀ ਅਟਾਰੀ ਗੋਲਿਆਂ ਨਾਲ ਢਹਿ ਗਈ।

ਸਰਦਾਰ ਬਹਾਦਰ ਸਿੰਘ ਨੇ ਦੱਸਿਆ: ਅਨਾਊਂਸਮੈਂਟ ਹੋਈ ਤਾਂ ਮੈਂ ਬਰਛੇ ਦੇ ਪਹਿਰੇ ਉਤੇ ਸਾਂ। ਮੈਂ ਸਾਰੇ ਪਰਿਵਾਰਾਂ ਨੂੰ ਪਉੜੀ ਲਾ ਕੇ ਕੰਧ ਟਪਾਉਣ ਵਿੱਚ ਲੱਗ ਗਿਆ। ਹੁਣ ਦੇ ਸ੍ਰੀ ਅਕਾਲ ਤੱਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਦੋਂ ਗੁਰਦੁਆਰਾ ਟੁੱਟੀ ਗੰਢੀ ਦੇ ਹੈਡ ਗ੍ਰੰਥੀ ਸਨ ਮੈਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਕੁਆਟਰਾਂ ਵਿੱਚੋਂ ਕੰਧ ਟਪਾ ਕੇ ਪਾਰ ਕਰ ਦਿਤਾ।ਪਰ ਜਦ ਮੈਂ ਟੱਪਣ ਲਗਿਆ ਤਾਂ ਮੈਨੂੰ ਫੌਜੀਆਂ ਨੇ ਆਣ ਦਬੋਚਿਆ ਤੇ ਪਿੱਛੋਂ ਗਿਆਨੀ ਗੁਰਬਚਨ ਸਿੰਘ ਵੱਲ ਇੱਕ ਬਰਸਟ ਮਾਰਿਆ ਜਿਸ ਨਾਲ ਪਿਛੋਕੜ ਦੇ ਘਰ ਵਾਲੇ ਧਰਮ ਸਿੰਘ ਪਟਵਾਰੀ ਦੀ ਮਹਿੰ ਮਾਰੀ ਗਈ।ਉਦੋਂ ਹੀ ਇੱਕ ਦਰਜ਼ੀ ਗੁਲੂ ਜੋ ਘਰੋਂ ਚਾਹ ਲਿਆ ਕੇ ਸੰਗਤਾਂ ਦੀ ਸੇਵਾ ਕਰਦਾ ਹੁੰਦਾ ਸੀ ਚਾਹ ਲਈ ਆਉਂਦਾ ਫੌਜੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਜਿੱਸ ਦਾ ਸਸਕਾਰ ਦਿਨ ਚੜ੍ਹੇ ਤੰਬੂ ਸਾਹਿਬ ਗੁਰਦੁਆਰੇ ਪਿਛੇ ਨਿਹੰਗਾਂ ਦੇ ਡੇਰੇ ਵਿਚ ਕੀਤਾ ਗਿਆ। ਗੁਰਦੁਆਰੇ ਗਿਰਦ ਜਦ ਫੌਜੀਆਂ ਨੇ ਹਮਲਾ ਕੀਤਾ ਤਾਂ ਇੱਕ ਖਾੜਕੂ ਨੇ ਦੇਸੀ ਗ੍ਰਨੇਡ ਫੌਜੀਆਂ ਵਲ ਮਾਰਿਆ ਜਿੱਸ ਨਾਲ ਇੱਕ ਫੌਜੀ ਮਾਰਿਆ ਗਿਆ ਤੇ ਇੱਕ ਜ਼ਖਮੀ ਹੋ ਗਿਆ। ਇੱਕ ਖਾੜਕੂ ਨੇ ਮਾਰੇ ਹੋਏ ਜ਼ਖਮੀ ਦੀ ਸਟੇਨ ਜਾ ਚੁੱਕੀ ਪਰ ਉਸ ਉੱਪਰ ਦੂਸਰੇ ਫੌਜੀਆਂ ਨੇ ਬਰਸਟ ਮਾਰਿਆ ਜਿੱਸ ਕਰਕੇ ਉਹ ਥਾਂ ਹੀ ਸ਼ਹੀਦ ਹੋ ਗਿਆ।ਗੋਲਾ-ਬਾਰੀ ਸਵੇਰ ਤੱਕ ਚੱਲਦੀ ਰਹੀ।ਕਿਤਨੇ ਖਾੜਕੂ ਜਾਂ ਫੌਜੀ ਮਰੇ ਇਹਦਾ ਤਾਂ ਪਤਾ ਨਹੀਂ ਲੱਗਿਆ ਕਿਉਂਕਿ ਮਰੇ ਤੇ ਜ਼ਖਮੀ ਫੌਜੀਆਂ ਤੇ ਖਾੜਕੂਆਂ ਨੂੰ ਫੌਜ ਫਟਾ-ਫਟ ਚੁੱਕੀ ਜਾਂਦੀ ਸੀ ਜਿਨ੍ਹਾਂ ਦਾ ਪਤਾ ਨਹੀਂ ਫਿਰ ਕੀ ਕੀਤਾ।ਦਿਨ ਚੜ੍ਹਦੇ ਨੂੰ ਗੋਲੀ ਬੰਦ ਹੋਈ ਤਾਂ ਉਨ੍ਹਾਂ ਨੇ ਜਿਤਨੇ ਲੋਕ ਫੜੇ ਸਨ ਪਰਿਕਰਮਾਂ ਤੇ ਲੰਬੇ ਪਾ ਲਏ ਤੇ ਤਲਾਸ਼ੀ ਤੇ ਪੁੱਛ-ਗਿੱਛ ਸ਼ੁਰੂ ਹੋ ਗਈ। ਉਨ੍ਹੀ ਦਿਨੀਂ ਗੁਰਦੁਆਰਾ ਤੰਬੂ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਜਿੱਸ ਲਈ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਤੇ ਕਰਨੈਲ ਸਿੰਘ ਵੀ ਬਾਹਰ ਕਾਰ ਸੇਵਾ ਵਾਲੇ ਡੇਰੇ ਵਿੱਚ ਸਨ ਜਿੱਥੋਂ ਉਹ ਵੀ ਫੱੜ ਲਿਆਂਦੇ ਪਰ ਉਨ੍ਹਾਂ ਨੂੰ ਪੁੱਛ-ਗਿੱਛ ਕਰਕੇ ਛੇਤੀ ਛੱਡ ਦਿਤਾ ।ਪਿੰਡ ਮੌਜੇਵਾਲਾ ਦਾ ਇਕ ਸੱਠ ਸਾਲ ਦਾ ਬਜ਼ੁਰਗ ਗੁਰਦੀਪ ਸਿੰਘ ਗੁਰਪੁਰਬ ਤੇ ਆਇਆ ਸੀ ਉਸ ਦੀ ਕੱਛ ਵਿਚ ਝੋਲਾ ਜਿਹਾ ਸੀ।ਸਿਪਾਹੀਆਂ ਨੇ ਉਸ ਨੂੰ ਹੈਂਡਜ਼ ਅੱਪ ਕਰਨ ਨੂੰ ਕਿਹਾ।ਉਸ ਬਾਬੇ ਨੂੰ ਪਹਿਲਾਂ ਤਾਂ ਸਮਝ ਨਾ ਪਿਆ ਪਰ ਕਿਸੇ ਦਾ ਇਸ਼ਾਰਾ ਸਮਝ ਕੇ ਜਦ ਉਹ ਹੱਥ ਉੱਪਰ ਕਰਨ ਲੱਗਾ ਤਾਂ ਉਸ ਦੀ ਕੱਛ ਵਿਚੋਂ ਝੋਲਾ ਡਿੱਗਣ ਲੱਗਾ ਤਾਂ ਉਸ ਨੇ ਝੱਟ ਦੇਕੇ ਝੋਲੇ ਨੂੰ ਫੜਣ ਨੂੰ ਦੂਜਾ ਹੱਥ ਥੱਲੇ ਕੀਤਾ। ਫੌਜੀ ਨੂੰ ਸ਼ਾਇਦ ਲਗਿਆ ਕਿ ਇਹ ਗੋਲਾ ਸੁੱਟਣ ਲੱਗਾ ਹੈ ਤੇ ਉਸ ਨੇ ਇੱਕ ਬਰਸਟ ਉਹਦੇ ਸਿਰ ਵਿੱਚ ਮਾਰਿਆ ਜਿੱਸ ਨਾਲ ਖੋਪੜੀ ਖਿੱਲਰ ਗਈ। ਅਸੀਂ ਸਾਰਿਆਂ ਨੇ ਮੂੰਹ ਫਰਸ਼ ਤੇ ਗੱਡ ਲਏ। ਏਸੇ ਤਰ੍ਹਾਂ ਹੀ ਕਰਨੀਵਾਲੇ (ਘੁਮਿਆਰੇ) ਦਾ ਨਿਹੰਗ ਸਿੰਘ ਵੀ ਨਿਹੱਕਾ ਮਾਰਿਆ ਗਿਆ।
ਦਿਨ ਚੜ੍ਹੇ ਫਰਸ਼ ਤਾਂ ਅੱਗ ਵਾਂਗੂੰ ਤਪਣ ਲਗ ਪਿਆ, ਜੂਨ (ਹਾੜ) ਦਾ ਮਹੀਨਾ ਸੀ। ਸਾਡੇ ਤਾਂ ਢਿੱਡ ਸੜਣ ਲੱਗ ਪਏ। ਉੱਪਰੋਂ ਪਿਆਸ ਬੜੀ ਲੱਗੇ। ਜੇ ਪਾਣੀ ਵੀ ਮੰਗੀਏ ਤਾਂ ਫੌਜੀ ਘੁਰਕ ਕੇ ਪੈਣ। ਸਾਰਾ ਦਿਨ ਸਰੀਰ ਪਿਆਸਾ ਫਰਸ਼ ਤੇ ਤੜਪਦਾ ਰਿਹਾ ਪਰ ਕਰ ਵੀ ਕੀ ਸਕਦੇ ਸਾਂ ਬੱਸ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਵੇਲਾ ਯਾਦ ਕਰੀ ਜਾਂਦੇ ਸਾਂ ਤੇ ਚੇਤੇ ਕਰੀ ਜਾਂਦੇ ਸਾਂ ਕਿ ਜੇ ਅਸੀਂ ਤੱਤੀ ਤਵੀ ਤੇ ਰੇਤ ਪਵਾ ਰਹੇ ਹੁੰਦੇ ਤਾਂ ਪਤਾ ਨਹੀਂ ਕਿੱਡੀ ਛੇਤੀ ਸ਼ਹੀਦ ਹੋ ਜਾਣਾ ਸੀ ਰੱਬ ਦਾ ਏਨਾ ਸ਼ੁਕਰ ਤਾਂ ਸੀ ਕਿ ਅਜੇ ਤਕ ਸ਼ਹੀਦ ਨਹੀਂ ਸਾਂ ਹੋਏ। ਪਰ ਪਤਾ ਨਹੀਂ ਅਜੇ ਕੀ ਕੀ ਵੇਖਣਾ ਸੀ ਇਹ ਸੋਚਕੇ ਦਿਲ ਜ਼ਰੂਰ ਦਹਿਲਦਾ ਸੀ।

DSC01274
1780534358156.png
ਘੱਲੂਘਾਰੇ ਬਾਰੇ ਸਮਝਾਉਂਦੇ ਹੋਏ ਚਸ਼ਮਦੀਦ ਗਵਾਹ

ਸਾਰਾ ਦਿਨ ਸਾਡਾ ਇਸੇ ਤਰ੍ਹਾਂ ਭੁੱਜਦਿਆਂ ਨਿੱਕਲਿਆ। ਨਾਲੋ ਨਾਲ ਪੁੱਛ-ਗਿੱਛ ਪੁਣ-ਛਾਣ ਵੀ ਚੱਲੀ ਜਾਂਦੀ ਸੀ। ਅਖੀਰ ਨੂੰ ਅਸੀਂ ੪੦੦ ਦੇ ਕਰੀਬ ਫੜੇ ਹੋਏ ਸਿੱਖਾਂ ਵਿਚੋਂ ੬੨ ਬੰਦੇ ਅੱਡ ਕਰ ਲਏ ਜਿਨ੍ਹਾਂ ਨੂੰ ਰਾਤ ਪੈਣ ਤੋਂ ਪਹਿਲਾਂ ਫੱੜਕੇ ਐਜੂਕੇਸ਼ਨ ਕਾਲਿਜ ਵਿਚ ਲੈ ਗਏ ਜਿੱਥੇ ਇੱਕ ਹਨੇਰੇ ਕਮਰੇ ਵਿੱਚ ਬੰਦ ਕਰ ਦਿੱਤਾ।ਇਨ੍ਹਾਂ ਵਿੱਚ ਅਸੀਂ ਛੇ ਤਾਂ ਗੁਰਦੁਆਰੇ ਦੇ ਕਰਮਚਾਰੀ ਸਾਂ ਤੇ ਬਾਕੀ ਜਿਹੜੇ ਦਰਸ਼ਨਾਂ ਨੂੰ ਆਏ ਏਥੇ ਅਟਕ ਗਏ ਸਨ।ਇਕ ੭੦ ਸਾਲ ਦਾ ਬਜ਼ੁਰਗ ਲਾਲ ਸਿੰਘ ਤੇ ੧੨ ਸਾਲ ਦਾ ਬੱਚਾ ਗੁਰਪਾਲ ਸਿੰਘ ਵੀ ਵਿੱਚੇ ਸੀ।ਸਾਨੂੰ ਭੁੱਖਣ-ਭਾਣਿਆਂ ਨੂੰ, ਬੁਰੀ ਤਰ੍ਹਾਂ ਤਿਹਾਇਆਂ ਨੂੰ ਇੱਕ ਅਜਿਹੇ ਕਮਰੇ ਵਿੱਚ ਤੂੜ ਦਿੱਤਾ ਗਿਆ ਸੀ ਜਿਥੇ ਸਾਹ ਲੈਣਾ ਵੀ ਔਖਾ ਸੀ। ਗੁਰਦੁਆਰੇ ਦਾ ਸਟੋਰਕੀਪਰ ਬਲਦੇਵ ਸਿੰਘ ਤਾਂ ਵਿਚਾਰਾ ਪਰਿਕਰਮਾ ਵਿੱਚ ਪਿਆਸਾ ਹੀ ਸ਼ਹੀਦ ਹੋ ਗਿਆ।
ਜਿਹੜੇ ੬੨ ਬੰਦੇ ਸਾਡੇ ਨਾਲ ਰਹਿ ਗਏ ਸਨ ਉਨ੍ਹਾਂ ਦੇ ਨਾਮ ਇਹ ਹਨ ਜੋ ਪੁਲਿਸ ਦੀ ਦਰਜ Case No, 162 Dt. 7-6-84 U/S 307/201, 435/295-A, 332/353-A, 186, 25-34-59 Arms Act ਅਨੁਸਾਰ ਹਨ


ਨੰ: ਨਾਮ ਵਲਦ ਵਾਸੀ

1 ਹਰਿੰਦਰ ਸਿੰਘ ਰਛਪਾਲ ਸਿੰਘ ਮੁਕਤਸਰ

2 ਰਾਮ ਸਿੰਘ ਜਗਤਾਰ ਸਿੰਘ ਝਾਂਡੇਵਾਲਾ

3 ਰਣਜੀਤ ਸਿੰਘ ਜਸਵੰਤ ਸਿੰਘ ਦੀਪ ਨਗਰ ਮੁਕਤਸਰ

4 ਰਤਨ ਸਿੰਘ ਪੂਰਨ ਸਿੰਘ ਲਧੂਵਾਲਾ

5 ਸੁਖਮੰਦਰ ਸਿੰਘ ਬਲਬੀਰ ਸਿੰਘ ਝਾਂਡੇਵਾਲਾ

6 ਗੁਰਮੇਜ ਸਿੰਘ ਜਰਨੈਲ ਸਿੰਘ ਲਧੂਵਾਲਾ

7 ਬਖਸ਼ੀਸ਼ ਸਿੰਘ ਜੰਗੀਰ ਸਿੰਘ ਜੰਡਵਾਲਾ

8 ਜੁਗਿੰਦਰ ਸਿੰਘ ਪੂਰਨ ਸਿੰਘ ਲਧੂਵਾਲਾ

9 ਹਰਜਿੰਦਰ ਸਿੰਘ ਜਗਦੇਵ ਸਿੰਘ ਸਕਾਂਵਾਲੀ

10 ਜੁਗਿੰਦਰ ਸਿੰਘ ਜਗਤ ਸਿੰਘ ਝੰਡੂਵਾਲਾ

11 ਹਰਮੰਦਰ ਸਿੰਘ ਰਾਮ ਸਿੰਘ ਮੁਕਤਸਰ

12 ਦਰਸ਼ਨ ਸਿੰਘ ਤੇਜਾ ਸਿੰਘ ਰਣਜੀਤਗੜ੍ਹ

13 ਸਵਰਨ ਸਿੰਘ ਵਿਰਸਾ ਸਿੰਘ ਰਤਾਖੇੜਾ

14 ਰਣਜੀਤ ਸਿੰਘ ਗੁਰਨਾਮ ਸਿੰਘ ਰੁਪਾਣਾ

15 ਬਾਜ ਸਿੰਘ ਮੇਹਰ ਸਿੰਘ ਭੰਵਾਵਟੂ

16 ਬਲਰਾਜ ਸਿੰਘ ਹਰਿੰਦਰ ਸਿੰਘ ਰੋੜਾਂਵਾਲੀ

17 ਚਾਨਨ ਸਿੰਘ ਤੇਜਾ ਸਿੰਘ ਘੋਗਾ

18 ਗੁਰਰਾਜ ਸਿੰਘ ਰਾਮਸਿੰਘ ਸਕਾਂਵਾਲੀ

19 ਹਰਭਜਨ ਸਿੰਘ ਨੈਬ ਸਿੰਘ ਖਪਿਆਂ ਵਾਲੀ

20 ਜਲੌਰ ਸਿੰਘ ਕਰਨੈਲ ਸਿੰਘ ਫਤਣਵਾਲਾ

21 ਗੁਰਮੇਜ ਸਿੰਘ ਹਰਨਾਮ ਸਿੰਘ ਭੰਬਾਵਟੂ

22 ਰਾਜਬੀਰ ਸਿੰਘ ਹਜ਼ੂਰ ਸਿੰਘ ਫਤਣਵਾਲਾ

23 ਜੁਗਿੰਦਰ ਸਿੰਘ ਬਚਨ ਸਿੰਘ ਚਕਜਾਨੀਸਰ

24 ਗੁਰਜੰਟ ਸਿੰਘ ਹਰਬੰਸ ਸਿੰਘ ਜੰਡਵਾਲਾ

25 ਗਰਮੇਲ ਸਿੰਘ ਧੇਵਾ ਸਿੰਘ ਲਧੂਵਾਲਾ

26 ਦਾਰਾ ਸਿੰਘ ਨਿਰੰਜਨ ਸਿੰਘ ਮੋਠਾਂਵਾਲੀ

27 ਟੇਕ ਸਿੰਘ ਸੋਕਾ ਸਿੰਘ ਟਲੇਵਾਲ

28 ਗੁਰਚਰਨ ਸਿੰਘ ਬਾਜ ਸਿੰਘ ਕਟਿਆਂਵਾਲੀ

29 ਪ੍ਰਗਟ ਸਿੰਘ ਅੰਗ੍ਰੇਜ ਸਿੰਘ ਰਤਾਖੇੜਾ

30 ਰਣਜੀਤ ਸਿੰਘ ਜੁਗਿੰਦਰ ਸਿੰਘ ਰਾਇਆਵਾਲਾ

31 ਦਰਸ਼ਨ ਸਿੰਘ ਰਣਜੀਤ ਸਿੰਘ ਲਧੂਵਾਲ

32 ਗੁਰਮੀਤ ਸਿੰਘ ਮੰਗਲ ਸਿੰਘ ਭੰਵਾਵਟੂ

33 ਹਰਜਿੰਦਰ ਸਿੰਘ ਸਿੰਘ ਰੋੜਾਂ ਵਾਲੀ

34 ਪਾਲਸਿੰਘ ਅਸ਼ੋਕ ਸਿੰਘ ਘਾਂਗਾ ਖੁਰਦ

35 ਗੁਰਚਰਨ ਸਿੰਘ ਸ਼ਾਡਾ ਸਿੰਘ ਬਾਦੀਆਂ

36 ਜਤਿੰਦਰ ਸਿੰਘ ਬਲਵੰਤ ਸਿੰਘ ਝਬੇਲਵਾਲੀ

37 ਸੂਰਤ ਸਿੰਘ ਜੀਤ ਸਿੰਘ ਖਪਿਆਂ ਵਾਲੀ

38 ਚਰਨ ਸਿੰਘ ਕਾਲਾ ਸਿੰਘ ਖਪਿਆ ਵਾਲੀ

39 ਰਾਜ ਸਿੰਘ ਮਲ ਸਿੰਘ ਰਤਨਵਾਲਾ

40 ਹਰਨੇਕ ਸਿੰਘ ਨਾਜ਼ਰ ਸਿੰਘ ਜੰਡਵਾਲਾ

41 ਸਕਤਰ ਸਿੰਘ ਅਨੋਖ ਸਿੰਘ ਰਣਜੀਤਗੜ੍ਹ

42 ਦਰਸ਼ਨ ਸਿੰਘ ਕਕਾ ਸਿੰਘ ਸੋਹਣੇਵਾਲਾ

43 ਸੁਰਜਨ ਸਿੰਘ ਦੌਲਾ ਸਿੰਘ ਸੋਹਣੇਵਾਲ

44 ਈਸ਼ਵਰ ਦਿਆਲ ਹਰਬੰਤ ਸਿੰਘ ਡੋਗਰਮਾਨ

45 ਮਹਿੰਦਰ ਸਿੰਘ ਸੁਲਖਣ ਸਿੰਘ ਝੋਰੜ ਖੇੜਾ

46 ਲ਼ਾਲ ਸਿੰਘ ਸ਼ੇਰ ਸਿੰਘ ਲਧੂਕਾ ਚਕ

47 ਜਗਦੀਸ਼ ਸਿੰਘ ਰਾਮ ਸਿੰਘ ਕਿਰਪਾਲਕੇ

48 ਸੁਖਦੇਵ ਸਿੰਘ ਰਾਮਸਿੰਘ ਕਿਰਪਾਲਕੇ

49 ਇਕਬਾਲ ਸਿੰਘ ਚੰਨਨ ਸਿੰਘ ਸਰਾਏ ਨਾਗਾ

50 ਸੂਰਤ ਸਿੰਘ ਸਬੇਗ ਸਿੰਘ ਮਿਈੲ ਕਾਰਕਪੁਰਾ

51 ਗੁਰਦੀਪ ਸਿੰਘ ਬਖਤੌਰ ਸਿੰਘ ਨੰਦਗੜ੍ਹ

52 ਕਿਰਪਾਲ ਸਿੰਘ ਰੂੜ ਸਿੰਘ ਫਿਡੇ ਕਲਾਂ

53 ਦਰਸ਼ਨ ਸਿੰਘ ਬੰਤਾ ਸਿੰਘ ਤਿਲਕਨਗਰ ਮੁਕਤਸਰ

54 ਹਰਦਮ ਸਿੰਘ ਜਸਕਰਨ ਸਿੰਘ ਬੋਦੀਵਾਲਾ

55 ਸਮੁੰਦਰ ਸਿੰਘ ਜੀਵਨ ਸਿੰਘ ਸਦਰਵਾਲਾ

56 ਮੁਨਸ਼ੀ ਸਿੰਘ ਬਿਸ਼ਨ ਸਿੰਘ ਪਤੀ ਸੁਜਾ ਸਿੰਘ ਮੁਕਤਸਰ

57 ਦਰਸ਼ਨ ਸਿੰਘ ਸਘੜ ਸਿੰਘ ਬਰਕੰਦੀ

58 ਸੰਤਾ ਸਿੰਘ ਵਜੀਰ ਸਿੰਘ ਸ਼ਾਮਖੇੜਾ

59 ਬਹਾਦਰ ਸਿੰਘ ਕਿਹਰ ਸਿੰਘ ਮਹਾਂ ਬਦਰ

60 ਸੰਤਾ ਸਿੰਘ ਮਿਹਰ ਸਿੰਘ ਕਿੜਿਆਂ ਵਾਲ

61 ਨੈਬ ਸਿੰਘ ਅਰਜਨ ਸਿੰਘ ਰਾਮੇਆਣਾ

ਦਰਖਾਸਤ ਰੀਮਾਂਡ ਪੁਲਿਸ
ਬੇਨਤੀ ਹੈ ਕਿ ਉਕਤ ਦੋਸ਼ੀਆਨ ਨੂੰ ਉਕਤ ਕੇਸ ਵਿਚ ਮਿਤੀ 17/6/84 ਨੂੰ ਗ੍ਰਿਫਤਾਰ ਕਰਕੇ ਰੀਮਾਂਡ ਪੁਲੀਸ 25/6/84 ਹਾਸਲ ਕੀਤਾ ਗਿਆ ਸੀ। ਦੋਸ਼ੀਆਨ ਤੋਂ ਅਜੇ ਤਕ ਪੁਛ ਗਿਛ ਜਾਰੀ ਹੈ।ਦੋਸ਼ੀਆਨ ਪੁਖਤਾਗਰ ਤੇ ਚਲਾਕ ਆਦਮੀ ਹਨ ਸਚੀ ਗਲ ਛੁਪਾਉਂਦੇ ਹਨ। ਜੋ ਦੋਸ਼ੀਆਂ ਦਾ ਪੁਲਿਸ ਰੀਮਾਂਡ ਅਜ ਖਤਮ ਹੁੰਦਾ ਹੈ।ਲਿਹਾਜਾ ਦੋਸ਼ੀਅਨ ਦਾ ਪੋਲੀਸ ਰੀਮਾਂਡ 7 ਦਿਨ 1/7/84 ਤਕ ਮਨਜ਼ੂਰ ਫਰਮਾਏ ਜਾਵੇ ਤੇ ਦੋਸ਼ੀਆਂ ਨੂੰ 8/7/84 ਨੂੰ ਕੇਸ ਦਾ ਹੁਕਮ ਦਿਤਾ ਜਾਵੇ।
ਅਮਰ ਸਿੰਘ ਥਾਣਾ ਮੁਖ ਅਫਸਰ ਥਾਣਾ ਸਿਟੀ ਮੁਕਤਸਰ 25/6/84


ਦੂਜੇ ਦਿਨ ਸਾਡੇ ਕੋਲੋਂ ਫਿਰ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ।ਪਿਆਸੇ ਭੁੱਖਣ ਭਾਣੇ ਬੋਲ ਨਹੀਂ ਸੀ ਨਿਕਲਦਾ। ਫਿਰ ਉਨ੍ਹਾਂ ਨੇ ਸਾਨੂੰ ਦੋ ਦੋ ਰੋਟੀਆਂ ਦਿੱਤੀਆਂ ਪਰ ਰੋਟੀ ਖਾਣ ਵੇਲੇ ਸੰਗੀਨਾਂ ਤਾਣੀਆਂ ਹੋਣ ਕਰਕੇ ਰੋਟੀਆਂ ਅੰਦਰ ਨਹੀਂ ਸੀ ਲੰਘਦੀਆਂ।ਫਿਰ ਸਾਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਤੇ ਸਾਡੇ ਤੇ ਕੇਸ ਪਾਕੇ ਪੁਲਿਸ ਰਿਮਾਂਡ ਲਿਆ ।ਸਾਡਾ ੭-੬-੮੪ ਨੂੰ ਕੇਸ ਨੰਬਰ ੧੬੨ ਦੇ ਅਧੀਨ ਧਾਰਾ ੩੦੭/੨੦੧, ੪੩੫/੨੯੫-ਅ. ੩੨੨/੩੫੩, ੧੫੬ ਅਤੇ ਆਰਮਜ਼ ਐਕਟ ੨੫-੫੪-੫੯ ਅਧੀਨ ਜੁਰਮ ਆਇਤ ਹੋਏ।ਸਾਡੀ ਗ੍ਰਿਫਤਾਰੀ ੧੭-੬-੮੪ ਦੀ ਦਿਖਾਈ ਗਈ ਸੀ ਤੇ ਪਹਿਲਾ ਪੁਲਿਸ ਰਿਮਾਂਡ ੨੫-੬-੮੪ ਤੱਕ ਹਾਸਲ ਕੀਤਾ ਗਿਆ ਸੀ ਜਿੱਸ ਪਿੱਛੋਂ ਇਹ ਰਿਮਾਂਡ ੧-੭-੮੪ ਤੱਕ ਸੱਤ ਦਿਨਾਂ ਲਈ ਹੋਰ ਵਧਾਇਆ ਗਿਆ ਜਿੱਸ ਲਈ ਸਾਨੂੰ ਪੁਖਤਾਕਾਰ ਦੋਸ਼ੀ ਤੇ ਚਾਲਾਕ ਗਰਦਾਨਿਆ ਗਿਆ ਸੀ ਤੇ ਸੱਚੀ ਗੱਲ ਛੁਪਾਉਂਦੇ ਦੱਸਿਆ ਗਿਆ ਸੀ।


ਸਾਡੇ ਘੋਟਣੇ (ਡੰਡਾ ਬੇੜੀ) ਲਾਕੇ ਬੜੇ ਤਸੀਹੇ ਦਿੰਦੇ। ਇੱਕ ਠਾਣੇਦਾਰ ਅਮਰ ਸਿੰਘ ਸੀ ਬੜਾ ਈ ਭੈੜਾ।ਉਸ ਨੇ ਝੂਠੇ ਕੇਸ ਤਾਂ ਬਣਾਏ ਹੀ ਨਾਲੇ ਤਸੀਹੇ ਵੀ ਬੜੇ ਦਿੰਦਾ ਸੀ ਨਾਲੇ ਬੋਲਦਾ ਵੀ ਬੜਾ ਅਵੈੜਾ ਸੀ।ਸਾਡੀਆਂ ਅੱਖਾਂ ਬੰਨ੍ਹਕੇ ਸਾਡੇ ਅੱਗੇ ਪਿੱਛੇ ਫੱਟੀਆਂ ਲਾ ਕੇ ਫੋਟੋ ਖਿਚੀ ਜਾਂਦੇ। ਕਦੇ ਸਾਡੇ ਨਾਲ ਕਿਸੇ ਹੱਥਿਆਰ ਦੀ ਫੋਟੋ ਖਿਚਦੇ ਕਦੇ ਕਿਸੇ ਹੱਥਿਆਰ ਦੀ।ਅਸੀਂ ਬਥੇਰਾ ਕਹਿੰਦੇ ਬਈ ਸਾਨੂੰ ਤਾਂ ਹੱਥਿਆਰ ਫੜਣਾ ਵੀ ਨ੍ਹੀ ਆਉਂਦਾ, ਚਲਾਉਣਾ ਕੀ ਹੈ ਪਰ ਉਹ ਤਾਂ ਜੋ ਚਾਹੁੰਦੇ ਸਨ ਲਿਖੀ ਜਾਂਦੇ ਸਨ ਤੇ ਧੱਕੇ ਨਾਲ ਸਾਡੇ ਅੰਗੂਠੇ ਲਗਵਾਈ ਜਾਂਦੇ ਸਨ।ਕੇਸ ਗਲਤ ਮਲਤ ਬਣਾਈ ਜਾਂਦੇ ਸਨ।੭੦ ਸਾਲਾ ਬਜ਼ੁਰਗ ਲਾਲ ਸਿੰਘ ਨੂੰ ਭਿੰਡਰਾਂਵਾਲੇ ਦਾ ਡਰਾਈਵਰ ਬਣਾਕੇ ਕੇਸ ਪਾ ਦਿਤਾ। ਇੱਕ ਸਰਦਾਰ ਫੌਜੀ ਅਫਸਰ ਵੀ ਬੜਾ ਕਸੂਤਾ ਬੋਲਦਾ ਸੀ ਪਰ ਇੱਕ ਰਾਜਪੂਤ ਅਫਸਰ ਸੀ ਜੋ ਸਿੱਕਲੀਗਰਾਂ ਵਿੱਚੋਂ ਅਫਸਰ ਬਣਿਆ ਸੀ ਸ਼ਾਇਦ ਰਾਜਪੂਤ ਸੀ ਪਰ ਉਹ ਸਾਡੇ ਨਾਲ ਕਾਫੀ ਹਮਦਰਦੀ ਕਰਦਾ ਸੀ।ਰੋਟੀ ਬੜੀ ਭੈੜੀ ਦਿੰਦੇ ਸੀ ਊਠ ਦੇ ਪੈਰ ਵਰਗੀਆਂ ਉੱਘੜ-ਦੁੱਘੜੀਆਂ, ਅੱਧ-ਕਚੀਆਂ, ਅੱਧ-ਪੱਕੀਆਂ ਰੋਟੀਆਂ ਤੇ ਪਾਣੀ ਵਰਗੀ ਦਾਲ, ਟੁੱਭੀ ਮਾਰਕੇ ਦਾਣੇ ਲੱਭਣ ਵਾਂਗ।ਇੱਕ ਵਾਰ ਤਾਂ ਹਰਿੰਦਰ ਸਿਓਂ ਹੋਰਾਂ ਨੇ ਵੱਟ ਕੇ ਰੋਟੀ ਦਾਲ ਵਾਲੀ ਪਲੇਟ ਮਾਰੀ ਸਾਰੇ ਪਾਸੇ ਖੜਕਦੀ ਫਿਰੇ। ਚਾਰੇ ਪਾਸੇ ਸੰਨਾਟਾ ਛਾ ਗਿਆ। ਬੜਾ ਦਲੇਰ ਬੰਦਾ ਸੀ ਮਰਨੋਂ ਤਾਂ ਊਈਂ ਨੀ ਸੀ ਡਰਦਾ। ਉਸ ਦਿਨ ਤੋਂ ਪਿਛੋਂ ਸਾਨੂੰ ਰੋਟੀ ਦਾਲ ਥੋੜੀ ਚੱਜ ਦੀ ਮਿਲਣ ਲੱਗ ਪਈ।


ਛੇ ਮਹੀਨੇ ਸਾਡੇ ਨਾਲ ਏਵੇਂ ਕੁੱਤੇਖਾਣੀ ਹੁੰਦੀ ਰਹੀ ਜਿੱਸ ਪਿਛੋਂ ਕੇਸ ਲੱਗਿਆ।ਮੁਕਤਸਰ ਤੋਂ ਸਾਨੂੰ ਫਰੀਦਕੋਟ ਲੈ ਗਏ ਜਿੱਥੇ ਸਾਡੇ ਉਤੇ ਮੁਕਦਮੇ ਚਲਣੇ ਸ਼ੁਰੂ ਹੋਏ।ਐਸ ਡੀ ਐਮ ਰਾਜਨ ਬਹੁਤ ਵਧੀਆ ਬੰਦਾ ਸੀ ।ਉਦੋਂ ਅਸੀਂ ਕੁਛ ਸੁਖਾਲੇ ਹੋਏ। ਉਥੋਂ ਦਾ ਡੀ ਸੀ ਸਿਧੂ ਸੀ ਜੋ ਸਾਰੀ ਗੱਲ ਸਮਝਦਾ ਸੀ। ਉਹ ਸਾਡੇ ਪ੍ਰਤੀ ਹਮਦਰਦੀ ਵੀ ਰੱਖਦਾ ਸੀ।ਸਾਨੂੰ ਏਨਾਂ ਨੇ ੬੧ ਬੰਦਿਆਂ ਨੂੰ ੧੮ ਮਹੀਨੇ ੧੧ ਮਹੀਨੇ ਨਰਕ ਦੇ ਕੁੰਡ ਵਿਚ ਰੱਖਣ ਪਿਛੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਰਿਹਾ ਕੀਤਾ ਤੇ ਅਸੀਂ ਘਰ ਆਕੇ ਰੱਬ ਦਾ ਸ਼ੁਕਰ ਕੀਤਾ। ਇਸ ਵਿੱਚ ਕਈਆਂ ਦੇ ਘਰ ਵਾਲਿਆਂ ਨੇ ਤਾਂ ਭੋਗ ਵੀ ਪਾ ਲਿਆ ਸੀ।ਬਾਹਰ ਆ ਕੇ ਸਾਨੂੰ ਪਤਾ ਲੱਗਿਆ ਕਿ ਪਿਛੋਂ ਰੁਪਾਣੇ ਦਾ ਜਸਕਰਨ ਸਿੰਘ ਤੇ ਮੁਕਤਸਰ ਦੇ ਹਰਮਿੰਦਰ ਸਿੰਘ ਤੇ ਦਰਸ਼ਨ ਸਿੰਘ ਨੂੰ ਵੀ ਸ਼ਹੀਦ ਕਰ ਦਿਤਾ ਗਿਆ ਸੀ।ਵਰਿਆਮ ਸਿੰਘ ਖੇਪੇਵਾਲੀਆ ਪੁਲਿਸ ਨੇ ਤਸ਼ੱਦਦ ਕਰਕੇ ਮਾਰ ਦਿੱਤਾ ਸੀ।ਹੋਰ ਵੀ ਮਰੇ ਹੋਣਗੇ ਜਿਨ੍ਹਾਂ ਦਾ ਮੈਨੂੰ ਇਲਮ ਨਹੀਂ"।ਇਸੇ ਬਿਆਨ ਦੀ ਪੁਸ਼ਟੀ ਗਿਆਨੀ ਸੂਬਾ ਸਿੰਘ ਤੇ ਹੋਰ ਚਸ਼ਮਦੀਦਾਂ ਨੇ ਵੀ ਕੀਤੀ।

(Chapter of my Published book Recollections of Ghallughara, 1984)
 
Last edited:
Top