ਪੁਸਤਕ ਦਾ ਨਾਮ: ਚਿੰਕੂ ਖ਼ਰਗੋਸ਼ ਤੇ ਸ਼ਹਿਰ ਦੀ ਸੈਰ
ਲੇਖਕ: ਡਾ. ਡੀ.ਪੀ. ਸਿੰਘ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਮੋਹਾਲੀ,
ਪ੍ਰਕਾਸ਼ਨ ਸਾਲ: 2025, ਪੰਨੇ: 122, ਮੁੱਲ: 200 ਰੁਪਏ
ਰੀਵਿਊਕਾਰ: ਬਲਜਿੰਦਰ ਮਾਨ, ਸੰਪਾਦਕ ਨਿੱਕੀਆਂ ਕਰੂੰਬਲਾਂ, ਮਾਹਿਲਪੁਰ (ਹੁਸ਼ਿਆਰਪੁਰ). +91-98150-18947
ਉੱਘੇ ਵਿਗਿਆਨੀ ਡਾ. ਡੀ. ਪੀ. ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜ ਕਰ ਰਹੇ ਹਨ। ਉਨ੍ਹਾਂ ਦਾ ਕਾਰਜ ਖੇਤਰ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਅੰਧ ਵਿਸ਼ਵਾਸ਼ਾਂ ਦਾ ਅੰਤ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਵਾਸਤੇ ਉਹ ਜਿਸ ਵੀ ਰੰਗ ਢੰਗ ਨਾਲ ਸਾਹਿਤ ਦੀ ਸਿਰਜਣਾ ਕਰਦੇ ਹਨ ਉਹ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹਨ। ਕੁਝ ਪੁਸਤਕਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਆਪ ਦੀ ਹਰ ਰਚਨਾ ਪਾਠਕ ਨੂੰ ਨਵੀਆਂ ਦਿਸ਼ਾਵਾਂ ਤੇ ਨਵੇਂ ਅੰਬਰਾਂ ਤੇ ਉਡਾਰੀ ਭਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਉਹਨਾਂ ਵੱਲੋਂ ਸਿਰਜਿਆ ਬਾਲ ਸਾਹਿਤ ਵੀ ਨਿਰਾਲਾ ਅਤੇ ਖੁਸ਼ੀਆਂ ਦਾ ਭਰਿਆ ਪਿਆਲਾ ਹੈ। ਆਪ ਨੇ ਦਰਜਨਾਂ ਪੁਸਤਕਾਂ ਦੀ ਸਿਰਜਣਾ ਕਰਕੇ ਸਮਾਜ ਵਿੱਚ ਗਿਆਨ ਵਿਗਿਆਨ ਦਾ ਪਸਾਰਾ ਕੀਤਾ ਹੈ। 21ਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਪੁੱਜ ਕੇ ਵੀ ਸਾਡੀ ਸੋਚ ਬੀਤੇ ਸਮਿਆਂ ਵਿੱਚ ਚੱਲ ਰਹੀ ਹੈ। ਕਿਉਂਕਿ ਅਸੀਂ ਆਪਣੀ ਸੋਚ ਨੂੰ ਸਮੇਂ ਦੀ ਹਾਣੀ ਨਹੀਂ ਬਣਾ ਸਕੇ। ਡਾ. ਡੀ. ਪੀ. ਸਿੰਘ ਦੀਆਂ ਕਿਰਤਾਂ ਸਾਨੂੰ ਅਜੋਕੇ ਸਮੇਂ ਦੇ ਹਾਣੀ ਹੀ ਨਹੀਂ ਬਣਾਉਂਦੀਆਂ ਸਗੋਂ ਸਮਿਆਂ ਦੇ ਹਾਣੀ ਬਣਾਉਂਦੀਆਂ ਹਨ।
ਹੱਥਲੀ ਪੁਸਤਕ 'ਚਿੰਕੂ ਖ਼ਰਗੋਸ਼ ਤੇ ਸ਼ਹਿਰ ਦੀ ਸੈਰ' ਧਰਤ ਤੇ ਅੰਬਰ ਦੀਆਂ ਬਾਤਾਂ ਹਨ। ਅਸਲ ਵਿੱਚ ਤਕਨੀਕ ਅਤੇ ਵਿਗਿਆਨ ਦੇ ਪਸਾਰੇ ਨਾਲ ਇਹਨਾਂ ਧਰਤੀਆਂ ਤੋਂ ਇਲਾਵਾ ਹੋਰ ਧਰਤੀਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਕੁਦਰਤੀ ਵਰਤਾਰਿਆਂ ਵਿੱਚ ਆਏ ਵਿਗਾੜਾਂ ਨੂੰ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਤਬਦੀਲੀਆਂ ਨੂੰ ਇਹਨਾਂ ਕਹਾਣੀਆਂ ਦਾ ਵਿਸ਼ਾ ਵਸਤੂ ਬਣਾਇਆ ਗਿਆ ਹੈ। ਕਹਾਣੀਆਂ ਵਿੱਚ ਇੰਨੀ ਰੌਚਕਤਾ ਹੈ ਕਿ ਪਾਠਕ ਪੜ੍ਹਦਾ ਪੜ੍ਹਦਾ ਹੋਰ ਅਗੇਰੇ ਪੜ੍ਹਦਾ ਜਾਂਦਾ ਹੈ। ਨਵਾਂ ਸੂਰਜ ਨਾਮੀ ਕਹਾਣੀ ਵਿੱਚ ਜਦੋਂ ਧਰਤੀ ਤੇ ਸਿਰਫ਼ ਦੋ ਰੰਗ ਹੀ ਰਹਿ ਜਾਂਦੇ ਹਨ; ਉਸ ਜੀਵਨ ਵਰਤਾਰੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਤੁਸੀਂ ਖੁਦ ਅੰਦਾਜ਼ਾ ਲਾਓ ਕਿ ਜਦੋਂ ਹਰ ਚੀਜ਼ ਦੋ ਰੰਗਾਂ ਕਾਲੇ ਅਤੇ ਲਾਲ ਰੰਗ ਵਿੱਚ ਹੀ ਦਿਖਾਈ ਦੇਵੇ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ। ਇਸੇ ਤਰ੍ਹਾਂ ਹੋਰ ਕਹਾਣੀਆਂ ਪੁਲਾੜ, ਹੋਰ ਧਰਤੀਆਂ ਤੇ ਅੰਬਰਾਂ ਬਾਰੇ ਸਾਨੂੰ ਜਾਣਕਾਰੀ ਹੀ ਨਹੀਂ ਦਿੰਦੀਆਂ ਸਗੋਂ ਚੇਤਿਆਂ 'ਚ ਵਸਣ ਵਾਲੀ ਸੈਰ ਵੀ ਕਰਵਾਉਂਦੀਆਂ ਹਨ। ਕਹਾਣੀਆਂ ਦੇ ਪਾਤਰ ਜਿੱਥੇ ਆਮ ਲੋਕ, ਵਿਦਿਆਰਥੀ, ਅਧਿਆਪਕ,ਮਾਪੇ, ਵਿਗਿਆਨੀ ਅਤੇ ਬੱਚੇ ਹਨ ਉੱਥੇ ਪਸ਼ੂ ਪੰਛੀ ਵੀ ਇਹਨਾਂ ਕਹਾਣੀਆਂ ਵਿੱਚ ਪ੍ਰਮੁੱਖ ਪਾਤਰ ਬਣ ਕੇ ਕਹਾਣੀਆਂ ਨੂੰ ਆਪਣੀ ਵਾਰਤਾਲਾਪ ਨਾਲ ਅੱਗੇ ਤੋਰਦੇ ਹਨ। ਇਹਨਾਂ ਕਹਾਣੀਆਂ ਦੀ ਵਾਰਤਾਲਾਪ ਕਹਾਣੀ ਦੇ ਨਾਟਕੀ ਤੱਤਾਂ ਨੂੰ ਉਭਾਰਦੀ ਹੋਈ ਇੱਕ ਫਿਲਮ ਦੀ ਸਕਰੀਨ ਵਾਂਗ ਪਾਠਕਾਂ ਅੱਗੇ ਘੁੰਮਦੀ ਹੈ।
ਇਹਨਾਂ 12 ਕਹਾਣੀਆਂ ਨਾਲ ਕੰਪਿਊਟਰ ਚਿੱਤਰ ਵੀ ਛਾਪੇ ਗਏ ਹਨ ਤਾਂ ਕਿ ਪਾਠਕ ਨੂੰ ਸੌਖਿਆ ਹੀ ਸਮਝ ਆ ਜਾਵੇ। ਤੋਹਫਾ, ਨਵੀਂ ਧਰਤੀ, ਨਵਾਂ ਸੂਰਜ, ਪਾਣੀ ਦੇ ਪੁਤਲੇ, ਰੋਬੋਟ ,ਬੱਚੇ ਤੇ ਉਡਣ ਤਸ਼ਤਰੀ, ਅਜਬ ਮੁਲਾਕਾਤ, ਬੋਦੀ ਵਾਲਾ ਤਾਰਾ ,ਆਖਰੀ ਚੇਤਾਵਨੀ, ਚੇਤਨ ਰੁੱਖ ਦਾ ਸੁਨੇਹਾ, ਕਰੋਨਾ, ਚਿੰਕੂ ਖ਼ਰਗੋਸ਼ ਤੇ ਸ਼ਹਿਰ ਦੀ ਸ਼ਹਿਰ, ਤਿਤਲੀ ਦੀ ਆਤਮ ਕਥਾ ਸਭ ਕਹਾਣੀਆਂ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਕਹਾਣੀਆਂ ਬੱਚੇ ਦੀ ਕਲਪਨਾ ਦੇ ਵਿਕਾਸ ਅਤੇ ਉਸ ਅੰਦਰ ਹੋਰ ਨਵਾਂ ਜਾਨਣ ਦੀ ਤੀਬਰ ਇੱਛਾ ਨੂੰ ਪੈਦਾ ਕਰਦੀਆਂ ਹਨ। ਉਹਨਾਂ ਭਵਿੱਖ ਦੇ ਟੈਕਨੋਲੋਜੀ ਵਾਲੇ ਅਦਭੁਤ ਸੰਸਾਰ ਅਤੇ ਬ੍ਰਹਿਮੰਡੀ ਪਸਾਰੇ ਵਿੱਚ ਸਾਹਸੀ ਕੌਤਕਾਂ ਦੇ ਬਿਰਤਾਂਤ ਅਤੇ ਵਿਗਿਆਨਕ ਧਾਰਨਾਵਾਂ ਨੂੰ ਦਿਲਚਸਪ ਢੰਗ ਨਾਲ ਜਾਣੂ ਕਰਵਾਉਂਦੀਆਂ ਹਨ। ਵਿਗਿਆਨ ਗਲਪ ਅਤੇ ਵਾਤਾਵਰਣੀ ਕਹਾਣੀਆਂ ਦਾ ਮਹੱਤਵ ਅਜੋਕੇ ਯੁਗ ਵਿੱਚ ਹੋਰ ਵੀ ਵਧ ਗਿਆ ਹੈ ਕਿਉਂਕਿ ਬੱਚਿਆਂ ਦੇ ਮਾਨਸਿਕ ਵਿਕਾਸ, ਨੈਤਿਕ ਸੂਝ ਬੂਝ ਅਤੇ ਸਾਡੇ ਗ੍ਰਹਿ ਨੂੰ ਦਰਪੇਸ਼ ਵਾਤਾਵਰਨੀ ਚੁਨੌਤੀਆਂ ਬਾਰੇ ਜਾਗਰੂਕਤਾ ਪ੍ਰਦਾਨ ਕਰਨ ਦੀ ਲੋੜ ਹੈ।
ਇਸ ਕਹਾਣੀ ਸੰਗ੍ਰਹਿ ਦੀ ਵਿਸ਼ੇਸ਼ ਗੱਲ ਇਹ ਹੈ ਕਿ ਆਉਣ ਵਾਲੀਆਂ ਸਦੀਆਂ ਵਿੱਚ ਵਾਪਰਨ ਵਾਲੇ ਵਰਤਾਰਿਆਂ ਬਾਰੇ ਵੀ ਸਾਨੂੰ ਸੁਚੇਤ ਕਰਦੀ ਹੈ। ਜਦੋਂ ਸਾਨੂੰ ਭਵਿੱਖ ਦਾ ਗਿਆਨ ਹੋ ਜਾਵੇ ਤਾਂ ਅਸੀਂ ਆਪਣੇ ਅੱਜ ਨੂੰ ਸੰਵਾਰਨ ਤੇ ਸ਼ਿੰਗਾਰਨ ਦਾ ਕਾਰਜ ਆਰੰਭ ਕਰ ਦਿੰਦੇ ਹਾਂ। ਇਸ ਪ੍ਰਕਾਰ ਇਹ ਕਹਾਣੀ ਸੰਗ੍ਰਹਿ ਬਾਲ ਜੀਵਨ ਨੂੰ ਨਵੀਆਂ ਰਾਹਾਂ ਦੀ ਤਲਾਸ਼ ਕਰਨ ਦੀ ਸਿੱਖਿਆ ਮਨੋਰੰਜਕ ਢੰਗ ਨਾਲ ਦਿੰਦਾ ਹੈ। ਪੰਜਾਬੀ ਬਾਲ ਸਾਹਿਤ ਵਿੱਚ ਵਿਗਿਆਨ ਗਲਪ ਦੀ ਘਾਟ ਨੂੰ ਪੂਰਾ ਕਰਨ ਦਾ ਇਹ ਸ਼ਾਨਦਾਰ ਉਪਰਾਲਾ ਹੈ। ਅਮਰੀਕਾ ਵੱਸਦੇ ਉੱਘੇ ਵਿਗਿਆਨੀ ਅਤੇ ਉਡਾਨ ਦੇ ਸੰਪਾਦਕ ਅਮਨਦੀਪ ਸਿੰਘ ਅਨੁਸਾਰ 'ਇਹ ਸਭ ਕਹਾਣੀਆਂ ਉਤਸੁਕ ਬਾਲ ਮਨ ਨੂੰ ਟੁੰਬਦੀਆਂ ਹਨ, ਉਹਨਾਂ ਦਾ ਸਿਰਫ ਮਨੋਰੰਜਨ ਹੀ ਨਹੀਂ ਕਰਦੀਆਂ ਸਗੋਂ ਉਹਨਾਂ ਨੂੰ ਵਿਗਿਆਨ ਦੇ ਅਦਭੁਤ ਸੰਸਾਰ ਬਾਰੇ ਪੜ੍ਹਨ ਲਈ ਪ੍ਰੇਰਿਤ ਵੀ ਕਰਦੀਆਂ ਹਨ ਤੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਉਤਸ਼ਾਹ ਪੈਦਾ ਕਰਦੀਆਂ ਹਨ'।
***
ਬਲਜਿੰਦਰ ਮਾਨ, ਸੰਪਾਦਕ ਨਿੱਕੀਆਂ ਕਰੂੰਬਲਾਂ

