• Welcome to all New Sikh Philosophy Network Forums!
    Explore Sikh Sikhi Sikhism...
    Sign up Log in

Sikhism ਪੁਸਤਕ: "ਗਲੀਏ ਚਿਕੜੁ ਦੂਰਿ ਘਰੁ" ਲੇਖਕ: ਡਾ. ਦੇਵਿੰਦਰ ਸਿੰਘ ਸੇਖੋਂ, ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ

Dr. D. P. Singh

Writer
SPNer
Apr 7, 2006
126
64
Nangal, India
ਗਲੀਏ ਚਿਕੜੁ ਦੂਰਿ ਘਰੁ

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ


20580


ਪੁਸਤਕ ਦਾ ਨਾਮ: ਗਲੀਏ ਚਿਕੜੁ ਦੂਰਿ ਘਰੁ
ਲੇਖਕ: ਡਾ. ਦੇਵਿੰਦਰ ਸਿੰਘ ਸੇਖੋਂ
ਪ੍ਰਕਾਸ਼ਕ : ਡਾ. ਦੇਵਿੰਦਰ ਸਿੰਘ ਸੇਖੋਂ, ਕੇਨੈਡਾ ।
ਪ੍ਰਕਾਸ਼ ਸਾਲ : 2016, ਕੀਮਤ: 150 ਰੁਪਏ ; ਪੰਨੇ: 145
ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ,
ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੇਨੈਡਾ।


"ਗਲੀਏ ਚਿਕੜੁ ਦੂਰਿ ਘਰੁ" ਕਿਤਾਬ ਦੇ ਲੇਖਕ ਡਾ. ਦੇਵਿੰਦਰ ਸਿੰਘ ਸੇਖੋਂ, ਕੇਨੈਡਾ ਦੇ ਮੰਨੇ ਪ੍ਰਮੰਨੇ ਸਿੱਖਿਆ ਸ਼ਾਸ਼ਤਰੀ ਹਨ। ਅਜੋਕੇ ਸਮੇਂ ਵਿਚ ਹਮਿਲਟਨ ਨਗਰ ਦੇ ਵਾਸੀ, ਡਾ. ਸੇਖੋਂ ਜਿਥੇ ਵਿਗਿਆਨ ਦੇ ਵਿਦਿਅਰਥੀ ਤੇ ਅਧਿਆਪਕ ਰਹੇ ਹਨ, ਉਥੇ ਉਨ੍ਹਾਂ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਯੂ. ਐੱਸ. ਏ. ਤੋਂ ਰਸਾਇਣ ਵਿਗਿਆਨ ਵਿਚ ਪੀ. ਐਚ ਡੀ. ਦੀ ਡਿਗਰੀ ਪ੍ਰਾਪਤ ਕਰ ਕੇ ਇਸ ਖੇਤਰ ਵਿਚ ਆਪਣੀ ਮੁਹਾਰਿਤ ਦਾ ਸਿੱਕਾ ਮਨਵਾਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲ ਪੁਰ ਤੋਂ ਆਪਣੇ ਅਧਿਆਪਨ ਕਾਰਜਾਂ ਦਾ ਆਰੰਭ ਕਰਨ ਪਿਛੋਂ ਆਪ ਨੇ ਕੇਨੈਡਾ ਦੇ ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ਵਿਖੇ ਅਧਿਆਪਨ ਕਾਰਜ ਕੀਤੇ ਹਨ। ਵਿੱਦਿਆ ਪ੍ਰਾਪਤੀ ਦੀ ਲਲਕ ਕਾਰਣ ਆਪ, ਕੇਨੈਡਾ ਵਿਖੇ "ਸਿੱਖਿਆ ਪ੍ਰਸ਼ਾਸ਼ਨ" ਦੇ ਖੇਤਰ ਵਿਚ ਵੀ ਯੂਨੀਵਰਸਿਟੀ ਆਫ ਐਲਬਰਟਾ, ਕੇਨੈਡਾ ਤੋਂ ਪੀ. ਐਚ ਡੀ. ਦੀ ਡਿਗਰੀ ਹਾਸਿਲ ਕਰ ਚੁੱਕੇ ਹਨ।

ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਨੇ ਡਾ. ਸੇਖੋਂ ਨੂੰ ਸਿੱਖ ਧਰਮ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਿੱਖ ਧਰਮ ਦੇ ਵਿਭਿੰਨ ਸਕੰਲਪਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੁਆਰਾ ਰਚਿਤ ਅਨੇਕ ਲੇਖ, ਸਮੇਂ ਸਮੇਂ ਸਮਕਾਲੀਨ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ ਹਨ। ਉਨ੍ਹਾਂ ਦੀਆਂ ਅਨੇਕ ਰਚਨਾਵਾਂ ਝਾਂਜਰ ਟੈਲੀਵਿਯਨ, ਕੈਨੇਡਾ ਤੋਂ ਵੀ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ। ਜੋ ਇੰਟਰਨੈੱਟ ਉੱਤੇ ਯੂਟਿਊਬ ਦੇ ਤੌਰ ਉੱਤੇ ਉਪਲਬਧ ਹਨ। ਪਿਛਲੇ ਲਗਭਗ 6 ਸਾਲਾਂ ਤੋਂ ਉਹ "ਗੁਰਬਾਣੀ ਸੰਦੇਸ਼" ਨਾਮੀ ਇਕ ਵੈੱਬਸਾਇਟ ਵੀ ਚਲਾ ਰਹੇ ਹਨ ਜੋ ਗੁਰਮਤਿ ਸੰਦੇਸ਼ਾਂ ਨੂੰ ਆਮ ਜਗਿਆਸੂਆਂ ਤਕ ਪਹੁੰਚਾਣ ਲਈ ਪੂਰਨ ਤੌਰ ਉੱਤੇ ਸਮਰਪਿਤ ਹੈ। ਹੁਣ ਤਕ ਲਗਭਗ 400,000 ਪਾਠਕ ਇਸ ਵੈੱਬਸਾਇਟ ਵਿਖੇ ਉਪਲਬਧ ਜਾਣਕਾਰੀ ਦਾ ਲਾਭ ਉਠਾ ਚੁੱਕੇ ਹਨ। ਅੱਜ ਕਲ ਡਾ. ਸੇਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਦੇ ਅਹਿਮ ਕਾਰਜ ਵਿਚ ਜੁੱਟੇ ਹੋਏ ਹਨ। ਡਾ. ਦੇਵਿੰਦਰ ਸਿੰਘ ਸੇਖੋਂ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਵਿੱਦਿਆ ਪ੍ਰਸਾਰ, ਸਮਾਜ ਭਲਾਈ ਤੇ ਗੁਰਮਤਿ ਪ੍ਰਚਾਰ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।

"ਗਲੀਏ ਚਿਕੜੁ ਦੂਰਿ ਘਰੁ" ਧਾਰਮਿਕ ਵਿਸ਼ਿਆਂ ਸੰਬੰਧਤ ਡਾ. ਦੇਵਿੰਦਰ ਸਿੰਘ ਸੇਖੋਂ ਦੀ ਸੱਤਵੀਂ ਪੁਸਤਕ ਹੈ। ਜਿਸ ਵਿਚ ਵਿਭਿੰਨ ਵਿਸ਼ਿਆਂ ਸੰਬੰਧਤ 13 ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਪੁਸਤਕ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ ਕਰਦੀ ਹੈ। ਲੇਖਕ ਨੇ ਕਿਤਾਬ ਦੇ ਪਹਿਲੇ ਲੇਖ "ਮੂਲ ਮੰਤਰ: ਗੁਰਪ੍ਰਸਾਦਿ ਦਾ ਭਾਵ" ਵਿਚ ਸਿੱਖ ਧਰਮ ਵਿਚ ਮੂਲ ਮੰਤਰ ਦੇ ਸਕੰਲਪ, ਭਾਵ ਅਤੇ ਮਹੱਤਵ ਬਾਰੇ ਵਿਸਥਾਰਪੂਰਣ ਜਾਣਕਾਰੀ ਮੁਹਈਆ ਕਰਵਾਈ ਹੈ। ਪੁਸਤਕ ਦੇ ਦੂਜੇ ਲੇਖ ਦਾ ਵਿਸ਼ਾ ਹੈ - "ਭੱਟਾਂ ਦੇ ਸਵਈਏ: ਸਤਿਗੁਰ ਮਹਿਮਾ"। ਇਸ ਲੇਖ ਵਿਚ ਲੇਖਕ ਨੇ ਬਾਦਲੀਲ ਸਤਿਗੁਰੂ ਅਤੇ ਪ੍ਰਭੂ ਦੀ ਅਭੇਦਤਾ ਦੀ ਦੱਸ ਪਾਈ ਹੈ। "ਸੁੱਭ ਅਤੇ ਅਸ਼ੁਭ ਦਿਨਾਂ ਬਾਰੇ ਵਹਿਮ ਭਰਮ" ਲੇਖ ਵਿਚ ਡਾ. ਸੇਖੋਂ ਨੇ ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਸੁੱਭ ਅਤੇ ਅਸ਼ੁਭ ਦਿਨਾਂ ਬਾਰੇ ਵਹਿਮਾਂ ਭਰਮਾਂ ਦਾ ਤਰਕ ਅਧਾਰਿਤ ਖੰਡਨ ਕੀਤਾ ਹੈ। ਪੁਸਤਕ ਦਾ ਚੌਥਾ ਲੇਖ "ਗੁਰੂ ਹਰਿਕ੍ਰਿਸ਼ਨ ਸਾਹਿਬ: ਇਕ ਮਹਾਨ ਸ਼ਹੀਦ" ਸਿੱਖ ਇਤਹਾਸ ਅਤੇ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਬਿਆਨਦੀ ਰਦਨਾ ਹੈ ਜੋ ਗੁਰੂ ਹਰਿਕ੍ਰਿਸ਼ਨ ਜੀ ਦੇ ਅਕਾਲ ਚਲਾਣੇ ਨੂੰ ਬਾਦਲੀਲ ਸ਼ਹਾਦਤ ਦਾ ਦਰਜਾ ਦਿੰਦੀ ਨਜ਼ਰ ਆਉਂਦੀ ਹੈ। "ਆਪੇ ਦੀ ਪਛਾਣ ਜਾਂ ਆਪੇ ਨੂੰ ਸਮਝਣਾ ਕਿਵੇਂ" ਲੇਖ ਸਵੈ ਦੀ ਸੂਝ ਪ੍ਰਾਪਤੀ ਅਤੇ ਪ੍ਰਭੂ ਨਾਲ ਮਿਲਾਪ ਦਾ ਰਾਹ ਦਰਸਾਉਂਦਾ ਹੈ। ਇਸ ਲੇਖ ਵਿਚ ਲੇਖਕ ਨੇ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਜੀਊਣ ਦੀ ਵਿਧੀ ਨੂੰ ਸਫਲ ਜੀਵਨ ਜਾਚ ਦਾ ਆਧਾਰ ਦਰਸਾਇਆ ਹੈ।

ਇਸ ਕਿਤਾਬ ਦੇ ਅਗਲੇ ਸੱਤ ਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੇਖਕ ਭਗਤਾਂ (ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਸ਼ੇਖ ਫਰੀਦ ਜੀ) ਦੇ ਜੀਵਨ ਦੀਆਂ ਘਟਨਾਵਾਂ ਦਾ ਸਹੀ ਉਲੇਖ ਦੇਣ ਦੇ ਨਾਲ ਨਾਲ ਗੁਰਮਤਿ ਸਿਧਾਤਾਂ ਦਾ ਵਿਖਿਆਨ ਵੀ ਕਰਦੇ ਹਨ। ਇਥੇ ਇਹ ਵੀ ਵਰਨਣ ਯੋਗ ਹੈ ਕਿ ਲੇਖਕ ਨੇ "ਪੁਤੀ ਗੰਢੁ ਪਵੈ ਸੰਸਾਰਿ", "ਚਰਨ ਅੰਮ੍ਰਿਤ ਅਤੇ ਖੰਡੇ ਬਾਟੇ ਦਾ ਅੰਮ੍ਰਿਤ" ਅਤੇ "ਕਾਹੇ ਰੇ ਮਨ ਚਿਤਵਹਿ ਉਦਮੁ" ਬਾਰੇ ਆਮ ਪ੍ਰਚਲਿਤ ਧਾਰਨਾਵਾਂ ਤੋਂ ਹਟ ਕੇ ਗੁਰਮਤਿ ਦੀ ਰੌਸ਼ਨੀ ਵਿਚ ਸਹੀ ਨਿਰਣਾ ਪੇਸ਼ ਕੀਤਾ ਹੈ। ਇਸ ਪੁਸਤਕ ਦਾ ਬਾਰਵਾਂ ਲੇਖ ਹੈ "ਦਸਵਾਂ ਦੁਆਰ ਅਤੇ ਮਨ"। ਇਸ ਲੇਖ ਵਿਚ ਡਾ. ਸੇਖੋਂ ਨੇ ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਦਿਮਾਗ, ਦਸਵਾਂ ਦੁਆਰ, ਮਨ ਅਤੇ ਆਤਮਾ ਦੇ ਆਪਸੀ ਸੰਬੰਧਾਂ ਬਾਰੇ ਵਿਸਤਾਰਿਤ ਜਾਣਕਾਰੀ ਉਪਲਬਧ ਕਰਾਈ ਹੈ।

"ਕੀ ਗਾਂ ਇਕ ਪਵਿੱਤਰ ਜਾਨਵਰ ਹੈ?" ਇਸ ਲੇਖ ਲੜੀ ਦਾ ਆਖਰੀ ਲੇਖ ਹੈ। ਜਿਸ ਵਿਚ ਲੇਖਕ ਦਾ ਕਥਨ ਹੈ ਕਿ ਸਾਰੇ ਦੇਵਤੇ ਮਨੁੱਖਾ ਜਨਮ ਵਿਚ ਹੀ ਸਤਿਕਾਰਯੋਗ ਹੋਏ। ਜੇਕਰ ਕਿਸੇ ਇਕ ਜਾਨਵਰ ਕਰ ਕੇ ਉਸ ਦੀ ਸਾਰੀ ਸ੍ਰੇਣੀ ਹੀ ਪੂਜਣਯੋਗ ਹੈ, ਤਾਂ ਅਸੀਂ ਹਰ ਮਨੁੱਖ ਨੂੰ ਕਿਉਂ ਨਹੀਂ ਪੂਜਦੇ ਜਦੋਂ ਕਿ ਦੇਵਤੇ ਮਨੁੱਖ ਸਨ। ਪਰ ਅਜੀਬ ਗੱਲ ਹੈ ਕਿ ਮਨੁੱਖਾਂ ਨੂੰ ਪੂਜਣਾ ਤਾਂ ਦੂਰ ਦੀ ਗੱਲ ਹੈ ਅਸੀਂ ਹਰ ਰੋਜ਼ ਕੁਝ ਮਨੁੱਖਾਂ ਵਲੋਂ ਕੁਝ ਹੋਰਨਾਂ ਨੁੰ ਕਤਲ ਕਰਦੇ, ਲੁੱਟਦੇ ਮਾਰਦੇ ਜਾਂ ਬੇਇੱਜਤ ਕਰਦੇ ਸੁਣਦੇ ਹਾਂ।" ਲੇਖਕ ਨਿਰਣਾ ਕਰਦੇ ਹੋਏ ਲਿਖਦੇ ਹਨ ਕਿ ਗੁਰਬਾਣੀ ਅਨੁਸਾਰ ਕੋਈ ਵੀ ਜਾਨਵਰ-ਜਾਤ ਪਵਿੱਤਰ ਜਾਂ ਪੂਜਣਯੋਗ ਨਹੀਂ ਹੈ। ਇਸ ਪੁਸਤਕ ਵਿਚ ਲੇਖਕ ਨੇ ਸਿੱਖ ਸਿਧਾਤਾਂ ਅਤੇ ਅਨੇਕ ਵਿਵਾਦ ਗ੍ਰਸਤ ਮਹੱਤਵਪੂਰਣ ਵਿਸ਼ਿਆਂ ਬਾਰੇ ਗੁਰਬਾਣੀ ਦੀ ਰੌਸ਼ਨੀ ਵਿਚ ਵਿਸਤਾਰਿਤ ਵਰਨਣ ਕਰਦੇ ਹੋਏ ਬਹੁਤ ਹੀ ਅਹਿਮ ਜਾਣਕਾਰੀ ਉਪਲਬਧ ਕਰਾਈ ਹੈ। ਇਸ ਲੇਖ ਲੜੀ ਵਿਚ ਸਿੱਖ ਇਤਹਾਸ, ਗੁਰਮਤਿ ਅਤੇ ਆਦਰਸ਼ ਜੀਵਨ ਚਲਣ ਦੇ ਵਿਭਿੰਨ ਪੱਖਾਂ ਬਾਰੇ, ਗੁਰਬਾਣੀ ਦੇ ਯਥਾਯੁਕਤ ਹਵਾਲਿਆ ਨਾਲ, ਲੇਖਕ ਨੇ ਆਪਣੀ ਰਾਏ ਪੇਸ਼ ਕੀਤੀ ਹੈ।

ਡਾ. ਸੇਖੋਂ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟਤਾਪੂਰਣ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ, ਵਿਆਖਿਆ ਸਹਿਤ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਹ ਇਕ ਵਧੀਆ ਕਿਤਾਬ ਹੈ ਜੋ ਸਿੱਖ ਇਤਹਾਸ ਅਤੇ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਬਾਰੇ ਮਹੱਤਵਪੂਰਣ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸਕੰਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਡਾ. ਸੇਖੋਂ ਇਕ ਸਿੱਖਿਆ-ਸ਼ਾਸਤਰੀ ਵਜੋਂ, ਧਾਰਮਿਕ ਖੋਜ, ਸਾਹਿਤਕ ਸਰਗਰਮੀਆਂ ਤੇ ਸਮਾਜ-ਸੇਵਾ ਦਾ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਗੁਰਬਾਣੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਡਾ. ਸੇਖੋਂ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ।

ਲੇਖਕ ਵਲੋਂ ਆਪਣੀ ਨੇਕ ਕਮਾਈ ਦੀ ਦਸਵੰਧ ਵਿਚੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਸਿੱਖ ਧਰਮ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉੰਦਾ ਹੈ। ਆਸ ਹੈ ਹੋਰ ਲੇਖਕ ਅਤੇ ਸਿੰਘ ਸਭਾਵਾਂ ਵੀ ਇਸ ਉੱਦਮ ਦਾ ਅਨੁਸਰਣ ਕਰਦੇ ਹੋਏ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ਬਾਰੇ ਨਵਾਂ, ਨਰੋਆ ਅਤੇ ਜਾਣਕਾਰੀ ਭਰਭੂਰ ਸਾਹਿਤ ਆਮ ਪਾਠਕਾਂ ਤਕ ਪਹੁੰਚਾਣ ਲਈ ਆਪਣਾ ਯੋਗਦਾਨ ਪਾਣਗੀਆ। "ਗਲੀਏ ਚਿਕੜੁ ਦੂਰਿ ਘਰੁ" ਇਕ ਅਜਿਹੀ ਕਿਤਾਬ ਹੈ ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ ਸਕਣ, ਅਤੇ ਉਨ੍ਹਾਂ ਉਪਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।

------------------------------------------------------------------------------------------------------------------------------
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ। ਈਮੇਲ: drdpsn@gmail.com
 
Last edited:

❤️ CLICK HERE TO JOIN SPN MOBILE PLATFORM

Top