• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਅਨੰਦੁ ਸਾਹਿਬ ਦੀ 38ਵੀਂ ਪਉੜੀ ਦੀ ਵਿਆਖਿਆ

kanwar238

SPNer
Oct 2, 2012
28
1
AUSTRALIA
ਆਪਣੀ ਸਮਝ ਅਨੁਸਾਰ ਅਨੰਦੁ ਸਾਹਿਬ ਦੀ 38ਵੀਂ ਪਉੜੀ ਦੀ ਵਿਆਖਿਆ ਕਰਨ ਦਾ ਉਪਰਾਲਾ ਕਰ ਰਿਹਾ ਹਾਂ। ਜਿੱਥੇ ਕਿਤੇ ਮੇਰੇ ਵਿਚਾਰ ਠੀਕ ਨਾ ਲਗਣ ਮੇਰੀ ਸੁਧਾਈ ਵਾਸਤੇ ਉਨ੍ਹਾਂ ਨੂੰ ਠੀਕ ਕਰਕੇ ਸਮਝਾ ਦੇਣਾ।

ਪਉੜੀ ਇਸ ਤਰ੍ਹਾਂ ਹੈ:

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥

ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥

ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥

ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥38॥



ਗੁਰਬਾਣੀ ਦੇ ਕਿਸੇ ਵੀ ਸ਼ਬਦ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਗੁਰਬਾਣੀ ਦਾ ਵਿਸ਼ਾ ਮਨੁੱਖ ਨੂੰ ਸਚਿਆਰ ਬਣਾਉਣਾ ਹੈ। ਇਸ ਲਈ ਅਗਿਆਨਤਾ ਵਾਲੀ ਕੂੜ ਦੀ ਦੀਵਾਰ ਕਾਰਨ ਜੋ ਅਰਥਹੀਣ ਕਰਮਕਾਂਡ ਸਥਾਪਤ ਕਰ ਰੱਖੇ ਹਨ, ਉਨ੍ਹਾਂ ਤੋਂ ਬਾਹਰ ਕੱਢਿਆ ਜਾਵੇ। ਇਸ ਤਰ੍ਹਾਂ ਮਨੁੱਖ ਨੂੰ ਸਾਰਥਕ ਜੀਵਨ ਜੀਉਣ ਦੀ ਸੋਝੀ ਪ੍ਰਦਾਨ ਕਰਨਾ ਹੈ ਤਾਂ ਕਿ ਇੱਕ ਸੁਚੱਜਾ, ਪਿਆਰ-ਭਰਪੂਰ ਸਮਾਜ ਸਿਰਜਿਆ ਜਾ ਸਕੇ।

ਦੂਸਰਾ, ਗੁਰਬਾਣੀ ਰਾਹੀਂ ਪਰੰਪਰਾਵਾਦੀ ਧਾਰਨਾਵਾਂ ਦੇ ਭੁਲੇਖਿਆਂ ਤੋਂ ਬਾਹਰ ਕੱਢਿਆ ਹੈ ਅਤੇ ਅਸਲੀਅਤ ਨੂੰ ਸਮਝਾਇਆ ਗਿਆ ਹੈ।

ਇਸ ਸ਼ਬਦ ਵਿੱਚ ਗੁਰੂ ਸਾਹਿਬ ਕੁਦਰਤ ਦੇ ਨਿਯਮਾਂ ਦਾ ਉਲੇਖ ਕਰਕੇ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ ਅਤੇ ਦਸਵੇਂ ਦੁਆਰੁ ਵਾਲੀ ਧਾਰਨਾ ਦੀ ਅਸਲੀਅਤ ਸਮਝਾ ਰਹੇ ਹਨ।

ਦਸਵੇਂ ਦੁਆਰ ਦਾ ਸੰਕਲਪ ਇੱਕ ਰੂਹਾਨੀ ਸੰਕਲਪ ਹੈ ਅਤੇ ਇਸ ਨੂੰ ਮਨੁੱਖ ਦੇ ਧਰਮ ਨਾਲ ਜੁੜਿਆ ਗਿਆ ਹੈ। ਗੁਰਬਾਣੀ ਅਨੁਸਾਰ ਮਨੁੱਖ ਦਾ ਧਰਮ ਗਿਆਨ ਦੀ ਪ੍ਰਾਪਤੀ ਕਰਨਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:

“ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥”

ਗੁਰੂ ਗ੍ਰੰਥ ਸਾਹਿਬ ਪੰਨਾ 1372)​

ਭਾਵ ਇਹ ਕਿ ਮਨੁੱਖੀ ਧਰਮ ਸਮਝਣ ਵਾਸਤੇ ਗਿਆਨ ਭਾਵ ਬਿਬੇਕ ਬੁੱਧ ਦਾ ਹੋਣਾ ਜ਼ਰੂਰੀ ਹੈ। ਉਹ ਕਰਮ ਜੋ ਗਿਆਨ ਦੀ ਕਸੌਟੀ ’ਤੇ ਪੂਰਾ ਨਹੀਂ ਉਤਰਦਾ ਉਹ ਝੂਠ ਹੈ ਅਤੇ ਐਸਾ ਕਰਮ ਕਰਨਾ ਹੀ ਪਾਪ ਹੈ। ਭਾਵ ਇਹ ਕਿ ਗੁਰਬਾਣੀ ਅਨੁਸਾਰ ਜਦੋਂ ਰੂਹਾਨੀਅਤ ਦੀ ਗੱਲ ਕਰਨੀ ਹੈ ਤਾਂ ਬਿਬੇਕ ਬੁੱਧ ਅਤੇ ਸੁਚੱਜੇ ਗਿਆਨ ਦਾ ਹੋਣਾ ਜ਼ਰੂਰੀ ਹੈ।

ਇਸੇ ਕਾਰਨ ਜਪੁ ਜੀ ਸਾਹਿਬ ਦੀ 36ਵੀਂ ਪਉੜੀ ਵਿੱਚ ਸਮਝਾਇਆ ਹੈ ਕਿ ਗਿਆਨ ਖੰਡ ਵਾਲੇ ਪੜਾਅ ਤੋਂ ਸੁਚੱਜੇ ਗਿਆਨ ਦੀ ਪ੍ਰਾਪਤੀ ਕਰ ਕੇ ਮਿਹਨਤ ਕਰਨੀ ਹੈ ਅਤੇ ਆਪਣੀ ਸੁਰਤ, ਮੱਤ, ਮਨ, ਬੁੱਧ ਘੜਨੀ ਹੈ । ਗੁਰਬਾਣੀ ਦਾ ਫ਼ਰਮਾਨ ਹੈ:

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥

(ਗੁਰੂ ਗ੍ਰੰਥ ਸਾਹਿਬ ਪੰਨਾ 8)​

The intuitive consciousness, intellect and understanding of the mind are shaped there.

ਸੁਰਤ, ਮੱਤ, ਮਨ ਬੁੱਧ ਦਾ ਘੜਨਾ ਹੀ ਆਤਮਾ ਜਾਂ ਜ਼ਮੀਰ ਦਾ ਘੜਨਾ ਹੈ। ਇਹੀ ਆਪਣਾ ਠਾਕੁਰ ਹੈ। ਇਹੀ ਪਰਮਾਤਮਾ ਦੀ ਸੋਝੀ ਦਾ ਹੋਣਾ ਹੈ। ਇਸੇ ਸੋਝੀ ਦੁਆਰਾ ਹੀ ਆਪਣੇ ਅੰਦਰ ਰੱਬੀ ਬੋਧ ਹੋ ਸਕਦਾ ਹੈ ਅਤੇ ਰੱਬੀ ਗੁਣ ਅਪਣਾਏ ਜਾ ਸਕਦੇ ਹਨ। ਇਹੀ ਆਪਣੇ ਅੰਦਰ ਪਰਮਾਤਮਾ ਨੂੰ ਅਨੁਭਵ ਕਰਨਾ ਹੈ। ਮੇਰੀ ਸਮਝ ਅਨੁਸਾਰ ਦਸਵੇਂ ਦੁਆਰ ਦਾ ਭਾਵ ਮਨੁੱਖ ਅੰਦਰ ਉਪਜਣ ਵਾਲੀ ਆਤਮਕ ਸੋਝੀ ਜਾਂ ਬਿਬੇਕ-ਬੁੱਧ ਨਾਲ ਹੈ, ਜਿਸ ਤੋਂ ਰੱਬੀ ਗਿਆਨ ਅਤੇ ਗੁਣਾਂ ਦੀ ਸੋਝੀ ਆਉਂਦੀ ਹੈ। ਇਹੀ ਦਸਮ ਦੁਆਰ ਦਾ ਖੁਲਣਾ ਹੈ। ਇਸੇ ਪਰੰਪਰਾਵਾਦੀ ਧਾਰਨਾ ਨੂੰ ਗੁਰਬਾਣੀ ਦੇ ਫ਼ਲਸਫ਼ੇ ਦੇ ਅਨੁਕੂਲ ਸਮਝਾਇਆ ਹੈ।

ਹੁਣ ਜਦੋਂ ਵਿਚਾਰਾਧੀਨ ਪਉੜੀ ਨੂੰ ਵਿਚਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਮਨੁੱਖ ਦੇ ਜਨਮ ਦੀ ਗੱਲ ਕਰਦੇ ਹਨ। ਗੁਰੂ ਸਾਹਿਬ ਦੱਸਦੇ ਹਨ:

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥



ਇੱਥੇ ਕੁਦਰਤ ਦਾ ਨਿਯਮ ਹੀ ਬਿਆਨ ਕੀਤਾ ਹੈ। ਭਾਵ ਪਹਿਲਾਂ ਮਨੁੱਖ ਨੂੰ ਗਰਭ ਵਿੱਚ ਰੱਖਿਆ ਗਿਆ, ਫਿਰ ਮਨੁੱਖ ਜਦੋਂ ਗਰਭ ਵਿਚੋਂ ਬਾਹਰ ਆਉਂਦਾ ਹੈ ਤਾਂ ਹਵਾ ਨਾਲ ਉਸ ਦੇ ਸਵਾਸ ਚਾਲੂ ਹੁੰਦੇ ਹਨ ਅਤੇ ਉਸ ਦੀ ਆਵਾਜ਼ ਪੈਦਾ ਹੁੰਦੀ ਹੈ।

ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥

ਇੱਥੇ ਕੁਦਰਤ ਦੇ ਨਿਯਮ ਦਾ ਉਲੇਖ ਹੀ ਕੀਤਾ ਹੈ। ਇੱਥੇ ਬਿਆਨ ਕਰਦੇ ਹਨ ਕਿ ਜਨਮ ਲੈਣ ਦੇ ਨਾਲ ਹੀ ਮਨੁੱਖ ਦੇ ਨੌਂ ਦੁਆਰੇ ਭਾਵ ਕਰਮ ਇੰਦਰੇ (ਦੋ ਨਾਸਾਂ, ਦੋ ਕੰਨ, ਦੋ ਅੱਖਾਂ, ਇੱਕ ਮੂੰਹ, ਇੱਕ ਗੁਦਾ, ਇੱਕ ਲਿੰਗ) ਵੀ ਖੁਲ ਜਾਂਦੇ ਹਨ। ਪਰ ਉਸ ਸਮੇਂ ਉਸ ਨੂੰ ਆਪਣੀ ਆਤਮਾ ਦੀ ਸੋਝੀ ਨਹੀਂ ਹੁੰਦੀ। ਕਿਉਂਕਿ ਹਾਲੇ ਉਸ ਨੇ ਗਿਆਨ ਦੀ ਪ੍ਰਾਪਤੀ ਕਰਨੀ ਹੁੰਦੀ ਹੈ, ਜਿਸ ਨਾਲ ਉਸ ਨੇ ਆਪਣੀ ਸੁਰਤ, ਮੱਤ, ਮਨ ਬੁੱਧ ਘੜਨੀ ਹੈ। ਉਸ ਨੂੰ ਆਪਣੀ ਜ਼ਮੀਰ ਜਾਂ ਆਤਮਾ ਦੀ ਸੋਝੀ ਨਹੀਂ ਹੁੰਦੀ - ਇਹ ਗੁਪਤ ਹੁੰਦੀ ਹੈ। ਭਾਵ ਉਸ ਦਾ ਦਸਵਾਂ ਦੁਆਰ ਗੁਪਤ ਹੁੰਦਾ ਹੈ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਮੇਰੀ ਸਮਝ ਅਨੁਸਾਰ ਦਸਵੇਂ ਦੁਆਰ ਦਾ ਭਾਵ ਮਨੁੱਖ ਅੰਦਰ ਉਪਜਣ ਵਾਲੀ ਆਤਮਕ ਸੋਝੀ ਜਾਂ ਬਿਬੇਕ-ਬੁੱਧ ਨਾਲ ਹੈ।

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ



“ਦਸਵਾ ਦੁਆਰ ਦਿਖਾਇਆ” ਭਾਵ ਇੱਥੇ ਦਸਵੇਂ ਦੁਆਰ ਤੱਕ ਪਹੁੰਚਣ ਦਾ ਰਸਤਾ ਸਮਝਾਇਆ ਹੈ। ਅਤੇ ਕਿਹਾ ਹੈ: “ਗੁਰਦੁਆਰੈ ਲਾਇ ਭਾਵਨੀ” ਗੱਲ ਗਿਆਨ ਪ੍ਰਾਪਤ ਕਰਨ ਦੀ ਹੈ। ਗੁਰਦੁਆਰੈ: “ਗੁਰਦੁਆਰੈ” ਦਾ ਭਾਵ ਕੇਵਲ ਇਮਾਰਤ ਰੂਪ ਗੁਰਦੁਆਰਾ ਨਹੀਂ, ਸਗੋਂ ਗੁਰੂ ਦੇ ਗਿਆਨ ਦਾ ਦੁਆਰ, ਜਿੱਥੋਂ ਗੁਰੂ ਦੀ ਸਿੱਖਿਆ ਰਾਹੀਂ ਸੁਚੱਜੇ ਗਿਆਨ ਅਤੇ ਗੁਣਾਂ ਨੂੰ ਪ੍ਰਾਪਤ ਕਰਨ ਵਾਲੀ ਸੋਝੀ ਆਉਂਦੀ ਹੈ। ਉਹ ਸਥਾਨ ਜਿੱਥੋਂ ਸੁਚੱਜੀ ਰੂਹਾਨੀਅਤ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਕਿ ਗੁਰਬਾਣੀ ਦਾ ਫ਼ਰਮਾਨ ਹੈ:

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥

ਏਤੁ ਦੁਆਰੈ ਧੋਇ ਹਛਾ ਹੋਇਸੀ ॥


(ਗੁਰੂ ਗ੍ਰੰਥ ਸਾਹਿਬ ਪੰਨਾ 730)​



ਇੱਥੇ ਮਿਹਨਤ ਅਤੇ ਲਗਣ ਨਾਲ ਸੁਚੱਜੇ ਗਿਆਨ ਦੀ ਪ੍ਰਾਪਤੀ ਕਰਨੀ ਹੈ ਜਿਸ ਨਾਲ ਸੁਰਤ, ਮੱਤ, ਮਨ, ਬੁੱਧ ਘੜਨੀ ਹੈ।

ਪੂਰੀ ਲਗਣ ਅਤੇ ਮਿਹਨਤ ਕਰਕੇ ਪਰਮਾਤਮਾ ਦੇ ਗੁਣ ਸਮਝਣੇ ਹਨ ਅਤੇ ਉਨ੍ਹਾਂ ਗੁਣਾਂ ਨੂੰ ਅਪਣਾਉਣਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਫ਼ਰਮਾਉਂਦੇ ਹਨ “ਇਕਨਾ ਦਸਵਾ ਦੁਆਰੁ ਦਿਖਾਇਆ” ਭਾਵ ਇਸ ਤਰ੍ਹਾਂ ਦਸਵੇਂ ਦੁਆਰ ਦੀ ਅਸਲੀਅਤ ਦੀ ਸੋਝੀ ਆਉਂਦੀ ਹੈ।

ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥

ਭਾਵ: ਜਦੋਂ ਮਨੁੱਖ ਦਸਮ ਦੁਵਾਰ ਵਾਲੀ ਅਵਸਥਾ ’ਤੇ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਦੀ ਵਿਸ਼ਾਲਤਾ ਦਾ ਅਨੁਭਵ ਹੁੰਦਾ ਹੈ। ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਦੇ ਕਈ ਰੂਪ ਹਨ। ਭਾਵ ਹਰ ਥਾਂ ਉਸ ਨੂੰ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਇਸ ਦੇ ਨਾਲ ਹੀ ਉਸ ਦੇ ਅੰਦਰ ਪਰਮਾਤਮਾ ਦੇ ਗੁਣਾਂ ਅਤੇ ਗਿਆਨ ਦਾ ਇੰਨਾ ਭੰਡਾਰ ਜਮ੍ਹਾਂ ਹੋ ਜਾਂਦਾ ਹੈ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।

ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥38॥

ਇਹ ਕਾਵਿ ਰਚਨਾ ਦੀ ਇੱਕ ਆਮ ਸ਼ੇਲੀ ਹੈ ਜਿਸ ਵਿੱਚ ਮੁੱਖ ਵਿਚਾਰ ਨੂੰ ਮਜ਼ਬੂਤ ਕਰਨ ਲਈ ਪਹਿਲੀ ਪੰਗਤੀ ਨੂੰ ਅੰਤ ਵਿੱਚ ਦੁਹਰਾਇਆ ਜਾਂਦਾ ਹੈ। ਇੱਥੇ ਗੁਰੂ ਨਾਨਕ ਦੇ ਫ਼ਲਸਫ਼ੇ ਦਾ ਪ੍ਰਗਟਾਵਾ ਕਰਦੇ ਹੋਏ ਪਹਿਲੀ ਪੰਗਤੀ ਨੂੰ ਦੁਹਰਾਇਆ ਗਿਆ ਹੈ
 
📌 For all latest updates, follow the Official Sikh Philosophy Network Whatsapp Channel:

Latest Activity

Top