• Welcome to all New Sikh Philosophy Network Forums!
    Explore Sikh Sikhi Sikhism...
    Sign up Log in

PUNJABI: DHIAN LAONA

Dalvinder Singh Grewal

Writer
Historian
SPNer
Jan 3, 2010
1,245
421
79
ਧਿਆਨ ਲਾਉਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਧਿਆਨ ਕੀ ਹੈ? ਕਿਸ ਨਾਲ ਲਾਉਣਾ ਹੈ? ਕਿਉਂ ਲਾਉਣਾ ਹੈ? ਕਿੱਥੇ, ਕਿਵੇਂ ਤੇ ਕਦੋਂ ਲਾਉਣਾ ਹੈ? ਕਿਤਨਾ ਕੁ ਚਿਰ ਲਾੳੇਣਾ ਹੈ?ਧਿਆਨ ਦੇ ਕੀ ਫਾਇਦੇ ਹਨ? ਆਦਿ ਉਠਦੇ ਪ੍ਰਸ਼ਨਾਂ ਦੇ ਉੱਤਰ ਲੱਭਣ ਦਾ ਇਹ ਉਪਰਾਲਾ ਹੈ। ਧਿਆਨ ਚਾਰੇ ਪਾਸਿਓਂ ਮਨ ਮੋੜਕੇ ਇਕ ਵਿਸ਼ੇ ਜਾਂ ਵਸਤੂ ਤੇ ਟਿਕਾਉਣ ਦੀ ਕਿਰਿਆ ਹੈ। (ਮਹਾਨ ਕੋਸ਼ ਪੰਨਾ 667: ਧਿਆਨ) ਧਿਆਨ ਕਿਸ ਵਲ ਲਾਉਣਾ ਹੈ? ਏਥੇ ਧਿਆਨ ਅਪਣੇ ਇਸ਼ਟ ਨਾਲ ਸਬੰਧਤ ਹੈ: “ਧਿਆਨ ਅਪਨੋ ਸਦਾ ਹਰੀ” (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 499:15), ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ।।(ਪੰਨਾ 548:16), ਹਰੀ ਦਾ, ਪ੍ਰਮ ਪਿਤਾ ਪ੍ਰਮੇਸ਼ਵਰ ਦਾ ਧਿਆਨ ਧਰਨਾ ਹੈ।

ਧਿਆਨ ਲਾਉਣਾ ਕਿਉਂ ਹੈ? ਧਿਆਨ, ਅਪਣੀ ਸਾਰੀ ਸੋਚ ਸ਼ਕਤੀ ਅਪਣੀ ਚਾਹੀ ਥਾਂ ਜਾਂ ਵਸਤੂ ਤੇ ਕੇਂਦਰਿਤ ਕਰਕੇ ਉਸ ਥਾਂ ਜਾਂ ਵਸਤੂ ਦਾ ਗਿਆਨ ਪ੍ਰਾਪਤ ਕਰਨਾ ਜਾਂ ਆਪਾ ਖੋ ਕੇ ਇੱਕ ਮਿੱਕ ਹੋ ਜਾਣਾ ਹੈ । ਏਥੇ ਧਿਆਨ ਭੌਤਿਕਵਾਦੀ ਦੁਨਿਆਵੀ ਪ੍ਰਕਿਰਿਆਂਵਾਂ ਤੋਂ ਤੋੜਕੇ ਪਰਮਾਤਮਾ ਨਾਲ ਜੋੜਕੇ ਆਪਾ ਉਸ ਨਾਲ ਇੱਕ ਮਿੱਕ ਕਰਨਾ ਤੇ ਫਿਰ ਉਸ ਵਿਚ ਸਦਾ ਸਮਾਏ ਰਹਿਣ ਦਾ ਅਨੰਦ ਮਾਨਣਾ ਹੈ (ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।…ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ।।:ਪੰਨਾ 917:5)

ਧਿਆਨ ਲਾੳੇਣਾ ਕਿੱਥੇ ਹੈ? ਜਿਵੇਂ ਪਹਿਲਾਂ ਦਸਿਆ ਹੈ ਧਿਆਨ ਪ੍ਰਮਾਤਮਾ ਨਾਲ ਲਾਉਣਾ ਹੈ। ਪਰ ਨਿਰੰਕਾਰ ਤਾਂ ਨਿਰਾਕਾਰ ਹੈ ਆਦਿੱਖ ਹੈ ਉਸ ਦਾ ਧਿਆਨ ਕਿੱਥੇ ਲੱਗ ਸਕਦਾ ਹੈ ? ਇਹ ਭੇਦ ਸਾਨੂੰ ਸਾਡਾ ਗੁਰੂ ਦਸਦਾ ਹੈ । ਸਾਡਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਵਿਚ ਪਰਮਾਤਮਾ ਭਗਤੀ ਦੇ ਮਾਰਗ ਦਰਸਾਏ ਹਨ।ਗੁਰਬਾਣੀ ਅਨੁਸਾਰ ਪ੍ਰਮਾਤਮਾ ਸਭ ਥਾਈਂ ਵਸਿਆ ਹੋਇਆ ਹੈ (ਤੂ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ: ਪੰਨਾ 348:4) ਸਦਾ ਸਾਡੇ ਨੇੜੇ ਹੈ ਦੂਰ ਨਹੀਂ (ਸਦ ਹੀ ਨੇੜੈ ਦੂਰ ਨ ਜਾਣਹੁ॥ : ਪੰਨਾ 114:14) ਅੰਦਰ ਬਾਹਰ ਸਭ ਥਾਂ ਉਹੀ ਪ੍ਰਮਾਤਮਾ ਹੈ (ਅੰਤਰਿ ਬਾਹਰਿ ਏਕੋ ਜਾਣੈ: ਪੰਨਾ 944:16) ਸਾਡੇ ਸਰੀਰ ਵਿਚ ਵੀ ਹੈ ਤੇ ਸਾਡੇ ਸਾਹਾਂ ਵਿਚ ਵੀ ਤੇ ਸਾਡੇ ਮਨ ਵਿਚ ਵੀ (ਤੂ ਵਸਹਿ ਮਨ ਮਾਹਿ॥:ਪੰਨਾ 476:2) ਸੋ ਉਸ ਵਲ ਧਿਆਨ ਲਈ ਅਪਣਾ ਆਪਾ ਹੀ ਸਭ ਤੋਂ ਨੇੜੇ ਹੈ ਤੇ ਇਸ ਆਪੇ ਵਿਚ ਅਪਣੇ ਸਾਹਾਂ ਵਿਚ ਉਸਦੀਆਂ ਧੜਕਣਾਂ ਮਹਿਸੂਸ ਕਰ ਸਕਦੇ ਹਾਂ।ਕਿਉਂਕਿ ਲੋੜ ਨਾਮ ਨਾਲ ਜੁੜਣ ਦੀ ਹੈ ਇਸੇ ਲਈ ਆਮ ਤੌਰ ਤੇ ਧਿਆਨੀ ਧਿਆਨ ਲਾਉਣ ਦੀ ਸ਼ੁਰੂਆਤ ਨਾਮ ਸਿਮਰਦੇ ਸਮੇਂ ਅੰਦਰੋਂ ਉਠਦੀ ਆਵਾਜ਼ ਨਾਲ ਧੜਕਦੇ ਸਾਹਾਂ ਉਪਰ ਟਿਕਾਉਣ ਨਾਲ ਕਰਦੇ ਹਨ।ਮਿਸਾਲ ਵਜੋਂ ਸਾਹ ਉਪਰ ਲੈਂਦੇ ਵੇਲੇ ‘ਵਾਹ’ ਤੇ ਸਾਹ ਛਡਦੇ ਵੇਲੇ ‘ਗੁਰੂ” ਉਪਰ ਧਿਆਨ ਲਾਇਆ ਜਾਂਦਾ ਹੈ।

ਧਿਆਨ ਲਾੳੇਣਾ ਕਿਵੇਂ ਹੈ? ਧਿਆਨ ਆਮ ਤੌਰ ਤੇ ਆਸਣ ਲਾਕੇ ਲਾਇਆ ਜਾਦਾ ਹੈ। “ਧਿਆਨ ਰੂਪ ਹੋਇ ਆਸਣੁ ਪਾਵੈ।ਸਚਿ ਨਾਮਿ ਤਾੜੀ ਚਿਤੁ ਲਾਵੈ”।। (ਪੰਨਾ 877:17) ਵੈਸੇ ਗੁਰਬਾਣੀ ਵਿਚ ਤਾਂ ਹਸਦਿਆਂ, ਖੇਲਦਿਆਂ, ਖਾਂਦਿਆਂ, ਪੀਦਿਆਂ ਪਹਿਨਦਿਆਂ, ਚਲਦਿਆਂ, ਫਿਰਦਿਆਂ, ਸੌਂਦਿਆਂ; ਗਲ ਕੀ ਹਰ ਹਰਕਤ ਕਰਦਿਆਂ ਧਿਆਨ ਉਸ ਨਾਲ ਹੀ ਜੁੜਿਆ ਹੋਣਾ ਚਾਹੀਦਾ ਹੈ।“ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ” ॥ (ਪੰਨਾ 522) “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ” ।।(ਪੰਨਾ 522) ਉਦਾਹਰਨ ਵਜੋਂ ਇਕ ਮਾਂ ਦਾ ਧਿਆਨ ਖਾਣਾ ਬਣਾਉਂਦੇ, ਕਪੜੇ ਧੋਂਦੇ, ਝਾੜੂ ਪੋਚਾ ਕਰਦੇ ਵਕਤ,ਗਲ ਕੀ ਹਰ ਵੇਲੇ ਅਪਣੇ ਬੱਚੇ ਵਲ ਰਹਿੰਦਾ ਹੈ, ਉਸੇ ਤਰ੍ਹਾਂ ਹੀ ਸਾਡਾ ਮਨ ਹਮੇਸ਼ਾਂ ਹਰ ਕਾਰਜ ਕਰਦੇ ਵਕਤ ਵੀ ਉਸ ਵਲ ਰਹਿਣਾ ਚਾਹੀਦਾ ਹੈ। ਭਾਈ ਵੀਰ ਸਿੰਘ ਜੀ ‘ਹੱਥ ਕਾਰ ਵਲ ਦਿਲ ਯਾਰ ਵਲ’ ਰੱਖਣ ਦੀ ਤਾਕੀਦ ਇਸੇ ਕਰਕੇ ਹੀ ਕਰਦੇ ਹਨ।ਇਸ ਲਈ ਭਾਵੇਂ ਆਸਣ ਦੀ ਕੋਈ ਸਖਤ ਪਾਬੰਦੀ ਨਹੀਂ ਪਰ ਚੌਕੜਾ ਲਾ ਕੇ ਨਾਮ ਨਾਲ ਜੁੜਣ ਦਾ ਜੋ ਅਨੰਦ ਹੈ ਉਹ ਹੋਰ ਵੇਲੇ ਨਹੀਂ ਮਿਲਦਾ ।

ਇਸ ਆਸਣ ਨਾਲ ਸਰੀਰ ਦੇ ਸਾਸਾਂ ਦਾ ਪ੍ਰਵਾਹ ਸਹੀ ਰਹਿੰਦਾ ਹੈ ਤੇ ਇੰਦਰੀਆਂ ਛੇਤੀ ਵੱਸ ਵਿਚ ਹੋ ਜਾਂਦੀਆਂ ਹਨ ਤੇ ਅੰਦਰਲੀ ਪੌਣ ਦੇ ਵਹਾ ਨੂੰ ਦਰੁਸਤ ਰਖਿਆ ਜਾ ਸਕਦਾ ਹੈ।ਸਮਾਧੀ ਵੇਲੇ ਗੁਦਾ ਨਾਲ ਜੁੜੀ ਅੱਡੀ ਕਾਮ ਇੰਦਰੀਆ ਤੇ ਕਾਬੂ ਰਖਦੀ ਹੈ; ਬੰਦ ਅੱਖਾਂ ਨਜ਼ਰਾਂ ਨਹੀਂ ਭਟਕਣ ਦਿੰਦੀਆਂ; ਨਾਮ ਜਪਦੇ ਜੀਭ ਤੇ ਹੋਠ ਤੇ ਕੰਨਾ ਵਿਚ ਗੂਜਦਾ ਨਾਮ ਤੇ ਸਾਹਾਂ ਉਪਰ ਟਿਕਿਆ ਧਿਆਨ ਇਨ੍ਹਾਂ ਇੰਦਰੀਆਂ ਨੂੰ ਪ੍ਰਮਾਤਮਾ ਨਾਲ ਜੋੜੀ ਤੇ ਮਾਇਆ ਨਾਲੋਂ ਤੋੜੀ ਰਖਦੇ ਹਨ।ਇਸੇ ਲਈ ਧਿਆਨ ਲਾਉਣ ਲਈ ਅੰਮ੍ਰਿਤ ਵੇਲਾ ਤੇ ਚੌਕੜਾ (ਸਮਾਧੀ) ਆਸਣ ਨੂੰ ਗੁਰਬਾਣੀ ਵਿਚ ਪਹਿਲ ਦਿਤੀ ਗਈ ਹੈ ।ਜਿਨ੍ਹਾਂ ਸਜਣਾਂ ਤੋਂ ਸਮਾਧੀ ਆਸਣ ਨਹੀਂ ਲੱਗ ਸਕਦਾ ਉਹ ਦੀਵਾਰ ਆਦਿ ਦਾ ਸਹਾਰਾ ਲੈਕੇ ਅਪਣੇ ਥੱਲੇ ਗੱਦਾ ਜਾਂ ਸਿਰਹਾਣਾ ਰੱਖ ਸਕਦੇ ਹਨ।ਸਿਖਿਆਰਥੀ ਨੂੰ ਆਸਣ ਲਾਕੇ ਧਿਆਨ ਲਾਉਣਾ ਸਿਖਣਾ ਆਸਾਨ ਹੁੰਦਾ ਹੈ, ਕਿਉਂਕਿ ਧਿਆਨ ਹਰ ਪਾਸਿਓਂ ਮੋੜਣਾ ਤੇ ਉਸ ਪ੍ਰਮਾਤਮਾ ਨਾਲ ਜੋੜਣਾ ਹੁੰਦਾ ਹੈ

ਧਿਆਨ ਕਿਤਨਾ ਕੁ ਚਿਰ ਲਾਉਣਾ ਹੈ? ਇਸ ਬਾਰੇ ਗੁਰਬਾਣੀ ਵਿਚ ਦਰਜ ਹੈ : ਸਾਸਿ ਸਾਸਿ ਧਿਆਵਹੁ ਠਾਕੁਰ (ਪੰਨਾ 617:7) ‘ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ” ॥(ਪੰਨਾ 522) ਪਰ ਇਹ ਅਵਸਥਾ ਇਕ ਦਮ ਨਹੀਂ ਪ੍ਰਾਪਤ ਹੁੰਦੀ, ਸਮਾਂ ਤੇ ਅਭਿਆਸ ਮੰਗਦੀ ਹੈ।। ਹੋਰ ਪਾਸਿਓਂ ਮਨ ਮੋੜਣਾ ਪਹਿਲਾਂ ਪਹਿਲ ਬੜਾ ਔਖਾ ਹੁੰਦਾ ਹੈ।ਮਨ ਬਾਂਦਰ ਦੀ ਨਿਆਈਂ ਹੈ, ਚੰਚਲ ਹੈ, ਚਪਲ ਹੈ, ਛੇਤੀ ਇਕ ਥਾਂ ਨਹੀਂ ਜੁੜ ਸਕਦਾ ਇਸ ਲਈ ਅਭਿਆਸ ਚਾਹੀਦਾ ਹੈ।ਅਭਿਆਸ ਦੀ ਆਦਤ ਪਾਓ, ਮਨ ਸਥਿਰ ਰੱਖੋ, ਧਿਆਨ ਟਿਕਾਉ। ਵਿਚਿਲਤਾ ਨਹੀਂ ਹੋਣੀ ਚਾਹੀਦੀ, ਮਨ ਕਿਸੇ ਹੋਰ ਬਾਹਰੀ ਖਿਚ ਵਲ ਨਹੀਂ ਜਾਣਾ ਚਾਹੀਦਾ।ਸਿੱਖ ਧਰਮ ਵਿਚ ਪੰਜ ਬਾਣੀਆਂ ਦਾ ਪਾਠ ਇਸ ਪ੍ਰਕਿਰਿਆ ਵਿਚ ਬੜਾ ਸਹਾਈ ਹੁੰਦਾ ਹੈ। ਇਸ ਨਾਲ ਇਕ ਤਾਂ ਅਸੀਂ ਇਹ ਵੀ ਸਿੱਖਦੇ ਸਮਝਦੇ ਹਾਂ ਕਿ ਪ੍ਰਮਾਤਮਾਂ ਦਾ ਨਾਮ ਜਪਣਾ ਕਿਤਨਾ ਮਹੱਤਵ ਪੂਰਨ ਹੈ, ਦੂਸਰੇ ਜਿਤਨਾ ਚਿਰ ਅਸੀਂ ਪਾਠ ਕਰਦੇ ਹਾਂ, ਭੌਤਿਕਵਾਦੀ ਦੁਨਿਆਵੀ ਖਿੱਚਾਂ ਤੋਂ ਦੂਰ ਰਹਿੰਦੇ ਹਾਂ।ਇਸ ਨਾਲ ਆਸਣ ਲਾਉਣ ਦਾ ਅਭਿਆਸ ਵੀ ਹੋ ਜਾਂਦਾ ਹੈ।ਇਸ ਲਈ ਪੰਜ ਬਾਣੀਆਂ ਦਾ ਪਾਠ ਧਿਆਨ ਲਈ ਮੁੱਢਲੀ ਮਹਤਵ ਪੂਰਨ ਕੜੀ ਸਮਝਣਾ ਚਾਹੀਦਾ ਹੈ।ਸਮਾਧੀ ਆਸਨ ਤੇ ਸਵੇਰ ਦਾ ਵੇਲਾ ਦੋਨੋਂ ਹੀ ਬਾਹਰ ਦੇ ਅਸਰ ਨੂੰ ਘੱਟ ਰੱਖਣ ਵਿਚ ਸਹਾਈ ਹੁੰਦੇ ਹਨ। ਜੇ ਮਨ ਇਕਾਗਰ ਕਰਨਾ ਹੈ ਤਾਂ ਅੰਮ੍ਰਿਤ ਵੇਲੇ (ਪਹਿਲੇ ਪਹਿਰ) ਜਦ ਹਰ ਪਾਸੇ ਸ਼ਾਂਤ ਪਸਾਰਾ ਹੋਵੇ ਤੇ ਧਿਆਨ ਵੰਡਾਉਣ ਲਈ ਕੋਈ ਆਵਾਜ਼ ਜਾਂ ਹਰਕਤ ਨਾ ਹੋਵੇ ਸਹੀ ਸਮਾ ਹੈ।

ਸ਼ੁਰੂ ਵਿਚ ਪੰਜ ਮਿੰਟ, ਫਿਰ ਦਸ ਮਿੰਟ, ਫਿਰ ਘੰਟਾ, ਦੋ, ਚਾਰ ਕਰਦੇ ਚੌਵੀ ਘੰਟੇ ਜੁੜੇ ਰਹਿਣਾ ਲੰਬੇ ਅiੋਭਆਸ ਸਦਕਾ ਹੀ ਹੋ ਸਕਦਾ ਹੈ।ਦ੍ਰਿੜਤਾ ਨਾਲ ਅਭਿਆਸ ਕੀਤਾ ਜਾਵੇ ਤਾਂ ਘੱਟ ਸਮਾਂ ਲੱਗੇਗਾ। ਸਹਿਜੇ, ਸਹਿਜੇ ਮਾਇਆ ਨਾਲੋਂ ਟੁੱਟ ਕੇ ਪ੍ਰਮਾਤਮਾ ਨਾਲ ਜੁੜਦੇ ਜਾਣਾ ਤੇ ਉਸ ਨਾਲ ਜੁੜਣ ਦਾ ਅਨੰਦ ਪ੍ਰਾਪਤ ਕਰ ਲੈਣਾ ਤੇ ਫਿਰ ਸਹਿਜੇ ਸਹਿਜੇ ਹੀ ਅਜਿਹੀ ਅਨੰਦ ਅਵਸਥਾ ਵਿਚ ਪਹੁੰਚ ਜਾਣਾ ਜਦ ਉਸ ਨਾਲ ਹਮੇਸ਼ਾ ਹੀ ਜੁੜੇ ਰਹਿਣਾ ਸੰਭਵ ਹੋ ਜਾਂਦਾ ਹੈ ਤੇ ਇਹ ਪ੍ਰਕਿਰਿਆ ਜੀਵਨ ਅੰਗ ਹੋ ਜਾਂਦੀ ਹੈ।ਸਮਾਂ ਤਾਂ ਲੱਗੇਗਾ ਹੀ, ਪਰ ਕਾਹਲੀ ਨਹੀਂ ਕਰਨੀ ਚਾਹੀਦੀ।ਕਈ ਤਿਬਤੀਆਂ ਨੂੰ ਮੈਂ ਲੰਬੇ ਸਮੇਂ ਤਕ ਭੋਰਿਆਂ ਵਿਚ ਬੰਦ ਕਠਿਨ ਤਪਸਿਆ ਕਰਦਿਆਂ ਵੇਖਿਆ ਹੈ ਪਰ ਸਿੱਖ ਧਰਮ ਵਿਚ ਹੱਠ ਕਿਰਿਆ ਨੂੰ ਮਹੱਤਵ ਨਹੀਂ ਦਿਤਾ ਗਿਆ ਸਹਿਜਤਾ ਜ਼ਰੂਰੀ ਸਮਝੀ ਗਈ ਹੈ।

ਧਿਆਨ ਲਾਉਣ ਦੇ ਲਾਭ ਕੀ ਹਨ? ਧਿਆਨ ਲਾਉਣ ਦਾ ਸਭ ਤੋਂ ਵੱਡਾ ਫਾਇਦਾ ਤਾਂ ਪ੍ਰਮਾਤਮਾ ਨਾਲ ਇੱਕ ਮਿੱਕ ਹੋਣ ਦਾ ਹੈ।ਧਿਆਨ ਲਾਕੇ ਜਦੋਂ ਸਿਮਰਨ ਕੀਤਾ ਜਾਂਦਾ ਹੈ ਤਾਂ ਗੁਰਬਾਣੀ ਅਨੁਸਾਰ ਸਰਬ ਵਿਆਪਕ ਦਾਤਾ, ਅੰਤਰਿ ਬਾਹਰਿ ਏਕੋ ਜਾਣੈ (ਪੰਨਾ 944:16) ਸਦ ਹੀ ਨੇੜੇ ਦੂਰਿ ਨ ਜਾਣਹੁ (ਪੰਨਾ 114:14) ਸਾਨੂੰ ਮਿਲ ਜਾਂਦਾ ਹੈ ਅਸੀਂ ਉਸ ਦੇ ਹੋ ਜਾਂਦੇ ਹਾਂ। ਸਾਡੇ ਸਰੀਰ ਵਿਚ ਸਾਡੇ ਸਾਹਾਂ ਵਿਚ ਉਹ ਹੀ ਵਸਦਾ ਹੈ ਤੇ ਹਰ ਸਾਹ ਨਾਲ ਹਰ ਬੋਲ ਨਾਲ ਉਸ ਨਾਲ ਨਾਤਾ ਹੋਰ ਗਹਿਰਾ ਹੁੰਦਾ ਜਾਂਦਾ ਹੈ।ਉਹ ਹਰ ਧੜਕਣ ਸੁਣਦਾ ਹੈ, ਤਹਾਡਾ ਹਰ ਬੋਲ ਸਮਝਦਾ ਹੈ।ਜਦ ਧਿਆਨ ਸਾਹਾਂ ਨਾਲ, ਬੋਲਾਂ ਨਾਲ ਜੁੜਦਾ ਹੈ ਤਾਂ ਪ੍ਰਮਾਤਮਾ ਨਾਲ ਜੁੜਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।ਧਿਆਨ ਸਾਹਾਂ ਨਾਲ ਜੋੜਣਾ ਸਿਖੋ, ਨਾਭੀ ਤੋਂ ਉਠਦੇ ਸਾਹ ਨੂੰ ਨਾੜੀਆਂ ਰਾਹੀ ਚੜ੍ਹਦੇ ਲਹਿੰਦੇ ਵੇਖੋ, ਉਠਦੇ ਸਾਹ ਨਾਲ ‘ਵਾਹ’ ਤੇ ਲਹਿੰਦੇ ਸਾਹ ਨਾਲ ‘ਗੁਰੂ” ਆਖੋ ਤੇ ਸਹਿਜੇ ‘ਵਾਹਿਗੁਰੂ’ ‘ਵਾਹਿਗੁਰੂ’ ਉਚਾਰਦੇ ਰਹੋ (ਕਈ ਵੀਰ ‘ਵਾਹੇਗੁਰੂ’ ਉਚਾਰਣ ਕਰਦੇ ਹਨ ਜੋ ਗੁਰਬਾਣੀ, ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ,ਵਾਰਾਂ ਭਾਈ ਗੁਰਦਾਸ, ਤੇ ਭਾਈ ਮਨੀ ਸਿੰਘ ਦਾ ਭਾਈ ਗੁਰਦਾਸ ਦੀ ਵਾਰ ਦਾ ਟੀਕੇ ਵਿਚ ਦਿਤੇ ਨਾਮ ਤੋਂ ਭਿੰਨ ਹੈ, ਸੋ ਸਹੀ ਨਹੀਂ ਆਖਿਆ ਜਾ ਸਕਦਾ)। ਪਹਿਲਾਂ ਬੋਲਕੇ ‘ਵਾਹਿਗੁਰੂ’ ਸਪਸ਼ਟ ਸ਼ਬਦਾਂ ਵਿਚ ਉਚਾਰੋ ਜਿਸ ਨੂੰ ਕੰਨ ਸਮਝ ਸਕਣ (ਵਾਚਿਕ) ਤੇ ਜਦ ਕੰਨਾਂ ਨੂੰ ‘ਵਾਹਿਗੁਰੂ’ ਆਵਾਜ਼ ਦਾ ਰਸ ਆਉਣ ਲੱਗ ਪਵੇ ਤਾਂ ਹੌਲੀ ਹੌਲੀ ਦੁਨਿਆਵੀ ਕਿਰਿਆਵਾਂ ਨਾਲੋਂ ਸਬੰਧ ਟੁੱਟਦਾ ਜਾਵੇਗਾ ਤੇ ਹਾਲਤ ਅਜਿਹੀ ਆ ਜਾਵੇਗੀ ਜਦ ‘ਵਾਹਿਗੁਰੂ’ ਧੁਰ ਅੰਦਰ ਤਕ ਗੂੰਜੇਗਾ ਤੇ ਮਨ ਹੋਰ ਸਭ ਸੋਚਾਂ ਸਮਝਾਂ ਤੋਂ ਖਾਲੀ ਹੋ ਜਾਵੇਗਾ। ਇਹ ਸਹੀ ਅਵਸਥਾ ਹੈ ਅਜਪਾ ਜਾਪ ਦੀ ਜੋ ਪਹਿਲਾ ਤਾਂ ਹੋਠਾਂ ਅੰਦਰ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਂਦਾ ਹੈ ਜਿਸ ਨੂੰ ਪਾਸ ਬੈਠਾ ਵੀ ਸੁਣ ਨਾ ਸਕੇ (ਉਪਾਂਸੁ) ਤੇ ਫਿਰ ਅਪਣਾ ਧਿਆਨ ਉਸ ਪਰਮ ਪਿਤਾ ਪ੍ਰਮਾਤਮਾ ਨਾਲ ਜਦ ਪੂਰਾ ਜੁੜ ਜਾਵੇ ਤਾਂ ਇਹ ਜਾਪ ਚਿੰਤਨ ਰਾਹੀਂ ਅਪਣੇ ਆਪ ਹੀ ਪਰਵਾਹ ਕਰਨ ਲੱਗ ਪੈਂਦਾ ਹੈ ਤੇ ਕਿਸੇ ਆਵਾਜ਼ ਦੀ ਜ਼ਰੂਰਤ ਨਹੀਂ ਪਂੈਦੀ ਕਿਉਂਕਿ ਉਹ ਤਾਂ ਸਦ ਸੁਣਦਾ ਸਦ ਵੇਖਦਾ (ਪੰਨਾ 429:2) ਹੈ।

ਗੁਰਬਾਣੀ ਵਿਚ ਧਿਆਨ ਲਾਉਣ ਤੇ ਨਾਮ ਜਪਣ ਦੇ ਬੜੇ ਲਾਭ ਦੱਸੇ ਹਨ: “ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥ 1 ॥ ਜਾ ਕੋ ਨਾਮੁ ਲੈਤ ਤੂ ਸੁਖੀ ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥ 1 ॥ ਰਹਾਉ ॥ ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥2।।(ਸੋਰਠਿ ਮਹਲਾ 5,ਪੰਨਾ 617)

ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਮਿਲ ਜਾਂਦਾ ਹੈ।“ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ”। (ਪੰਨਾ 617) ਕਾਮ ਕ੍ਰੋਧੁ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥ 1 ॥ ਅਪੁਨੀ ਬਿਧਿ ਆਪਿ ਜਨਾਵਹੁ ॥ ਹਰਿ ਜਨ ਮੰਗਲ ਗਾਵਹੁ (ਸੋਰਠਿ ਮਹਲਾ 5, ਪੰਨਾ 617)॥ਦੁਰਮਤਿ, ਭਰਮ, ਭਉ ਆਦਿ ਹਟ ਜਾਂਦੇ ਹਨ ਤੇ ਮੁਕਤੀ ਪ੍ਰਾਪਤ ਹੁੰਦੀ ਹੈ ਤਾ ਜੂਨੀਆਂ ਵਿਚ ਭਟਕਣਾਂ ਖਤਮ ਹੋ ਜਾਂਦਾ ਹੈ। “ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ ਜਿਨੑੀ ਪਛਾਤਾ ਹੁਕਮੁ ਤਿਨੑ ਕਦੇ ਨ ਰੋਵਣਾ ॥ ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥ (ਪੰਨਾ 523:4-6)”

ਧਿਆਨ ਦੁਆਰਾ ਜਦ ਮੁਕਤੀ ਪ੍ਰਾਪਤ ਹੁੰਦੀ ਹੈ; ਮੁਕਤਪਦ ਪ੍ਰਾਪਤ ਹੁੰਦਾ ਹੈ; ਪਰਮਅਨੰਦ ਪ੍ਰਾਪਤ ਹੁੰਦਾ ਹੈ, ਆਉਣ ਜਾਣ ਮੁਕ ਜਾਂਦਾ ਹੈ ਤੇ ਸਥਾਈ ਸ਼ਾਂਤੀ ਮਿਲਦੀ ਹੈ ।“ਸਤਿਗੁਰਿ ਦੀਏ ਮੁਕਤਿ ਧਿਆਨਾਂ ॥ ਹਰਿ ਪਦੁ ਚੀਨਿੑ ਭਏ ਪਰਧਾਨਾ ॥ 6 ॥ ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥ ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ” ॥ (ਪੰਨਾ 1345:8-9)

ਹਾਰਵਰਡ ਕਾਰਡਿਆਲੋਜਿਸਟ ਹਰਬਰਟ ਬੈਨਸਰ ਅਨੁਸਾਰ ਧਿਆਨ ਲਾਉਣ ਨਾਲ ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਦੋਨੋਂ ਹੀ ਘੱਟ ਹੋ ਜਾਂਦੇ ਹਨ, ਸਰੀਰ ਬੜਾ ਆਰਾਮਦੇਹ ਮਹਿਸੂਸ ਕਰਦਾ ਹੈ ਜਿਸ ਨਾਲ ਦਿਮਾਗ ਚੁਸਤ ਹੋ ਜਾਂਦਾ ਹੈ ਤੇ ਡਰ, ਗੁੱਸਾ ਤੇ ਚਿੰਤਾ ਉਪਰ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਅਪਣੇ ਅੰਦਰ ਨਾਲ ਜੁੜ ਕੇ ਆਪੇ ਦੀ ਪਛਾਣ ਵੀ ਛੇਤੀ ਹੋ ਜਾਂਦੀ ਹੈ। ਧਿਆਨ ਲਾਉਣ ਵਾਲਾ ਸੱਜਣ ਚੰਗੀ ਸਿਹਤ ਵਾਲਾ ਹੋਵੇਗਾ, ਚੰਗੀ ਨੀਂਦ ਮਾਣੇਗਾ, ਛੇਤੀ ਥੱਕੇਗਾ ਨਹੀਂ, ਸਰੀਰ ਦਰਦ ਜਾਂ ਸਿਰ ਪੀੜ ਦੂਰ ਹੋ ਜਾਣਗੇ ਤੇ ਚਿਹਰੇ ਤੇ ਰੌਣਕ ਤੇ ਰੰਗਤ ਆ ਵਸਣਗੇ।ਉਹ ਦੂਸਰਿਆਂ ਦਾ ਭਲਾ ਸੋਚਣ ਵਾਲਾ ਹੋਵੇਗਾ ਤੇ ਹੋਰਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿਚ ਮਦਦਗਾਰ ਹੋਵੇਗਾ ਉਹ ਹਮੇਸ਼ਾ ਹਾਂ ਪੱਖੀ (ਪਾਜ਼ਿਟਿਵ) ਹੋਵੇਗਾ।

ਮਨ ਦੁਨਿਆਵੀ ਮੋਹ ਮਮਤਾ, ਚਿੰਤਾ, ਕਾਮ ਕ੍ਰੋਧ, ਲੋਭ ਮੋਹ ਹੰਕਾਰ ਤੋਂ ਛੇਤੀ ਹੀ ਦੂਰ ਹੋ ਜਾਵੇਗਾ ਤਾਂ ਉਸ ਦੀਆਂ ਮਾਇਆ ਵਿਚ ਬਰਬਾਦ ਹੋਣ ਵਾਲੀਆਂ ਸ਼ਕਤੀਆਂ ਉਸ ਦੇ ਕਾਬੂ ਹੋ ਸਕਣਗੀਆਂ। ਜਿਸ ਕਰਕੇ ਉਸ ਵਿਚ ਅਸੀਮ ਸ਼ਕਤੀਆਂ ਆ ਜਾਣਗੀਆਂ।ਚਿੰਤਾ ਮੁਕਤ, ਭੈਮੁਕਤ, ਥਕਾਣ ਮੁਕਤ ਹੋਣ ਕਰਕੇ ਉਹ ਅਸੰਭਵ ਨੂੰ ਸੰਭਵ ਕਰ ਸਕੇਗਾ। ਨੌਂ ਨਿਧਾਂ ਬਾਰਾਂ ਸਿਧਾਂ ਪ੍ਰਾਪਤ ਕਰ ਸਕੇਗਾ। ਪਰ ਸਿੱਖ ਧਰਮ ਵਿਚ ਨੌਂ ਨਿਧਾਂ ਬਾਰਾਂ ਸਿਧਾਂ ਮੰਜ਼ਿਲ ਨਹੀਂ ਮੰਜ਼ਿਲ ਤਾਂ ਪ੍ਰਮਾਤਮਾ ਨੂੰ ਪਾਉਣਾ ਤੇ ਸਮਾਉਣਾ ਹੈ।

ਮਨ ਸਾਫ ਹੋਵੇਗਾ, ਪਰਮਾਤਮਾ ਨਾਲ ਜੁੜੇਗਾ, ਪ੍ਰਮਾਤਮਾ ਵਾਸ ਕਰੇਗਾ ਤੇ ਉਹ ਜੀਵਨ ਮੁਕਤ ਹੋ ਜਾਵੇਗਾ। “ਜੀਵਨ ਮੁਕਤਿ ਸੋ ਆਖੀਐ” (ਪੰਨਾ 1009:15)। ਜੀਵਨ ਮਰਨ ਦੋਨੋਂ ਮਿਟ ਜਾਵਣਗੇ ਜੀਵਨ ਮਰਨ ਦੋਊ ਮਿਟਾਵਣਿਆ (ਪੰਨਾ 871:6) ਤੇ ਜੋਤੀ ਵਿਚ ਜੋਤ ਸਮਾਵੇਗੀ। (ਜੋਤੀ ਮਹਿ ਜੋਤ ਰਲ ਜਾਇਆ (ਪੰਨਾ 885:12) ਤੇ ਸੰਪੂਰਨਤਾ ਪ੍ਰਾਪਤ ਹੋਵੇਗੀ। (ਸੰਪੂਰਨ ਥੀਆ ਰਾਮ।।)
 

❤️ CLICK HERE TO JOIN SPN MOBILE PLATFORM

❤️ CLICK HERE TO JOIN SPN MOBILE PLATFORM

📌 For all latest updates, follow the Official Sikh Philosophy Network Whatsapp Channel:
Top